ਜੈਨ ਧਰਮ ਦੀ ਸੰਥਾਰਾ ਰਵਾਇਤ ਕੀ ਹੈ, ਜਿਸ ਨੂੰ ਕੁਝ ਲੋਕ 'ਆਤਮ ਹੱਤਿਆ' ਕਹਿ ਕੇ ਪਾਬੰਦੀ ਦੀ ਮੰਗ ਵੀ ਕਰਦੇ ਹਨ

    • ਲੇਖਕ, ਸਵਾਮੀਨਾਥਨ ਨਟਰਾਜਨ
    • ਰੋਲ, ਬੀਬੀਸੀ ਪੱਤਰਕਾਰ

ਸਾਇਰ ਦੇਵੀ ਮੋਦੀ ਨੇ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਣ ਤੋਂ ਤਿੰਨ ਹਫ਼ਤਿਆਂ ਬਾਅਦ ਇਲਾਜ ਨਾ ਕਰਵਾਉਣ ਦਾ ਫੈਸਲਾ ਕੀਤਾ। ਇਸ ਮਗਰੋਂ, ਉਨ੍ਹਾਂ ਨੇ 88 ਸਾਲ ਦੀ ਉਮਰ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੇ ਪੋਤੇ ਪ੍ਰਣਯ ਮੋਦੀ ਨੇ ਦੱਸਿਆ, "ਉਨ੍ਹਾਂ ਦੀ ਬਾਇਓਪਸੀ ਰਿਪੋਰਟ 25 ਜੂਨ ਨੂੰ ਆਈ, ਜਿਸ ਤੋਂ ਕੈਂਸਰ ਦੇ ਫੈਲਣ ਦਾ ਪਤਾ ਲੱਗਿਆ। 13 ਜੁਲਾਈ ਦੇ ਦਿਨ ਉਨ੍ਹਾਂ ਪ੍ਰਾਥਨਾ ਕੀਤੀ। ਅਗਲੇ ਦਿਨ, ਉਨ੍ਹਾਂ ਨੇ ਸਾਨੂੰ ਫ਼ੋਨ ਕੀਤਾ ਅਤੇ ਸੰਥਾਰਾ ਦੀ ਇੱਛਾ ਪ੍ਰਗਟਾਈ।"

ਸੰਥਾਰਾ ਦੀ ਪਰੰਪਰਾ ਜੈਨ ਧਰਮ ਦੇ ਕੁਝ ਲੋਕਾਂ ਵੱਲੋਂ ਅਪਣਾਈ ਜਾਂਦੀ ਹੈ। ਇਸ ਵਿੱਚ ਵਿਅਕਤੀ ਵੱਲੋਂ ਭੋਜਨ ਅਤੇ ਪਾਣੀ ਦਾ ਤਿਆਗ ਕਰਦਿਆਂ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਂਦਾ ਹੈ।

ਹਾਲਾਂਕਿ ਇਸ ਪਰੰਪਰਾ ਦਾ ਪਾਲਣ ਕਰਨਾ ਜੈਨ ਧਰਮ ਦੇ ਹਰੇਕ ਵਿਅਕਤੀ ਲਈ ਜ਼ਰੂਰੀ ਨਹੀਂ ਹੈ।

ਭਾਰਤੀ ਮੀਡੀਆ ਦੇ ਅਨੁਸਾਰ ਹਰ ਸਾਲ ਲਗਭਗ 200 ਤੋਂ 500 ਦੇ ਕਰੀਬ ਜੈਨ ਲੋਕ ਸੰਥਾਰਾ ਦੀ ਚੋਣ ਕਰਦੇ ਹਨ।

ਭਾਵੇਂ ਕਿ ਕੁਝ ਲੋਕਾਂ ਵੱਲੋਂ ਇਸ ਪ੍ਰਥਾ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਅਤੇ ਇਸਨੂੰ 'ਆਤਮ ਹੱਤਿਆ' ਕਰਨਾ ਦੱਸਿਆ ਜਾਂਦਾ ਹੈ।

