ਭਾਰਤ ਦੀ ਪਹਿਲੀ ਮਹਿਲਾ ਮਾਨਵ-ਵਿਗਿਆਨੀ ਜਿਸ ਨੇ ਹਿੰਦੂ ਧਰਮ ਤੇ ਨਾਜ਼ੀਆਂ ਦੀਆਂ ਕੁਰੀਤੀਆਂ ਨੂੰ ਚੁਣੌਤੀ ਦਿੱਤੀ

    • ਲੇਖਕ, ਚੈਰੀਲਨ ਮੋਲਨ
    • ਰੋਲ, ਬੀਬੀਸੀ ਨਿਊਜ਼

ਇਰਾਵਤੀ ਕਰਵੇ ਨੇ ਇੱਕ ਅਜਿਹਾ ਜੀਵਨ ਬਤੀਤ ਕੀਤਾ ਜੋ ਉਨ੍ਹਾਂ ਸਮੇਂ ਦੇ ਲੋਕਾਂ ਨਾਲੋਂ ਵੱਖਰਾ ਸੀ, ਖ਼ਾਸਕਰ ਔਰਤਾਂ ਤੋਂ।

ਅਜਿਹੇ ਸਮੇਂ ਵਿੱਚ ਜਦੋਂ ਔਰਤਾਂ ਕੋਲ ਬਹੁਤੇ ਅਧਿਕਾਰ ਜਾਂ ਅਜ਼ਾਦੀਆਂ ਨਹੀਂ ਸਨ, ਬ੍ਰਿਟਿਸ਼ ਸ਼ਾਸਿਤ ਭਾਰਤ ਵਿੱਚ ਜਨਮੀ ਕਰਵੇ ਨੇ ਉਹ ਕੀਤਾ ਜੋ ਸੋਚਿਆ ਵੀ ਨਹੀਂ ਜਾ ਸਕਦਾ ਸੀ।

ਉਨ੍ਹਾਂ ਨੇ ਵਿਦੇਸ਼ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ, ਇੱਕ ਕਾਲਜ ਪ੍ਰੋਫੈਸਰ ਬਣੀ ਅਤੇ ਅੱਗੇ ਜਾ ਕੇ ਭਾਰਤ ਦੀ ਪਹਿਲੀ ਮਹਿਲਾ ਮਾਨਵ-ਵਿਗਿਆਨੀ ਬਣੀ।

ਉਨ੍ਹਾਂ ਨੇ ਵਿਆਹ ਵੀ ਆਪਣੀ ਪਸੰਦ ਦੇ ਆਦਮੀ ਨਾਲ ਕੀਤਾ।

ਇਸ ਦੇ ਨਾਲ-ਨਾਲ ਉਹ ਬਾਥਿੰਗ ਸੂਟ ਵਿੱਚ ਤੈਰਾਕੀ ਕਰਦੇ ਸਨ ਅਤੇ ਸਕੂਟਰ ਚਲਾਉਂਦੇ ਸੀ।

ਇੱਥੋਂ ਤੱਕ ਕਿ ਉਹ ਆਪਣੇ ਹੀ ਡਾਕਟਰੇਟ ਸੁਪਰਵਾਈਜ਼ਰ ਯੂਜੇਨ ਫਿਸ਼ਰ, ਜੋ ਜਰਮਨ ਦੇ ਮਸ਼ਹੂਰ ਮਾਨਵ-ਵਿਗਿਆਨੀ ਸਨ, ਦੀ ਨਸਲਵਾਦ ਨੂੰ ਉਤਸ਼ਾਹਿਤ ਦੇਣ ਵਾਲੀ ਖੋਜ ਦਾ ਵਿਰੋਧ ਕਰਨ ਦੀ ਹਿੰਮਤ ਵੀ ਰੱਖਦੇ ਸਨ।

