ਉਹ ਅਣਪਛਾਤੀਆਂ 22 ਔਰਤਾਂ ਜਿਨ੍ਹਾਂ ਦੀ ਮੌਤ ਦਾ ਰਹੱਸ ਸੁਲਝਾਉਣ ਵਿੱਚ ਲੱਗੀ ਤਿੰਨ ਦੇਸਾਂ ਦੀ ਪੁਲਿਸ

ਤਸਵੀਰ ਸਰੋਤ, NETHERLANDS POLICE
- ਲੇਖਕ, ਐਲਿਸ ਕਡੀ
- ਰੋਲ, ਬੀਬੀਸੀ ਨਿਊਜ਼, ਐਮਸਟਰਡਮ
ਤਿੰਨ ਯੂਰਪੀਅਨ ਦੇਸ਼ਾਂ ਦੀ ਪੁਲਿਸ 22 ਕਤਲ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਕਰਨ ਲਈ ਮਦਦ ਮੰਗ ਰਹੀ ਹੈ, ਜਿਨ੍ਹਾਂ ਦੇ ਨਾਂ ਅਜੇ ਵੀ ਰਹੱਸ ਬਣੇ ਹੋਏ ਹਨ।
ਇਹ ਲਾਸ਼ਾਂ 1976 ਤੋਂ 2019 ਦਰਮਿਆਨ ਨੀਦਰਲੈਂਡਜ਼, ਬੈਲਜੀਅਮ ਅਤੇ ਜਰਮਨੀ ਵਿੱਚ ਮਿਲੀਆਂ ਸਨ।
ਐਮਸਟਰਡਮ ਵਿੱਚ ਇੱਕ ਔਰਤ ਦੀ ਅਣਸੁਲਝੀ ਹੋਈ ਹੱਤਿਆ ਦੇ ਮਾਮਲੇ ਵਿੱਚ ਲਾਸ਼ ਇੱਕ ਨਦੀ ਵਿੱਚ ਇੱਕ ਕੂੜੇਦਾਨ ਵਿੱਚੋਂ ਮਿਲੀ, ਜਿਸ ਨੇ ਇੰਟਰਪੋਲ ਨੂੰ ਇਸ ਸਬੰਧੀ ਭਾਲ ਕਰਨ ਨੂੰ ਗਤੀ ਪ੍ਰਦਾਨ ਕੀਤੀ।
ਇਹ ਪਹਿਲੀ ਵਾਰ ਹੈ ਜਦੋਂ ਇੰਟਰਨੈਸ਼ਨਲ ਪੁਲਿਸ ਗਰੁੱਪ (ਇੰਟਰਪੋਲ) ਅਣਪਛਾਤੀਆਂ ਲਾਸ਼ਾਂ ਬਾਰੇ ਜਾਣਕਾਰੀ ਮੰਗਣ ਵਾਲੀ ਸੂਚੀ ਦੇ ਨਾਲ ਜਨਤਕ ਤੌਰ ’ਤੇ ਸਾਹਮਣੇ ਆਇਆ ਹੈ।
‘ਓਪਰੇਸ਼ਨ ਆਈਡੈਂਟੀਫਾਈ ਮੀ’ ਨਾਮ ਦੀ ਮੁਹਿੰਮ ਦੇ ਹਿੱਸੇ ਵਜੋਂ ਜਾਰੀ ਕੀਤਾ ਬਲੈਕ ਨੋਟਿਸ, ਆਮ ਤੌਰ 'ਤੇ ਦੁਨੀਆ ਭਰ ਵਿੱਚ ਇੰਟਰਪੋਲ ਦੇ ਪੁਲਿਸ ਬਲਾਂ ਦੇ ਨੈੱਟਵਰਕ ਵਿਚਕਾਰ ਅੰਦਰੂਨੀ ਤੌਰ 'ਤੇ ਪ੍ਰਸਾਰਿਤ ਕੀਤਾ ਜਾਂਦਾ ਹੈ।
ਐਮਸਟਰਡਮ ਵਿੱਚ 1999 ਵਿੱਚ ਕੂੜੇਦਾਨ ਵਿੱਚੋਂ ਮਿਲੀ ਔਰਤ ਦੀ ਲਾਸ਼ ਮੁਤਾਬਕ ਉਸ ਦੇ ਸਿਰ ਅਤੇ ਛਾਤੀ ਵਿੱਚ ਗੋਲੀ ਮਾਰੀ ਗਈ ਸੀ।
ਫੋਰੈਂਸਿਕ ਜਾਸੂਸ ਕੈਰੀਨਾ ਵੈਨ ਲੀਉਵੈੱਨ 2005 ਵਿੱਚ ਸ਼ਹਿਰ ਦੀ ਪਹਿਲੀ ਕੋਲਡ ਕੇਸ ਟੀਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਡੱਚ ਪੁਲਿਸ ਦਾ ਕਹਿਣਾ ਹੈ ਕਿ ਕੋਈ ਵੀ ਕੇਸ ਖੁੱਲ੍ਹਣ ਤੋਂ ਬਾਅਦ ਲਗਭਗ ਤਿੰਨ ਸਾਲਾਂ ਬਾਅਦ ਅਣਸੁਲਝਿਆ ਰਹਿੰਦਾ ਹੈ ਤਾਂ ਆਮ ਤੌਰ 'ਤੇ ‘ਕੋਲਡ’ ਹੋ ਜਾਂਦਾ ਹੈ ।