ਇਸ ਸਮੇਂ ਸੰਥਾਰਾ 'ਤੇ ਪਾਬੰਦੀ ਲਗਾਉਣ ਦੀ ਮੰਗ ਲਈ ਪਟੀਸ਼ਨ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।

ਜੈਨ ਧਰਮ

ਅਹਿੰਸਾ ਜੈਨ ਧਰਮ ਦੇ ਮੂਲ ਵਿਚਾਰਾਂ ਵਿੱਚੋਂ ਇੱਕ ਹੈ। ਜੈਨ ਧਰਮ ਘੱਟੋ-ਘੱਟ 2,500 ਸਾਲ ਪੁਰਾਣਾ ਹੈ। ਇਹ ਧਰਮ ਸ਼ੁੱਧ, ਸਦੀਵੀ ਅਤੇ ਸਰਵ-ਵਿਆਪੀ ਆਤਮਾ ਵਿੱਚ ਵਿਸ਼ਵਾਸ ਰੱਖਦੇ ਹਨ।

ਲਗਭਗ ਸਾਰੇ ਜੈਨੀ ਸ਼ਾਕਾਹਾਰੀ ਹੁੰਦੇ ਹਨ, ਅਤੇ ਧਰਮ ਨੈਤਿਕ ਕਦਰਾਂ-ਕੀਮਤਾਂ ਅਤੇ ਦੁਨਿਆਵੀ ਸੁੱਖਾਂ ਦੇ ਤਿਆਗ 'ਤੇ ਧਿਆਨ ਦਿੰਦੇ ਹਨ।

ਭਾਰਤ ਵਿੱਚ ਜੈਨਾਂ ਦੀ ਗਿਣਤੀ ਲਗਭਗ ਪੰਜ ਲੱਖ ਹੈ ਅਤੇ ਉਨ੍ਹਾਂ ਵਿੱਚੋਂ ਵਧੇਰੇ ਪੜ੍ਹੇ-ਲਿਖੇ ਅਤੇ ਮੁਕਾਬਲਤਨ ਅਮੀਰ ਹਨ। ਪਿਊ ਰਿਸਰਚ ਸੈਂਟਰ ਦੇ ਅਨੁਸਾਰ, ਜੈਨਾਂ ਵਿੱਚੋਂ ਇੱਕ ਤਿਹਾਈ ਕੋਲ ਯੂਨੀਵਰਸਿਟੀ ਦੀ ਡਿਗਰੀ ਹੈ, ਜਦੋਂ ਕਿ ਆਮ ਭਾਰਤੀ ਆਬਾਦੀ ਵਿੱਚ ਸਿਰਫ਼ ਨੌਂ ਪ੍ਰਤੀਸ਼ਤ ਕੋਲ ਯੂਨੀਵਰਸਿਟੀ ਦੀ ਡਿਗਰੀ ਹੈ।

ਭਾਰਤ ਵਿੱਚ ਜੈਨ ਗੁਰੂਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਆਚਾਰੀਆ ਸ਼੍ਰੀ ਵਿਦਿਆਸਾਗਰ ਮਹਾਰਾਜ ਦੇ ਦੇਹਾਂਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਸੋਗ ਪ੍ਰਗਟ ਕਰਦਿਆਂ ਮਹਾਰਾਜ ਦੇ ਦੇਹਾਂਤ ਨੂੰ ਦੇਸ਼ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਸੀ।

ਜੈਨ ਧਰਮ ਵਿੱਚ ਸਤਿਕਾਰਤ ਮਹਾਰਾਜ ਨੇ 77 ਸਾਲ ਦੀ ਉਮਰ ਵਿੱਚ ਤਿੰਨ ਦਿਨਾਂ ਦੇ ਵਰਤ ਤੋਂ ਬਾਅਦ ਆਖਰੀ ਸਾਹ ਲਏ ਸਨ। ਹਜ਼ਾਰਾਂ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਸਨ।

