ਆਈਪੀਐੱਲ 2025: ਪੰਜਾਬ ਕਿੰਗਜ਼ ਲਈ ਅਰਸ਼ਦੀਪ ਤੇ ਨਵੇਂ ਕਪਤਾਨ ਅਈਅਰ ਸਣੇ ਇਹ ਖਿਡਾਰੀ ਮੈਚ ਜੇਤੂ ਪ੍ਰਦਰਸ਼ਨ ਕਰ ਸਕਦੇ ਹਨ

    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੀ ਕ੍ਰਿਕਟ ਟੀਮ ਨੇ 2013 ਤੋਂ ਬਾਅਦ ਲੰਬੇ ਅਰਸੇ ਮਗਰੋਂ ਆਈਸੀਸੀ ਚੈਂਪੀਅਨਜ਼ ਟਰਾਫੀ-2025 ਦਾ ਖਿਤਾਬ ਆਪਣੇ ਨਾਮ ਕੀਤਾ ਹੈ।

ਹੁਣ ਜੇਤੂ ਭਾਰਤੀ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 18ਵੇਂ ਸੀਜ਼ਨ ਵਿੱਚ ਨਵੇਂ ਜੋਸ਼ ਨਾਲ ਆਪਣੀਆਂ-ਆਪਣੀਆਂ ਟੀਮਾਂ ਨਾਲ ਮੈਦਾਨ ਵਿੱਚ ਉਤਰ ਰਹੇ ਹਨ।

ਇਸ ਜਿੱਤ ਵਿੱਚ ਟੀਮ ਦੇ ਖਿਡਾਰੀ ਸ਼੍ਰੇਅਸ ਅਈਅਰ ਦੀ ਅਹਿਮ ਭੂਮਿਕਾ ਰਹੀ ਹੈ ਤੇ ਉਹ ਇਸ ਵਾਰ ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਹਨ।

ਵੱਡੇ ਖਿਡਾਰੀਆਂ ਤੋਂ ਵੱਡੀਆਂ ਉਮੀਦਾਂ ਨਾਲ ਇਸ ਟੂਰਨਾਮੈਂਟ ਦਾ ਆਗਾਜ਼ ਹੋਣ ਜਾ ਰਿਹਾ ਹੈ।

10 ਟੀਮਾਂ ਆਈਪੀਐੱਲ ਦੇ 18ਵੇਂ ਖ਼ਿਤਾਬ ਲਈ ਕ੍ਰਿਕਟ ਦੇ ਇਸ ਦੰਗਲ ਵਿੱਚ ਭਿੜ ਰਹੀਆਂ ਹਨ।

2008 ਤੋਂ ਸ਼ੁਰੂ ਹੋਏ ਇਸ ਟੀ-20 ਟੂਰਨਾਮੈਂਟ ਵਿਚਲੀਆਂ ਟੀਮਾਂ ਵਿੱਚੋਂ ਇੱਕ ਟੀਮ ਪੰਜਾਬ ਕਿੰਗਜ਼ ਵੀ ਹੈ, ਜਿਸ ਨੂੰ ਇਸ ਵਾਰ 2.0 ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਆਈਪੀਐੱਲ ਦੀ ਸ਼ੁਰੂਆਤ ਤੋਂ ਹੁਣ ਤੱਕ ਖਿਤਾਬ ਤੋਂ ਖੁੰਝੀ ਰਹੀ ਪੰਜਾਬ ਕਿੰਗਜ਼ ਦੀ ਟੀਮ ਨੂੰ ਲੈ ਕੇ ਇਸ ਵਾਰ ਉਨ੍ਹਾਂ ਦੇ ਫੈਨਜ਼ ਅਤੇ ਮਾਹਰਾਂ ਨੂੰ ਉਮੀਦਾਂ ਬਹੁਤ ਹਨ।

ਫੈਨਜ਼ ਦੇ ਨਾਲ-ਨਾਲ ਖੇਡ ਮਾਹਰ ਵੀ ਇਹ ਉਮੀਦ ਜਤਾ ਰਹੇ ਹਨ ਕਿ ਟੀਮ ਦਾ ਬਦਲਿਆ ਸਰੂਪ ਇਸ ਵਾਰ ਕੁਝ ਵੱਖਰਾ ਕਰਨ ਲਈ ਤਿਆਰ ਹੈ।

"ਮੈਨੂੰ ਉਮੀਦ ਹੈ ਕਿ ਅਸੀਂ ਪਹਿਲਾ ਖਿਤਾਬ ਜਿੱਤਾਂਗੇ"

ਸ਼੍ਰੇਅਸ ਅਈਅਰ ਦਾ ਆਈਸੀਸੀ ਚੈਂਪੀਅਨਜ਼ ਟਰਾਫੀ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਦਿੱਗਜ ਖਿਡਾਰੀਆਂ ਦੇ ਪਵੈਲੀਅਨ ਜਾਣ ਮਗਰੋਂ ਕਿਵੇਂ ਉਨ੍ਹਾਂ ਨੇ ਪਾਰੀ ਸੰਭਾਲੀ ਹੈ, ਇਹ ਟੂਰਨਾਮੈਂਟ ਗਵਾਹ ਹੈ।

