ਫ਼ਿਲਟਰ ਦਾ ਪਾਣੀ ਟੂਟੀ ਦੇ ਪਾਣੀ ਨਾਲੋਂ ਕੀ ਵਾਕਈ ਵਧੀਆ ਹੈ, ਕਿਵੇਂ ਫ਼ੈਸਲਾ ਕਰੀਏ

ਫਿਲਟਰ ਤੋਂ ਪਾਣੀ ਭਰ ਰਹੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਲਟਰ ਦੀ ਚੋਣ ਤੁਹਾਡੇ ਇਲਾਕੇ ਦੇ ਪਾਣੀ ਮੁਤਾਬਕ ਹੋਣੀ ਚਾਹੀਦੀ ਹੈ

ਟੇਬਲ-ਟੌਪ-ਫਿਲਟਰ ਪਾਣੀ ਵਿੱਚੋਂ ਅਸ਼ੁੱਧੀਆਂ ਦੂਰ ਕਰ ਸਕਦੇ ਹਨ— ਪਰ ਕੀ ਫਿਲਟਰ ਕੀਤਾ ਪਾਣੀ ਟੂਟੀ ਦੇ ਪਾਣੀ ਨਾਲੋਂ ਵਾਕਈ ਵਧੀਆ ਹੈ ਜਾਂ ਇਹ ਜਾਣੇ ਅਨਜਾਣੇ ਨੁਕਸਾਨ ਕਰਦੇ ਹਨ?

ਬ੍ਰਿਟੇਨ ਵਾਸੀ ਸ਼ੀਮਾ ਚਿਨ-ਸੀ ਜਿੱਥੋਂ ਹੋ ਸਕੇ ਟੂਟੀ ਦੇ ਪਾਣੀ ਤੋਂ ਪ੍ਰਹੇਜ਼ ਕਰਦੇ ਹਨ। ਉਨ੍ਹਾਂ ਦੇ ਘਰ ਦੀ ਫਰਿੱਜ ਵਿੱਚ ਆਟੋਮੈਟਿਕ ਵਾਟਰ ਡਿਸਪੈਂਸਰ ਲੱਗਇਆ ਹੋਇਆ ਹੈ ਜੋ ਕਿ ਇੱਕ ਫਿਲਟਰ ਨਾਲ ਜੁੜਿਆ ਹੈ। ਜਦੋਂ ਸ਼ੀਮਾ ਘਰ ਨਹੀਂ ਹੁੰਦੇ ਤਾਂ ਉਹ ਆਪਣੇ ਨਾਲ ਅਲਟਰਾਵਾਇਲਟ ਰੌਸ਼ਨੀ ਨਾਲ ਪਾਣੀ ਨੂੰ ਜੀਵਾਣੀ ਮੁਕਤ ਕਰਦੀ ਹੈ।

ਉਹ ਕਹਿੰਦੇ ਹਨ, “ਫਿਲਟਰ ਕੀਤੇ ਪਾਣੀ ਦਾ ਸੁਆਦ ਵਧੀਆ ਲਗਦਾ ਹੈ। ਮੈਂ ਟੂਟੀ ਦੇ ਪਾਣੀ ਵਿਚਲੇ ਰਸਾਇਣਾ ਨੂੰ ਸੁੰਘ ਸਕਦੀ ਹਾਂ ਅਤੇ ਮੈਨੂੰ ਉਨ੍ਹਾਂ ਸੁਆਦ ਵੀ ਆਉਂਦਾ ਹੈ।”

ਸ਼ੀਨਾ ਦੇ ਪਤੀ ਸਮੇਤ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਵਿਹਾਰ ਅਜੀਬ ਲਗਦਾ ਹੈ। ਹਾਲਾਂਕਿ ਸ਼ੀਨਾ ਅਜਿਹਾ ਸੋਚਣ ਵਾਲੀ ਇਕੱਲੀ ਨਹੀਂ ਹੈ। ਅਮਰੀਕਾ ਦੀ ਗੈਰ-ਮੁਨਾਫਾ ਸੰਸਥਾ ਨੇ ਜਦੋਂ 2,800 ਲੋਕਾਂ ਉੱਪਰ ਸਰਵੇਖਣ ਕੀਤਾ ਤਾਂ ਦੇਖਿਆ ਕਿ ਲਗਭਗ ਅੱਧਿਆਂ ਨੇ ਕਿਹਾ ਕਿ ਉਨ੍ਹਾਂ ਦੀ ਟੂਟੀ ਦਾ ਪਾਣੀ ਸੁਰੱਖਿਅਤ ਨਹੀਂ ਸੀ ਅਤੇ ਉਨ੍ਹਾਂ ਵਿੱਚ 35 ਫੀਸਦੀ ਲੋਕ ਪਾਣੀ ਫਿਲਟਰ ਕਰਦੇ ਸਨ।

ਇਸੇ ਤਰ੍ਹਾਂ ਸਾਲ 2023 ਵਿੱਚ ਸਵੀਡਨ ਦੀ ਫਿਲਟਰ ਨਿਰਮਾਤਾ ਕੰਪਨੀ ਨੇ ਬ੍ਰਿਟੇਨ ਵਿੱਚ 500 ਲੋਕਾਂ ਉੱਪਰ ਸਰਵੇਖਣ ਕੀਤਾ ਅਤੇ ਦੇਖਿਆ ਕਿ 42 ਫੀਸਦੀ ਲੋਕਾਂ ਨੂੰ ਟੂਟੀ ਦੇ ਪਾਣੀ ਉੱਪਰ ਭਰੋਸਾ ਨਹੀਂ ਹੈ ਜਾਂ ਉਸਦਾ ਸੁਆਦ ਪਸੰਦ ਨਹੀਂ ਸੀ।

