ਕੈਨੇਡਾ ਵਾਸੀ ਮੁਸਲਮਾਨ ਪਰਿਵਾਰ ਦੇ 4 ਜੀਆਂ ਕਤਲ ਵਿੱਚ ਦੋਸ਼ੀ ਕਰਾਰ

    • ਲੇਖਕ, ਨਾਦੀਨ ਯੂਸਫ਼
    • ਰੋਲ, ਬੀਬੀਸੀ ਪੱਤਰਕਾਰ

2021 ਵਿੱਚ ਕੈਨੇਡਾ ਦੇ ਇੱਕ ਨਾਗਰਿਕ ਵੱਲੋਂ ਲੰਡਨ, ਓਨਟਾਰੀਓ ਵਿੱਚ ਇੱਕ ਮੁਸਲਮਾਨ ਪਰਿਵਾਰ ਦਾ ਕਤਲ ਮਾਮਲੇ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 11 ਹਫ਼ਤਿਆਂ ਦੇ ਟ੍ਰਾਇਲ ਤੋਂ ਬਾਅਦ ਅਜਿਹਾ ਹੋਇਆ ਹੈ।

ਹਾਲਾਂਕਿ ਜਿਊਰੀ ਨੇ ਇਹ ਗੱਲ ਸਾਫ਼ ਨਹੀਂ ਕੀਤੀ ਹੈ ਕਿ 22 ਸਾਲ ਦੇ ਨੈਥੇਨੀਏਲ ਵੇਲਟਮੈਨ ਵੱਲੋਂ ਕਤਲ ਕੀਤੇ ਗਏ ਅਫ਼ਜ਼ਲ ਪਰਿਵਾਰ ਦੇ ਚਾਰ ਮੈਂਬਰਾਂ ਪਿੱਛੇ ਕਾਰਨ ਅੱਤਵਾਦ ਸੀ ਜਾਂ ਨਹੀਂ।

ਸਰਕਾਰੀ ਵਕੀਲਾਂ ਨੇ ਆਪਣੀ ਆਖ਼ਰੀ ਦਲੀਲ ਵਿੱਚ ਕਿਹਾ ਕਿ ਨੈਥੇਨੀਏਲ ਵੇਲਟਮੈਨ ਨੇ ‘ਇੱਕ ਬੇਰਹਿਮ ਸੁਨੇਹਾ’ ਦੇਣ ਦੀ ਯੋਜਨਾ ਬਣਾਈ ਸੀ।

ਵੇਲਟਮੈਨ ਖ਼ਿਲਾਫ਼ ਚਾਰ ਫ਼ਸਟ-ਡਿਗਰੀ ਕਤਲ ਦੇ ਇਲਜ਼ਾਮਾਂ ਦੇ ਨਾਲ-ਨਾਲ ਇੱਕ ਕਤਲ ਦੀ ਕੋਸ਼ਿਸ਼ ਕਰਨ ਦਾ ਮਾਮਲਾ ਵੀ ਦਰਜ ਹੈ।

ਇਸ ਦੇ ਨਾਲ ਹੀ ਉਸ ’ਤੇ ਅੱਤਵਾਦ ਦੇ ਇਲਜ਼ਾਮ ਲੱਗੇ ਸਨ। ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਨੈਥੇਨੀਏਲ ਨੇ ਪਰਿਵਾਰ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਰਕੇ ਨਿਸ਼ਾਨਾ ਬਣਾਇਆ।ਸੀ

ਕੀ ਸੀ ਮਾਮਲਾ

ਇਹ ਮਾਮਲਾ ਜੂਨ 2021 ਦਾ ਹੈ। ਜਿਸ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਇੱਕ ਵਾਹਨ ਹੇਠਾਂ ਦਰੜ ਕੇ ਕਤਲ ਕਰ ਦਿੱਤਾ ਗਿਆ ਸੀ।

ਬਚਾਅ ਪੱਖ ਅਤੇ ਸਰਕਾਰੀ ਵਕੀਲ ਦੋਵੇਂ ਇਸ ਗੱਲ ਨਾਲ ਸਹਿਮਤ ਹਨ ਕਿ ਵੇਲਟਮੈਨ 6 ਜੂਨ 2021 ਨੂੰ ਉਹ ਵਾਹਨ ਚਲਾ ਰਹੇ ਸਨ ਜਿਸ ਨੇ ਸੈਰ ਕਰ ਰਹੇ ਅਫ਼ਜ਼ਲ ਪਰਿਵਾਰ ਦੇ ਚਾਰ ਜੀਆਂ ਨੂੰ ਦਰੜ ਕੇ ਮਾਰ ਮੁਕਾਇਆ ਸੀ।

