ਇਜ਼ਰਾਈਲ-ਗਾਜ਼ਾ ਜੰਗ: ਜਦੋਂ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਉੱਤੇ ਦਸਤਾਰਧਾਰੀ ਭਾਰਤੀ ਫੌਜੀਆਂ ਦਾ ਪਹਿਰਾ ਹੁੰਦਾ ਸੀ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਲਾਇਲਪੁਰ ਦੇ ਪਾਲ ਸਿੰਘ, ਪਟਿਆਲਾ ਦੇ ਆਸਾ ਸਿੰਘ, ਅਜਨਾਲਾ ਦੇ ਮੱਘਰ ਸਿੰਘ, ਗਵਾਲੀਅਰ ਇਨਫੈਂਟਰੀ ਦੇ ਸੀਤਾ ਰਾਮ ਅਤੇ ਗਾਜ਼ੀਆਬਾਦ ਦੇ ਬਸ਼ੀਰ ਖਾਨ ਦੀ ਅੰਤਿਮ ਯਾਦਗਾਰ, ਉਨ੍ਹਾਂ ਦੇ ਜਨਮ ਸਥਾਨ ਤੋਂ ਹਜ਼ਾਰਾਂ ਮੀਲ ਦੂਰ ਯੇਰੂਸਲਮ ਦੀ ਇੱਕ ਕਬਰਗਾਹ ਵਿੱਚ ਬਣੀ ਹੋਈ ਹੈ।

ਬਰਤਾਨਵੀ ਫੌਜ ਦਾ ਹਿੱਸਾ ਰਹੇ ਅਜਿਹੇ ਸੈਂਕੜੇ ਫੌਜੀ ਮੱਧ-ਪੂਰਬ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਮਾਰੇ ਗਏ ਸਨ।

ਉਸ ਵੇਲੇ ਫਲਸਤੀਨ ਅਤੇ ਮੱਧ-ਪੂਰਬ ਦੇ ਹੋਰ ਇਲਾਕਿਆਂ ਵਿੱਚ ਮਾਰੇ ਗਏ ਫੌਜੀਆਂ ਦੀ ਅੰਤਿਮ ਯਾਦਗਾਰ ਮੌਜੂਦਾ ਇਜ਼ਰਾਈਲ ਵਿੱਚ ਸਥਿਤ ਚਾਰ ਕਬਰਗਾਹਾਂ ਵਿੱਚ ਬਣਾਈ ਗਈ ਸੀ।

ਇੰਨਾਂ ਹੀ ਨਹੀਂ ਉਨ੍ਹਾਂ ਦੀ ਯਾਦ ਨੂੰ ਸਾਂਭਣ ਲਈ ਉਨ੍ਹਾਂ ਦੇ ਨਾਵਾਂ ਦੇ ਪੱਥਰ ਵੀ ਸਥਾਪਤ ਕੀਤੇ ਗਏ ਸਨ। ਬਰਤਾਨਵੀ ਫੌਜ ’ਚ ਵੱਡਾ ਹਿੱਸਾ ਭਾਰਤੀ ਫੌਜੀਆਂ ਦਾ ਸੀ।

ਅਣਵੰਡੇ ਪੰਜਾਬ ਦੇ ਨਾਲ-ਨਾਲ ਇਹ ਫੌਜੀ ਅਜੋਕੇ ਭਾਰਤ ਅਤੇ ਪਾਕਿਸਤਾਨ ਦੇ ਹੋਰ ਵੱਖ-ਵੱਖ ਇਲਾਕਿਆਂ ਵਿੱਚ ਜੰਮੇ-ਪਲ਼ੇ ਸਨ।

ਇਨ੍ਹਾਂ ਦੇ ਨਾਂ ਇਜ਼ਰਾਈਲ ਦੇ ਤਲ ਅਵੀਵ ਵਿੱਚ ਸਥਿਤ ਭਾਰਤ ਦੀ ਅੰਬੈਸੀ ਵੱਲੋਂ ਜਾਰੀ ਕੀਤੇ ਗਏ ਕਿਤਾਬਚੇ ‘ਮੈਮੋਰੀਅਲ ਆਫ਼ ਇੰਡੀਅਨ ਸੋਲਜਰਜ਼ ਇਨ ਇਜ਼ਰਾਈਲ’ ਵਿੱਚ ਵੀ ਦਰਜ ਹਨ।

ਇਹ ਕਿਤਾਬਚਾ ਉਸ ਵੇਲੇ ਇਜ਼ਰਾਈਲ ਵਿੱਚ ਭਾਰਤ ਦੇ ਸਫ਼ੀਰ ਰਹੇ ਨਵਤੇਜ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਛਾਪਿਆ ਗਿਆ ਸੀ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗੀ ਤਕਰਾਰ ਨੂੰ ਸ਼ੁਰੂ ਹੋਇਆਂ ਇੱਕ ਮਹੀਨੇ ਦੇ ਕਰੀਬ ਹੋ ਚੁੱਕਿਆ ਹੈ।

