ਮੱਕੇ ਵਿੱਚ ਇਸਲਾਮ ਦੇ ਪਵਿੱਤਰ ਸਥਾਨ ਕਾਬਾ ਦੀ ਚਾਬੀ ਕਿਸ ਕੋਲ ਹੈ

ਮੁਸਲਮਾਨਾਂ ਦੀ ਸਭ ਤੋਂ ਪਵਿੱਤਰ ਥਾਂ ਕਾਬਾ ਦੇ ਸੇਵਾਦਾਰ ਡਾਕਟਰ ਸਾਲੇਹ ਬਿਨ ਜ਼ੈਨੁਲ ਆਬੇਦੀਨ ਅਲ ਸ਼ੇਬੀ ਦਾ ਇੰਤਕਾਲ ਹੋ ਗਿਆ ਗਿਆ ਹੈ।

ਉਹ ਕਾਬੇ ਦੇ ਕੁੰਜੀਬਰਦਾਰ ਸਨ। ਮੰਨਿਆ ਜਾਂਦਾ ਹੈ ਕਿ ਹਜ਼ਰਤ ਮੁਹੰਮਦ ਦੇ ਸਮੇਂ ਤੋਂ ਹੀ ਉਨ੍ਹਾਂ ਦੇ ਖ਼ਾਨਦਾਨ ਨੂੰ ਇਹ ਚਾਬੀ ਮਿਲੀ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਦੇ ਕੋਲ ਹੈ।

ਸਦੀਆਂ ਤੋਂ, ਡਾ. ਸਾਲੇਹ ਬਿਨ ਜ਼ੈਨੁਲ ਆਬੇਦੀਨ ਦੇ ਪਰਿਵਾਰ ਕੋਲ ਇਸ ਚਾਬੀ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ।

ਡਾ. ਸਾਲੇਹ ਅਲ ਸ਼ੇਬੀ ਪਰਿਵਾਰ ਦੇ 109 ਵੇਂ ਵੰਸ਼ਜ ਸਨ, ਜਿਨ੍ਹਾਂ ਨੂੰ ਚਾਬੀ ਸੰਭਾਲਣ ਦੀ ਜ਼ਿੰਮੇਵਾਰੀ ਮਿਲੀ ਸੀ।

2013 ਵਿੱਚ ਆਪਣੇ ਚਾਚਾ ਅਬਦੁੱਲ ਕਾਦਿਰ ਤਾਹਾ ਅਲ ਸ਼ੇਬੀ ਦੇ ਇੰਤਕਾਲ ਤੋਂ ਬਾਅਦ ਸਾਲੇਹ ਨੂੰ ਇਹ ਚਾਬੀ ਸੌਂਪੀ ਗਈ ਸੀ।

ਉੱਮ ਉਲ ਕੁਰਾ ਯੂਨੀਵਰਸਿਟੀ ਤੋਂ ਇਸਲਾਮਿਕ ਸਟੱਡੀਜ਼ ਵਿੱਚ ਪੀਐੱਚਡੀ ਕਰਨ ਵਾਲੇ ਡਾਕਟਰ ਸਾਲੇਹ ਦਾ ਜਨਮ ਸੰਨ 1947 ਵਿੱਚ ਮੱਕਾ ਸ਼ਹਿਰ ਵਿੱਚ ਹੋਇਆ ਸੀ। ਮੱਕੇ ਨੂੰ ਇਸਲਾਮ ਦਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਇਸ ਯੂਨੀਵਰਸਿਟੀ ਵਿੱਚ ਇੱਕ ਅਧਿਆਪਕ ਵਜੋਂ ਕਈ ਸਾਲ ਪੜ੍ਹਾਇਆ। ਉਨ੍ਹਾਂ ਨੇ ਇਸਲਾਮ ਧਰਮ ਨਾਲ ਜੁੜੇ ਕਈ ਖੋਜ ਪੱਤਰ ਅਤੇ ਕਿਤਾਬਾਂ ਦਾ ਪ੍ਰਕਾਸ਼ਨ ਵੀ ਕੀਤਾ।

