You’re viewing a text-only version of this website that uses less data. View the main version of the website including all images and videos.
ਜੇਕਰ ਤੁਸੀਂ ਪਲਾਸਟਿਕ ਦੀ ਬਣੀ ਸਟਰਾਅ ਦੀ ਵਰਤੋਂ ਕਰਦੇ ਹੋ ਤਾਂ ਇਹ ਜ਼ਰੂਰ ਪੜ੍ਹੋ
ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਬੰਦ ਕਰਨ ਸਬੰਧੀ ਦੁਨੀਆ ਭਰ ’ਚ ਕਈ ਮੁਹਿੰਮਾਂ ਵਿੱਢੀਆਂ ਗਈਆਂ ਹਨ।
ਪਲਾਸਟਿਕ ਵਾਤਾਵਰਨ ਲਈ ਇੱਕ ਸਰਾਪ ਦੀ ਤਰ੍ਹਾਂ ਹੈ ਜੋ ਨਾ ਸਿਰਫ਼ ਸਾਡੇ ਆਲੇ-ਦੁਆਲੇ ਨੂੰ, ਸਗੋਂ ਦੂਰ –ਦਰਾਡੇ ਦੇ ਖੇਤਰਾਂ, ਪਹਾੜਾਂ, ਨਦੀਆਂ ਅਤੇ ਸਮੁੰਦਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ।
‘ਦਿ ਸਾਇੰਸ ਜਰਨਲ’ ’ਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ 2040 ਤੱਕ ਪੂਰੀ ਦੁਨੀਆ ’ਚ ਤਕਰੀਬਨ 1.3 ਅਰਬ ਟਨ ਪਲਾਸਟਿਕ ਜਮ੍ਹਾਂ ਹੋ ਜਾਵੇਗਾ। ਇਕੱਲੇ ਭਾਰਤ ’ਚ ਹੀ ਹਰ ਸਾਲ 33 ਲੱਖ ਟਨ ਤੋਂ ਵੀ ਵੱਧ ਪਲਾਸਟਿਕ ਪੈਦਾ ਹੁੰਦਾ ਹੈ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸਸੀ) ਅਤੇ ਪ੍ਰੈਕਸਿਸ ਗਲੋਬਲ ਅਲਾਇੰਸ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਭਾਰਤ ਹਰ ਸਾਲ ਲਗਭਗ 34 ਲੱਖ ਟਨ ਯਾਨੀ 340 ਕਰੋੜ ਕਿਲੋ ਪਲਾਸਟਿਕ ਕੂੜਾ ਪੈਦਾ ਕਰਦਾ ਹੈ ਅਤੇ ਇਸ ਦੇ ਸਿਰਫ਼ 30 ਫ਼ੀਸਦ ਹਿੱਸੇ ਨੂੰ ਹੀ ਰੀਸਾਈਕਲ ਕੀਤਾ ਜਾਂਦਾ ਹੈ।
ਇਸ ਰਿਪੋਰਟ ਮੁਤਾਬਕ ਦੇਸ਼ ’ਚ ਪਲਾਸਟਿਕ ਦੀ ਖਪਤ ਪਿਛਲੇ 5 ਸਾਲਾਂ ਦੌਰਾਨ ਬਹੁਤ ਹੀ ਤੇਜ਼ੀ ਨਾਲ ਵਧੀ ਹੈ।
