ਕ੍ਰਾਂਤੀਕਾਰੀਆਂ ਨੂੰ ਬੰਬ ਬਣਾਉਣੇ ਸਿਖਾਉਣ ਵਾਲੇ ਜਤੀਂਦਰ ਦਾਸ ਦੀ 63 ਦਿਨਾਂ ਦੀ ਭੁੱਖ ਹੜਤਾਲ ਬਾਅਦ ਕੀ ਹਾਲਤ ਸੀ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਲਈ

ਦਸੰਬਰ, 1928 ਵਿੱਚ ਕਾਂਗਰਸ ਸੰਮੇਲਨ ਦੌਰਾਨ ਜਦੋਂ ਭਗਤ ਸਿੰਘ ਕਲਕੱਤਾ ਗਏ ਸਨ, ਉੱਥੇ ਫਣੀਂਦਰ ਘੋਸ਼ ਨੇ ਉਨ੍ਹਾਂ ਦੀ ਮੁਲਾਕਾਤ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਆਰਮੀ ਦੇ ਮਿਹਨਤੀ ਕ੍ਰਾਂਤੀਕਾਰੀ ਜਤੀਂਦਰ ਨਾਥ ਦਾਸ ਨਾਲ ਕਰਵਾਈ ਸੀ।

ਇਹ ਮੁਲਾਕਾਤ ਕਪਿਲਾ ਟੋਲਾ ਲੇਨ ਦੇ ਉੱਤਰ ਵਿੱਚ ਇੱਕ ਪਾਰਕ ਵਿੱਚ ਕਰਵਾਈ ਗਈ ਸੀ। ਭਗਤ ਸਿੰਘ ਉਸ ਜ਼ਮਾਨੇ ਵਿੱਚ ਇੱਕ ਅਜਿਹੇ ਸ਼ਖ਼ਸ ਦੀ ਭਾਲ ਵਿੱਚ ਸੀ ਜੋ ਉਨ੍ਹਾਂ ਨੇ ਬੰਬ ਬਣਾਉਣਾ ਸਿਖਾ ਦੇਣ।

ਜਤੀਂਦਰ ਨੂੰ ਬੰਬ ਬਣਾਉਣ ਵਿੱਚ ਮਹਾਰਤ ਹਾਸਿਲ ਸੀ। ਇਹ ਕਲਾ ਉਨ੍ਹਾਂ ਨੇ ਸਚੀਂਦਰ ਨਾਥ ਸਨਿਆਲ ਤੋਂ ਸਿੱਖੀ ਸੀ।

ਸ਼ੁਰੂਆਤ ਵਿੱਚ ਜਤੀਂਦਰ, ਭਗਤ ਸਿੰਘ ਨੂੰ ਬੰਬ ਬਣਾਉਣਾ ਸਿਖਾਉਣ ਲਈ ਰਾਜ਼ੀ ਨਹੀਂ ਹੋਏ। ਪਰ ਭਗਤ ਸਿੰਘ ਦੇ ਜ਼ੋਰ ਦੇਣ ‘ਤੇ ਉਹ ਇਸ ਲਈ ਰਾਜ਼ੀ ਹੋ ਗਏ।

ਮਲਵਿੰਦਰਜੀਤ ਸਿੰਘ ਵੜੈਚ ਆਪਣੀ ਕਿਤਾਬ ‘ਭਗਤ ਸਿੰਘ ਦਿ ਐਟਰਨਲ ਰੇਬੇਲ’ ਵਿੱਚ ਲਿਖਦੇ ਹਨ, “ਭਗਤ ਸਿੰਘ ਨੇ ਜਤੀਂਦਰ ਨੂੰ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਆਗਰਾ ਆਉਣਾ ਹੋਵੇਗਾ। ਜਤੀਂਦਰ ਨੇ ਕਿਹਾ ਕਿ ਕਿਉਂਕਿ ਇਸ ਵੇਲੇ ਆਗਰਾ ਵਿੱਚ ਕੋਹਰਾ ਪੈ ਰਿਹਾ ਹੋਵੇਗਾ ਇਸ ਲਈ ਬੰਬ ਬਣਾਉਣ ਲਈ ਜ਼ਰੂਰੀ ਗਨ ਕਾਟਨ ਲਈ ਬਰਫ਼ ਉੱਥੇ ਨਹੀਂ ਮਿਲ ਸਕੇਗੀ।”

ਪਰ ਕਲਕੱਤਾ ਵਿੱਚ ਇਹ ਆਸਾਨੀ ਨਾਲ ਉਪਲਬਧ ਹੋਵੇਗੀ। ਕਲਕੱਤਾ ਵਿੱਚ ਹੀ ਬੰਬ ਬਣਾਉਣਾ ਸਹੀ ਰਹੇਗਾ।

ਉਨ੍ਹਾਂ ਨੇ ਫਣੀਂਦਰ ਅਤੇ ਭਗਤ ਸਿੰਘ ਨੂੰ ਕਲਕੱਤਾ ਵਿੱਚ ਜਗ੍ਹਾ ਪ੍ਰਦਾਨ ਕਰਨ ਲਈ ਕਿਹਾ।

ਇਸ ਦੇ ਲਈ ਫਣੀਂਦਰ ਨੇ ਆਰੀਆ ਸਮਾਜ ਮੰਦਿਰ ਦੀ ਉਪਰਲੀ ਮੰਜ਼ਿਲ 'ਤੇ ਇੱਕ ਕਮਰਾ ਚੁਣਿਆ। ਭਗਤ ਸਿੰਘ ਨੇ ਉਨ੍ਹਾਂ ਨੂੰ ਬੰਬ ਬਣਾਉਣ ਲਈ ਸਮੱਗਰੀ ਖਰੀਦਣ ਲਈ 50 ਰੁਪਏ ਦਿੱਤੇ ਸਨ।

ਉਨ੍ਹਾਂ ਨੇ ਕਾਲਜ ਸਕੁਏਅਰ ਦੇ ਆਸ-ਪਾਸ ਦੀਆਂ ਦੁਕਾਨਾਂ ਤੋਂ ਸਾਰਾ ਸਾਮਾਨ ਖਰੀਦਿਆ। ਜਦੋਂ ਭਗਤ ਸਿੰਘ ਕਲਕੱਤੇ ਤੋਂ ਵਾਪਸ ਆਏ ਤਾਂ ਜਤੀਂਦਰ ਨੇ ਉਨ੍ਹਾਂ ਨੂੰ ਬੰਬ ਦੇ ਦੋ ਖੋਲ ਦਿੱਤੇ।

ਆਗਰਾ ਪਹੁੰਚ ਕੇ ਕ੍ਰਾਂਤੀਕਾਰੀਆਂ ਨੂੰ ਬੰਬ ਬਣਾਉਣਾ ਸਿਖਾਇਆ

ਫਰਵਰੀ 1929 ਵਿੱਚ, ਜਤੀਂਦਰ ਨਾਥ ਦਾਸ ਰੇਲ ਗੱਡੀ ਰਾਹੀਂ ਕ੍ਰਾਂਤੀਕਾਰੀਆਂ ਦੇ ਗੜ੍ਹ ਆਗਰਾ ਪਹੁੰਚੇ, ਜਿੱਥੇ ਭਗਤ ਸਿੰਘ ਨੇ ਸਟੇਸ਼ਨ 'ਤੇ ਉਨ੍ਹਾਂ ਦਾ ਸਵਾਗਤ ਕੀਤਾ।