ਇੱਕ ਚੌਥਾਈ ਦਾ ਮੰਨਣਾ ਸੀ ਕਿ ਟੂਟੀ ਦਾ ਪਾਣੀ ਸਾਫ਼ ਨਹੀਂ ਸੀ ਇਸ ਵਿੱਚ ਅਸ਼ੁੱਧੀਆਂ, ਰਸਾਇਣ ਅਤੇ ਬੈਕਟੀਰੀਆ ਸਨ। ਨਤੀਜੇ ਵਜੋਂ 50 ਫੀਸਦੀ ਲੰਡਨ ਵਾਸੀਆਂ ਨੇ ਕਿਹਾ ਕਿ ਉਹ ਪਾਣੀ ਫਿਲਟਰ ਕਰਨ ਵਾਲੇ ਦੀ ਵਰਤੋਂ ਕਰਦੇ ਹਨ।

ਪਾਣੀ ਸਾਫ਼ ਕਰਨ ਵਾਲੇ ਉਪਕਰਣ ਬਣਾਉਣ ਵਾਲਿਆਂ ਦੀ ਚਾਂਦੀ ਹੈ। ਖਾਸ ਕਰਕੇ ਉੱਤਰੀ ਅਮਰੀਕਾ, ਯੂਰਪ ਅਤੇ ਚੀਨ ਵਿੱਚ।

ਸਾਲ 2022 ਵਿੱਚ ਪਾਣੀ ਦੇ ਫਿਲਟਰਾਂ ਦਾ ਵਿਸ਼ਵੀ ਬਜ਼ਾਰ ਅੰਦਾਜ਼ਨ 30 ਬਿਲੀਅਨ ਡਾਲਰ ਦੀ ਸੀ ਜੋ 2030 ਤੱਕ 7 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ।

ਇਸਦੇ ਵਕਾਲਤੀ ਕਹਿਣਗੇ ਕਿ ਪਾਣੀ ਫਿਲਟਰ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਇਹ ਪਾਣੀ ਵਿੱਚ ਜ਼ਹਿਰੀਲੇ ਤੱਤ ਅਤੇ ਬੀਮਾਰੀ ਪੈਦਾ ਕਰਨ ਵਾਲੇ ਤੱਤ ਘੱਟ ਕਰਦਾ ਹੈ, ਪਾਣੀ ਦਾ ਭਾਰਾਪਣ ਖਤਮ ਕਰਦਾ ਹੈ। ਉਸਦੀ ਮਹਿਕ ਅਤੇ ਸੁਆਦ ਵਿੱਚ ਸੁਧਾਰ ਕਰਦਾ ਹੈ।

ਲੇਕਿਨ ਕੀ ਫਿਲਟਰ ਕੀਤਾ ਹੋਇਆ ਪਾਣੀ ਟੂਟੀ ਦੇ ਸਧਾਰਣ ਪਾਣੀ ਨਾਲੋਂ ਵਾਕਈ ਗੁਣਕਾਰੀ ਹੈ?

ਭਾਂਤ-ਭਾਂਤ ਦੇ ਫ਼ਿਲਟਰ ਮੌਜੂਦ ਹਨ

ਪਾਣੀ

ਤਸਵੀਰ ਸਰੋਤ, Getty

ਜਿਹੜੇ ਫਿਲਟਰ ਕੀਤੇ ਪਾਣੀ ਦੇ ਸ਼ੌਕੀਨ ਹਨ ਉਨ੍ਹਾਂ ਕੋਲ ਚੁਣਨ ਲਈ ਵਿਕਲਾਪਾਂ ਦੀ ਲੰਬੀ ਲਾਈਨ ਹੈ।

ਘੜੇ ਵਰਗੇ ਫਿਲਟਰ, ਟੂਟੀ ਦੇ ਅੱਗੇ ਲੱਗਣ ਵਾਲੇ ਫਿਲਟਰ, ਮੇਜ਼ ਉੱਪਰ ਰੱਖਣ ਵਾਲੇ ਫਿਲਟਰ ਅਤੇ ਫਰਿੱਜ ਵਿੱਚ ਲੱਗਣ ਵਾਲੇ ਫਿਲਟਰ, ਅਤੇ ਆਰਓ ਫਿਲਟਰ।

ਇਨ੍ਹਾਂ ਵਿੱਚੋਂ ਕੁਝ ਫਿਲਟਰ ਕੁਝ ਸੌ ਰੁਪਏ ਦੇ ਮਿਲ ਜਾਂਦੇ ਹਨ ਤਾਂ ਕੁਝ ਦੀ ਕੀਮਤ ਹਜ਼ਾਰਾਂ ਵਿੱਚ ਹੈ।

ਆਮ ਤੌਰ ਉੱਤੇ ਫਿਲਟਰ ਦੋ ਤਰ੍ਹਾਂ ਦੇ ਹੁੰਦੇ ਹਨ। ਕੇਇਲ ਪੋਸਟਮਸ ਮਿਸ਼ੀਗਨ ਅਮਰੀਕਾ ਵਿੱਚ ਫਿਲਟਰਾਂ ਨੂੰ ਪ੍ਰਮਾਣਿਤ ਕਰਨ ਵਾਲੀ ਸੁਤੰਤਰ ਸੰਸਥਾ ਨੈਸ਼ਨਲ ਸੈਨੀਟੇਸ਼ਨ ਫਾਊਂਡੇਸ਼ਨ ਦੇ ਮੁਖੀ ਹਨ।

ਉਹ ਦੱਸਦੇ ਹਨ, “ਵਰਤੋਂ ਤੋਂ ਪਹਿਲਾਂ ਪਾਣੀ ਸਾਫ਼ ਕਰਨ ਵਾਲੇ- ਜੋ ਪਾਣੀ ਨੂੰ ਗਿਲਾਸ ਵਿੱਚ ਜਾਣ ਤੋਂ ਪਹਿਲਾਂ ਸਾਫ਼ ਕਰਦੇ ਹਨ, ਦੂਜੇ ਪਾਣੀ ਨੂੰ ਘਰੇ ਦਾਖਲ ਹੋਣ ਤੋਂ ਪਹਿਲਾਂ ਹੀ ਸਾਫ਼ ਕਰਦੇ ਹਨ।”