ਪਲਾਸਟਿਕ ’ਤੇ ਮਨੁੱਖ ਦੀ ਨਿਰਭਰਤਾ ਇਸ ਹੱਦ ਤੱਕ ਵੱਧ ਗਈ ਹੈ ਕਿ ਧਰਤੀ ’ਤੇ ਇਸ ‘ਸਫ਼ੇਦ/ਚਿੱਟੇ ਪ੍ਰਦੂਸ਼ਣ’ ਦੇ ਢੇਰ ਲੱਗਦੇ ਹੀ ਜਾ ਰਹੇ ਹਨ।
ਸਿੰਗਲ ਯੂਜ਼ ਪਲਾਸਟਿਕ 300 ਸਾਲ ਤੱਕ ਵਾਤਾਵਰਣ ’ਚ ਰਹਿੰਦਾ ਹੈ
ਸਿੰਗਲ ਯੂਜ਼ ਪਲਾਸਟਿਕ ਭਾਵ ਇੱਕ ਵਾਰ ਹੀ ਵਰਤੋਂ ’ਚ ਆਉਣ ਵਾਲਾ ਪਲਾਸਟਿਕ 300 ਸਾਲ ਤੱਕ ਵਾਤਾਵਰਨ ’ਚ ਮੌਜੂਦ ਰਹਿੰਦਾ ਹੈ।
ਇਕ ਅੰਦਾਜ਼ੇ ਅਨੁਸਾਰ ਅਮਰੀਕਾ ’ਚ ਰੋਜ਼ਾਨਾ ਵਰਤੀ ਜਾਣ ਵਾਲੀ ਡਰਿੰਕਿੰਗ ਸਟਰਾਅ ਦੀ ਗਿਣਤੀ 500 ਮਿਲੀਅਨ ਹੈ।
ਹਾਲਾਂਕਿ ਇਸ ਅੰਕੜੇ ਦੀ ਪੁਸ਼ਟੀ ਵਿਵਾਦਾਂ ਦੇ ਘੇਰੇ ’ਚ ਰਹੀ ਹੈ ਅਤੇ ਅਸਲ ਅੰਕੜੇ ਇਸ ਤੋਂ ਅੱਧੇ ਹੋ ਸਕਦੇ ਹਨ।
ਪਰ ਇਹ ਬਿਲਕੁੱਲ ਸਹੀ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਡਿਸਪੋਜ਼ੇਬਲ ਡਰਿੰਕਿੰਗ ਸਟਰਾਅ ’ਤੇ ਸਾਲਾਨਾ ਖਰਚ ਕੀਤੀ ਜਾਣ ਵਾਲੀ ਰਕਮ ’ਚ ਹਰ ਸਾਲ ਇਜ਼ਾਫ਼ਾ ਦਰਜ ਹੋ ਰਿਹਾ ਹੈ।
ਇਨ੍ਹਾਂ ’ਚੋਂ ਜ਼ਿਆਦਾਤਰ ਸਟਰਾਅ ਨੂੰ ਵਰਤਣ ਤੋਂ ਬਾਅਦ ਕੂੜੇ ’ਚ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ।
ਸਿੰਗਲ ਯੂਜ਼ ਪਲਾਸਟਿਕ ਨੂੰ ਵਾਤਾਵਰਨ ’ਚ ਪੂਰੀ ਤਰ੍ਹਾਂ ਨਾਲ ਖਤਮ ਹੋਣ ਲਈ 300 ਸਾਲ ਤੱਕ ਦਾ ਸਮਾਂ ਲੱਗਦਾ ਹੈ।
ਸਟਰਾਅ ਵਰਗੇ ਸਿੰਗਲ ਯੂਜ਼ ਪਲਾਸਟਿਕ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਲੰਮੇ ਸਮੇਂ ਤੋਂ ਪੂਰੀ ਦੁਨੀਆ ’ਚ ਇਸ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ।
