ਜਦੋਂ ਚੋਰੀ ਹੋਏ ਬੱਚਿਆਂ ਨੂੰ ਮਾਂਵਾਂ ਨਾਲ ਮਿਲਵਾਉਣ ਵਾਲੀ ਔਰਤ ਨੂੰ ਆਪਣੀ ਮਾਂ ਨੂੰ ਹੀ ਲੱਭਣਾ ਪਿਆ

    • ਲੇਖਕ, ਫੇਅ ਨਰਸ
    • ਰੋਲ, ਬੀਬੀਸੀ ਪੱਤਰਕਾਰ

ਤਮੁਨਾ ਮੁਸੇਰਿਜ਼ ਨੇ ਇੱਕ ਡੂੰਘਾ ਸਾਹ ਲਿਆ ਅਤੇ ਇੱਕ ਫ਼ੋਨ ਕੀਤਾ, ਜਿਸ ਦਾ ਸੁਪਨਾ ਉਸ ਨੇ ਉਦੋਂ ਲਿਆ ਸੀ ਜਦੋਂ ਉਸ ਨੂੰ ਪਤਾ ਲੱਗਿਆ ਸੀ ਕਿ ਉਸ ਨੂੰ ਗੋਦ ਲਿਆ ਗਿਆ ਹੈ।

ਜਦੋਂ ਉਸ ਨੇ ਇੱਕ ਅਜਿਹੀ ਔਰਤ ਦਾ ਪਤਾ ਲਗਾਇਆ, ਜਿਸ ਨੂੰ ਉਹ ਆਪਣੀ ਜਨਮ ਦੇਣ ਵਾਲੀ ਮਾਂ ਸਮਝਦੀ ਸੀ ਤਾਂ ਉਸ ਨੂੰ ਪਤਾ ਸੀ ਕਿ ਇਹ ਕੋਈ ਪਰੀਆਂ ਵਾਲੀ ਕਹਾਣੀ ਵਰਗਾ ਸੁਖਦ ਮਿਲਾਪ ਨਹੀਂ ਹੋਵੇਗਾ।

ਪਰ ਜਿਸ ਚੀਜ਼ ਦੀ ਉਸ ਨੂੰ ਉਮੀਦ ਨਹੀਂ ਸੀ ਉਹ ਸੀ ਕਿ ਫੋਨ ਦੇ ਦੂਜੇ ਪਾਸੇ ਵਾਲੀ ਔਰਤ ਕੋਰੇ ਜਿਹੇ ਜਵਾਬ ਨਾਲ ਨਾਰਜ਼ ਹੋਣ ਵਾਲੀ ਹੈ।

ਤਮੁਨਾ ਯਾਦ ਕਰਦੀ ਹੈ ਕਿ ਉਹ ਪ੍ਰਤੀਕਿਰਿਆ ਤੋਂ ਨਾਰਾਜ਼ ਨਹੀਂ ਬਲਕਿ ਹੈਰਾਨ ਸੀ। ਉਹ ਦੱਸਦੇ ਹਨ, "ਉਹ ਚੀਕਣ ਲੱਗੀ, ਉਸ ਨੇ ਕਿਹਾ ਕਿ ਉਸ ਨੇ ਕਿਸੇ ਬੱਚੇ ਨੂੰ ਜਨਮ ਨਹੀਂ ਦਿੱਤਾ। ਉਸ ਨੂੰ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"

"ਮੈਂ ਕਿਸੇ ਵੀ ਚੀਜ਼ ਲਈ ਤਿਆਰ ਸੀ ਪਰ ਉਸ ਦੀ ਪ੍ਰਤੀਕਿਰਿਆ ਮੇਰੀ ਸੋਚ ਤੋਂ ਵੀ ਪਰੇ ਸੀ।"

40 ਤਮੁਨਾ ਨੇ ਜਦੋਂ ਅਗਸਤ ਵਿੱਚ ਆਪਣੀ ਮਾਂ ਨੂੰ ਫੋਨ ਕੀਤਾ ਤਾਂ ਉਹ ਜਾਣਦੇ ਸੀ ਕਿ ਉਹ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਇਦ ਨਹੀਂ ਚਾਹੁੰਦੇ। ਤਮੁਨਾ ਇਸ ਤੋਂ ਪਰੇ ਜਾਣ ਲਈ ਨਹੀਂ ਸੋਚ ਸਕਦੀ ਸੀ।

