ਹਰਮਿਲਨ ਬੈਂਸ: ਮੂਸੇਵਾਲਾ ਦੇ ਗੀਤਾਂ ਦੀ ਸ਼ੌਕੀਨ ਮੈਡਲ ਜੇਤੂ ਅਥਲੀਟ ਨੂੰ ਸਰਕਾਰ ਤੋਂ ਇਸ ਗੱਲ ਦੀ ਸ਼ਿਕਾਇਤ ਹੈ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

‘‘ਮੈਂ ਜ਼ਿੱਦੀ ਹਾਂ ਅਤੇ ਮੇਰੀ ਜ਼ਿੱਦ ਹੀ ਮੇਰੀ ਕਾਮਯਾਬੀ ਦਾ ਰਾਜ ਹੈ।’’

ਇਹ ਸ਼ਬਦ ਹਰਮਿਲਨ ਬੈਂਸ ਦੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਚੀਨ ਵਿੱਚ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਵਿੱਚ 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਚਾਂਦੀ ਦੇ ਦੋ ਤਗਮੇ ਜਿੱਤੇ ਹਨ। ਹਰਮਿਲਨ ਦਾ ਸਬੰਧ ਪੰਜਾਬ ਦੇ ਕਸਬਾ ਮਾਹਿਲਪੁਰ ਨਾਲ ਹੈ।

ਹਰਮਿਲਨ ਨੂੰ ਅਥਲੈਟਿਕਸ ਵਿਰਾਸਤ ਵਿੱਚ ਮਿਲੀ ਹੈ, ਉਨ੍ਹਾਂ ਦੀ ਮਾਂ ਮਾਧੁਰੀ ਸਕਸੈਨਾ ਅਤੇ ਪਿਤਾ ਅਮਨਦੀਪ ਸਿੰਘ ਬੈਂਸ ਦੋਵੇਂ ਆਪਣੇ ਸਮੇਂ ਦੇ ਦੌੜਾਕ ਰਹੇ ਹਨ।

ਇਹ ਇਤਫ਼ਾਕ ਹੈ ਕਿ ਹਰਮਿਲਨ ਦੀ ਮਾਂ ਮਾਧੁਰੀ ਸਕਸੈਨਾ ਨੇ 2002 ਦੀਆਂ ਬੁਸਾਨ ਏਸ਼ੀਅਨ ਖੇਡਾਂ ਦੇ 800 ਮੀਟਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ ਅਤੇ ਠੀਕ 21 ਸਾਲ ਬਾਅਦ ਉਨ੍ਹਾਂ ਦੀ ਧੀ ਨੇ ਵੀ ਇਸੇ ਦੌੜ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਹੈ।

ਹਰਮਿਲਨ ਦੇ ਪਿਤਾ ਅਮਨਦੀਪ ਸਿੰਘ ਬੈਂਸ ਨੇ 1996 ਵਿੱਚ ਸਾਊਥ ਏਸ਼ੀਅਨ ਫੈਡਰੇਸ਼ਨ ਖੇਡਾਂ ਦੇ 1500 ਮੀਟਰ ਵਰਗ ਵਿੱਚ ਚਾਂਦੀ ਦਾ ਮੈਡਲ ਹਾਸਲ ਕੀਤਾ ਸੀ।

ਇਸ ਤਰ੍ਹਾਂ ਹਰਮਿਲਨ ਨੇ ਦੋਵਾਂ ਖੇਡਾਂ ਵਿੱਚ ਦੋ ਤਗਮੇ ਜਿੱਤ ਕੇ ਆਪਣੇ ਮਾਤਾ ਅਤੇ ਪਿਤਾ ਨੂੰ ਖੁਸ਼ ਕਰ ਦਿੱਤਾ ਹੈ।

ਹਰਮਿਲਨ ਦੀ ਪਹਿਲੀ ਖ਼ਾਹਿਸ਼ ਟੈਨਿਸ ਸੀ ਪਰ ਬਣ ਅਥਲੀਟ ਗਏ

ਘੁੰਘਰਾਲੇ ਵਾਲ ਅਤੇ ਆਪਣੇ ਸਟਾਈਲ ਲਈ ਜਾਣੇ ਜਾਂਦੇ ਹਰਮਿਲਨ ਬੈਂਸ ਨੇ ਬੀਬੀਸੀ ਨੂੰ ਦੱਸਿਆ ਕਿ ਅਥਲੈਟਿਕਸ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਸੀ ਸਗੋਂ ਉਹ ਤਾਂ ਟੈਨਿਸ ਦੀ ਖਿਡਾਰਨ ਬਣਨਾ ਚਾਹੁੰਦੇ ਸੀ।

