‘ਪੰਜਾਬੀ ਮੁੰਡੇ ਨੇ ਨਾਂਹ ਕਰਨ ਉੱਤੇ ਕੁੜੀ ਨੂੰ ਹੱਥ ਪੈਰ ਬੰਨ੍ਹ ਕੇ ਜਿੰਦਾ ਦੱਬ ਦਿੱਤਾ’, ਆਸਟ੍ਰੇਲੀਆ ਵਿੱਚ 2 ਸਾਲ ਪਹਿਲਾਂ ਹੋਏ ਕਤਲ ਬਾਰੇ ਹੌਲਨਾਕ ਖੁਲਾਸੇ

ਤਸਵੀਰ ਸਰੋਤ, (Supplied: SAPOL)
ਅਸਟ੍ਰੇਲੀਆ ਵਿੱਚ ਇੱਕ ਨਰਗਿੰਸ ਕਾਲਜ ਦੀ ਪੰਜਾਬੀ ਮੂਲ ਦੀ ਵਿਦਿਆਰਥਣ ਦੇ ਕਤਲ ਮਾਮਲੇ ਵਿੱਚ ਬੁੱਧਵਾਰ ਨੂੰ ਅਦਾਲਤ ਦੀ ਸੁਣਵਾਈ ਦੌਰਾਨ ਦਿਲ ਦਹਿਲਾਉਣ ਵਾਲੇ ਖੁਲਾਸੇ ਹੋਏ ਹਨ।
ਅਸਟ੍ਰੇਲੀਆਂ ਦੇ ਸਰਕਾਰੀ ਅਦਾਰੇ ਅਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ 22 ਸਾਲਾ ਤਾਰਿਕਜੋਤ ਸਿੰਘ ਨੇ 21 ਸਾਲਾ ਨਰਸਿੰਗ ਵਿਦਿਆਰਥਣ ਜਸਮੀਨ ਕੌਰ ਦੇ ਕਤਲ ਦਾ ਦੋਸ਼ ਕਬੂਲ ਕਰ ਲਿਆ ਸੀ।
ਅਦਾਲਤ ਨੂੰ ਦੱਸਿਆ ਗਿਆ ਹੈ ਕਿ ਐਡੀਲੇਡ ਦੇ ਤਾਰਿਕਜੋਤ ਸਿੰਘ ਨੇ ਆਪਣੀ ਸਾਬਕਾ ਪ੍ਰੇਮਿਕਾ ਵੱਲੋਂ ਉਸ ਨੂੰ ਠੁਕਰਾਏ ਬਾਅਦ ਉਸਨੂੰ ਜ਼ਿੰਦਾ ਦਫ਼ਨਾਇਆ ਸੀ। ਉਸ ਨੇ ਪਹਿਲਾਂ ਉਸਨੂੰ ਟੇਪ ਅਤੇ ਕੇਬਲ ਨਾਲ ਬੰਨਿਆ ਸੀ।
ਸਰਕਾਰੀ ਵਕੀਲ ਨੇ ਕੀ ਕਿਹਾ ?
