ਸੀਪੀ ਰਾਧਾਕ੍ਰਿਸ਼ਨਨ ਬਣੇ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ, ਆਰਐੱਸਐੱਸ ਦੇ ਮੈਂਬਰ ਰਹੇ ਰਾਧਾਕ੍ਰਿਸ਼ਨਨ ਕਿਵੇਂ ਵੱਡੇ ਅਹੁਦੇ ਤੱਕ ਪਹੁੰਚੇ

ਤਸਵੀਰ ਸਰੋਤ, BJP Gujarat/X
ਸੀਪੀ ਰਾਧਾਕ੍ਰਿਸ਼ਨਨ ਨੇ ਦੇਸ਼ ਦੇ 15ਵੇਂ ਉੱਪ ਰਾਸ਼ਟਰਪਤੀ ਬਣ ਗਏ ਹਨ, ਉਨ੍ਹਾਂ ਨੇ 12 ਸਤੰਬਰ ਨੂੰ ਅਹੁਦੇ ਦੀ ਸਹੁੰ ਚੁੱਕ ਲਈ ਹੈ।
ਮੰਗਲਵਾਰ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਉਨ੍ਹਾਂ ਦੇ ਹੱਕ ਵਿੱਚ ਕੁੱਲ 452 ਵੋਟਾਂ ਪਈਆਂ।
ਉਪ ਰਾਸ਼ਟਰਪਤੀ ਚੋਣ ਲਈ ਚੋਣ ਅਧਿਕਾਰੀ ਪੀਸੀ ਮੋਦੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਈ।
ਉਨ੍ਹਾਂ ਕਿਹਾ ਕਿ ਕੁੱਲ 767 ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਚੋਣ ਲਈ ਵੋਟ ਪਾਈ। ਇਨ੍ਹਾਂ ਵਿੱਚੋਂ 752 ਨੂੰ ਵੈਧ ਅਤੇ ਬਾਕੀ 15 ਨੂੰ ਅਵੈਧ ਘੋਸ਼ਿਤ ਕਰ ਦਿੱਤਾ ਗਿਆ।
ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ ਸੁਦਰਸ਼ਨ ਰੈੱਡੀ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੁਣੌਤੀ ਦੇ ਰਹੇ ਸਨ।
ਹਾਲਾਂਕਿ, ਗਿਣਤੀ ਐਨਡੀਏ ਦੇ ਹੱਕ ਵਿੱਚ ਹੋਣ ਕਾਰਨ, ਸੀਪੀ ਰਾਧਾਕ੍ਰਿਸ਼ਨਨ ਦੀ ਜਿੱਤ ਪਹਿਲਾਂ ਹੀ ਯਕੀਨੀ ਮੰਨੀ ਜਾ ਰਹੀ ਸੀ। ਪਰ ਇਹ ਵੀ ਅਟਕਲਾਂ ਸਨ ਕਿ ਕਰਾਸ ਵੋਟਿੰਗ ਹੋ ਸਕਦੀ ਹੈ।
ਬੀ ਸੁਦਰਸ਼ਨ ਰੈਡੀ ਨੂੰ ਫਰਸਟ ਪ੍ਰੈਫਰੈਂਸ ਦੀਆਂ 300 ਵੋਟਾਂ ਮਿਲੀਆਂ ਅਤੇ ਸੀਪੀ ਰਾਧਾਕ੍ਰਿਸ਼ਨਨ ਨੂੰ 452 ਵੋਟਾਂ ਮਿਲੀਆਂ।

ਤਸਵੀਰ ਸਰੋਤ, Getty Images
ਪੀਸੀ ਮੋਦੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਚੋਣ ਦੇ ਨਿਯਮਾਂ ਅਨੁਸਾਰ, ਸੀਪੀ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ ਹੈ।
ਪੀਸੀ ਮੋਦੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਚੋਣ ਲਈ ਕੁੱਲ 98.2 ਫੀਸਦੀ ਵੋਟਿੰਗ ਹੋਈ।
ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨਡੀਏ) ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ-ਰਾਸ਼ਟਰਪਤੀ ਚੋਣ ਲਈ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਸੀ। ਜਦਕਿ ਦੂਜੇ ਪਾਸੇ, ਵਿਰੋਧੀ ਧਿਰਾਂ ਨੇ ਸੁਪਰੀਮ ਕੋਰਟ ਸਾਬਕਾ ਜੱਜ ਬੀ ਸੁਦਰਸ਼ਨ ਰੈੱਡੀ ਨੂੰ ਉਪ-ਰਾਸ਼ਟਰਪਤੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਸੀ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਜਾਬ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਅਤੇ ਅਮ੍ਰਿਤਪਾਲ ਸਿੰਘ ਵੱਲੋਂ ਇਸ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ।
ਸੀ. ਪੀ. ਰਾਧਾਕ੍ਰਿਸ਼ਨਨ ਕੌਣ ਹਨ?