ਭਾਰਤ ਦੀ ਜਾਤ ਪ੍ਰਣਾਲੀ, ਸਭਿਆਚਾਰ ਅਤੇ ਸਭਿਅਤਾ 'ਤੇ ਕਰਵੇ ਦੀਆਂ ਲਿਖਤਾਂ ਨਾ ਸਿਰਫ ਸ਼ਾਨਦਾਰ ਹਨ, ਸਗੋਂ ਭਾਰਤੀ ਕਾਲਜਾਂ ਵਿੱਚ ਪਾਠਕ੍ਰਮ ਦਾ ਹਿੱਸਾ ਵੀ ਹਨ

ਇਸ ਯੋਗਦਾਨ ਦੇ ਬਾਵਜੂਦ ਵੀ ਇਤਿਹਾਸ 'ਚ ਉਨ੍ਹਾਂ ਦੀ ਸ਼ਖਸੀਅਤ ਬਾਰੇ ਬਹੁਤਾ ਕੁਝ ਨਹੀਂ ਲਿਖਿਆ ਗਿਆ।

ਪਰ ਹੁਣ ਉਨ੍ਹਾਂ ਦੀ ਪੋਤੀ ਉਰਮਿਲਾ ਦੇਸ਼ਪਾਂਡੇ ਅਤੇ ਅਕਾਦਮਿਕ ਥਿਆਗੋ ਪਿੰਟੋ ਬਾਰਬੋਸਾ ਨੇ 'ਇਰੂ: ਦਿ ਰਿਮਾਰਕੇਬਲ ਲਾਈਫ ਆਫ਼ ਇਰਾਵਤੀ ਕਰਵੇ' ਨਾਮਕ ਇੱਕ ਨਵੀਂ ਕਿਤਾਬ ਲਿਖੀ ਹੈ।

ਇਸ ਕਿਤਾਬ 'ਚ ਕਰਵੇ ਦੀ ਦਿਲਚਸਪ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਵਲੋਂ ਸਾਹਸ ਕੀਤੀਆਂ ਗਈਆਂ ਔਕੜਾਂ ਦਾ ਜ਼ਿਕਰ ਹੈ।

ਇਹ ਕਿਤਾਬ ਉਨ੍ਹਾਂ ਦੇ ਉਸ ਸਫ਼ਰ 'ਤੇ ਰੋਸ਼ਨੀ ਪਾਉਂਦੀ ਹੈ ਜਿਸ ਦੇ ਰਾਹੀਂ ਉਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਲਈ ਇੱਕ ਪ੍ਰੇਰਨਾਦਾਇਕ ਮਾਰਗ ਬਣਾਇਆ।

ਕਿੱਥੇ ਹੋਇਆ ਸੀ ਜਨਮ ?

1905 ਵਿੱਚ ਬਰਮਾ (ਹੁਣ ਮਿਆਂਮਾਰ) ਵਿੱਚ ਜਨਮੀ, ਇਰਾਵਤੀ ਦਾ ਨਾਮ ਇਰਾਵਤੀ ਨਦੀ ਦੇ ਨਾਮ 'ਤੇ ਰੱਖਿਆ ਗਿਆ ਸੀ।

ਛੇ ਭੈਣ-ਭਰਾਵਾਂ ਵਿੱਚੋਂ ਉਹ ਇੱਕਲੌਤੀ ਕੁੜੀ ਸੀ। ਉਨ੍ਹਾਂ ਨੂੰ ਪਰਿਵਾਰ ਦੁਆਰਾ ਬੜੇ ਪਿਆਰ ਅਤੇ ਚਾਵਾਂ ਨਾਲ ਪਾਲਿਆ ਗਿਆ।

ਪਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ।

ਉਨ੍ਹਾਂ ਦੀ ਜ਼ਿੰਦਗੀ 'ਚ ਹਿੰਮਤੀ ​​ਔਰਤਾਂ ਤੋਂ ਇਲਾਵਾ, ਅਜਿਹੇ ਹਮਦਰਦ, ਪ੍ਰਗਤੀਸ਼ੀਲ ਮਰਦ ਵੀ ਸਨ ਜਿਨ੍ਹਾਂ ਨੇ ਉਨ੍ਹਾਂ ਦੀ ਨਾ ਸਿਰਫ ਹੋਂਸਲਾ ਅਫ਼ਜ਼ਾਈ ਕੀਤੀ ਸਗੋਂ ਔਕੜਾਂ ਪਾਰ ਕਰਨ 'ਚ ਅੱਗੇ ਵੱਧ ਕੇ ਮਦਦ ਵੀ ਕੀਤੀ।

ਉਸ ਸਮੇਂ 'ਚ ਜਦੋਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੁੜੀਆਂ ਨੂੰ ਵਿਆਹ ਲਈ ਮਜਬੂਰ ਕੀਤਾ ਜਾ ਰਿਹਾ ਸੀ, ਉਨ੍ਹਾਂ ਦੇ ਪਿਤਾ ਨੇ ਕਰਵੇ ਨੂੰ ਇੱਕ ਖ਼ਾਸ ਮੌਕਾ ਦਿੱਤਾ ਜਿਨ੍ਹਾਂ ਦੀ ਕਿਸੇ ਨੂੰ ਕੋਈ ਉਮੀਦ ਨਹੀਂ ਸੀ ।

ਸੱਤ ਸਾਲ ਦੀ ਉਮਰ ਵਿੱਚ, ਇਰਾਵਤੀ ਨੂੰ ਉਨ੍ਹਾਂ ਦੇ ਪਿਤਾ ਨੇ ਪੁਣੇ ਦੇ ਬੋਰਡਿੰਗ ਸਕੂਲ ਭੇਜਿਆ।

ਪੂਣੇ ਵਿੱਚ, ਕਰਵੇ ਆਰਪੀ ਪਰਾਂਜਪਈ ਨੂੰ ਮਿਲੇ।

ਪਿਤਾ ਦੀ ਮਰਜ਼ੀ ਦੇ ਖ਼ਿਲਾਫ਼ ਗਏ ਵਿਦੇਸ਼

ਪਰਾਂਜਪਈ ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਸਨ, ਜਿਨ੍ਹਾਂ ਦੇ ਪਰਿਵਾਰ ਨੇ ਕਰਵੇ ਨੂੰ ਅਣਅਧਿਕਾਰਤ ਤੌਰ 'ਤੇ ਗੋਦ ਲੈ ਲਿਆ ਅਤੇ ਉਨ੍ਹਾਂ ਨੂੰ ਆਪਣੀ ਧੀ ਵਾਂਗ ਪਾਲਿਆ।

ਪਰਾਂਜਪਈ, ਜਿਨ੍ਹਾਂ ਨੂੰ ਇਰਾਵਤੀ ਪਿਆਰ ਨਾਲ "ਅੱਪਾ" ਜਾਂ ਆਪਣਾ "ਦੂਜਾ ਪਿਤਾ" ਆਖਦੀ ਸੀ, ਆਪਣੇ ਸਮੇਂ ਤੋਂ ਬਹੁਤ ਅੱਗੇ ਸੀ।

ਪਰਾਂਜਪਈ ਦੇ ਘਰ ਵਿੱਚ ਇਰਾਵਤੀ ਜੀਵਨ ਦੇ ਇੱਕ ਅਜਿਹੇ ਢੰਗ ਨਾਲ ਜਾਣੂ ਹੋਈ, ਜਿੱਥੇ ਆਲੋਚਨਾਤਮਕ ਸੋਚ ਅਤੇ ਧਰਮੀ ਵਿਚਾਰਧਾਰਾ ਦੀ ਸ਼ਲਾਘਾ ਕੀਤੀ ਜਾਂਦੀ ਸੀ।

