ਮਨੁੱਖ ਦੇ ਨੇੜੇ ਦਾ ‘ਰਿਸ਼ਤੇਦਾਰ’ ਗੁਰੀਲਾ ਕਿਵੇਂ ਬੂਟਿਆਂ ਨਾਲ ਆਪਣਾ ਇਲਾਜ ਕਰਦਾ ਹੈ, ਨਵੀਂ ਖੋਜ ਦੇ ਕੀ ਖੁਲਾਸੇ

    • ਲੇਖਕ, ਹੈਲਨ ਬ੍ਰਿਗਸ
    • ਰੋਲ, ਬੀਬੀਸੀ ਸਹਿਯੋਗੀ

ਅਫਰੀਕਾ ਦੇ ਦੇਸ਼ ਗੈਬੋਨ ਵਿੱਚ ਖੋਜਕਰਤਾਵਾਂ ਨੇ ਜੰਗਲੀ ਗੋਰਿਲਿਆਂ ਵੱਲੋਂ ਖਾਧੇ ਗਏ ਪੌਦਿਆਂ ਬਾਰੇ ਇੱਕ ਅਧਿਐਨ ਕੀਤਾ ਹੈ।

ਸਥਾਨਕ ਲੋਕ ਵੀ ਇਨ੍ਹਾਂ ਪੌਦਿਆਂ ਦੀ ਵਰਤੋਂ ਇਲਾਜ ਲਈ ਕਰਦੇ ਹਨ। ਇਨ੍ਹਾਂ ਤੋਂ ਹੋਣ ਵਾਲੇ ਚਾਰ ਫਾਇਦਿਆਂ ਬਾਰੇ ਪਤਾ ਲੱਗਿਆ ਹੈ।

ਲੈਬੋਰਟਰੀ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਪੌਦਿਆਂ ਵਿੱਚ ਵਧੇਰੇ ਮਾਤਰਾ ’ਚ ਐਂਟੀਓਕਸੀਡੈਂਟਸ ਅਤੇ ਐਂਟੀਮਾਇਕਰੋਬਾਇਲਜ਼ ਮੌਜੂਦ ਹਨ।

ਇਹ ਲਾਗ ਦੀ ਇਨਫੈਕਸ਼ਨ ਵਿਰੁੱਧ ਲੜਨ ਲਈ ਵਧੇਰੇ ਕਾਰਗਰ ਸਾਬਿਤ ਹੋਏ ਹਨ।

ਸਥਾਨਕ ਡਾਕਟਰ ਵੀ ਇਨ੍ਹਾਂ ਪੌਦਿਆਂ ਨੂੰ ਇਲਾਜ ਲਈ ਵਰਤਦੇ

ਗੋਰਿਲਿਆਂ ਨੂੰ ਕੁਝ ਖਾਸ ਪੌਦਿਆਂ ਰਾਹੀਂ ਆਪਣਾ ਇਲਾਜ ਖੁਦ ਕਰਨ ਲਈ ਜਾਣਿਆ ਜਾਂਦਾ ਹੈ।

ਕੁਝ ਸਮਾਂ ਪਹਿਲਾਂ ਇੱਕ ਜ਼ਖ਼ਮੀ ਗੋਰਿਲਾ ਨੇ ਆਪਣੀ ਸੱਟ ਲਈ ਇੱਕ ਬੂਟੇ ਤੋਂ ਖੁਦ ਦਵਾਈ ਤਿਆਰ ਕਰ ਕੇ ਖੂਬ ਸੁਰਖੀਆਂ ਬਟੋਰੀਆਂ ਸਨ।

ਵਿਗਿਆਨੀਆਂ ਨੇ ਤਾਜ਼ਾ ਅਧਿਐਨ ’ਚ ਗੈਬੋਨ ਦੇ ਮੌਕਾਲਾਬਾ-ਡੌਡੌ ਨੈਸ਼ਨਲ ਪਾਰਕ ਵਿੱਚ ਪੱਛਮੀ ਤਰਾਈ ਦੇ ਇਲਾਕੇ ’ਚ ਰਹਿਣ ਵਾਲੇ ਗੋਰਿਲਿਆਂ ਵੱਲੋਂ ਖਾਧੇ ਪੌਦਿਆਂ ਦੀ ਰਿਪੋਰਟ ਨੂੰ ਦਰਜ ਕੀਤਾ ਹੈ।

