'ਸ਼ਾਨ-ਏ-ਪੰਜਾਬ' ਜਾਂ 'ਗੋਲਡਨ ਟੈਂਪਲ ਐੱਕਸਪ੍ਰੈਸ', ਰੇਲ-ਗੱਡੀਆਂ ਦੇ ਨਾਮ ਕਿਵੇਂ ਰੱਖੇ ਜਾਂਦੇ ਹਨ

    • ਲੇਖਕ, ਲਖੋਜੂ ਸ਼੍ਰੀਨਿਵਾਸ
    • ਰੋਲ, ਬੀਬੀਸੀ ਨਿਊਜ਼

ਸਤਲੁੱਜ ਐਕਸਪ੍ਰੈਸ, ਜੰਮੂ ਤਵੀ, ਗੋਲਡਨ ਟੈਂਪਲ ਐਕਸਪ੍ਰੈਸ, ਸ਼ਾਨ-ਏ-ਪੰਜਾਬ ਆਦਿ ਨਾ ਸਿਰਫ਼ ਨਦੀਆਂ, ਸ਼ਹਿਰਾਂ ਅਤੇ ਗੁਰਦੁਆਰਿਆਂ ਦੇ ਨਾਮ ਹਨ, ਸਗੋਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਦੇ ਨਾਮ ਵੀ ਹਨ।

ਪਰ ਕੀ ਤੁਸੀਂ ਜਾਣਦੇ ਹੋ ਕਿ ਰੇਲਾਂ ਨੂੰ ਇਹ ਨਾਮ ਕੌਣ ਦਿੰਦਾ ਹੈ? ਕਦੇ ਸੋਚਿਆ ਹੈ ਕਿ ਇਹ ਨਾਵਾਂ ਪਿੱਛੇ ਕੀ ਤਰਕ ਹੁੰਦਾ ਹੈ?

ਕੀ ਸਾਰੀਆਂ ਰੇਲ ਗੱਡੀਆਂ ਦੇ ਅਧਿਕਾਰਤ ਨਾਮ ਹੁੰਦੇ ਹਨ ?

ਇਨ੍ਹਾਂ ਸਭ ਸਵਾਲਾਂ ਦੇ ਜਵਾਬ ਜਾਨਣ ਲਈ ਬੀਬੀਸੀ ਨੇ ਈਸਟ ਕੋਸਟ ਰੇਲਵੇ ਜ਼ੋਨਲ ਰੇਲਵੇ ਉਪਭੋਗਤਾ ਸਲਾਹਕਾਰ ਕਮੇਟੀ (ZRUCC) ਦੇ ਮੈਂਬਰ ਕੰਚੂਮੂਰਤੀ ਈਸ਼ਵਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਟ੍ਰੇਨਾਂ ਦੇ ਨਾਮ ਕਿਵੇਂ ਰੱਖੇ ਜਾਂਦੇ ਹਨ।

ਰੇਲ ਗੱਡੀਆਂ ਦੇ ਨਾਮ ਇਹੋ ਜਿਹੇ ਕਿਉਂ ਹੁੰਦੇ ਹਨ ?

ਕੰਚੂਮੂਰਤੀ ਈਸ਼ਵਰ ਦੱਸਦੇ ਹਨ "ਰੇਲਵੇ, ਦੇਸ਼ ਦੀ ਸਭ ਤੋਂ ਵੱਡੀ ਆਵਾਜਾਈ ਪ੍ਰਣਾਲੀ ਹੈ। ਹਰ ਰੋਜ਼ ਹਜ਼ਾਰਾਂ ਟਰੇਨਾਂ ਚਲਦੀਆਂ ਹਨ ਅਤੇ ਲੱਖਾਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੀਆਂ ਹਨ।"