ਫਿਲਟਰਾਂ ਵਿੱਚ ਉਨ੍ਹਾਂ ਵਿੱਚ ਵਰਤੀ ਤਕਨੀਕ ਅਤੇ ਵਰਤੀ ਗਈ ਸਮੱਗਰੀ ਦੇ ਪੱਖ ਤੋਂ ਵੀ ਅੰਤਰ ਹੁੰਦਾ ਹੈ। ਅਬਸੌਰਬਸ਼ਨ, ਆਇਨ ਐਕਸਚੇਂਜ, ਰਿਵਰਸ ਓਸਮੋਸਿਸ ਅਤੇ ਮਸ਼ੀਨੀ ਵਖਰੇਵਾਂ ਆਦਿ ਇਸ ਦੀਆਂ ਕੁਝ ਮਿਸਾਲਾਂ ਹਨ।

ਨੌਰਥ ਕੈਰੋਲਾਈਨਾ ਸਟੇਟ ਯੂਨੀਵਰਸਿਟੀ ਵਿੱਚ ਸਿਵਲ, ਕੰਸਟਰਕਸ਼ ਅਤੇ ਇਨਵਾਇਰਨਮੈਂਟਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਡੈਟਲੈਫ ਕਨਪੇ ਦੱਸਦੇ ਹਨ, “ਵੱਖ-ਵੱਖ ਤਰ੍ਹਾਂ ਦੇ ਫਿਲਟਰ ਪਾਣੀ ਸਾਫ਼ ਕਰਨ ਦੇ ਵੱਖੋ-ਵੱਖ ਮੰਤਵ ਪੂਰੇ ਕਰ ਸਕਦੇ ਹੋ।

ਤੁਸੀਂ ਇਹ ਦੇਖਣਾ ਹੈ ਕਿ ਪਾਣੀ ਵਿੱਚ ਕੀ ਠੀਕ ਕਰਨ ਵਾਲਾ ਹੈ ਅਤੇ ਉਸੇ ਮੁਤਾਬਕ ਫਿਲਟਰ ਦੀ ਚੋਣ ਕਰੋ।

ਗਰਾਫਿਕਸ

ਫ਼ਿਲਟਰ ਰੱਖਿਆ ਦੀ ਆਖਰੀ ਪੰਕਤੀ ਵਜੋਂ

ਟੂਟੀ ਦਾ ਪਾਣੀ ਸਾਫ਼ ਕਰਨ ਦੇ ਸੰਭਾਵੀ ਫਾਇਦੇ ਇਸ ਗੱਲ ਉੱਪਰ ਨਿਰਭਰ ਕਰਦੇ ਹਨ ਕਿ ਤੁਹਾਡੀ ਰਿਹਾਇਸ਼ ਕਿੱਥੇ ਹੈ।

ਮਿਸ਼ੀਗਨ ਦੇ ਹੋਪ ਕਾਲਜ ਵਿੱਚ ਗਲੋਬਲ ਵਾਟਰ ਰਿਸਰਚ ਇੰਸਟੀਚਿਊਟ ਵਿੱਚ ਰਸਾਇਣ ਵਿਗਿਆਨ ਦੇ ਪ੍ਰੋਫ਼ੈਸਰ ਬਰੈਂਟ ਕਰੂਗਰ ਦੱਸਦੇ ਹਨ, “ਵਿਕਾਸਸ਼ੀਲ ਦੇਸਾਂ ਵਿੱਚ ਜਿੱਥੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲਦਾ ਉੱਥੇ ਸਾਡੀ ਜ਼ਿਆਦਾ ਚਿੰਤਾ ਬੀਮਾਰੀ ਜਨਕ ਬੈਕਟੀਰਾ ਜਿਵੇਂ ਈ-ਕੋਲਾਈ ਅਤੇ ਲੈਗਿਓਨੇਲਾ ਹੁੰਦਾ ਹੈ।”

ਦੂਸ਼ਿਤ ਪਾਣੀ ਨਾਲ ਦਸਤ, ਹੋ ਸਕਦੇ ਹਨ। ਇਹ ਇੱਕ ਰੋਕਿਆ ਜਾ ਸਕਣ ਵਾਲਾ ਰੋਗ ਹੈ ਜਿ ਕਾਰਨ ਹਰ ਸਾਲ ਅੰਦਾਜ਼ਨ 10 ਲੱਖ ਲੋਕਾਂ ਦੀ ਜਾਨ ਜਾਂਦੀ ਜਿਨ੍ਹਾਂ ਵਿੱਚੋਂ ਅੱਧੇ ਪੰਜ ਸਾਲ ਤੋਂ ਨਿਆਣੀ ਉਮਰ ਦੇ ਬੱਚੇ ਹੁੰਦੇ ਹਨ।

ਪ੍ਰੋਫੈਸਰ ਕਰਗੂਰ ਦੀ ਖੋਜ ਟੀਮ ਨੇ ਡੌਮਿਨਿਕ ਗਣਰਾਜ ਦੇ 16 ਪਿੰਡਾਂ ਦੇ ਘਰਾਂ ਵਿੱਚ ਪਾਣੀ ਸਾਫ਼ ਕਰਨ ਵਾਲੇ ਲਾਏ। ਦੇਖਿਆ ਗਿਆ ਕਿ ਇਸ ਨਾਲ ਪਹਿਲਾਂ ਜਿੱਥੇ 25.6 ਫੀਸਦੀ ਦਸਤਾਂ ਦੇ ਮਾਮਲੇ ਆਉਂਦੇ ਸਨ ਉਹ ਘਟ ਕੇ 10 ਫੀਸਦੀ ਤੋਂ ਵੀ ਹੇਠਾਂ ਆ ਗਏ।

ਕਰੂਗਰ ਕਹਿੰਦੇ ਹਨ, “ਬੱਚਿਆਂ ਦਾ ਸਕੂਲ ਵਿੱਚ ਨਾਗਾ ਘੱਟ ਪੈਂਦਾ ਹੈ ਬਾਲਗਾਂ ਦਾ ਕੰਮ ਤੇ ਨਾਗਾ ਘੱਟ ਪੈਂਦਾ ਹੈ, ਜਿਸ ਦੇ ਪਰਿਵਾਰ ਨੂੰ ਆਰਥਿਕ ਲਾਭ ਵੀ ਮਿਲਦੇ ਹਨ।”

