You’re viewing a text-only version of this website that uses less data. View the main version of the website including all images and videos.
‘ਤੁਸੀਂ ਪੰਜਾਬ ਤੋਂ ਹੋ ਤੇ ਪੰਜਾਬੀ ਨਿਡਰ ਹੁੰਦੇ ਨੇ, ਜਾਓ ਵਿਰੋਧੀਆਂ ਨੂੰ ਡਰਾਓ ਤੇ ਆਨੰਦ ਮਾਣੋ’: ਆਈਪੀਐੱਲ ਦੇ ਪਹਿਲੇ ਮੈਚ ’ਚ ਰਿਕਾਰਡ ਬਣਾਉਣ ਵਾਲਾ ਅਸ਼ਵਨੀ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
"ਮੈਂ ਕਿਹਾ ਸੀ ਨਾ ਮੈਨੂੰ ਮੌਕਾ ਮਿਲਿਆ ਤਾਂ ਕੁਝ ਵੱਡਾ ਕਰਾਂਗਾ, ਦੇਖ ਮੈਂ ਕਰ ਦਿੱਤਾ।"
ਇਹ ਸ਼ਬਦ ਪੰਜਾਬ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਰਾਣਾ ਨੇ ਆਪਣੇ ਭਰਾ ਨੂੰ ਫੋਨ ਉੱਤੇ ਉਦੋਂ ਕਹੇ ਜਦੋਂ ਅਸ਼ਵਨੀ ਨੇ ਆਪਣੇ ਆਈਪੀਐੱਲ ਦੇ ਡੈਬਿਊ ਮੈਚ ਵਿੱਚ 4 ਵਿਕਟਾਂ ਹਾਸਲ ਕਰਕੇ ਕ੍ਰਿਕਟ ਦੀ ਦੁਨੀਆਂ ਵਿੱਚ ਆਪਣਾ ਨਾਮ ਚਮਕਾ ਦਿੱਤਾ।
ਅਸ਼ਵਨੀ ਕੁਮਾਰ ਮੁਹਾਲੀ ਦੇ ਝੰਜੇੜੀ ਪਿੰਡ ਦੇ ਰਹਿਣ ਵਾਲੇ ਹਨ। ਅਸ਼ਵਨੀ ਕੁਮਾਰ ਨੇ 31 ਮਾਰਚ 2025 ਨੂੰ ਮੁੰਬਈ ਇੰਡੀਅਨਜ਼ ਦੀ ਟੀਮ ਵੱਲੋਂ ਆਈਪੀਐੱਲ 'ਚ ਡੈਬਿਊ ਕੀਤਾ ਸੀ।
ਆਪਣੇ ਡੈਬਿਊ ਮੈਚ 'ਚ ਕੋਲਕਾਤਾ ਨਾਈਟ ਰਾਈਡਰ ਖ਼ਿਲਾਫ਼ ਖੇਡਦੇ ਹੋਏ ਉਨ੍ਹਾਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਅਸ਼ਵਨੀ ਨੇ ਆਪਣੇ ਡੈਬਿਊ ਮੈਚ 'ਚ ਪਹਿਲੀ ਹੀ ਗੇਂਦ 'ਤੇ ਅਜਿੰਕਿਆ ਰਹਾਣੇ ਨੂੰ ਆਊਟ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਰਿੰਕੂ ਸਿੰਘ, ਮਨੀਸ਼ ਪਾਂਡੇ ਤੇ ਆਂਦਰੇ ਰਸੇਲ ਨੂੰ ਵੀ ਆਊਟ ਕੀਤਾ।
ਉਹ ਆਈਪੀਐੱਲ ਦੇ ਇਤਿਹਾਸ ਵਿੱਚ ਆਪਣੇ ਪਹਿਲੇ ਮੈਚ ਵਿੱਚ ਚਾਰ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ।
ਅਸ਼ਵਨੀ ਕੁਮਾਰ ਆਈਪੀਐੱਲ ਦੇ ਪਿਛਲੇ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੇ ਨਾਲ ਸੀ ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਹੀਂ ਮਿਲੀ।