ਵੇਲਟਮੈਨ ਨੇ ਬਚਾਅ ਦੀ ਅਪੀਲ ਕਰਦਿਆਂ ਖ਼ੁਦ ਨੂੰ ਮਾਨਸਿਕ ਰੋਗ ਤੋਂ ਪੀੜਤ ਦੱਸਿਆ ਹੈ।

ਇਸ ਹਾਦਸੇ ਵਿੱਚ 46 ਸਾਲਾ ਅਫ਼ਜ਼ਲ, ਉਨ੍ਹਾਂ ਦੀ 44 ਸਾਲਾ ਪਤਨੀ ਮਦੀਹਾ ਸਲਮਾਨ, 15 ਸਾਲਾਂ ਦੀ ਧੀ ਯੁਮਨਾ ਅਫ਼ਜ਼ਲ ਅਤੇ 74 ਸਾਲਾਂ ਦੀ ਮਾਂ ਤਲਤ ਅਫਜ਼ਲ ਦੀ ਮੌਤ ਹੋ ਗਈ ਸੀ।

ਇਸ ਘਟਨਾ ਵਿੱਚ ਇੱਕ ਨੌਂ ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਹਾਲਾਂਕਿ ਉਸ ਦੀ ਜਾਨ ਬਚ ਗਈ ਸੀ।

ਗੋਰਿਆਂ ਦੀ ਕਥਿਤ ਸਰਵਉੱਚਤਾ ਦਾ ਮਾਮਲਾ

ਇਹ ਪਹਿਲਾ ਮਾਮਲਾ ਹੈ ਜਦੋਂ ਕੈਨੇਡਾ ਵਿੱਚ ਕਿਸੇ ਜਿਊਰੀ ਨੇ ਗੋਰਿਆਂ ਦੀ ਕਥਿਤ ਸਰਵਉੱਚਤਾ ਨਾਲ ਸਬੰਧਤ ਅੱਤਵਾਦ ਬਾਰੇ ਕਾਨੂੰਨੀ ਦਲੀਲਾਂ ਸੁਣੀਆਂ ਹਨ।

ਪੈਨਲ ਨੇ ਨਾ ਸਿਰਫ ਇਹ ਫ਼ੈਸਲਾ ਕਰਨਾ ਸੀ ਕਿ ਵੇਲਟਮੈਨ ਕਤਲ ਦੇ ਦੋਸ਼ੀ ਹਨ ਜਾਂ ਨਹੀਂ, ਪਰ ਇਹ ਵੀ ਦਰਸਾਉਣਾ ਸੀ ਕਿ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਅੱਤਵਾਦੀ ਗਤੀਵਿਧੀ ਵਜੋਂ ਦਰਸਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ।

ਪ੍ਰੌਸੀਕਿਊਟਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਤਲ ਇਰਾਦਤਨ ਕੀਤੇ ਗਏ ਸਨ ਅਤੇ ਸਿਆਸੀ, ਧਾਰਮਿਕ ਜਾਂ ਵਿਚਾਰਧਾਰਕ ਮਕਸਦ ਨਾਲ ਲੋਕਾਂ ਜਾਂ ਕਿਸੇ ਖ਼ਾਸ ਭਾਈਚਾਰੇ ਨੂੰ ਡਰਾਉਣ ਲਈ ਕੀਤੇ ਗਏ ਸਨ।

ਬੁੱਧਵਾਰ ਨੂੰ ਬਹਿਸ ਦੇ ਆਖਰੀ ਦਿਨ, ਸਰਕਾਰੀ ਵਕੀਲਾਂ ਨੇ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵੇਲਟਮੈਨ ਵੱਲੋਂ ਅਫ਼ਜ਼ਲ ਦੇ ਪਰਿਵਾਰ 'ਤੇ ਹਮਲਾ ਦੇਸ਼ ਦੇ ਮੂਲ ਵਾਸੀਆਂ ਦੀ ਰਾਸ਼ਟਰਵਾਦੀ ਵਿਚਾਰਧਾਰਾਵਾਂ ਤੋਂ ਪ੍ਰੇਰਿਤ ਸੀ।