ਤਮੁਨਾ ਜਾਣਨਾ ਚਾਹੁੰਦੇ ਸੀ ਕਿ ਉਨ੍ਹਾਂ ਨੂੰ ਕਿਹੜੇ ਹਾਲਾਤ ਵਿੱਚ ਗੋਦ ਲਿਆ ਗਿਆ ਅਤੇ ਇੱਕ ਚੀਜ਼ ਜੋ ਹੋਰ ਉਹ ਜਾਣਨਾ ਚਾਹੁੰਦੀ ਸੀ, ਉਹ ਸੀ ਉਸ ਦੇ ਪਿਤਾ ਦਾ ਨਾਮ ਜੋ ਸਿਰਫ਼ ਉਸ ਦੀ ਮਾਂ ਹੀ ਦੱਸ ਸਕਦੀ ਸੀ।

ਤਮੁਨਾ ਨੇ ਆਪਣੀ ਖੋਜ 2016 ਵਿੱਚ ਸ਼ੁਰੂ ਕੀਤੀ ਸੀ, ਜਦੋਂ ਉਹ ਆਪਣੀ ਮਰਹੂਮ ਮਾਂ ਦਾ ਘਰ ਸਾਫ਼ ਕਰ ਰਹੀ ਸੀ।

ਇਸ ਦੌਰਾਨ ਉਨ੍ਹਾਂ ਨੇ ਹੱਥ ਉਨ੍ਹਾਂ ਦਾ ਜਨਮ ਸਰਟੀਫਿਕੇਟ ਲੱਗਾ ਜਿਸ ਉੱਤੇ ਉਸ ਦਾ ਨਾਮ ਸੀ ਅਤੇ ਉਨ੍ਹਾਂ ਦੇ ਜਨਮ ਦੀ ਤਰੀਕ ਗ਼ਲਤ ਸੀ ਅਤੇ ਉਨ੍ਹਾਂ ਨੂੰ ਲੱਗਣ ਲੱਗਾ ਕਿ ਉਨ੍ਹਾਂ ਨੂੰ ਗੋਦ ਲਿਆ ਗਿਆ ਹੈ।

ਕੁਝ ਖੋਜ ਕਰਨ ਮਗਰੋਂ ਉਨ੍ਹਾਂ ਨੇ ਇਸ ਆਸ ਨਾਲ ਇੱਕ ਫੇਸਬੁੱਕ ਪੇਜ ʻਵੇਡਜ਼ੈਬ (ਮੈਂ ਖੋਜ ਰਹੀ ਹਾਂ)ʼ ਬਣਾਇਆ ਕਿ ਸ਼ਾਇਦ ਜਨਮ ਦੇਣ ਵਾਲੇ ਮਾਪੇ ਮਿਲ ਜਾਣ।

ਇਸ ਦੇ ਨਾਲ ਹੀ ਉਨ੍ਹਾਂ ਨੇ ਜਿਓਰਜੀਆ ਵਿੱਚ ਬਾਲ ਤਸਕਰੀ ਕਾਂਡ ਦਾ ਪਰਦਾਫਾਸ ਕੀਤਾ, ਜਿਸ ਕਾਰਨ ਹਜ਼ਾਰਾਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਸਨ।

ਕਈ ਦਹਾਕਿਆਂ ਤੱਕ ਹਜ਼ਾਰਾਂ ਮਾਪਿਆਂ ਨੂੰ ਝੂਠ ਬੋਲਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋ ਗਈ ਹੈ ਪਰ ਅਸਲ ਵਿੱਚ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਸੀ।