ਆਲੋਚਨਾਤਮਕ ਸੋਚ ਨੂੰ ਪ੍ਰੇਰਿਆ ਜਾਂਦਾ ਸੀ, ਭਾਵੇਂ ਇਸ ਦਾ ਮਤਲਬ ਭਾਰਤੀ ਸਮਾਜ ਦੇ ਨਿਯਮਾਂ ਦੇ ਵਿਰੁੱਧ ਜਾਣਾ ਹੀ ਕਿਉਂ ਨਾ ਹੋਵੇ।

ਪਰਾਂਜਪਈ ਇੱਕ ਨਾਸਤਿਕ ਵਿਚਾਰਧਾਰਾ ਦੇ ਵਿਅਕਤੀ ਸਨ।

ਉਹ ਕਾਲਜ ਦੇ ਪ੍ਰਿੰਸੀਪਲ ਸਨ ਅਤੇ ਔਰਤਾਂ ਦੀ ਸਿੱਖਿਆ ਦੇ ਕੱਟੜ ਸਮਰਥਕ ਸਨ।

ਉਨ੍ਹਾਂ ਦੇ ਰਾਹੀਂ ਹੀ ਇਰਾਵਤੀ ਨੂੰ ਸਮਾਜਿਕ ਵਿਗਿਆਨ ਦੀ ਦਿਲਚਸਪ ਦੁਨੀਆ ਅਤੇ ਸਮਾਜ 'ਤੇ ਉਸ ਦੇ ਪ੍ਰਭਾਵਾਂ ਬਾਰੇ ਪਤਾ ਚਲਿਆ।

ਜਦੋਂ ਇਰਾਵਤੀ ਨੇ ਬਰਲਿਨ ਤੋਂ ਮਾਨਵ-ਵਿਗਿਆਨ ਵਿੱਚ ਡਾਕਟਰੇਟ ਕਰਨ ਦਾ ਫੈਸਲਾ ਲਿਆ ਤਾਂ ਉਨ੍ਹਾਂ ਦੇ ਸਕੇ ਪਿਤਾ ਨੇ ਇਤਰਾਜ਼ ਜ਼ਾਹਰ ਕੀਤਾ।

ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪਰਾਂਜਪਈ ਅਤੇ ਆਪਣੇ ਪਤੀ ਤੋਂ ਇਸ ਦੇ ਲਈ ਸਮਰਥਨ ਮਿਲਿਆ। ਉਨ੍ਹਾਂ ਦੇ ਪਤੀ ਦਿਨਕਰ ਕਰਵੇ ਵਿਗਿਆਨ ਦੇ ਪ੍ਰੋਫੈਸਰ ਸਨ।

ਉਹ 1927 ਵਿੱਚ, ਜਹਾਜ਼ ਰਾਹੀਂ ਕੁਝ ਦਿਨਾਂ ਦੀ ਯਾਤਰਾ ਤੋਂ ਬਾਅਦ, ਜਰਮਨ ਸ਼ਹਿਰ ਬਰਲਿਨ ਪਹੁੰਚੀ ਗਏ।

ਉੱਥੇ ਉਨ੍ਹਾਂ ਨੇ ਮਾਨਵ-ਵਿਗਿਆਨ ਅਤੇ ਯੁਜੈਨਿਕ ਵਿਗਿਆਨ ਦੇ ਇੱਕ ਮਸ਼ਹੂਰ ਪ੍ਰੋਫੈਸਰ ਫਿਸ਼ਰ ਦੀ ਅਗਵਾਈ ਹੇਠ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ।

ਉਸ ਵਕ਼ਤ ਜਰਮਨੀ ਦੇ ਕੀ ਹਾਲਾਤ ਸਨ ?