ਉਥੇ ਜਤੀਂਦਰ ਨੂੰ ਨਵਾਂ ਨਾਂ ‘ਮਾਸਟਰ ਜੀ’ ਦਿੱਤਾ ਗਿਆ। ਆਗਰਾ ਵਿੱਚ ਬੰਬ ਬਣਾਉਣ ਲਈ, ਉਨ੍ਹਾਂ ਨੇ ਹੀਂਗ ਕੀ ਮੰਡੀ ਵਿੱਚ ਇੱਕ ਮਕਾਨ ਕਿਰਾਏ 'ਤੇ ਲਿਆ।

ਉੱਥੇ ਉਨ੍ਹਾਂ ਨੇ ਕ੍ਰਾਂਤੀਕਾਰੀਆਂ ਲਈ ਬਹੁਤ ਸਾਰੇ ਬੰਬ ਬਣਾਏ ਅਤੇ ਉੱਥੇ ਮੌਜੂਦ ਲੋਕਾਂ ਨੂੰ ਬੰਬ ਦੇ ਕਵਰ ਡਿਜ਼ਾਈਨ ਕਰਨ, ਗਨ ਕਾਟਨ ਤੋਂ ਫਿਊਜ਼ ਬਣਾਉਣ ਅਤੇ ਵਿਸਫੋਟਕ ਬਣਾਉਣ ਦੀ ਸਿਖਲਾਈ ਵੀ ਦਿੱਤੀ।

ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਸਦਾਸ਼ਿਵ ਰਾਓ ਅਤੇ ਫਣੀਂਦਰ ਨੇ ਵੀ ਝਾਂਸੀ ਤੋਂ 20 ਕਿਲੋਮੀਟਰ ਦੂਰ ਜਾ ਕੇ ਇਸ ਬੰਬ ਦਾ ਪ੍ਰੀਖਣ ਕੀਤਾ ਸੀ।

ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ

ਦਿਲਚਸਪ ਗੱਲ ਇਹ ਹੈ ਕਿ ਕ੍ਰਾਂਤੀਕਾਰੀ ਬਣਨ ਤੋਂ ਪਹਿਲਾਂ ਜਤੀਂਦਰ ਨੇ 1920-21 ਵਿੱਚ ਗਾਂਧੀ ਦੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ ਸੀ ਅਤੇ ਕਈ ਵਾਰ ਜੇਲ੍ਹ ਵੀ ਗਏ ਸਨ।

ਉਨ੍ਹਾਂ ਨੂੰ ਬੰਗਾਲ ਦੀਆਂ ਕਈ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ ਅਤੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ।

ਫਿਰ ਜੇਲ੍ਹ ਪ੍ਰਸ਼ਾਸਨ ਦੇ ਮਾੜੇ ਵਤੀਰੇ ਦੇ ਵਿਰੋਧ ਵਿੱਚ ਉਹ 23 ਦਿਨਾਂ ਲਈ ਭੁੱਖ ਹੜਤਾਲ ’ਤੇ ਚਲੇ ਗਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੂੰ ਬੰਗਾਲ ਦੀ ਜੇਲ੍ਹ ਤੋਂ ਮੀਆਂਵਾਲੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਅੰਦੋਲਨ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਪਰ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਨ ਦਾ ਆਪਣਾ ਜਨੂੰਨ ਕਦੇ ਨਹੀਂ ਛੱਡਿਆ।

ਜਦੋਂ 7 ਨਵੰਬਰ 1926 ਨੂੰ ਕਾਕੋਰੀ ਰੇਲ ਐਕਸ਼ਨ ਤੋਂ ਬਾਅਦ ਆਜ਼ਾਦੀ ਘੁਲਾਟੀਆਂ ਦੀ ਗ੍ਰਿਫ਼ਤਾਰੀ ਸ਼ੁਰੂ ਹੋਈ ਤਾਂ ਜਤੀਂਦਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਜਤੀਂਦਰ ਗੰਭੀਰ, ਘੱਟ ਬੋਲਣ ਵਾਲੇ ਵਿਅਕਤੀ ਸਨ। ਭਾਵੇਂ ਉਹ ਘੱਟ ਬੋਲਦੇ ਸਨ, ਪਰ ਉਨ੍ਹਾਂ ਦੇ ਸਾਥੀ ਉਸ ਵੱਲ ਖਿੱਚੇ ਜਾਂਦੇ ਸਨ। ਉਨ੍ਹਾਂ ਨੂੰ ਲਾਹੌਰ ਸਾਜ਼ਿਸ਼ ਕੇਸ ਦੇ ਸਬੰਧ ਵਿੱਚ ਇਕ ਵਾਰ ਫਿਰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਉਨ੍ਹਾਂ ਦੀ ਪੰਜਵੀਂ ਗ੍ਰਿਫ਼ਤਾਰੀ ਸੀ।

10 ਜੁਲਾਈ 1929 ਨੂੰ ਭੁੱਖ ਹੜਤਾਲ ਸ਼ੁਰੂ ਹੋਈ

ਉਦੋਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਭੁੱਖ ਹੜਤਾਲ 'ਤੇ ਸਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਸੀ।

ਫਿਰ ਫ਼ੈਸਲਾ ਹੋਇਆ ਕਿ ਸਰਕਾਰ ਨੂੰ ਦਬਾਉਣ ਲਈ ਕੁਝ ਹੋਰ ਕਾਮਰੇਡ ਭੁੱਖ ਹੜਤਾਲ ਕਰਨ। ਉਸ ਸਮੇਂ ਕੇਵਲ ਜਤਿੰਦਰ ਦਾਸ ਨੂੰ ਭੁੱਖ ਹੜਤਾਲ ਦਾ ਪਹਿਲਾਂ ਤੋਂ ਤਜਰਬਾ ਸੀ।

ਪਰ ਉਹ ਭਾਵਨਾਤਮਕ ਕਾਰਨਾਂ ਕਰਕੇ ਭੁੱਖ ਹੜਤਾਲ ਕਰਨ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਭੁੱਖ ਹੜਤਾਲ ਰਿਵਾਲਵਰ ਅਤੇ ਪਿਸਤੌਲ ਦੀ ਲੜਾਈ ਨਾਲੋਂ ਵਧੇਰੇ ਔਖੀ ਲੜਾਈ ਹੈ।

ਪਰ ਫਿਰ ਵੀ ਉਨ੍ਹਾਂ ਨੇ ਜੇਲ੍ਹ ਦੀਆਂ ਬਿਹਤਰ ਸਹੂਲਤਾਂ ਦੀ ਮੰਗ ਨੂੰ ਲੈ ਕੇ 10 ਜੁਲਾਈ 1929 ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।