ਇਸ ਸਾਲ ਮੁੰਬਈ ਇੰਡੀਅਨਜ਼ ਨੇ ਉਹਨਾਂ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਸ 'ਤੇ ਖਰੀਦਿਆ ਸੀ। ਹਾਲਾਂਕਿ ਪਹਿਲੇ ਦੋ ਮੈਚਾਂ ਵਿੱਚ ਅਸ਼ਵਨੀ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ।
ਮੁਹਾਲੀ ਦੇ ਰਹਿਣ ਵਾਲੇ ਹਨ ਅਸ਼ਵਨੀ
ਅਸ਼ਵਨੀ ਕੁਮਾਰ ਰਾਣਾ ਦਾ ਜਨਮ 29 ਅਗਸਤ 2001 ਨੂੰ ਮੁਹਾਲੀ ਦੇ ਪਿੰਡ ਝੰਜੇੜੀ ਵਿੱਚ ਹੋਇਆ।
ਅਸ਼ਵਨੀ ਦੇ ਪਿਤਾ ਦਾ ਨਾਮ ਹਰਕੇਸ਼ ਕੁਮਾਰ ਰਾਣਾ ਹੈ ਅਤੇ ਮਾਤਾ ਦਾ ਨਾਮ ਮੀਨਾ ਰਾਣੀ ਹੈ। ਅਸ਼ਵਨੀ ਦੇ ਵੱਡੇ ਭਰਾ ਦਾ ਨਾਮ ਸ਼ਿਵ ਰਾਣਾ ਹੈ।
ਪਰਿਵਾਰ ਕੋਲ ਡੇਢ ਕਿੱਲਾ ਜ਼ਮੀਨ ਹੈ ਅਤੇ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਹਨ।
ਭਰਾ ਸ਼ਿਵ ਰਾਣਾ ਨੇ ਬੀਬੀਸੀ ਨੂੰ ਦੱਸਿਆ ਕਿ ਅਸ਼ਵਨੀ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ।
ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਬਾਹਰਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ।
ਭਰਾ ਸ਼ਿਵ ਰਾਣਾ ਨੇ ਦੱਸਿਆ ਕਿ ਬਚਪਨ ਵਿੱਚ ਉਹ ਅਤੇ ਅਸ਼ਵਨੀ ਇਕੱਠੇ ਕ੍ਰਿਕਟ ਖੇਡਦੇ ਸੀ।
ਉਨ੍ਹਾਂ ਨੇ ਕਿਹਾ, "ਪਰ ਸਮੇਂ ਦੇ ਨਾਲ ਮੈਂ ਕ੍ਰਿਕਟ ਖੇਡਣੀ ਛੱਡ ਦਿੱਤੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਕ੍ਰਿਕਟ ਨਾਲ ਰੋਜ਼ੀ ਰੋਟੀ ਕਮਾਉਣ ਦਾ ਸਾਧਨ ਨਹੀਂ ਬਣ ਸਕੇਗਾ। ਪਰ ਅਸ਼ਵਨੀ ਨੇ ਕ੍ਰਿਕਟ ਖੇਡਣਾ ਜਾਰੀ ਰੱਖਿਆ।"
ਕ੍ਰਿਕਟ ਲਈ ਸਕੂਲ ਤੋਂ ਮਾਰਦੇ ਸੀ ਬੰਕ
ਸ਼ਿਵ ਰਾਣਾ ਕਹਿੰਦੇ ਹਨ, "ਅਸ਼ਵਨੀ ਹਮੇਸ਼ਾ ਸਾਨੂੰ ਇਹੀ ਕਹਿੰਦਾ ਕਿ ਮੈਨੂੰ ਕਿਸੇ ਕ੍ਰਿਕਟ ਐਕਡਮੀ ਵਿੱਚ ਭੇਜ ਦੋ, ਮੈਂ ਕ੍ਰਿਕਟ ਦੀ ਟਰੇਨਿੰਗ ਲੈਣੀ ਹੈ। ਪਰ ਆਰਥਿਕ ਪੱਖੋਂ ਜ਼ਿਆਦਾ ਮਜਬੂਤ ਨਾ ਹੋਣ ਕਰਕੇ ਅਸੀਂ ਉਸ ਨੂੰ ਕਿਸੇ ਪ੍ਰਾਈਵੇਟ ਟਰੇਨਿੰਗ ਨਹੀਂ ਦਵਾ ਸਕੇ।"