ਹਮਾਸ ਵੱਲੋਂ ਇਜ਼ਰਾਈਲ ਵਿੱਚ ਘੁਸਪੈਠ ਅਤੇ ਇਜ਼ਰਾਈਲ ਵੱਲੋਂ ਸ਼ੁਰੂ ਕੀਤੇ ਗਏ ਜਵਾਬੀ ਹਮਲੇ ਵਿੱਚ ਵੱਡੇ ਪੱਧਰ ਉੱਤੇ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਹ ਤਣਾਅ ਹਾਲੇ ਵੀ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ।

ਇਸੇ ਵਿਚਕਾਰ ਸੋਸ਼ਲ ਮੀਡੀਆ, ਅਖ਼ਬਾਰਾਂ ਵਿੱਚ ਇਸ ਜੰਗੀ ਮਸਲੇ ਦੇ ਇਤਿਹਾਸ ਬਾਰੇ ਵੀ ਚਰਚਾ ਹੋ ਰਹੀ ਹੈ।

ਸੋਸ਼ਲ ਮੀਡੀਆ ਉੱਤੇ ਉਸ ਵੇਲੇ 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਅਜੋਕੇ ਇਜ਼ਰਾਈਲ ਵਿੱਚ ਤੈਨਾਤ ਰਹੇ ਭਾਰਤੀ ਫੌਜੀਆਂ ਦੀਆਂ ਵੀ ਤਸਵੀਰਾਂ ਬਾਰੇ ਹੈਰਾਨੀ ਵੀ ਜ਼ਾਹਰ ਕੀਤੀ ਜਾ ਰਹੀ ਹੈ।

ਅਲ ਅਕਸਾ ਮਸਜਿਦ ਦੇ ਬਾਹਰ ਵੀ ਤੈਨਾਤ ਸਨ ਪੱਗੜੀਧਾਰੀ ਫੌਜੀ

ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਵਿੱਚ ਪੱਗੜੀਧਾਰੀ ਭਾਰਤੀ ਫੌਜੀ ਅਜੋਕੇ ਇਜ਼ਰਾਈਲ ਵਿਚਲੀ ਅਲ-ਅਕਸਾ ਮਸਜਿਦ ਜਾਂ ਟੈਂਪਲ ਮਾਊਂਟ ਦੇ ਬਾਹਰ ਤੈਨਾਤ ਵੀ ਨਜ਼ਰ ਆਉਂਦੇ ਹਨ।

ਨਵਤੇਜ ਸਰਨਾ ਦੱਸਦੇ ਹਨ ਕਿ ਅਲ ਅਕਸਾ ਮਸਜਿਦ ਜਾਂ ਟੈਂਪਲ ਮਾਊਂਟ ਯਹੂਦੀ ਅਤੇ ਅਰਬ ਦੋਵਾਂ ਭਾਈਚਾਰਿਆਂ ਦੇ ਲੋਕਾਂ ਲਈ ਪਵਿੱਤਰ ਥਾਂ ਹੈ।

ਉਨ੍ਹਾਂ ਦੱਸਿਆ ਕਿ ਉਸ ਵੇਲੇ ਵੀ ਅਰਬ ਅਤੇ ਯਹੂਦੀ ਭਾਈਚਾਰੇ ਦੇ ਲੋਕਾਂ ਵਿੱਚ ਤਣਾਅ ਦੇ ਹਾਲਾਤ ਸਨ। ਇੱਥੇ ਕਈ ਵਾਰੀ ਹਥਿਆਰਬੰਦ ਹਮਲੇ ਅਤੇ ਬੰਬਾਰੀ ਵੀ ਹੋਇਆ ਕਰਦੀ ਸੀ।

“ਉਨ੍ਹਾਂ ਸਮਿਆਂ ਵਿੱਚ ਇਹ ਇਲਾਕਾ ਬਰਤਾਨੀਆ ਦੇ ਕਬਜ਼ੇ ਹੇਠ ਸੀ। ਭਾਰਤੀ ਫੌਜੀਆਂ ਨੂੰ ਨਿਰਪੱਖ ਸਮਝਿਆ ਜਾਂਦਾ ਸੀ, ਇਸ ਲਈ ਉਨ੍ਹਾਂ ਨੂੰ ਇੱਥੇ ਰਾਖੀ ਲਈ ਤੈਨਾਤ ਕੀਤਾ ਗਿਆ ਸੀ। ”

