You’re viewing a text-only version of this website that uses less data. View the main version of the website including all images and videos.
ਯੂਏਈ ਦੀ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਬਣੇ ਕਈ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਯੂਏਈ ਜਾਣ ਦੀ ਤਿਆਰੀ ਕਰ ਰਿਹਾ ਹੈ ਤਾਂ ਇਹ ਜਾਣਕਾਰੀ ਤੁਹਾਡੇ ਲਈ ਕਾਫੀ ਅਹਿਮ ਹੋ ਸਕਦੀ ਹੈ।
ਟਰੈਵਲ ਏਜੰਟਾਂ ਤੇ ਏਅਰਲਾਈਨਜ਼ ਮੁਤਾਬਕ, ਯੂਏਈ ਯਾਨਿ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਹਾਲ ਹੀ ਵਿੱਚ ਯਾਤਰਾ ਨੂੰ ਲੈ ਕੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਨ੍ਹਾਂ ਦੇ ਤਹਿਤ ਜਿਨ੍ਹਾਂ ਲੋਕਾਂ ਦਾ ਪਾਸਪੋਰਟ 'ਤੇ ਸਿਰਫ ਮੁੱਖ ਨਾਮ ਹੈ ਪਰ ਉਪਨਾਮ ਨਹੀਂ ਉਹ ਨਾ ਤਾਂ ਉੱਥੇ ਜਾ ਸਕਦੇ ਹਨ ਅਤੇ ਨਾ ਹੀ ਉਥੋਂ ਆ ਸਕਦੇ ਹਨ।
ਇਸ ਦਾ ਮਤਲਬ ਹੈ ਕਿ ਮਨ ਲਓ ਕਿਸੇ ਦੇ ਪਾਸਪੋਰਟ 'ਤੇ ਜੇਕਰ ਇਕੱਲਿਆ ਮਨਜੀਤ ਲਿਖਿਆ ਹੋਇਆ ਹੈ ਤੇ ਉਪਨਾਮ ਵਾਲਾ ਕਾਲਮ ਖਾਲੀ ਹੈ ਤਾਂ ਉਹ ਯੂਏਈ ਨਹੀਂ ਜਾ ਸਕਦੇ।
ਇੰਡੀਅਨ ਏਅਰਲਾਈਨ, ਇੰਡੀਅਨ ਲਾਈਨ ਐਕਸਪ੍ਰੈਸ ਵੱਲੋਂ ਜਾਰੀ ਕੀਤੇ ਗਏ ਇੱਕ ਸਰਕੂਲੇਸ਼ਨ ਮੁਤਾਬਕ ਜਿਨ੍ਹਾਂ ਦੇ ਪਾਸਪੋਰਟ ਤੇ ਸਿਰਫ ਮੁੱਖ ਨਾਮ ਹੈ ਉਸ ਨੂੰ ਯੂਏਈ ਇਮੀਗ੍ਰੇਸ਼ਨ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਉਸ ਨੂੰ 'ਆਈਐੱਨਏਡੀ' ਮੰਨ ਲਿਆ ਜਾਵੇਗਾ। ਆਈਐੱਨਏਡੀ ਦਾ ਮਤਲਬ ਹੈ ਕਿ ਉਸ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਇਸ ਦਾ ਮਤਲਬ ਸਾਫ਼ ਹੈ ਯੂਏਈ ਲਈ ਪਾਸਪੋਰਟ 'ਤੇ ਦੋਵੇਂ ਨਾਮ ਯਾਨਿ ਮੁੱਖ ਨਾਮ ਅਤੇ ਉਪਨਾਮ ਹੋਣ ਲਾਜ਼ਮੀ ਹਨ।