ਇਹ ਵੀ ਤੈਅ ਹੋਇਆ ਕਿ ਜੇਕਰ ਉਹ ਹੜਤਾਲ ਦੌਰਾਨ ਬਿਮਾਰ ਹੋ ਗਏ ਤਾਂ ਉਹ ਦਵਾਈ ਨਹੀਂ ਲੈਣਗੇ ਅਤੇ ਜਿੱਥੋਂ ਤੱਕ ਹੋ ਸਕੇ, ਉਹ ਅਧਿਕਾਰੀਆਂ ਦੇ ਉਨ੍ਹਾਂ ਨੂੰ ਜ਼ਬਰਦਸਤੀ ਦੁੱਧ ਪਿਆਉਣ ਦੇ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

ਪ੍ਰਸਿੱਧ ਆਜ਼ਾਦੀ ਘੁਲਾਟੀਏ ਸ਼ਿਵ ਵਰਮਾ ਆਪਣੀ ਪੁਸਤਕ ‘ਰੇਮਿਨਿਸੈਂਸਜ਼ ਆਫ਼ ਫੇਲੋ ਰੈਵੋਲਿਊਸ਼ਨਰੀਜ਼’ ਵਿੱਚ ਲਿਖਦੇ ਹਨ, “ਸ਼ੁਰੂਆਤ ਵਿੱਚ ਸਾਰੇ ਕਾਮਰੇਡਾਂ ਨੇ ਤੁਰਨਾ-ਫਿਰਨਾ ਜਾਰੀ ਰੱਖਿਆ ਅਤੇ ਸਰਕਾਰ ਨੇ ਵੀ ਇਸ ਆਸ ਵਿੱਚ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਕਿ ਕਮਜ਼ੋਰੀ ਆਉਂਦੇ ਹੀ ਉਹ ਭੁੱਖ ਹੜਤਾਲ ਤੋੜ ਦੇਣਗੇ।"

"ਜੇਲ੍ਹ ਅਧਿਕਾਰੀ ਸਾਨੂੰ ਲੁਭਾਉਣ ਲਈ ਸਾਡੀਆਂ ਕੋਠੜੀਆਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਰੱਖਦੇ ਸਨ। ਜਿਵੇਂ ਹੀ ਉਨ੍ਹਾਂ ਦੀ ਪਿੱਠ ਮੁੜਦੀ ਤਾਂ ਸਾਰੇ ਕਾਮਰੇਡ ਖਾਣ ਵਾਲੀਆਂ ਚੀਜ਼ਾਂ ਨਸ਼ਟ ਕਰ ਦਿੰਦੇ। ਜਤਿੰਦਰ ਦਾਸ ਹੀ ਅਜਿਹਾ ਵਿਅਕਤੀ ਸੀ, ਜਿਨ੍ਹਾਂ ਨੇ ਉਨ੍ਹਾਂ ਖਾਣ-ਪੀਣ ਵਾਲੀਆਂ ਵਸਤੂਆਂ ਵੱਲ ਤੱਕਿਆ ਵੀ ਨਹੀਂ ਸੀ।"

ਹੜਤਾਲ ਕਰਨ ਵਾਲਿਆਂ ਨੂੰ ਨੱਕ ਰਾਹੀਂ ਦੁੱਧ ਪਿਆਉਣ ਦੀ ਕੋਸ਼ਿਸ਼

ਦਸ ਦਿਨਾਂ ਬਾਅਦ ਜਦੋਂ ਕੁਝ ਕੈਦੀਆਂ ਦੀ ਹਾਲਤ ਵਿਗੜਨ ਲੱਗੀ ਤਾਂ ਸਰਕਾਰ ਵੱਲੋਂ ਸੱਦੇ ਗਏ ਡਾਕਟਰਾਂ ਨੇ ਭੁੱਖ ਹੜਤਾਲ ’ਤੇ ਬੈਠੇ ਕੈਦੀਆਂ ਨੂੰ ਜ਼ਬਰਦਸਤੀ ਦੁੱਧ ਪਿਆਉਣ ਦਾ ਬੀੜਾ ਚੁੱਕਿਆ।

ਸ਼ਿਵ ਵਰਮਾ ਲਿਖਦੇ ਹਨ, "8 ਜਾਂ 10 ਤਕੜੇ ਲੋਕ ਅੱਗੇ ਆ ਕੇ ਸਾਡੇ ਵਿੱਚੋਂ ਇੱਕ ਨੂੰ ਘੇਰ ਲੈਂਦੇ, ਫਿਰ ਉਸ ਨੂੰ ਜ਼ਬਰਦਸਤੀ ਫੜ੍ਹ ਕੇ ਜ਼ਮੀਨ 'ਤੇ ਲਿਟਾ ਦਿੰਦੇ। ਜਿੰਨਾ ਚਿਰ ਉਸਦੀ ਤਾਕਤ ਬਣੀ ਰਹਿੰਦੀ, ਕੈਦੀ ਉਸ ਦਾ ਵਿਰੋਧ ਕਰਦੇ, ਪਰ ਇੱਕ-ਬਨਾਮ-ਦਸ ਮੁਕਾਬਲੇ ਵਿੱਚ, ਇਹ ਲੋਕ ਕੈਦੀ ਨੂੰ ਪਛਾੜ ਦਿੰਦੇ ਅਤੇ ਉਸ ਨੂੰ ਲੰਮੇ ਪਾਉਣ ਵਿੱਚ ਸਫਲ ਹੋ ਜਾਂਦੇ।"

"ਫਿਰ ਉਸ ਦੇ ਨੱਕ ਰਾਹੀਂ ਉਸ ਦੇ ਢਿੱਡ ਵਿੱਚ ਇਕ ਲੰਬੀ ਨਲੀ ਪਾਈ ਜਾਂਦੀ। ਹੜਤਾਲੀ ਕੈਦੀ ਜਾਂ ਤਾਂ ਉੱਚੀ-ਉੱਚੀ ਖੰਘਦਾ ਸੀ ਜਾਂ ਟਿਊਬ ਨੂੰ ਪੇਟ ਵਿੱਚ ਜਾਣ ਤੋਂ ਰੋਕਦਾ ਸੀ। ਕਈ ਵਾਰੀ ਨਲੀ ਨੱਕ ਤੋਂ ਤਿਲਕ ਕੇ ਉਸ ਦੇ ਮੂੰਹ ਵਿਚ ਵੜ ਜਾਂਦੀ ਅਤੇ ਉਹ ਉਸ ਨੂੰ ਦੰਦਾਂ ਨਾਲ ਦਬਾ ਲੈਂਦੇ।"