ਇਸ ਟਰਾਫੀ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਵਿੱਚੋਂ ਉਹ ਦੂਜੇ ਸਥਾਨ 'ਤੇ ਰਹੇ ਹਨ। ਇਸ ਟੂਰਨਾਮੈਂਟ ਵਿੱਚ ਉਨ੍ਹਾਂ ਨੇ ਸ਼ਾਨਦਾਰ ਪਾਰੀਆਂ ਖੇਡੀਆਂ ਹਨ।

ਭਾਰਤੀ ਟੀਮ ਦੇ ਚੌਥੇ ਸਥਾਨ ਦੇ ਬੱਲੇਬਾਜ਼ ਅਈਅਰ ਟੀਮ ਨੂੰ ਬੰਨ੍ਹ ਕੇ ਰੱਖਣ ਦਾ ਕੰਮ ਕਰਦੇ ਹਨ। ਸ਼੍ਰੇਅਸ ਦੀ ਇਹੀ ਕਾਬਲੀਅਤ ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਸਕਦੀ ਹੈ।

ਸ਼੍ਰੇਅਰ ਅਈਅਰ ਆਈਪੀਐੱਲ ਦੇ ਪਿਛਲੇ ਸੀਜ਼ਨ ਦੀ ਜੇਤੂ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਰਹੇ ਹਨ।

ਉਹ ਤਜਰਬੇ ਤੇ ਵਿਸ਼ਵਾਸ ਪੱਖੋਂ ਕਾਫੀ ਮਜ਼ਬੂਤ ਖਿਡਾਰੀ ਹਨ। ਆਪਣੀ ਕਪਤਾਨੀ ਵਿੱਚ ਉਹ ਟੀਮ ਦੀ ਚੰਗੀ ਅਗਵਾਈ ਕਰਨ ਲਈ ਜਾਣੇ ਜਾਂਦੇ ਹਨ।

ਉਨ੍ਹਾਂ ਦੇ ਇਸ ਬਿਆਨ ਦੀ ਵੀ ਹਮੇਸ਼ਾ ਚਰਚਾ ਹੁੰਦੀ ਹੈ, "ਮੈਨੂੰ ਮੇਰੀ ਫਿਫਟੀ ਜਾਂ ਸੈਂਕੜੇ ਦੀ ਕੋਈ ਪਰਵਾਹ ਨਹੀਂ, ਬਸ ਮੇਰਾ ਦੇਸ਼ ਜਿੱਤਣਾ ਚਾਹੀਦਾ ਹੈ, ਇਹ ਮੇਰੇ ਲਈ ਕਾਫੀ ਹੈ।"

ਸ਼੍ਰੇਅਸ ਅਈਅਰ ਉਸ ਟੀਮ ਦਾ ਹਿੱਸਾ ਰਹੇ ਹਨ ਜਿਸ ਨੇ ਚੈਂਪੀਅਨਜ਼ ਟਰਾਫੀ, ਆਈਪੀਐੱਲ ਟਰਾਫੀ, ਰਣਜੀ ਟਰਾਫੀ, ਸਈਅਦ ਮੁਸ਼ਤਾਕ ਅਲੀ ਟਰਾਫੀ ਤੇ ਇਰਾਨੀ ਟਰਾਫੀ ਜਿੱਤੀ ਹੈ।

ਆਈਸੀਸੀ ਚੈਂਪੀਅਨਜ਼ ਟਰਾਫੀ-2025 ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਅਈਅਰ ਨੂੰ 'ਸਾਈਲੈਂਟ ਹੀਰੋ' ਦੱਸਿਆ ਸੀ।

ਅਈਅਰ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਕਿੰਗਜ਼ ਇਸ ਵਾਰ ਚੰਗਾ ਪ੍ਰਦਰਸ਼ਨ ਕਰ ਕੇ ਖਿਤਾਬ ਤੱਕ ਜ਼ਰੂਰ ਪਹੁੰਚੇਗੀ।

ਪੰਜਾਬ ਕਿੰਗਜ਼ 'ਚ ਸ਼ਾਮਲ ਹੋਣ 'ਤੇ ਅਈਅਰ ਨੇ ਕਿਹਾ ਸੀ, "ਮੈਂ ਇਸ ਗੱਲ 'ਤੇ ਮਾਣ ਮਹਿਸੂਸ ਕਰਦਾ ਹਾਂ ਕਿ ਟੀਮ ਨੇ ਮੇਰੇ 'ਤੇ ਭਰੋਸਾ ਦਿਖਾਇਆ। ਮੈਂ ਕੋਚ ਪੋਂਟਿੰਗ ਨਾਲ ਦੁਬਾਰਾ ਕੰਮ ਕਰਨ ਲਈ ਉਤਸੁਕ ਹਾਂ।"