ਉਨ੍ਹਾਂ ਦੱਸਿਆ ਕਿ ਇਹ ਫੌਜੀ ਇੱਥੇ ਆਉਣ ਵਾਲੇ ਲੋਕਾਂ ਦੀ ਤਲਾਸ਼ੀ ਵੀ ਲੈਂਦੇ ਸਨ।

ਪੰਜਾਬੀ ਫੌਜੀਆਂ ਦੀ ਭੂਮਿਕਾ

ਫੌਜੀ ਇਤਿਹਾਸ ਦੇ ਮਾਹਰ ਮਨਦੀਪ ਸਿੰਘ ਬਾਜਵਾ ਦੱਸਦੇ ਹਨ ਕਿ ਬਰਤਾਨਵੀ ਫੌਜ ਵਿੱਚ ਅਣਵੰਡੇ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਆਉਣ ਵਾਲੇ ਫੌਜੀਆਂ ਦੇ ਨਾਲ-ਨਾਲ ਅਣਵੰਡੇ ਪੰਜਾਬ ਦੇ ਫੌਜੀ ਵੀ ਸ਼ਾਮਲ ਸਨ।

ਇੱਥੇ ਫੌਜੀਆਂ ਨੇ ਹਾਇਫਾ ਦੀ ਜੰਗ ਅਤੇ ਹੋਰ ਕਈ ਲੜਾਈਆਂ ਵਿੱਚ ਭਾਗ ਲਿਆ।

ਮਨਦੀਪ ਸਿੰਘ ਬਾਜਵਾ ਦੱਸਦੇ ਹਨ ਕਿ ਉਸ ਵੇਲੇ ਬਹੁਤੇ ਭਾਰਤੀ ਫੌਜੀ ਪੱਗੜੀਧਾਰੀ ਸਨ, ਅਤੇ ਕਈ ਵਾਰੀ ਇਹ ਭੁਲੇਖਾ ਵੀ ਪੈ ਜਾਂਦਾ ਹੈ ਕਿ ਬਹੁਤੇ ਫੌਜੀ ਪੰਜਾਬੀ ਜਾਂ ਸਿੱਖ ਹੀ ਸਨ।

“ਹਾਲਾਂਕਿ ਆਪਣੀ ਆਬਾਦੀ ਦੇ ਮੁਤਾਬਕ ਸਿੱਖਾਂ ਨੇ ਇਸ ਵਿੱਚ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਸਿਨਾਈ-ਫਲਸਤੀਨ ਮੁਹਿੰਮ ਵਿੱਚ ਵੀ ਵੱਡਾ ਯੋਗਦਾਨ ਪਾਇਆ, ਪੱਛਮੀ ਫਰੰਟ, ਇਰਾਕ (ਜਿਸਨੂੰ ਕਿ ਉਸ ਵੇਲੇ ਮੈਸੇਪੋਟਾਮੀਆ ਕਿਹਾ ਜਾਂਦਾ ਸੀ, ਵਿੱਚ ਵੀ ਉਨ੍ਹਾਂ ਦੀ ਭੂਮਿਕਾ ਜ਼ਿਕਰਯੋਗ ਸੀ।”

“ਬਹੁਤੇ ਭਾਰਤੀ ਫੌਜੀ ਦੂਜੀ ਵਿਸ਼ਵ ਜੰਗ ਤੱਕ ਪੱਗੜੀਧਾਰੀ ਹੁੰਦੇ ਸਨ, ਭਾਰਤੀ ਫੌਜੀਆਂ ਦੀ ਪੌਸ਼ਾਕ ਵਿੱਚ ਬਦਲਾਅ ਦੂਜੀ ਵਿਸ਼ਵ ਜੰਗ ਵੇਲੇ ਸ਼ੁਰੂ ਹੋਇਆ।”

ਇਜ਼ਰਾਇਲੀ ਸਰਕਾਰ ਵਲੋਂ ਕੁਝ ਸਾਲ ਪਹਿਲਾਂ ਜਾਰੀ ਕੀਤੀ ਗਈ ਮੋਹਰ ਬਾਰੇ ਉਨ੍ਹਾਂ ਦੱਸਿਆ ਕਿ ਇਜ਼ਰਾਈਲ ਵੱਲੋਂ ਜਾਰੀ ਕੀਤੀ ਗਈ ਮੋਹਰ ਸਾਰੇ ਭਾਰਤੀ ਫੌਜੀਆਂ ਦੇ ਸਤਿਕਾਰ ਵਿੱਚ ਸੀ, ਨਾ ਕਿ ਸਿਰਫ਼ ਸਿੱਖ ਫ਼ੌਜੀਆਂ ਦੇ ਮਾਣ ਵਿੱਚ।

ਮਨਦੀਪ ਸਿੰਘ ਬਾਜਵਾ ਜ਼ਿਕਰ ਕਰਦੇ ਹਨ ਕਿ ਇੱਥੇ ਹੋਈ ‘ਬੈਟਲ ਆਫ ਹਾਇਫਾ’ ਪਹਿਲੀ ਵਿਸ਼ਵ ਜੰਗ ਦੀ ਇੱਕ ਬਹੁਤ ਅਹਿਮ ਲੜਾਈ ਸੀ।