"ਇੱਥੇ ਡਾਕਟਰ ਦੇ ਸਬਰ ਦਾ ਇਮਤਿਹਾਨ ਹੁੰਦਾ ਸੀ। ਕਈ ਵਾਰ ਡਾਕਟਰ ਆਪਣਾ ਸਬਰ ਗੁਆ ਬੈਠਦੇ ਅਤੇ ਉਸ ਕੈਦੀ ਨੂੰ ਉਸੇ ਹਾਲਤ ਵਿਚ ਛੱਡ ਕੇ ਅਗਲੇ ਕੈਦੀ ਕੋਲ ਚਲੇ ਜਾਂਦੇ।"

ਜਤੀਂਦਰ ਦੇ ਫੇਫੜਿਆਂ ਵਿੱਚ ਇੱਕ ਲੀਟਰ ਦੁੱਧ ਪਾਇਆ ਗਿਆ

ਜਤੀਂਦਰ ਨੂੰ ਇਸ ਸਾਰੀ ਕਵਾਇਦ ਬਾਰੇ ਪਹਿਲਾਂ ਹੀ ਅੰਦਾਜ਼ਾ ਸੀ, ਇਸ ਲਈ ਡਾਕਟਰਾਂ ਨੇ ਪਹਿਲੇ ਦਿਨ ਹੀ ਉਸ ਤੋਂ ਹਾਰ ਮੰਨ ਲਈ ਸੀ।

ਜਿਸ ਡਾਕਟਰ ਦਾ ਜਤਿੰਦਰ ਦਾਸ ਨਾਲ ਵਾਹ ਪਿਆ ਸੀ, ਉਹ ਪਹਿਲਾਂ ਲਾਹੌਰ ਦੇ ਇੱਕ ਮਾਨਸਿਕ ਹਸਪਤਾਲ ਦਾ ਇੰਚਾਰਜ ਸੀ ਅਤੇ ਉਹ ਲੋਕਾਂ ਨੂੰ ਜ਼ਬਰਦਸਤੀ ਦੁੱਧ ਪਿਆਉਣ ਵਿੱਚ ਮੁਹਾਰਤ ਰੱਖਦਾ ਸੀ।

ਮਾਨਸਿਕ ਰੋਗੀਆਂ ਨਾਲ ਲਗਾਤਾਰ ਰਹਿਣ ਕਾਰਨ ਉਸ ਦਾ ਆਪਣਾ ਸੁਭਾਅ ਵੀ ਉਨ੍ਹਾਂ ਵਰਗਾ ਹੋ ਗਿਆ।

ਜਤੀਂਦਰ ਦੇ ਸਾਹਮਣੇ ਦਾਲ ਨਾ ਗਲਣ ਕਾਰਨ ਉਹ ਚਿੜਚਿੜਾ ਹੋ ਗਿਆ। ਉਸ ਨੇ ਸਾਰਿਆਂ ਦੇ ਸਾਹਮਣੇ ਦਾਸ ਨੂੰ ਲਲਕਾਰਿਆ ਸੀ ਅਤੇ ਕਿਹਾ ਸੀ, “ਮੈਂ ਦੇਖਦਾ ਹਾਂ ਕਿ ਤੁਸੀਂ ਮੇਰੇ ਕੰਮ ਵਿੱਚ ਕਿਵੇਂ ਰੁਕਾਵਟ ਪਾਉਂਦੇ ਹੋ?"

26 ਜੁਲਾਈ ਨੂੰ ਸਾਰੇ ਕੈਦੀਆਂ ਨਾਲ ਨਿਪਟਣ ਤੋਂ ਬਾਅਦ ਉਹ ਡਾਕਟਰ ਜਤਿੰਦਰ ਦਾਸ ਕੋਲ ਆਇਆ। ਜਦੋਂ ਜ਼ਬਰਦਸਤੀ ਦੁੱਧ ਪਿਆਉਣ ਦਾ ਪਹਿਲਾ ਕਦਮ ਨਾਕਾਮ ਹੋ ਗਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਜਤੀਂਦਰ ਦੀ ਨੱਕ ਵਿੱਚ ਪਾਈਪ ਪਾਈ। ਦਾਸ ਨੇ ਉਸ ਪਾਈਪ ਨੂੰ ਦੰਦਾਂ ਨਾਲ ਦਬਾ ਲਿਆ।

ਸ਼ਿਵ ਵਰਮਾ ਲਿਖਦੇ ਹਨ, “ਡਾਕਟਰ ਨੇ ਫਿਰ ਦੂਜੀ ਨੱਕ ਵਿੱਚੋਂ ਪਾਈਪ ਪਾਉਣ ਦੀ ਕੋਸ਼ਿਸ਼ ਕੀਤੀ। ਦਾਸ ਨੂੰ ਲੱਗਾ ਜਿਵੇਂ ਉਸ ਦਾ ਦਮ ਘੁੱਟ ਰਿਹਾ ਹੋਵੇ। ਫਿਰ ਵੀ ਉਸ ਨੇ ਬਿਨਾਂ ਮੂੰਹ ਖੋਲ੍ਹੇ ਪਾਈਪ ਨੂੰ ਆਪਣੇ ਪੇਟ ਤੱਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।"

"ਪੇਟ ਵਿਚ ਜਾਣ ਦੀ ਬਜਾਏ, ਦੂਜੀ ਪਾਈਪ ਉਸ ਦੇ ਫੇਫੜਿਆਂ ਵਿੱਚ ਚਲੀ ਗਈ। ਦਰਦ ਕਾਰਨ ਉਸ ਦੀਆਂ ਅੱਖਾਂ ਘੁੰਮਣ ਲੱਗੀਆਂ ਪਰ ਡਾਕਟਰ ਨੇ ਉਸ ਦੇ ਚਿਹਰੇ ਵੱਲ ਵੀ ਨਾ ਦੇਖਿਆ ਅਤੇ ਇਕ ਲੀਟਰ ਦੁੱਧ ਉਸ ਦੇ ਫੇਫੜਿਆਂ ਵਿੱਚ ਪਾ ਦਿੱਤਾ। ਆਪਣੀ ਸਫ਼ਲਤਾ ਤੋਂ ਸੰਤੁਸ਼ਟ ਹੋ ਕੇ, ਉਹ ਉਨ੍ਹਾਂ ਨੂੰ ਉੱਥੇ ਹੀ ਦਰਦ ਵਿੱਚ ਛੱਡ ਕੇ ਅਗਲੇ ਕੈਦੀ ਵੱਲ ਚਲਾ ਗਿਆ।"

ਦਵਾਈ ਲੈਣ ਅਤੇ ਟੀਕਾ ਲਗਵਾਉਣ ਤੋਂ ਇਨਕਾਰ

ਇਹ ਘਟਨਾ ਹਸਪਤਾਲ ਵਿੱਚ ਵਾਪਰੀ। ਦਾਸ ਦੀ ਮਾੜੀ ਹਾਲਤ ਦੇਖ ਕੇ ਉਸ ਦੇ ਦਰਜਨ ਦੇ ਕਰੀਬ ਦੋਸਤ ਉਸ ਕੋਲ ਪਹੁੰਚ ਗਏ।