ਏਬੀਸੀ ਨਿਊਜ਼ ਮੁਤਾਬਕ ਦੱਖਣੀ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਵਿੱਚ ਸਜ਼ਾ ਬਾਰੇ ਲਿਖਤੀ ਦਲੀਲ ਵਿੱਚ ਸਰਕਾਰੀ ਵਕੀਲ ਕਾਰਮੈਨ ਮੈਟੀਓ ਐੱਸਸੀ ਨੇ ਕਿਹਾ ਕਿ ਤਾਰਿਕਜੋਤ ਸਿੰਘ ਨੇ ਆਪਣੇ ਆਪ ਨੂੰ ਠੁਕਰਾਏ ਜਾਣ ਤੋਂ ਬਾਅਦ ਬਦਲਾ ਲੈਣ ਲਈ ਔਰਤ ਦਾ ਕਤਲ ਕੀਤਾ ਸੀ।
ਉਨ੍ਹਾਂ ਕਿਹਾ ਕਿ ਉਸਨੇ ਮਾਰਚ 2021 ਵਿੱਚ ਕੁੜੀ ਨੂੰ ਉਸਦੇ ਕੰਮ ਵਾਲੀ ਥਾਂ ਤੋਂ ਅਗਵਾ ਕਰਨ ਤੋਂ ਪਹਿਲਾਂ ਕਤਲ ਦੀ ਯੋਜਨਾ ਬਣਾਈ ਸੀ।
ਜਸਮੀਨ ਕੌਰ ਦੀ ਲਾਸ਼ ਐੱਸਏ ਦੇ ਮੱਧ-ਉੱਤਰ ਵਿੱਚ ਮੋਰਲਾਨਾ ਕ੍ਰੀਕ ਵਿੱਚ ਇੱਕ ਖੋਖਲੀ ਕਬਰ ਵਿੱਚ ਦੱਬੀ ਹੋਈ ਮਿਲੀ ਸੀ।
ਉਸ ਦੇ ਹੱਥ ਪਿੱਠ ਪਿੱਛੇ ਕੇਬਲ ਟਾਈ ਨਾਲ ਬੰਨੇ ਹੋਏ ਪਾਏ ਗਏ ਸਨ। ਉਸਦੇ ਪੈਰ ਟੇਪ ਅਤੇ ਕੇਬਲ ਨਾਲ ਬੰਨ੍ਹੇ ਹੋਏ ਸਨ।
ਅਦਾਲਤ ਨੂੰ ਦੱਸਿਆ ਗਿਆ ਕਿ ਇਸ ਗੱਲ ਦਾ ਸਬੂਤ ਸੀ ਕਿ ਉਸ ਨੂੰ ਜ਼ਿੰਦਾ ਦਫ਼ਨਾ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਕਤਲ ਦਾ ਕਬੂਲਨਾਮਾ ਤੇ ਸਜ਼ਾ
ਤਾਰਿਕਜੋਤ ਸਿੰਘ ਨੇ ਆਪਣੇ ਉਪਰ ਲੱਗੇ ਇਲਜ਼ਾਮਾਂ ਦੀ ਅਦਾਲਤ ਵਿੱਚ ਪੁੱਛਗਿੱਛ ਤੋਂ ਪਹਿਲਾਂ ਹੀ ਜ਼ੁਰਮ ਕਬੂਲ ਕਰ ਲਿਆ ਸੀ।
ਇਸ ਕਤਲ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਤਾਂ ਤੈਅ ਹੀ ਹੈ ਪਰ ਅਦਾਲਤ ਉਸ ਦੀ ਪੈਰੋਲ ’ਤੇ ਵੀ ਰੋਕ ਲਗਾ ਸਕਦੀ ਹੈ।
ਤਾਰਿਕਜੋਤ ਸਿੰਘ ਨੇ ਮਾਰਚ 2021 ਵਿੱਚ ਜਸਮੀਨ ਕੌਰ ਦੀ ਹੱਤਿਆ ਕਬੂਲ ਕਰ ਲਈ ਸੀ।
