ਕੋਲੋਰੈਕਟਲ ਕੈਂਸਰ ਕੀ ਹੈ, ਜੋ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਵਧੇਰੇ ਪਾਇਆ ਜਾ ਰਿਹਾ ਹੈ

    • ਲੇਖਕ, ਐਂਡਰੇ ਬੈਰਨਾਥ
    • ਰੋਲ, ਬੀਬੀਸੀ ਪੱਤਰਕਾਰ

ਕੋਲੋਰੈਕਟਲ ਕੈਂਸਰ ਦੇ ਮਾਮਲੇ ਬੀਤੇ ਸਾਲਾਂ ਦੇ ਮੁਕਾਬਲਤਨ ਵੱਧ ਰਹੇ ਹਨ। ਕੁਝ ਮਾਹਰ ਇਸ ਨੂੰ ‘ਚਿੰਤਾਜਨਕ’ ਅਤੇ ‘ਪ੍ਰੇਸ਼ਾਨ ਕਰਨਾ ਵਾਲਾ’ ਦੱਸਦੇ ਹਨ ਤਾਂ ਕਈਆਂ ਦਾ ਕਹਿਣਾ ਹੈ ਕਿ ਇਹ ਇੱਕ ‘ਗੋਲਬਲ ਅਲਰਟ’ ਹੈ।

ਬੀਬੀਸੀ ਨੇ ਇਸ ਮਾਮਲੇ ’ਤੇ ਕਈ ਵਿਗਿਆਨੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੋਲੋਰੈਕਟਲ ਕੈਂਸਰ ਦੇ ਮਾਮਲਿਆਂ ਵਿੱਚ ਸੰਭਾਵਿਤ ਵਾਧੇ ਬਾਰੇ ਚੇਤਾਵਨੀ ਦਿੱਤੀ ਹੈ।

ਇਹ ਟਿਊਮਰ ਵੱਡੀ ਅੰਤੜੀ (ਕੋਲਨ) ਅਤੇ ਗੁਦਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦਾ ਮਰੀਜ਼ਾਂ ਦੀ ਸਿਹਤ ਅਤੇ ਜੀਵਨ ਦੀ ਗੁਣਵੱਤਾ 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ।

ਹਾਲ ਹੀ ਦੇ ਦਹਾਕਿਆਂ ਵਿੱਚ ਇਸ ਦੇ ਵਧੇ ਮਾਮਲਿਆਂ ਨੇ ਮਾਹਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਦੁਨੀਆਂ ਦੇ ਕੁਝ ਹਿੱਸਿਆਂ ਵਿੱਚ, ਵੱਡੀ ਉਮਰ ਦੇ ਲੋਕਾਂ ਵਿੱਚ ਕੋਲੋਰੈਕਟਲ ਕੈਂਸਰ ਦੇ ਮਾਮਲੇ ਮੁਕਾਬਲਤਨ ਸਥਿਰ ਰਹੇ ਹਨ। ਪਰ 50 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

ਬ੍ਰਾਜ਼ੀਲ ਦੇ ਇੱਕ ਓਨਕੋਲੋਜੀ ਕੇਅਰ ਨੈੱਟਵਰਕ ਓਨਕੋਲੋਜੀਆ ਡੀਓਰ ਦੇ ਪ੍ਰਧਾਨ ਅਤੇ ਕਲੀਨਿਕਲ ਓਨਕੋਲੋਜਿਸਟ ਪੌਲੋ ਹੋਫ ਕਹਿੰਦੇ ਹਨ, "ਜੇਕਰ ਤੁਸੀਂ ਮੌਜੂਦਾ ਅੰਕੜਿਆਂ ਦੀ ਤੁਲਨਾ 30 ਸਾਲ ਪਹਿਲਾਂ ਦੀ ਦਰ ਨਾਲ ਕਰਦੇ ਹੋ, ਤਾਂ ਕੁਝ ਅਧਿਐਨ ਨੌਜਵਾਨ ਮਰੀਜ਼ਾਂ ਵਿੱਚ ਕੋਲੋਰੈਕਟਲ ਕੈਂਸਰ ਦੀਆਂ ਘਟਨਾਵਾਂ ਵਿੱਚ 70 ਫ਼ੀਸਦ ਵਾਧੇ ਵੱਲ ਵੀ ਇਸ਼ਾਰਾ ਕਰਦੇ ਹਨ।"