ਜਤੀਂਦਰ ਦੇ ਸਰੀਰ ਦਾ ਤਾਪਮਾਨ ਵਧਦਾ ਜਾ ਰਿਹਾ ਸੀ। ਉਸ ਨੂੰ ਲਗਾਤਾਰ ਖਾਂਸੀ ਹੋ ਰਹੀ ਸੀ ਅਤੇ ਸਾਹ ਲੈਣ 'ਚ ਕਾਫੀ ਤਕਲੀਫ਼ ਹੋ ਰਹੀ ਸੀ।

ਉਸ ਦੀ ਹਾਲਤ ਦੇਖ ਕੇ ਉੱਥੇ ਮੌਜੂਦ ਉਨ੍ਹਾਂ ਦੇ ਦੋਸਤਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਅੱਧੇ ਘੰਟੇ ਬਾਅਦ ਡਾਕਟਰਾਂ ਦੀ ਪੂਰੀ ਟੀਮ ਉੱਥੇ ਪਹੁੰਚ ਗਈ। ਉਨ੍ਹਾਂ ਨੇ ਜਤੀਂਦਰ ਨੂੰ ਮੰਜੇ 'ਤੇ ਲੇਟਾਇਆ। ਉਦੋਂ ਤੱਕ ਦਾਸ ਲਗਭਗ ਬੇਹੋਸ਼ ਹੋ ਗਿਆ ਸੀ।

ਜਦੋਂ ਡਾਕਟਰਾਂ ਨੇ ਉਨ੍ਹਾਂ ਦੇ ਮੂੰਹ ਵਿੱਚ ਦਵਾਈ ਪਾਉਣੀ ਸ਼ੁਰੂ ਕੀਤੀ ਤਾਂ ਪਤਾ ਨਹੀਂ ਕਿੱਥੋਂ ਉਨ੍ਹਾਂ ਦੇ ਸਰੀਰ ਵਿੱਚ ਇੰਨੀ ਤਾਕਤ ਆ ਗਈ ਅਤੇ ਉਹ ਚੀਕਿਆ, 'ਨਹੀਂ'। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਦਵਾਈ ਲੈਣ ਲਈ ਜ਼ੋਰ ਪਾਇਆ ਤਾਂ ਉਹ ਦਰਦ ਵਿੱਚ ਵੀ ਮੁਸਕਰਾਏ।

ਅੰਤ ਤੱਕ ਉਨ੍ਹਾਂ ਨੇ ਨਾ ਤਾਂ ਕੋਈ ਟੀਕਾ ਲਗਵਾਇਆ ਅਤੇ ਨਾ ਹੀ ਕੋਈ ਦਵਾਈ ਲਈ।

ਜਦੋਂ ਡਾਕਟਰ ਥੱਕ ਹਾਰ ਕੇ ਚਲੇ ਗਏ ਤਾਂ ਉਨ੍ਹਾਂ ਨੇ ਅੱਖਾਂ ਖੋਲ੍ਹੀਆਂ। ਆਪਣੇ ਆਪ ਨੂੰ ਆਪਣੇ ਦੋਸਤਾਂ ਵਿੱਚ ਘਿਰਿਆ ਦੇਖ ਕੇ ਉਹ ਇੱਕ ਵਾਰ ਫਿਰ ਮੁਸਕਰਾਏ ਅਤੇ ਬਹੁਤ ਹੀ ਕਮਜ਼ੋਰ ਆਵਾਜ਼ ਵਿੱਚ ਜਤੀਂਦਰ ਨੇ ਸਾਨਿਆਲ ਨੂੰ ਸੰਬੋਧਿਤ ਕਰਦੇ ਹੋਏ ਕਿਹਾ, "ਹੁਣ ਉਹ ਮੈਨੂੰ ਕਦੇ ਵੀ ਕੁਝ ਨਹੀਂ ਖੁਆ ਸਕਣਗੇ।"

ਭਗਤ ਸਿੰਘ ਦੇ ਕਹਿਣ 'ਤੇ ਅਨੀਮਾ ਕਰਵਾਇਆ

ਉਸ ਦਿਨ ਤੋਂ ਬਾਅਦ ਉਹ ਹੌਲੀ-ਹੌਲੀ ਮੌਤ ਦੇ ਨੇੜੇ ਆਉਂਦੇ ਗਏ। ਕੁਝ ਹੀ ਦਿਨਾਂ ਵਿਚ ਉਨ੍ਹਾਂ ਦੀ ਹਾਲਤ ਕਾਫੀ ਵਿਗੜ ਗਈ। ਉਨ੍ਹਾਂ ਦੇ ਸਾਰੇ ਸਰੀਰ ਵਿੱਚ ਜ਼ਹਿਰ ਫੈਲ ਗਿਆ।

ਉਨ੍ਹਾਂ ਦੀਆਂ ਅੱਖਾਂ ਅੱਧੀਆਂ ਬੰਦ ਰਹਿਣ ਲੱਗ ਪਈਆਂ। ਡਾਕਟਰ ਉਨ੍ਹਾਂ ਨੂੰ ਅਨੀਮਾ ਦੇਣਾ ਚਾਹੁੰਦੇ ਸਨ ਪਰ ਦਾਸ ਇਸ ਲਈ ਰਾਜ਼ੀ ਨਹੀਂ ਹੋਏ।

ਸ਼ਿਵ ਵਰਮਾ ਲਿਖਦੇ ਹਨ, “ਕਿਸੇ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਸ਼ਾਇਦ ਜਤਿੰਦਰ ਦਾਸ, ਭਗਤ ਸਿੰਘ ਦੀ ਗੱਲ ਸੁਣ ਲੈਣ। ਇਸ ਕੰਮ ਲਈ ਭਗਤ ਸਿੰਘ ਨੂੰ ਕੇਂਦਰੀ ਜੇਲ੍ਹ ਲਿਆਂਦਾ ਗਿਆ।"

"ਭਗਤ ਸਿੰਘ ਦੇ ਕਹਿਣ 'ਤੇ ਉਹ ਅਜਿਹਾ ਕਰਵਾਉਣ ਲਈ ਤਿਆਰ ਹੋ ਗਏ ਇਸ 'ਤੇ ਜੇਲ ਅਧਿਕਾਰੀ ਨੇ ਉਸ ਨੂੰ ਤਾੜਨਾ ਕੀਤੀ ਕਿ ਪਹਿਲਾਂ ਤਾਂ ਉਹ ਅਨੀਮਾ ਕਰਵਾਉਣ ਲਈ ਤਿਆਰ ਨਹੀਂ ਸੀ। ਤੁਸੀਂ ਭਗਤ ਸਿੰਘ ਦੇ ਕਹਿਣ 'ਤੇ ਇਸ ਨੂੰ ਕਿਉਂ ਮੰਨ ਲਿਆ?"