ਪਰਿਵਾਰ ਦੇ ਜੀਆਂ ਮਿਲਾਉਣ ਦਾ ਕੰਮ

ਤਮੁਨਾ ਇੱਕ ਪੱਤਰਕਾਰ ਹਨ ਅਤੇ ਸੈਂਕੜੇ ਲੋਕਾਂ ਨੂੰ ਉਨ੍ਹਾਂ ਦੇ ਵਿਛੜੇ ਪਰਿਵਾਰ ਨਾਲ ਮਿਲਾਉਣ ਦਾ ਕੰਮ ਵੀ ਕਰ ਰਹੇ ਹਨ। ਪਰ ਉਹ ਆਪਣੀ ਗੁੱਥੀ ਨੂੰ ਸੁਲਝਾ ਨਹੀਂ ਸਕੇ ਅਤੇ ਸੋਚਦੇ ਰਹੇ ਕਿ ਕਿਤੇ ਉਨ੍ਹਾਂ ਨੂੰ ਵੀ ਬਚਪਨ ਵਿੱਚ ਵੇਚ ਤਾਂ ਨਹੀਂ ਦਿੱਤਾ ਗਿਆ ਸੀ।

ਉਹ ਦੱਸਦੇ ਹਨ, "ਮੈਂ ਇੱਕ ਪੱਤਰਕਾਰ ਵਜੋਂ ਇਸ ਕਹਾਣੀ ਉੱਤੇ ਸੀ ਪਰ ਮੇਰੇ ਲਈ ਇਹ ਨਿੱਜੀ ਮਿਸ਼ਨ ਵੀ ਸੀ।"

ਉਨ੍ਹਾਂ ਦੀ ਖੋਜ ਵਿੱਚ ਮੋੜ ਗਰਮੀਆਂ ਵਿੱਚ ਆਇਆ, ਜਦੋਂ ਉਨ੍ਹਾਂ ਨੂੰ ਫੇਸਬੁੱਕ ਗਰੁੱਪ ʼਤੇ ਇੱਕ ਮੈਸੇਜ ਆਇਆ।

ਇਹ ਮੈਸੇਜ ਉਨ੍ਹਾਂ ਨੂੰ ਜਿਓਰਜੀਆ ਦੇ ਦਿਹਾਤੀ ਇਲਾਕੇ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਕੋਲੋਂ ਆਇਆ ਸੀ। ਉਸ ਨੇ ਲਿਖਿਆ ਕਿ ਉਹ ਉਸ ਔਰਤ ਨੂੰ ਜਾਣਦੇ ਹਨ ਜਿਸ ਨੇ ਆਪਣੇ ਗਰਭਵਤੀ ਹੋਣ ਬਾਰੇ ਲੁਕਾਇਆ ਸੀ ਅਤੇ ਸਤੰਬਰ 1984 ਵਿੱਚ ਤਬੀਲੀਸੀ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ।

ਇਹੀ ਉਹੀ ਵੇਲਾ ਤੇ ਤਰੀਕ ਸੀ ਜਦੋਂ ਤਮੁਨਾ ਦਾ ਜਨਮ ਹੋਇਆ ਅਤੇ ਇਸੇ ਤਰੀਕ ਨੂੰ ਹੀ ਉਸ ਨੇ ਜਨਤਕ ਕੀਤਾ ਸੀ।

ਉਸ ਵਿਅਕਤੀ ਦਾ ਮੰਨਣਾ ਸੀ ਕਿ ਉਹ ਔਰਤ ਤਮੁਨਾ ਨੂੰ ਜਨਮ ਦੇਣ ਵਾਲੀ ਔਰਤ ਹੀ ਸੀ ਅਤੇ ਉਨ੍ਹਾਂ ਨੇ ਇੱਕ ਨਾਮ ਵੀ ਦੱਸਿਆ ਸੀ।

ਤਮੁਨਾ ਨੇ ਤੁਰੰਤ ਉਸ ਔਰਤ ਨੂੰ ਆਨਲਾਈਨ ਲੱਭਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਫਿਰ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਆਨਲਾਈਨ ਇੱਕ ਅਪੀਲ ਪੋਸਟ ਕਰਨ ਕਿ ਜੇਕਰ ਕੋਈ ਉਨ੍ਹਾਂ ਬਾਰੇ ਜਾਣਦਾ ਹੈ ਤਾਂ ਜਾਣਕਾਰੀ ਦੇਵੇ।