ਸਾਰੀਆਂ ਕੋਸ਼ਿਸ਼ਾਂ ਖ਼ਤਮ ਕਰਨ ਤੋਂ ਬਾਅਦ, ਉਸ ਨੇ ਅਤੇ ਇੱਕ ਸਹਿਯੋਗੀ ਨੇ ਗੁਆਂਢੀ ਦੇਸ਼ ਜਰਮਨੀ ਅਤੇ ਬੈਲਜੀਅਮ ਵਿੱਚ ਪੁਲਿਸ ਨਾਲ ਸੰਪਰਕ ਕੀਤਾ ਅਤੇ ਅਣਪਛਾਤੀਆਂ ਪੀੜਤ ਔਰਤਾਂ ਦੇ ਨਾਲ ਕਤਲ ਦੇ ਕਈ ਹੋਰ ਸੰਭਾਵਿਤ ਕੇਸਾਂ ਬਾਰੇ ਪਤਾ ਲਗਾਇਆ।

ਤਸਵੀਰ ਸਰੋਤ, INTERPOL
ਤਿੰਨਾਂ ਦੇਸ਼ਾਂ ਨੇ 22 ਔਰਤਾਂ ਦੀ ਸੂਚੀ ਤਿਆਰ ਕੀਤੀ ਜਿਸ ਨੂੰ ਹੱਲ ਕਰਨ ਲਈ ਉਹ ਸੰਘਰਸ਼ ਕਰ ਰਹੇ ਹਨ ਅਤੇ ਇਸ ਸਬੰਧੀ ਇੰਟਰਪੋਲ ਨੂੰ ਵੇਰਵੇ ਪ੍ਰਕਾਸ਼ਿਤ ਕਰਨ ਲਈ ਕਿਹਾ ਹੈ।
ਬੈਲਜੀਅਮ ਪੁਲਿਸ ਦੇ ਸੱਤ ਮਾਮਲੇ, ਜਰਮਨੀ ਦੇ ਛੇ ਅਤੇ ਨੀਦਰਲੈਂਡਜ਼ ਦੇ ਨੌਂ ਮਾਮਲੇ ਸਾਹਮਣੇ ਆਏ ਹਨ।
ਜ਼ਿਆਦਾਤਰ ਪੀੜਤਾਂ ਦੀ ਉਮਰ 15 ਤੋਂ 30 ਸਾਲ ਦੇ ਵਿਚਕਾਰ ਸੀ। ਬਿਨਾਂ ਉਨ੍ਹਾਂ ਦੇ ਨਾਂ ਜਾਣੇ ਜਾਂ ਉਨ੍ਹਾਂ ਨੂੰ ਕਿਸ ਨੇ ਮਾਰਿਆ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੌਤਾਂ ਦੇ ਸਹੀ ਹਾਲਾਤ ਦਰਸਾਉਣਾ ਮੁਸ਼ਕਲ ਹੈ।
ਇਨ੍ਹਾਂ ਦੀ ਪੂਰੀ ਸੂਚੀ ਇੰਟਰਪੋਲ ਦੀ ਵੈੱਬਸਾਈਟ ’ਤੇ ਉਪਲੱਬਧ ਹੈ। ਇਸ ਵਿੱਚ ਔਰਤਾਂ ਬਾਰੇ ਵੇਰਵੇ, ਸੰਭਾਵਿਤ ਪਛਾਣ ਵਾਲੀਆਂ ਵਸਤੂਆਂ ਜਿਵੇਂ ਕਿ ਕੱਪੜੇ, ਗਹਿਣੇ ਅਤੇ ਟੈਟੂ ਦੀਆਂ ਤਸਵੀਰਾਂ ਹਨ। ਕੁਝ ਮਾਮਲਿਆਂ ਵਿੱਚ ਚਿਹਰੇ ਦੇ ਪੁਨਰਨਿਰਮਾਣ ਅਤੇ ਕੇਸਾਂ ਬਾਰੇ ਹੋਰ ਜਾਣਕਾਰੀ ਸ਼ਾਮਲ ਹੈ।
ਵੈਨ ਲੀਉਵੈੱਨ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਜਵਾਬ ਲੱਭਣਾ ਬਹੁਤ ਗੰਭੀਰ ਮਸਲਾ ਹੈ।
ਉਹ ਕਹਿੰਦੀ ਹੈ, "ਜੇ ਤੁਹਾਡੇ ਕੋਲ ਕੋਈ ਨਾਮ ਨਹੀਂ ਹੈ, ਤਾਂ ਤੁਹਾਡੇ ਕੋਲ ਕੋਈ ਵੇਰਵਾ ਵੀ ਨਹੀਂ ਹੈ। ਇਹ ਸਿਰਫ਼ ਇੱਕ ਨੰਬਰ ਹੈ ਅਤੇ ਕੋਈ ਵੀ ਇੱਕ ਨੰਬਰ ਨਹੀਂ ਹੁੰਦਾ।"