ਉਹ ਅੱਗੇ ਦੱਸਦੇ ਹਨ, "ਫੇਰ ਹੌਲੀ-ਹੌਲੀ ਉਸ ਨੂੰ ਪੀਸੀਏ ਅਕੈਡਮੀ ਮੁਹਾਲੀ ਦਾਖਲ ਕਰਵਾਇਆ ਗਿਆ। ਜਿੱਥੇ ਉਹ ਰੋਜ਼ ਪਿੰਡ ਤੋਂ ਸਾਈਕਲ ਜਾਂ ਆਟੋ ਰਾਹੀਂ ਸਫ਼ਰ ਕਰਕੇ ਜਾਂਦਾ। ਮੀਂਹ ਹੋਵੇ, ਹਨ੍ਹੇਰੀ ਹੋਵੇ ਉਹ ਕਿਸੇ ਦਿਨ ਵੀ ਟਰੇਨਿੰਗ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ ਸੀ।"
ਸ਼ਿਵ ਕਹਿੰਦੇ ਹਨ, "ਅਸ਼ਵਨੀ ਦਾ ਧਿਆਨ ਪੜ੍ਹਾਈ ਵੱਲ ਘੱਟ ਹੀ ਸੀ, ਉਹ ਹਮੇਸ਼ਾ ਖੇਡਣ ਵੱਲ ਹੀ ਧਿਆਨ ਰੱਖਦਾ। ਉਹ ਕ੍ਰਿਕਟ ਖੇਡਣ ਪਿੱਛੇ ਏਨਾ ਪਾਗਲ ਸੀ ਕਿ ਉਹ ਆਪਣੇ ਸਕੂਲ ਤੋਂ ਬੰਕ ਮਾਰ ਕੇ ਭੱਜ ਆਉਂਦਾ ਸੀ ਅਤੇ ਕ੍ਰਿਕਟ ਦੀ ਪ੍ਰੈਕਟਿਸ ਲਈ ਜਾਂਦਾ ਸੀ।"
ਉਹ ਕਹਿੰਦੇ ਹਨ, "ਅਸ਼ਵਨੀ ਨੂੰ ਕ੍ਰਿਕਟ ਤੋਂ ਇਲਾਵਾ ਕਿਸੇ ਵੀ ਚੀਜ਼ ਦਾ ਸ਼ੌਂਕ ਨਹੀਂ ਸੀ। ਉਹ ਨਾ ਕਿਸੇ ਰਿਸ਼ਤੇਦਾਰੀ ਵਿੱਚ ਜਾਂਦਾ, ਨਾ ਹੀ ਕਿਸੇ ਵਿਆਹ ਦਾ ਹਿੱਸਾ ਬਣਦਾ ਸੀ। ਮੇਰੀ ਮਾਂ ਹਮੇਸ਼ਾ ਅਸ਼ਵਨੀ ਦੀ ਗੈਰ ਮੌਜੂਦਗੀ ਉੱਤੇ ਨਿਰਾਸ਼ ਹੁੰਦੀ। ਉਹ ਹਮੇਸ਼ਾ ਕਹਿੰਦੇ ਕਿ ਸਾਰਾ ਦਿਨ ਖੇਡਦਾ ਹੀ ਰਹਿੰਦਾ, ਕਿਸੇ ਵਿਆਹ ਕਿਸੇ ਸਮਾਗਮ ਦਾ ਹਿੱਸਾ ਨਹੀਂ ਬਣਦਾ। ਪਰ ਹੁਣ ਕੱਲ੍ਹ ਦੇ ਮੈਚ ਤੋਂ ਬਾਅਦ ਉਹ ਬਹੁਤ ਖੁਸ਼ ਹਨ।"
ਅਸ਼ਵਨੀ ਕੁਮਾਰ ਦਾ ਕ੍ਰਿਕਟ ਕਰੀਅਰ
ਅਸ਼ਵਨੀ ਕੁਮਾਰ 23 ਸਾਲ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ। ਅਸ਼ਵਨੀ ਕੁਮਾਰ ਨੇ ਘਰੇਲੂ ਸਰਕਟ 'ਤੇ ਸਿਰਫ਼ ਚਾਰ ਟੀ-20 ਮੈਚ ਖੇਡਣ ਤੋਂ ਬਾਅਦ 2025 ਦੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਲਈ ਆਪਣਾ ਆਈਪੀਐੱਲ ਡੈਬਿਊ ਕੀਤਾ।
ਅਸ਼ਵਨੀ ਕੁਮਾਰ ਰਾਣਾ ਆਈਪੀਐੱਲ ਡੈਬਿਊ ਵਿੱਚ ਚਾਰ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਬਣ ਗਏ ਹਨ ।