ਇਨ੍ਹਾਂ ਟਰੇਨਾਂ ਦੇ ਵਿਲੱਖਣ ਨਾਂ ਹੁੰਦੇ ਹਨ। ਤੁਸੀਂ ਸ਼ਤਾਬਦੀ, ਰਾਜਧਾਨੀ, ਵੰਦੇ ਭਾਰਤ, ਗਰੀਬ ਰੱਥ, ਸਤਲੁੱਜ ਅਤੇ ਤਿਰੁਮਾਲਾ ਵਰਗੇ ਨਾਮ ਸੁਣੇ ਹੋਣਗੇ।

ਈਸ਼ਵਰ ਦੱਸਦੇ ਹਨ "ਜਨਤਾ ਦੇ ਸੁਝਾਵਾਂ ਅਤੇ ਸਲਾਹਾਂ ਤੋਂ ਇਲਾਵਾ, ਇਹਨਾਂ ਰੇਲਗੱਡੀਆਂ ਦਾ ਨਾਮਕਰਨ ਕਰਦੇ ਸਮੇਂ ਬਹੁਤ ਸਾਰੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਕਿ ਉਹਨਾਂ ਖੇਤਰਾਂ ਦੀ ਵਿਲੱਖਣਤਾ ਜਿੱਥੇ ਰੇਲਗੱਡੀਆਂ ਚਲਦੀਆਂ ਹਨ, ਉਹ ਮੌਕੇ ਜਦੋਂ ਰੇਲਗੱਡੀਆਂ ਨੂੰ ਲਾਂਚ ਕੀਤਾ ਗਿਆ ਸੀ, ਉਹਨਾਂ ਖੇਤਰਾਂ ਦੀਆਂ ਵਿਸ਼ੇਸ਼ਤਾਵਾਂ ਜਿੱਥੇ ਰੇਲ ਗੱਡੀਆਂ ਚੱਲਣਗੀਆਂ ਜਾਂ ਸਥਾਨਕ ਪੂਜਾ ਅਸਥਾਨ ਅਤੇ ਨਦੀਆਂ ਆਦਿ।"

ਗਰੀਬ ਰੱਥ: ਇਸ ਦਾ ਅਰਥ ਹੈ ਗਰੀਬਾਂ ਦਾ ਰੱਥ। ਰੇਲਵੇ ਨੇ ਗਰੀਬਾਂ ਨੂੰ ਘੱਟ ਕੀਮਤ 'ਤੇ ਏਅਰ-ਕੰਡੀਸ਼ਨਡ ਯਾਤਰਾ ਪ੍ਰਦਾਨ ਕਰਨ ਦੇ ਉਦੇਸ਼ ਨਾਲ 2005 ਵਿੱਚ ਇਸ ਨੂੰ ਲਾਂਚ ਕੀਤਾ ਸੀ। ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਇਸ ਲਈ ਇਸ ਦਾ ਨਾਂ ਗਰੀਬ ਰੱਥ ਰੱਖਿਆ ਗਿਆ ਕਿਉਂਕਿ ਇਹ ਰੇਲਗੱਡੀ ਆਰਥਿਕਤਾ ਪੱਖੋਂ ਕਮਜ਼ੋਰ ਵਰਗ ਲਈ ਪੇਸ਼ ਕੀਤੀ ਗਈ ਸੀ।

ਦੁਰੰਤੋ ਐਕਸਪ੍ਰੈਸ: ਬੰਗਾਲੀ ਵਿੱਚ ਦੁਰੰਤੋ ਦਾ ਮਤਲਬ ਹੁੰਦਾ ਹੈ "ਬਿਨਾਂ ਕਿਸੇ ਸਮੱਸਿਆ ਦੇ ਯਾਤਰਾ ਕਰਨ ਵਾਲਾ"। ਇਹ ਟਰੇਨ ਬਹੁਤ ਘੱਟ ਸਟੇਸ਼ਨਾਂ 'ਤੇ ਰੁਕਦੀ ਹੋਈ ਲੰਬੀ ਦੂਰੀ ਦਾ ਸਫ਼ਰ ਤੈਅ ਕਰਦੀ ਹੈ। ਇਸੇ ਲਈ ਇਸ ਟਰੇਨ ਦਾ ਨਾਂ ਦੁਰੰਤੋ ਰੱਖਿਆ ਗਿਆ ਹੈ।