ਜਲਦੀ ਹੀ ਇੱਕ ਔਰਤ ਨੇ ਇਸ ʼਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਜਿਸ ਔਰਤ ਨੇ ਆਪਣੇ ਗਰਭਵਤੀ ਹੋਣ ਦੀ ਗੱਲ ਲੁਕਾਈ ਸੀ ਉਹ ਉਨ੍ਹਾਂ ਦੀ ਰਿਸ਼ਤੇਦਾਰ ਹੈ। ਉਨ੍ਹਾਂ ਨੇ ਤਮੁਨਾ ਨੂੰ ਪੋਸਟ ਹਟਾਉਣ ਲਈ ਕਿਹਾ ਪਰ ਡੀਐੱਨਏ ਟੈਸਟ ਲਈ ਰਾਜ਼ੀ ਹੋ ਗਈ।

ਮਾਂ ਨੂੰ ਕਬੂਲ ਕਰਨ ਲਈ ਮਨਾਉਣਾ

ਜਦੋਂ ਉਹ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਤਮੁਨਾ ਨੇ ਆਪਣੀ ਮਾਂ ਨੂੰ ਫੋਨ ਕੀਤਾ।

ਇੱਕ ਹਫ਼ਤੇ ਬਾਅਦ ਡੀਐੱਨਏ ਦੇ ਨਤੀਜੇ ਆਏ, ਜਿਨ੍ਹਾਂ ਵਿੱਚ ਇਹ ਨਿਕਲਿਆ ਕਿ ਤਮੁਨਾ ਅਤੇ ਫੇਸਬੁੱਕ ਵਾਲੀ ਔਰਤ ਆਪਸ ਵਿੱਚ ਰਿਸ਼ਤੇਦਾਰ ਹਨ। ਸਬੂਤਾਂ ਨਾਲ ਲੈਸ ਤਮੁਨਾ ਨੇ ਆਪਣੀ ਮਾਂ ਨੂੰ ਸੱਚ ਸਵੀਕਾਰ ਕਰਨ ਅਤੇ ਉਸ ਦੇ ਪਿਤਾ ਦਾ ਨਾਮ ਦੱਸਣ ਲਈ ਮਨਾਇਆ।

ਉਸ ਵਿਅਕਤੀ ਦਾ ਨਾਮ ਗੁਰਜਨ ਖੋਰਾਵਾ ਸੀ।

ਉਹ ਯਾਦ ਕਰਦੇ ਹਨ, "ਪਹਿਲੇ ਦੋ ਮਹੀਨੇ ਹੈਰਾਨ ਕਰਨ ਵਾਲੇ ਸਨ, ਮੈਨੂੰ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਹੋਇਆ ਹੈ। ਮੈਨੂੰ ਵਿਸ਼ਵਾਸ਼ ਨਹੀਂ ਹੋਇਆ ਕਿ ਮੈਂ ਉਨ੍ਹਾਂ ਨੂੰ ਲੱਭ ਲਿਆ ਹੈ।"

ਜਦੋਂ ਤਮੁਨਾ ਨੂੰ ਗੁਰਜਨ ਦਾ ਨਾਮ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਤੁਰੰਤ ਫੇਸਬੁੱਕ ʼਤੇ ਲੱਭ ਲਿਆ। ਪਤਾ ਲੱਗਾ ਕਿ ਉਨ੍ਹਾਂ ਦੀ ਸਟੋਰੀ ਨੂੰ ਉਹ ਸੋਸ਼ਲ ਮੀਡੀਆ ʼਤੇ ਫੌਲੋ ਕਰ ਰਹੇ ਸੀ। ਜਿਓਰਜੀਆ ਵਿੱਚ ਪਰਿਵਾਰਾਂ ਦੇ ਮਿਲਾਪ ਬਾਰੇ ਉਨ੍ਹਾਂ ਦੇ ਕੰਮ ਨੂੰ ਵੱਡੇ ਪੱਧਰ ʼਤੇ ਜਾਣਿਆ ਜਾਂਦਾ ਹੈ।