ਪਰ ਬਚਪਨ ਵਿੱਚ ਮਾਂ ਮਾਧੁਰੀ ਦੇ ਨਾਲ ਗਰਾਊਡ ਵਿੱਚ ਜਾਣ ਕਰ ਕੇ ਉਨ੍ਹਾਂ ਦੀ ਦਿਲਚਸਪੀ ਇਸ ਵਿੱਚ ਵੱਧ ਗਈ।

ਹਰਮਿਲਨ ਦੱਸਦੇ ਹਨ ਕਿ ਜੋ ਮੁਕਾਮ ਉਨ੍ਹਾਂ ਨੇ ਹਾਸਲ ਕੀਤਾ ਹੈ ਉਸ ਪਿੱਛੇ ਸਫ਼ਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ।

ਏਸ਼ੀਅਨ ਖੇਡਾਂ ਤੋਂ ਪਹਿਲਾਂ ਉਨ੍ਹਾਂ ਦੇ ਸੱਟ ਲੱਗਣੀ ਅਤੇ ਫਿਰ ਉਸ ਤੋਂ ਉੱਭਰਨਾ ਅਤੇ ਮੈਦਾਨ ਵਿਚ ਵਾਪਸੀ ਕਰਨੀ ਉਨ੍ਹਾਂ ਲਈ ਬਹੁਤ ਔਖੀ ਸੀ।

ਹਰਮਿਲਨ ਦੱਸਦੇ ਹਨ, ‘‘ਮੈਂ ਆਪਣੀ ਤਿਆਰੀ ਇੰਗਲੈਂਡ ਵਿੱਚ ਕੀਤੀ ਅਤੇ ਆਪਣੇ ਜ਼ਿੱਦੀ ਸੁਭਾਅ ਕਾਰਨ ਜੋ ਸੋਚਿਆ ਸੀ, ਉਹ ਕਰ ਕੇ ਦਿਖਾਇਆ।’’

ਹਰਮਿਲਨ ਦੀ ਮਾਤਾ ਅਰਜੁਨ ਐਵਾਰਡੀ ਮਾਧੁਰੀ ਸਕਸੈਨਾ ਇਸ ਸਮੇਂ ਪਟਿਆਲਾ ਵਿਖੇ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਹਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਧੀ ਦੀ ਕਾਮਯਾਬੀ ਨੇ 21 ਸਾਲ ਪੁਰਾਣੇ ਦਿਨ ਯਾਦ ਕਰਵਾ ਦਿੱਤੇ ਹਨ।

ਮਾਧੁਰੀ ਭਾਵੁਕ ਹੁੰਦੇ ਦੱਸਦੇ ਹਨ, ‘‘ਜਦੋਂ 2002 ਵਿੱਚ ਮੈਡਲ ਜਿੱਤ ਕੇ ਵਾਪਸ ਮਾਹਿਲਪੁਰ ਪਰਤੀ ਸੀ ਤਾਂ ਭਰਵਾਂ ਸਵਾਗਤ ਹੋਇਆ ਸੀ। ਜਿਸ ਜੀਪ ਵਿੱਚ ਸਵਾਰ ਸੀ ਉਸ ਵਿੱਚ ਬਾਲੜੀ ਹਰਮਿਲਨ ਵੀ ਬੈਠੀ ਸੀ ਅਤੇ ਬੱਚੀ ਹੋਣ ਕਰ ਕੇ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਪਰ 21 ਸਾਲ ਬਾਅਦ ਹਰਮਿਲਨ ਨੇ ਪਰਿਵਾਰ ਅਤੇ ਦੇਸ਼ ਨੂੰ ਫਿਰ ਤੋਂ ਉਹ ਖ਼ੁਸ਼ੀਆਂ ਦਿੱਤੀਆਂ ਜਿਸ ਦਾ ਆਨੰਦ ਉਨ੍ਹਾਂ ਨੇ ਮਾਣਿਆ ਸੀ।’’

