ਕੌਰ ਸਿੰਘ ਨਹੀਂ ਰਹੇ : ਓਲੰਪੀਅਨ, ਪ੍ਰਦਮਸ਼੍ਰੀ ਮੁੱਕੇਬਾਜ਼, ਜਿਨ੍ਹਾਂ ਬਾਰੇ ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ

ਤਸਵੀਰ ਸਰੋਤ, Punjab Govt/Charanjeev Kaushal
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਓਲੰਪੀਅਨ ਮੁੱਕੇਬਾਜ਼, ਪਦਮ ਸ਼੍ਰੀ, ਅਰਜੁਨ ਐਵਾਰਡ ਨਾਲ ਸਨਮਾਨਿਤ ਤੇ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਕੌਰ ਸਿੰਘ ਦਾ ਦੇਹਾਂਤ ਹੋ ਗਿਆ ਹੈ।
ਕੌਰ ਸਿੰਘ ਦਾ ਸਬੰਧ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਨਾਲ ਸੀ। 85 ਸਾਲਾ ਕੌਰ ਸਿੰਘ ਦੀ ਸਿਹਤ ਪਿਛਲੇ ਕਾਫ਼ੀ ਸਮੇਂ ਤੋਂ ਠੀਕ ਨਹੀਂ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ, ਕੌਰ ਸਿੰਘ ਦਾ ਇਲਾਜ ਹਰਿਆਣਾ ਦੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ। ਕੌਰ ਸਿੰਘ ਦਾ ਇੱਕ ਪੁੱਤਰ ਫ਼ੌਜ ਵਿੱਚ ਹੈ ਅਤੇ ਦੋ ਪੁੱਤਰ ਪਿੰਡ ਵਿੱਚ ਹੀ ਰਹਿੰਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਕੇ ਕੌਰ ਸਿੰਘ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਤਸਵੀਰ ਸਰੋਤ, Bhagwant Mann/Twitter
ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ''ਓਲੰਪੀਅਨ ਮੁੱਕੇਬਾਜ਼ ਪਦਮਸ਼੍ਰੀ ਕੌਰ ਸਿੰਘ ਜੀ…ਜਿਨ੍ਹਾਂ ਸੰਗਰੂਰ ਦੇ ਪਿੰਡ ਖਨਾਲ ਖ਼ੁਰਦ ਤੋਂ ਹੁੰਦੇ ਹੋਏ ਏਸ਼ੀਆ ਗੇਮਜ਼ ‘ਚ ਭਾਰਤ ਦਾ ਦਬਦਬਾ ਬਣਾ ਕੇ ਰੱਖਿਆ ਤੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ…ਕੌਰ ਸਿੰਘ ਅੱਜ ਸਾਨੂੰ ਵਿਛੋੜਾ ਦੇ ਗਏ…ਪਰਮਾਤਮਾ ਅੱਗੇ ਅਰਦਾਸ, ਵਿੱਛੜੀ ਰੂਹ ਨੂੰ ਚਰਨੀਂ ਲਾਉਣ ਤੇ ਮੁਸ਼ਕਲ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ।''
ਪੰਜਾਬ ਦੇ ਖੇਡ ਮੰਤਰੀ ਮੀਤ ਸਿੰਘ ਹੇਅਰ ਨੇ ਵੀ ਇੱਕ ਟਵੀਟ ਕਰਕੇ ਲਿਖਿਆ ਹੈ ''ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਉਨ੍ਹਾਂ ਦੇ ਤੁਰ ਜਾਣ ਨਾਲ ਖੇਡਾਂ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ।''
ਫੌਜੀ ਤੋਂ ਮੁੱਕੇਬਾਜ਼ ਬਣਨ ਦਾ ਸਫ਼ਰ