ਪੱਛਮੀ ਦੇਸਾਂ ਵਿੱਚ ਟੂਟੀ ਦੇ ਪਾਣੀ ਉੱਪਰ ਸਖ਼ਤ ਨਜ਼ਰ ਰੱਖੀ ਜਾਂਦੀ ਹੈ, ਅਤੇ ਆਮ ਤੌਰ ਉੱਤੇ ਇਸ ਨੂੰ ਸੁਰੱਖਿਅਤ ਸਮਝਿਆ ਜਾਂਦਾ ਹੈ।

ਪਾਣੀ ਫਿਲਟਰ ਪਲਾਂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਛਮੀ ਵਿਕਸਤ ਦੇਸਾਂ ਵਿੱਚ ਪਾਣੀ ਸਪਲਾਈ ਕਰਨ ਤੋਂ ਪਹਿਲਾਂ ਹੀ ਬਰੁਤ ਜ਼ਿਆਦ ਫਿਲਟਰ ਕਰ ਦਿੱਤਾ ਜਾਂਦਾ ਹੈ

ਮਿਸਾਲ ਵਜੋਂ ਅਮਰੀਕਾ ਵਿੱਚ ਪਾਣੀ ਸਪਲਾਈ ਕਰਨ ਵਾਲਿਆਂ ਨੂੰ ਕਾਨੂੰਨੀ ਤੌਰ ਉੱਤੇ ਆਮ ਪਾਣੀ ਵਿੱਚ ਪਾਈਆਂ ਜਾਣ ਵਾਲੀਆ 90 ਕਿਸਮ ਦੀਆਂ ਅਸ਼ੁੱਧੀਆਂ ਦੂਰ ਕਰਨੀਆਂ ਪੈਂਦੀਆਂ ਹਨ।

ਬ੍ਰਿਟੇਨ ਵਿੱਚ ਟੂਟੀ ਵਾਲਾ ਪਾਣੀ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਕਈ ਤਰ੍ਹਾਂ ਦੀ ਫਿਲਰਟ ਪ੍ਰਕਿਰਿਆ ਵਿੱਚੋਂ ਗੁਜ਼ਰਦਾ ਹੈ। ਜਿਵੇਂ ਅਲਟਰਾਵਾਇਲਟ, ਕਲੋਰੀਨ ਵਗੈਰਾ।

ਬ੍ਰਿਟੇਨ ਸਾਲ 2022 ਵਿੱਚ ਯੇਲ ਯੂਨੀਵਰਸਿਟੀ ਦੇ ਪਾਣੀ ਦੀ ਗੁਣਵੱਤਾ ਅਤੇ ਹੰਢਣਸਾਰਤਾ ਸੂਚੀ ਵਿੱਚ ਹੋਰ ਦੇਸਾਂ ਦੇ ਨਾਲ ਸਾਂਝੇ ਰੂਪ ਵਿੱਚ ਪਹਿਲੇ ਨੰਬਰ ਉੱਤੇ ਰਿਹਾ ਸੀ। ਬ੍ਰਿਟੇਨ ਦੇ ਨਾਲ ਦੂਜੇ ਦੇਸ ਸਨ— ਫਿਨਲੈਂਡ, ਆਈਸਲੈਂਡ, ਨੌਰਵੇ, ਸਵਿਟਜ਼ਰਲੈਂਡ ਅਤੇ ਨੀਦਰਲੈਂਡਸ।

ਕਰੂਗਰ ਦਾ ਕਹਿਣਾ ਹੈ, “ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸਾਂ ਵਿੱਚ ਪਾਣੀ ਦੀ ਪੂਰਤੀ ਕਰਨ ਵਾਲਿਆਂ ਨੂੰ ਨਿਯਮਤ ਜਾਂਚ ਕਰਨੀ ਪੈਂਦੀ ਹੈ ਅਤੇ ਉਸਦੇ ਨਤੀਜੇ ਜਨਤਕ ਵੀ ਕਰਨੇ ਪੈਂਦੇ ਹਨ।”

ਹਾਲਾਂਕਿ ਕਰੂਗਰ ਸੁਚੇਤ ਕਰਦੇ ਹਨ, “ਸਿਰਫ ਇਸ ਲਈ ਕਿ ਤੁਹਾਡੇ ਕੋਈ ਵੱਡੀ ਮਿਊਂਸਿਪਲ ਪ੍ਰਣਾਲੀ ਹੈ, ਇਸਦਾ ਮਤਲਬ ਇਹ ਨਹੀਂ ਕਿ ਸਭ ਕੁਝ ਸਹੀ ਹੈ।”

ਕਾਨੂੰਨ ਮੁਤਾਬਕ ਜਲ ਸਪਲਾਈ ਦੀਆਂ ਪਾਈਪਾਂ ਵਿੱਚ ਲੈੱਡ ਦੀ ਮਾਤਰਾ ਤੈਅ ਕੀਤੀ ਜਾ ਸਕਦੀ ਹੈ। ਲੇਕਨ ਉਨ੍ਹਾਂ ਪੁਰਾਣੇ ਘਰਾਂ ਅਤੇ ਇਮਾਰਤਾਂ ਵਿੱਚ ਲੱਗੀਆਂ ਪਾਈਪਾਂ ਦਾ ਕੀ।

ਲੰਡਨ ਵਿੱਚ ਇੱਕ ਤੰਦਰੁਸਤੀ ਕੇਂਦਰ ਦੇ ਨਿਰਦੇਸ਼ਕ ਅਤੇ ਡਾਕਟਰ ਨਿਰੂਸਾ ਕੁਮਾਰਨ ਦੱਸਦੇ ਹਨ, “ਜੰਗ ਲੱਗੀਆਂ ਪਾਈਪਾਂ, ਇੱਕ ਵੱਡੀ ਸਮੱਸਿਆ ਹਨ। ਮੈਂ ਪਾਣੀ ਦੀਆਂ ਪੁਰਾਣੀਆਂ ਪਾਈਪਾਂ ਵਿੱਚ ਬਹੁਤ ਜ਼ਿਆਦਾ ਲੈੱਡ ਦਾ ਜ਼ਹਿਰੀਲਾਪਣ ਦੇਖਦਾ ਹਾਂ।”