ਭਾਰਤੀ ਫੌਜੀਆਂ ਨੇ 1918 ਵਿੱਚ ਹੋਈ ਹਾਇਫਾ ਦੀ ਲੜਾਈ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਬਾਜਵਾ ਦੱਸਦੇ ਹਨ ਕਿ ਹਾਇਫਾ ਦੀ ਲੜਾਈ ਬਰਤਾਨਵੀ ਫੌਜ ਅਤੇ ਓਟੋਮਨ ਸਾਮਰਾਜ ਦੀ ਫੌਜ ਵਿਚਾਲੇ ਹੋਈ ਇੱਕ ਫ਼ੈਸਲਾਕੁੰਨ ਲੜਾਈ ਸੀ।

ਬਰਤਾਨਵੀ ਸਾਮਰਾਜ ਵਲੋਂ ਲੜਨ ਵਾਲੀ ਫੌਜ ਵਿੱਚ ਘੋੜਸਵਾਰ ਫੌਜੀਆਂ ਦੀ ਵਧੇਰੇ ਗਿਣਤੀ ਸੀ। ਉਨ੍ਹਾਂ ਨੇ ਤੁਰਕ ਫੌਜਾਂ ਨੂੰ ਮਾਤ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਉਸ ਵੇਲੇ ਬ੍ਰਿਟਿਸ਼ ਫੌਜ ਵਿੱਚ ਇੰਡੀਅਨ ਸਟੇਟ ਫੋਰਸਜ਼ ਦੇ ਯੂਨਿਟ ਸ਼ਾਮਲ ਸਨ, ਇਨ੍ਹਾਂ ਨੂੰ ਇੰਪੀਰੀਅਲ ਸਰਵਿਸ ਟਰੂਪਸ ਵੀ ਕਿਹਾ ਜਾਂਦਾ ਸੀ।

ਹਾਇਫਾ ਦੀ ਜੰਗ ਵਿੱਚ ਜੋਧਪੁਰ ਲਾਂਸਰ, ਅਤੇ ਮੈਸੂਰ ਲਾਂਸਰ ਨਾਂਅ ਦੀਆਂ ਸੈਨਿਕ ਟੁਕੜੀਆਂ ਨੇ ਇਸ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਇਹ ਟੁਕੜੀਆਂ ਜੋਧਪੁਰ ਰਾਜਘਰਾਣੇ ਅਤੇ ਮੈਸੂਰ ਰਾਜਘਰਾਣੇ ਨਾਲ ਸਬੰਧਤ ਸਨ।

ਬਾਜਵਾ ਦੱਸਦੇ ਹਨ ਕਿ ਪਟਿਆਲਾ ਰਾਜਘਰਾਣੇ ਨਾਲ ਸਬੰਧਤ ਪਟਿਆਲਾ ਲਾਂਸਰ ‘ਹਾਇਫਾ ਦੀ ਲੜਾਈ’ ਵੇਲੇ ਫੌਜ ਦਾ ਹਿੱਸਾ ਸਨ, ਪਰ ਉਹ ਜੰਗ ਵਿੱਚ ਸ਼ਾਮਲ ਨਹੀਂ ਸਨ।

ਹਾਇਫਾ ਦੀ ਜੰਗ ਵਿੱਚ ਪੰਜਾਬੀ ਫੌਜੀਆਂ ਦੀ ਭੂਮਿਕਾ ਬਾਰੇ ਉਹ ਦੱਸਦੇ ਹਨ, ਸੋਸ਼ਲ ਮੀਡੀਆ ਉੱਤੇ ਇਸ ਬਾਰੇ ਗਲਤ ਸੂਚਨਾ ਵੀ ਫੈਲਾਈ ਜਾਂਦੀ ਰਹੀ ਹੈ ਕਿ ਸਿੱਖ ਫੌਜੀ ਇਸ ਵਿੱਚ ਸ਼ਾਮਲ ਸਨ, ਇਹ ਗਲਤ ਹੈ।

ਉਹ ਦੱਸਦੇ ਹਨ “ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਜਾਂ ਭਾਰਤੀ ਫੌਜੀਆਂ ਦੀ ਵਿਸ਼ਵ ਜੰਗਾਂ ਵਿੱਚ ਵੱਡੀ ਭੂਮਿਕਾ ਰਹੀ ਪਰ ਹਾਇਫਾ ਦੀ ਲੜਾਈ ਵਿੱਚ ਸਿੱਖਾਂ ਦੀ ਸ਼ਮੂਲੀਅਤ ਵਾਲਾ ਦਾਅਵਾ ਠੀਕ ਨਹੀਂ ।“