ਕਾਬੇ ਦੀ ਚਾਬੀ ਦੀ ਜ਼ਿੰਮੇਵਾਰੀ

ਕਾਬੇ ਵਿੱਚ ਦਾਖਲ ਹੋਣ ਲਈ ਇੱਕ ਹੀ ਦਰਵਾਜ਼ਾ ਹੈ ਜਿਸ ਨੂੰ ਬਾਬ-ਏ-ਕਾਬਾ ਕਿਹਾ ਜਾਂਦਾ ਹੈ।

ਕਾਬਾ ਹਰਮ ਦੇ ਫਰਸ਼ ਤੋਂ 2.13 ਮੀਟਰ ਦੀ ਉਚਾਈ ਉੱਤੇ ਹੈ। ਇਹ ਦਰਵਾਜ਼ਾ ਕਾਬਾ ਦੀ ਉੱਤਰ-ਪੂਰਬੀ ਬਾਹੀ ਦੇ ਕੋਲ ਹੈ। ਇਹ ਉਸ ਕਾਲੇ ਪੱਥਰ ਦੇ ਬਿਲਕੁਲ ਨਜ਼ਦੀਕ ਸਥਿਤ ਹੈ ਜਿੱਥੋਂ ਤਵਾਫ਼ ਸ਼ੁਰੂ ਹੁੰਦਾ ਹੈ।

ਹੱਜ (ਜਾਂ ਉਮਰਾ) ਦੇ ਦੌਰਾਨ ਹਾਜੀ, ਇਸ ਕਾਲੇ ਪੱਥਰ ਨੂੰ ਚੁੰਮਦੇ ਹਨ ਅਤੇ ਫਿਰ ਕਾਬੇ ਦੀ ਪਰਿਕਰਮਾ ਕਰਦੇ ਹਨ ਜਿਸ ਨੂੰ ਤਵਾਫ਼ ਕਿਹਾ ਜਾਂਦਾ ਹੈ।

ਕਾਬੇ ਦੀ ਚਾਬੀ ਨੂੰ ਸੰਭਾਲਣ ਨਾਲ ਜੁੜੇ ਇਤਿਹਾਸ ਬਾਰੇ ਇਸਲਾਮੀ ਇਤਿਹਾਸਕਾਰ ਅਹਿਮਦ ਅਦਨ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਦੱਸਿਆ,“ਜਦੋਂ ਪੈਗੰਬਰ ਮੁਹੰਮਦ ਦਾ ਜਨਮ ਹੋਇਆ ਸੀ, ਕੁਰੈਸ਼ੀ ਕਬੀਲੇ ਦੀਆਂ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਸਨ। ਬਨੀ ਹਾਸ਼ਿਮ ਪਰਿਵਾਰ, ਜਿਸ ਵਿੱਚ ਪੈਗੰਬਰ ਦਾ ਜਨਮ ਹੋਇਆ ਸੀ, ਉਸ ਕੋਲ ਇੱਕ ਖੂਹ ਸੀ ਅਤੇ ਉਸਦੀ ਚਾਬੀ ਸੀ। ਕਾਬੇ ਦੀ ਚਾਬੀ ਉਸਮਾਨ ਬਿਨ ਤਲਹਾ ਦੇ ਕੋਲ ਸੀ।”

ਅਹਿਮਦ ਅਦਨ ਉਸ ਘਟਨਾ ਦਾ ਪ੍ਰਸੰਗ ਵੀ ਦਿੰਦੇ ਹਨ ਜਿਸ ਵਿੱਚ ਪੈਗੰਬਰ ਮੁਹੰਮਦ ਨੇ ਉਸਮਾਨ ਬਿਨ ਤਲਹਾ ਨੂੰ ਕਿਹਾ ਸੀ, ‘ਉਹ ਦਿਨ ਨੇੜੇ ਆ ਰਿਹਾ ਹੈ, ਜਦੋਂ ਇਹ ਚਾਬੀ ਮੇਰੇ ਕੋਲ ਹੋਵੇਗੀ।’