ਉਨ੍ਹਾਂ ਨੇ ਚਾਰ ਖਾਸ ਲਾਭਦਾਇਕ ਪੌਦਿਆਂ ਦੀ ਚੋਣ ਕਰ ਕੇ ਸਥਾਨਕ ਡਾਕਟਰਾਂ ਨਾਲ ਇੰਟਰਵਿਊ ਕੀਤਾ।

ਇਨ੍ਹਾਂ ਪੌਦਿਆਂ ਵਿੱਚ ਫਰੋਜਰ ਰੁੱਖ (ਸੀਬਾ ਪੈਂਟੈਂਡਰਾ), ਗੈਂਟ ਯੈਲੋ ਮਲਬੇਰੀ (ਮਾਇਰੀਅਨਥਸ ਆਰਬੋਰੀਅਸ), ਅਫਰੀਕਨ ਟੀਕ (ਮਿਲੀਸੀਆ ਐਕਸਲਸਾ) ਅਤੇ ਅੰਜੀਰ ਦੇ ਰੁੱਖ (ਫਾਈਕਸ) ਸ਼ਾਮਲ ਸਨ।

ਇਨ੍ਹਾਂ ਰੁੱਖਾਂ ਦੇ ਸੱਕ ਨੂੰ ਰਵਾਇਤੀ ਦਵਾਈਆਂ ਵਿੱਚ ਪੇਟ ਦੇ ਹਰ ਤਰ੍ਹਾਂ ਦੇ ਦਰਦ ਅਤੇ ਬਾਂਝਪਨ ਦੇ ਇਲਾਜ ਲਈ ਵਰਤਿਆ ਜਾਂਦਾ ਹੈ।

ਇਨ੍ਹਾਂ ਵਿੱਚ ਇਲਾਜ ਵਾਲੇ ਫਿਨੋਲ ਤੋਂ ਫਲੇਵੋਨੋਇਡਜ਼ ਤੱਕ ਦੇ ਰਸਾਇਣ ਪਾਏ ਜਾਂਦੇ ਹਨ।

ਚਾਰੇ ਪੌਦਿਆਂ ਨੇ ਈ. ਕੋਲੀ ਬੈਕਟੀਰੀਆ ਦੇ ਵਿਰੁੱਧ ਲੜਨ ਦੀ ਸਮਰੱਥਾ ਦਿਖਾਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਫਰੋਜਰ ਰੁੱਖ ਨੇ ਖਾਸ ਤੌਰ ’ਤੇ ਟੈਸਟ ਕੀਤੇ ਹਰ ਤਰ੍ਹਾਂ ਦੇ ਤਣਾਅ ਦੇ ਇਲਾਜ ਲਈ ‘ਅਨੋਖੀ ਗਤੀਵਿਧੀ’ ਦਿਖਾਈ ਹੈ।

ਡਰਹਮ ਯੂਨੀਵਰਸਿਟੀ, ਯੂਕੇ ਦੇ ਵਿਗਿਆਨੀ ਡਾ. ਜੌਆਨਾ ਸੇਚਲ ਨੇ ਕਿਹਾ, “ਇਹ ਸਾਬਿਤ ਕਰਦਾ ਹੈ ਕਿ ਗੋਰਿਲਾ ਉਨ੍ਹਾਂ ਖਾਸ ਪੌਦਿਆਂ ਨੂੰ ਹੀ ਖਾਂਦੇ ਹਨ, ਜੋ ਉਨ੍ਹਾਂ ਲਈ ਲਾਭਦਾਇਕ ਹੁੰਦੇ ਹਨ ਅਤੇ ਮੱਧਵਰਗੀ ਅਫਰੀਕਨ ਜੰਗਲਾਂ ਬਾਰੇ ਸਾਡੇ ਗਿਆਨ ਦੇ ਪਾੜੇ ਨੂੰ ਉਜਾਗਰ ਕਰਦੇ ਹਨ।”