ਅਸ਼ਵਨੀ ਤੇਜ਼ ਯਾਰਕਰ ਗੇਂਦਬਾਜ਼ੀ ਕਰਦੇ ਹਨ, ਉਹ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਹਨ।
ਉਨ੍ਹਾਂ ਨੂੰ 2024 ਵਿੱਚ ਸ਼ੇਰ-ਏ-ਪੰਜਾਬ ਟੀ-20 ਮੁਕਾਬਲੇ ਵਿੱਚ ਆਪਣੀ ਡੈਥ ਗੇਂਦਬਾਜ਼ੀ ਲਈ ਦੇਖਿਆ ਗਿਆ ਸੀ ਅਤੇ ਆਈਪੀਐੱਲ ਮੈਗਾ ਨਿਲਾਮੀ ਵਿੱਚ 30 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ।
ਸੱਟ ਕਾਰਨ ਰਣਜੀ ਨਹੀਂ ਖੇਡ ਸਕੇ ਅਸ਼ਵਨੀ
ਬੀਬੀਸੀ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਕੁਮਾਰ ਦੇ ਭਰਾ ਸ਼ਿਵ ਰਾਣਾ ਨੇ ਕਿਹਾ, "ਅਸ਼ਵਨੀ 11-12 ਸਾਲ ਦੀ ਉਮਰ ਤੋਂ ਕ੍ਰਿਕਟ ਖੇਡ ਰਿਹਾ ਹੈ। ਪਹਿਲਾਂ ਪਿੰਡ ਦੇ ਮੁੰਡਿਆਂ ਅਤੇ ਸਕੂਲ ਵਿੱਚ ਕ੍ਰਿਕਟ ਖੇਡੀ ਫੇਰ ਪੀਸੀਏ ਅਕੈਡਮੀ ਵਿੱਚ ਕ੍ਰਿਕਟ ਖੇਡਦਾ ਰਿਹਾ।"
ਸਾਲ 2019 ਵਿੱਚ ਉਨ੍ਹਾਂ ਨੂੰ ਪੰਜਾਬ ਵੱਲੋਂ ਰਣਜੀ ਟਰਾਫੀ ਵਿੱਚ ਡੈਬਿਊ ਕਰਨ ਦਾ ਆਫਰ ਆਇਆ ਸੀ। ਅਸ਼ਵਨੀ ਬਹੁਤ ਖੁਸ਼ ਸੀ ਕਿ ਉਹ ਰਣਜੀ ਟਰਾਫੀ ਖੇਡੇਗਾ। ਪਰ ਪਹਿਲੇ ਮੈਚ ਦੌਰਾਨ ਹੀ ਅਚਾਨਕ ਅਸ਼ਵਨੀ ਨੂੰ ਕੂਹਣੀ ਦੀ ਸੱਟ ਕਾਰਨ ਬਹੁਤ ਦਰਦ ਹੋਇਆ। ਜਿਸ ਕਰਕੇ ਉਹ ਰਣਜੀ ਟਰਾਫੀ ਨਹੀਂ ਖੇਡ ਸਕਿਆ।"
"ਫੇਰ ਉਸਤੋਂ ਬਾਅਦ ਕੋਰੋਨਾ ਕਾਲ ਸ਼ੁਰੂ ਹੋ ਗਿਆ। ਉਸਦੀ ਸੱਟ ਦਾ ਦਰਦ ਲਗਾਤਾਰ ਵੱਧਦਾ ਗਿਆ। ਅਸੀਂ ਪੀਜੀਆਈ ਵੀ ਚੈੱਕ ਕਰਾਉਂਦੇ ਰਹੇ ਪਰ ਦਰਦ ਠੀਕ ਨਹੀਂ ਹੋ ਰਿਹਾ ਸੀ।
"ਇਸ ਦੌਰਾਨ ਵੀ ਅਸ਼ਵਨੀ ਕ੍ਰਿਕਟ ਵੱਲ ਹੀ ਧਿਆਨ ਰੱਖਦਾ। ਫੇਰ ਉਸਦੀ ਪ੍ਰੈਕਟਿਸ ਦੌਰਾਨ ਹੀ ਚੰਗੇ ਫਿਜ਼ੀਓਥੈਰੇਪਿਸਟ ਨਾਲ ਮੁਲਾਕਾਤ ਹੋਈ ਅਤੇ ਫਿਜ਼ੀਓਥੈਰੇਪੀ ਨਾਲ ਹੀ ਉਸ ਦਾ ਦਰਦ ਠੀਕ ਹੋ ਗਿਆ। ਹੁਣ ਉਸ ਨੂੰ ਪਰਮਾਤਮਾ ਦੀ ਕਿਰਪਾ ਨਾਲ ਬਿਨ੍ਹਾਂ ਕਿਸੇ ਗੰਭੀਰ ਇਲਾਜ ਦੇ ਕੂਹਣੀ ਦੀ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ।"