ਇਸਲਾਮੀ ਇਤਿਹਾਸ ਦੇ ਮੁਤਾਬਕ, ਮੱਕਾ ਜਿੱਤਣ ਮਗਰੋਂ, ਕੁਝ ਸਮੇਂ ਲਈ, ਇਹ ਚਾਬੀ ਉਸਮਾਨ ਬਿਨ ਤਲਹਾ ਤੋਂ ਲੈ ਲਈ ਗਈ ਸੀ ਫਿਰ ਅੱਲ੍ਹਾ ਦੇ ਹੁਕਮ ਉੱਤੇ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਗਈ।

ਪੈਗੰਬਰ ਮੁਹੰਮਦ ਨੇ ਆਪ ਉਨ੍ਹਾਂ ਨੂੰ ਇਹ ਚਾਬੀ ਦਿੱਤੀ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਖ਼ਾਨਦਾਨ ਇਹ ਚਾਬੀ ਸੰਭਾਲਦਾ ਆ ਰਿਹਾ ਹੈ।

ਇਸਦਾ ਜ਼ਿਕਰ ਮਿਲਦਾ ਹੈ ਕਿ ਪੈਗੰਬਰ ਮੁਹੰਮਦ ਨੇ ਇਹ ਚਾਬੀ ਉਸਮਾਨ ਨੂੰ ਦਿੰਦੇ ਹੋਏ ਕਿਹਾ ਸੀ, “ਕਾਬਾ ਦੀ ਇਬ ਚਾਬੀ ਹਮੇਸ਼ਾ ਤੁਹਾਡੇ ਕੋਲ ਰਹੇਗੀ ਅਤੇ ਕਿਸੇ ਜ਼ਾਲਿਮ ਤੋਂ ਸਿਵਾ ਕੋਈ ਇਹ ਚਾਬੀ ਤੁਹਾਡੇ ਤੋਂ ਨਹੀਂ ਲੈ ਸਕੇਗਾ।”

ਮੌਜੂਦਾ ਦਰਵਾਜ਼ਾ

ਸਾਲ 1942 ਤੋਂ ਪਹਿਲਾਂ ਕਾਬੇ ਦਾ ਦਰਵਾਜ਼ਾ ਕਿਸ ਨੇ ਬਣਵਾਇਆ ਅਤੇ ਕਿਵੇਂ ਬਣਵਾਇਆ ਇਤਿਹਾਸ ਵਿੱਚ ਇਸਦਾ ਬਹੁਤਾ ਜ਼ਿਕਰ ਨਹੀਂ ਮਿਲਦਾ ਹੈ।

ਹਾਲਾਂਕਿ 1942 ਵਿੱਚ ਇਬਰਾਹਿਮ ਬਦਰ ਨੇ ਚਾਂਦੀ ਦਾ ਦਰਵਾਜ਼ਾ ਬਣਵਾਇਆ ਸੀ। ਉਨ੍ਹਾਂ ਤੋਂ ਬਾਅਦ 1979 ਵਿੱਚ ਇਬਰਾਮਿਹ ਦੇ ਪੁੱਤਰ ਅਹਿਮਦ ਬਿਨ ਇਬਰਾਹਿਮ ਬਦਰ ਨੇ ਕਾਬੇ ਲਈ ਸੋਨੇ ਦਾ ਦਰਵਾਜ਼ਾ ਤਿਆਰ ਕਰਵਾਇਆ ਸੀ। ਇਸ ਦਰਵਾਜ਼ੇ ਨੂੰ ਤਿੰਨ ਸੌ ਕਿੱਲੋ ਸੋਨੇ ਨਾਲ ਬਣਵਾਇਆ ਗਿਆ ਸੀ।

ਕਾਬੇ ਦੇ ਸਾਬਕਾ ਸੇਵਾਦਾਰ ਸ਼ੇਖ ਅਬਦੁੱਲ ਕਾਦਿਰ ਦੇ ਦੌਰ ਵਿੱਚ ਸ਼ਾਹ ਅਬਦੁੱਲ੍ਹਾ ਦੇ ਹੁਕਮ ਨਾਲ ਕਾਬੇ ਦਾ ਜਿੰਦਾ ਬਦਲਿਆ ਗਿਆ।