ਮਾਂ ਮਾਧੁਰੀ ਦਾ ਸੰਘਰਸ਼

ਮਾਧੁਰੀ ਸਕਸੈਨਾ ਦੱਸਦੇ ਹਨ ਕਿ ਹੁਣ ਉਨ੍ਹਾਂ ਦੀ ਪਹਿਚਾਣ ਹਰਮਿਲਨ ਬਣ ਗਈ ਹੈ।

ਉਹ ਕਹਿੰਦੇ ਹਨ, ‘‘ਹਰ ਕੋਈ ਆਖਦਾ ਹੈ ਕਿ ਇਹ ਹਰਮਿਲਨ ਬੈਂਸ ਦੀ ਮਾਂ ਹੈ ਅਤੇ ਮੈਨੂੰ ਇਹ ਚੰਗਾ ਲੱਗਦਾ ਹੈ।’’

ਮਾਧੁਰੀ ਕਹਿੰਦੇ ਹਨ ਕਿ ਬੇਸ਼ੱਕ ਉਨ੍ਹਾਂ ਵੱਲੋਂ ਏਸ਼ੀਅਨ ਖੇਡਾਂ ਵਿੱਚ ਹਾਸਲ ਕੀਤੀ ਗਈ ਕਾਮਯਾਬੀ ਨੂੰ ਲੋਕ ਭੁੱਲ ਗਏ ਹਨ ਪਰ ਹਰਮਿਲਨ ਦੀ ਜਿੱਤ ਨੇ ਉਨ੍ਹਾਂ ਨੂੰ ਫਿਰ ਤੋਂ ਸਟਾਰ ਬਣ ਦਿੱਤਾ ਹੈ।

ਉੱਤਰ ਪ੍ਰਦੇਸ਼ ਸੂਬੇ ਦੇ ਹਰਦੋਈ ਜ਼ਿਲ੍ਹੇ ਦੇ ਜੰਮਪਲ ਅਤੇ ਪੰਜਾਬ ਦੇ ਮਾਹਿਲਪੁਰ ਦੀ ਨੂੰਹ ਮਾਧੁਰੀ ਸਕਸੈਨਾ ਦੱਸਦੇ ਹਨ ਕਿ ਜਦੋਂ ਉਹ ਬਿਜਲੀ ਬੋਰਡ ਵਿੱਚ ਨੌਕਰੀ ਲਈ ਆਏ ਤਾਂ ਉਨ੍ਹਾਂ ਨੂੰ ਫਿਰ ਤੋਂ ਟਰਾਇਲ ਦੇਣ ਲਈ ਆਖਿਆ ਗਿਆ, ਪਰ ਉਸ ਵਕਤ ਉਹ ਤਿੰਨ ਮਹੀਨੇ ਦੀ ਗਰਭਵਤੀ ਸਨ।

ਉਹ ਕਹਿੰਦੇ ਹਨ, ‘‘ਪਤੀ ਅਮਨਦੀਪ ਬੈਂਸ ਨੇ ਟਰਾਇਲ ਤੋਂ ਰੋਕਿਆ ਵੀ ਪਰ ਫਿਰ ਵੀ ਰਿਸਕ ਲਿਆ ਅਤੇ ਟਰਾਇਲ ਪਾਸ ਕੀਤਾ।’’

‘‘ਇਸ ਤੋਂ ਛੇ ਮਹੀਨੇ ਬਾਅਦ ਹਰਮਿਲਨ ਦਾ ਜਨਮ ਹੁੰਦਾ ਹੈ। ਇਸ ਕਰਕੇ ਦੌੜ ਤਾਂ ਹਰਮਿਲਨ ਨੂੰ ਵਿਰਾਸਤ ਵਿੱਚ ਮਿਲੀ ਹੈ ਅਤੇ ਉਸ ਤੋਂ ਬਹੁਤ ਉਮੀਦਾਂ ਹਨ।’’

ਹਾਲਾਂਕਿ ਮਾਧੁਰੀ ਚਾਹੁੰਦੀ ਸਨ ਕਿ ਹਰਮਿਲਨ 800 ਮੀਟਰ ਵਿੱਚ ਗੋਲਡ ਮੈਡਲ ਜਿੱਤ ਕੇ ਉਨ੍ਹਾਂ ਦਾ ਰਿਕਾਰਡ ਤੋੜਦੇ ਪਰ ਹਰਮਿਲਨ ਨੇ ਇੱਕ ਦੀ ਥਾਂ ਦੋ ਮੈਡਲ ਜਿੱਤ ਕੇ ਲਿਆਂਦੇ ਹਨ।