ਉਸ ਸਮੇਂ, ਜਰਮਨੀ ਅਜੇ ਵੀ ਪਹਿਲੇ ਵਿਸ਼ਵ ਯੁੱਧ ਦੇ ਪ੍ਰਭਾਵ ਤੋਂ ਜੂਝ ਰਿਹਾ ਸੀ ਅਤੇ ਹਿਟਲਰ ਅਜੇ ਸੱਤਾ ਵਿੱਚ ਨਹੀਂ ਆਇਆ ਸੀ।

ਪਰ ਯਹੂਦੀ-ਵਿਰੋਧ ਫੈਲਣਾ ਸ਼ੁਰੂ ਹੋ ਗਿਆ ਸੀ।

ਇਰਾਵਤੀ ਇਸ ਨਫ਼ਰਤ ਦੀ ਗਵਾਹ ਬਣੀ ਜਦੋਂ ਉਨ੍ਹਾਂ ਦੀ ਇਮਾਰਤ ਵਿੱਚ ਇੱਕ ਯਹੂਦੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ।

ਜਦੋਂ ਇਰਾਵਤੀ ਨੇ ਇਮਾਰਤ ਦੇ ਬਾਹਰ ਫੁੱਟਪਾਥ 'ਤੇ ਖ਼ੂਨ 'ਚ ਲੱਥ-ਪਥ ਆਦਮੀ ਦੀ ਲਾਸ਼ ਪਈ ਦੇਖੀ ਤਾਂ ਉਨ੍ਹਾਂ ਨੂੰ ਡਰ, ਘਿਨਾਉਣਾਪਨ ਅਤੇ ਸਦਮਾ ਮਹਿਸੂਸ ਹੋਇਆ।

ਲੇਖਿਕਾਂ ਨੇ ਕਿਤਾਬ 'ਚ ਇਸ ਵਾਕਿਆ ਦਾ ਵਰਨਣ ਕੀਤਾ ਹੈ।

ਇਨ੍ਹਾਂ ਭਾਵਨਾਵਾਂ ਨਾਲ ਜੂਝਦਿਆਂ ਇਰਾਵਤੀ ਨੇ ਫਿਸ਼ਰ ਦੁਆਰਾ ਸੌਂਪੇ ਗਏ ਥੀਸਿਸ 'ਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਥੀਸਿਸ ਦਾ ਮੰਤਵ ਇਹ ਸਾਬਤ ਕਰਨਾ ਕਿ ਗੋਰੇ ਯੂਰਪੀਅਨ ਵਧੇਰੇ ਤਰਕਸ਼ੀਲ ਅਤੇ ਵਾਜਬ ਹੁੰਦੇ ਹਨ ਅਤੇ ਉਹ ਨਸਲੀ ਤੌਰ 'ਤੇ ਗੈਰ-ਗੋਰੇ ਯੂਰਪੀਅਨਾਂ ਨਾਲੋਂ ਉੱਤਮ ਸਨ।

ਇਸ ਵਿੱਚ 149 ਮਨੁੱਖੀ ਖੋਪੜੀਆਂ ਦਾ ਧਿਆਨ ਨਾਲ ਅਧਿਐਨ ਕਰਨਾ ਅਤੇ ਮਾਪਣਾ ਸ਼ਾਮਲ ਸੀ।

ਫਿਸ਼ਰ ਨੇ ਕਲਪਨਾ ਕੀਤੀ ਕਿ ਗੋਰੇ ਯੂਰਪੀਅਨਾਂ ਕੋਲ ਵੱਡੇ ਸੱਜੇ ਫਰੰਟਲ ਲੋਬਾਂ ਨੂੰ ਅਨੁਕੂਲ ਕਰਨ ਲਈ ਅਸੀਮਿਤ ਖੋਪੜੀਆਂ ਸਨ, ਜੋ ਕਿ ਉੱਚ ਬੁੱਧੀ ਦਾ ਮਾਰਕਰ ਮੰਨਿਆ ਜਾਂਦਾ ਹੈ। ਹਾਲਾਂਕਿ, ਇਰਾਵਤੀ ਦੀ ਖੋਜ ਵਿੱਚ ਨਸਲ ਅਤੇ ਖੋਪੜੀ ਦੀ ਅਸੀਮਿਤਤਾ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ।