ਨੀਦਰਲੈਂਡਜ਼ ਵਿੱਚ ਔਰਤਾਂ ਦੀਆਂ ਲਗਭਗ ਸਾਰੀਆਂ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਕਤਲ ਦੇ ਕੇਸ ਪ੍ਰਤੀਤ ਹੁੰਦੇ ਹਨ, ਜਦੋਂ ਕਿ ਪੁਲਿਸ ਦਾ ਕਹਿਣਾ ਹੈ ਅਣਪਛਾਤੇ ਪੁਰਸ਼ਾਂ ਦੀ ਕਈ ਹਾਲਾਤ ਵਿੱਚ ਮੌਤ ਹੋ ਗਈ।
ਯੂਰਪ ਦੇ ਉਸ ਹਿੱਸੇ ਵਿੱਚ ਲੋਕ ਬਹੁਤ ਆਸਾਨੀ ਨਾਲ ਦੂਜੇ ਦੇਸ਼ਾਂ ਦੇ ਵਿਚਕਾਰ ਆ-ਜਾ ਸਕਦੇ ਹਨ ਕਿਉਂਕਿ ਉੱਥੇ ਸਰਹੱਦਾਂ ਖੁੱਲ੍ਹੀਆਂ ਹਨ।
ਇੰਟਰਪੋਲ ਦੀ ਡੀਐੱਨਏ ਯੂਨਿਟ ਦੀ ਕੋਆਰਡੀਨੇਟਰ ਡਾ. ਸੂਜ਼ਨ ਹਿਚਿਨ ਕਹਿੰਦੇ ਹਨ ਕਿ ਗਲੋਬਲ ਮਾਈਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਵਿੱਚ ਵਾਧੇ ਕਾਰਨ ਜ਼ਿਆਦਾ ਲੋਕਾਂ ਦੇ ਆਪਣੀਆਂ ਕੌਮੀ ਸਰਹੱਦਾਂ ਤੋਂ ਬਾਹਰ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲਾਸ਼ਾਂ ਦੀ ਪਛਾਣ ਕਰਨ ਨੂੰ ਵਧੇਰੇ ਚੁਣੌਤੀਪੂਰਨ ਬਣਾ ਸਕਦਾ ਹੈ। ਔਰਤਾਂ ਲਿੰਗ-ਆਧਾਰਿਤ ਹਿੰਸਾ, ਜਿਸ ਵਿੱਚ ਘਰੇਲੂ ਹਿੰਸਾ, ਜਿਨਸੀ ਹਮਲੇ ਅਤੇ ਤਸਕਰੀ ਨਾਲ ਪ੍ਰਭਾਵਿਤ ਹੁੰਦੀਆਂ ਹਨ।"
"ਇਸ ਓਪਰੇਸ਼ਨ ਦਾ ਉਦੇਸ਼ ਇਨ੍ਹਾਂ ਔਰਤਾਂ ਨੂੰ ਉਨ੍ਹਾਂ ਦੀ ਪਛਾਣ ਵਾਪਸ ਦੇਣਾ ਹੈ।"
ਪਹਿਲੀ ਲਾਸ਼ ਬਾਰੇ ਕੀ ਵੇਰਵੇ ਜਾਰੀ ਹੋਏ
ਕੂੜੇਦਾਨ ਵਿੱਚ ਮਿਲੀ ਔਰਤ ਦੀ ਲਾਸ਼ ਹੁਣ ਕੇਂਦਰੀ ਐਮਸਟਰਡਮ ਵਿੱਚ ਇੱਕ ਕਬਰਸਤਾਨ ਵਿੱਚ ਦਫ਼ਨ ਹੈ।
ਉਸ ਦੀ ਕਬਰ ਇੱਕ ਰੇਲ ਲਾਈਨ ਦੇ ਨੇੜੇ ਅਤੇ ਕਬਰਾਂ ਦੀਆਂ ਕਤਾਰਾਂ ਦੇ ਪਿੱਛੇ ਨਿੱਜੀ ਸ਼ਿਲਾਲੇਖਾਂ ਅਤੇ ਤਾਜ਼ੇ ਕੱਟੇ ਹੋਏ ਫੁੱਲਾਂ ਦੇ ਨਾਲ ਬਣੀ ਹੋਈ ਹੈ।
ਉਹ ਉਨ੍ਹਾਂ ਲੋਕਾਂ ਲਈ ਇੱਕ ਨਿਰਧਾਰਤ ਖੇਤਰ ਵਿੱਚ ਸਥਿਤ ਹੈ ਜਿਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਉੱਥੇ, "ਅਣਪਛਾਤੇ ਮ੍ਰਿਤਕ" ਸ਼ਬਦ ਲਿਖੀਆਂ ਹੋਈਆਂ ਤਖ਼ਤੀਆਂ ਮਿੱਟੀ ਵਿੱਚ ਗੱਡੀਆਂ ਹੋਈਆਂ ਨਜ਼ਰ ਆਉਂਦੀਆਂ ਹਨ।
ਇਸ ਔਰਤ ਦੀ ਲਾਸ਼ ਉਦੋਂ ਮਿਲੀ ਸੀ ਜਦੋਂ ਇੱਕ ਸਥਾਨਕ ਵਿਅਕਤੀ ਜਾਨ ਮੀਜਰ ਮਈਅਰ ਆਪਣੀ ਕਿਸ਼ਤੀ ’ਤੇ ਨਦੀ ਵਿੱਚ ਤੈਰ ਰਹੇ ਕੂੜੇਦਾਨ ਨੂੰ ਲੈਣ ਲਈ ਗਿਆ ਸੀ।