ਜੈਨ ਪੈਰੋਕਾਰਾਂ ਦਾ ਤਰਕ ਹੈ ਕਿ ਸੰਥਾਰਾ ਰਾਹੀਂ ਜੀਵਨ ਤਿਆਗਣ ਦੀ ਪ੍ਰਕਿਰਿਆ ਦੀ ਤੁਲਨਾ ਹੱਤਿਆ ਜਾਂ ਖੁਦਕੁਸ਼ੀ ਨਾਲ ਨਹੀਂ ਕੀਤੀ ਜਾਣੀ ਚਾਹੀਦੀ।

ਕੋਲੋਰਾਡੋ-ਡੇਨਵਰ ਯੂਨੀਵਰਸਿਟੀ ਦੇ ਜੈਨ ਧਰਮ ਦੇ ਮਾਹਰ ਸਟੀਵਨ ਐਮ ਵਾਜ਼ ਨੇ ਬੀਬੀਸੀ ਨੂੰ ਦੱਸਿਆ, "ਸੰਥਾਰਾ ਦੀ ਪ੍ਰਕੀਰਿਆ ਖੁਦਕੁਸ਼ੀ ਤੋਂ ਵੱਖਰੀ ਹੈ, ਇਸ ਵਿੱਚ ਕਿਸੇ ਡਾਕਟਰ ਦੀ ਮਦਦ ਜਾਂ ਕਿਸੇ ਜਾਨਲੇਵਾ ਪਦਾਰਥ ਦਾ ਸੇਵਨ ਨਹੀਂ ਕੀਤਾ ਜਾਂਦਾ ਹੈ।"

ਸੰਥਾਰਾ ਦੀ ਪਰੰਪਰਾ ਦੇ ਅਭਿਆਸ ਦੇ ਇਤਿਹਾਸਕ ਸਬੂਤ ਛੇਵੀਂ ਸਦੀ ਦੇ ਆਸ-ਪਾਸ ਮਿਲਦੇ ਹਨ।

ਮੌਤ ਸਮੇਂ ਜਸ਼ਨ ਵਰਗਾ ਮਾਹੌਲ

ਕਰਮਾ, ਆਤਮਾ, ਪੁਨਰ ਜਨਮ ਅਤੇ ਮੁਕਤੀ ਵਿੱਚ ਵਿਸ਼ਵਾਸ ਸੰਥਾਰਾ ਦੇ ਅਭਿਆਸ ਦੇ ਮੁੱਖ ਤੱਤ ਹਨ।

ਸਾਇਰ ਦੇਵੀ ਸਮੇਤ ਕਈਆਂ ਵੱਲੋਂ ਆਪਣੇ ਜੀਵਨ ਨੂੰ ਖਤਮ ਕਰਨ ਦਾ ਇਹ ਤਰੀਕਾ ਅਪਣਾਇਆ ਗਿਆ ਹੈ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਮੌਤ ਨਜ਼ਦੀਕ ਹੈ ਜਾਂ ਉਹਨਾਂ ਨੂੰ ਕਿਸੇ ਘਾਤਕ ਬਿਮਾਰੀ ਦਾ ਪਤਾ ਲੱਗਦਾ ਹੈ।

ਵਰਤ ਦੌਰਾਨ ਲਈ ਗਈ ਵੀਡੀਓ ਵਿੱਚ, ਸਾਇਰ ਦੇਵੀ ਨੂੰ ਚਿੱਟੀ ਸਾੜੀ ਪਹਿਨੇ ਅਤੇ ਇੱਕ ਕੱਪੜੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਦੇਖਿਆ ਜਾ ਸਕਦਾ ਹੈ।

ਪ੍ਰਣਯ ਮੋਦੀ ਯਾਦ ਕਰਦੇ ਹਨ, "ਉਹ ਆਖਰੀ ਪਲ ਤੱਕ ਸ਼ਾਂਤ, ਸੁਚੇਤ ਸਨ ਅਤੇ ਗੱਲਬਾਤ ਕਰ ਰਹੇ ਸਨ।"