ਭਾਰਤ ’ਚ ਜਿੱਥੇ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਦੇ ਵਿਰੁੱਧ ਇੱਕ ਮੁਹਿੰਮ ਵਿੱਢੀ ਗਈ ਹੈ, ਉੱਥੇ ਹੀ ਦੁਨੀਆ ਭਰ ’ਚ ਲੱਖਾਂ ਦੀ ਗਿਣਤੀ ’ਚ ਲੋਕ ਅਜਿਹੀ ਮੁਹਿੰਮ ਨਾਲ ਜੁੜੇ ਹਨ ਜੋ ਕਿ ਪਲਾਸਟਿਕ ਦੀ ਵਰਤੋਂ ਦਾ ਵਿਰੋਧ ਕਰਦੀ ਹੈ ਅਤੇ ਇਨ੍ਹਾਂ ’ਚੋਂ ਹੀ ਇੱਕ ਹੈ ਪਲਾਸਟਿਕ ਦੇ ਸਟਰਾਅ ਦਾ ਵਿਰੋਧ।
ਪਲਾਸਟਿਕ ਦੀ ਸਟਰਾਅ ਦੇ ਵਿਰੋਧ ਦੇ ਲਈ ਮਾਈਲੋ ਕ੍ਰੇਸੋ ਨੂੰ ਵੀ ਇਸ ਦਾ ਕੁਝ ਸਿਹਰਾ ਦਿੱਤਾ ਜਾ ਸਕਦਾ ਹੈ।
9 ਸਾਲ ਦੀ ਉਮਰ ’ਚ ਹੀ ਉਨ੍ਹਾਂ ਨੇ ‘ਬੀ ਸਟਰਾਅ ਫ੍ਰੀ’ ਮੁਹਿੰਮ ਦਾ ਆਗਾਜ਼ ਕੀਤਾ, ਜਿਸ ਦੇ ਕਾਰਨ ਹੀ ਸਟਾਰਬਕਸ ਅਤੇ ਮੈਕਡੋਨਲਡ ਵਰਗੀਆਂ ਕੰਪਨੀਆਂ ਨੇ ਪਲਾਸਟਿਕ ਸਟਰਾਅ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ।
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਕੇ ਹੀ ਅੱਜ ਕੱਲ੍ਹ ਬਜ਼ਾਰ ’ਚ ਕਾਗਜ਼, ਧਾਤ, ਕੱਚ ਅਤੇ ਪੌਦੇ ’ਤੇ ਅਧਾਰਿਤ ਸਟਰਾਅ ਵੱਡੀ ਮਾਤਰਾ ’ਚ ਵੇਖਣ ਨੂੰ ਮਿਲ ਰਹੀਆਂ ਹਨ। ਪਰ ਕੀ ਇਨ੍ਹਾਂ ਸਾਰੇ ਵਿਕਲਪਾਂ ’ਚੋਂ ਕਿਸੇ ਇੱਕ ਦੀ ਚੋਣ ਕਰਨਾ ਆਸਾਨ ਹੈ ਅਤੇ ਕੀ ਇਹ ਸੱਚੀਂ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਹਨ ?
ਕੀ ਕਹਿਣਾ ਹੈ ਖੋਜ ਦਾ ?
ਹਾਲ ਹੀ ’ਚ ਹੋਈ ਇੱਕ ਖੋਜ ਨੇ ਕਾਗਜ਼ ਨਾਲ ਬਣੀ ਸਟਰਾਅ ਨਾਲ ਜੁੜੇ ਇੱਕ ਹੋਰ ਪਹਿਲੂ ਵੱਲ ਧਿਆਨ ਖਿੱਚਿਆ ਹੈ।