ਸ਼ਤਾਬਦੀ ਐਕਸਪ੍ਰੈਸ: ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜਨਮ ਸ਼ਤਾਬਦੀ ਦੀ ਯਾਦ ਵਿੱਚ 1989 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਲਈ ਇਸ ਦਾ ਨਾਂ ਸ਼ਤਾਬਦੀ ਰੱਖਿਆ ਗਿਆ ਸੀ।

ਗੋਦਾਵਰੀ ਐਕਸਪ੍ਰੈਸ: 1 ਫਰਵਰੀ 1974 ਨੂੰ ਸ਼ੁਰੂ ਹੋਈ ਇਸ ਟਰੇਨ ਨੇ 50 ਸਾਲ ਪੂਰੇ ਕਰ ਲਏ ਹਨ। ਟ੍ਰੇਨ ਦੇ ਸ਼ੁਰੂਆਤੀ ਦਿਨਾਂ ਵਿੱਚ, ਇਸ ਟ੍ਰੇਨ ਵਿੱਚ ਪੱਛਮੀ ਗੋਦਾਵਰੀ ਅਤੇ ਪੂਰਬੀ ਗੋਦਾਵਰੀ ਜ਼ਿਲ੍ਹਿਆਂ ਵਿੱਚ ਸਥਿਤ 9 ਸਟੇਸ਼ਨਾਂ ਲਈ ਸੁਵਿਧਾਵਾਂ ਸਨ। ਇਸ ਕਾਰਨ ਗੋਦਾਵਰੀ ਜ਼ਿਲ੍ਹਿਆਂ ਦੇ ਲੋਕ ਜ਼ਿਆਦਾਤਰ ਇਸ ਰੇਲਗੱਡੀ ਵਿੱਚ ਸਫ਼ਰ ਕਰਦੇ ਸਨ। ਅਤੇ ਇਹੋ ਕਾਰਨ ਹੈ ਕਿ ਇਸ ਰੇਲਗੱਡੀ ਦਾ ਨਾਮ ਗੋਦਾਵਰੀ ਨਦੀ ਦੇ ਨਾਮ 'ਤੇ ਰੱਖਿਆ ਗਿਆ।

ਤਿਰੁਮਾਲਾ ਐਕਸਪ੍ਰੈਸ: ਇਹ ਇੱਕ ਰੇਲਗੱਡੀ ਹੈ ਜੋ ਵਿਸ਼ਾਖਾਪਟਨਮ ਅਤੇ ਤਿਰੂਪਤੀ ਸ਼ਹਿਰਾਂ ਦੇ ਵਿਚਕਾਰ ਚਲਦੀ ਹੈ। ਇਸਦਾ ਨਾਮ ਤਿਰੂਮਲਾ ਰੱਖਿਆ ਗਿਆ ਹੈ ਕਿਉਂਕਿ ਇਹ ਤਿਰੂਮਲਾ ਵਿੱਚ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਚਲਾਈ ਗਈ ਸੀ।

ਸਾਬਰੀ ਐਕਸਪ੍ਰੈਸ: ਇਹ ਉਹ ਟਰੇਨ ਹੈ ਜੋ ਹੈਦਰਾਬਾਦ ਅਤੇ ਤ੍ਰਿਵੇਂਦਰਮ ਦੇ ਵਿਚਕਾਰ ਚਲਦੀ ਹੈ। ਇਹ ਟਰੇਨ ਸਬਰੀਮਾਲਾ ਜਾਣ ਵਾਲੇ ਯਾਤਰੀਆਂ ਲਈ ਢੁਕਵੀਂ ਹੈ। ਇਸ ਲਈ ਇਸ ਦਾ ਨਾਂ ਸਾਬਰੀ ਰੱਖਿਆ ਗਿਆ ਹੈ।