ਚੰਦਰਪੁਰਮ ਪੋਨਨੁਸਾਮੀ (ਸੀ. ਪੀ.) ਰਾਧਾਕ੍ਰਿਸ਼ਨਨ ਭਾਜਪਾ ਦੇ ਸਾਬਕਾ ਪ੍ਰਮੁੱਖ ਆਗੂ ਹਨ ਅਤੇ ਉਹ ਲੰਬੇ ਸਮੇਂ ਤੱਕ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ।
ਰਾਧਾਕ੍ਰਿਸ਼ਨਨ ਵਰਤਮਾਨ ਸਮੇਂ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਹਨ।
ਉਹ ਦੋ ਵਾਰ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਭਾਜਪਾ ਦੀ ਤਮਿਲਨਾਡੂ ਇਕਾਈ ਦੇ ਪ੍ਰਧਾਨ ਵਜੋਂ ਵੀ ਕੰਮ ਕਰ ਚੁੱਕੇ ਹਨ।
ਸੀ. ਪੀ. ਰਾਧਾਕ੍ਰਿਸ਼ਨਨ ਨੇ ਦੱਖਣੀ ਭਾਰਤ ਵਿੱਚ ਭਾਜਪਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਤਮਿਲ ਨਾਡੂ ਦੇ ਕੋਇਮਬਟੂਰ ਤੋਂ ਦੋ ਵਾਰੀ ਲੋਕ ਸਭਾ ਲਈ ਚੁਣੇ ਗਏ ਸਨ।
ਉਨ੍ਹਾਂ ਨੇ ਇੱਥੇ 1998 ਅਤੇ 1999 ਵਿੱਚ ਦੋ ਵਾਰ ਜਿੱਤ ਹਾਸਲ ਕੀਤੀ। ਪਰ ਉਸ ਤੋਂ ਬਾਅਦ 2004, 2014 ਅਤੇ 2019 ਵਿੱਚ ਉਨ੍ਹਾਂ ਨੂੰ ਲਗਾਤਾਰ ਤਿੰਨ ਵਾਰੀ ਕੋਇਮਬਟੂਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਫ਼ਰਵਰੀ 2023 ਵਿੱਚ ਉਨ੍ਹਾਂ ਨੂੰ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਝਾਰਖੰਡ ਦੇ ਰਾਜਪਾਲ ਰਹਿੰਦਿਆਂ ਉਨ੍ਹਾਂ ਨੂੰ ਤੇਲੰਗਾਣਾ ਦੇ ਰਾਜਪਾਲ ਅਤੇ ਪੁਡੂਚੈਰੀ ਦੇ ਉਪ ਰਾਜਪਾਲ ਦਾ ਵਾਧੂ ਕਾਰਜ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਜੁਲਾਈ 2024 ਵਿੱਚ ਉਹ ਮਹਾਰਾਸ਼ਟਰ ਦੇ ਰਾਜਪਾਲ ਬਣੇ।
ਰਾਧਾਕ੍ਰਿਸ਼ਨਨ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਵਿਦਿਆਰਥੀ ਅੰਦੋਲਨਾਂ ਤੋਂ ਕੀਤੀ ਸੀ।