ਕ੍ਰਾਊਨ ਦੇ ਵਕੀਲ ਫਰੇਜ਼ਰ ਬਾਲ ਨੇ ਜਿਊਰੀ ਨੂੰ ਦੱਸਿਆ ਕਿ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦੇਣ ਮੌਕੇ ਬਹੁਤ ਹੀ ‘ਕੱਟੜ’ ਰਵੱਈਆ ਅਖਤਿਆਰ ਕੀਤਾ ਸੀ। ਉਨੀਂ ਦਿਨੀਂ ਉਹ ਡਾਰਕ ਵੈੱਬ 'ਤੇ ‘ਬਹੁਤ ਜ਼ਿਆਦਾ ਨਸਲਵਾਦੀ’ ਸਮੱਗਰੀ ਦੇਖ ਰਿਹਾ ਸੀ।

ਬਾਲ ਨੇ ਅੱਗੇ ਕਿਹਾ ਕਿ ਵੇਲਟਮੈਨ ਨੇ ਮੁਸਲਮਾਨਾਂ ਲਈ ਆਪਣੀ ਨਫ਼ਰਤ ਦੀ ਰੂਪਰੇਖਾ ਦੇ ਪਿੱਛੇ ਇੱਕ ਦਸਤਾਵੇਜ਼ ਛੱਡਿਆ ਸੀ।

ਅਦਾਲਤ ਵਿੱਚ ਉਹ ਦਸਤਾਵੇਜ਼ ਵੀ ਪੇਸ਼ ਕੀਤਾ ਗਿਆ ਜਿਹੜਾ ਪੁਲਿਸ ਨੂੰ ਵੇਲਟਮੈਨ ਦੀ ਗ੍ਰਿਫ਼ਤਾਰੀ ਤੋਂ ਫ਼ੌਰਨ ਬਾਅਦ ਉਨ੍ਹਾਂ ਦੇ ਕੰਪਿਊਟਰ 'ਤੇ ਮਿਲਿਆ ਸੀ।

ਆਪਣੀਆਂ ਦਲੀਲਾਂ ਵਿੱਚ ਬੱਲ ਨੇ ਕਿਹਾ ਕਿ ਦੋਸ਼ੀ ਨੇ ਅਪ੍ਰੈਲ 2021 ਦੇ ਸ਼ੁਰੂ ਵਿੱਚ ਬਾਡੀ ਆਰਮਰ ਖਰੀਦਣ ਬਾਰੇ ਸੋਚਿਆ ਸੀ। ਹਮਲੇ ਵਾਲੇ ਦਿਨ ਵੀ ਉਨ੍ਹਾਂ ਨੇ ਆਪਣੇ ਅਪਾਰਟਮੈਂਟ ਨੂੰ ਛੱਡਣ ਤੋਂ ਪਹਿਲਾਂ ਨੇ ਇੱਕ ਸ਼ੂਟਰ ਗਰੁੱਪ ਦੀਆਂ ਲਿਖੀਆਂ ਸਮੱਗਰੀਆਂ ਨੂੰ ਇੱਕ ਵਾਰ ਮੁੜ ਪੜ੍ਹਿਆ ਸੀ।

ਬਾਲ ਨੇ ਦਲੀਲ ਦਿੱਤੀ ਕਿ ਉਸ ਦਿਨ ਵੇਲਟਮੈਨ ਦਾ ਮਕਸਦ ਕਤਲ ਕਰਨ ਨਾਲੋਂ ਕਿਤੇ ਵੱਡਾ ਸੀ।

ਉਨ੍ਹਾਂ ਕਿਹਾ ਕਿ, ਬੇਰਹਿਮੀ ਦਾ ਸੰਦੇਸ਼’ ਬਹੁਤ ਵੱਡੇ ਪੱਧਰ ’ਤੇ ਕਿਸੇ ਭਾਈਚਾਰੇ ਨੂੰ ਪਚੁੰਚਾਏ ਜਾਣ ਦਾ ਅਫ਼ਜ਼ਲ ਸਿਰਫ਼ ਮਾਧਿਅਮ ਬਣੇ ਸਨ।