ਤਿਰੁਮਾਲਾ, ਪੁਰੀ ਅਤੇ ਸਾਬਰੀ ਵਰਗੇ ਬਹੁਤ ਘੱਟ ਵਿਲੱਖਣ ਨਾਮ ਹਨ। ਜ਼ਿਆਦਾਤਰ ਟਰੇਨਾਂ ਦਾ ਨਾਂ ਉਨ੍ਹਾਂ ਦੇ ਟਿਕਾਣਿਆਂ ਦੇ ਨਾਂ 'ਤੇ ਰੱਖੇ ਗਏ ਹੈ। ਜਿਵੇਂ ਬੰਗਲੌਰ-ਚੇਨਈ ਮੇਲ, ਚੇਨਈ-ਜੈਪੁਰ ਐਕਸਪ੍ਰੈਸ, ਹਾਵੜਾ-ਮੁੰਬਈ ਮੇਲ।

ਨਾਮ ਰੱਖਣ ਤੋਂ ਪਹਿਲਾਂ ਕਿ ਵਿਚਾਰਿਆ ਜਾਂਦਾ ਹੈ ?

ਕਿਸੇ ਵੀ ਰੇਲਗੱਡੀ ਦਾ ਨਾਮਕਰਨ ਕਰਦੇ ਸਮੇਂ, ਰੇਲਵੇ ਵਿਭਾਗ ਉਹਨਾਂ ਖੇਤਰਾਂ ਦੇ ਲੋਕਾਂ ਦੇ ਵਿਚਾਰਾਂ ਨੂੰ ਪਹਿਲ ਦਿੰਦਾ ਹੈ ਜਿੱਥੇ ਰੇਲਗੱਡੀ ਚਲਣੀ ਹੈ।

ਇਸੇ ਲਈ ਰੇਲਵੇ ਵਿਭਾਗ ਉਹਨਾਂ ਦੇ ਸੁਝਾਅ ਲੈਂਦਾ ਹੈ। ਜੇਕਰ ਕੋਈ ਆਮ ਵਿਅਕਤੀ ਕੋਲ ਟਰੇਨ ਦੇ ਨਾਮ ਨੂੰ ਲੈਕੇ ਚੰਗਾ ਸੁਝਾਅ ਹੋਵੇ ਤਾਂ ਉਹ ਆਪਣੇ ਵਿਚਾਰ ਸਥਾਨਕ ਰੇਲਵੇ ਸਟੇਸ਼ਨ 'ਤੇ ਜਾਂ ਸਥਾਨਕ ਡਿਵੀਜ਼ਨਲ ਰੇਲਵੇ ਦਫਤਰ 'ਤੇ ਲੱਗੇ ਸੁਝਾਅ ਬਕਸੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪਣਾ ਸੁਝਾਅ ਆਪਣੇ ਹਲਕੇ ਦੇ ਸੰਸਦ ਮੈਂਬਰ ਦੇ ਧਿਆਨ ਵਿੱਚ ਲਿਆ ਸਕਦੇ ਹਨ।