ਇਸ ਕੂੜੇਦਾਨ ਨੂੰ ਉਨ੍ਹਾਂ ਦੇ ਗੁਆਂਢੀ ਨੇ ਡੱਚ ਰਾਜਧਾਨੀ ਦੇ ਬਾਹਰੀ ਇਲਾਕੇ ਵਿੱਚ ਆਪਣੇ ਘਰ ਦੇ ਨਾਲ ਵਗਦੀ ਨਦੀ ਵਿੱਚ ਤੈਰਦੇ ਹੋਏ ਦੇਖਿਆ ਸੀ।
ਪਰ ਜਦੋਂ ਉਨ੍ਹਾਂ ਨੇ ਕਿਸ਼ਤੀ ਨੂੰ ਕੂੜੇਦਾਨ ਨਾਲ ਟਕਰਾਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਇਹ ਉਨ੍ਹਾਂ ਦੀ ਉਮੀਦ ਨਾਲੋਂ ਜ਼ਿਆਦਾ ਭਾਰੀ ਸੀ। ਜਿਵੇਂ ਹੀ ਇਹ ਪਾਣੀ ਦੇ ਉੱਪਰ ਆਇਆ ਤਾਂ ਉਨ੍ਹਾਂ ਨੂੰ 'ਕੁਝ ਭਿਆਨਕ' ਤਰ੍ਹਾਂ ਦੀ ਗੰਧ ਆਈ।
ਇੱਕ ਫਾਇਰਫਾਈਟਰ ਦੇ ਤੌਰ 'ਤੇ ਜਾਨ ਪਹਿਲਾਂ ਵੀ ਲਾਸ਼ਾਂ ਦੇ ਆਲੇ-ਦੁਆਲੇ ਰਿਹਾ ਸੀ, ਪਰ ਇਹ ਬਦਬੂ ਬਹੁਤ ਭੈੜੀ ਸੀ। ਇਸ ਨਾਲ ਉਨ੍ਹਾਂ ਨੂੰ ਆਪਣੇ ਬਚਪਨ ਦੀ ਇੱਕ ਘਟਨਾ ਯਾਦ ਆ ਗਈ, ਜਦੋਂ ਉਨ੍ਹਾਂ ਨੂੰ ਇੱਕ ਕੱਟੀ ਹੋਈ ਭੇਡ ਦੀ ਸੜੀ ਹੋਈ ਲਾਸ਼ ਮਿਲੀ ਸੀ।
ਨੇੜਿਓਂ ਨਿਰੀਖਣ ਕਰਨ 'ਤੇ ਉਨ੍ਹਾਂ ਨੇ ਦੇਖਿਆ ਕਿ ਕੂੜੇਦਾਨ ਨੂੰ ਕਿਲ ਨਾਲ ਬੰਦ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਨੂੰ ਆਪਣੇ ਡੈੱਕ ਵੱਲ ਖਿੱਚ ਲਿਆ ਅਤੇ ਪੁਲਿਸ ਨੂੰ ਬੁਲਾਇਆ।
ਜਦੋਂ ਕੂੜੇਦਾਨ ਨੂੰ ਖੋਲ੍ਹਿਆ ਗਿਆ ਤਾਂ ਅਧਿਕਾਰੀਆਂ ਨੂੰ ਕੰਕਰੀਟ ਦੇ ਉੱਪਰ ਵਾਸ਼ਿੰਗ ਪਾਊਡਰ ਦੇ ਬੈਗ ਪਏ ਹੋਏ ਮਿਲੇ।
ਉਨ੍ਹਾਂ ਨੇ ਕੂੜੇਦਾਨ ਨੂੰ ਉਲਟਾ ਦਿੱਤਾ ਅਤੇ ਇੱਕ ਲਾਸ਼ ਫਰਸ਼ 'ਤੇ ਡਿੱਗ ਗਈ। ਇੱਕ ਹੱਥ ਅੰਸ਼ਕ ਤੌਰ 'ਤੇ ਕੰਕਰੀਟ ਵਿੱਚ ਫਸਿਆ ਹੋਇਆ ਸੀ।
ਉੱਥੇ ਮੌਜੂਦ ਇੱਕ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਲਾਸ਼ ਦਾ ਸਰੀਰ ਸਲੇਟੀ ਰੰਗਾ ਹੋ ਗਿਆ ਸੀ ਅਤੇ ਇਹ ਇੱਕ "ਰੇਤ ਦੀ ਮੂਰਤੀ" ਵਰਗਾ ਲੱਗ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦੇਖ ਕੇ ਇਹ ਦੱਸਣਾ ਅਸੰਭਵ ਸੀ ਕਿ ਇਹ ਵਿਅਕਤੀ ਪੁਰਸ਼ ਸੀ ਜਾਂ ਔਰਤ।