ਸਾਲ 2007 ਵਿੱਚ, ਜਦੋਂ ਉਹ ਤਮਿਲ ਨਾਡੂ ਦੇ ਸੂਬਾ ਮੁਖੀ ਸਨ, ਤਾਂ ਉਨ੍ਹਾਂ ਨੇ ਸੂਬੇ ਵਿੱਚ 93 ਦਿਨਾਂ ਦੀ 19,000 ਕਿਲੋਮੀਟਰ ਲੰਬੀ 'ਰਥ ਯਾਤਰਾ' ਕੀਤੀ ਸੀ। ਇਸ ਯਾਤਰਾ ਦੌਰਾਨ ਉਨ੍ਹਾਂ ਨੇ ਮੁੱਖ ਤੌਰ 'ਤੇ ਨਦੀਆਂ ਨੂੰ ਜੋੜਨ, ਅੱਤਵਾਦ, ਸਮਾਨ ਨਾਗਰਿਕ ਅਧਿਕਾਰ, ਅਛੂਤਤਾ ਅਤੇ ਨਸ਼ਿਆਂ ਦੇ ਨੁਕਸਾਨ ਵਰਗੇ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਖਿੱਚਿਆ।
ਆਰਐਸਐਸ ਨਾਲ ਜੁੜੇ ਅਤੇ ਫਿਰ ਸਰਗਰਮ ਰਾਜਨੀਤੀ
ਮਹਾਰਾਸ਼ਟਰ ਰਾਜਭਵਨ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਸੀਪੀ ਰਾਧਾਕ੍ਰਿਸ਼ਨਨ ਦਾ ਜਨਮ 20 ਅਕਤੂਬਰ 1957 ਨੂੰ ਤਮਿਲ ਨਾਡੂ ਦੇ ਤਿਰੁੱਪੂਰ ਵਿੱਚ ਹੋਇਆ ਸੀ। ਉਨ੍ਹਾਂ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਡਿਗਰੀ ਕੀਤੀ ਹੈ।
ਰਾਧਾਕ੍ਰਿਸ਼ਨਨ ਨੇ ਆਪਣੇ ਜੀਵਨ ਦੀ ਸ਼ੁਰੂਆਤ ਆਰਐਸਐਸ ਦੇ ਇੱਕ ਸਵੈਮਸੇਵਕ ਵਜੋਂ ਕੀਤੀ। ਇਸ ਤੋਂ ਬਾਅਦ, 1974 ਵਿੱਚ ਉਹ ਭਾਰਤੀ ਜਨਸੰਘ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ। ਇਹ ਉਨ੍ਹਾਂ ਦੀ ਰਾਜਨੀਤਿਕ ਯਾਤਰਾ ਦੀ ਸ਼ੁਰੂਆਤ ਸੀ, ਜੋ ਬਾਅਦ ਵਿੱਚ ਭਾਜਪਾ ਦੇ ਪ੍ਰਮੁੱਖ ਆਗੂ ਅਤੇ ਰਾਜਪਾਲ ਦੇ ਪੱਧਰ ਤੱਕ ਪਹੁੰਚੀ।
1996 ਵਿੱਚ ਉਨ੍ਹਾਂ ਨੂੰ ਤਮਿਲ ਨਾਡੂ ਵਿੱਚ ਭਾਜਪਾ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ ਉਹ ਕੋਇਮਬਟੂਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ।
ਸਾਂਸਦ ਰਹਿੰਦਿਆਂ, ਸੀਪੀ ਰਾਧਾਕ੍ਰਿਸ਼ਨਨ ਸੰਸਦੀ ਸਥਾਈ ਕਮੇਟੀ (ਕੱਪੜਾ ਮੰਤਰਾਲਾ) ਦੇ ਮੁਖੀ ਰਹੇ।
ਇਸ ਤੋਂ ਇਲਾਵਾ ਉਹ ਸਟਾਕ ਐਕਸਚੇਂਜ ਘੋਟਾਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਸੰਸਦੀ ਕਮੇਟੀ ਦੇ ਮੈਂਬਰ ਵੀ ਸਨ।
2020 ਤੋਂ 2022 ਤੱਕ, ਰਾਧਾਕ੍ਰਿਸ਼ਨਨ ਭਾਜਪਾ ਦੇ ਕੇਰਲ ਇੰਚਾਰਜ ਵੀ ਰਹੇ।
ਸਾਬਕਾ ਜਸਟਿਸ ਬੀ. ਸੁਦਰਸ਼ਨ ਰੈੱਡੀ ਕੌਣ ਹਨ?

ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ. ਸੁਦਰਸ਼ਨ ਰੈੱਡੀ ਨੂੰ ਵਿਰੋਧੀ ਧਿਰ ਨੇ ਉਪ ਰਾਸ਼ਟਰਪਤੀ ਚੋਣ ਲਈ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਸੀ। ਫਿਲਹਾਲ ਉਹ ਚੋਣ ਹਾਰ ਚੁੱਕੇ ਹਨ।
8 ਜੁਲਾਈ 1946 ਨੂੰ ਜਨਮੇ ਬੀ. ਸੁਦਰਸ਼ਨ ਰੈੱਡੀ ਨੇ ਬੀਏ ਅਤੇ ਐੱਲਐੱਲਬੀ ਦੀ ਡਿਗਰੀ ਕੀਤੀ ਹੋਈ ਹੈ।
ਉਹ ਇੱਕ ਵਕੀਲ ਵਜੋਂ 27 ਦਸੰਬਰ 1971 ਨੂੰ ਆਂਧਰਾ ਪ੍ਰਦੇਸ਼ ਬਾਰ ਕੌਂਸਲ ਨਾਲ ਜੁੜੇ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਵਕੀਲ ਵਜੋਂ ਪ੍ਰੈਕਟਿਸ ਵੀ ਕੀਤੀ।
ਸਾਲ 1988 ਤੋਂ 1990 ਤੱਕ ਉਹ ਆਂਧ੍ਰਰਾ ਪ੍ਰਦੇਸ਼ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਰਹੇ।
1990 ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਲਈ ਛੇ ਮਹੀਨੇ ਤੱਕ ਐਡੀਸ਼ਨਲ ਸਟੈਂਡਿੰਗ ਕੌਂਸਲ ਵਜੋਂ ਵੀ ਕੰਮ ਕੀਤਾ।
ਉਹ ਉਸਮਾਨੀਆ ਯੂਨੀਵਰਸਿਟੀ ਦੇ ਕਾਨੂੰਨੀ ਸਲਾਹਕਾਰ ਰਹੇ ਹਨ ਅਤੇ ਉਹ ਵਕੀਲ ਵਜੋਂ ਵੀ ਕੰਮ ਕਰ ਚੁੱਕੇ ਹਨ।
2 ਮਈ 1995 ਨੂੰ ਉਹ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ।
2005 ਵਿੱਚ ਉਨ੍ਹਾਂ ਨੂੰ ਗੁਹਾਟੀ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਗਿਆ।
ਇਸ ਤੋਂ ਬਾਅਦ 2007 ਵਿੱਚ ਉਹ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਅਤੇ 2011 ਵਿੱਚ ਰਿਟਾਇਰ ਹੋ ਗਏ।
ਸੁਰਜੀਤ ਸਿੰਘ ਬਰਨਾਲਾ ਨੇ ਵੀ ਇੱਕ ਉੱਪ ਰਾਸ਼ਟਰਪਤੀ ਦੀ ਲੜੀ ਸੀ ਚੋਣ

ਤਸਵੀਰ ਸਰੋਤ, Getty Images
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ ਵੀ ਉੱਪ ਰਾਸ਼ਟਰਪਤੀ ਦੀ ਚੋਣ ਲੜ ਚੁੱਕੇ ਹਨ।
ਸੁਰਜੀਤ ਸਿੰਘ ਬਰਨਾਲਾ ਸਾਲ 1997 ਵਿੱਚ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਸਨ।
ਕ੍ਰਿਸ਼ਨ ਕਾਂਤ ਨੇ ਇਸ ਚੋਣ ਵਿੱਚ ਸੁਰਜੀਤ ਸਿੰਘ ਬਰਨਾਲਾ ਨੂੰ ਹਰਾਇਆ ਸੀ। ਕਾਂਤ ਦਾ ਜਨਮ ਅਣਵੰਡੇ ਪੰਜਾਬ ਦੇ ਅੰਬਾਲਾ ਵਿੱਚ 28 ਫ਼ਰਵਰੀ 1927 ਨੂੰ ਜਨਮ ਹੋਇਆ ਸੀ।
ਸੁਰਜੀਤ ਸਿੰਘ ਬਰਨਾਲਾ 1985 ਤੋਂ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ।
ਆਪਣੇ 91 ਸਾਲਾਂ ਦੇ ਜੀਵਨ ਦੌਰਾਨ ਉਹ ਕੇਂਦਰੀ ਮੰਤਰੀ ਵੀ ਰਹੇ ਅਤੇ ਤਾਮਿਲਨਾਡੂ ਦੇ ਰਾਜਪਾਲ ਵੱਜੋਂ ਵੀ ਸੇਵਾ ਨਿਭਾਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