ਕੌਰ ਸਿੰਘ 1970 ਵਿੱਚ ਭਾਰਤੀ ਫੌਜ 'ਚ ਭਰਤੀ ਹੋਏ ਸਨ ।
ਫੌਜ ਵਿੱਚ ਨੌਕਰੀ ਦੌਰਾਨ ਉਨ੍ਹਾਂ ਦੀ ਕੱਦ-ਕਾਠੀ ਦੇਖ ਕੇ ਉਸ ਸਮੇਂ ਭਾਰਤੀ ਫੌਜ ਦੇ ਕਰਨਲ ਬਲਜੀਤ ਸਿੰਘ ਜੌਹਲ ਨੇ ਕੌਰ ਨੂੰ ਮੁੱਕੇਬਾਜ਼ੀ ਲਈ ਪ੍ਰੇਰਿਤ ਕੀਤਾ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਕਰਨਲ ਬਲਜੀਤ ਸਿੰਘ ਜੌਹਲ ਨੇ ਹੀ ਕੌਰ ਸਿੰਘ ਨੂੰ ਪੂਣੇ ਇੰਸਟੀਚਿਊਟ ਵਿੱਚ ਟਰੇਨਿੰਗ ਕੈਂਪ ਲਾਉਣ ਲਈ ਪ੍ਰੇਰਿਤ ਕੀਤਾ ਸੀ। ਜਿੱਥੋਂ ਉਹ ਮੁੱਕੇਬਾਜ਼ੀ 'ਚ ਚੋਟੀ ਦਾ ਖਿਡਾਰੀ ਬਣ ਕੇ ਉੱਭਰਿਆ।
ਕੁਝ ਸਮਾਂ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਕੌਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਉਸ ਤੋਂ ਪਹਿਲਾਂ ਮੁੱਕੇਬਾਜ਼ੀ ਬਾਰੇ ਕੋਈ ਸਮਝ ਨਹੀਂ ਸੀ ਪਰ ਕਰਨਲ ਬੀਐਸ ਜੌਹਲ ਨੇ ਉਨ੍ਹਾਂ ਉੱਤੇ ਬਹੁਤ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਕਾਮਯਾਬ ਬਣਾਇਆ।
ਸਿਕੰਦਰਾਬਾਦ ਵਿਖੇ ਕੌਮੀ ਖੇਡਾਂ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਦੇ ਨਾਲ-ਨਾਲ ਉਹ ਨੌਵੀਂ ਏਸ਼ੀਅਨ ਚੈਂਪੀਅਨਸ਼ਿਪ, ਮੁੰਬਈ ਵਿਖੇ ਵੀ ਸੋਨ ਤਮਗਾ ਜਿੱਤਣ ਵਾਲੇ ਇਕੱਲੇ ਖਿਡਾਰੀ ਸਨ।

ਤਸਵੀਰ ਸਰੋਤ, Charanjeev Kaushal/BBC
ਪਹਿਲੀ ਵਾਰ ਨੈਸ਼ਨਲ ਖੇਡਾਂ 'ਚ ਗੋਲਡ
ਪਹਿਲੀ ਵਾਰ ਕੌਰ ਸਿੰਘ ਨੇ ਸਿੰਕਦਾਰਾਬਾਦ ਵਿੱਚ ਨੈਸ਼ਨਲ ਖੇਡਾਂ ਦੇ ਮੁੱਕੇਬਾਜ਼ੀ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ।
ਉਸ ਤੋਂ ਬਾਅਦ ਕੌਰ ਸਿੰਘ ਦੀ ਖੇਡ ਵਿੱਚ ਨਿਖਾਰ ਆਉਂਦਾ ਗਿਆ ਅਤੇ ਉਨ੍ਹਾਂ ਦੀ ਚੋਣ ਇੰਡੀਆ ਕੱਪ ਲਈ ਹੋ ਗਈ।
ਇਸ ਦੇ ਨਾਲ ਹੀ ਉਨ੍ਹਾਂ ਕਾਮਨਵੈਲਥ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ।
1970 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਤੱਕ ਕੌਰ ਸਿੰਘ ਨੂੰ ਬੌਕਸਿੰਗ ਬਾਰੇ ਮੁੱਢਲੀ ਜਾਣਕਾਰੀ ਵੀ ਨਹੀਂ ਸੀ। ਪਰ ਪੂਣੇ ਦੇ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਛੇਤੀ ਹੀ ਖੇਡ ਮੈਦਾਨ ਵਿੱਚ ਵੱਡੇ ਖਿਡਾਰੀ ਵਜੋਂ ਉੱਭਰੇ।