ਡਾ. ਜੌਆਨਾ ਸੇਚਲ ਨੇ ਗੈਬੇਨ ਦੇ ਵਿਗਿਆਨੀਆਂ ਨਾਲ ਵੀ ਸਟੱਡੀ ਬਾਰੇ ਕੰਮ ਕੀਤਾ ਹੈ।

ਜੰਗਲਾਂ ਵਿੱਚ ਕਿੰਨੇ ਗੋਰਿਲੇ ਬਚੇ ਹਨ

ਗੈਬੋਨ ਵਿੱਚ ਅਜਿਹੇ ਵੱਡੀ ਗਿਣਤੀ ਵਿੱਚ ਜੰਗਲ ਹਨ, ਜਿਨ੍ਹਾਂ ਬਾਰੇ ਬਹੁਤਾ ਕੁਝ ਜਾਣਿਆਂ ਨਹੀਂ ਗਿਆ। ਇਹ ਜੰਗਲ ਹਾਥੀਆਂ, ਲੰਗੂਰਾਂ ਤੇ ਗੋਰਿਲਿਆਂ ਦਾ ਘਰ ਹਨ।

ਇਨ੍ਹਾਂ ਜੰਗਲਾਂ ਵਿੱਚ ਬਹੁਤ ਅਜਿਹੇ ਬੂਟੇ ਹਨ, ਜੋ ਵਿਗਿਆਨ ਦੀ ਨਜ਼ਰ ਤੋਂ ਅਜੇ ਦੂਰ ਹਨ। ਇਥੇ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਪੌਦਿਆਂ ਦਾ ਵਿਸ਼ਾਲ ਭੰਡਾਰ ਹੈ।

ਜੰਗਲਾਂ ਵਿੱਚ ਸ਼ਿਕਾਰ ਅਤੇ ਬਿਮਾਰੀਆਂ ਕਾਰਨ ਵੱਡੀ ਗਿਣਤੀ ’ਚ ਪੱਛਮੀ ਤਰਾਈ ਖੇਤਰ ਦੇ ਗੋਰਿਲੇ ਅਲੋਪ ਹੋ ਗਏ ਹਨ।

ਮੱਧ ਅਤੇ ਪੱਛਮੀ ਅਫਰੀਕਾ ਵਿੱਚ 1,50,000 ਤੋਂ ਘੱਟ ਪੱਛਮੀ ਤਰਾਈ ਖੇਤਰ ਦੇ ਜੰਗਲੀ ਗੋਰਿਲੇ ਬਚੇ ਹਨ।

ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਦੀ ਕੁਦਰਤੀ ਲਾਲ ਸੂਚੀ ਵਿੱਚ ਉਨ੍ਹਾਂ ਦੀ ਸਥਿਤੀ ਨੂੰ ਗੰਭੀਰ ਦਰਜ ਕੀਤਾ ਗਿਆ ਹੈ।

ਇਸ ਅਧਿਐਨ ਨੂੰ ‘ਪਲੋਸ ਵਨ’ ਰਸਾਲੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਪਹਿਲੀ ਵਾਰ ਗੋਰਿਲੇ ਨੂੰ ਪੌਦੇ ਤੋਂ ਬਣਾਈ ਦਵਾਈ ਵਰਤਦੇ ਦੇਖਿਆ ਗਿਆ

ਵਿਗਿਆਨੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਵਿੱਚ ਇੱਕ ਸੁਮਾਤਰਨ ਗੋਰਿਲੇ (ਗੋਰਿਲੇ ਦੀ ਇੱਕ ਪਰਜਾਤੀ) ਨੂੰ ਆਪਣੀ ਗੱਲ੍ਹ ਦੇ ਜ਼ਖਮ ਨੂੰ ਠੀਕ ਕਰਨ ਲਈ ਬੂਟੇ ਤੋਂ ਤਿਆਰ ਕੀਤੀ ਮਲਮ ਲਗਾਉਂਦੇ ਹੋਇਆ ਦੇਖਿਆ ਗਿਆ ਸੀ।