ਜਤੀਂਦਰ ਦਾ ਜਵਾਬ ਸੀ, "ਸ੍ਰੀਮਾਨ, ਤੁਹਾਨੂੰ ਇਹ ਅੰਦਾਜ਼ਾ ਵੀ ਹੈ ਕਿ ਭਗਤ ਸਿੰਘ ਕਿੰਨੇ ਮਹਾਨ ਹਨ? ਮੈਂ ਉਨ੍ਹਾਂ ਦੀ ਕੋਈ ਗੱਲ ਨਹੀਂ ਟਾਲ ਸਕਦਾ।"

ਇਸੇ ਤਰ੍ਹਾਂ ਜਦੋਂ ਭਗਤ ਸਿੰਘ ਨੇ ਉਨ੍ਹਾਂ ਨੂੰ ਦਵਾਈ ਲੈਣ ਲਈ ਕਿਹਾ ਤਾਂ ਉਨ੍ਹਾਂ ਦਾ ਜਵਾਬ ਸੀ, "ਦੇਖੋ ਭਗਤ ਸਿੰਘ, ਮੈਂ ਜਾਣਦਾ ਹਾਂ ਕਿ ਮੈਨੂੰ ਆਪਣਾ ਵਾਅਦਾ ਨਹੀਂ ਤੋੜਨਾ ਚਾਹੀਦਾ, ਪਰ ਮੈਂ ਤੁਹਾਡੀ ਕਹੀ ਕੋਈ ਗੱਲ ਨਹੀਂ ਮੋੜ ਸਕਦਾ। ਇਸ ਲਈ ਭਵਿੱਖ ਵਿੱਚ ਮੈਨੂੰ ਅਜਿਹੀਆਂ ਬੇਨਤੀਆਂ ਨਾ ਕਰਨਾ।"

ਜ਼ਮਾਨਤ ਦੀ ਪੇਸ਼ਕਸ਼ ਠੁਕਰਾਈ

ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਸਰਕਾਰ ਨੇ ਪਹਿਲਾਂ ਉਨ੍ਹਾਂ ਨੂੰ ਮੇਓ ਹਸਪਤਾਲ ਭੇਜਣਾ ਚਾਹਿਆ ਪਰ ਜਦੋਂ ਉਨ੍ਹਾਂ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਤਾਂ ਸਰਕਾਰ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਲਈ ਤਿਆਰ ਹੋ ਗਈ।

ਇਸ ਦੌਰਾਨ ਜੇਲ੍ਹ ਕਮੇਟੀ ਨੇ ਜਤੀਂਦਰ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਹਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ ਹੈ। ਪਰ ਸਰਕਾਰ ਨੇ ਇਸ ਤਜਵੀਜ਼ ਨੂੰ ਆਪਣੀ ਇੱਜ਼ਤ ਦਾ ਵਿਸ਼ਾ ਬਣਾ ਕੇ ਰੱਦ ਕਰ ਦਿੱਤਾ।

ਕੁਲਦੀਪ ਨਈਅਰ ਆਪਣੀ ਕਿਤਾਬ 'ਵਿਦਾਊਟ ਫੀਅਰ ਦਿ ਲਾਈਫ ਐਂਡ ਟ੍ਰਾਇਲ ਆਫ ਭਗਤ ਸਿੰਘ' ਵਿੱਚ ਲਿਖਦੇ ਹਨ, "ਸਰਕਾਰ ਨੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ ਪਰ ਜਤੀਂਦਰ ਰਾਜ਼ੀ ਨਹੀਂ ਹੋਏ।"

ਕਿਸੇ ਵਪਾਰੀ ਨੇ ਪ੍ਰਸ਼ਾਸਨ ਦੇ ਕਹਿਣ 'ਤੇ ਉਨ੍ਹਾਂ ਦੀ ਜ਼ਮਾਨਤ ਲਈ ਪੈਸੇ ਵੀ ਜਮ੍ਹਾ ਕਰਵਾਏ ਪਰ ਜਤੀਂਦਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ।

ਸਰਕਾਰ ਨੇ ਦਾਅਵਾ ਕੀਤਾ ਕਿ ਉਹ ਭੁੱਖ ਹੜਤਾਲ 'ਤੇ ਬੈਠੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਪਰ ਇਹ ਠੀਕ ਨਹੀਂ ਸੀ। ਉਨ੍ਹਾੰ ਨੇ ਇਸ ਮਾਮਲੇ ਨੂੰ ਜੇਲ੍ਹ ਵਿੱਚ ਮਿਲ ਰਹੀਆਂ ਸਹੂਲਤਾਂ ਨੂੰ ਲੈ ਕੇ ਹੋ ਰਹੀ ਲੜਾਈ ਤੋਂ ਵੱਖਰਾ ਰੱਖਿਆ ਸੀ।"

ਸਾਥੀਆਂ ਨੂੰ ਇੱਕ-ਇੱਕ ਬਿਸਕੁਟ ਖੁਆਇਆ

ਕੁਝ ਦਿਨਾਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਜਤਿੰਦਰ ਦਾਸ ਨੂੰ ਜੇਲ੍ਹ ਵਿੱਚੋਂ ਬਾਹਰ ਸੁੱਟਣ ਦੀ ਪੂਰੀ ਕੋਸ਼ਿਸ਼ ਕੀਤੀ। ਦਾਸ ਨੇ ਜੇਲ੍ਹ ਸੁਪਰਡੈਂਟ ਨੂੰ ਸੂਚਿਤ ਕੀਤਾ ਕਿ ਉਹ ਜ਼ਮਾਨਤ ਸਵੀਕਾਰ ਨਹੀਂ ਕਰਨਗੇ।

ਇਸ 'ਤੇ ਬ੍ਰਿਟਿਸ਼ ਸੁਪਰਡੈਂਟ ਨੇ ਈਸਾ ਮਸੀਹ ਦੇ ਨਾਮ 'ਤੇ ਸਹੁੰ ਖਾਧੀ ਕਿ ਉਹ ਜਤੀਂਦਰ ਨੂੰ ਜ਼ਬਰਦਸਤੀ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਜੇਲ੍ਹ ਵਿੱਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕਰਨਗੇ।

ਸ਼ਿਵ ਵਰਮਾ ਲਿਖਦੇ ਹਨ, "ਕਰੀਬ ਇੱਕ ਹਫ਼ਤੇ ਬਾਅਦ ਜਤੀਂਦਰ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ। ਉਨ੍ਹਾਂ ਦੇ ਭਰਾ ਕਿਰਨ ਦਾਸ ਨੂੰ ਉਨ੍ਹਾਂ ਨਾਲ ਰਹਿਣ ਲਈ ਇਜਾਜ਼ਤ ਦਿੱਤੀ ਗਈ ਸੀ। ਉਹ ਇੱਕ ਬਿਸਕੁਟ ਦਾ ਪੈਕੇਟ ਲੈ ਕੇ ਆਏ।"