ਬੈਲਜੀਅਮ ਦੀ ਐਂਟਵਰਪ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਾਗਜ਼ ਨਾਲ ਬਣੀਆਂ ਸਟਰਾਅ ’ਤੇ ਇਹ ਖੋਜ ਕੀਤੀ ਅਤੇ ਵੇਖਿਆ ਕਿ ਇਸ ’ਚ ਪਲਾਸਟਿਕ ਦੀ ਤੁਲਨਾ ’ਚ ਜ਼ਿਆਦਾ ਪੌਲੀਫ਼ਲੋਰੋ ਐਲਕਾਈਲ ਪਦਾਰਥ ਭਾਵ ਪੀਐਫ਼ਏਐਸ ਹੁੰਦਾ ਹੈ।
ਪੀਐਫ਼ਏਐਸ ਉਹ ਪਦਾਰਥ ਹਨ ਜੋ ਕਿ ਜਲਦੀ ਕਿਤੇ ਟੁੱਟਦੇ ਨਹੀਂ ਹਨ ਅਤੇ ਸਾਡੇ ਵਾਤਾਵਰਨ, ਮੀਂਹ ਦੇ ਪਾਣੀ ਅਤੇ ਮਿੱਟੀ ’ਚ ਲੰਮੇ ਸਮੇਂ ਤੱਕ ਮੌਜੂਦ ਰਹਿੰਦੇ ਹਨ। ਇਸ ਲਈ ਇਨ੍ਹਾਂ ਨੂੰ ਫਾਰਐਵਰ ਕੈਮੀਕਲ ਭਾਵ ਸਦਾਬਹਾਰ ਰਸਾਇਣ ਵੀ ਕਿਹਾ ਜਾਂਦਾ ਹੈ।
ਪੀਐਫ਼ਏਐਸ ਦਹਾਕਿਆ ਤੱਕ ਵਾਤਾਵਰਨ ’ਚ ਆਪਣੀ ਮੌਜੂਦਗੀ ਨੂੰ ਕਾਇਮ ਰੱਖਦੇ ਹਨ ਅਤੇ ਇਹ ਪਾਣੀ ਨੂੰ ਗੰਦਾ ਕਰਨ ਦੇ ਨਾਲ-ਨਾਲ ਮਨੁੱਖੀ ਸਰੀਰ ’ਚ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦੇ ਹਨ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪੇਪਰ ਅਤੇ ਬਾਂਸ ਦੀ ਵਰਤੋਂ ਕਰਕੇ ਬਣੇ ਸਟਰਾਅ ’ਚ ਵੀ ਪੀਐਫ਼ਏਐਸ ਦੀ ਚੰਗੀ ਮਾਤਰਾ ਪਾਈ ਗਈ ਹੈ, ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਪਲਾਸਟਿਕ ਦੇ ਮੁਕਾਬਲੇ ਵਧੀਆ ਵਿਕਲਪ ਹੋਣ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ’ਚ ਮੌਜੂਦ ਫਾਰਐਵਰ ਕੈਮੀਕਲ ਦੀ ਜ਼ਿਆਦਾ ਮਾਤਰਾ ਯਕਨੀਨ ਤੌਰ ’ਤੇ ਸਵਾਲ ਖੜ੍ਹੀ ਕਰਦੀ ਹੈ ਕਿ ਉਹ ਵਾਤਾਵਰਨ ਲਈ ਕਿੰਨੇ ਕੁ ਅਨੁਕੂਲ ਹਨ।
ਪਲਾਸਟਿਕ ਸਟਰਾਅ ਦਾ ਵਿਰੋਧ ਕਿਉਂ ਹੋ ਰਿਹਾ ਹੈ ?
ਜੇਕਰ ਪਲਾਸਟਿਕ ਦੀ ਸਟਰਾਅ ਨਾਲ ਵਾਤਾਵਰਨ ਨੂੰ ਘੱਟ ਖ਼ਤਰਾ ਹੈ ਤਾਂ ਫਿਰ ਕਿਉਂ ਦੁਨੀਆ ਭਰ ’ਚ ਉਸ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ?