ਪ੍ਰਣਯ ਮੋਦੀ ਕਹਿੰਦੇ ਹਨ ਕਿ ਉਨ੍ਹਾਂ ਦੀ ਦਾਦੀ ਦੇ ਅੰਤਿਮ ਸਮੇਂ ਦੌਰਾਨ ਕਬੀਰਧਾਮ ਵਿੱਚ ਉਨ੍ਹਾਂ ਦੇ ਜੱਦੀ ਸ਼ਹਿਰ ਵਿੱਚ ਤਿਉਹਾਰ ਵਾਲਾ ਮਾਹੌਲ ਸੀ, ਅਤੇ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ।

ਮੋਦੀ ਨੇ ਕਿਹਾ, "ਇਹ ਮੌਤ ਦੀ ਜਗ੍ਹਾ ਨਹੀਂ ਜਾਪਦੀ ਸੀ। ਪਰਿਵਾਰ, ਰਿਸ਼ਤੇਦਾਰ, ਦੋਸਤ, ਗੁਆਂਢੀ ਅਤੇ ਇੱਥੋਂ ਤੱਕ ਕਿ ਅਜਨਬੀ ਵੀ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਏ ਹੋਏ ਸਨ। ਆਪਣੇ ਜ਼ਿੰਦਗੀ ਦੇ ਆਖਰੀ ਦਿਨ ਵੀ ਉਨ੍ਹਾਂ 48 ਮਿੰਟਾਂ ਤੱਕ ਜੈਨ ਧਰਮ ਦੀ ਪ੍ਰਾਰਥਨਾ ਕੀਤੀ ਸੀ।

ਆਪਣੇ ਇਲਾਜ ਦੀਆਂ ਦਵਾਈਆਂ ਬੰਦ ਹੋਣ ਤੋਂ ਬਾਅਦ, ਉਹ ਬਹੁਤ ਦਰਦ ਵਿੱਚ ਹੋਣਗੇ, ਪਰ ਉਨ੍ਹਾਂ ਨੇ ਕਿਸੇ ਵੀ ਚੀਜ਼ ਬਾਰੇ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਦਾ ਚਿਹਰਾ ਸ਼ਾਂਤੀ ਅਤੇ ਊਰਜਾ ਨਾਲ ਭਰਿਆ ਹੋਇਆ ਸੀ।"

ਸਾਇਰ ਦੇਵੀ ਦੇ ਬੱਚਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਅੱਖਾਂ ਸਾਹਮਣੇ ਪੂਰਾ ਹੁੰਦਾ ਵੇਖਿਆ।

ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਨੂੰ ਇਸ ਤਰ੍ਹਾਂ ਜ਼ਿੰਦਗੀ ਸਮਾਪਤ ਕਰਦੇ ਦੇਖਣਾ ਬਹੁਤ ਮੁਸ਼ਕਲ ਸੀ, ਪਰ ਮੈਨੂੰ ਪਤਾ ਸੀ ਕਿ ਉਹ ਇੱਕ ਬਿਹਤਰ ਜਗ੍ਹਾ ਜਾ ਰਹੇ ਸਨ। ਅਸੀਂ ਉਨ੍ਹਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ।"

ਆਖਰੀ ਸੰਘਰਸ਼

ਸੰਥਾਰਾ ਦਾ ਅਭਿਆਸ ਹਮੇਸ਼ਾ ਅਰਾਮਦਾਇਕ ਨਹੀਂ ਹੁੰਦਾ।

ਪ੍ਰੋਫੈਸਰ ਮਿੱਕੀ ਚੇਜ਼ ਨੇ ਇਸ ਵਿਸ਼ੇ 'ਤੇ ਪੀਐਚਡੀ ਕੀਤੀ ਹੈ ਅਤੇ ਉਹ ਅਜਿਹੀਆਂ ਦਰਜਨਾਂ ਘਟਨਾਵਾਂ ਵੇਖ ਚੁੱਕੇ ਹਨ।