ਵਿਸ਼ਾਖਾਪਟਨਮ ਅਤੇ ਮਹਿਬੂਬਨਗਰ ਵਿਚਕਾਰ ਚੱਲਣ ਵਾਲੀ ਟਰੇਨ (12861/12862) ਨੂੰ ਵਾਲਥਰ ਐਕਸਪ੍ਰੈਸ ਦਾ ਨਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਵਿਸ਼ਾਖਾਪਟਨਮ ਅਤੇ ਮੁੰਬਈ ਵਿਚਕਾਰ ਚੱਲਣ ਵਾਲੀ ਰੇਲਗੱਡੀ (18519/18520) ਨੂੰ ਰੁਸ਼ੀਕੋਂਡਾ ਐਕਸਪ੍ਰੈਸ ਦਾ ਨਾਮ ਦੇਣ ਲਈ ਬਹੁਤ ਸਾਰੀਆਂ ਬੇਨਤੀਆਂ ਪ੍ਰਾਪਤ ਹੋਇਆ ਹਨ। ਕਿਉਂਕਿ ਇਹ ਉਹ ਰੇਲਗੱਡੀਆਂ ਹਨ ਜੋ ਵਿਸ਼ਾਖਾਪਟਨਮ ਤੋਂ ਰਵਾਨਾ ਹੁੰਦੀਆਂ ਹਨ, ਇਸ ਲਈ ਅਸੀਂ ਕਮੇਟੀ ਦੀ ਤਰਫੋਂ ਪਹਿਲਾਂ ਉਹਨਾਂ ਪ੍ਰਸਤਾਵਾਂ ਨੂੰ ਵਾਲਟੇਅਰ ਡਿਵੀਜ਼ਨ ਨੂੰ ਭੇਜਦੇ ਹਨ।

ਵਾਲਟੇਅਰ ਡਿਵੀਜ਼ਨ ਦੇ ਅਧਿਕਾਰੀ ਉਨ੍ਹਾਂ ਨੂੰ ਭੁਵਨੇਸ਼ਵਰ ਸਥਿਤ ਈਸਟ ਕੋਸਟ ਜ਼ੋਨ ਹੈੱਡਕੁਆਰਟਰ ਭੇਜਦੇ ਹਨ।

ਜੇਕਰ ਲੋੜ ਪਵੇ ਤਾਂ ਉਹ ਕਲੈਕਟਰ ਅਤੇ ਸਥਾਨਕ ਸੰਸਦ ਮੈਂਬਰਾਂ ਦੀਆਂ ਸਿਫ਼ਾਰਸ਼ 'ਤੇ ਇਹ ਸੁਝਾਅ ਸਿੱਧਾ ਰੇਲ ਮੰਤਰਾਲੇ ਨੂੰ ਵੀ ਭੇਜ ਸਕਦੇ ਹਨ। ਉੱਥੇ ਅਧਿਕਾਰੀ ਚਰਚਾ ਕਰਦੇ ਹਨ ਅਤੇ ਨਾਵਾਂ 'ਤੇ ਫੈਸਲਾ ਲਿਆ ਜਾਂਦਾ ਹੈ।

ਜੇਕਰ ਉਨ੍ਹਾਂ ਵਲੋ ਵਿਚਾਰਿਆ ਨਾਮ ਬੇਨਤੀਆਂ ਵਿੱਚ ਪ੍ਰਾਪਤ ਨਾਵਾਂ ਨਾਲੋਂ ਵਧੀਆ ਹੈ ਤਾਂ ਉਸ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ।

ਸਭ ਤੋਂ ਆਮ ਸੁਝਾਅ ਨਦੀਆਂ ਦੇ ਨਾਵਾਂ 'ਤੇ ਅਧਾਰਤ ਹੁੰਦੇ ਹਨ।

"ਜ਼ਿਆਦਾਤਰ ਟ੍ਰੇਨਾਂ ਦੇ ਨਾਂ ਪਹਿਲਾਂ ਹੀ ਨਦੀਆਂ ਦੇ ਨਾਂ 'ਤੇ ਹਨ.. ਜਿਵੇਂ ਕਿ ਗੋਦਾਵਰੀ ਐਕਸਪ੍ਰੈੱਸ, ਕ੍ਰਿਸ਼ਨਾ ਐਕਸਪ੍ਰੈੱਸ, ਨਾਗਵਲੀ ਐਕਸਪ੍ਰੈੱਸ ਆਦਿ।"