'ਬਾਬਾ ਫ਼ਰੀਦ' ਨਾਲ ਜੁੜਿਆ ਥਾਂ

ਨਵਤੇਜ ਸਰਨਾ ਦੱਸਦੇ ਹਨ ਕਿ ਦੂਜੀ ਵਿਸ਼ਵ ਜੰਗ ਵੇਲੇ ਫਲਸਤੀਨ ਵਿੱਚ ਕੋਈ ਵੱਡੀ ਲੜਾਈ ਨਹੀਂ ਹੋਈ।

ਨਵਤੇਜ ਸਰਨਾ 'ਦਿ ਹੇਰੋਡਸ ਗੇਟ - ਏ ਯੇਰੂਸਲਮ ਟੇਲ’ ਨਾਂ ਦੀ ਕਿਤਾਬ ਦੇ ਲੇਖਕ ਹਨ।

ਉਨ੍ਹਾਂ ਦੱਸਿਆ ਕਿ ਭਾਰਤੀ ਫੌਜੀ ਲੀਬੀਆ, ਲਿਬਨਾਨ, ਮਿਸਰ ਅਤੇ ਹੋਰ ਇਲਾਕਿਆਂ ਤੋਂ ਆਰਾਮ (ਰੈਸਟ ਅਤੇ ਰਿਕੁਪਰੇਸ਼ਨ) ਲਈ ਯੇਰੂਸ਼ਲਮ ਆਉਂਦੇ ਸਨ।

ਉਹ ਇੰਡੀਅਨ ਹੌਸਪਿਸ, ਜਿਸਨੂੰ ਕਿ ਬਾਬਾ ਫ਼ਰੀਦ ਹੌਸਪਿਸ ਵੀ ਕਿਹਾ ਜਾਂਦਾ ਹੈ, ਵਿਖੇ ਆਰਾਮ ਕਰਿਆ ਕਰਦੇ ਸਨ।

ਬਾਬਾ ਫਰੀਦ (ਹਜ਼ਰਤ ਫਰੀਦ ਉਦ ਦੀਨ ਗੰਜ ਸ਼ਕਰ) ਸਾਲ 1200 ਵਿੱਚ ਇਸ ਥਾਂ ਉੱਤੇ ਆਏ ਸਨ।

ਫਲਸਤੀਨ ਵਿੱਚ ਭਾਰਤੀ ਫੌਜੀਆਂ ਦੀ ਭੂਮਿਕਾ ਕੀ ਰਹੀ?

ਭਾਰਤੀ ਫੌਜੀ, ਪਹਿਲੀ ਵਿਸ਼ਵ ਜੰਗ ਦੌਰਾਨ ਫਲਸਤੀਨ ਦੇ ਇਲਾਕੇ ਵਿੱਚ ਕਈ ਮਹੱਤਵਪੂਰਨ ਲੜਾਈਆਂ ਦਾ ਹਿੱਸਾ ਰਹੇ ਸਨ।

ਇੱਥੋਂ ਤੱਕ ਕਿ ਭਾਰਤੀ ਫੌਜੀ ਮੇਜਰ ਦਲਪਤ ਸਿੰਘ ਅੱਜ ਵੀ ਹਾਇਫਾ ਦੀ ਲੜਾਈ ਦੇ ਨਾਇਕ ਮੰਨੇ ਜਾਂਦੇ ਹਨ।

ਭਾਰਤੀ ਅੰਬੈਸੀ ਵੱਲੋਂ ਛਾਪੇ ਗਏ ਕਿਤਾਬਚੇ ਮੁਤਾਬਕ, “ਅਣਵੰਡੇ ਭਾਰਤ ਦੇ ਫੌਜੀਆਂ ਨੇ ਦੋਵੇਂ ਵਿਸ਼ਵ ਜੰਗਾਂ ਮੱਧ-ਪੂਰਬ ਖ਼ਾਸ ਕਰਕੇ ਫਲਸਤੀਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।”

ਭਾਰਤੀ ਅੰਬੈਸੀ ਵੱਲੋਂ ਛਾਪੇ ਕਿਤਾਬਚੇ ਮੁਤਾਬਕ 1,50,000 ਦੇ ਕਰੀਬ ਭਾਰਤੀ ਫੌਜੀ ਅਜੋਕੇ ਮਿਸਰ ਅਤੇ ਇਜ਼ਰਾਈਲ ਵਿੱਚ ਭੇਜੇ ਗੇਏ ਸਨ।

ਇੱਥੇ ਫੌਜੀਆਂ ਨੇ ਸਤੰਬਰ- ਅਕਤੂਬਰ 1918 ਨੂੰ ਹੋਈ ਫਲਸਤੀਨ ਮੁਹਿੰਮ ਵਿੱਚ ਹਿੱਸਾ ਲਿਆ ਸੀ।

‘ਕਾਮਨਵੈਲਥ ਵਾਰ ਗਰੇਵਸ ਕਮਿਸ਼ਨ’ ਮੁਤਾਬਕ 1,302,394 ਭਾਰਤੀ ਫੌਜੀ ਪਹਿਲੀ ਵਿਸ਼ਵ ਜੰਗ ਵਿੱਚ ਸ਼ਾਮਲ ਸਨ।