ਉਹ ਕਹਿੰਦੇ ਹਨ, "ਇੱਕ ਵਿਅਕਤੀ ਨੂੰ ਕੈਂਸਰ ਦਾ ਪਤਾ ਲੱਗਿਆ ਅਤੇ ਉਨ੍ਹਾਂ ਨੇ ਸੰਥਾਰਾ ਦਾ ਫੈਸਲਾ ਕੀਤਾ, ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੂੰ ਸੰਥਾਰਾ ਲੈਣ ਦੇ ਫੈਸਲੇ 'ਤੇ ਮਾਣ ਹੈ, ਪਰ ਉਹਨਾਂ ਨੂੰ ਆਪਣੇ ਕਰੀਬੀ ਨੂੰ ਦੁੱਖ ਝੱਲਦੇ ਦੇਖ ਕੇ ਤਕਲੀਫ਼ ਦਾ ਅਹਿਸਾਸ ਹੋਇਆ।"

ਇੱਕ ਹੋਰ ਮਾਮਲੇ ਵਿੱਚ, ਚੇਜ਼ ਨੇ ਦੇਖਿਆ ਕਿ ਕੈਂਸਰ ਨਾਲ ਪੀੜਤ ਇੱਕ ਔਰਤ ਮਰਨ ਵਰਤ ਰੱਖਣ ਤੋਂ ਬਾਅਦ ਬਹੁਤ ਸ਼ਾਂਤ ਹੋ ਗਏ ਸੀ।

"ਉਨ੍ਹਾਂ ਦੀ ਨੂੰਹ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇੱਕ ਪਰਿਵਾਰ ਦੇ ਤੌਰ 'ਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਦੇ ਇਰਾਦੇ ਨੂੰ ਮਜ਼ਬੂਤ ​​ਰੱਖਣ ਲਈ ਉਤਸ਼ਾਹਿਤ ਰੱਖਣ ਅਤੇ ਇਸ ਲਈ ਉਹ ਉਨ੍ਹਾਂ ਨੂੰ ਭਗਤੀ ਗੀਤ ਸੁਣਾਉਂਦੇ।"

ਪ੍ਰੋਫੈਸਰ ਵੋਜ਼ ਦਾ ਮੰਨਣਾ ਹੈ ਕਿ ਕੁਝ ਹੱਦ ਤੱਕ ਜ਼ਿੰਦਗੀ ਦਾ ਇਹ ਸੰਘਰਸ਼ ਅਟੱਲ ਹੈ।

ਉਹ ਕਹਿੰਦੇ ਹਨ, "ਕਿਸੇ ਨੂੰ ਭੁੱਖਾ ਮਰਦਾ ਦੇਖਣਾ ਕਦੇ ਵੀ ਸੁਹਾਵਣਾ ਨਹੀਂ ਹੁੰਦਾ ਅਤੇ ਵਿਅਕਤੀ ਦੇ ਆਖਰੀ ਪਲ ਬਹੁਤ ਦਰਦਨਾਕ ਹੋ ਸਕਦੇ ਹਨ। ਸਰੀਰ ਆਪਣੇ ਆਪ ਨੂੰ ਬਚਾਉਣ ਲਈ ਸੰਘਰਸ਼ ਕਰਦਾ ਹੈ ਅਤੇ ਆਖਰੀ ਸਮੇਂ ਤੱਕ ਭੋਜਨ ਜਾਂ ਪਾਣੀ ਦੀ ਮੰਗ ਕਰਦਾ ਹੈ, ਪਰ ਇਹ ਮੰਗ ਪੂਰੀ ਨਹੀਂ ਹੁੰਦੀ।"

ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਖਤਮ ਕਰਨ ਵਾਲੇ ਮੌਂਕ ਦਿਗਮੰਬਰ ਦੀਆਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ, ਉਨ੍ਹਾਂ ਦੀਆਂ ਗੱਲ੍ਹਾਂ ਸੁੰਘੜੀਆਂ ਹੋਈਆਂ ਦਿਖਾਈ ਦਿੱਤੀਆਂ ਅਤੇ ਉਨ੍ਹਾਂ ਦੀਆਂ ਪਸਲੀਆਂ ਬਾਹਰ ਨਿਕਲੀਆਂ ਹੋਈਆ ਸਨ। ਜਿਸ ਤੋਂ ਭੁੱਖਮਰੀ ਅਤੇ ਡੀਹਾਈਡਰੇਸ਼ਨ ਦੇ ਸਰੀਰ 'ਤੇ ਪ੍ਰਭਾਵ ਦਾ ਪਤਾ ਲਗਦਾ ਸੀ।