ਅਸ਼ਵਨੀ ਦੇ ਸੰਘਰਸ਼ ਬਾਰੇ ਦੱਸਦਿਆਂ ਸ਼ਿਵ ਕਹਿੰਦੇ ਹਨ, "ਅਸ਼ਵਨੀ ਦੀ ਕਿਸਮਤ ਇਸ ਤਰ੍ਹਾਂ ਦੀ ਸੀ ਕਿ ਜਦੋਂ ਵੀ ਉਸਨੂੰ ਕੋਈ ਵੱਡੀ ਆਫਰ ਆਈ ਤਾਂ ਉਸਦੇ ਸੱਟ ਲੱਗ ਗਈ। ਕੂਹਣੀ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਜਦੋਂ ਅਸ਼ਵਨੀ ਠੀਕ ਹੋਇਆ ਤਾਂ ਉਸਨੂੰ ਆਈਪੀਐੱਲ ਤੋਂ ਆਫ਼ਰ ਆਇਆ ਪਰ ਫੇਰ ਉਸਨੂੰ ਮੋਢੇ ਦੀ ਸੱਟ ਲੱਗ ਗਈ ਤਾਂ ਉਹ ਆਈਪੀਐੱਲ ਨਹੀਂ ਖੇਡ ਸਕਿਆ। ਛੇ ਮਹੀਨੇ ਉਸਨੂੰ ਮੋਢੇ ਦੀ ਸੱਟ ਨੇ ਕ੍ਰਿਕਟ ਨਹੀਂ ਖੇਡਣ ਦਿੱਤਾ।"
ਪਰਿਵਾਰ ਨੇ ਕੀਤਾ ਪੀਸੀਏ ਦਾ ਧੰਨਵਾਦ
ਅਸ਼ਵਨੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਵੁਕ ਹੁੰਦਿਆਂ ਪਰਿਵਾਰ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਐਕਡਮੀ ਦਾ ਖਾਸ ਧੰਨਵਾਦ ਕੀਤਾ।
ਉਨ੍ਹਾਂ ਦੇ ਭਰਾ ਕਹਿੰਦੇ ਹਨ, "ਅਸੀਂ ਅਸ਼ਵਨੀ ਨੂੰ ਹੁਣ ਤੱਕ ਸਿਰਫ਼ ਇੱਕ ਚਿੱਟੀ ਕਿੱਟ ਲੈ ਕੇ ਦਿੱਤੀ, ਉਸਤੋਂ ਬਾਅਦ ਪੀਸੀਏ ਨੇ ਹੀ ਉਸਦੀ ਟਰੇਨਿੰਗ ਦਾ ਸਾਰਾ ਧਿਆਨ ਰੱਖਿਆ। ਉਹ ਘਰੇਲੂ ਕ੍ਰਿਕਟ ਖੇਡ ਰਿਹਾ ਸੀ, ਉੱਥੋਂ ਜੋ ਇਨਾਮ ਮਿਲਦਾ ਉਸ ਦੇ ਪੈਸੇ ਨਾਲ ਕ੍ਰਿਕਟ ਦਾ ਸਮਾਨ ਲੈਂਦਾ। ਅਸ਼ਵਨੀ ਦੇ ਸੰਘਰਸ਼ ਵਿੱਚ ਪੀਸੀਏ ਦਾ ਯੋਗਦਾਨ ਬਹੁਤ ਅਹਿਮ ਹੈ। ਇੱਥੋਂ ਹੀ ਉਸ ਨੂੰ ਕੋਚ ਮਿਲਦੇ, ਹਰ ਕੋਚ ਉਸਨੂੰ ਬਹੁਤ ਚੰਗਾ ਪ੍ਰਦਰਸ਼ਨ ਕਰਨ ਲਈ ਮਜਬੂਤ ਬਣਾਉਂਦਾ ਗਿਆ।"
ਭਰਾ ਸ਼ਿਵ ਕਹਿੰਦੇ ਹਨ, "ਉਹ ਕਈ ਵਾਰ ਆਈਪੀਐਲ ਟੀਮਾਂ ਲਈ ਟਰਾਇਲਾਂ ਵਿੱਚ ਸ਼ਾਮਲ ਹੋਇਆ। ਉਹ ਹਮੇਸ਼ਾ ਜਸਪ੍ਰੀਤ ਬੁਮਰਾਹ ਅਤੇ ਮਿਸ਼ੇਲ ਸਟਾਰਕ ਵਾਂਗ ਬਣਨਾ ਚਾਹੁੰਦਾ ਸੀ। ਉਹ ਹਮੇਸ਼ਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਉਸਦੀ ਮਨਪਸੰਦ ਜਰਸੀ ਇੱਕ ਅਜਿਹੀ ਜਰਸੀ ਪਹਿਨਣੀ ਹੋਵੇਗੀ ਜਿਸ ਅਤੇ ਉਸ ਦਾ ਆਪਣਾ ਨਾਮ ਲਿਖਿਆ ਹੋਵੇ।"
ਆਰਥਿਕ ਤੰਗੀ ਤੋਂ ਗੁਜ਼ਰਿਆ ਪਰਿਵਾਰ
ਭਰਾ ਸ਼ਿਵ ਦੱਸਦੇ ਹਨ, "ਅਸ਼ਵਨੀ ਕੁਮਾਰ ਉਮਰ ਵਿੱਚ ਭਾਵੇਂ ਛੋਟਾ ਸੀ ਪਰ ਉਸਨੂੰ ਹਮੇਸ਼ਾ ਇਹ ਪਤਾ ਹੁੰਦਾ ਸੀ ਕਿ ਉਸ ਨੇ ਪੈਸੇ ਕਿੱਥੇ ਅਤੇ ਕਿਵੇਂ ਖਰਚ ਕਰਨੇ ਹਨ।"