ਉਸ ਸਮੇਂ ਦੇ ਰਾਜਕੁਮਾਰ ਖਾਲਿਦ ਅਲ ਫੈਸਲ ਨੇ ਕਾਬੇ ਦੀ ਸਫ਼ਾਈ ਦੇ ਮੌਕੇ ਉੱਤੇ ਨਾਵਾਂ ਜਿੰਦਾ ਅਤੇ ਕੁੰਜੀ ਸ਼ਾਹ ਅਬਦੁੱਲ੍ਹਾ ਵੱਲੋਂ ਸ਼ੇਖ ਅਬਦੁਲ ਕਾਦਿਪ ਨੂੰ ਸੌਂਪੀ ਸੀ।

ਜਦੋਂ ਲੰਬੀ ਬੀਮਾਰੀ ਤੋਂ ਬਾਅਦ ਕਾਬਾ ਦੇ ਜਿੰਦੇ ਅਤੇ ਕੁੰਜੀ ਕਈ ਸ਼ਾਸਕਾਂ ਨੇ ਕਈ ਵਾਰ ਬਦਲੇ ਹਨ। ਰਵਾਇਤੀ ਰੂਪ ਚੋਂ ਕਾਬੇ ਦੀ ਕੁੰਜੀ ਕੁਰਾਨ ਦੀਆਂ ਆਇਤਾਂ ਦੀ ਨਕਾਸ਼ੀ ਵਾਲੇ ਬੈਗ ਵਿੱਚ ਰੱਖੀ ਜਾਂਦੀ ਹੈ।

ਹਾਲ ਹੀ ਦੇ ਸਾਲਾਂ ਵਿੱਚ ਕਾਬਾ ਦੇ ਸੇਵਾਦਾਰ ਦੀ ਜ਼ਿੰਮੇਵਾਰੀ ਜਿੰਦਾ ਖੋਲ੍ਹਣ ਅਤੇ ਬੰਦ ਕਰਨ ਤੱਕ ਹੀ ਸੀਮਤ ਹੈ।

ਹਾਲਾਂਕਿ ਸਾਊਦੀ ਆਉਣ ਵਾਲੇ ਸਰਕਾਰੀ ਮਹਿਮਾਨਾਂ ਲਈ ਸਾਊਦੀ ਅਰਬ ਦਾ ਸਾਹੀ ਦਫ਼ਤਰ, ਗ੍ਰਹਿ ਮੰਤਰਾਲੇ ਜਾਂ ਐਮਰਜੈਂਸੀ ਫੌਜੀ ਫੋਰਸ ਇਸ ਜਿੰਦੇ ਨੂੰ ਚਾਬੀ ਨਾਲ ਖੋਲ੍ਹ ਸਕਦੇ ਹਨ।

ਇਸ ਤੋਂ ਇਲਾਵਾ, ਇਸਲਾਮੀ ਕਲੰਡਰ ਦੇ ਮੁਹਰਮ ਦੀ ਹਰ ਪੰਦਰਵੀਂ ਤਰੀਕ ਨੂੰ, ਸ਼ਾਹੀ ਹੁਕਮ ਨਾਲ ਚਾਬੀ ਸੰਬਾਲਣ ਵਾਲੇ ਦਰਵਾਜ਼ੇ ਨੂੰ ਖੋਲ੍ਹਦੇ ਹਨ ਤਾਂ ਜੋ ਕਾਬੇ ਨੂੰ ਇਸ਼ਨਾਨ ਕਰਵਾਇਆ ਜਾ ਸਕੇ।

ਕਾਬੇ ਦਾ ਜਿੰਦਾ ਅਤੇ ਕੁੰਜੀ

ਕਾਬੇ ਦਾ ਮੌਜੂਦਾ ਜਿੰਦਾ ਅਤੇ ਕੁੰਜੀ 18 ਕੇਰਟ ਸੋਨੇ ਅਤੇ ਨਿਕਲ ਦੇ ਬਣੇ ਹੋਏ ਹਨ। ਜਦਕਿ ਕਾਬੇ ਦਾ ਅੰਦਰੂਨੀ ਦਲਾਨ ਹਰੇ ਰੰਗ ਦਾ ਹੈ।