ਬਚਾਅ ਪੱਖ ਦੀਆਂ ਦਲੀਲਾਂ

ਮੰਗਲਵਾਰ ਨੂੰ 13 ਵਿਅਕਤੀਆਂ ਦੀ ਜਿਊਰੀ ਨੇ ਵੇਲਟਮੈਨ ਦੇ ਵਕੀਲਾਂ ਦੀਆਂ ਅੰਤਮ ਦਲੀਲਾਂ ਸੁਣੀਆਂ। ਜਿਨ੍ਹਾਂ ਨੇ ਕਿਹਾ ਕਿ ਮੁਲਜ਼ਮ ਹਮਲੇ ਵਾਲੇ ਦਿਨ ਬਹੁਤ ਜ਼ਿਆਦਾ ਮਾਤਰਾ ਵਿੱਚ ‘ਜਾਦੂਈ ਖੁੰਭਾਂ’ ਦਾ ਸੇਵਨ ਕਰਨ ਤੋਂ ‘ਸੁਪਨੇ ਵਰਗੀ ਮਾਨਸਿਕ ਸਥਿਤੀ’ ਵਿੱਚ ਸੀ।

ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਵੇਲਟਮੈਨ ਮਾਨਸਿਕ ਰੋਗਾਂ ਤੋਂ ਪੀੜਤ ਸਨ। ਉਨ੍ਹਾਂ ਨੂੰ ਡਿਪਰੈਸ਼ਨ, ਚਿੰਤਾ ਅਤੇ ਪਰਸਨੈਲਿਟੀ ਵਿਗਾੜ ਹਨ। ਇਸ ਸਭ ਪਿੱਛੇ ਕਾਰਨ ਉਨ੍ਹਾਂ ਦਾ ਹੱਦੋਂ ਵੱਧ ਨਸ਼ੇ ਦੀ ਵਰਤੋਂ ਕਰਨਾ ਹੈ।

ਵੇਲਟਮੈਨ ਦੇ ਵਕੀਲ, ਕ੍ਰਿਸਟੋਫਰ ਹਿਕਸ ਨੇ ਉਸ ਸਮੇਂ ਆਪਣੇ ਮੁਵੱਕਿਲ ਦੀ ਮਾਨਸਿਕ ਸਥਿਤੀ ਨੂੰ ‘ਵਿਸਫੋਟ ਵੱਲ ਜਾਣ ਵਾਲੀ ਬੇਕਾਬੂ ਮਾਲ ਗੱਡੀ’ ਵਜੋਂ ਦਰਸਾਇਆ।

ਉਨ੍ਹਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਮੁਵੱਕਿਲ ਫ਼ਸਟ-ਡਿਗਰੀ ਕਤਲ ਦਾ ਦੋਸ਼ੀ ਨਹੀਂ ਹੈ।

ਵੇਲਟਮੈਨ ਨੇ ਕੀ ਕਿਹਾ

ਆਪਣੇ ਬਚਾਅ ਵਿੱਚ ਗਵਾਹੀ ਦਿੰਦਿਆਂ ਵੇਲਟਮੈਨ ਨੇ ਮੁਕੱਦਮੇ ਦੌਰਾਨ ਜਿਊਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਹਾਦਸੇ ਤੋਂ ਕਰੀਬ 40 ਘੰਟੇ ਪਹਿਲਾਂ ਜਾਦੂਈ ਮਸ਼ਰੂਮਜ਼ ਦਾ ਵੱਡੀ ਮਾਤਰਾ ਵਿੱਚ ਸੇਵਨ ਕੀਤਾ ਸੀ।