"ਉਸ ਨੂੰ ਟਰੇਨਿੰਗ ਲਈ ਮੁਹਾਲੀ ਜਾਣ ਵਾਸਤੇ 30 ਰੁਪਏ ਹੀ ਮਿਲਦੇ ਸਨ। ਜਿਸਦੇ ਵਿਚੋਂ 20 ਕਿਰਾਏ ਦੇ ਅਤੇ 10 ਰੁਪਏ ਖਾਣ ਲਈ। ਪਰ ਉਹ ਕਿਰਾਏ ਦੇ ਪੈਸੇ ਬਚਾਉਣ ਲਈ ਕਈ ਵਾਰ ਕਿਸੇ ਤੋਂ ਲਿਫਟ ਲੈ ਲੈਂਦਾ ਜਾਂ ਕਈ ਵਾਰ ਤੁਰ ਕੇ ਹੀ ਮੁਹਾਲੀ ਪਹੁੰਚ ਜਾਂਦਾ।"
"ਉਸ ਨੇ ਕਦੇ ਆਪਣੀ ਖੇਡ ਲਈ ਲੋੜੀਂਦਾ ਮਹਿੰਗੇ ਬੂਟ ਜਾਂ ਕਿੱਟ ਖਰੀਦਣ ਲਈ ਘਰਦਿਆਂ ਨੂੰ ਤੰਗ ਨਹੀਂ ਕੀਤਾ।"
ਸ਼ਿਵ ਰਾਣਾ ਮੁਤਾਬਕ, "31 ਮਾਰਚ ਨੂੰ ਕੇਕੇਆਰ ਵਿਰੁੱਧ ਖੇਡਿਆ ਮੈਚ ਅਸ਼ਵਨੀ ਕੁਮਾਰ ਦੇ ਸਾਰੇ ਪਰਿਵਾਰ ਨੇ ਦੇਖਿਆ। ਜਦੋਂ ਉਸਨੇ ਪਹਿਲੀ ਬਾਲ ਉੱਤੇ ਹੀ ਵਿਕਟ ਲਈ ਤਾਂ ਅਸੀਂ ਸਾਰੇ ਬਹੁਤ ਖੁਸ਼ ਹੋਏ। ਇਹ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਮੰਮੀ ਡੈਡੀ ਭਾਵੁਕ ਸਨ। ਅੱਜ ਜਦੋਂ ਲੋਕ ਸਾਨੂੰ ਵਧਾਈਆਂ ਦੇ ਰਹੇ ਹਨ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।"
ਅਸ਼ਵਨੀ ਦੇ ਕੋਚ ਨੇ ਕੀ ਕਿਹਾ?
ਅਸ਼ਵਨੀ ਨੇ ਆਪਣੇ ਹੁਣ ਤੱਕ ਦੇ ਸਫ਼ਰ ਵਿੱਚ ਕਈ ਕੋਚਾਂ ਅਧੀਨ ਟਰੇਨਿੰਗ ਕੀਤੀ ਹੈ।
ਕੁਝ ਸਮੇਂ ਲਈ ਉਸਦੇ ਕੋਚ ਰਹੇ ਰਵੀ ਵਰਮਾ ਨੇ ਬੀਬੀਸੀ ਨੂੰ ਦੱਸਿਆ, "ਅਸ਼ਵਨੀ ਦੀ ਖੇਡ ਸ਼ੁਰੂਆਤ ਤੋਂ ਹੀ ਸ਼ਾਨਦਾਰ ਸੀ। ਉਹ ਕ੍ਰਿਕਟ ਨੂੰ ਇਸ ਤਰ੍ਹਾਂ ਖੇਡਦਾ ਹੈ ਜਿਵੇਂ ਕੋਈ ਮੰਦਰ ਜਾ ਰਿਹਾ ਹੋਵੇ। ਉਸਦੇ ਲਈ ਕ੍ਰਿਕਟ ਪੂਜਾ ਹੈ। ਅਸੀਂ ਬਸ ਉਸਨੂੰ ਚਮਕਾਉਣ ਦਾ ਕੰਮ ਕੀਤਾ ਹੈ।"
"ਕੱਲ ਉਸਦੇ ਪ੍ਰਦਰਸ਼ਨ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਜਾਣਦਾ ਸੀ ਕਿ ਮੈਨੂੰ ਇਹ ਮੌਕਾ ਵਾਰ-ਵਾਰ ਨਹੀਂ ਮਿਲੇਗਾ ਹੁਣ ਜਦੋਂ ਮੌਕਾ ਮਿਲਿਆ ਹੈ ਤਾਂ ਉਸਨੇ ਉਸ ਮੌਕੇ ਦਾ ਬਹੁਤ ਚੰਗੀ ਤਰ੍ਹਾਂ ਲਾਹਾ ਲਿਆ। ਹੁਣ ਉਸਦੇ ਡੈਬਿਊ ਨੂੰ ਹਰ ਕੋਈ ਯਾਦ ਰੱਖੇਗਾ।"
ਮੈਚ ਤੋਂ ਬਾਅਦ ਅਸ਼ਵਨੀ ਨੇ ਕੀ ਕਿਹਾ?