ਪਾਣੀ ਪੀ ਰਿਹਾ ਬੱਚਾ ਇੱਕ ਬਾਲਗ ਔਰਤ ਕੋਲ ਖੜ੍ਹੀ ਦੇਖ ਰਹੀ ਹੈ ਤੇ ਮੁਸਕਰਾ ਰਹੀ ਹੈ

ਤਸਵੀਰ ਸਰੋਤ, Getty Images

ਇਸ ਸਥਿਤੀ ਵਿੱਚ ਫਿਲਟਰ ਪਾਣੀ ਵਿੱਚ ਲੈੱਡ ਕੱਢਣ ਵਿੱਚ ਸਹਾਈ ਹੋ ਸਕਦੇ ਹਨ।

ਕੁਮਾਰਨ ਦਾ ਕਹਿਣਾ ਹੈ ਕਿ ਫਿਲਟਰ ਹੋਰ ਜ਼ਹਿਰੀਲੇ ਤੱਤਾਂ ਅਤੇ ਰਸਾਇਣਾਂ ਤੋਂ ਵੀ ਸਾਡੀ ਆਖਰੀ ਪੜਾਅ ਉੱਤੇ ਰੱਖਿਆ ਕਰ ਸਕਦੇ ਹਨ। “ਅਸੀਂ ਸਾਡੀ ਜਲ ਪੂਰਤੀ ਪ੍ਰਣਾਲੀ ਵਿੱਚ ਕੁਝ ਦਵਾਈਆਂ ਦੀ ਰਹਿੰਦ-ਖੂਹੰਦ ਦੇਖਦੇ ਹਾਂ। ਜਿਵੇਂ- ਹਾਰਮੋਨ ਰਿਪਲੇਸਮੈਂਟ ਥੈਰਿਪੀ, ਗਰਭ ਰੋਧਕ ਗੋਲੀਆਂ, ਸਾਈਕੋਟਰੋਫਿਕ ਦਵਾਈਆਂ। ਇਹ ਪਿਸ਼ਾਬ ਵਿੱਚੋਂ ਆਉਂਦੀਆਂ ਹਨ। ਇਸ ਲਈ ਜਦੋਂ ਤੁਸੀਂ ਦਵਾਈ ਵਾਲਾ ਪਿਸ਼ਾਬ ਕਰਦੇ ਹੋ ਤਾਂ ਇਹ ਦਰਿਆ ਵਿੱਚ ਪਹੁੰਚ ਜਾਂਦੀਆਂ ਹਨ।”

ਟੂਟੀ ਦੇ ਪਾਣੀ ਵਿੱਚ ਆਮ ਮਿਲਣ ਵਾਲੇ ਜ਼ਹਿਰੀਲੇ ਰਸਾਇਣਾਂ ਦਾ ਇੱਕ ਸਮੂਹ ਹੈ, ਜਿਸ ਨੂੰ ਪੀਐੱਫਏਐੱਸ ਕਿਹਾ ਜਾਂਦਾ ਹੈ।

ਇਸ ਸਮੂਹ ਵਿੱਚ ਮਨੁੱਖ ਦੇ ਬਣਾਏ ਅਜਿਹੇ 15000 ਰਸਾਇਣ ਹਨ ਜੋ ਵਾਤਾਵਰਣ ਵਿੱਚ ਆਪਣੇ-ਆਪ ਖਤਮ ਨਹੀਂ ਹੁੰਦੇ ਅਤੇ ਉਵੇਂ-ਜਿਵੇਂ ਪਏ ਰਹਿੰਦੇ ਹਨ, ਇਨ੍ਹਾਂ ਨੂੰ “ਫੌਰਐਵਰ ਕੈਮੀਕਲਸ” ਵੀ ਕਿਹਾ ਜਾਂਦਾ ਹੈ।

ਪੀਐੱਫਏਐੱਸ ਰਸਾਇਣ ਸਿਹਤ ਸੰਬੰਧੀ ਕਈ ਦਿੱਕਤਾਂ ਨਾਲ ਜੁੜੇ ਹੋਏ ਦੇਖੇ ਗਏ ਹਨ। ਜਿਵੇਂ – ਕੈਂਸਰ, ਜਿਗਰ ਨੂੰ ਨੁਕਸਾਨ, ਅਤੇ ਪ੍ਰਜਨਣ ਸ਼ਕਤੀ ਵਿੱਚ ਕਮੀ। ਇਨ੍ਹਾਂ ਹਮੇਸ਼ਾ ਲਈ ਰਹਿਣ ਵਾਲੇ ਰਸਾਇਣਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਅੰਗਰੇਜ਼ੀ ਵਿੱਚ ਇਹ ਰਿਪੋਰਟ ਪੜ੍ਹ ਸਕਦੇ ਹੋ।

ਗਰਾਫਿਕਸ

“ਸਾਨੂੰ ਚਿੰਤਾ ਹੁੰਦੀ ਹੈ ਕਿਉਂਕਿ ਕੁਝ ਪੀਐੱਫਏਐੱਸ ਰਸਾਇਣ ਸਰੀਰ ਵਿੱਚ ਜਮ੍ਹਾਂ ਹੋ ਜਾਂਦੇ ਹਨ। ਥੋੜ੍ਹੀ ਮਾਤਰਾ ਵਿੱਚ ਇਹ ਰਸਾਇਣ ਪੂਰੀ ਦੁਨੀਆਂ ਦੇ ਪਾਣੀ ਦੀ ਹਰੇਕ ਪੂਰਤੀ ਵਿੱਚ ਮੌਜੂਦ ਹੁੰਦੇ ਹਨ।”