ਇਹ ਨਿਯਮ 21 ਨਵੰਬਰ ਤੋਂ ਲਾਗੂ ਹੋ ਗਏ ਹਨ।
ਇਸੇ ਤਰ੍ਹਾਂ ਦੀ ਇੱਕ ਹੋਰ ਏਅਰਲਾਈਨ ਇੰਡੀਗੋ ਨੇ ਆਪਣੇ ਟਰੈਵਲ ਏਜੰਟਾਂ ਨਾਲ ਇੱਕ ਸਰਕੂਲਰ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ, "21 ਨਵੰਬਰ 2022 ਤੋਂ ਅਮਲ ਵਿੱਚ ਆਏ ਯੂਏਈ ਅਥਾਰਟੀਆਂ ਦੇ ਨਿਰਦੇਸ਼ਾਂ ਮੁਤਾਬਕ, ਯਾਤਰੀ, ਵਿਜ਼ਿਟ ਜਾਂ ਕਿਸੇ ਹੋਰ ਕਿਸਮ ਦੇ ਵੀਜ਼ੇ 'ਤੇ ਯਾਤਰਾ ਕਰਨ ਵਾਲੇ ਪਾਸਪੋਰਟਾਂ 'ਤੇ ਇੱਕ ਨਾਮ ਵਾਲੇ ਯਾਤਰੀਆਂ ਨੂੰ ਯੂਏਈ ਵਿੱਚ ਆਉਣ/ਜਾਣ 'ਤੇ ਰੋਕ ਹੋਵੇਗੀ।"
ਹਾਲਾਂਕਿ, ਰਿਹਾਇਸ਼ੀ ਜਾਂ ਰੁਜ਼ਗਾਰ ਵੀਜ਼ਾ 'ਤੇ ਯੂਏਈ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਸ ਨਿਯਮ ਤੋਂ ਛੋਟ ਮਿਲੀ ਹੈ।
ਇੰਡੀਗੋ ਏਅਰਲਾਈਨਜ਼ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਪਾਸਪੋਰਟਾਂ 'ਤੇ ਇੱਕ ਹੀ ਨਾਮ ਅਤੇ ਰਿਹਾਇਸ਼ੀ ਪਰਮਿਟ ਜਾਂ ਰੁਜ਼ਗਾਰ ਵੀਜ਼ਾ ਰੱਖਣ ਵਾਲੇ ਯਾਤਰੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਬਸ਼ਰਤੇ "ਪਹਿਲਾ ਨਾਮ" ਅਤੇ "ਉਪਨਾਮ" ਕਾਲਮ ਵਿੱਚ ਉਹੀ ਨਾਮ ਅਪਡੇਟ ਕੀਤਾ ਗਿਆ ਹੋਵੇ।
ਜਿਵੇਂ ਕਿ ਪਹਿਲੇ ਨਾਮ ਵਾਲੇ ਕਾਲਮ ਵਿੱਚ 'ਮਨਜੀਤ ਸਿੰਘ' ਲਿਖਿਆ ਹੋਵੇ ਜਾਂ ਸਰਨੇਮ ਵਿੱਚ 'ਮਨਜੀਤ ਸਿੰਘ' ਲਿਖਿਆ ਹੋਵੇ ਜਾਂ ਫਿਰ ਪਹਿਲੇ ਨਾਮ ਵਿੱਚ ਇਕੱਲਾ ਮਨਜੀਤ ਅਤੇ ਉਪਨਾਮ ਵਿੱਚ ਸਿੰਘ ਲਿਖਿਆ ਹੋਵੇ ਤਾਂ ਵੀ ਉਨ੍ਹਾਂ ਯਾਤਰਾ ਦੀ ਇਜਾਜ਼ਤ ਹੋਵੇਗੀ।
ਮੁੱਖ ਬਿੰਦੂ
- ਯੂਏਈ ਨੇ ਯਾਤਰਾ ਨੂੰ ਲੈ ਕੇ ਆਪਣੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ
- ਇਸ ਕਾਰਨ ਕਈ ਲੋਕਾਂ ਨੂੰ ਯੂਏਈ ਆਉਣ-ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
- ਯੂਏਈ ਨੇ ਨਵੇਂ ਨਿਯਮਾਂ ਮੁਤਾਬਕ ਪਾਸਪੋਰਟ 'ਤੇ ਸਿਰਫ ਮੁੱਖ ਨਾਮ ਵਾਲੇ ਲੋਕਾਂ 'ਤੇ ਰੋਕ ਲਗਾ ਦਿੱਤੀ ਹੈ
- ਰਿਹਾਇਸ਼ੀ ਜਾਂ ਰੁਜ਼ਗਾਰ ਵੀਜ਼ਾ 'ਤੇ ਯੂਏਈ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਸ ਨਿਯਮ ਤੋਂ ਛੋਟ ਮਿਲੀ ਹੈ
- ਕੁਝ ਏਅਰਲਾਈਨਸ ਨੇ ਆਪਣੇ ਟਰੈਵਲ ਏਜੰਡਾਂ ਨੂੰ ਸਰਕੂਲਰ ਜਾਰੀ ਕਰ ਕੇ ਇਸ ਬਾਰੇ ਸੂਚਿਤ ਕਰ ਦਿੱਤਾ ਹੈ
ਲੋਕਾਂ ਲਈ ਪਰੇਸ਼ਾਨੀ ਦਾ ਸਬੱਬ
ਯੂਏਈ ਨੇ ਨਿਯਮ ਤਾਂ ਬਦਲ ਦਿੱਤੇ ਹਨ ਪਰ ਇਸ ਦਾ ਖ਼ਾਮਿਆਜ਼ਾ ਸਿਰਫ਼ ਫੇਰਾ-ਤੋਰੀ ਵਾਲਿਆਂ ਨੂੰ ਹੀ ਨਹੀਂ ਬਲਕਿ ਕੁਝ ਕੰਮਕਾਜ ਵਾਲੇ ਲੋਕਾਂ ਨੂੰ ਵੀ ਝੱਲਣਾ ਪੈ ਸਕਦਾ ਹੈ।
ਭਾਰਤ ਵਿੱਚ ਕਈ ਅਜਿਹੇ ਕਿੱਤੇ ਹਨ ਜਿੱਥੇ ਲੋਕਾਂ ਕੰਮ ਦੇ ਸਿਲਸਿਲੇ ਵਿੱਚ ਯੂਏਈ ਸਣੇ ਕਈ ਮੁਲਕਾਂ ਵਿੱਚ ਵਿਜ਼ੀਟਰ ਵੀਜ਼ੇ 'ਤੇ ਜਾਂਦੇ ਹਨ ਅਤੇ ਬਦਲੇ ਹੋਏ ਨਿਯਮਾਂ ਕਾਰਨ ਉਨ੍ਹਾਂ ਦੇ ਕੰਮ 'ਤੇ ਵੀ ਅਸਰ ਪੈ ਸਕਦਾ ਹੈ।
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਜਾਵੇਦ ਮੁੰਬਈ ਸਥਿਤ ਫਿਲਮ ਇੰਡਸਟਰੀ ਵਿੱਚ ਹੇਅਰ ਸਟਾਈਲਿਸਟ ਵਜੋਂ ਕੰਮ ਕਰਦੇ ਹਨ।
ਯੂਏਈ ਵੱਲੋਂ ਪਾਸਪੋਰਟ ਉੱਤੇ ਨਾਮ ਨੂੰ ਲੈ ਕੇ ਜੋ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਉਸ ਤੋਂ ਉਹ ਚਿੰਤਤ ਹਨ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਉੱਤੇ ਉਨ੍ਹਾਂ ਦਾ ਨਾਮ ਸਿਰਫ਼ ਜਾਵੇਦ ਹੈ ਅਤੇ ਉਪਨਾਮ ਨਹੀਂ ਹੈ।