ਉਸ ਸਮੇਂ ਦੀ ਜਾਂਚ ਨੇ ਇਹ ਸਥਾਪਿਤ ਕੀਤਾ ਕਿ ਔਰਤ ਸ਼ਾਇਦ 20ਵੇਂ ਦਹਾਕੇ ਦੇ ਅੱਧ ਵਿੱਚ ਸੀ ਅਤੇ ਉਹ "ਅੰਸ਼ਕ ਤੌਰ 'ਤੇ ਪੱਛਮੀ ਯੂਰਪੀਅਨ ਅਤੇ ਅੰਸ਼ਕ ਤੌਰ 'ਤੇ ਏਸ਼ੀਆਈ" ਸੀ।
ਆਈਸੋਟੋਪ ਵਿਸ਼ਲੇਸ਼ਣ ਦੀ ਵਰਤੋਂ ਕਰਦੇ ਹੋਏ ਹਾਲੀਆ ਫੋਰੈਂਸਿਕ ਜਾਂਚ ਨੇ ਉਸ ਦੇ ਜਨਮ ਸਥਾਨ ਨੂੰ ਨੀਦਰਲੈਂਡਜ਼, ਜਰਮਨੀ, ਲਕਸਮਬਰਗ ਜਾਂ ਬੈਲਜੀਅਮ ਤੱਕ ਸੀਮਤ ਕਰ ਦਿੱਤਾ ਹੈ।
ਵੈਨ ਲੀਉਵੈੱਨ ਆਈਸੋਟੋਪ ਵਿਸ਼ਲੇਸ਼ਣ ਤਕਨੀਕ ਬਾਰੇ ਦੱਸਦੇ ਹਨ, "ਇਹ ਸਭ ਉਸ ਭੋਜਨ ਨਾਲ ਸਬੰਧਿਤ ਹੈ ਜੋ ਤੁਸੀਂ ਖਾਂਦੇ ਹੋ ਅਤੇ ਜੋ ਪਾਣੀ ਤੁਸੀਂ ਪੀਂਦੇ ਹੋ, ਬਲਕਿ ਉਹ ਹਵਾ ਵੀ ਜਿਸ ਵਿੱਚ ਤੁਸੀਂ ਸਾਹ ਲੈਂਦੇ ਹੋ।"
ਉਸ ਦੀ ਪੜਤਾਲ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਪੁਲਿਸ ਨੇ ਉਸ ਦੇ ਕੱਪੜਿਆਂ ਅਤੇ ਜੁੱਤੀਆਂ ਦੇ ਆਕਾਰ ਅਤੇ ਉਸ ਨੇ ਕੀ ਪਹਿਨਿਆ ਹੋਇਆ ਸੀ ਦੇ ਵੇਰਵੇ ਜਾਰੀ ਕੀਤੇ, ਪਰ ਉਹ ਅਜੇ ਵੀ ਉਸ ਦੀ ਪਛਾਣ ਕਰਨ ਵਿੱਚ ਅਸਮਰੱਥ ਹਨ।
ਉਸ ਦੇ ਕਾਲੇ ਰੰਗ ਦੇ ਕਰੇਪ ਤਲਿਆਂ ਵਾਲੇ ਫੀਤੇ ਵਾਲੇ ਜੁੱਤੇ ਉਸ ਦੇ ਪੈਰਾਂ ਵਿੱਚ ਨਹੀਂ ਸਨ, ਪਰ ਉਸ ਦੀ ਲਾਸ਼ ਦੇ ਨਾਲ ਕੂੜੇਦਾਨ ਵਿੱਚ ਪਾ ਦਿੱਤੇ ਗਏ ਸਨ।
‘ਓਪਰੇਸ਼ਨ ਆਈਡੈਂਟੀਫਾਈ ਮੀ’ ਤਹਿਤ ਇੰਟਰਪੋਲ ਨੇ ਲਾਸ਼ ਦੇ ਨਾਲ ਜੋ ਕੁਝ ਮਿਲਿਆ ਸੀ, ਉਸ ਦੇ ਵੇਰਵੇ ਜਾਰੀ ਕੀਤੇ ਹਨ।
ਉਸ ਨੇ ਆਪਣੇ ਸੱਜੇ ਗੁੱਟ 'ਤੇ ਸੋਨੇ ਰੰਗੀ ਘੜੀ ਪਾਈ ਹੋਈ ਸੀ ਅਤੇ ਕੂੜੇਦਾਨ ਵਿੱਚ ਸੱਪ ਦੀ ਚਮੜੀ ਦਾ ਪ੍ਰਿੰਟ ਵਾਲਾ ਬੈਗ ਵੀ ਮਿਲਿਆ ਸੀ।
ਮਰਦਾਂ ਦੇ ਕੱਪੜੇ ਵੀ ਕੂੜੇਦਾਨ ਵਿੱਚ ਮਿਲੇ ਹਨ। ਪੁਲਿਸ ਦਾ ਮੰਨਣਾ ਹੈ ਕਿ ਉਹ ਅਪਰਾਧੀ ਦੇ ਸਨ। ਉਨ੍ਹਾਂ ਵਿੱਚ ਇੱਕ ਜੈਕਟ ਸ਼ਾਮਲ ਹੈ ਜਿਸ ਵਿੱਚ ਲਾਲ ਗੋਲਾਕਾਰ ਚਿੰਨ੍ਹ ਸਿਲਾਈ ਕੀਤਾ ਹੋਇਆ ਹੈ। ਚਿੰਨ੍ਹ ਦੀ ਪਛਾਣ ਕਰਨ ਦੇ ਯਤਨਾਂ ਨੇ ਕੋਈ ਫ਼ਲ ਨਹੀਂ ਦਿੱਤਾ।