ਵਰਲਡ ਵਾਈਲਡ ਲਾਈਫ਼ ਫੰਡ ’ਚ ਪਲਾਸਟਿਕ ਰਹਿੰਦ ਖੁਹੰਦ ਅਤੇ ਕਾਰੋਬਾਰ ਦੇ ਉਪ ਪ੍ਰਧਾਨ ਏਰਿਨ ਸਾਈਮਨ ਨੇ ਬੀਬੀਸੀ ਦੀ ਪੱਤਰਕਾਰ ਏਲੀ ਹਿਰਸ਼ਲਾਗ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਇਹ ਉਨ੍ਹਾਂ ਵੀ ਸਿੱਧਾ ਮਸਲਾ ਨਹੀਂ ਹੈ ਕਿਉਂਕਿ ਇਹ ਸਿਰਫ਼ ਪਲਾਸਟਿਕ ਸਟਰਾਅ ਦੀ ਗੱਲ ਨਹੀਂ ਹੈ। ਪਲਾਸਟਿਕ ਪ੍ਰਦੂਸ਼ਣ ਇੱਕ ਵੱਡਾ ਆਲਮੀ ਸੰਕਟ ਹੈ ਅਤੇ ਇਸ ਦਾ ਹੱਲ ਸਿਰਫ਼ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਹਰ ਕੋਈ ਆਪਣੀ ਭੂਮਿਕਾ ਨੂੰ ਸਮਝੇ ਅਤੇ ਨਿਭਾਵੇ।”
ਅਕਸ਼ਰ ਫਾਊਂਡੇਸ਼ਨ ਦੀ ਵਾਤਾਵਰਨ ਪ੍ਰੇਮੀ ਪਰਮਿਤਾ ਸਰਮਾ ਸੰਯੁਕਤ ਰਾਸ਼ਟਰ ਵਾਤਾਵਰਨ ਸੰਮੇਲਨ ’ਚ ‘ਪਲਾਸਟਿਕ ਵੇਸਟ ਨੂੰ ਕਿਵੇਂ ਰੀਸਾਈਕਲ ਕੀਤਾ ਜਾਵੇ’ ਵਿਸ਼ੇ ’ਤੇ ਪੇਸ਼ਕਾਰੀ ਦੇ ਚੁੱਕੇ ਹਨ।
ਬੀਬੀਸੀ ਹਿੰਦੀ ਦੀ ਸਹਿਯੋਗੀ ਅੰਜਲੀ ਦਾਸ ਨਾਲ ਗੱਲਬਾਤ ਕਰਦਿਆਂ ਪਰਮਿਤਾ ਸਰਮਾ ਦੱਸਦੇ ਹਨ, “ਪਲਾਸਟਿਕ ਤਾਂ ਹਰ ਰੂਪ ’ਚ ਸਾਡੇ ਲਈ ਹਾਨੀਕਾਰਕ ਹੈ, ਪਰ ਇਸ ਦੇ ਕੁਝ ਫਾਇਦੇ ਵੀ ਹਨ। ਅਸੀਂ ਦੂਰ-ਦਰਾਡੇ ਦੇ ਇਲਾਕਿਆਂ ’ਚ ਇਸ ਦੇ ਜ਼ਰੀਏ ਹੀ ਭੋਜਨ ਖਰਾਬ ਕੀਤੇ ਬਿਨ੍ਹਾਂ ਭੇਜ ਸਕਦੇ ਹਾਂ। ਇਸ ਦੇ ਕਾਰਨ ਹੀ ਗਰੀਬ ਲੋਕਾਂ ਨੂੰ ਖਾਣਯੋਗ ਭੋਜਨ ਉਪਲਬਧ ਹੁੰਦਾ ਹੈ।”
ਹਾਲਾਂਕਿ ਪਰਮਿਤਾ ਸਰਮਾ ਦਾ ਇਹ ਵੀ ਕਹਿਣਾ ਹੈ ਕਿ , “ਸਾਨੂੰ ਸਿਰਫ ਰੀਸਾਈਕਲ ਹੋ ਜਾਣ ਵਾਲੇ ਪਲਾਸਟਿਕ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।”
“ਲੋਕਾਂ ਨੂੰ ਪਲਾਸਟਿਕ ਦੀ ਸਮੱਸਿਆ ਦਾ ਹੱਲ ਲੱਭਣ ਲਈ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਸਿਰਫ਼ ਰੀਸਾਈਕਲ ਕੀਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਹੀ ਖਰਦੀਣੀਆਂ ਚਾਹੀਦੀਆਂ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਸਮਝੋ ਅਤੇ ਹੋਰਨਾਂ ਲੋਕਾਂ ਨੂੰ ਵੀ ਸਮਝਾਓ ਅਤੇ ਨਾਲ ਹੀ ਉਨ੍ਹਾਂ ਦਾ ਪਾਲਣ ਵੀ ਕਰੋ।”