ਉਨ੍ਹਾਂ ਨੇ ਮੰਨਿਆ ਕਿ ਨਸ਼ੀਲਾ ਪਦਾਰਥ ਲੈਣ ਤੋਂ ਬਾਅਦ ਉਨ੍ਹਾਂ ਨੂੰ ਦੋ ਵਾਰ ਮੁਸਲਮਾਨਾਂ 'ਤੇ ਗੱਡੀ ਚੜਾਉਣ ਦਾ ਖਿਆਲ ਆਇਆ ਸੀ ਪਰ ਉਨ੍ਹਾਂ ਨੇ ਇਸ ਸੋਚ ਦਾ ਸਵੈ-ਵਿਰੋਧ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਫ਼ਿਰ ਕੁਝ ਸਮੇਂ ਬਾਅਦ ਜਦੋਂ ਉਹ ਕੁਝ ਖਾਣ ਲਈ ਘਰ ਤੋਂ ਬਾਹਰ ਗਏ ਤਾਂ ਉਨ੍ਹਾਂ ਨੇ ਇੱਕ ਮੁਸਲਮਾਨ ਪਰਿਵਾਰ ਨੂੰ ਜਾਂਦਿਆਂ ਦੇਖਿਆ ਤਾਂ ਉਹ ਆਪਣੀ ‘ਪ੍ਰਬਲ ਇੱਛਾ’ ਨੂੰ ਰੋਕ ਨਾ ਸਕੇ।

ਦੂਜੇ ਪਾਸੇ ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਵੇਲਟਮੈਨ, ਜੋ ਕਿ ਗ੍ਰਿਫਤਾਰੀ ਦੇ ਸਮੇਂ 20 ਸਾਲ ਦੇ ਸਨ ਨਫ਼ਰਤ ਅਤੇ ਕਥਿਤ ਗੋਰੇ ਰਾਸ਼ਟਰਵਾਦੀ ਵਿਚਾਰਾਂ ਤੋਂ ਪ੍ਰੇਰਿਤ ਸੀ।

ਉਨ੍ਹਾਂ ਨੇ ਕੁੱਲ 19 ਗਵਾਹਾਂ ਨੂੰ ਬੁਲਾਇਆ ਸੀ ਅਤੇ ਜਿਊਰੀ ਨੂੰ ਕਰੈਸ਼ ਦੀ ਵੀਡੀਓ ਦਿਖਾਈ ਸੀ।

ਵੀਡੀਓ ਵਿੱਚ, ਵੇਲਟਮੈਨ ਇੱਕ ਬੁਲੇਟ-ਪਰੂਫ ਜੈਕਟ ਪਹਿਨੀ ਅਤੇ ਇੱਕ ਆਰਮੀ ਹੈਲਮੇਟ ਪਹਿਨੇ ਨਜ਼ਰ ਆ ਰਹੇ ਸਨ।

ਘਟਨਾ ਤੋਂ ਬਾਅਦ ਪੁਲਿਸ ਨਾਲ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਆਪਣੀ ਪਛਾਣ ਇੱਕ ਗੋਰੇ ਰਾਸ਼ਟਰਵਾਦੀ ਵਜੋਂ ਦਿੱਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਪਰਿਵਾਰ ਨੂੰ ਮਾਰਿਆ ਹੈ ਕਿਉਂਕਿ ਉਹ ਮੁਸਲਮਾਨ ਸਨ।

ਜਿਊਰੀ ਨੂੰ ਇੱਕ ਆਡੀਓ ਵੀ ਸੁਣਾਈ ਗਈ। ਵੇਲਟਮੈਨ ਨੇ ਕਰੈਸ਼ ਤੋਂ ਬਾਅਦ 911 ’ਤੇ ਕਾਲ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ, "ਆਓ ਅਤੇ ਮੈਨੂੰ ਗ੍ਰਿਫ਼ਤਾਰ ਕਰੋ। ਮੈਂ ਇਹ ਕਿਸੇ ਮਕਸਦ ਨਾਲ ਕੀਤਾ ਹੈ।"

ਪਰ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਵੇਲਟਮੈਨ ਨੇ ਇਹ ਬਿਆਨ ਦਬਾਅ ਹੇਠ ਦਿੱਤੇ ਸਨ ਅਤੇ ਇਹ ਸਾਬਤ ਕਰਨਾ ਔਖਾ ਹੈ ਕਿ ਵੇਲਟਮੈਨ ਦੇ ਵੱਖ-ਵੱਖ ਮਾਨਸਿਕ ਵਿਗਾੜਾਂ ਕਾਰਨ ਹਾਦਸੇ ਵਾਲੇ ਦਿਨ ਉਨ੍ਹਾਂ ਦਾ ਇਰਾਦਾ ਇਸ ਪਰਿਵਾਰ ਨੂੰ ਮਾਰਨਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)