ਇਨ੍ਹਾਂ ਅੰਕੜਿਆਂ ਨੇ ਪਹਿਲਾਂ ਹੀ ਜਨਤਕ ਸਿਹਤ ਨੀਤੀਆਂ ਵਿੱਚ ਕੁਝ ਬਦਲਾਅ ਲਿਆਉਣ ਲਈ ਪ੍ਰੇਰਿਤ ਕੀਤਾ ਹੈ।

ਅਮਰੀਕਾ ਇਸ ਵਰਤਾਰੇ ਦੀ ਪਛਾਣ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ। ਅਮਰੀਕਾ ਸਣੇ ਕੁਝ ਦੇਸ਼ਾਂ ਨੇ ਕੋਲੋਰੈਕਟਲ ਟਿਊਮਰਾਂ ਲਈ ਸ਼ੁਰੂਆਤੀ ਖੋਜ ਪ੍ਰੀਖਿਆਵਾਂ ਲਈ ਘੱਟੋ ਘੱਟ ਉਮਰ 50 ਤੋਂ 45 ਸਾਲ ਤੱਕ ਘਟਾ ਦਿੱਤੀ ਸੀ।

ਅੰਕੜੇ ਕੀ ਦੱਸਦੇ ਹਨ?

ਪੈਨ ਅਮੈਰੀਕਨ ਹੈਲਥ ਆਰਗੇਨਾਈਜ਼ੇਸ਼ਨ (ਪੀਏਐੱਚਓ) ਮੁਤਾਬਕ ਕੋਲੋਰੈਕਟਲ ਕੈਂਸਰ ਦੁਨੀਆਂ ਭਰ ਵਿੱਚ ਮਰਦਾਂ ਨੂੰ ਹੋਣ ਵਾਲਾ ਤੀਜਾ ਸਭ ਤੋਂ ਆਮ ਕੈਂਸਰ ਹੈ ਅਤੇ ਔਰਤਾਂ ਵਿੱਚ ਦੂਜਾ।

ਪੀਏਐੱਚਓ ਦੀ ‘ਅਮਰੀਕਾ ਵਿੱਚ ਕੋਲੋਰੈਕਟਲ ਕੈਂਸਰ ਸਕ੍ਰੀਨਿੰਗ’ ਟਾਈਟਲ ਹੇਠ ਛਪੀ ਰਿਪੋਰਟ ਮੁਤਾਬਕ ਅਮਰੀਕੀ ਮਹਾਂਦੀਪ ਵਿੱਚ ਇਹ ਚੌਥਾ ਸਭ ਤੋਂ ਆਮ ਕੈਂਸਰ ਹੈ, ਜਿੱਥੇ ਹਰ ਸਾਲ ਇਸਦੇ ਤਕਰੀਬਨ 246,000 ਨਵੇਂ ਮਾਮਲੇ ਆਉਂਦੇ ਹਨ ਅਤੇ ਇਸ ਨਾਲ ਹੋਣ ਵਾਲੀਆਂ ਲਗਭਗ 112,000 ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ।

ਅਧਿਐਨ ਦਰਸਾਉਂਦਾ ਹੈ ਕਿ ਹਾਲ ਹੀ ਦੇ ਦਹਾਕਿਆਂ ਵਿੱਚ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਵਿੱਚ ਕੋਲੋਰੈਕਟਲ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਰਿਪੋਰਟ ਮੁਤਾਬਕ ਇਸ ਦਾ ਕਾਰਨ ਵਧਦੀ ਔਸਤ ਉਮਰ, ਜੀਵਨਸ਼ੈਲੀ ’ਚ ਬਦਲਾਅ ਅਤੇ ਖੁਰਾਕ ਵਿੱਚ ਬਦਲਾਅ ਆਉਣਾ ਹੈ।

ਸੰਯੁਕਤ ਰਾਸ਼ਟਰ ਗਲੋਬਲ ਕੈਂਸਰ ਆਬਜ਼ਰਵੇਟਰੀ (ਗਲੋਬੋਕਨ) ਨੇ 9 ਲਾਤੀਨੀ ਅਮਰੀਕੀ ਦੇਸ਼ਾਂ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਕੋਸਟਾ ਰੀਕਾ, ਕਿਊਬਾ, ਇਕਵਾਡੋਰ, ਮੈਕਸੀਕੋ ਅਤੇ ਉਰੂਗਵੇ ਵਿੱਚ 1990 ਦੇ ਦਹਾਕੇ ਤੋਂ 50 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਵਿੱਚ ਕੋਲੋਰੈਕਟਲ ਕੈਂਸਰ ਦੀਆਂ ਘਟਨਾਵਾਂ ਅਤੇ ਮੌਤ ਦਰ ਵਿੱਚ ਵਾਧੇ ਦਾ ਪਤਾ ਲਗਾਇਆ ਹੈ।