ਉਨ੍ਹਾਂ ਮੁਤਾਬਕ, “ਇਸ ਦੇ ਲਈ ਸਕੂਲਾਂ ਅਤੇ ਕਾਲਜਾਂ ’ਚ ਪਲਾਸਟਿਕ ਦੀ ਸਮੱਸਿਆ ਬਾਰੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਦੇ ਵੱਖ-ਵੱਖ ਵਰਗਾਂ ’ਚ ਇਸ ਬਾਰੇ ਆਮ ਲੋਕਾਂ ’ਚ ਸਮਝ ਪੈਦਾ ਕਰਨ ’ਚ ਸਹਿਯੋਗ ਦੇਣ।”
“ਜੇਕਰ ਅਸੀਂ ਰੀਸਾਈਕਲ ਦੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਂਦੇ ਹਾਂ ਤਾਂ ਅਸੀਂ ਪਲਾਸਟਿਕ ਦੀ ਸਮੱਸਿਆ ਦਾ ਪ੍ਰਬੰਧਨ ਕਰਨ ਦੇ ਯੋਗ ਹੋ ਜਾਵਾਂਗੇ। ਵਿਕਸਿਤ ਦੇਸ਼ ਆਪਣੇ ਉੱਥੇ ਪਲਾਸਟਿਕ ਨੂੰ ਰੀਸਾਈਕਲ ਕਰਦੇ ਰਹੇ ਹਨ ਅਤੇ ਉਹ ਹੁਣ ਉਸ ਤੋਂ ਆਮਦਨ ਵੀ ਕਮਾ ਰਹੇ ਹਨ।”
ਪਲਾਸਟਿਕ ਵੇਸਟ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਨੇ ਆਪਣੇ ਗਲੋਬਲ ਪਲਾਸਟਿਕ ਆਉਟਲੁੱਕ ’ਚ ਅੰਦਾਜ਼ਾ ਲਗਾਇਆ ਹੈ ਕਿ ਪੂਰੀ ਦੁਨੀਆ ’ਚ ਤਕਰੀਬਨ 380 ਮਿਲੀਅਨ ਟਨ ਪਲਾਸਟਿਕ ਵੇਸਟ ਹਰ ਸਾਲ ਪੈਦਾ ਹੁੰਦਾ ਹੈ।
ਇਹ ਸੱਚ ਹੈ ਕਿ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਸੌਖਾ ਨਹੀਂ ਹੈ, ਪਰ ਜੇਕਰ ਇਸ ਸਬੰਧੀ ਗੰਭੀਰਤਾ ਨਾਲ ਕਦਮ ਚੁੱਕੇ ਜਾਣ ਅਤੇ ਇਸ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਤਾਂ ਅਸੀਂ ਆਪਣੇ ਜੀਵਨ ਦੇ ਨਾਲ-ਨਾਲ ਦੂਜਿਆਂ ਦੇ ਜੀਵਨ ’ਚ ਵੀ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਾਂ।
ਇਸ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ।