ਜਦਕਿ ਦੂਜੀ ਵਿਸ਼ਵ ਜੰਗ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ 25 ਲੱਖ ਤੱਕ ਪਹੁੰਚ ਗਈ ਸੀ।

ਭਾਰਤੀ ਫੌਜੀਆਂ ਦਾ ਫ਼ਲਸਤੀਨ ਪਹੁੰਚਣਾ

ਫੌਜ ਇਤਿਹਾਸਕਾਰ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਫਲਸਤੀਨ ਇੱਕ ਮਹੱਤਵਪੂਰਨ ਥਾਂ ਸੀ, ਇੱਥੇ ਬਰਤਾਨਵੀ ਫੌਜਾਂ ਦੀ ਓਟੋਮਨ ਸਾਮਰਾਜ ਨਾਲ ਲੜਾਈ ਹੋਈ ਸੀ।

ਓਟੋਮਨ ਸਾਮਰਾਜ ਦੀਆਂ ਸਰਹੱਦਾਂ ਸੀਨਾਈ, ਸੀਰੀਆ, ਜੋਰਡਨ ਤੱਕ ਫੈਲੀਆਂ ਹੋਈਆਂ ਸਨ।

ਉਨ੍ਹਾ ਦੱਸਿਆ ਕਿ ਇਸੇ ਜੰਗ ਦੌਰਾਨ ਬੈਲਫੌਰ ਡੈਕਲਰੇਸ਼ਨ ਜਾਰੀ ਹੋਈ ਸੀ, ਜਿਸਨੇ ਮੌਜੂਦਾ ਇਜ਼ਰਾਈਲ ਦੀਆਂ ਨੀਹਾਂ ਰੱਖੀਆਂ ਸਨ।

ਨਵਤੇਜ ਸਰਨਾ ਨੇ ਦੱਸਿਆ ਕਿ ਜਦੋਂ ਬਰਤਾਨਵੀ ਜਨਰਲ ਐਲਨਬੀ 1917 ਨੇ ਯੇਰੂਸਲਮ ਉੱਤੇ ਕਬਜ਼ਾ ਕੀਤਾ ਸੀ, ਉਸ ਸਮੇਂ ਵੀ ਭਾਰਤੀ ਫੌਜੀ ਐਲਨਬੀ ਦੀ ਫੌਜ ਦਾ ਹਿੱਸਾ ਸਨ।

ਸਥਾਨਕ ਲੋਕ ਇਨ੍ਹਾਂ ਫੌਜੀਆਂ ਨੂੰ ਕਿਵੇਂ ਯਾਦ ਕਰਦੇ ਹਨ

ਨਵਤੇਜ ਸਰਨਾ ਨੇ ਦੱਸਿਆ ਕਿ ਹਾਇਫਾ ਦੇ ਲੋਕ ਮੇਜਰ ਦਲਪਤ ਸਿੰਘ ਦੇ ਸਤਿਕਾਰ ਵਿੱਚ ਇੱਕ ਬੁੱਤ ਲਗਾਉਣਾ ਚਾਹੁੰਦੇ ਸਨ। ਸਾਡੇ ਵੱਲੋਂ ਉਨ੍ਹਾਂ ਦਾ ਸਹਿਯੋਗ ਕੀਤਾ ਗਿਆ।

ਇਸ ਲਈ 23 ਸਤੰਬਰ ਨੂੰ ‘ਹਾਇਫਾ ਡੇਅ’ ਮੌਕੇ ਇੱਕ ਸਾਲਾਨਾ ਸਮਾਗਮ ਸ਼ੁਰੂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਹਾਇਫਾ ਸੈਮੇਟਰੀ ਵਿੱਚ ਹਾਇਫਾ ਦੀ ਲੜਾਈ ਵਿੱਚ ਸ਼ਾਮਲ ਫੌਜੀਆਂ ਦੀ ਯਾਦਗਾਰ ਨਹੀਂ ਹੈ, ਬਲਕਿ ਹੋਰ ਫੌਜੀਆਂ ਦੀ ਹੈ।

ਉਨ੍ਹਾਂ ਦੱਸਿਆ ਹਾਇਫਾ ਸੈਮੀਟਰੀ ਵਿੱਚ ਜਿਨ੍ਹਾਂ ਫੌਜੀਆਂ ਦੀ ਯਾਦਗਾਰ ਸਥਾਪਤ ਹੈ, ਇਸ ਦਿਨ ਉਨ੍ਹਾਂ ਨੂੰ ਯਾਦ ਕਰਨ ਦੇ ਨਾਲ-ਨਾਲ ‘ਹਾਇਫਾ ਦੀ ਲੜਾਈ’ ਵਿੱਚ ਸ਼ਾਮਲ ਫੌਜੀਆਂ ਨੂੰ ਦੀ ਵੀ ਯਾਦਗਾਰ ਮਨਾਈ ਜਾਂਦੀ ਹੈ।