ਕੇਸ ਦੇ ਸਬੰਧ ਵਿੱਚ ਕਿਸੇ ਵੀ ਸ਼ੱਕੀ ਤੋਂ ਪੁੱਛਗਿੱਛ ਜਾਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਇਸ ਸਬੰਧੀ ਮੀਡੀਆ ਦੀ ਦਿਲਚਸਪੀ ਵੀ ਜਲਦੀ ਹੀ ਖ਼ਤਮ ਹੋ ਗਈ।
ਪਰ ਜਿਸ ਦਿਨ ਲਾਸ਼ ਮਿਲੀ ਸੀ, ਉੱਥੇ ਮੌਜੂਦ ਲੋਕਾਂ ਲਈ ਉਸ ਔਰਤ ਨੂੰ ਭੁੱਲਣਾ ਇੰਨਾ ਸੌਖਾ ਨਹੀਂ ਸੀ ਜਿਸ ਦੀ ਕੋਈ ਪਛਾਣ ਹੀ ਨਹੀਂ ਸੀ। ਉਹ ਅਜੇ ਵੀ ਹੈਰਾਨੀ ਪ੍ਰਗਟਾਉਂਦੇ ਹਨ ਕਿ ਉਹ ਕੌਣ ਸੀ ਅਤੇ ਕੌਣ ਉਸ ਨੂੰ ਯਾਦ ਕਰ ਰਿਹਾ ਹੋਵੇਗਾ।

‘ਉਨ੍ਹਾਂ ਸਾਰਿਆਂ ਨੂੰ ਕੋਈ ਨਾ ਕੋਈ ਯਾਦ ਕਰਦਾ ਹੈ’
ਜਦੋਂ ਜਾਸੂਸ ਕੈਰੀਨਾ ਵੈਨ ਲੀਉਵੈੱਨ ਨੇ ਪਹਿਲੀ ਵਾਰ 2007 ਵਿੱਚ ਅਵਸ਼ੇਸ਼ਾਂ ਨੂੰ ਕੱਢਣ ਲਈ ਪੀੜਤ ਦੀ ਕਬਰ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਗੁੰਮਨਾਮੀ ਦੀ ਮੌਤ ਮਰਨ ਤੋਂ ਹੈਰਾਨ ਅਤੇ ਦੁਖੀ ਮਹਿਸੂਸ ਕੀਤਾ।
ਕਬਰਿਸਤਾਨ ਦੇ ਮਾਲਕ ਨੇ ਜਾਸੂਸ ਨੂੰ ਪੁੱਛਿਆ ਕਿ ਉਸ ਨੇ "ਬਾਕੀ ਸਾਰਿਆਂ" ਬਾਰੇ ਕੀ ਕਰਨ ਦੀ ਯੋਜਨਾ ਬਣਾਈ ਹੈ।
ਉਦੋਂ ਹੀ ਉਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਨਾਲ ਸਮੱਸਿਆ ਦੇ ਪੱਧਰ ਦਾ ਅਹਿਸਾਸ ਹੋਇਆ।
ਮ੍ਰਿਤਕਾਂ ਦੀ ਪਛਾਣ ਕਰਨਾ ਉਨ੍ਹਾਂ ਦੀ ਵਿਸ਼ੇਸ਼ਤਾ ਬਣ ਗਈ ਹੈ ਅਤੇ ਉਹ ਹੁਣ ਤੱਕ ਵੱਖ-ਵੱਖ ਕਾਰਨਾਂ ਨਾਲ ਮਰਨ ਵਾਲੇ 41 ਲੋਕਾਂ ਦੀ ਪਛਾਣ ਕਰ ਚੁੱਕੇ ਹਨ।
ਉਨ੍ਹਾਂ ਨੇ ਜਿੰਨੀਆਂ ਵੀ ਲਾਸ਼ਾਂ ਦੀ ਪਛਾਣ ਕੀਤੀ ਹੈ ਉਨ੍ਹਾਂ ਵਿੱਚ ਇੱਕ ਗੱਲ ਸਮਾਨ ਹੈ।
ਉਹ ਕਹਿੰਦੇ ਹਨ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦੀ ਪਛਾਣ ਕਰਨ ਵਿੱਚ ਕਿੰਨਾ ਸਮਾਂ ਲੱਗਿਆ, ਉਨ੍ਹਾਂ ਸਾਰਿਆਂ ਕੋਲ ਕੋਈ ਨਾ ਕੋਈ ਅਜਿਹਾ ਸੀ ਜੋ ਉਨ੍ਹਾਂ ਨੂੰ ਯਾਦ ਕਰਦਾ ਸੀ।"
"ਇੱਥੋਂ ਤੱਕ ਕਿ ਭਾਵੇਂ ਇਹ 25 ਸਾਲਾਂ ਬਾਅਦ ਹੋਵੇ, ਤਾਂ ਲੋਕ ਕੁਝ ਅਜਿਹਾ ਹਾਸਲ ਕਰਕੇ ਬਹੁਤ ਖੁਸ਼ ਹਨ ਜਿਸ ਨੂੰ ਉਹ ਦਫ਼ਨਾ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਸਤਿਕਾਰ ਦੇ ਸਕਦੇ ਹਨ।"