ਲੇਖਕ ਕਿਤਾਬ ਵਿੱਚ ਲਿਖਦੇ ਹਨ, "ਉਨ੍ਹਾਂ ਨੇ ਨਾ ਸਿਰਫ਼ ਫਿਸ਼ਰ ਦੀ ਪਰਿਕਲਪਨਾ ਨੂੰ ਗਲਤ ਕਿਹਾ ਪਰ ਉਸ ਸੰਸਥਾ ਦੇ ਸਿਧਾਂਤਾਂ ਅਤੇ ਉਸ ਸਮੇਂ ਦੇ ਮੁੱਖ ਧਾਰਾ ਦੇ ਸਿਧਾਂਤਾਂ ਦਾ ਵੀ ਖੰਡਨ ਕੀਤਾ ਸੀ।"

ਉਨ੍ਹਾਂ ਨੇ ਦਲੇਰੀ ਨਾਲ ਆਪਣੇ ਖੋਜਾਂ ਨੂੰ ਪੇਸ਼ ਕੀਤਾ, ਆਪਣੇ ਸਲਾਹਕਾਰ ਦੇ ਗੁੱਸੇ ਦੇ ਬਾਵਜੂਦ ਅਤੇ ਆਪਣੀ ਡਿਗਰੀ ਨੂੰ ਜੋਖ਼ਮ ਵਿੱਚ ਪਾਇਆ।

ਫਿਸ਼ਰ ਨੇ ਇਸ ਦੇ ਬਦਲੇ ਉਨ੍ਹਾਂ ਨੂੰ ਸਭ ਤੋਂ ਘੱਟ ਗ੍ਰੇਡ ਦਿੱਤਾ ਅਤੇ ਆਪਣੇ ਵਿਤਕਰੇ ਨੂੰ ਜਾਇਜ਼ ਠਹਿਰਾਉਣ ਲਈ ਮਨੁੱਖੀ ਅੰਤਰਾਂ ਦੀ ਵਰਤੋਂ ਨੂੰ ਆਲੋਚਨਾਤਮਕ ਅਤੇ ਵਿਗਿਆਨਕ ਤੌਰ 'ਤੇ ਰੱਦ ਕਰ ਦਿੱਤਾ।

(ਬਾਅਦ ਵਿੱਚ, ਫਿਸ਼ਰ ਨੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਨਸਲੀ ਉੱਤਮਤਾ ਦੇ ਸਿਧਾਂਤਾਂ ਦੀ ਵਰਤੋਂ ਕੀਤੀ ਅਤੇ ਫਿਸ਼ਰ ਨਾਜ਼ੀ ਪਾਰਟੀ ਵਿੱਚ ਸ਼ਾਮਲ ਹੋ ਗਿਆ।)

ਭਾਰਤ ਵਾਪਸੀ

ਆਪਣੀ ਸਾਰੀ ਜ਼ਿੰਦਗੀ ਦੌਰਾਨ, ਇਰਾਵਤੀ ਇਸ ਦਲੇਰੀ ਨੂੰ ਆਪਣੀ ਬੇਅੰਤ ਹਮਦਰਦੀ ਦੇ ਨਾਲ ਪ੍ਰਦਰਸ਼ਿਤ ਕਰਦੀ ਰਹੀ, ਖਾਸ ਕਰਕੇ ਉਨ੍ਹਾਂ ਔਰਤਾਂ ਲਈ ਜਿਨ੍ਹਾਂ ਦਾ ਉਹ ਸਾਹਮਣਾ ਕਰਦੀ ਸੀ।

ਇੱਕ ਸਮੇਂ ਜਦੋਂ ਇੱਕ ਔਰਤ ਲਈ ਘਰ ਤੋਂ ਬਹੁਤ ਦੂਰ ਯਾਤਰਾ ਕਰਨਾ ਅਸੰਭਵ ਸੀ, ਇਰਾਵਤੀ ਦੇਸ਼ ਵਾਪਸ ਆਉਣ ਤੋਂ ਬਾਅਦ ਵੱਖ-ਵੱਖ ਕਬੀਲਿਆਂ ਦੇ ਲੋਕਾਂ ਦੇ ਜੀਵਨ ਦਾ ਅਧਿਐਨ ਕਰਨ ਲਈ ਭਾਰਤ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਖੇਤਾਂ ਦੀਆਂ ਯਾਤਰਾਵਾਂ 'ਤੇ ਜਾਂਦੇ ਸਨ।