"ਟੀਮ ਮਜ਼ਬੂਤ ਦਿਖਾਈ ਦੇ ਰਹੀ ਹੈ, ਜਿਸ ਵਿੱਚ ਸਮਰੱਥਾਵਾਨ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਮਿਸ਼ਰਣ ਹੈ। ਮੈਨੂੰ ਉਮੀਦ ਹੈ ਕਿ ਪ੍ਰਬੰਧਕਾਂ ਵੱਲੋਂ ਦਿਖਾਏ ਗਏ ਭਰੋਸੇ 'ਤੇ ਖ਼ਰਾ ਉਤਰ ਕੇ ਅਸੀਂ ਆਪਣਾ ਪਹਿਲਾ ਖਿਤਾਬ ਜਿੱਤਾਂਗੇ।"

ਸ਼੍ਰੇਅਸ ਅਈਅਰ ਅਤੇ ਰਿਕੀ ਪੌਂਟਿੰਗ ਦੀ ਜੋੜੀ ਦਿੱਲੀ ਕੈਪੀਟਲਜ਼ ਵਿੱਚ ਵੀ ਕੰਮ ਕਰ ਚੁੱਕੀ ਹੈ।

ਚੰਡੀਗੜ੍ਹ ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਨੇ ਕਪਿਲ ਦੇਵ, ਯੋਗਰਾਜ ਸਿੰਘ, ਚੇਤਨ ਸ਼ਰਮਾ ਵਰਗੇ ਕਈ ਦਿੱਗਜ ਖਿਡਾਰੀ ਦੇਸ਼ ਨੂੰ ਦਿੱਤੇ ਹਨ।

ਸੰਜੀਵ ਪਠਾਨੀਆ ਚੰਡੀਗੜ੍ਹ ਸੈਕਟਰ-16 ਕ੍ਰਿਕਟ ਸਟੇਡੀਅਮ ਦੇ ਕੋਚ ਹਨ। ਉਨ੍ਹਾਂ ਨੇ ਆਈਪੀਐੱਲ ਸਬੰਧੀ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਹੈ।

ਉਨ੍ਹਾਂ ਕਿਹਾ, "ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਸ਼੍ਰੇਅਸ ਅਈਅਰ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ ਅਤੇ ਉਹ ਕਪਤਾਨ ਵੀ ਚੰਗਾ ਹੈ। ਜੇ ਅਈਅਰ ਦੀ ਕਪਤਾਨੀ ਵਿੱਚ ਬਾਕੀ ਖਿਡਾਰੀ ਚੰਗਾ ਖੇਡੇ ਤਾਂ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਉਮੀਦਾਂ ਹਨ ਕਿ ਟੀਮ ਚੰਗਾ ਪ੍ਰਦਰਸ਼ਨ ਕਰੇਗੀ।"

ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਲੰਬੇ ਸਮੇਂ ਜੁੜੇ ਰਹੇ ਸਾਬਕਾ ਬੁਲਾਰੇ ਸੁਸ਼ੀਲ ਕਪੂਰ ਦਾ ਕਹਿਣਾ ਹੈ ਕਿ ਸ਼੍ਰੇਅਸ ਅਈਅਰ ਬਹੁਤ ਸੁਲਝਿਆ ਹੋਇਆ ਖਿਡਾਰੀ ਹੈ।

"ਟੀਮ ਦਾ ਕਪਤਾਨ ਸ਼੍ਰੇਅਸ ਅਈਅਰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਵੱਖਰਾ ਹੈ। ਅਈਅਰ ਇੱਕ ਠਹਿਰਾਵ ਵਾਲਾ ਖਿਡਾਰੀ ਹੈ। ਉਸ ਵਿੱਚ ਘਬਰਾਹਟ ਨਹੀਂ ਹੈ, ਜਦੋਂ ਟੀਮ ਦੀਆਂ ਉਪਰਲੀਆਂ ਤਿੰਨ ਵਿਕਟਾਂ ਚਲੀਆਂ ਜਾਂਦੀਆਂ ਹਨ ਤਾਂ ਉਹ ਚੌਥੇ ਨੰਬਰ 'ਤੇ ਆ ਕੇ ਪਾਰੀ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ।"

"ਸਾਨੂੰ ਲੱਗਦਾ ਅਈਅਰ ਟੀਮ ਦੀ ਰੀੜ੍ਹ ਦੀ ਹੱਡੀ ਵਾਲਾ ਕੰਮ ਕਰੇਗਾ।"

ਪੰਜਾਬ ਕਿੰਗਜ਼ ਦੇ ਬੱਲੇਬਾਜ਼

ਈਐੱਸਪੀਐੱਨ ਕ੍ਰਿਕਇਨਫੋ ਨਾਲ ਇੱਕ ਟਾਕ ਸ਼ੋਅ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਪੰਜਾਬ ਕਿੰਗਜ਼ ਦੀ ਇਹ ਟੀਮ ਜਿੱਤ ਸਕਦੀ ਹੈ। ਜੇ ਤੁਹਾਡੇ ਕੋਲ ਬੱਲੇਬਾਜ਼ੀ ਚੰਗੀ ਹੈ, ਜੋਸ਼ ਇੰਗਲਿਸ ਚੰਗੀ ਫੋਰਮ ਵਿੱਚ ਹਨ, ਟੀਮ ਕੋਲ ਨੇਹਾਲ ਵਡੇਰਾ ਵਰਗਾ ਜ਼ਬਰਦਸਤ ਖਿਡਾਰੀ ਹੈ, ਜੇ ਉਹ ਚੰਗਾ ਖੇਡ ਜਾਂਦਾ ਹੈ ਅਤੇ ਪ੍ਰਭਸਿਮਰਨ ਓਪਨਿੰਗ ਵਧੀਆ ਕਰਦਾ ਹੈ ਤਾਂ ਟੀਮ ਲਈ ਚੰਗਾ ਹੋਵੇਗਾ।"