1979 ਵਿੱਚ ਉਨ੍ਹਾਂ ਪਹਿਲੀ ਵਾਰ ਨੈਸ਼ਨਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਅਤੇ ਅਗਲੇ ਚਾਰ ਸਾਲ 1983 ਤੱਕ ਉਹ ਚਾਰ ਵਾਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਵਾਲੇ ਖਿਡਾਰੀ ਬਣੇ।
1982 ਵਿੱਚ ਦਿੱਲੀ ਵਿੱਚ ਹੋਈਆਂ ਏਸੀਆਈ ਖੇਡਾਂ ਵਿੱਚ ਉਨ੍ਹਾਂ ਨੂੰ ਹੈਵੀਵੇਟ ਕੈਰਾਗਰੀ ਵਿੱਚ ਭਾਰਤ ਦੀ ਨੁੰਮਾਇਦਗੀ ਕਰਨ ਦਾ ਮੌਕਾ ਮਿਲਿਆ ਅਥੇ ਉਨ੍ਹਾਂ ਸੋਨ ਤਮਗਾ ਮੁਲਕ ਦੀ ਝੋਲੀ ਪਾਇਆ। ਇਸ ਸਾਲ ਉਨ੍ਹਾਂ ਨੂੰ ਭਾਰਤ ਦੇ ਯੁਵਕ ਮਾਮਲਿਆਂ ਤੇ ਖੇਡ ਵਿਭਾਗ ਨੇ ਮੁਲਕ ਦੇ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਕਾਰੀ ਪੁਰਸਕਾਰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ।
ਕੌਰ ਸਿੰਘ ਨੇ ਦੁਨੀਆਂ ਦੇ ਮੰਨੇ-ਪ੍ਰਮੰਨੇ ਮੁੱਕੇਬਾਜ਼ ਮੁਹੰਮਦ ਅਲੀ ਨਾਲ ਇੱਕ ਅਭਿਆਸ ਮੈਚ ਵੀ ਖੇਡਿਆ ਸੀ।

ਤਸਵੀਰ ਸਰੋਤ, Punjab Govt
ਪਦਮ ਸ਼੍ਰੀ ਤੇ ਅਰਜੁਨ ਐਵਾਰਡ ਨਾਲ ਸਨਮਾਨਿਤ
1982 ਵਿੱਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਪ੍ਰਾਪਤੀਆਂ ਨੂੰ ਦੇਖਦੇ ਹੋਏ ਕੌਰ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ।
ਉਸ ਤੋਂ ਬਾਅਦ ਉਨ੍ਹਾਂ ਨੂੰ ਪਦਮਸ਼੍ਰੀ ਵੀ ਮਿਲਿਆ। ਉਨ੍ਹਾਂ ਨੇ 1984 ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਸੀ।
ਉਨ੍ਹਾਂ ਓਲੰਪਿਕ ਵਿੱਚ ਦੋ ਬਾਊਟ ਜਿੱਤੇ ਪਰ ਤੀਜੇ ਵਿੱਚ ਹਾਰ ਗਏ ਸਨ।
ਜਿੱਥੇ ਹੋਈ ਇੱਕ ਘਟਨਾ ਨੇ ਉਨ੍ਹਾਂ ਦਾ ਮਨ ਖੱਟਾ ਕਰ ਦਿੱਤਾ ਤੇ ਉਨ੍ਹਾਂ ਨੇ ਮੁੱਕੇਬਾਜ਼ੀ ਛੱਡ ਦਿੱਤੀ।
ਕੌਮੀ ਪੱਧਰ ਦੇ ਮੁੱਕੇਬਾਜ਼ ਪਰ ਆਰਥਿਕ ਹਾਲਤ ਮਾੜੀ ਰਹੀ

ਤਸਵੀਰ ਸਰੋਤ, Charanjeev Kaushal/BBC
ਫ਼ੌਜ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਕੌਰ ਸਿੰਘ ਆਪਣੇ ਜੱਦੀ ਪਿੰਡ ਰਹਿਣ ਲੱਗੇ ਸਨ।
ਸੇਵਾ ਮੁਕਤੀ ਤੋਂ ਬਾਅਦ ਵੀ ਕੌਰ ਸਿੰਘ ਚਰਚਾ ਵਿੱਚ ਰਹੇ ਪਰ ਖੇਡਾਂ ਨਹੀਂ ਬਲਕਿ ਆਰਥਿਕ ਤੰਗੀ ਦੀਆਂ ਖ਼ਬਰਾਂ ਨਾਲ਼।
ਕੌਰ ਸਿੰਘ ਦਾ ਗਿਲਾ ਸੀ ਕਿ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਸਥਿਤੀ ਇਹ ਸੀ ਕਿ ਇੱਕ ਸਮਾਂ ਹਸਪਤਾਲ ਦਾ ਬਿੱਲ ਤਾਰਨ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਸਨ।