‘ਓਪਰੇਸ਼ਨ ਆਈਡੈਂਟੀਫਾਈ ਮੀ’
ਕੈਰੀਨਾ ਨੇ ਨੀਦਰਲੈਂਡਜ਼ ਵਿੱਚ ਜਿਨ੍ਹਾਂ ਚਾਰ ਲਾਸ਼ਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਹੈ, ਉਨ੍ਹਾਂ ਵਿੱਚੋਂ ਸਿਰਫ਼ ਉਸ ਦੇਸ਼ ਦੇ ਲੋਕ ਹੀ ਸਨ। ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਸਰਹੱਦਾਂ ਦੇ ਪਾਰ ਪੁਲਿਸ ਬਲਾਂ ਨਾਲ ਕੰਮ ਕਰਨਾ ਅਤੇ ਵਿਆਪਕ ਜਨਤਕ ਜਾਗਰੂਕਤਾ ਬਹੁਤ ਮਹੱਤਵਪੂਰਨ ਹੈ।
‘ਓਪਰੇਸ਼ਨ ਆਈਡੈਂਟੀਫਾਈ ਮੀ’ ਕੇਸਾਂ ਵਿੱਚੋਂ ਬੈਲਜੀਅਮ ਵਿੱਚ ਮਿਲੀ ਇੱਕ ਔਰਤ ਦੀ ਲਾਸ਼ ਹੈ ਜਿਸ ਦੇ ਹਰੇ ਪੱਤਿਆਂ ਵਾਲੇ ਕਾਲੇ ਫੁੱਲ ਦਾ ਇੱਕ ਵਿਲੱਖਣ ਟੈਟੂ ਹੈ ਜਿਸ ਦੇ ਹੇਠਾਂ "R'NICK" ਲਿਖਿਆ ਹੋਇਆ ਹੈ।
ਉਹ 1992 ਵਿੱਚ ਐਂਟਵਰਪ ਵਿੱਚ ਇੱਕ ਨਦੀ ਵਿੱਚ ਜਾਲੀ ਦੇ ਕੋਲ ਪਈ ਮਿਲੀ ਸੀ। ਪੁਲਿਸ ਨੇ ਕਿਹਾ ਕਿ ਉਸ ਨੂੰ ਹਿੰਸਕ ਢੰਗ ਨਾਲ ਮਾਰਿਆ ਗਿਆ ਸੀ, ਪਰ ਉਨ੍ਹਾਂ ਨੇ ਕਦੇ ਉਸ ਦਾ ਨਾਮ ਨਹੀਂ ਲੱਭਿਆ।
2002 ਦੇ ਇੱਕ ਹੋਰ ਮਾਮਲੇ ਵਿੱਚ ਜਰਮਨ ਸ਼ਹਿਰ ਬ੍ਰੇਮੇਨ ਦੇ ਇੱਕ ਸੈਲਿੰਗ ਕਲੱਬ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਸੀ, ਜਿਸ ਦੀ ਲਾਸ਼ ਕਾਰਪੈੱਟ ਵਿੱਚ ਲਪੇਟੀ ਹੋਈ ਸੀ ਅਤੇ ਤਾਰ ਨਾਲ ਬੰਨ੍ਹੀ ਹੋਈ ਸੀ।
ਇੰਟਰਪੋਲ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਇਨ੍ਹਾਂ ਬਲੈਕ ਨੋਟਿਸਾਂ ਦੀ ਜਨਤਕ ਸੂਚੀ ਜਾਰੀ ਕਰਨ ਨਾਲ ਯਾਦਾਂ ਨੂੰ ਤਾਜ਼ਾ ਕਰਨ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਨੂੰ ਕਿਸੇ ਵੀ ਜਾਣਕਾਰੀ ਦੇ ਨਾਲ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇੰਟਰਪੋਲ ਦੀ ਡਾ. ਸੂਜ਼ਨ ਹਿਚਿਨ ਕਹਿੰਦੇ ਹਨ, "ਸ਼ਾਇਦ ਉਹ ਕੰਨ ਦੀ ਵਾਲੀ ਜਾਂ ਕੱਪੜੇ ਦੀ ਕਿਸੇ ਖਾਸ ਚੀਜ਼ ਨੂੰ ਪਛਾਣ ਲੈਣਗੇ ਜੋ ਅਣਪਛਾਤੀ ਔਰਤ ਦੇ ਕੋਲੋਂ ਮਿਲੀ ਸੀ।"