ਉਹ ਅੱਗੇ ਕਹਿੰਦੇ ਹਨ, "ਟੀਮ ਕੋਲ ਮਾਰਕਸ ਸਟੋਈਨਿਸ ਹਨ, ਜਿਸ ਉਪਰ ਭਰੋਸਾ ਕੀਤਾ ਜਾ ਸਕਦਾ ਕਿ ਇਹ ਚੰਗਾ ਖੇਡਣਗੇ। ਰਿੰਕੀ ਪੌਂਟਿੰਗ ਨੇ ਖਿਡਾਰੀਆਂ ਦੀ ਖਰੀਦੋ-ਫਰੋਖ਼ਤ ਚੰਗੇ ਤਰੀਕੇ ਨਾਲ ਕੀਤੀ ਹੈ ਅਤੇ ਹੁਣ ਆਸ ਹੈ ਕਿ ਖਿਡਾਰੀ ਚੰਗਾ ਪ੍ਰਦਰਸ਼ਨ ਕਰਨਗੇ।"

ਜੇ ਗੱਲ ਕਰੀਏ ਟੀਮ ਦੇ ਓਪਨਰ ਬੱਲੇਬਾਜ਼ ਕਿਹੜੇ ਹੋਣਗੇ ਤੇ ਉਹ ਮੈਦਾਨ 'ਤੇ ਕਿੰਨੀ ਬਿਹਤਰ ਸ਼ੁਰੂਆਤ ਦੇ ਸਕਦੇ ਹਨ, ਇਹ ਕਾਫੀ ਅਹਿਮੀਅਤ ਰੱਖਦਾ ਹੈ।

ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਟੀਮ ਕੋਲ ਸੱਤ ਨੰਬਰ ਤੱਕ ਕਾਫੀ ਚੰਗੇ ਬੱਲੇਬਾਜ਼ ਹਨ, ਜੋ ਵਿਰੋਧੀ ਗੇਂਦਬਾਜ਼ਾਂ ਲਈ ਵੱਡੀ ਚੁਣੌਤੀ ਬਣ ਸਕਦੇ ਹਨ।

ਟੀਮ ਕੋਲ ਸ਼੍ਰੇਅਰ ਅਈਅਰ, ਸਟੋਈਨਿਸ, ਮੈਕਸਵੈੱਲ, ਵਡੇਰਾ, ਸ਼ਸ਼ਾਕ ਸਿੰਘ, ਪ੍ਰਭਸਿਮਰਨ ਵਰਗੇ ਸ਼ਾਨਦਾਰ ਬੱਲੇਬਾਜ਼ ਹਨ, ਜੋ ਇੱਕ ਵੱਡਾ ਸਕੋਰ ਖੜ੍ਹਾ ਕਰਨ ਅਤੇ ਇੱਕ ਚੰਗੇ ਸਕੋਰ ਨੂੰ ਚੈਜ਼ ਕਰਨ ਦਾ ਦਮ ਰੱਖਦੇ ਹਨ।

ਭਾਰਤੀ ਅਤੇ ਵਿਦੇਸ਼ੀ ਖਿਡਾਰੀਆਂ ਦਾ ਸੁਮੇਲ ਦਰਸਾਉਂਦਾ ਹੈ ਕਿ ਟੀਮ ਕੋਲ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ।

ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਸੱਜੇ ਹੱਥ ਦੇ ਬੱਲੇਬਾਜ਼ ਹਨ।

ਦੂਜੇ ਪਾਸੇ ਨਵੇਂ ਉਭਰਦੇ ਖਿਡਾਰੀ ਸ਼ਸ਼ਾਂਕ ਸਿੰਘ, ਵਡੇਰਾ ਅਤੇ ਪ੍ਰਭਸਿਮਰਨ ਹਨ, ਜਿਨ੍ਹਾਂ ਨੇ ਆਪਣੇ ਪਿਛਲੇ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ ਸੀ।

ਸ਼ਸ਼ਾਂਕ ਸਿੰਘ ਨੇ ਇਸ ਵਾਰ ਦੀ ਆਪਣੀ ਟੀਮ ਬਾਰੇ ਇੱਕ ਪੌਡਕਾਸਟ ਵਿੱਚ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਸੀਂ ਇਸ ਵਾਰ ਉਪਰਲੀਆਂ ਦੋ ਟੀਮਾਂ ਵਿੱਚ ਸ਼ਾਮਲ ਹੋਵਾਂਗੇ ਜੇ ਅਜਿਹਾ ਨਾ ਹੋਇਆ ਤਾਂ ਮੈਨੂੰ ਬਿਨਾਂ ਝਿਜਕ ਟਰੋਲ ਕੀਤਾ ਜਾਵੇ।