ਇਹ ਮੰਨਿਆ ਜਾਂਦਾ ਹੈ ਕਿ ਜੈਨ ਪੈਰੋਕਾਰਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਹਨ ਜਿਨ੍ਹਾਂ ਨੇ ਸੰਥਾਰਾ ਦਾ ਰਾਹ ਚੁਣਿਆ।

ਪ੍ਰੋਫੈਸਰ ਵੇਜ਼਼ ਦਾ ਮੰਨਣਾ ਹੈ ਕਿ ਔਰਤਾਂ ਨੂੰ ਅਕਸਰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਉਹ ਮਰਦਾਂ ਨਾਲੋਂ ਜ਼ਿਆਦਾ ਉਮਰ ਜਿਉਂਦੀਆਂ ਹਨ।

ਪ੍ਰੋਫੈਸਰ ਚੇਜ਼ ਕਹਿੰਦੇ ਹਨ ਕਿ ਜੈਨ ਧਰਮ ਵਿੱਚ ਸੰਥਾਰਾ ਨੂੰ ਅਧਿਆਤਮਿਕ ਪ੍ਰਾਪਤੀ ਵਜੋਂ ਦੇਖਿਆ ਜਾਂਦਾ ਹੈ।

ਧਾਰਮਿਕ ਵਿਸ਼ਵਾਸ

ਸ਼੍ਰੀ ਪ੍ਰਕਾਸ਼ ਚੰਦ ਮਹਾਰਾਜ ਜੀ (ਜਨਮ 1929) ਨੂੰ ਸ਼ਵੇਤਾਂਬਰ ਸੰਪ੍ਰਦਾਯ ਵਿੱਚ ਸਭ ਤੋਂ ਬਿਰਦ ਜੈਨ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1945 ਵਿੱਚ ਦੀਖਿਆ ਲਈ ਸੀ। ਉਨ੍ਹਾਂ ਦੇ ਪਿਤਾ ਅਤੇ ਛੋਟੇ ਭਰਾ ਵੀ ਭਿਕਸ਼ੂ ਸਨ ਅਤੇ ਉਨ੍ਹਾਂ ਨੇ ਸੰਥਾਰਾ ਧਾਰਨ ਕੀਤਾ ਸੀ।

ਉਹ ਕਹਿੰਦੇ ਹਨ, "ਮੈਂ ਆਪਣੇ ਪਿਤਾ ਅਤੇ ਭਰਾ ਨੂੰ ਦੇਖ ਕੇ ਨਿਰਾਸ਼ ਨਹੀਂ ਹੋਇਆ। ਮੈਂ ਆਪਣੀ ਜ਼ਿੰਦਗੀ ਵਿੱਚ ਅਨਾਥ ਜਾਂ ਇੱਕਲਾ ਮਹਿਸੂਸ ਨਹੀਂ ਕੀਤਾ।"

95 ਸਾਲਾ ਮਹਾਰਾਜ ਉੱਤਰੀ ਭਾਰਤੀ ਸ਼ਹਿਰ ਗੋਹਨਾ ਦੇ ਇੱਕ ਜੈਨ ਮੰਦਰ ਵਿੱਚ ਰਹਿੰਦੇ ਹਨ। ਉਹ ਫ਼ੋਨ ਜਾਂ ਲੈਪਟਾਪ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਨੇ ਆਪਣੇ ਚੇਲੇ ਆਸ਼ੀਸ਼ ਜੈਨ ਰਾਹੀਂ ਬੀਬੀਸੀ ਨਾਲ ਗੱਲ ਕੀਤੀ ਸੀ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਇਸ ਜੀਵਨ ਦਾ ਆਦਰਸ਼ ਅੰਤ ਅਤੇ ਅਗਲੇ ਜੀਵਨ ਦੀ ਆਦਰਸ਼ ਸ਼ੁਰੂਆਤ ਮੇਰੇ ਦਾਰਸ਼ਨਿਕ, ਅਧਿਆਤਮਿਕ ਅਤੇ ਧਾਰਮਿਕ ਸਿਧਾਂਤਾਂ 'ਤੇ ਅਧਾਰਤ ਹੈ।"