ਪਾਰੀ ਦੇ ਅੰਤ ਤੋਂ ਬਾਅਦ, ਕੁਮੈਂਟੇਟਰ ਨੇ ਅਸ਼ਵਨੀ ਨੂੰ ਪੁੱਛਿਆ ਕਿ ਮੈਚ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕੀ ਖਾਧਾ ਸੀ ਤਾਂ ਅਸ਼ਵਨੀ ਨੇ ਕਿਹਾ, "ਮੈਂ ਥੋੜ੍ਹਾ ਘਬਰਾ ਗਿਆ ਸੀ ਕਿਉਂਕਿ ਇਹ ਮੇਰਾ ਪਹਿਲਾ ਆਈਪੀਐੱਲ ਮੈਚ ਸੀ, ਇਸ ਲਈ ਮੈਨੂੰ ਭੁੱਖ ਨਹੀਂ ਸੀ ਅਤੇ ਮੈਂ ਸਿਰਫ਼ ਇੱਕ ਕੇਲਾ ਖਾ ਕੇ ਮੈਦਾਨ 'ਤੇ ਆ ਗਿਆ ਸੀ ।"
ਜਦੋਂ ਅਸ਼ਵਨੀ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਆਈਪੀਐੱਲ ਲਈ ਕੋਈ ਯੋਜਨਾ ਲੈ ਕੇ ਆਏ ਸੀ?
ਤਾਂ ਉਨ੍ਹਾਂ ਨੇ ਕਿਹਾ, "ਮੈਚ ਵਿੱਚ ਮੇਰੇ ਲਈ ਇੱਕ ਯੋਜਨਾ ਬਣਾਈ ਗਈ ਸੀ, ਪਰ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਇਹ ਪਹਿਲਾ ਮੈਚ ਹੈ, ਇਸ ਲਈ ਬਿਨਾਂ ਜ਼ਿਆਦਾ ਸੋਚੇ ਖੇਡ ਦਾ ਆਨੰਦ ਮਾਣੋ ਅਤੇ ਜਿਸ ਤਰ੍ਹਾਂ ਤੁਸੀਂ ਗੇਂਦਬਾਜ਼ੀ ਕਰਦੇ ਹੋ ਉਸੇ ਤਰ੍ਹਾਂ ਗੇਂਦਬਾਜ਼ੀ ਕਰੋ।"
ਅਸ਼ਵਨੀ ਨੇ ਆਈਪੀਐੱਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ "ਇਹ ਬਹੁਤ ਵਧੀਆ ਅਹਿਸਾਸ ਹੈ। ਮੈਂ ਨਹੀਂ ਸੋਚਿਆ ਸੀ ਕਿ ਮੈਂ ਇੰਨਾ ਵਧੀਆ ਪ੍ਰਦਰਸ਼ਨ ਕਰਾਂਗਾ। ਹਾਰਦਿਕ ਭਰਾ ਨੇ ਮੈਨੂੰ ਕਿਹਾ, 'ਤੁਸੀਂ ਪੰਜਾਬ ਤੋਂ ਹੋ ਅਤੇ ਪੰਜਾਬੀ ਨਿਡਰ ਹੁੰਦੇ ਹਨ, ਇਸ ਲਈ ਵਿਰੋਧੀਆਂ ਨੂੰ ਡਰਾਓ ਅਤੇ ਆਪਣੀ ਖੇਡ ਦਾ ਆਨੰਦ ਮਾਣੋ"
ਮੈਚ ਮਗਰੋਂ ਅਸ਼ਵਨੀ ਨੇ ਆਪਣੇ ਪਿੰਡ ਵਾਸੀਆਂ ਨੂੰ ਯਾਦ ਕਰਦਿਆਂ ਕਿਹਾ, "ਮੇਰੇ ਪਿੰਡ ਵਿੱਚ ਹਰ ਕੋਈ ਮੈਚ ਦੇਖ ਰਿਹਾ ਹੋਵੇਗਾ ਅਤੇ ਉਹ ਖੁਸ਼ ਹੋਣਗੇ, ਮੈਂ ਵੀ ਇਹ ਸੋਚ ਕੇ ਬਹੁਤ ਖੁਸ਼ ਹਾਂ।"
ਮੈਚ ਮਗਰੋਂ ਕਿਸ-ਕਿਸ ਨੇ ਕੀਤੀ ਅਸ਼ਵਨੀ ਦੀ ਤਾਰੀਫ਼