ਪਿਤਾ ਨਾਲ ਮੁਲਾਕਾਤ

ਤਮੁਨਾ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਕਿ "ਉਹ ਉਨ੍ਹਾਂ ਦੀ ਫਰੈਂਡ ਲਿਸਟ ਵਿੱਚ ਤਿੰਨ ਸਾਲਾਂ ਤੋਂ ਜੁੜੇ ਹੋਏ ਸਨ।" ਉਨ੍ਹਾਂ ਨੂੰ ਅਹਿਸਾਸ ਵੀ ਨਹੀਂ ਸੀ ਕਿ ਉਹ ਵੀ ਉਨ੍ਹਾਂ ਦੀ ਸਟੋਰੀ ਦਾ ਹਿੱਸਾ ਹਨ।

ਤਮੁਨਾ ਦਾ ਕਹਿਣਾ ਹੈ, "ਉਹ ਤਾਂ ਮੇਰੀ ਜਨਮ ਦੇਣ ਵਾਲੀ ਮਾਂ ਦੇ ਗਰਭਵਤੀ ਹੋਣ ਬਾਰੇ ਵੀ ਨਹੀਂ ਜਾਣਦੇ ਸੀ। ਉਹ ਇਹ ਜਾਣ ਕੇ ਬੇਹੱਦ ਹੈਰਾਨ ਹੋਏ।"

ਉਨ੍ਹਾਂ ਨੇ ਬਹੁਤ ਜਲਦੀ ਪੱਛਮੀ ਜਿਓਰਜੀਆ ਵਿੱਚ ਆਪਣੇ ਜੱਦੀ ਪਿੰਡ ਜੁਗਦੀਦੀ ਵਿੱਚ ਮੀਟਿੰਗ ਤੈਅ ਕੀਤੀ।

ਯਾਦ ਕਰ ਕੇ ਤਮੁਨਾ ਦੱਸਦੇ ਹਨ ਕਿ ਉਹ ਸਦਮੇ ਵਾਲੀ ਸਥਿਤੀ ਵਿੱਚ ਸਨ ਪਰ ਅੱਗੇ ਵਧੇ ਅਤੇ ਉਨ੍ਹਾਂ ਨੂੰ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੋਈ।

ਉੱਥੇ ਉਨ੍ਹਾਂ ਨੂੰ 72 ਸਾਲਾ ਬਜ਼ੁਰਗ ਨਜ਼ਰ ਆਇਆ, ਉਹ ਗਲ਼ੇ ਮਿਲੇ ਅਤੇ ਕੁਝ ਦੇਰ ਤੱਕ ਉਨ੍ਹਾਂ ਨੇ ਇੱਕ-ਦੂਜੇ ਨੂੰ ਤਕਿਆ ਤੇ ਫਿਰ ਮੁਸਕਰਾਏ।

ਉਹ ਦੱਸਦੇ ਹਨ, "ਇਹ ਬੇਹੱਦ ਅਜੀਬ ਸੀ, ਜਦੋਂ ਉਹ ਮੇਰੇ ਵੱਲ ਦੇਖ ਰਹੇ ਸੀ, ਉਹ ਜਾਣਦੇ ਸੀ ਕਿ ਮੈਂ ਉਨ੍ਹਾਂ ਦੀ ਧੀ ਹਾਂ। ਮੇਰੀਆਂ ਭਵਾਨਾਵਾਂ ਬੜੀਆਂ ਰਲੀਆਂ-ਮਿਲੀਆਂ ਸਨ।"

ਉਨ੍ਹਾਂ ਕੋਲ ਬਹੁਤ ਸਾਰੇ ਸਵਾਲ ਸਨ ਅਤੇ ਉਨ੍ਹਾਂ ਨਹੀਂ ਜਾਣਦੇ ਸਨ ਕਿ ਉਹ ਕਿੱਥੋਂ ਸ਼ੁਰੂ ਕਰਨ।

ਉਹ ਦੱਸਦੇ ਹਨ, "ਅਸੀਂ ਇਕੱਠੇ ਬੈਠੇ, ਇੱਕ-ਦੂਜੇ ਨੂੰ ਦੇਖਿਆ ਅਤੇ ਕੁਝ ਸਮਾਨਤਾਵਾਂ ਲੱਭਣ ਦੀ ਕੋਸ਼ਿਸ਼ ਕੀਤੀ।"