ਇੱਥੇ ਹੁਣ ਸੈਲਾਨੀਆਂ ਦੇ ਨਾਲ-ਨਾਲ ਸਰਕਾਰੀ ਨੁਮਾਇੰਦੇ ਵੀ ਜਾਂਦੇ ਹਨ।

ਨਵਤੇਜ ਸਰਨਾ ਦੱਸਦੇ ਹਨ ਕਿ ਹਾਲਾਂਕਿ ਲੰਬਾ ਸਮਾਂ ਬੀਤ ਜਾਣ ਕਾਰਨ ਫੌਜੀਆਂ ਬਾਰੇ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਨਹੀਂ ਹੈ।

“ਹੁਣ ਵੀ ਜੋ ਲੋਕ ਹਾਇਫਾ ਵਿੱਚ ਵਸੇ ਹੋਏ ਹਨ, ‘ਹਾਇਫਾ ਦੀ ਲੜਾਈ’ ਲੜਨ ਵਾਲੇ ਫੌਜੀਆਂ ਨੂੰ ਯਾਦ ਕਰਦੇ ਹਨ। ਉੱਥੇ ਹਾਇਫਾ ਹਿਸਟੋਰੀਕਲ ਸੁਸਾਇਟੀ ਵੀ ਹੈ, ਜਿਹੜੀ ਉਨ੍ਹਾਂ ਉੱਤੇ ਕੰਮ ਕਰਦੀ ਹੈ।”

ਕਿੱਥੇ-ਕਿੱਥੇ ਹਨ ਭਾਰਤੀ ਫੌਜੀਆਂ ਦੀਆਂ ਕਬਰਗਾਹਾਂ

ਇਜ਼ਰਾਈਲ ਵਿੱਚ 4 ਅਜਿਹੀਆਂ ਕਬਰਗਾਹਾਂ ਹਨ, ਜਿੱਥੇ ਭਾਰਤੀ ਫੌਜੀ ਦਫ਼ਨ ਹਨ ਜਾਂ ਉਨ੍ਹਾਂ ਲਈ ਯਾਦਗਾਰੀ ਪੱਥਰ ਸਥਾਪਿਤ ਕੀਤੇ ਹੋਏ ਹਨ।

'ਯੇਰੂਸਲਮ ਇੰਡੀਅਨ ਵਾਰ ਸੈਮਿਟਰੀ' ਵਿੱਚ ਜੁਲਾਈ 1918 ਤੋਂ ਜੂਨ 1920 ਵਿੱਚ ਦਫ਼ਨ ਹੋਏ 79 ਭਾਰਤੀ ਫੌਜੀਆਂ ਦੀਆਂ ਕਬਰਾਂ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਨਹੀਂ ਹੋ ਸਕੀ ਸੀ।

‘ਹਾਇਫਾ ਇੰਡੀਅਨ ਵਾਰ ਸੈਮੇਟਰੀ’ ਵਿੱਚ ਵੀ ਪੰਜਾਬ, ੳੱਤਰ ਪ੍ਰਦੇਸ਼, ਉੜੀਸਾ, ਹੈਦਰਾਬਾਦ ਦੇ ਰਹਿਣ ਵਾਲੇ ਫੌਜੀਆਂ ਦੀਆਂ ਅੰਤਿਮ ਯਾਦਗਾਰਾਂ ਸਥਾਪਿਤ ਹਨ।

'ਰਾਮਲ੍ਹਾ ਵਾਰ ਸੈਮੇਟਰੀ' ਵਿੱਚ ਸਭ ਤੋਂ ਵੱਧ ਭਾਰਤੀ ਫੌਜੀ ਦਫਨ ਹਨ, ਇੱਥੇ 528 ਫੌਜੀਆਂ ਦੀਆਂ ਕਬਰਾਂ ਹਨ। ਇੱਥੇ ਹੀ ਪਹਿਲੀ ਵਿਸ਼ਵ ਦੀ ਯਾਦਗਾਰ ਵੀ ਸਥਾਪਤ ਹੈ।

‘ਖਿਆਤ ਬੀਚ ਵਾਰ ਸੈਮੇਟਰੀ’ ਸਾਲ 1941 ਵਿੱਚ ਤਿਆਰ ਹੋਈ ਸੀ, ਇੱਥੇ ਦੂਜੀ ਵਿਸ਼ਵ ਜੰਗ ਵਿੱਚ ਭਾਗ ਲੈਣ ਵਾਲੇ 691 ਫੌਜੀਆਂ ਦੀਆਂ ਕਬਰਾਂ ਹਨ ਜਿਨ੍ਹਾਂ ਵਿੱਚੋਂ 29 ਭਾਰਤੀ ਸਨ।