ਬੁੱਧਵਾਰ ਨੂੰ ਸਜ਼ਾ ਸੁਣਾਏ ਜਾਣ ਦੀ ਮੰਗ ਲਈ ਕੀਤੀ ਗਈ ਲਿਖਤੀ ਅਪੀਲ ਵਿੱਚ ਜੁਰਮ ਦੇ ਵੇਰਵਿਆਂ ਨੂੰ ਪੇਸ਼ ਕੀਤਾ ਗਿਆ।
ਸਰਕਾਰੀ ਵਕੀਲ ਕਾਰਮੇਨ ਮੈਟੀਓ ਐੱਸਸੀ ਨੇ ਕਿਹਾ ਕਿ ਜਮਸੀਨ ਕੌਰ ਨੂੰ 5 ਮਾਰਚ, 2021 ਨੂੰ ਐਡੀਲੇਡ ਤੋਂ ਕੰਮ ਵਾਲੀ ਥਾਂ ਤੋਂ ਤਾਰਿਕਜੋਤ ਨੇ ਅਗਵਾ ਕੀਤਾ ਸੀ।

ਅਸਟ੍ਰੇਲੀਆ ’ਚ ਪੰਜਾਬੀ ਦੇ ਕਤਲ ਬਾਰੇ ਖਾਸ ਪੱਖ
- 22 ਸਾਲਾ ਤਾਰਿਕਜੋਤ ਸਿੰਘ ਨੇ 21 ਸਾਲਾ ਨਰਸਿੰਗ ਵਿਦਿਆਰਥਣ ਜਸਮੀਨ ਕੌਰ ਦੇ ਕਤਲ ਦਾ ਦੋਸ਼ ਕਬੂਲ ਕਰ ਲਿਆ ਸੀ।
- ਮਾਰਚ 2021 ਵਿੱਚ ਉਸਨੂੰ ਉਸਦੇ ਕੰਮ ਵਾਲੀ ਥਾਂ ਤੋਂ ਅਗਵਾ ਕਰਨ ਤੋਂ ਪਹਿਲਾਂ ਕਤਲ ਦੀ ਯੋਜਨਾ ਬਣਾਈ ਸੀ।
- ਜਸਮੀਨ ਦੇ ਹੱਥ ਪਿੱਠ ਪਿੱਛੇ ਕੇਬਲ ਟਾਈ ਨਾਲ ਬੰਨੇ ਹੋਏ ਪਾਏ ਗਏ ਤੇ ਪੈਰ ਟੇਪ ਅਤੇ ਕੇਬਲ ਨਾਲ ਬੰਨ੍ਹੇ ਹੋਏ ਸਨ।
- ਜਸਮੀਨ ਨੂੰ ਜ਼ਿੰਦਾ ਦਫਨਾਇਆ ਗਿਆ ਸੀ

ਜਸਮੀਨ ਕੌਰ ਨੇ ਕੀ ਤਸ਼ੱਦਦ ਝੱਲਿਆ?
ਅਦਾਲਤ ਵਿੱਚ ਦੱਸਿਆ ਗਿਆ ਕਿ ਜਸਮੀਨ ਕੌਰ ਨੂੰ "ਅਸਾਧਾਰਨ ਪੱਧਰ ਦੀ ਬੇਰਹਿਮੀ" ਦਾ ਸਾਹਮਣਾ ਕਰਨਾ ਪਿਆ।
ਉਸਨੂੰ ਉਸਦੇ ਸਾਬਕਾ ਬੁਆਏਫ਼ਰੈਂਡ ਵੱਲੋਂ ਅਗਵਾ ਕੀਤਾ ਗਿਆ, ਟੇਪ ਅਤੇ ਕੇਬਲ ਨਾਲ ਬੰਨ੍ਹਿਆ ਅਤੇ ਜ਼ਿੰਦਾ ਦਫ਼ਨਾਇਆ ਗਿਆ ਸੀ।
ਵਕੀਲ ਨੇ ਕਿਹਾ ਤਾਰਿਕਜੋਤ ਨੇ ਉਸਦੇ ਗਲੇ ਦੇ ਉਪਰਲੇ ਹਿੱਸੇ ਨੂੰ ਕੱਟਿਆ, ਪਰ ਉਸ ਨਾਲ ਉਸਦੀ ਮੌਤ ਨਹੀਂ ਹੋਈ ਸੀ।
ਪੋਸਟਮਾਰਟਮ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਉਸ ਦੀ ਮੌਤ 6 ਮਾਰਚ, 2021 ਨੂੰ ਹੋਈ ਸੀ।