“ਮਿਸਾਲ ਵਜੋਂ ਇਹ ਰਸਾਇਣ ਇੰਗਲੈਂਡ ਦੀਆਂ 18 ਵਿੱਚੋਂ 17 ਕੰਪਨੀਆਂ ਦੇ ਨਮੂਨਿਆਂ ਵਿੱਚ ਮਿਲੇ ਸਨ। ਅਮਰੀਕਾ ਵਿੱਚ 47ਫੀਸਦੀ ਟੂਟੀ ਦੇ ਪਾਣੀ ਵਿੱਚ ਪੀਐੱਫਏਐੱਸ ਮੌਜੂਦ ਸਨ ਅਤੇ 10 ਵਿੱਚੋਂ ਛੇ ਲੋਕਾਂ ਦਾ ਮੰਨਣਾ ਸੀ ਕਿ ਉਹ ਇਨ੍ਹਾਂ ਦੇ ਸੰਪਰਕ ਵਿੱਚ ਆਏ ਹਨ।”

ਸ਼ੁਕਰ ਹੈ ਕਿ ਫਿਲਟਰ ਇਨ੍ਹਾਂ ਵਿੱਚੋਂ ਕੁਝ ਰਸਾਇਣਾਂ ਨੂੰ ਕੱਢ ਸਕਦੇ ਹਨ। ਸਾਲ 2020 ਵਿੱਚ ਛਪੇ ਇੱਕ ਪੇਪਰ ਵਿੱਚ ਕਨਾਪੇ ਅਤੇ ਉਨ੍ਹਾਂ ਦੇ ਸਾਥੀ ਖੋਜੀਆਂ ਨੇ ਦੇਖਿਆ ਕਿ ਆਰਓ ਸਿਸਟਮ ਵਾਲੇ ਫਿਲਟਰ ਇਨ੍ਹਾਂ ਲਗਭਗ ਸਾਰੇ ਪੀਐੱਫਏਐਸ ਰਸਾਇਣਾਂ ਨੂੰ ਕੱਢਣ ਦੇ ਸਮਰੱਥ ਹਨ।

ਪੋਸਟਮਸ ਦੀ ਸੰਸਥਾ ਪਾਣੀ ਦੇ ਫਿਲਟਰਾਂ ਸਮੇਤ ਕਈ ਉਪਕਰਣਾਂ ਨੂੰ ਮਾਨਤਾ ਦਿੰਦੀ ਹੈ। ਉਹ ਤਿੰਨ ਕਿਸਮ ਦੇ ਫਿਲਟਰਾਂ ਦੀ ਖਾਸ ਤੌਰ ਉੱਤੇ ਸਿਫ਼ਾਰਿਸ਼ ਕਰਦੇ ਹਨ— ਕਾਰਬਨ ਐਕਟੀਵੇਟਡ, ਆਇਨ ਐਕਸਚੇਂਜ ਅਤੇ ਆਰਓ (ਰਿਵਰਸ ਓਸਮੋਸਿਸ)

ਉਹ ਕਹਿੰਦੇ ਹਨ,“ਅਸੀਂ ਪੀਐੱਫਏਐੱਸ ਘਟਾਉਣ ਲਈ ਫਿਲਟਰਾਂ ਨੂੰ ਪਿਛਲੇ ਛੇ ਸਾਲਾਂ ਤੋਂ ਪ੍ਰਮਾਣਿਤ ਕਰ ਰਹੇ ਹਾਂ ਅਤੇ ਸਾਡੇ ਕੋਲ ਇਹ ਦਿਖਾਉਣ ਲਈ ਡੇਟਾ ਹੈ ਕਿ ਉਹ ਕਾਰਗਰ ਹਨ।”

ਟੁੱਟੀ ਹੋਈ ਸੜਕ ਵਿੱਚੋਂ ਬਾਹਰ ਆ ਰਹੇ ਪਾਣੀ ਦੀਆਂ ਬਾਲਟੀਆਂ ਭਰ ਰਹੀਆਂ ਕੁਝ ਸੁਆਣੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਹੜੀਆਂ ਥਾਵਾਂ ਉੱਤੇ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਮੁਸ਼ਕਿਲ ਹੈ, ਉਨ੍ਹਾਂ ਇਲਾਕਿਆਂ ਵਿੱਚ ਫਿਲਟਰ ਖਾਸ ਉਪਯੋਗੀ ਹਨ

ਫ਼ਿਲਟਰ ਖ਼ਰੀਦਣ ਵੇਲੇ ਕੀ ਧਿਆਨ ਵਿੱਚ ਰੱਖੀਏ

ਹਾਲਾਂਕਿ ਫਿਲਟਰ ਨੁਕਸਾਨਦੇਹ ਰਸਾਇਣ ਹਟਾਉਣ ਵਿੱਚ ਮਦਦਗਾਰ ਹੋ ਸਕਦੇ ਹਨ ਪਰ ਕਦੇ-ਕਦੇ ਉਹ ਫਾਇਦੇਮੰਦ ਖਣਿਜ ਵੀ ਹਟਾ ਦਿੰਦੇ ਹਨ।

ਇਨ੍ਹਾਂ ਖਣਿਜਾਂ ਵਿੱਚ ਮੈਗਨੀਸੀਅਮ ਅਤੇ ਕੈਲਸ਼ੀਅਮ ਤੋਂ ਇਲਾਵਾ ਲੋਹਾ ਅਤੇ ਮੈਗਨੀਜ਼ ਸ਼ਾਮਲ ਹੁੰਦੇ ਹਨ। ਇਨ੍ਹਾਂ ਤੱਤਾਂ ਨੂੰ ਪਾਣੀ ਦਾ ਭਾਰਾਪਣ ਖਤਮ ਕਰਨ ਅਤੇ ਰੰਗ ਬਦਲਣ ਤੋਂ ਰੋਕਣ ਲਈ ਹਟਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਫਿਲਟਰ ਫਲੋਰਾਈਡ ਨੂੰ ਵੀ ਹਟਾ ਸਕਦੇ ਹਨ ਜੋ ਕੁਝ ਮਿਊਂਸਿਪਲਟੀਆਂ ਦੰਦ ਖਰਾਬ ਹੋਣ ਤੋਂ ਰੋਕਣ ਲਈ ਪਾਣੀ ਵਿੱਚ ਮਿਲਾਉਂਦੀਆਂ ਹਨ।