ਉਹ ਕਈ ਵਾਰ ਆਪਣੇ ਪੁਰਸ਼ ਸਾਥੀਆਂ ਨਾਲ, ਕਈ ਵਾਰ ਆਪਣੇ ਵਿਦਿਆਰਥੀਆਂ ਅਤੇ ਇੱਥੋਂ ਤੱਕ ਕਿ ਆਪਣੇ ਬੱਚਿਆਂ ਨਾਲ ਵੀ ਜਾਂਦੇ ਸਨ।

ਉਹ 15,000 ਸਾਲ ਪੁਰਾਣੀਆਂ ਹੱਡੀਆਂ ਨੂੰ ਹਾਸਲ ਕਰਨ ਲਈ ਪੁਰਾਤੱਤੀ ਮੁਹਿੰਮਾਂ ਵਿੱਚ ਸ਼ਾਮਲ ਹੋਏ ਸਨ, ਜਿਸ ਨਾਲ ਅਤੀਤ ਅਤੇ ਵਰਤਮਾਨ ਨੂੰ ਜੋੜਿਆ ਗਿਆ।

ਇਹਨਾਂ ਔਖੀਆਂ ਯਾਤਰਾਵਾਂ ਨੇ ਉਨ੍ਹਾਂ ਨੂੰ ਹਫ਼ਤਿਆਂ ਜਾਂ ਮਹੀਨਿਆਂ ਲਈ ਜੰਗਲਾਂ ਅਤੇ ਖਸਤਾ ਇਲਾਕਿਆਂ ਵਿੱਚ ਡੂੰਘਾਈ ਨਾਲ ਲੈ ਜਾਂਦਾ ਸੀ।

ਕਿਤਾਬ ਵਿੱਚ ਉਨ੍ਹਾਂ ਕੋਠੇ ਜਾਂ ਟਰੱਕਾਂ ਦੇ ਬਿਸਤਰਿਆਂ ਵਿੱਚ ਸੌਣ ਅਤੇ ਅਕਸਰ ਥੋੜ੍ਹੇ ਜਿਹੇ ਭੋਜਨ ਨਾਲ ਦਿਨ ਬਿਤਾਉਣ ਦਾ ਵਰਣਨ ਕੀਤਾ ਗਿਆ ਹੈ।

ਇਰਾਵਤੀ ਨੇ ਬਹਾਦਰੀ ਨਾਲ ਲੋਕਾਂ ਵਲੋਂ ਕੀਤੇ ਗਏ ਸਮਾਜਿਕ ਅਤੇ ਨਿੱਜੀ ਪੱਖਪਾਤਾਂ ਦਾ ਸਾਹਮਣਾ ਕੀਤਾ ਸੀ।

ਕੱਟੜਵਾਦ ਦੀ ਆਲੋਚਨਾ

ਲੇਖਕ ਦੱਸਦੇ ਹਨ ਕਿ ਕਿਵੇਂ ਇਰਾਵਤੀ, ਇੱਕ ਰਵਾਇਤੀ ਤੌਰ 'ਤੇ ਸ਼ਾਕਾਹਾਰੀ ਉੱਚ-ਜਾਤੀ ਹਿੰਦੂ ਭਾਈਚਾਰੇ ਦੀ ਚਿਤਪਾਵਨ ਬ੍ਰਾਹਮਣ, ਨੇ ਇੱਕ ਕਬਾਇਲੀ ਨੇਤਾ ਦੁਆਰਾ ਪੇਸ਼ ਕੀਤਾ ਗਿਆ ਅੰਸ਼ਕ ਤੌਰ 'ਤੇ ਕੱਚਾ ਮਾਸ ਬਹਾਦਰੀ ਨਾਲ ਖਾਧਾ ਜਿਸ ਦਾ ਉਹ ਅਧਿਐਨ ਕਰਨਾ ਚਾਹੁੰਦੇ ਸਨ।