ਉਸ ਨੇ ਕਿਹਾ ਕਿ ਸਿੰਘ ਨੇ ਉਨ੍ਹਾਂ ਦਾ ਰਿਸ਼ਤਾ ਖਤਮ ਹੋਣ ਤੋਂ ਬਾਅਦ ਜਸਮੀਨ ਕੌਰ ਦੇ ਕਤਲ ਦੀ "ਠੰਢੀ ਅਤੇ ਕਲੀਨਿਕਲ ਯੋਜਨਾਬੰਦੀ" ਕੀਤੀ।
"ਇਹ ਪਤਾ ਨਹੀਂ ਹੈ ਕਿ ਉਸ ਦਾ ਗਲਾ ਕਦੋਂ ਕੱਟਿਆ ਗਿਆ ਸੀ। ਇਹ ਪਤਾ ਨਹੀਂ ਹੈ ਕਿ ਉਹ ਕਦੋਂ ਅਤੇ ਕਿਵੇਂ ਕਬਰ ਵਿੱਚ ਪਹੁੰਚੀ ਅਤੇ ਇਹ ਵੀ ਪਤਾ ਨਹੀਂ ਹੈ ਕਿ ਇਸ ਨੂੰ ਕਦੋਂ ਪੁੱਟਿਆ ਗਿਆ ਸੀ।
ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਇਹ ਉਸ ਸਮੇਂ ਹੋਇਆ ਸੀ ਜਦੋਂ ਉਹ ਹਾਲੇ ਜ਼ਿੰਦਾ ਸੀ ਅਤੇ ਉਸਨੂੰ ਦਫ਼ਨਾਉਣ ਦੀ ਤਿਆਰੀ ਸੀ।”
"[ਇਹ] ਇੱਕ ਕਤਲ ਸੀ, ਜੋ ਬਦਲਾ ਲੈਣ ਜਾਂ ਬਦਲੇ ਦੀ ਕਾਰਵਾਈ ਵਜੋਂ ਕੀਤਾ ਗਿਆ ਸੀ।"
ਕਤਲ ਤੋਂ ਪਹਿਲਾਂ ਪਿੱਛਾ ਕੀਤਾ ਗਿਆ
ਮੈਟੀਓ ਨੇ ਅਦਾਲਤ ਨੂੰ ਦੱਸਿਆ ਕਿ ਜਸਮੀਨ ਕੌਰ ਨੇ ਇੱਕ ਪੁਲਿਸ ਰਿਪੋਰਟ ਦਿੱਤੀ ਸੀ, ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ 9 ਫਰਵਰੀ ਨੂੰ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ। ਇਹ ਉਸਦੀ ਹੱਤਿਆ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਦੀ ਗੱਲ ਸੀ।
ਉਸਨੇ ਕਿਹਾ ਕਿ ਤਾਰਿਕਜੌਤ ਸਿੰਘ ਨੇ ਉਸ ਨੂੰ ਕਈ ਸੰਦੇਸ਼ ਲਿਖੇ ਸਨ।
ਉਹਨਾਂ ਵਿੱਚ ਲਿਖਿਆ ਸੀ ਕਿ: "ਤੁਹਾਡੀ ਮਾੜੀ ਕਿਸਮਤ ਕਿ ਮੈਂ ਅਜੇ ਵੀ ਜ਼ਿੰਦਾ ਹਾਂ, ਬੁਰਾ, ਉਡੀਕ ਕਰੋ ਤੇ ਦੇਖੋ...ਜਵਾਬ ਮਿਲੇਗਾ.. ਹਰ ਇੱਕ ਨੂੰ ਜਵਾਬ ਮਿਲੇਗਾ...”