ਜਦੋਂ ਉਹ ਦੋਵੇਂ ਗੱਲ ਕਰ ਰਹੇ ਸੀ ਤਾਂ ਉਨ੍ਹਾਂ ਅਹਿਸਾਸ ਹੋਇਆ ਕਿ ਉਨ੍ਹਾਂ ਵਿੱਚ ਕਈ ਚੀਜ਼ਾਂ ਸਾਂਝੀਆਂ ਹਨ, ਗੁਰਜਨ ਕਿਸੇ ਵੇਲੇ ਸਟੇਟ ਬੈਲੇ ਆਫ ਜਿਓਰਜੀਆ ਵਿੱਚ ਮਸ਼ਹੂਰ ਡਾਂਸਰ ਸਨ ਅਤੇ ਉਨ੍ਹਾਂ ਨੂੰ ਜਾਣ ਕੇ ਖੁਸ਼ੀ ਹੋਈ ਕਿ ਤਮੁਨਾ ਦੀਆਂ ਧੀਆਂ ਵੀ ਅਜਿਹੇ ਜਨੂਨ ਨੂੰ ਰੱਖਦੀਆਂ ਹਨ।

ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ, "ਉਨ੍ਹਾਂ ਦੋਵਾਂ ਨੂੰ ਵੀ ਡਾਂਸ ਕਰਨਾ ਪਸੰਦ ਹੈ ਅਤੇ ਮੇਰੇ ਪਤੀ ਨੂੰ ਵੀ।"

ਗੁਰਜਨ ਨੇ ਆਪਣੇ ਪੂਰੇ ਪਰਿਵਾਰ ਨੂੰ ਤਮੁਨਾ ਨਾਲ ਮਿਲਣ ਲਈ ਆਪਣੇ ਘਰ ਸੱਦਿਆ, ਉਨ੍ਹਾਂ ਨੇ ਰਿਸ਼ਤੇਦਾਰਾਂ ਦੇ ਇੱਕ ਵੱਡੇ ਸਮੂਹ ਨਾਲ ਮਿਲਵਾਇਆ, ਸੌਤੈਲੇ ਭੈਣ-ਭਰਾ, ਚਾਚਾ-ਚਾਚੀ ਅਤੇ ਉਨ੍ਹਾਂ ਦੇ ਬੱਚਿਆਂ ਨਾਲ।

ਸਾਰਿਆਂ ਨੇ ਇਸ ਗੱਲ ʼਤੇ ਸਹਿਮਤੀ ਜਤਾਈ ਕਿ ਉਨ੍ਹਾਂ ਵਿੱਚ ਕਾਫੀ ਸਮਾਨਤਾ ਸੀ।

ਉਹ ਕਹਿੰਦੇ ਹਨ, "ਉਨ੍ਹਾਂ ਦੇ ਸਾਰਿਆਂ ਬੱਚਿਆਂ ਵਿੱਚੋਂ ਮੈਂ ਹੀ ਆਪਣੇ ਪਿਤਾ ਵਾਂਗ ਲੱਗਦੀ ਹੈ।"

ਉਨ੍ਹਾਂ ਨੇ ਕਹਾਣੀਆਂ ਸਾਂਝੀਆਂ ਕਰਨ, ਜਿਓਰਜੀਆ ਦੇ ਰਵਾਇਤੀ ਖਾਣੇ ਖਾ ਕੇ ਅਤੇ ਗਾਣੇ ਗਾ ਕੇ ਸ਼ਾਮ ਬਤੀਤ ਕੀਤੀ।