"ਜਤੀਂਦਰ ਨੇ ਸਾਨੂੰ ਸਾਰਿਆਂ ਨੂੰ ਬਿਸਕੁਟ ਦੇ ਕੇ ਕਿਹਾ, 'ਅਸੀਂ ਆਪਣੀ ਭੁੱਖ ਹੜਤਾਲ ਨਹੀਂ ਤੋੜ ਰਹੇ। ਇਹ ਤੁਹਾਡੇ ਨਾਲ ਸਾਡਾ ਆਖ਼ਰੀ ਭੋਜਨ ਹੈ। ਇਹ ਤੁਹਾਡੇ ਲਈ ਮੇਰੇ ਪਿਆਰ ਦਾ ਪ੍ਰਤੀਕ ਹੈ। ਅਸੀਂ ਸਾਰਿਆਂ ਨੇ ਉਹ ਬਿਸਕੁਟ ਖਾਧਾ।"

“ਫਿਰ ਉਨ੍ਹਾਂ ਨੇ ਨਜ਼ਰੁਲ ਇਸਲਾਮ ਦਾ ਉਹ ਮਸ਼ਹੂਰ ਗੀਤ ਸੁਣਿਆ, ‘ਬੋਲੋ ਵੀਰ, ਚਿਰ ਉਨਤ ਮਾਮ ਸ਼ੀਰ।’ ਉਹ ਦੇਰ ਰਾਤ ਤੱਕ ਆਪਣੀ ਕਮਜ਼ੋਰ ਆਵਾਜ਼ ਵਿੱਚ ਸਾਡੇ ਨਾਲ ਗੱਲਾਂ ਕਰਦੇ ਰਹੇ।"

"ਉਹ ਉਨ੍ਹਾਂ ਲੋਕਾਂ ਬਾਰੇ ਪੁੱਛਦੇ ਰਹੇ ਜੋ ਉਸ ਸਮੇਂ ਸਾਡੇ ਨਾਲ ਨਹੀਂ ਸਨ। ਇਹ ਸਾਰੀਆਂ ਚੀਜ਼ਾਂ ਉਸ ਦੀਵੇ ਵਾਂਗ ਸਨ ਜੋ ਬੁਝਣ ਤੋਂ ਪਹਿਲਾਂ ਫੜਫੜਾਉਂਦਾ ਹੈ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਬੋਲਣਾ ਬੰਦ ਕਰ ਦਿੱਤਾ। ਉਨ੍ਹਾਂ ਦੇ ਹੱਥ-ਪੈਰ ਸੁੱਜ ਗਏ ਸਨ ਅਤੇ ਅੱਖਾਂ ਲਗਭਗ ਬੰਦ ਹੋ ਗਈਆਂ ਸਨ। ਇਸ ਹਾਲਤ ਵਿੱਚ ਵੀ ਉਨ੍ਹਾਂ ਨੇ ਸਿਰ ਹਿਲਾ ਕੇ ਹਰ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਜਵਾਬ ਦਿੱਤਾ।"

ਜਤੀਂਦਰ ਦਾਸ ਦਾ ਦੇਹਾਂਤ

ਭੁੱਖ ਹੜਤਾਲ ਦੇ 63ਵੇਂ ਦਿਨ 13 ਸਤੰਬਰ ਨੂੰ ਜਦੋਂ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਟੀਕਾ ਲਗਾਉਣਾ ਚਾਹਿਆ।

ਉਹ ਇਸ ਭੁਲੇਖੇ ਵਿੱਚ ਸਨ ਕਿ ਲਗਭਗ ਬੇਹੋਸ਼ ਹੋ ਚੁੱਕੇ ਜਤੀਂਦਰ ਨੂੰ ਪਤਾ ਨਹੀਂ ਲੱਗੇਗਾ ਕਿ ਟੀਕਾ ਲਗਾਇਆ ਜਾ ਰਿਹਾ ਹੈ।

ਪਰ ਜਿਵੇਂ ਹੀ ਉਨ੍ਹਾਂ ਨੇ ਸਪਿਰਿਟ ਨੂੰ ਉਨ੍ਹਾਂਦੀ ਬਾਂਹ 'ਤੇ ਲਗਾਇਆ, ਉਨ੍ਹਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਫਟੀ ਹੋਈ ਆਵਾਜ਼ ਵਿੱਚ ਚੀਕੇ, 'ਨਹੀਂ।'

ਇਹ ਸੁਣਦੇ ਹੀ ਡਾਕਟਰਾਂ ਦੇ ਵਧਦੇ ਕਦਮ ਪਿੱਛੇ ਹਟ ਗਏ। ਕੁਝ ਸਮੇਂ ਬਾਅਦ ਉਨ੍ਹਾਂ ਦੀਆਂ ਅੱਖਾਂ ਹਮੇਸ਼ਾ ਲਈ ਬੰਦ ਹੋ ਗਈਆਂ।

ਉਸ ਦਿਨ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਦੇ ਸਾਥੀਆਂ ਨੂੰ ਅੰਤਮ ਸੰਸਕਾਰ ਲਈ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।

63 ਦਿਨਾਂ ਦੇ ਵਰਤ ਤੋਂ ਬਾਅਦ ਜਤਿੰਦਰ ਦਾਸ ਦੀ ਮੌਤ ਹੋ ਗਈ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 25 ਸਾਲ ਸੀ।

ਡਾਕਟਰਾਂ ਨੇ ਵੀ ਇੱਕ ਲਾਈਨ ਵਿੱਚ ਖੜ੍ਹੇ ਹੋ ਕੇ ਉਨ੍ਹਾਂ ਦੇ ਸਤਿਕਾਰ ਵਿੱਚ ਸਿਰ ਝੁਕਾਇਆ।

ਜੇਲ੍ਹ ਦੇ ਬ੍ਰਿਟਿਸ਼ ਸੁਪਰਡੈਂਟ ਨੇ ਉਨ੍ਹਾਂ ਦੇ ਸਨਮਾਨ ਵਿੱਚ ਆਪਣੀ ਟੋਪੀ ਲਾਹ ਦਿੱਤੀ ਅਤੇ ਉਨ੍ਹਾਂ ਨੂੰ ਫੌਜੀ ਸਲਾਮੀ ਦਿੱਤੀ।

ਉਸੇ ਦਿਨ ਵਾਇਸਰਾਏ ਨੇ ਲੰਡਨ ਨੂੰ ਸੁਨੇਹਾ ਭੇਜ ਕੇ ਸੂਚਿਤ ਕੀਤਾ, "ਭੁੱਖ ਹੜਤਾਲ 'ਤੇ ਬੈਠੇ ਸਾਜ਼ਿਸ਼ ਕੇਸ ਦੇ ਜਤਿੰਦਰ ਦਾਸ ਦੀ ਅੱਜ ਦੁਪਹਿਰ 1:10 ਵਜੇ ਮੌਤ ਹੋ ਗਈ। ਬੀਤੀ ਰਾਤ ਭੁੱਖ ਹੜਤਾਲ ’ਤੇ ਬੈਠੇ ਪੰਜ ਵਿਅਕਤੀਆਂ ਨੇ ਆਪਣੀ ਹੜਤਾਲ ਤੋੜ ਦਿੱਤੀ। ਹੁਣ ਸਿਰਫ਼ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਹੜਤਾਲ 'ਤੇ ਹਨ।"