ਤਸਵੀਰ ਸਰੋਤ, Getty Images
ਕਤਲ ਵਾਲੀ ਰਾਤ ਕਾਰਾਂ ਦੀ ਅਦਲਾ-ਬਦਲੀ
ਜਾਣਕਾਰੀ ਮੁਤਾਬਕ ਤਾਰਿਕਜੋਤ ਸਿੰਘ ਨੇ ਕਤਲ ਵਾਲੀ ਰਾਤ ਕਾਰਾਂ ਦੀ ਅਦਲਾ-ਬਦਲੀ ਕੀਤੀ ਸੀ।
ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਜਸਮੀਨ ਦੇ ਅਗਵਾ ਹੋਣ ਤੋਂ ਇੱਕ ਦਿਨ ਪਹਿਲਾਂ ਐਡੀਲੇਡ ਵਿੱਚ ਸੁਰੱਖਿਆ ਕੈਮਰਿਆਂ ਦਾ ਨਕਸ਼ਾ ਡਾਊਨਲੋਡ ਕੀਤਾ ਸੀ।
ਮੈਟੀਓ ਨੇ ਕਿਹਾ ਕਿ ਸੁਰੱਖਿਆ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਅਗਵਾ ਦੀ ਦੁਪਹਿਰ ਨੂੰ ਇੱਕ ਹਾਰਡਵੇਅਰ ਸਟੋਰ ਤੋਂ ਕੇਬਲ ਟਾਈਜ਼ ਦੀ ਖਰੀਦਦਾਰੀ ਕੀਤੀ ਸੀ।
ਉਹਨਾਂ ਕਿਹਾ ਕਿ ਮੁਲਜ਼ਮ ਨੇ ਆਪਣੇ ਫੋਨ ’ਚੋਂ ਸਿਮ ਕਾਰਡ ਵੀ ਕੱਢ ਦਿੱਤਾ ਸੀ। ਇਸਨੂੰ ਇੱਕ ਵੱਖਰੇ ਫੋਨ ਵਿੱਚ ਰੱਖਿਆ ਅਤੇ ਉਸ ਨੂੰ ਆਪਣੇ ਘਰ ਛੱਡ ਗਿਆ ਸੀ।
ਅਗਵਾ ਦੀ ਰਾਤ, ਤਾਰਿਕਜੋਤ ਸਿੰਘ ਨੇ ਆਪਣੀ ਕਾਰ ਆਪਣੇ ਫਲੈਟਮੇਟ ਦੀ ਕਾਰ ਨਾਲ ਬਦਲੀ ਅਤੇ ਉਸਨੂੰ ਆਪਣੀ ਸ਼ਿਫਟ ਵਿੱਚ ਕੰਮ ਕਰਨ ਲਈ ਕਿਹਾ ਸੀ।
ਜਦੋਂ 6 ਮਾਰਚ ਨੂੰ ਪੁਲਿਸ ਵੱਲੋਂ ਉਸ ਤੋਂ ਪਹਿਲੀ ਵਾਰ ਪੁੱਛਗਿੱਛ ਕੀਤੀ ਗਈ, ਤਾਂ ਉਸਨੇ ਕਿਹਾ ਕਿ ਉਸਨੂੰ ਯਾਦ ਨਹੀਂ ਹੈ ਕਿ ਉਸਨੇ ਜਸਮੀਨ ਕੌਰ ਨੂੰ ਆਖਰੀ ਵਾਰ ਕਦੋਂ ਦੇਖਿਆ ਸੀ ਪਰ ਦਾਅਵਾ ਦੀ ਰਾਤ ਘਰ ਹੀ ਸੀ।
ਇੱਕ ਦਿਨ ਬਾਅਦ, ਉਸ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਜਸਮੀਨ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਸਨੇ ਉਸਨੂੰ ਫਲਿੰਡਰ ਰੇਂਜ ਵਿੱਚ ਦਫ਼ਨਾ ਦਿੱਤਾ।
ਉਹ ਪੁਲਿਸ ਨੂੰ ਦਫ਼ਨਾਉਣ ਵਾਲੀ ਥਾਂ 'ਤੇ ਲੈ ਗਿਆ, ਜਿੱਥੇ ਅਧਿਕਾਰੀਆਂ ਨੂੰ ਇੱਕ ਕੂੜੇ ਵਿੱਚ ਉਸ ਦੇ ਜੁੱਤੇ, ਐਨਕਾਂ ਅਤੇ ਕੰਮ ਵਾਲੇ ਬੈਜ ਦੇ ਨਾਲ-ਨਾਲ ਕੇਬਲ ਬੰਧਨ ਮਿਲੇ।