ਸੋਸ਼ਲ ਮੀਡੀਆ ਦੀ ‘ਕੁਵੀਨ’ ਹਰਮਿਲਨ

ਹਰਮਿਲਨ ਜਿੱਥੇ ਇੱਕ ਚੰਗੀ ਅਥਲੀਟ ਹਨ ਉੱਥੇ ਹੀ ਉਨ੍ਹਾਂ ਨੂੰ ਮਾਡਲਿੰਗ ਦਾ ਵੀ ਬਹੁਤ ਸ਼ੌਂਕ ਹੈ।

ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਪਹਿਚਾਣ ’ਕੁਵੀਨ’ ਦੇ ਤੌਰ ਉੱਤੇ ਹੈ।

ਹਰਮਿਲਨ ਦੱਸਦੇ ਹਨ, ‘‘ਮੈਨੂੰ ਮਾਡਲਿੰਗ ਪਸੰਦ ਹੈ ਅਤੇ ਭਵਿੱਖ ਵਿੱਚ ਆਪਣਾ ਇਹ ਸ਼ੌਕ ਵੀ ਪੂਰਾ ਕਰਾਂਗੀ।’’

ਰਿਜ਼ਰਵ ਬੈਂਕ ਵਿੱਚ ਨੌਕਰੀ ਕਰਦੇ ਹਰਮਿਲਨ ਦੱਸਦੇ ਹਨ ਕਿ ਉਨ੍ਹਾਂ ਦਾ ਨਿਸ਼ਾਨਾ ਓਲਪਿੰਕ ਵਿੱਚ ਮੈਡਲ ਜਿੱਤਣਾ ਹੈ ਅਤੇ ਇਸ ਦੇ ਲਈ ਉਹ ਹੁਣ ਪੂਰੀ ਮਿਹਨਤ ਕਰਨਗੇ।

ਭਾਰਤ ਵਿੱਚ ਖੇਡਾਂ ਦੇ ਲਈ ਢਾਂਚੇ ਦੀ ਗੱਲ ਕਰਦਿਆਂ ਹਰਮਿਲਨ ਦੱਸਦੇ ਹਨ ਕਿ ਪਹਿਲਾਂ ਦੇ ਮੁਕਾਬਲੇ ਹੁਣ ਬਹੁਤ ਕੁਝ ਹੋ ਗਿਆ ਅਤੇ ਖਿਡਾਰੀਆਂ ਨੂੰ ਉਹ ਸਾਰੀਆਂ ਸਹੂਲਤਾਂ ਦੇਸ਼ ਵਿੱਚ ਮਿਲਣ ਲੱਗ ਗਈਆਂ ਹਨ ਜੋ ਕਿਸੇ ਵਕਤ ਵਿਦੇਸ਼ ਵਿੱਚ ਹੁੰਦੀਆਂ ਸਨ।

ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਕੁੜੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਤਾਂ ਜੋ ਦੇਸ਼ ਵਿੱਚ ਹੋਰ ਮੈਡਲ ਆ ਸਕਣ।

ਪੰਜਾਬ ਦੇ ਖਿਡਾਰੀ ਹਰਿਆਣਾ ਵੱਲੋਂ ਖੇਡਣ ਲਈ ਕਿਉਂ ਮਜਬੂਰ

ਹਰਮਿਲਨ ਇਸ ਗੱਲ ਤੋਂ ਥੋੜ੍ਹੀ ਨਿਰਾਸ਼ ਵੀ ਹਨ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਮੈਡਲ ਜੇਤੂ ਖਿਡਾਰੀਆਂ ਨੂੰ ਘੱਟ ਪੈਸਾ ਦਿੰਦਾ ਹੈ।

ਹਰਮਿਲਨ ਬੈਂਸ ਕਹਿੰਦੇ ਹਨ, ‘‘ਮੌਜੂਦਾ ਸਰਕਾਰ ਖੇਡਾਂ ਅਤੇ ਖਿਡਾਰੀਆਂ ਵੱਲ ਧਿਆਨ ਦੇ ਰਹੀ ਹੈ, ਇਹ ਬਹੁਤ ਚੰਗੀ ਗੱਲ ਹੈ ਅਤੇ ਖਿਡਾਰੀਆਂ ਨੂੰ ਨੌਕਰੀਆਂ ਵੀ ਮਿਲ ਰਹੀਆਂ ਹਨ।’’