ਹਜ਼ਾਰਾਂ ਲੋਕਾਂ ਨੇ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ

ਜਤਿੰਦਰ ਦਾਸ ਦੀ ਵਿਗੜਦੀ ਹਾਲਤ ਦੀ ਖ਼ਬਰ ਪੂਰੇ ਲਾਹੌਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਹਸਪਤਾਲ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਸੁਭਾਸ਼ ਚੰਦਰ ਬੋਸ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਲਕੱਤਾ ਲਿਆਉਣ ਲਈ 600 ਰੁਪਏ ਭੇਜੇ।

ਲਾਹੌਰ ਤੋਂ ਕਲਕੱਤਾ ਦੇ ਵਿਚਕਾਰ ਹਰ ਸਟੇਸ਼ਨ 'ਤੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦਿੱਤੀ। ਦੁਰਗਾ ਭਾਬੀ ਨੇ ਜੇਲ੍ਹ ਤੋਂ ਲਾਹੌਰ ਸਟੇਸ਼ਨ ਤੱਕ ਉਨ੍ਹਾਂ ਦੇ ਯਾਤਰਾ ਦੀ ਅਗਵਾਈ ਕੀਤੀ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਕਈ ਪ੍ਰਮੁੱਖ ਆਗੂ ਵੀ ਮੌਜੂਦ ਸਨ।

ਕਾਨਪੁਰ ਸਟੇਸ਼ਨ ਪਹੁੰਚ ਕੇ ਗਣੇਸ਼ ਸ਼ੰਕਰ ਵਿਦਿਆਰਥੀ ਨੇ ਜਤਿੰਦਰ ਦਾਸ ਨੂੰ ਸ਼ਰਧਾਂਜਲੀ ਦਿੱਤੀ।

ਕਮਲਾ ਨਹਿਰੂ ਅੰਤਿਮ ਦਰਸ਼ਨਾਂ ਲਈ ਇਲਾਹਾਬਾਦ ਸਟੇਸ਼ਨ 'ਤੇ ਮੌਜੂਦ ਸਨ। ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਹਾਵੜਾ ਪਹੁੰਚੀ ਤਾਂ ਸੁਭਾਸ਼ ਚੰਦਰ ਬੋਸ ਖੁਦ ਉਨ੍ਹਾਂ ਨੂੰ ਲੈਣ ਆਏ। ਹੁਗਲੀ ਨਦੀ ਦੇ ਕੰਢੇ ਪਹੁੰਚਣ ਲਈ ਘੰਟੇ ਲੱਗ ਗਏ।

ਰਸਤੇ ਵਿੱਚ ਜਤਿੰਦਰ ਦਾਸ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦੀ ਵਰਖਾ ਹੁੰਦੀ ਰਹੀ। ਸਭ ਤੋਂ ਛੂਹਣ ਵਾਲੀ ਸ਼ਰਧਾਂਜਲੀ ਆਇਰਿਸ਼ ਕ੍ਰਾਂਤੀਕਾਰੀ ਟੇਰੇਂਸ ਮੈਕਸਵੀਨੀ ਦੀ ਵਿਧਵਾ ਮੈਰੀ ਮੈਕਸਵੀਨੀ ਵੱਲੋਂ ਆਈ।

ਉਨ੍ਹਾਂ ਦੇ ਪਤੀ ਦੀ ਸੰਨ 1921 ਵਿੱਚ 74 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਮੌਤ ਹੋ ਗਈ ਸੀ।

ਮੈਰੀ ਨੇ ਲਿਖਿਆ, "ਸਾਡਾ ਪਰਿਵਾਰ ਜਤਿੰਦਰ ਦਾਸ ਦੀ ਸ਼ਹਾਦਤ 'ਤੇ ਦੁੱਖ ਅਤੇ ਮਾਣ 'ਚ ਭਾਰਤ ਦੇ ਲੋਕਾਂ ਨਾਲ ਖੜ੍ਹਾ ਹੈ। ਆਜ਼ਾਦੀ ਜ਼ਰੂਰ ਮਿਲੇਗੀ।"

ਮੋਤੀ ਲਾਲ ਨਹਿਰੂ ਨੇ ਕੇਂਦਰੀ ਅਸੈਂਬਲੀ ਵਿੱਚ ਮੁਲਤਵੀ ਮਤਾ ਪੇਸ਼ ਕੀਤਾ

ਪੰਜਾਬ ਦੇ ਦੋ ਆਗੂਆਂ ਮੁਹੰਮਦ ਆਲਮ ਅਤੇ ਗੋਪੀਚੰਦ ਭਾਰਗਵ ਨੇ ਜਤਿੰਦਰ ਦਾਸ ਦੀ ਮੌਤ ਦੇ ਵਿਰੋਧ ਵਿੱਚ ਪੰਜਾਬ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਮੋਤੀ ਲਾਲ ਨਹਿਰੂ ਨੇ 14 ਸਤੰਬਰ ਨੂੰ ਕੇਂਦਰੀ ਅਸੈਂਬਲੀ ਵਿੱਚ ਲਾਹੌਰ ਜੇਲ੍ਹ ਵਿੱਚ ਕੈਦੀਆਂ ਨਾਲ ਦੁਰਵਿਵਹਾਰ ਦੇ ਵਿਰੋਧ ਵਿੱਚ ਮੁਲਤਵੀ ਮਤਾ ਪੇਸ਼ ਕੀਤਾ।

ਉਨ੍ਹਾਂ ਸਰਕਾਰ 'ਤੇ ਮਨੁੱਖੀ ਭਾਵਨਾ ਦੇ ਵਿਰੁੱਧ ਕੰਮ ਕਰਨ ਦਾ ਇਲਜ਼ਾਮ ਲਗਾਇਆ।

ਮਦਨ ਮੋਹਨ ਮਾਲਵੀਆ ਨੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਕਿਹਾ, "ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉੱਚ ਆਦਰਸ਼ਾਂ ਵਾਲੇ ਲੋਕ ਹਨ, ਜਿਨ੍ਹਾਂ ਨਾਲ ਆਮ ਅਪਰਾਧੀਆਂ ਵਾਂਗ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ।"

ਇਸ ਪ੍ਰਸਤਾਵ ਨੂੰ 47 ਦੇ ਮੁਕਾਬਲੇ 55 ਵੋਟਾਂ ਨਾਲ ਪ੍ਰਵਾਨ ਕੀਤਾ ਗਿਆ। ਪਰ ਜਤੀਂਦਰ ਨਾਥ ਦਾਸ ਦੀ ਕੁਰਬਾਨੀ ਬੇਕਾਰ ਨਹੀਂ ਗਈ। ਉਨ੍ਹਾਂ ਦੀ ਸ਼ਹਾਦਤ ਤੋਂ 18 ਸਾਲ ਬਾਅਦ ਅੰਗਰੇਜ਼ਾਂ ਨੂੰ ਹਮੇਸ਼ਾ ਲਈ ਭਾਰਤ ਛੱਡਣਾ ਪਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)