ਇਸ ਟੀਮ ਵਿੱਚ ਸਭ ਤੋਂ ਤਜਰਬੇਕਾਰ ਆਸਟਰੇਲੀਅਨ ਖਿਡਾਰੀ ਗਲੇਨ ਮੈਕਸਵੈੱਲ ਹਨ, ਜੋ ਆਪਣੀ ਧੜੱਲੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ।

ਪਰ ਆਈਪੀਐੱਲ ਵਿੱਚ ਪੰਜਾਬ ਟੀਮ ਵੱਲੋਂ ਉਨ੍ਹਾਂ ਦਾ ਪ੍ਰਦਰਸ਼ਨ ਪਿਛਲੇ ਕੁਝ ਸੀਜ਼ਨ ਵਿੱਚ ਕੋਈ ਬਹੁਤਾ ਖ਼ਾਸ ਨਹੀਂ ਰਿਹਾ।

ਸੁਸ਼ੀਲ ਕਪੂਰ ਕਹਿੰਦੇ ਹਨ, "ਪ੍ਰਭਸਿਮਰਨ ਨੂੰ ਮੈਂ ਸੱਤ-ਅੱਠ ਸਾਲ ਤੋਂ ਦੇਖਦਾ ਆ ਰਿਹਾ, ਉਸ ਦੀ ਖੇਡ ਵਿੱਚ ਨਿਖਾਰ ਆਇਆ ਹੈ ਤੇ ਆਪਣੀ ਬੱਲੇਬਾਜ਼ੀ ਵਿੱਚ ਉਹ ਟੀਮ ਦੇ ਖਾਤੇ ਚੰਗੇ ਸਕੋਰ ਪਾਉਂਦਾ ਹੈ।"

"ਸਾਡੀ ਟੀਮ ਲਈ ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਚੰਗਾ ਕਪਤਾਨ, ਚੰਗੀ ਬੱਲੇਬਾਜ਼ੀ-ਗੇਂਦਬਾਜ਼ੀ ਅਤੇ ਇੱਕ ਚੰਗਾ ਕੋਚ ਹੈ, ਇਸ ਕਰਕੇ ਟੀਮ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ।"

ਚਾਹਲ ਅਤੇ ਅਰਸ਼ਦੀਪ ਦੀ ਗੇਂਦਬਾਜ਼ੀ

ਕੋਚ ਰਿੰਕੀ ਪੌਂਟਿੰਗ ਨੇ ਬੱਲੇਬਾਜ਼ੀ ਦੇ ਨਾਲ-ਨਾਲ ਪੰਜਾਬ ਕਿੰਗਜ਼ ਟੀਮ ਵਿੱਚ ਗੇਂਦਬਾਜ਼ੀ ਦਾ ਖੂਬ ਤਾਲਮੇਲ ਬਿਠਾਇਆ। ਟੀਮ ਵਿੱਚ ਚੰਗੇ ਆਲਰਾਊਂਡਰ ਖਿਡਾਰੀ ਹਨ।

ਪਰ ਇਸ ਵਾਰ ਦੋ ਗੇਂਦਬਾਜ਼ਾਂ ਲਈ ਟੀਮ ਨੇ ਚੰਗੀ ਬੋਲੀ ਲਗਾ ਕੇ ਉਨ੍ਹਾਂ ਨੂੰ ਆਪਣਾ ਹਿੱਸਾ ਬਣਾਇਆ।

ਇਨ੍ਹਾਂ ਵਿਚੋਂ ਅਰਸ਼ਦੀਪ ਸਿੰਘ ਅਤੇ ਯੁਜ਼ਵਿੰਦਰ ਚਾਹਲ ਮੁੱਖ ਹਨ।

ਅਰਸ਼ਦੀਪ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵਿਕੇਟ ਟੇਕਰ ਵਜੋਂ ਦੇਖਿਆ ਜਾਂਦਾ ਹੈ। ਦੁਨੀਆ ਦੇ ਸਿਖਰਲੇ ਤੇਜ਼ ਗੇਂਦਬਾਜ਼ ਬੁਮਰਾਹ ਤੋਂ ਬਾਅਦ ਹੁਣ ਅਰਸ਼ਦੀਪ ਨੂੰ ਇੱਕ ਚੰਗਾ ਗੇਂਦਬਾਜ਼ ਮੰਨਿਆ ਜਾਣ ਲੱਗਾ ਹੈ, ਜੋ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਨੂੰ ਜਿੱਤ ਵੱਲ ਲੈ ਜਾਂਦੇ ਹਨ।