ਉਹ ਅੱਗੇ ਦੱਸਦੇ ਹਨ ਕਿ ਸੰਥਾਰਾ ਵਿੱਚ ਬਹੁਤ ਸਾਰੇ ਪੜਾਅ ਸ਼ਾਮਲ ਹਨ ਅਤੇ ਇਹ ਅਚਾਨਕ ਜਾਂ ਜਲਦਬਾਜ਼ੀ ਵਾਲਾ ਕਦਮ ਨਹੀਂ ਹੋ ਸਕਦਾ। ਇਸ ਲਈ ਪਰਿਵਾਰ ਦੀ ਸਹਿਮਤੀ ਅਤੇ ਮਹਾਰਾਜ ਜੀ ਵਰਗੇ ਅਧਿਆਤਮਿਕ ਗੁਰੂਆਂ ਦੀ ਅਗਵਾਈ ਦੀ ਲੋੜ ਹੁੰਦੀ ਹੈ।

ਸੰਥਾਰਾ ਦੇ ਪਹਿਲੇ ਪੜਾਅ ਵਿੱਚ ਆਪਣੇ ਸਾਰੇ ਪਿਛਲੇ ਪਾਪਾਂ ਅਤੇ ਗਲਤ ਕੰਮਾਂ 'ਤੇ ਵਿਚਾਰ ਕਰਨਾ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਉਸ ਤੋਂ ਬਾਅਦ ਸਾਰੇ ਪਾਪਾਂ ਲਈ ਮਾਫ਼ੀ ਮੰਗਣੀ ਹੁੰਦੀ ਹੈ।

ਮਹਾਰਾਜ ਕਹਿੰਦੇ ਹਨ, "ਵਰਤ ਰੱਖਣਾ ਅਤੇ ਮੌਤ ਨੂੰ ਸਵੀਕਾਰ ਕਰਨਾ ਸਰੀਰ ਅਤੇ ਆਤਮਾ ਨੂੰ ਸ਼ੁੱਧ ਕਰਨ ਅਤੇ ਮਾੜੇ ਕਰਮ ਘਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਅਗਲੇ ਜਨਮ ਵਿੱਚ ਇੱਕ ਬਿਹਤਰ ਅਧਿਆਤਮਿਕ ਜੀਵਨ ਮਿਲਦਾ ਹੈ।"

"ਇਸ ਦਾ ਅੰਤਿਮ ਪੜਾਅ ਜਨਮ ਅਤੇ ਮੌਤ ਦੇ ਚੱਕਰ ਤੋਂ ਮੁਕਤ ਹੋਣਾ ਹੈ।"

ਕਾਨੂੰਨੀ ਚੁਣੌਤੀ

2015 ਵਿੱਚ, ਰਾਜਸਥਾਨ ਹਾਈ ਕੋਰਟ ਨੇ ਇਸ ਪਰੰਪਰਾ 'ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਪਲਟ ਦਿੱਤਾ।

ਸਾਬਕਾ ਅਧਿਕਾਰੀ ਡੀ. ਆਰ. ਮਹਿਤਾ ਸੰਥਾਰਾ ਪਰੰਪਰਾ ਨੂੰ ਸੁਰੱਖਿਅਤ ਰੱਖਣ ਦੀ ਮੰਗ ਕਰਨ ਵਾਲੇ ਪਟੀਸ਼ਨਰਾਂ ਵਿੱਚੋਂ ਇੱਕ ਹਨ।