ਤਾਰਿਕਜੋਤ ਦੇ ਵਕੀਲ ਮਾਰਟਿਨ ਐਂਡਰਸ ਨੇ ਕਿਹਾ ਕਿ ਕਤਲ ਤੋਂ ਦੋ ਮਹੀਨੇ ਪਹਿਲਾਂ, ਤਾਰਿਕਜੋਤ ਸਿੰਘ ਅਤੇ ਜਸਮੀਨ ਕੌਰ ਦੇ ਪਰਿਵਾਰਾਂ ਨੇ ਇੱਕ ਮੀਟਿੰਗ ਵੀ ਕੀਤੀ ਸੀ।
ਸ੍ਰੀ ਐਂਡਰਸ ਨੇ ਕਿਹਾ ਕਿ ਸਿੰਘ ਦੀ ਮਾਨਸਿਕ ਸਿਹਤ ਖ਼ਰਾਬ ਸੀ ਅਤੇ ਉਨ੍ਹਾਂ ਨੂੰ ਭਰਮ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ।
ਉਸ ਨੇ ਕਿਹਾ ਕਿ ਤਾਰਿਕਜੋਤ ਸਿੰਘ ਦਾ ਭਵਿੱਖ ਵਿੱਚ ਅਪਰਾਧ ਕਰਨ ਦਾ ਘੱਟ ਖਤਰਾ ਹੈ।
ਜਸਟਿਸ ਕਿੰਬਰ ਨੇ ਲਾਜ਼ਮੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਦੀ ਗੈਰ-ਪੈਰੋਲ ਮਿਆਦ ਅਗਲੇ ਮਹੀਨੇ ਤੈਅ ਕੀਤੀ ਜਾਵੇਗੀ।
ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ
ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਹੈ, 2016 ਦੀ ਜਨਗਣਨਾ ਰਿਪੋਰਟ ਮੁਤਾਬਕ 1,32,499 ਜਣਿਆ ਨੇ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਨੂੰ ਆਪਣੀ ਮਾਂ ਬੋਲੀ ਵਜੋਂ ਰਜਿਸਟਰ ਕਰਵਾਇਆ ਸੀ।
ਇਹ ਗਿਣਤੀ 2011 ਵਿੱਚ ਸਿਰਫ਼ 71,230 ਅਤੇ 2006 ਵਿੱਚ 26000 ਸੀ। ਸੋ ਜਨ ਗਣਨਾ ਦੇ ਅੰਕੜਿਆਂ ਮੁਤਾਬਕ ਪਿਛਲੇ 10 ਸਾਲ ਵਿੱਚ ਇਹ ਗਿਣਤੀ ਪੰਜ ਗੁਣਾ ਵਧ ਗਈ ਸੀ।
ਜੋਤੀ ਸੈਣੀ ਕਰੀਬ 15 ਪਹਿਲਾਂ ਸਟੱਡੀ ਵੀਜ਼ੇ ਉੱਤੇ ਆਸਟ੍ਰੇਲੀਆ ਆਈ ਸੀ ਅਤੇ ਹੁਣ ਉਹ ਆਪਣੇ ਪਤੀ ਤੇ ਬੱਚੇ ਨਾਲ ਪੱਕੇ ਤੌਰ ਉੱਤੇ ਇੱਥੇ ਹੀ ਵਸ ਗਈ ਹੈ।
ਉਹ ਦੱਸਦੀ ਹੈ ਕਿ ਇਹ ਵਾਧਾ ਪੰਜਾਬੀ ਨੌਜਵਾਨਾਂ ਦੇ ਸਟੱਡੀ ਵੀਜ਼ਾ ਉੱਤੇ ਮੁਲਕ ਵਿੱਚ ਵੱਡੀ ਗਿਣਤੀ ਵਿੱਚ ਆਉਣ ਨਾਲ ਹੋਇਆ ਹੈ।