‘‘ਪਰ ਦੁੱਖ ਹੁੰਦਾ ਹੈ ਜਦੋਂ ਪੰਜਾਬ ਦੇ ਜੰਮਪਲ ਖਿਡਾਰੀ ਦੂਜੇ ਸੂਬਿਆਂ ਖ਼ਾਸ ਤੌਰ ਉੱਤੇ ਹਰਿਆਣਾ ਵੱਲੋਂ ਖੇਡਦੇ ਹਨ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਵੱਧ ਪੈਸੇ ਮਿਲਣਾ ਹੈ।’’

ਹਰਮਿਲਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਨੂੰ ਹੋਰ ਸੂਬਿਆਂ ਦੇ ਬਰਾਬਰ ਇਨਾਮੀ ਰਾਸ਼ੀ ਦਿੱਤੀ ਜਾਵੇ।

ਦੱਸ ਦਈਏ ਕਿ ਹਰਿਆਣਾ ਨੇ ਏਸ਼ੀਅਨ ਮੈਡਲ ਜੇਤੂਆਂ ਨੂੰ ਗੋਲਡ ਮੈਡਲ ਲਈ 3 ਕਰੋੜ, ਚਾਂਦੀ ਜੇਤੂ ਖਿਡਾਰੀ ਨੂੰ 1.5 ਕਰੋੜ ਅਤੇ ਕਾਂਸੇ ਦਾ ਤਗਮਾ ਲਿਆਉਣ ਵਾਲੇ ਖਿਡਾਰੀ ਨੂੰ 75 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਜਦਕਿ ਪੰਜਾਬ ਵਿੱਚ ਸੋਨ ਤਗਮਾ ਜੇਤੂ ਨੂੰ ਇੱਕ ਕਰੋੜ ਅਤੇ ਚਾਂਦੀ ਦਾ ਮੈਡਲ ਲਿਆਉਣ ਵਾਲੇ ਨੂੰ 75 ਲੱਖ ਅਤੇ ਕਾਂਸੇ ਦਾ ਤਗਮਾ ਜਿੱਤਣ ਵਾਲੇ ਨੂੰ 50 ਲੱਖ ਰੁਪਏ ਸਰਕਾਰ ਵੱਲੋਂ ਦਿੱਤਾ ਜਾਵੇਗਾ।

ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਵੱਲੋਂ ਤਗਮਾ ਜੇਤੂ ਖਿਡਾਰੀਆਂ ਨੂੰ ਘੱਟ ਪੈਸੇ ਦਿੱਤੇ ਜਾਣ ਦਾ ਗਿਲਾ ਹਰਮਿਲਨ ਬੈਂਸ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕੋਲ ਵੀ ਪ੍ਰਗਟਾ ਚੁੱਕੇ ਹਨ।

ਮੂਸੇਆਲਾ ਦੇ ਗੀਤਾਂ ਦੀ ਸ਼ੌਕੀਨ ਹਰਮਿਲਨ

ਹਰਮਿਲਨ ਬੈਂਸ ਦੱਸਦੇ ਹਨ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਊਰਜਾ ਮਿਲਦੀ ਹੈ ਅਤੇ ਇਸ ਕਰ ਕੇ ਉਹ ਆਪਣੇ ਵਰਕ ਆਊਟ ਸਮੇਂ ਉਨ੍ਹਾਂ ਦੇ ਹੀ ਗਾਣੇ ਸੁਣਦੇ ਹਨ।

ਹਰਮਿਲਨ ਕਹਿੰਦੇ ਹਨ, ‘‘ਪੰਜਾਬ ਦੇ ਜ਼ਿਆਦਾਤਰ ਖਿਡਾਰੀ ਸਿੱਧੂ ਨੂੰ ਹੀ ਸੁਣਦੇ ਹਨ ਅਤੇ ਇਸ ਦਾ ਕਾਰਨ ਉਨ੍ਹਾਂ ਦੇ ਗੀਤਾਂ ਦੇ ਬੋਲ ਅਤੇ ਉਸ ਤੋਂ ਮਿਲਦੀ ਐਨਰਜੀ ਹੈ।’’

ਹਰਮਿਲਨ ਆਖਦੇ ਹਨ ਕਿ ਖਿਡਾਰੀ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਪ੍ਰੇਰਣਾ ਲੈ ਕੇ ਮੈਡਲ ਜਿੱਤ ਰਹੇ ਹਨ ਅਤੇ ਤਰੱਕੀ ਕਰ ਰਹੇ ਹਨ, ਪਰ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਗੀਤਾਂ ਦਾ ਰਚੇਤਾ ਸਾਡੇ ਵਿਚਕਾਰ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)