"ਜਿਵੇਂ ਲਾਲੂ ਪ੍ਰਸਾਦ ਯਾਦਵ ਨੇ ਇਸ ਦਾ ਨਾਂ ਗਰੀਬ ਰੱਥ ਰੱਖਿਆ ਸੀ ... ਉਂਝ ਹੀ ਚੰਦਰਬਾਬੂ ਨਾਇਡੂ ਨੇ ਇੱਕ ਰੇਲ ਦਾ ਨਾਂ ਜਨਮਭੂਮੀ ਐਕਸਪ੍ਰੈੱਸ ਰੱਖਿਆ। ਰੇਲਵੇ ਅਕਸਰ ਉਨ੍ਹਾਂ ਨਾਵਾਂ ਨੂੰ ਤਰਜੀਹ ਦਿੰਦਾ ਹੈ ਜੋ ਕਿ ਮਸ਼ਹੂਰ ਹੋਣ।"

ਕੀ ਬਿਨਾਂ ਨਾਮ ਦੀਆਂ ਟਰੇਨਾਂ ਵੀ ਹੁੰਦੀਆਂ ਹਨ?

"ਕੁਝ ਟਰੇਨਾਂ ਦੇ ਨਾਂ ਨਹੀਂ ਹੁੰਦੇ ਹਨ। ਆਮ ਤੌਰ 'ਤੇ ਸਪੈਸ਼ਲ ਟਰੇਨਾਂ ਦੇ ਨਾਂ ਨਹੀਂ ਹੁੰਦੇ ਹਨ। ਕਿਉਂਕਿ ਉਹ ਭੀੜ ਨਾਲ ਨਜਿੱਠਣ ਲਈ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਚਲਾਈਆਂ ਜਾਂਦੀਆਂ ਹਨ। ਜਾਂ ਉਹ ਸੀਮਤ ਸਮੇਂ ਲਈ ਚਲਾਈਆਂ ਜਾਂਦੀਆਂ ਹਨ। ਪਰ ਵਿਸ਼ੇਸ਼ ਟਰੇਨਾਂ ਦੇ ਉਲਟ, ਕੁਝ ਨਿਯਮਤ ਟਰੇਨਾਂ ਦੇ ਵੀ ਨਾਮ ਨਹੀਂ ਹਨ।"

ਉਹ ਰੇਲਵੇ ਵੱਲੋਂ ਦਿੱਤੇ ਨੰਬਰਾਂ ਦੀ ਪਛਾਣ ਹੇਠ ਚਲਦਿਆਂ ਹਨ। ਕੰਚੂਮੂਰਤੀ ਈਸ਼ਵਰ ਨੇ ਕਿਹਾ ਕਿ ਵਾਲਟੇਅਰ ਡਿਵੀਜ਼ਨ ਤੋਂ ਚੱਲਣ ਵਾਲੀਆਂ 17 ਟਰੇਨਾਂ ਦਾ ਵੀ ਇਹੀ ਹਾਲ ਹੈ।

ਉਨ੍ਹਾਂ ਨੇ ਅੱਗੇ ਦੱਸਿਆ "ਉਸ ਸਮੇਂ ਦੇ ਵਾਲਟੇਅਰ ਡਿਵੀਜ਼ਨ ਦੇ ਡੀਆਰਐਮ ਅਨੂਪ ਸਤਪਾਠੀ ਨੇ ਜੁਲਾਈ 2022 ਵਿੱਚ ਰੇਲਵੇ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ 17 ਨਾਮ ਸੁਝਾਏ ਗਏ: ਰੁਸ਼ੀਕੋਂਡਾ ਐਕਸਪ੍ਰੈਸ, ਸਿਮਹਾਚਲਮ ਐਕਸਪ੍ਰੈਸ, ਕੁਰੂਸੁਰਾ ਐਕਸਪ੍ਰੈਸ, ਸਾਗਰਕੰਨਿਆ ਐਕਸਪ੍ਰੈਸ, ਗੋਸਥਾਨੀ ਐਕਸਪ੍ਰੈਸ, ਸਾਊਥ ਕੋਸਟ ਐਕਸਪ੍ਰੈਸ ਆਦਿ। ਪਰ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਹੈ।"