ਡਾਕਟਰ ਮੌਰੀਸੀਓ ਮਾਜ਼ਾ, ਕੈਂਸਰ ਦੀ ਰੋਕਥਾਮ ਬਾਰੇ ਪੀਏਐੱਚਓ ਦੇ ਖੇਤਰੀ ਸਲਾਹਕਾਰ ਹਨ, ਉਨ੍ਹਾਂ ਨੇ ਦੱਸਿਆ,"ਅਸੀਂ ਛੂਤ ਦੀਆਂ ਬਿਮਾਰੀਆਂ ਦੇ ਯੁੱਗ ਤੋਂ ਗੰਭੀਰ ਬਿਮਾਰੀਆਂ ਦੇ ਸਮੇਂ ਤੱਕ ਚਲੇ ਗਏ ਹਾਂ ਅਤੇ ਇਸ ਦਾ ਵੱਡਾ ਕਾਰਨ ਲੋਕਾਂ ਦੀ ਜੀਵਨ ਸ਼ੈਲੀ ਹੈ।"

ਮਾਹਰ ਮੰਨਦੇ ਹਨ ਕਿ ‘ਮੋਟਾਪਾ, ਸਿਗਰਟਨੋਸ਼ੀ, ਸ਼ਰਾਬ ਪੀਣ ਅਤੇ ਖੁਰਾਕ ਵਿੱਚ ਬਹੁਤ ਬਦਲਾਅ ਆਏ ਹਨ’, ਜਿਨ੍ਹਾਂ ਕਾਰਨ ਇਸ ਕਿਸਮ ਦੇ ਕੈਂਸਰ ਦੇ ਮਾਮਲੇ ਵੱਧ ਰਹੇ ਹਨ।

ਪਿਛਲੇ ਸਾਲ, ਅਰਜਨਟੀਨਾ ਕਾਂਗਰਸ ਆਫ਼ ਗੈਸਟ੍ਰੋਐਂਟਰੌਲੋਜੀ ਅਤੇ ਡਾਈਜੈਸਟਿਵ ਐਂਡੋਸਕੋਪੀ ਵਿੱਚ ਪੇਸ਼ ਕੀਤੀ ਗਈ ਖੋਜ ਨੇ ਖੁਲਾਸਾ ਕੀਤਾ ਕਿ ਅਰਜਨਟੀਨਾ ਵਿੱਚ 20 ਤੋਂ 54 ਸਾਲ ਦੀ ਉਮਰ ਦੇ ਲੋਕਾਂ ਵਿੱਚ ਕੋਲੋਰੈਕਟਲ ਕੈਂਸਰ ਕਾਰਨ ਹੋਈਆਂ ਮੌਤਾਂ ਦੀ ਦਰ ਲਗਾਤਾਰ ਵਧੀ ਹੈ। ਇਹ ਵਾਧਾ 1997 ਅਤੇ 2020 ਦਰਮਿਆਨ 25 ਫ਼ੀਸਦ ਤੱਕ ਸੀ।

ਇਸ ਦੌਰਾਨ ਅਮਰੀਕਾ ਵਿੱਚ 2023 ਦੇ ਸ਼ੁਰੂ ਵਿੱਚ ਪ੍ਰਕਾਸ਼ਿਤ ਅਮੈਰੀਕਨ ਕੈਂਸਰ ਸੋਸਾਇਟੀ (ਏਸੀਐੱਸ) ਦੀ ਇੱਕ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ 2019 ਵਿੱਚ ਕੋਲੋਰੈਕਟਲ ਟਿਊਮਰ ਦੇ 20 ਫ਼ੀਸਦ ਮਾਮਲੇ 55 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਦੇ ਸਨ।