ਭਾਰਤ ਦੇ ਕੇਂਦਰੀ ਬੈਂਕ ਦੇ ਉਪ ਮੁਖੀ ਅਤੇ ਸਟਾਕ ਮਾਰਕੀਟ ਰੈਗੂਲੇਟਰ ਦੇ ਚੇਅਰਮੈਨ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੇ ਮਹਿਤਾ ਕਹਿੰਦੇ ਹਨ, "ਜੈਨ ਸੰਥਾਰਾ ਨੂੰ ਮੌਤ ਦਾ ਸਭ ਤੋਂ ਵਧੀਆ ਰੂਪ ਮੰਨਦੇ ਹਨ। ਇਹ ਮੌਤ ਨੂੰ ਸ਼ਾਂਤੀਪੂਰਨ ਅਤੇ ਸਨਮਾਨਜਨਕ ਢੰਗ ਨਾਲ ਸਵੀਕਾਰ ਕਰਨਾ ਹੈ। ਅਧਿਆਤਮਿਕ ਸ਼ੁੱਧਤਾ ਅਤੇ ਸਦੀਵੀ ਸ਼ਾਂਤੀ ਇਸਦੇ ਮੁੱਖ ਉਦੇਸ਼ ਹਨ।"

ਹੈਦਰਾਬਾਦ ਦੀ ਇੱਕ 13 ਸਾਲਾ ਲੜਕੀ ਦੀ ਮੌਤ ਤੋਂ ਬਾਅਦ 2016 ਵਿੱਚ ਇਸ ਪਰੰਪਰਾ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਦੁਬਾਰਾ ਸ਼ੁਰੂ ਹੋ ਗਏ ਸਨ। 68 ਦਿਨਾਂ ਦੇ ਵਰਤ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ, ਪਰ ਹਾਲ ਹੀ ਦੇ ਸਾਲਾਂ ਵਿੱਚ, ਸੰਥਾਰਾ ਲੈਣ ਵਾਲੇ ਸਾਰੇ ਬਾਲਗ ਹੀ ਦੇਖੇ ਗਏ ਹਨ।

ਮਹਾਰਾਜ ਨੇ 2016 ਵਿੱਚ ਸੰਲੇਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਇਹ ਸੰਥਾਰਾ ਤੋਂ ਪਹਿਲਾਂ ਦੀ ਪ੍ਰਕਿਰਿਆ ਹੈ। ਸ਼ੁਰੂ ਵਿੱਚ, ਉਨ੍ਹਾਂ ਨੇ ਆਪਣੀ ਖੁਰਾਕ ਨੂੰ ਦਸ ਚੀਜ਼ਾਂ ਤੱਕ ਸੀਮਤ ਕਰ ਦਿੱਤਾ ਸੀ ਅਤੇ ਹੁਣ ਉਹ ਸਿਰਫ਼ ਦੋ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਗੁਜ਼ਾਰਾ ਕਰਦੇ ਹਨ। ਹਾਲਾਂਕਿ, ਉਹ ਅਜੇ ਵੀ ਜੀਵਿਤ ਅਤੇ ਸਰਗਰਮ ਹਨ।

ਉਨ੍ਹਾਂ ਦੇ ਚੇਲੇ ਆਸ਼ੀਸ਼ ਜੈਨ ਕਹਿੰਦੇ ਹਨ, "ਉਹ ਕਦੇ ਵੀ ਬਿਮਾਰ ਜਾਂ ਕਮਜ਼ੋਰ ਨਹੀਂ ਜਾਪਦੇ, ਉਹ ਹਮੇਸ਼ਾ ਖੁਸ਼ ਰਹਿੰਦੇ ਹਨ। ਮਹਾਰਾਜ ਜੀ ਜ਼ਿਆਦਾ ਗੱਲ ਨਹੀਂ ਕਰਦੇ।"

ਮਹਾਰਾਜ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਾਦੀ ਜੀਵਨ ਸ਼ੈਲੀ ਨੇ ਉਨ੍ਹਾਂ ਨੂੰ ਅਧਿਆਤਮਿਕ ਤਰੱਕੀ ਕਰਨ ਵਿੱਚ ਮਦਦ ਕੀਤੀ ਹੈ।

"ਮੇਰਾ ਜ਼ਮੀਰ ਅਤੇ ਮਨ ਬਹੁਤ ਖੁਸ਼ ਹਨ। ਮੈਂ ਅਨੰਦਮਈ ਸਥਿਤੀ ਵਿੱਚ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)