ਤਮੁਨਾ ਬੇਸ਼ੱਕ ਆਪਣੇ ਪਿਤਾ ਨਾਲ ਮਿਲ ਚੁੱਕੇ ਹਨ ਪਰ ਉਨ੍ਹਾਂ ਦੇ ਮਨ ਵਿੱਚ, ਹਜ਼ਾਰਾਂ ਜਿਓਰਜੀਅਨਾਂ ਵਾਂਗ ਇੱਕ ਸਵਾਲ ਹੈ, ਕਿ ਕੀ ਉਨ੍ਹਾਂ ਨੂੰ ਜਨਮ ਵੇਲੇ ਉਨ੍ਹਾਂ ਦੀ ਮਾਂ ਤੋਂ ਚੋਰੀ ਕਰ ਕੇ ਵੇਚ ਦਿੱਤਾ ਗਿਆ ਸੀ?

ਉਸ ਨੂੰ ਪਾਲਣ ਵਾਲੇ ਮਾਤਾ-ਪਿਤਾ ਹੁਣ ਜ਼ਿੰਦਾ ਨਹੀਂ ਸਨ ਅਤੇ ਇਸ ਲਈ ਉਹ ਉਨ੍ਹਾਂ ਕੋਲੋਂ ਨਹੀਂ ਪੁੱਛ ਸਕਦੀ ਸੀ।

ਅਕਤੂਬਰ ਵਿੱਚ ਉਨ੍ਹਾਂ ਨੂੰ ਆਪਣੀ ਜਨਮ ਦੇਣ ਵਾਲੀ ਮਾਂ ਤੋਂ ਇਹ ਪੁੱਛਣ ਦਾ ਮੌਕਾ ਮਿਲਿਆ। ਇੱਕ ਪੋਲਿਸ਼ ਟੀਵੀ ਕੰਪਨੀ ਤਮੁਨਾ ਬਾਰੇ ਇੱਕ ਦਸਤਾਵੇਜ਼ੀ ਤਿਆਰ ਕਰ ਰਹੀ ਸੀ ਅਤੇ ਉਨ੍ਹਾਂ ਨੂੰ, ਉਨ੍ਹਾਂ ਦੀ ਮਾਂ ਨਾਲ ਮਿਲਵਾਉਣ ਲਈ ਲੈ ਗਈ, ਜੋ ਉਨ੍ਹਾਂ ਨਾਲ ਨਿੱਜੀ ਤੌਰ ʼਤੇ ਗੱਲਬਾਤ ਕਰਨ ਲਈ ਸਹਿਮਤ ਹੋ ਗਈ।

ਤਮੁਨਾ ਨੇ ਜਿਨ੍ਹਾਂ ਲੋਕਾਂ ਦੀ ਮਦਦ ਕੀਤੀ, ਉਨ੍ਹਾਂ ਤੋਂ ਵੱਖ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਖ਼ੁਦ ਚੋਰੀ ਕੀਤੀ ਹੋਈ ਬੱਚੀ ਨਹੀਂ ਸੀ। ਇਸ ਦੀ ਬਜਾਇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ ਅਤੇ 40 ਸਾਲ ਤੱਕ ਇਹ ਰਹੱਸ ਰੱਖਿਆ ਸੀ।

ਉਨ੍ਹਾਂ ਦੇ ਮਾਤਾ-ਪਿਤਾ ਰਿਸ਼ਤੇ ਵਿੱਚ ਨਹੀਂ ਸਨ ਅਤੇ ਉਹ ਮੁਲਾਕਾਤ ਸਿਰਫ਼ ਛੋਟੀ ਜਿਹੀ ਹੋਈ ਸੀ।

ਉਨ੍ਹਾਂ ਦੇ ਮਾਤਾ ਸ਼ਰਮਿੰਦਰੀ ਨਾਲ ਭਰ ਗਏ ਅਤੇ ਉਨ੍ਹਾਂ ਗਰਭਵਤੀ ਹੋਣ ਬਾਰੇ ਲੁਕਾਉਣਾ ਚੁਣਿਆ।

ਸਤੰਬਰ 1984 ਵਿੱਚ ਉਨ੍ਹਾਂ ਤਬੀਲਿਸੀ ਦਾ ਸਫ਼ਰ ਕੀਤਾ ਅਤੇ ਲੋਕਾਂ ਨੂੰ ਦੱਸਿਆ ਕਿ ਉਹ ਸਰਜਰੀ ਕਰਵਾਉਣ ਜਾ ਰਹੇ ਹਨ। ਉੱਥੇ ਉਨ੍ਹਾਂ ਨੇ ਇੱਕ ਬੱਚੀ ਨੂੰ ਜਨਮ ਦਿੱਤਾ।