22 ਕੇਸਾਂ ਵਿੱਚੋਂ ਕੁਝ ਵਿੱਚ ਪੁਲਿਸ ਬਲ ਅਜਿਹੀ ਤਕਨੀਕ ਦੀ ਵਰਤੋਂ ਕਰ ਰਹੇ ਹਨ ਜੋ ਲਾਸ਼ਾਂ ਦੇ ਮਿਲਣ ਵੇਲੇ ਉਪਲੱਬਧ ਨਹੀਂ ਸੀ, ਤਾਂ ਜੋ ਉਨ੍ਹਾਂ ਦੀ ਪਛਾਣ ਦੀਆਂ ਸੰਭਾਵਨਾਵਾਂ ਵਧ ਸਕਣ।

ਤਸਵੀਰ ਸਰੋਤ, BELGIAN FEDERAL POLICE
ਸਕਾਟਲੈਂਡ ਦੇ ਇੱਕ ਫੋਰੈਂਸਿਕ ਆਰਟਿਸਟ ਡਾ. ਕ੍ਰਿਸਟੋਫਰ ਰੇਨ ਦੁਆਰਾ ਐਮਸਟਰਡਮ ਵਿੱਚ ਕੂੜੇਦਾਨ ਵਿੱਚੋਂ ਮਿਲੀ ਔਰਤ ਦੀ ਲਾਸ਼ ਦੇ ਚਿਹਰੇ ਦਾ ਇੱਕ ਨਵਾਂ ਪੁਨਰ ਨਿਰਮਾਣ ਕੀਤਾ ਗਿਆ ਹੈ।
ਉਨ੍ਹਾਂ ਨੂੰ ਯਾਦ ਹੈ ਕਿ ਜਦੋਂ ਉਹ ਇੱਕ ਵਿਦਿਆਰਥੀ ਸੀ ਤਾਂ ਉਨ੍ਹਾਂ ਨੇ ਔਰਤ ਦੀਆਂ ਅਸਲ ਪੋਸਟ ਮਾਰਟਮ ਤਸਵੀਰਾਂ ਦੇਖੀਆਂ ਸਨ ਅਤੇ ਉਨ੍ਹਾਂ ਨੇ ਉਸ ਨੂੰ ਕਦੇ ਨਹੀਂ ਭੁਲਾਇਆ।
ਉਨ੍ਹਾਂ ਨੂੰ ਉਮੀਦ ਹੈ ਕਿ ਖੋਪੜੀ ਦੇ ਆਲੇ ਦੁਆਲੇ ਚਿਹਰੇ ਨੂੰ ਫਿਰ ਤੋਂ ਬਣਾਉਣ ਲਈ ਉੱਨਤ ਕੰਪਿਊਟਰ ਸੌਫਟਵੇਅਰ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਨਵੀਂ ਤਸਵੀਰ, ਨਵੇਂ ਸੁਰਾਗਾਂ ਨੂੰ ਉਜਾਗਰ ਕਰਨ ਵਿੱਚ ਮਦਦ ਕਰੇਗੀ।
ਕੈਰੀਨਾ ਦਾ ਕਹਿਣਾ ਹੈ ਕਿ ਜਦੋਂ ਕਿ ਉਹ ਕੇਸ ਨੂੰ ਸੁਲਝਾਉਣਾ ਅਤੇ ਦੋਸ਼ੀ ਨੂੰ ਲੱਭਣਾ ਚਾਹੁੰਦੀ ਹੈ, ਉਸ ਲਈ "ਇਹ [ਔਰਤ ਦੀ] ਪਛਾਣ ਬਾਰੇ ਹੈ, ਸਿਰਫ਼ ਉਸ ਨੂੰ ਪਰਿਵਾਰ ਨੂੰ ਵਾਪਸ ਦੇਣ ਲਈ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੂੜੇਦਾਨ ਵਿੱਚੋਂ ਮਿਲੀ ਔਰਤ ਦੀ ਲਾਸ਼, ਜਾਂ ਹੋਰਾਂ ਜਿਨ੍ਹਾਂ ਦੀ ਉਹ ਜਾਂਚ ਕਰ ਰਹੀ ਹੈ ਬਾਰੇ, "ਕਦੇ ਹਾਰ ਨਹੀਂ ਮੰਨੇਗੀ।"
"ਤੁਸੀਂ ਇੱਕ ਵਿਅਕਤੀ ਹੋ, ਤੁਹਾਡਾ ਇੱਕ ਨਾਮ ਹੈ, ਤੁਹਾਡਾ ਇੱਕ ਇਤਿਹਾਸ ਹੈ ਅਤੇ ਇਤਿਹਾਸ ਨੂੰ ਅੰਤ ਤੱਕ ਦੱਸਿਆ ਜਾਣਾ ਚਾਹੀਦਾ ਹੈ, ਭਾਵੇਂ ਅੰਤ ਦੁਖਦਾਈ ਅਤੇ ਭਿਆਨਕ ਹੀ ਕਿਉਂ ਨਾ ਹੋਵੇ।"