ਉਹ ਕਾਫੀ ਚੰਗੀ ਫਾਰਮ ਵਿੱਚ ਵੀ ਹਨ।

ਟੀਮ ਨੇ ਯੁਜ਼ਵਿੰਦਰ ਚਾਹਲ ਉਪਰ 18 ਕਰੋੜ ਰੁਪਏ ਲਗਾ ਕੇ ਇੱਕ ਵੱਡਾ ਦਾਅ ਖੇਡਿਆ ਹੈ। ਪਿਛਲੇ ਸੀਜ਼ਨ ਵਿੱਚ ਚਾਹਲ ਰਾਜਸਥਾਨ ਵੱਲੋਂ ਖੇਡੇ, ਉਨ੍ਹਾਂ ਨੇ 15 ਮੈਚਾਂ ਵਿੱਚ 18 ਵਿਕਟਾਂ ਲਈਆਂ ਸਨ।

ਚਾਹਲ ਆਈਪੀਐੱਲ ਇਤਿਹਾਸ ਦੇ ਟੌਪ ਵਿਕਟ ਟੇਕਰ ਹਨ। ਉਨ੍ਹਾਂ ਨੇ ਆਈਪੀਐੱਲ 'ਚ ਹੁਣ ਤੱਕ 160 ਮੈਚਾਂ ਵਿੱਚ 205 ਵਿਕਟਾਂ ਹਾਸਲ ਕੀਤੀਆਂ ਹਨ।

ਟੀਮ ਵਿੱਚ ਹਰਪ੍ਰੀਤ ਬਰਾੜ ਵੀ ਹਨ, ਜੋ ਇੱਕ ਆਲਰਾਊਂਡਰ ਵੀ ਹਨ। ਖੱਬੇ ਹੱਥ ਦੇ ਗੇਂਦਬਾਜ਼ ਹਰਪ੍ਰੀਤ ਬਰਾੜ ਆਪਣੀ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਵਿੱਚ ਵੀ ਟੀਮ ਦੀ ਸਪੋਰਟ ਹੋਣਗੇ।

ਇਸ ਤੋਂ ਇਲਾਵਾ ਟੀਮ ਮਾਰਕੋ ਜੈਨਸਨ ਨੂੰ ਵੀ ਉਤਾਰ ਸਕਦੀ ਹੈ, ਜੋ ਇੱਕ ਆਲਰਾਊਂਡਰ ਹਨ।

ਪੰਜਾਬ ਕਿੰਗਜ਼ ਦੀ ਟੀਮ ਗੇਂਦਬਾਜ਼ੀ ਵਿੱਚ ਆਪਣੇ ਦੋ ਸਪਿੰਨਰ ਅਤੇ ਦੋ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ ਵਿੱਚ ਉਤਰ ਸਕਦੀ ਹੈ।

ਇਸ ਵਾਰ ਬੋਲੀ ਵਿੱਚ ਇਹ ਵੀ ਵੱਡੀ ਗੱਲ ਦੇਖਣ ਨੂੰ ਸਾਹਮਣੇ ਆਈ ਕਿ ਹੁਣ ਤੱਕ ਸਪਿਨਰ ਗੇਂਦਬਾਜ਼ਾਂ ਉਪਰ ਕਿਸੇ ਟੀਮ ਨੇ ਵੱਡੀ ਰਕਮ ਨਹੀਂ ਲਗਾਈ ਪਰ ਪੰਜਾਬ ਕਿੰਗਜ਼ ਨੇ ਯੁਜ਼ਵਿੰਦਰ ਚਾਹਲ ਉਪਰ 18 ਕਰੋੜ ਰੁਪਏ ਲਗਾਏ, ਜੋ ਸਪਿਨਰ ਗੇਂਦਬਾਜ਼ ਉਪਰ ਲਗਾਈ ਗਈ ਸਭ ਤੋਂ ਵੱਡੀ ਬੋਲੀ ਸੀ।

ਕੋਚ ਸੰਜੀਵ ਪਠਾਨੀਆ ਕਹਿੰਦੇ ਹਨ ਕਿ ਟੀਮ ਵਿੱਚ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਸ਼ਾਨਦਾਰ ਸੁਮੇਲ ਹੈ।

ਉਹ ਕਹਿੰਦੇ ਹਨ, "ਅਰਸ਼ਦੀਪ ਦਾ ਹੁਣ ਤੱਕ ਆਈਪੀਐੱਲ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਇਸ ਦੇ ਨਾਲ ਹੀ ਚਾਹਲ ਦੀ ਪ੍ਰਫੌਰਮੈਂਸ ਆਈਪੀਐੱਲ ਦੇ ਇਤਿਹਾਸ ਵਿੱਚ ਸਭ ਤੋਂ ਜ਼ਬਰਦਸਤ ਰਹੀ ਹੈ, ਇਸ ਲਈ ਟੀਮ 'ਚ ਗੇਂਦਬਾਜ਼ੀ ਇੱਕ ਵੱਡਾ ਰੋਲ ਅਦਾ ਕਰ ਸਕਦੀ ਹੈ।"

ਕੋਚ ਰਿੱਕੀ ਪੌਂਟਿੰਗ ਦੀ ਭੂਮਿਕਾ

ਪੰਜਾਬ ਕਿੰਗਜ਼ ਦੀ ਟੀਮ ਵਿੱਚ ਵੱਡਾ ਬਦਲਾਅ ਇਹ ਵੀ ਹੋਇਆ ਕਿ ਇਸ ਟੀਮ ਦਾ ਕੋਚ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੂੰ ਲਾਇਆ ਗਿਆ ਹੈ।