ਨਵਤੇਜ ਸਰਨਾ ਦੱਸਦੇ ਹਨ ਕਿ ਪਹਿਲੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਫੌਜੀਆਂ ਦੀਆਂ ਯਾਦਗਾਰਾਂ 'ਕੌਮਨਵੈਲਥ ਗਰੇਵਸ ਕਮਿਸ਼ਨ' ਵੱਲੋਂ ਸਥਾਪਿਤ ਕੀਤੀਆਂ ਗਈਆਂ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਬਰਗਾਹਾਂ ਵਿੱਚੋਂ ਹਾਇਫਾ ਇੱਕ ਮਹੱਤਵਪੂਰਨ ਕਬਰਗਾਹ ਹੈ।

“ਹਾਇਫਾ ਦੀ ਲੜਾਈ 1918 ਵਿੱਚ ਹੋਈ ਸੀ, ਇਸ ਵਿੱਚ ਮੈਸੂਰ, ਜੋਧਪੁਰ, ਬੀਕਾਨੇਰ ਲੈਂਸਰ ਯੂਨਿਟਾਂ ਨੇ ਭਾਗ ਲਿਆ ਸੀ। ਇਨ੍ਹਾਂ ਯੂਨਿਟਾਂ ਦੀ ਯਾਦ ਵਿੱਚ ਹੀ ਦਿੱਲੀ ਵਿੱਚ ਤੀਨ ਮੂਰਤੀ ਯਾਦਗਾਰ ਸਥਾਪਤ ਹੈ।”

ਇਹ ਜ਼ਰੂਰੀ ਨਹੀਂ ਹੈ ਕਿ ਫੌਜੀਆਂ ਦੀ ਮੌਤ ਇਸੇ ਇਲਾਕੇ ਵਿੱਚ ਹੋਈ ਹੋਵੇ ਜਾਂ ਉਹ ਇੱਥੇ ਹੀ ਦਫ਼ਨਾਏ ਗਏ ਹੋਣ।

ਕਈ ਵਾਰ ਫੌਜੀਆਂ ਦੀ ਯਾਦਗਾਰ ਵਜੋਂ ਵੀ ਇਨ੍ਹਾਂ ਕਬਰਗਾਹਾਂ ਵਿੱਚ ਉਨ੍ਹਾਂ ਦੇ ਨਾਂ ਵਾਲੇ ਪੱਥਰ ਸਥਾਪਤ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਇਹ ਫੌਜੀ ਹਿੰਦੂ, ਮੁਸਲਿਮ ਅਤੇ ਸਿੱਖ ਧਰਮ ਨਾਲ ਸਬੰਧ ਰੱਖਦੇ ਸਨ।

“ਅਸੀਂ ਇਨ੍ਹਾਂ ਥਾਵਾਂ ਦੀ ਪਛਾਣ ਕੀਤੀ, ਤਸਵੀਰਾਂ ਲਈਆਂ ਜਾਣਕਾਰੀ ਇਕੱਠੀ ਕੀਤੀ ਅਤੇ ਕਿਤਾਬਚਾ ਛਾਪਿਆ ਅਜਿਹਾ ਇਸ ਤਰੀਕੇ ਪਹਿਲਾਂ ਕਦੇ ਨਹੀਂ ਹੋਇਆ ਸੀ। ”

“ਅਸੀਂ ਕੌਮਨਵੈਲਥ ਵਾਰ ਗਰੇਵਸ ਕਮਿਸ਼ਨ ਨਾਲ ਰਲ਼ਕੇ ਕੰਮ ਕੀਤਾ ਅਤੇ ਹੁਣ ਜਦੋਂ ਵੀ ਭਾਰਤ ਸਰਕਾਰ ਦੇ ਨੁਮਾਇੰਦੇ ਉੱਥੇ ਜਾਂਦੇ ਹਨ ਤਾਂ ਸਤਿਕਾਰ ਵਜੋਂ ਇਨ੍ਹਾਂ ਥਾਵਾਂ ਉੱਤੇ ਵੀ ਜਾਂਦੇ ਹਨ।”

ਫੌਜੀ ਇਤਿਹਾਸ ਦੇ ਮਾਹਰ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਕਾਮਨਵੈਲਥ ਵਾਰ ਗਰੇਵਸ ਕਮਿਸ਼ਨ ਵੱਲੋਂ 60 ਦੇ ਕਰੀਬ ਦੇਸ਼ਾਂ ਵਿੱਚ ਬਣੀਆਂ ਬ੍ਰਿਟਿਸ਼ ਸਾਮਰਾਜ ਦੇ ਫੌਜੀਆਂ ਦੀਆਂ ਕਬਰਾਂ ਦੀ ਦੇਖ-ਰੇਖ ਕੀਤੀ ਜਾਂਦੀ ਹੈ।

ਭਾਰਤ ਵੀ ਇਸਦੇ ਖਰਚ ਵਿੱਚ ਆਪਣਾ ਹਿੱਸਾ ਪਾਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)