ਇਹ ਪਹਿਲੀ ਵਾਰ ਸੀ, ਜਦੋਂ ਜੰਗਲ ਵਿੱਚ ਕਿਸੇ ਜੀਵ-ਜੰਤੂ ਨੂੰ ਪੌਦੇ ਤੋਂ ਤਿਆਰ ਕੀਤੀ ਦਵਾਈ ਨਾਲ ਆਪਣਾ ਇਲਾਜ ਕਰਦੇ ਹੋਏ ਦੇਖਿਆ ਗਿਆ ਹੋਵੇ।

ਖੋਜਕਰਤਾਵਾਂ ਨੇ ਰਾਕਸ ਨਾਮ ਦੀ ਮਾਦਾ ਗੋਰਿਲੇ ਨੂੰ ਆਪਣੇ ਮੂੰਹ ’ਤੇ ਪੌਦੇ ਤੋਂ ਤਿਆਰ ਕੀਤੀ ਮਲਮ ਲਗਾਉਂਦੇ ਹੋਇਆ ਦੇਖਿਆ ਗਿਆ ਸੀ। ਇਸ ਨਾਲ ਮਹੀਨੇ ਵਿੱਚ ਹੀ ਉਸ ਦਾ ਜ਼ਖ਼ਮ ਠੀਕ ਹੋ ਗਿਆ ਸੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਵਿਵਹਾਰ ਮਨੁੱਖ ਅਤੇ ਗੋਰਿਲਿਆਂ ਦੇ ਸਾਂਝੇ ਪੂਰਵਜਾਂ ਦਾ ਹੀ ਹਿੱਸਾ ਹੈ।

ਜਰਮਨੀ ਦੇ ਮੈਕਸ ਪਲੈਂਕ ਇੰਸਟੀਚਿਊਟ ਦੇ ਜੀਵ ਵਿਗਿਆਨੀ ਡਾ. ਇਜ਼ਾਬੈਲਾ ਲੌਮਰ ਦਾ ਕਹਿਣਾ ਹੈ ਕਿ ਉਹ ਸਾਡੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਹਨ ਅਤੇ ਇਹ ਇੱਕ ਵਾਰ ਫਿਰ ਉਨ੍ਹਾਂ ਸਾਮਾਨਤਾਵਾਂ ਵੱਲ ਇਸ਼ਾਰਾ ਕਰਦੇ ਹਨ, ਜੋ ਸਾਡੇ ਤੇ ਉਨ੍ਹਾਂ ਵਿਚਾਲੇ ਸਾਂਝੀਆਂ ਹਨ। ਅਸੀਂ ਵੱਖੋ-ਵੱਖਰੇ ਹੋਣ ਨਾਲੋਂ ਜ਼ਿਆਦਾ ਸਾਮਾਨ ਹਾਂ।”

ਡਾ. ਇਜ਼ਾਬੈਲਾ ਲੌਮਰ ਇਸ ਖੋਜ ਦੇ ਮੁੱਖ ਲੇਖਕ ਵੀ ਹਨ।

ਇੱਕ ਖੋਜ ਟੀਮ ਨੇ ਜੂਨ 2022 ਵਿੱਚ ਗੁਨੁੰਗ ਲਿਊਜ਼ਰ ਨੈਸ਼ਨਲ ਪਾਰਕ, ਇੰਡੋਨੇਸ਼ੀਆ ’ਚ ਰਾਕਸ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਉਹ ਨਰ ਗੋਰਿਲੇ ਨਾਲ ਲੜਦੀ ਹੋਈ ਜ਼ਖ਼ਮੀ ਹੋ ਗਈ ਸੀ ਕਿਉਂਕਿ ਉਸ ਨੂੰ ਉੱਚੀ-ਉੱਚੀ ਰੋਂਦਿਆਂ ਦੇਖਿਆ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER, WhatsApp ਅਤੇ YouTube 'ਤੇ ਜੁੜੋ।)