ਜਿੰਦੇ ਅਤੇ ਕੁੰਜੀ ਉੱਤੇ ਵੀ ਕੁਰਾਨ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ।

ਤੁਰਕੀ ਦੇ ਅਜਾਇਬਘਰ ਵਿੱਚ ਅਜਿਹੀਆਂ 48 ਚਾਬੀਆਂ ਰੱਖੀਆਂ ਹਨ, ਜਿਨ੍ਹਾਂ ਦੀ ਵਰਤੋਂ ਉਸਮਾਨੀਆ ਸਲਤਨਤ ਦੇ ਤਤਕਾਲੀ ਗਵਰਨਰ ਕਾਬੇ ਨੂੰ ਖੋਲ੍ਹਣ ਲਈ ਕਰਦੇ ਸਨ। ਜਦਕਿ ਸਾਊਦੀ ਅਰਬ ਵਿੱਚ ਇਨ੍ਹਾਂ ਚਾਬੀਆਂ ਦੀਆਂ ਸ਼ੁੱਧ ਸੋਨੇ ਦੀਆਂ ਨਕਲਾਂ ਰੱਖੀਆਂ ਹਨ।

ਕਾਬਾ ਦੀ ਚਾਬੀ ਦੀ ਹੋ ਚੁੱਕੀ ਹੈ ਨੀਲਾਮੀ

12ਵੀਂ ਸਦੀ ਵਿੱਚ ਬਣੀ ਕਾਬੇ ਦੀ ਇੱਕ ਚਾਬੀ ਦੀ ਨੀਲਾਮੀ ਸਾਲ 2008 ਵਿੱਚ 1 ਕਰੋੜ 81 ਲੱਖ ਡਾਲਰ ਵਿੱਚ ਹੋਈ ਸੀ।

ਲੰਡਨ ਵਿੱਚ ਇਸਲਾਮੀ ਜਗਤ ਦੀਆਂ ਕਲਾਕ੍ਰਿਤਾਂ ਦੀ ਨੀਲਾਮੀ ਦੇ ਦੌਰਾਨ ਹੀ ਕਿਸੇ ਅਨਜਾਣ ਖਰੀਦਾਰ ਨੇ ਇਹ ਚਾਬੀ ਖ਼ਰੀਦੀ ਸੀ।

ਕਾਬੀ ਦੀ ਜਿਹੜੀ ਚਾਬੀ ਨੀਲਾਮ ਕੀਤੀ ਗਈ ਸੀ ਉਹ ਲੋਹੇ ਦੀ ਬਣੀ ਸੀ ਅਤੇ 15 ਇੰਚ ਲੰਬੀ ਸੀ।

ਇਸ ਉੱਤੇ ਉੱਕਰਿਆ ਹੋਇਆ ਹੈ- “ਇਸ ਨੂੰ ਖਾਸ ਤੌਰ ਉੱਤੇ ਅੱਲ੍ਹਾ ਦੇ ਘਰ ਲਈ ਬਣਾਇਆ ਗਿਆ ਹੈ।”

ਲੰਡਨ ਵਿੱਚ ਨੀਲਾਮ ਹੋਈ ਕਾਬੇ ਦੀ ਚਾਬੀ ਇੱਕਲੌਤੀ ਅਜਿਹੀ ਚਾਬੀ ਹੈ ਜੋ ਕਿਸੇ ਦੀ ਨਿੱਜੀ ਮਲਕੀਅਤ ਹੈ।

ਇਸ ਤੋਂ ਇਲਾਵਾ 58 ਚਾਬੀਆਂ ਵੱਖ-ਵੱਖ ਅਜਾਇਬ ਘਰਾਂ ਵਿੱਚ ਰੱਖੀਆਂ ਗਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)