ਜਾਵੇਦ ਚਾਰ ਵਾਰ ਕੰਮ ਦੇ ਸਿਲਸਿਲੇ ਵਿੱਚ ਯੂਏਈ ਦੀ ਯਾਤਰਾ ਕਰ ਚੁੱਕੇ ਹਨ, ਹੁਣ ਨਵੇਂ ਨਿਯਮਾਂ ਕਾਰਨ ਉਹ ਚਿੰਤਤ ਹਨ ਕਿਉਂਕਿ ਇਸ ਦਾ ਅਸਰ ਉਨ੍ਹਾਂ ਦੇ ਕੰਮ ਉੱਤੇ ਪੈ ਸਕਦਾ ਹੈ।
ਯੂਏਈ ਸਣੇ ਕਈ ਮੁਲਕਾਂ ਦੀ ਯਾਤਰਾ ਕਰ ਚੁੱਕੇ ਜਾਵੇਦ ਕਹਿੰਦੇ ਹਨ, "ਮੰਨ ਲਵੋ ਕਿ ਅੱਜ ਇਹ ਨਿਯਮ ਯੂਏਈ ਨੇ ਕੱਢੇ ਹਨ, ਕੱਲ੍ਹ ਨੂੰ ਕੋਈ ਹੋਰ ਮੁਲਕ ਇਸੇ ਤਰ੍ਹਾਂ ਦਾ ਐਲਾਨ ਕਰਦਾ ਹੈ ਤਾਂ ਪਰੇਸ਼ਾਨੀ ਵਧ ਸਕਦੀ ਹੈ।"
"ਇਸ ਨਾਲ ਤਾਂ ਕੰਮਕਾਜ ਪ੍ਰਭਾਵਿਤ ਹੋਵੇਗਾ, ਆਰਥਿਕ ਨੁਕਸਾਨ ਝੱਲਣਾ ਪਵੇਗਾ ਉਹ ਵੱਖ।"
ਹੁਣ ਜਾਵੇਦ ਸੋਚ ਰਹੇ ਹਨ ਕਿ ਪਾਸਪੋਰਟ ਉੱਤੇ ਉਪਨਾਮ ਲਿਖਵਾ ਲਿਆ ਜਾਵੇ ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਇਸ ਲਈ ਪੈਨ ਕਾਰਡ, ਆਧਾਰ ਕਾਰਡ ਸਣੇ ਡਰਾਈਵਿੰਗ ਲਾਈਸੈਂਸ ਸਭ ਕੁਝ ਮੁੜ ਬਣਵਾਉਣਾ ਪਵੇਗਾ।
ਉਹ ਅੱਗੇ ਕਹਿੰਦੇ ਹਨ, "ਪ੍ਰਾਪਰਟੀ ਦੇ ਦਸਤਾਵੇਜ਼ਾਂ ਵਿੱਚ ਵੀ ਮੇਰਾ ਨਾਮ ਸਿਰਫ਼ ਜਾਵੇਦ ਹੀ ਹੈ, ਭਵਿੱਖ ਵਿੱਚ ਇਸ ਦੀ ਖ਼ਰੀਦੋ ਫਰੋਖ਼ਤ ਵਿੱਚ ਵੀ ਪਰੇਸ਼ਾਨੀ ਆ ਸਕਦੀ ਹੈ।"
ਫਿਲਮ ਇੰਡਸਟਰੀ ਵਿੱਚ ਸੈਲੀਬ੍ਰਿਟੀ ਸਕਿਉਰਿਟੀ ਵਿੱਚ ਕੰਮ ਕਰਨ ਵਾਲੇ ਮੋਹਿਤ ਨਾਮ ਦੇ ਨੌਜਵਾਨ ਦੀ ਵੀ ਇਹੀ ਪਰੇਸ਼ਾਨੀ ਹੈ।
ਪਾਸਪੋਰਟ ਵਿੱਚ ਮੋਹਿਤ ਦਾ ਵੀ ਨਾਮ ਬਿਨਾ ਉਪਨਾਮ ਦੇ ਹੈ। ਮੋਹਿਤ ਕਹਿੰਦੇ ਹਨ ਕਿ ਵੱਖੋ ਵੱਖਰੇ ਮੁਲਕਾਂ ਵਿੱਚ ਸੈਲੀਬ੍ਰਿਟੀਜ਼ ਨਾਲ ਜਾਣਾ ਪੈਂਦਾ ਹੈ, ਇਸ ਨਵੇਂ ਨਿਯਮ ਨਾਲ ਤਾਂ ਉਨ੍ਹਾਂ ਦੇ ਰੁਜ਼ਗਾਰ ਉੱਤੇ ਵੀ ਅਸਰ ਪਵੇਗਾ।
ਇਨ੍ਹਾਂ ਲੋਕਾਂ ਵਾਂਗ ਅਣਗਿਣਤ ਲੋਕ ਹਨ ਜਿਨ੍ਹਾਂ ਦੇ ਪਾਸਪੋਰਟ ਬਗ਼ੈਰ ਉਪਨਾਮ ਦੇ ਹੋਣਗੇ। ਇਸ ਨਿਯਮ ਨਾਲ ਖਾਸਕਰ ਯੂਏਈ ਜਾਣ ਵਾਲਿਆਂ ਨੂੰ ਪਰੇਸ਼ਾਨੀਆਂ ਆ ਸਕਦੀਆਂ ਹਨ।