ਕੌਰ ਸਿੰਘ ਦੇ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਖ਼ੁਸ਼ ਹਨ ਕਿ ਉਨ੍ਹਾਂ ਦੇ ਪਤੀ ਦਾ ਨਾਮ ਦੁਨੀਆ ਵਿੱਚ ਪ੍ਰਸਿੱਧ ਹੈ ਪਰ ਵੱਖ-ਵੱਖ ਸਰਕਾਰਾਂ ਨੇ ਉਨ੍ਹਾਂ ਦੇ ਪਤੀ ਦੀ ਪ੍ਰਾਪਤੀਆਂ ਦਾ ਮੁੱਲ ਨਹੀਂ ਪਾਇਆ।
ਕੌਰ ਸਿੰਘ ਦੇ ਸੰਘਰਸ਼ ਉੱਤੇ ਫ਼ਿਲਮ
ਮੁੱਕੇਬਾਜ਼ ਕੌਰ ਸਿੰਘ ਦੇ ਜੀਵਨ ਉੱਤੇ ਪੰਜਾਬੀ ਦੀ ਇੱਕ ਫ਼ਿਲਮ ‘ਪਦਮ ਸ਼੍ਰੀ ਕੌਰ ਸਿੰਘ’ ਵੀ ਬਣੀ ਹੈ।
ਫ਼ਿਲਮ ਰਾਹੀਂ ‘ਪਦਮ ਸ਼੍ਰੀ’ ਅਤੇ ‘ਅਰਜੁਨ ਐਵਾਰਡ’ ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਮੁੱਕੇਬਾਜ਼ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ ’ਤੇ ਦਿਖਾਇਆ ਗਿਆ ਹੈ।
ਫ਼ਿਲਮ ਵਿੱਚ ਕੌਰ ਸਿੰਘ ਦਾ ਕਿਰਦਾਰ ਪੰਜਾਬੀ ਅਦਾਕਾਰ ਕਰਮ ਬਾਠ ਨੇ ਅਦਾ ਕੀਤਾ ਹੈ ਅਤੇ ਉਹ ਹੀ ਇਸ ਫ਼ਿਲਮ ਦੇ ਨਿਰਮਾਤਾ ਵੀ ਹਨ।

ਤਸਵੀਰ ਸਰੋਤ, Charanjeev Kaushal/BBC
ਕੌਰ ਸਿੰਘ ਦੀ ਜੀਵਨੀ ਸਕੂਲੀ ਸਿਲੇਬਸ ਵਿੱਚ ਸ਼ਾਮਲ
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਦੇ ਚਾਰ ਖਿਡਾਰੀਆਂ ਦੀ ਜੀਵਨੀ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤੀ ਹੈ। ਇਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਕੌਰ ਸਿੰਘ ਵੀ ਹਨ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ, ਪੰਜਾਬ ਦੇ ਚਾਰ ਮਹਾਨ ਖਿਡਾਰੀਆਂ ਦੀ ਸੰਖੇਪ ਜੀਵਨੀ ਸਰੀਰਕ ਸਿੱਖਿਆ ਵਿਸ਼ੇ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤੀ ਗਈ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰੀਰਕ ਵਿਸ਼ੇ ਦੀ ਨੌਵੀਂ ਕਿਤਾਬ ਦੀ ਪਾਠ-ਪੁਸਤਕ ਵਿੱਚ ਤਿੰਨ ਵਾਰ ਦੇ ਓਲੰਪਿਕਸ ਗੋਲਡ ਮੈਡਲ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਉਡਣੇ ਸਿੱਖ ਵਜੋਂ ਮਸ਼ਹੂਰ ਹੋਏ ਮਹਾਨ ਅਥਲੀਟ ਮਿਲਖਾ ਸਿੰਘ ਤੇ ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਦੀ ਜੀਵਨੀ ਸ਼ਾਮਲ ਕੀਤੀ ਗਈ ਹੈ।
ਇਸੇ ਤਰ੍ਹਾਂ, ਸਰੀਰਕ ਸਿੱਖਿਆ ਦੀ ਦਸਵੀਂ ਦੀ ਕਿਤਾਬ ਵਿੱਚ ਭਾਰਤ ਦੇ ਪਹਿਲੇ ਅਰਜਨ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਸ਼ਾਮਲ ਕੀਤੀ ਗਈ ਹੈ।