ਸਗੋਂ ਕੁਝ ਆਰਓ ਫਿਲਟਰ, ਜਿਨ੍ਹਾਂ ਬਾਰੇ ਕਨਾਪੇ ਕਹਿੰਦੇ ਹਨ ਕਿ ਸਭ ਤੋਂ ਜ਼ਿਆਦਾ ਕਾਰਗਰ ਹਨ- ਕਿਉਂਕਿ ਇਹ ਸਭ ਕੁਝ ਬਾਹਰ ਕੱਢ ਦਿੰਦੇ ਹਨ— ਕਈ ਵਾਰ ਪਾਣੀ ਵਿੱਚ ਖਣਿਜ ਮੁੜ ਮਿਲਾਉਣ ਵਾਲੀ ਇੱਕ ਕਿੱਟ ਨਾਲ ਵੇਚੇ ਜਾਂਦੇ ਹਨ।

ਕੁਝ ਲੋਕ ਆਪਣੇ ਫਿਲਟਰ ਕੀਤੇ ਪਾਣੀ ਵਿੱਚ ਇੱਕ ਚੁਟਕੀ ਨਮਕ ਵੀ ਮਿਲਾ ਲੈਂਦੇ ਹਨ। ਹਾਲਾਂਕਿ ਇਹ ਗੁਆਚੇ ਹੋਏ ਖਣਿਜ ਮੁੜ ਹਾਸਲ ਕਰਨ ਵਿੱਚ ਕਾਰਗਰ ਹੈ ਜਾਂ ਨਹੀਂ ਇਸ ਬਾਰੇ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।

ਕੁਮਾਰਨ ਦਾ ਕਹਿਣਾ ਹੈ, “ਖਣਿਜਾਂ ਲਈ ਸਾਨੂੰ ਸਿਰਫ ਪਾਣੀ ਉੱਪਰ ਨਿਰਭਰ ਨਹੀਂ ਕਰਨਾ ਚਾਹੀਦਾ ਸਗੋਂ ਇਹ ਸਾਨੂੰ ਆਪਣੀ ਖੁਰਾਕ ਵਿੱਚ ਹਾਸਲ ਕਰਨੇ ਚਾਹੀਦੇ ਹਨ।”

ਕਈ ਵਾਰ ਜਦੋਂ ਇਨ੍ਹਾਂ ਦੇ ਕਾਰਟਰੇਜ ਸਮੇਂ ਸਿਰ ਨਾ ਬਦਲੇ ਜਾਣ ਤਾਂ ਇਹ ਫਿਲਟਰ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰ ਦਿੰਦੇ ਹਨ।

ਐਕਟੀਵੇਟਡ ਕਾਰਬਨ ਦੇ ਸੰਪਜ ਵਰਗੇ ਫਿਲਟਰ ਤਾਂ ਖਾਸ ਕਰਕੇ ਗੰਦੇ ਬੈਕਟੀਰੀਆ ਦੀ ਨਰਸਰੀ ਬਣ ਜਾਂਦੇ ਹਨ। ਸਿੰਗਾਪੁਰ ਵਿੱਚ ਕੀਤੇ ਗਏ ਇੱਕ ਛੋਟੇ ਅਧਿਐਨ ਵਿੱਚ ਇੱਕ ਰਿਹਾਇਸ਼ੀ ਖੇਤਰ ਦੇ ਟੂਟੀ ਦੇ ਪਾਣੀ ਦੀ ਫਿਲਟਰ ਕੀਤੇ ਹੋਏ ਪਾਣੀ ਨਾਲ ਤੁਲਨਾ ਕੀਤੀ ਗਈ। ਜ਼ਿਆਦਤਰ ਟੂਟੀ ਦੇ ਪਾਣੀ ਵਿੱਚ ਸਥਾਨਕ ਤੌਰ ਉੱਤੇ ਬੈਕਟੀਰੀਆ ਦੀ ਸੁਰੱਖਿਅਤ ਮਿੱਥੀ ਸੀਮਾ 500 ਤੱਕ ਹੀ ਬੈਕਟੀਰੀਆ ਪਾਏ ਗਏ।

ਤੁਲਨਾ ਵਿੱਚ ਫਿਲਟਰ ਕੀਤੇ ਪਾਣੀ ਦੇ 60 ਫੀਸਦੀ ਸੈਂਪਲਾਂ ਲਈ ਇਹ ਅੰਕੜਾ 9000 ਤੋਂ 25400 ਸੀ ਖਾਸ ਕਰਕੇ ਉਨ੍ਹਾਂ ਸੈਂਪਲਾਂ ਵਿੱਚ ਜਿੱਥੇ ਕਾਰਟਰੇਜ ਬਦਲਣ ਵਾਲੇ ਸਨ।

ਇੱਕ ਹੋਰ ਅਧਿਐਨ ਵਿੱਚ ਦੇਖਿਆ ਗਿਆ ਕਿ ਜਦੋਂ ਸਿੰਕ ਦੇ ਥੱਲੇ ਲਾਏ ਜਾਣ ਵਾਲੇ ਫਿਲਟਰ ਵਿੱਚ ਪਾਣੀ ਇੱਕ ਰਾਤ ਲਈ ਵੀ ਛੱਡ ਦਿੱਤਾ ਗਿਆ ਤਾਂ ਉਸ ਵਿੱਚ ਬੈਕਟੀਰੀਆ ਵੱਡੀ ਸੰਖਿਆ ਵਿੱਚ ਇਕੱਠੇ ਹੋ ਗਏ ਸੀ।

ਇਸ ਤੋਂ ਬਚਣ ਲਈ ਤੁਹਾਨੂੰ ਆਪਣੇ ਫਿਲਟਰ ਦਾ ਪਾਣੀ ਪੀਣ ਤੋਂ ਪਹਿਲਾਂ ਦਸ ਸਕਿੰਟ ਲਈ ਵਹਾ ਦੇਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