ਉਹ ਪਿਛਲੇ ਛੇ ਸਾਲਾਂ ਤੋਂ ਦਿੱਲੀ ਕੈਪੀਟਲਜ਼ ਦੇ ਕੋਚ ਰਹੇ ਹਨ।

ਇਸ ਦੇ ਨਾਲ ਹੀ ਟੀਮ ਵਿੱਚ ਪੰਜ ਆਸਟਰੇਲੀਅਨ ਖਿਡਾਰੀ ਵੀ ਹਨ। ਇੱਕ ਟੀਮ ਵਿੱਚ ਆਸਟ੍ਰੇਲੀਆਈ ਖਿਡਾਰੀਆਂ ਦੀ ਇਹ ਗਿਣਤੀ, ਬਾਕੀ ਟੀਮਾਂ ਨਾਲੋਂ ਸਭ ਤੋਂ ਵੱਧ ਹੈ।

ਉੱਥੇ ਹੀ ਗੱਲ ਕਰੀਏ ਸ਼੍ਰੇਅਸ ਅਈਅਰ ਤੇ ਰਿੱਕੀ ਪੌਂਟਿੰਗ ਦੀ ਤਾਂ ਇਹ ਜੋੜੀ ਇੱਕ ਵਾਰ ਫਿਰ ਇਕੱਠੀ ਆ ਰਹੀ ਹੈ।

ਸ਼੍ਰੇਅਸ ਅਈਅਰ ਬਾਰੇ ਹੈੱਡ ਕੋਚ ਰਿੱਕੀ ਪੋਂਟਿੰਗ ਨੇ ਕਿਹਾ, "ਸ਼੍ਰੇਅਸ ਕੋਲ ਖੇਡ ਲਈ ਬਹੁਤ ਵਧੀਆ ਦਿਮਾਗ ਹੈ। ਕਪਤਾਨ ਵਜੋਂ ਉਨ੍ਹਾਂ ਦੀਆਂ ਸਾਬਤ ਹੋਈਆਂ ਯੋਗਤਾਵਾਂ ਟੀਮ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਕਾਬਲ ਬਣਾਉਣਗੀਆਂ। ਮੈਂ ਆਈਪੀਐੱਲ ਵਿੱਚ ਅਈਅਰ ਨਾਲ ਪਿਛਲੇ ਸਮੇਂ ਖੂਬ ਅਨੰਦ ਮਾਣਿਆ ਹੈ ਅਤੇ ਉਸ ਨਾਲ ਮੁੜ ਤੋਂ ਕੰਮ ਕਰਨ ਲਈ ਮੈਂ ਉਤਸੁਕ ਹਾਂ।"

ਸੰਜੀਵ ਪਠਾਨੀਆ ਨੇ ਕਿਹਾ, "ਰਿੱਕੀ ਪੌਂਟਿੰਗ ਆਪਣੇ ਸਮੇਂ ਦੇ ਸ਼ਾਨਦਾਰ ਖਿਡਾਰੀ ਰਹੇ ਹਨ ਤੇ ਉਨ੍ਹਾਂ ਨੂੰ ਵਿਸ਼ਵ ਦੇ ਚੰਗੇ ਕਪਤਾਨਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਹ ਬਤੌਰ ਕੋਚ ਆਈਪੀਐੱਲ ਵਿੱਚ ਟੀਮਾਂ ਨਾਲ ਜੁੜੇ ਰਹੇ, ਜਿਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਉਨ੍ਹਾਂ ਦੇ ਕ੍ਰਿਕਟ ਬਾਰੇ ਤਜਰਬੇ ਨਾਲ ਟੀਮ ਨੂੰ ਬਹੁਤ ਫਾਇਦਾ ਹੋਵੇਗਾ।"

ਪੰਜਾਬ ਟੀਮ ਕਿਉਂ ਨਹੀਂ ਜਿੱਤ ਸਕੀ ਖਿਤਾਬ

2008 ਤੋਂ ਸ਼ੁਰੂ ਹੋਏ ਆਈਪੀਐੱਲ ਵਿੱਚ ਪੰਜਾਬ ਦੀ ਟੀਮ ਹੁਣ ਤੱਕ ਖਿਤਾਬ ਆਪਣੇ ਨਾਮ ਨਹੀਂ ਕਰ ਸਕੀ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਹੁਣ ਤੱਕ ਗਲੇਨ ਮੈਕਸਵੈੱਲ ਦੇ ਪ੍ਰਦਰਸ਼ਨ ਉਪਰ ਚਿੰਤਾ ਵੀ ਜ਼ਾਹਿਰ ਕੀਤੀ ਹੈ। ਉਹ ਇਹ ਵੀ ਮੰਨਦੇ ਹਨ ਕਿ ਜੇ ਮੈਕਸਵੈੱਲ ਚੰਗਾ ਖੇਡਦੇ ਹਨ ਤਾਂ ਟੀਮ ਇਸ ਵਾਰ ਜਿੱਤ ਸਕਦੀ ਹੈ।