ਬਿਨਾਂ ਨਾਵਾਂ ਦੇ ਸਿਰਫ਼ ਨੰਬਰਾਂ ਦੇ ਆਧਾਰ 'ਤੇ ਚੱਲਣ ਵਾਲੀਆਂ ਟ੍ਰੇਨਾਂ ਦੇਸ਼ ਭਰ ਵਿੱਚ ਹਰ ਡਿਵੀਜ਼ਨ ਅਤੇ ਜ਼ੋਨ ਵਿੱਚ ਮੌਜੂਦ ਹਨ।

ਈਸ਼ਵਰ ਕੰਚੂਮੂਰਤੀ ਨੇ ਕਿਹਾ ਕਿ ਨੰਬਰਾਂ ਨੂੰ ਯਾਦ ਕਰਨਾ ਬਹੁਤ ਔਖਾ ਕੰਮ ਹੈ। ਇਸ ਕਾਰਨ ਲੋਕਾਂ ਅਤੇ ਮੁਸਾਫਰਾਂ ਨੂੰ ਖਾਸ ਰੇਲ ਗੱਡੀਆਂ ਦੀ ਪੁੱਛ-ਪੜਤਾਲ ਕਰਨ ਅਤੇ ਟਿਕਟ ਖਰੀਦਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਲੋਕਾਂ ਨੂੰ ਨਵੀਂ ਟਰੇਨ ਦਾ ਨਾਂ ਕਿਵੇਂ ਪਤਾ ਚੱਲਦੇ ਹਨ?

ਭਾਵੇਂ ਰੇਲ ਗੱਡੀਆਂ ਦੇ ਨਾਮ ਜਨਤਕ ਸੁਝਾਵਾਂ 'ਤੇ ਰੱਖੇ ਗਏ ਹੋਣ ਜਾਂ ਅਧਿਕਾਰੀਆਂ ਅਤੇ ਐਸੋਸੀਏਸ਼ਨਾਂ ਦੇ ਯਤਨਾਂ ਕਾਰਨ, ਜਨਤਾ ਨੂੰ ਟਰੇਨ ਦੇ ਨਾਂ ਬਾਰੇ ਜਾਣੂ ਕਰਵਾਉਣਾ ਰੇਲਵੇ ਦੀ ਜ਼ਿੰਮੇਵਾਰੀ ਹੁੰਦੀ ਹੈ।

ਜੇਕਰ ਕਿਸੇ ਟਰੇਨ ਨੂੰ ਨਵਾਂ ਨਾਂ ਦਿੱਤਾ ਜਾਂਦਾ ਹੈ ਤਾਂ ਇਸ ਦਾ ਐਲਾਨ ਅਖ਼ਬਾਰਾਂ, ਟੀਵੀ ਅਤੇ ਖ਼ਬਰਾਂ ਵਿੱਚ ਇਸ਼ਤਿਹਾਰਾਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ।

ਇਹ ਰੇਲਗੱਡੀਆਂ ਦੇ ਨਾਵਾਂ ਦਾ ਪ੍ਰਚਾਰ ਵੀ ਕਰਦਾ ਹੈ। ਟਿਕਟਾਂ 'ਤੇ ਗੱਡੀਆਂ ਦਾ ਨਾਮ ਛਾਪਣ ਨਾਲ ਲੋਕਾਂ ਲਈ ਨਾਮ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ।

ਨਾਲ ਹੀ, ਆਨਲਾਈਨ ਟਿਕਟ ਬੁਕਿੰਗ ਪਲੇਟਫਾਰਮ 'ਤੇ ਨਵੇਂ ਨਾਂ ਹੇਠ ਟਿਕਟਾਂ ਜਾਰੀ ਕਰਨ ਨਾਲ ਵੀ ਸਬੰਧਤ ਰੇਲਗੱਡੀਆਂ ਦੇ ਨਾਂ ਲੋਕਾਂ ਲਈ ਆਸਾਨੀ ਨਾਲ ਪਹੁੰਚ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)