ਕਨਾਪੇ ਕਹਿੰਦੇ ਹਨ, “ਜੇ ਤੁਸੀਂ ਫ਼ਿਲਟਰ ਠੀਕ ਨਹੀਂ ਰੱਖਦੇ ਤਾਂ ਤੁਹਾਨੂੰ ਇਸਤੋਂ ਕੋਈ ਲਾਭ ਨਹੀਂ ਮਿਲਦਾ। ਸਗੋਂ ਇਸ ਨਾਲ ਤੁਹਾਨੂੰ ਸਭ ਤੋਂ ਖ਼ਰਾਬ ਪਾਣੀ ਮਿਲੇਗਾ।”

ਫਿਲਟਰ ਜਾਂ ਬਿਨਾਂ ਫਿਲਟਰ ਸਭ ਤੋਂ ਜ਼ਰੂਰੀ ਹੈ ਪਾਣੀ ਪੀਣਾ

ਟੂਟੀ ਤੋਂ ਗਲਾਸ ਵਿੱਚ ਪਾਣੀ ਭਰਿਆ ਜਾ ਰਿਹਾ ਹੈ

ਤਸਵੀਰ ਸਰੋਤ, Getty Images

ਅਖੀਰ ਵਿੱਚ ਇਹ ਫੈਸਲਾ ਕਰਨਾ ਜ਼ਰੂਰੀ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਪਾਣੀ ਦੀ ਲੋੜ ਹੈ। ਇਸ ਲਈ ਤੁਹਾਨੂੰ ਸਮਝਣਾ ਪਵੇਗਾ ਕਿ ਤੁਹਾਡੇ ਇਲਾਕੇ ਦਾ ਪਾਣੀ ਕਿਸ ਤਰ੍ਹਾਂ ਦਾ ਹੈ। ਤੁਹਾਡੀ ਸਹੂਲਤ ਕੀ ਹੈ ਅਤੇ ਪਾਣੀ ਦਾ ਸਵੀਕਾਰਨਯੋਗ ਪੱਧਰ ਕੀ ਹੈ।

ਕਨਾਪੇ ਦੱਸਦੇ ਹਨ,“ਜੇ ਤੁਸੀਂ ਥੋੜ੍ਹੀ ਜਿਹੀ ਜਾਂਚ ਕਰੋਂ ਤਾਂ ਤੁਹਾਨੂੰ ਤੁਹਾਡੇ ਪਾਣੀ ਦੀ ਗੁਣਵੱਤਾ ਦੇ ਪੱਧਰ ਦੀ ਜਾਣਕਾਰੀ ਮਿਲ ਜਾਵੇਗੀ। ਕੰਪਨੀਆਂ ਲਈ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨਾ ਅਤੇ ਉਸ ਨੂੰ ਜਨਤਕ ਕਰਨਾ ਕਨੂੰਨੀ ਰੂਪ ਵਿੱਚ ਬੰਧਨਕਾਰੀ ਹੈ।“

“ਇਸ ਤੋਂ ਇਲਾਵਾ ਜੇ ਤੁਸੀਂ ਇਸ ਬਾਰੇ ਚਿੰਤਤ ਹੋ ਤਾਂ ਤੁਸੀਂ ਕੰਪਨੀਆਂ ਤੋਂ ਵੀ ਪਾਣੀ ਦੀ ਜਾਂਚ ਕਰਵਾ ਸਕਦੇ ਹੋ।”

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡੀ ਟੂਟੀ ਦਾ ਪਾਣੀ ਮਾਨਕਾਂ ਉੱਤੇ ਖਰਾ ਨਹੀਂ ਉੱਤਰਦਾ ਤਾਂ ਅਗਲਾ ਕਦਮ ਹੋਵੇਗਾ ਇੱਕ ਅਜਿਹਾ ਫ਼ਿਲਟਰ ਲੱਭਣਾ ਜੋ ਤੁਹਾਡੇ ਘਰ ਅਤੇ ਤਰਜ਼ੇ-ਜ਼ਿੰਦਗੀ ਮੁਤਾਬਕ ਢੁੱਕਵਾਂ ਹੋਵੇ। ਖਾਸ ਕਿਸਮ ਦੀਆਂ ਅਸ਼ੁੱਧੀਆਂ ਦੂਰ ਕਰ ਸਕਦਾ ਹੋਵੇ।

ਪੋਸਟਮਸ ਮੁਤਾਬਕ ਸਾਰਿਆਂ ਲਈ ਇੱਕ ਕਿਸਮ ਦੇ ਫ਼ਿਲਟਰ ਦੀ ਸਿਫ਼ਾਰਿਸ਼ ਕਰਨਾ ਮੁਸ਼ਕਿਲ ਹੈ। ਮੁੱਖ ਗੱਲ ਇਹ ਹੈ ਕਿ ਤੁਸੀਂ ਜੋ ਵੀ ਖ਼ਰੀਦੋਂ ਉਹ ਪ੍ਰਮਾਣਿਤ ਹੋਵੇ।

ਉਹ ਅੱਗੇ ਦੱਸਦੇ ਹਨ, “ਜੇ ਉਪਕਰਣ ਪ੍ਰਮਾਣਿਤ ਹੈ ਤਾਂ ਘੱਟੋ-ਘੱਟ ਇਹ ਕਾਰਗਰ ਤਾਂ ਹੋਵੇਗਾ।“

ਕੁਮਾਰਨ ਲਈ ਪਾਣੀ ਪੀਣਾ ਇਸ ਨਾਲੋਂ ਜ਼ਿਆਦਾ ਅਹਿਮ ਹੈ ਕਿ ਕੋਈ ਫ਼ਿਲਟਰ ਕੀਤਾ ਪਾਣੀ ਪੀਂਦਾ ਹੈ ਜਾਂ ਬਿਨਾਂ ਫ਼ਿਲਟਰ ਕੀਤਾ।

ਉਹ ਕਹਿੰਦੇ ਹਨ, ਇੱਕ ਡਾਕਟਰ ਵਜੋਂ ਮੈਂ ਅਜਿਹੇ ਬਹੁਤ ਸਾਰੇ ਮਸਲੇ ਦੇਖਦੀ ਹਾਂ ਜੋ ਪਾਣੀ ਦੀ ਕਮੀ ਕਾਰਨ ਹੁੰਦੇ ਹਨ।