ਉਹ ਹੁਣ ਤੱਕ ਪੰਜਾਬ ਟੀਮ ਦੀ ਹਾਰ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕਰ ਚੁੱਕੇ ਹਨ।

ਕੋਚ ਸੰਜੀਵ ਪਠਾਨੀਆ ਨੇ ਇਸ ਬਾਰੇ ਕਿਹਾ, "ਪੰਜਾਬ ਦੀ ਟੀਮ ਪਹਿਲਾਂ ਵੀ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ। ਇਸ ਵਾਰ ਟੀਮ 'ਚ ਹੋਰ ਵੀ ਚੰਗੇ ਖਿਡਾਰੀ ਹਨ। ਸਾਰਾ ਇਸ ਗੱਲ ਉਪਰ ਨਿਰਭਰ ਕਰਦਾ ਹੈ ਕਿ ਜਦੋਂ ਤੁਹਾਡੇ ਮੈਚ ਹੁੰਦੇ ਹਨ ਤਾਂ ਉਸ ਸਮੇਂ ਟੀਮ ਨੂੰ ਕਿਸ ਤਾਲਮੇਲ ਨਾਲ ਖਿਡਾਇਆ ਜਾਂਦਾ ਹੈ। ਇਸ ਤੋਂ ਹੀ ਟੀਮ ਦੇ ਨਤੀਜੇ ਨਿਰਭਰ ਹੁੰਦੇ ਹਨ।"

ਉਹ ਇਹ ਵੀ ਕਹਿੰਦੇ ਹਨ ਕਿ ਪਿਛਲੇ ਕੁਝ ਸੀਜ਼ਨ ਵਿੱਚ ਚੰਗੇ ਖਿਡਾਰੀਆਂ ਨੂੰ ਇੰਜਰੀ ਵੀ ਆਈ ਤੇ ਪਹਿਲੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਟੀਮ ਦਾ ਗਰਾਫ ਹੇਠਾਂ ਆਉਂਦਾ ਗਿਆ।

"ਪਰ ਟੀਮ ਦੇ ਕੈਂਪ ਚੰਗੇ ਚੱਲ ਰਹੇ ਹਨ ਤੇ ਪ੍ਰੈਕਟਿਸ ਵੀ ਹੋ ਰਹੀ ਹੈ। ਉਮੀਦ ਹੈ ਕਿ ਇਸ ਵਾਰ ਟੀਮ ਚੰਗਾ ਪ੍ਰਦਰਸ਼ਨ ਕਰ ਕੇ ਉਪਰਲੀਆਂ ਚਾਰ ਟੀਮਾਂ ਵਿੱਚ ਸ਼ਾਮਲ ਜ਼ਰੂਰ ਹੋਵੇਗੀ। ਮੈਕਸਵੈੱਲ ਵਿਸ਼ਵ ਦਾ ਮੰਨਿਆ ਖਿਡਾਰੀ ਹੈ ਪਰ ਆਈਪੀਐੱਲ ਵਿੱਚ ਪੰਜਾਬ ਵੱਲੋਂ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ।"

ਉਹ ਕਹਿੰਦੇ ਹਨ ਟੀਮ ਵਿੱਚ ਜਦੋਂ ਵੱਡਾ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਤਾਂ ਟੀਮ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਹੋਰ ਖਿਡਾਰੀਆਂ ਦਾ ਹੌਸਲਾ ਵੀ ਡਿੱਗਦਾ ਹੈ।

ਸੁਸ਼ੀਲ ਕਪੂਰ ਦਾ ਮੰਨਣਾ ਹੈ ਕਿ ਪੰਜਾਬ ਦੀ ਟੀਮ ਹਰ ਵਾਰ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ ਪਰ ਖਿਤਾਬ ਤੋਂ ਖੁੰਝਦੀ ਰਹੀ ਹੈ।

ਉਹ ਕਹਿੰਦੇ ਹਨ, "ਮੈਦਾਨ ਵਿੱਚ ਟੀਮਾਂ ਬਰਾਬਰ ਦੀਆਂ ਹੀ ਹੁੰਦੀਆਂ, ਹਰ ਇੱਕ ਟੀਮ ਜਿੱਤ ਨਹੀਂ ਸਕਦੀ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਦੀ ਟੀਮ ਨਾਲ ਵੀ ਹੁਣ ਤੱਕ ਅਜਿਹਾ ਹੀ ਹੁੰਦਾ ਆਇਆ। ਪਰ ਇਸ ਵਾਰ ਪੰਜਾਬ ਕਿੰਗਜ਼ ਦੇ ਜਿੱਤਣ ਦੀਆਂ ਉਮੀਦਾਂ ਹਨ। ਹੁਣ ਟੀਮ ਵਿੱਚ ਚੰਗੇ ਖਿਡਾਰੀ ਹਨ, ਜੋ ਇਸ ਨੂੰ ਖਿਤਾਬ ਦੇ ਨੇੜੇ ਲੈ ਜਾਣਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)