ਸਿਆਸਤਦਾਨ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ "ਆਈਪੀਐੱਲ ਨੇ ਅਸ਼ਵਨੀ ਨੂੰ ਰਾਤੋ-ਰਾਤ ਹੀਰੋ ਬਣਾ ਦਿੱਤਾ ਹੈ। ਇਸ ਮੈਚ ਤੋਂ ਬਾਅਦ, ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਅਸ਼ਵਨੀ ਨੂੰ ਨਾ ਜਾਣਦਾ ਹੋਵੇ।"
ਸਿੱਧੂ ਨੇ ਇਹ ਵੀ ਕਿਹਾ, "ਅਸ਼ਵਨੀ ਦਾ ਸਰੀਰ ਹਲਕਾ ਹੈ ਅਤੇ ਉਹ ਲੈਅ ਵਿੱਚ ਗੇਂਦਬਾਜ਼ੀ ਕਰਦਾ ਹੈ। ਉਸ ਦੀ ਗੇਂਦਬਾਜ਼ੀ ਦੇਖ ਕੇ ਮੈਨੂੰ ਵਸੀਮ ਅਕਰਮ ਦੀ ਗੇਂਦਬਾਜ਼ੀ ਦੀ ਯਾਦ ਆਉਂਦੀ ਹੈ, ਉਹ ਵੀ ਇਸੇ ਤਰ੍ਹਾਂ ਗੇਂਦਬਾਜ਼ੀ ਕਰਦੇ ਸਨ। ਪਰ ਇਸ ਤਰ੍ਹਾਂ ਦੀ ਗੇਂਦਬਾਜ਼ੀ ਲਈ, ਫਿਟਨੈਸ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੋਵੇਗੀ।"
ਕੁਮੈਂਟੇਟਰ ਆਕਾਸ਼ ਚੋਪੜਾ ਨੇ ਅਸ਼ਵਨੀ ਦੇ ਪ੍ਰਦਰਸ਼ਨ 'ਤੇ ਕਿਹਾ, "ਮੁੰਬਈ ਦੇ ਕਪਤਾਨ ਨੂੰ ਉਸਨੂੰ ਚੌਥਾ ਓਵਰ ਦੇਣਾ ਚਾਹੀਦਾ ਸੀ। ਜਿਸ ਤਰ੍ਹਾਂ ਉਹ ਗੇਂਦਬਾਜ਼ੀ ਕਰ ਰਿਹਾ ਸੀ, ਉਸ ਨਾਲ ਉਹ ਆਪਣੇ ਪਹਿਲੇ ਮੈਚ ਵਿੱਚ ਪੰਜ ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਸਕਦਾ ਸੀ।"
ਅਕਾਸ਼ ਚੋਪੜਾ ਨੇ ਅੱਗੇ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਰਸੇਲ ਦੀ ਵਿਕਟ ਲਈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਦਿਮਾਗ ਦੀ ਵੀ ਚੰਗੀ ਵਰਤੋਂ ਕਰਦੇ ਹਨ।
ਉਨ੍ਹਾਂ ਨੇ ਪਹਿਲੀਆਂ ਚਾਰ ਗੇਂਦਾਂ ਆਫ ਸਟੰਪ ਤੋਂ ਥੋੜ੍ਹੀਆਂ ਛੋਟੀਆਂ ਸੁੱਟੀਆਂ। ਪਰ ਅਗਲੀ ਗੇਂਦ ਸਟੰਪ ਲਾਈਨ 'ਤੇ ਥੋੜ੍ਹੀ ਤੇਜ਼ ਕੀਤੀ, ਜਿਸਨੇ ਰਸੇਲ ਨੂੰ ਹੈਰਾਨ ਕਰ ਦਿੱਤਾ ਅਤੇ ਉਹ ਆਊਟ ਹੋ ਗਏ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