ਉਨ੍ਹਾਂ ਨੇ ਇਸ ਨੂੰ ਦੋਸਤੀ ਦੇ ਸੰਕੇਤ ਅਤੇ ਵਫ਼ਾਦਾਰੀ ਦੀ ਪ੍ਰੀਖਿਆ ਵਜੋਂ ਲਿਆ, ਜਿਸ ਦਾ ਉਨ੍ਹਾਂ ਨੇ ਖੁੱਲ੍ਹੇਪਣ ਅਤੇ ਉਤਸੁਕਤਾ ਨਾਲ ਜਵਾਬ ਦਿੱਤਾ।

ਉਨ੍ਹਾਂ ਦੇ ਅਧਿਐਨ ਨੇ ਮਨੁੱਖਤਾ ਪ੍ਰਤੀ ਡੂੰਘੀ ਹਮਦਰਦੀ ਨੂੰ ਉਤਸ਼ਾਹਿਤ ਕੀਤਾ, ਜਿਸ ਕਾਰਨ ਉਨ੍ਹਾਂ ਨੇ ਬਾਅਦ ਵਿੱਚ ਹਿੰਦੂ ਧਰਮ ਸਮੇਤ ਸਾਰੇ ਧਰਮਾਂ ਵਿੱਚ ਕੱਟੜਵਾਦ ਦੀ ਆਲੋਚਨਾ ਕੀਤੀ।

ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਉਨ੍ਹਾਂ ਸਾਰਿਆਂ ਦਾ ਹੈ ਜੋ ਇਸ ਨੂੰ ਆਪਣਾ ਘਰ ਕਹਿੰਦੇ ਹਨ।

ਕਿਤਾਬ ਇੱਕ ਪਲ ਦਾ ਵਰਣਨ ਕਰਦੀ ਹੈ ਜਦੋਂ, ਨਾਜ਼ੀਆਂ ਦੁਆਰਾ ਯਹੂਦੀਆਂ 'ਤੇ ਕੀਤੇ ਗਏ ਭਿਆਨਕ ਤਸ਼ੱਦਦ 'ਤੇ ਪ੍ਰਤੀਬਿੰਬਤ ਕਰਦੇ ਹੋਏ, ਇਰਾਵਤੀ ਦਾ ਮਨ ਇੱਕ ਹੈਰਾਨ ਕਰਨ ਵਾਲੇ ਅਹਿਸਾਸ ਵੱਲ ਭਟਕ ਗਿਆ ਜੋ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਹਮੇਸ਼ਾ ਲਈ ਬਦਲ ਦੇਵੇਗਾ।

ਲੇਖਕ ਲਿਖਦੇ ਹਨ "ਇਨ੍ਹਾਂ ਪ੍ਰਤੀਬਿੰਬਾਂ ਵਿੱਚ, ਇਰਾਵਤੀ ਨੇ ਹਿੰਦੂ ਦਰਸ਼ਨ ਤੋਂ ਸਭ ਤੋਂ ਔਖੇ ਸਬਕ ਸਿੱਖੇ: ਇਹ ਸਭ ਤੁਸੀਂ ਵੀ ਹੋ"

ਇਰਾਵਤੀ ਦੀ ਮੌਤ 1970 ਵਿੱਚ ਹੋਈ ਸੀ, ਪਰ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਕੰਮ ਅਤੇ ਉਹਨਾਂ ਲੋਕਾਂ ਦੁਆਰਾ ਕਾਇਮ ਹੈ ਜਿਨ੍ਹਾਂ ਨੂੰ ਉਹ ਪ੍ਰੇਰਿਤ ਕਰਦੇ ਰਹਿੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)