ਉਹ ਉਦੋਂ ਤੱਕ ਉੱਥੇ ਰਹੇ ਜਦੋਂ ਤੱਕ ਤਮੁਨੇ ਨੂੰ ਗੋਦ ਲਏ ਜਾਣ ਸਬੰਧੀ ਪ੍ਰਬੰਧ ਨਹੀਂ ਹੋ ਗਏ।

ਤਮੁਨਾ ਦਾ ਕਹਿਣਾ ਹੈ, "ਇਹ ਜਾਣਨਾ ਬੇਹੱਦ ਦਰਦ ਭਰਿਆ ਸੀ ਕਿ ਗੋਦ ਲਏ ਜਾਣ ਤੋਂ ਪਹਿਲਾਂ ਮੈਂ ਉਨ੍ਹਾਂ ਨਾਲ 10 ਦਿਨ ਬਿਤਾਏ। ਮੈਂ ਇਸ ਬਾਰੇ ਨਾ ਸੋਚਣ ਦੀ ਕੋਸ਼ਿਸ਼ ਵੀ ਕੀਤੀ।"

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਝੂਠ ਬੋਲਣ ਲਈ ਕਿਹਾ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਚੋਰੀ ਹੋ ਗਏ ਸਨ।

"ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਅਜਿਹਾ ਨਹੀਂ ਕਹਾਂਗੀ ਤਾਂ ਸਾਡੇ ਵਿੱਚ ਸਾਰਾ ਕੁਝ ਖ਼ਤਮ ਹੋ ਜਾਵੇ... ਅਤੇ ਮੈਂ ਕਿਹਾ ਮੈਂ ਅਜਿਹਾ ਨਹੀਂ ਕਰਾਂਗੀ।"

ਤਮੁਨਾ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਉਨ੍ਹਾਂ ਸਾਰੇ ਮਾਪਿਆਂ ਲਈ ਠੀਕ ਨਹੀਂ ਹੋਵੇਗਾ, ਜਿਨ੍ਹਾਂ ਦੇ ਬੱਚੇ ਸੱਚਮੁੱਚ ਚੋਰੀ ਹੋ ਗਏ ਸਨ।

"ਜੇਕਰ ਮੈਂ ਝੂਠ ਬੋਲਦੀ ਤਾਂ ਜਿਨ੍ਹਾਂ ਦੇ ਬੱਚੇ ਚੋਰੀ ਹੋ ਗਏ ਹਨ ਉਨ੍ਹਾਂ ਮਾਵਾਂ ਦਾ ਕੋਈ ਵਿਸ਼ਵਾਸ਼ ਨਹੀਂ ਕਰੇਗਾ।"

ਉਨ੍ਹਾਂ ਦੀ ਮਾਂ ਨੇ ਉਨ੍ਹਾਂ ਘਰੋਂ ਜਾਣ ਲਈ ਕਿਹਾ ਅਤੇ ਉਦੋਂ ਤੋਂ ਉਨ੍ਹਾਂ ਨੇ ਗੱਲ ਵੀ ਨਹੀਂ ਕੀਤੀ।

ਇਹ ਆਖਦੇ ਹਨ, "ਕੀ ਮੈਨੂੰ ਅਜਿਹਾ ਮੁੜ ਕਰਨਾ ਚਾਹੀਦਾ ਹੈ? ਮੈਂ ਅਜਿਹਾ ਕਰਾਂਗੀ, ਮੈਨੂੰ ਮੇਰੇ ਨਵੇਂ ਪਰਿਵਾਰ ਤੋਂ ਕੁਝ ਮਿਲਿਆ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)