ਭਾਰਤ ’ਚ ਪੈਦਾ ਹੋਣ ਵਾਲੇ ਪਲਾਸਟਿਕ ਵੇਸਟ ’ਚ 43ਫ਼ੀਸਦ ਸਿੰਗਲ ਯੂਜ਼ ਵੇਸਟ ਹੈ। ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਜੁਲਾਈ 2022 ’ਚ ਭਾਰਤ ’ਚ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾ ਦਿੱਤੀ ਸੀ।
ਸਟਰਾਅ ਦੇ ਨਾਲ-ਨਾਲ ਗੁਟਖਾ, ਸ਼ੈਪੂ ਦੇ ਪਾਊਚ, ਲਿਫ਼ਾਫ਼ੇ, ਛੋਟੀਆਂ ਬੋਤਲਾਂ, ਪਲਾਸਟਿਕ ਦੇ ਗਲਾਸ ਅਤੇ ਕਟਲਰੀ ਦੀਆਂ ਕਈ ਛੋਟੀਆਂ ਚੀਜ਼ਾਂ ਆਦਿ ਉਹ ਪਲਾਸਟਿਕ ਉਤਪਾਦ ਹਨ, ਜਿਨ੍ਹਾਂ ਦੀ ਮੁੜ ਵਰਤੋਂ ਨਹੀਂ ਹੁੰਦੀ ਹੈ ਅਤੇ ਇਹ ਪਲਾਸਟਿਕ ਪ੍ਰਦੂਸ਼ਣ ਦੇ ਵੱਡੇ ਤੇ ਅਹਿਮ ਕਾਰਨਾਂ ’ਚੋਂ ਇੱਕ ਹਨ।
ਜੇਕਰ ਅਸੀਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਨਾ ਕਰੀਏ ਅਤੇ ਬਾਜ਼ਾਰ ਤੋਂ ਇਨ੍ਹਾਂ ਨੂੰ ਨਾ ਖਰੀਦੀਏ ਤਾਂ ਯਕੀਨਨ ਹੀ ਇਸ ਦੇ ਲਾਭ ਵੇਖਣ ਨੂੰ ਮਿਲੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਹੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ।
ਅਸੀਂ ਗੱਲ ਤੋਂ ਜਾਣੂ ਹਾਂ ਕਿ ਭਾਰਤ ’ਚ ਹਰ ਸਾਲ ਵੱਡੀ ਮਾਤਰਾ ’ਚ ਪਲਾਸਟਿਕ ਵੇਸਟ ਪੈਦਾ ਹੁੰਦਾ ਹੈ, ਪਰ ਇਹ ਦੁਨੀਆ ਭਰ ਦੇ ਉਨ੍ਹਾਂ ਦੇਸ਼ਾਂ ਨਾਲੋਂ ਅੱਗੇ ਹੈ ਜੋ ਕਿ ਰੀਸਾਈਕਲ ਕੀਤੇ ਪਲਾਸਟਿਕ ਵੇਸਟ ਦੀ ਸਾਰਥਕ ਵਰਤੋਂ ਕਰ ਰਿਹਾ ਹੈ।
ਇਸ ਦੀ ਸ਼ੁਰੂਆਤ ਸਾਲ 2000 ’ਚ ਹੀ ਹੋ ਗਈ ਸੀ, ਜਦੋਂ ਭਾਰਤ ’ਚ ਸੜਕ ਨਿਰਮਾਣ ਤਕਨੀਕ ’ਚ ਪਲਾਸਟਿਕ-ਤਾਰ ਭਾਵ ਪਲਾਸਟਿਕ ਅਤੇ ਲੁੱਕ ਦੀ ਵਰਤੋਂ ਕੀਤੀ ਜਾਣ ਲੱਗੀ।
ਦਿੱਲੀ ਤੋਂ ਮੇਰਠ ਤੱਕ ਦੇ ਰਸਤੇ ’ਚ ਪਲਾਸਟਿਕ-ਤਾਰ ਦੀ ਵਰਤੋਂ ਕੀਤੀ ਗਈ ਹੈ। ਅਜਿਹੇ ਹੀ ਕਈ ਛੋਟੇ-ਛੋਟੇ ਉਪਾਵਾਂ ਨਾਲ ਪਲਾਸਟਿਕ ਵੇਸਟ ਪ੍ਰਬੰਧਨ ਕਰਨ ਦੀ ਦਿਸ਼ਾ ’ਚ ਸਾਰਥਕ ਕਦਮ ਚੁੱਕੇ ਜਾ ਸਕਦੇ ਹਨ।