ਇਹ ਦਰ 1995 ਵਿੱਚ ਕੀਤੇ ਗਏ ਅਧਿਐਨ ਵਿੱਚ ਦੁੱਗਣੀ ਹੋ ਗਈ ਹੈ।

ਅਧਿਐਨਕਰਤਾ ਮੰਨਦੇ ਹਨ ਕਿ 50 ਸਾਲ ਤੋਂ ਘੱਟ ਉਮਰ ਦੇ ਇਸ ਬਿਮਾਰੀ ਦੇ ਪੀੜਤਾਂ ਦੇ ਹਰ ਸਾਲ ਤਕਰੀਬਨ 3 ਫ਼ੀਸਦ ਦੀ ਦਰ ਨਾਲ ਮਾਮਲੇ ਵੱਧ ਰਹੇ ਹਨ।

ਇਸ ਦੌਰਾਨ ਨੇਚਰ ਰਿਵਿਊਜ਼ ਕਲੀਨਿਕਲ ਓਨਕੋਲੋਜੀ ਜਰਨਲ ਵਿੱਚ 2022 ਵਿੱਚ ਪ੍ਰਕਾਸ਼ਿਤ ਇੱਕ ਗਲੋਬਲ ਅਧਿਐਨ ਜਿਸ ਵਿੱਚ 44 ਦੇਸ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ ਨੇ ਸੰਕੇਤ ਦਿੱਤਾ ਹੈ ਕਿ 1990 ਦੇ ਦਹਾਕੇ ਤੋਂ ਅਮਰੀਕਾ ਵਿੱਚ ਨੌਜਵਾਨ ਬਾਲਗਾਂ ਵਿੱਚ ਕੋਲੋਰੈਕਟਲ ਕੈਂਸਰ ਦੇ ਮਾਮਲਿਆਂ ਵਿੱਚ ਔਸਤ ਸਾਲਾਨਾ ਵਾਧਾ ਲਗਭਗ 2 ਫ਼ੀਸਦ ਸੀ।

ਪਰ ਹੁਣ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਾਪਾਨ ਅਤੇ ਯੂਨਾਈਟਿਡ ਕਿੰਗਡਮ ਵਿੱਚ ਇਹ ਪ੍ਰਤੀ ਸਾਲ 3 ਫੀਸਦ ਤੱਕ ਪਹੁੰਚ ਗਿਆ ਜਦੋਂ ਕਿ ਕੋਰੀਆ ਅਤੇ ਇਕਵਾਡੋਰ ਵਿੱਚ ਇਹ ਪ੍ਰਤੀ ਸਾਲ ਤਕਰੀਬਨ 5 ਫ਼ੀਸਦੀ ਸੀ।

ਇਸ ਵਰਤਾਰੇ ਦੇ ਕਾਰਨ ਕੀ ਹਨ?

ਸਾਓ ਪੌਲੋ ਵਿੱਚ ਐਸੀ ਕੈਮਾਰਗੋ ਕੈਂਸਰ ਸੈਂਟਰ ਵਿੱਚ ਕੋਲੋਰੈਕਟਲ ਟਿਊਮਰ ਰੈਫਰੈਂਸ ਸੈਂਟਰ ਦੇ ਆਗੂ ਸੈਮੂਅਲ ਐਗੁਆਰ ਜੂਨੀਅਰ ਕਹਿੰਦੇ ਹਨ ਕਿ ਬ੍ਰਾਜ਼ੀਲ ਦੇ ਅੰਕੜੇ ਉੱਥੇ ‘ਗਲੋਬਲ ਅਲਰਟ’ ਵੱਲ ਧਿਆਨ ਦਿਵਾਉਂਦੇ ਹਨ।

ਸੈਮੂਅਲ ਕਹਿੰਦੇ ਹਨ, "ਅਸੀਂ ਇਸ ਸੱਚਾਈ ਦਾ ਸਾਹਮਣਾ ਰੋਜ਼ ਹਕੀਕਤ ਵਿੱਚ ਕਰਦੇ ਹਾਂ ਅਤੇ ਇਹ ਚਿੰਤਾਜਨਕ ਹੈ।”

ਉਹ ਕਹਿੰਦੇ ਹਨ, “35 ਜਾਂ 40 ਸਾਲ ਦੀ ਉਮਰ ਦੇ ਨੌਜਵਾਨਾਂ ਦਾ ਟਿਊਮਰ ਦੀ ਜਾਂਚ ਕਰਵਾਉਣ ਆਉਣਾ ਆਮ ਗੱਲ ਹੋ ਗਈ ਹੈ।"

ਮਾਹਰ ਲੱਛਣਾਂ ਵੱਲ ਧਿਆਨ ਦੇਣ ਦੀ ਸਿਫ਼ਾਰਸ਼ ਕਰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀ ਉਮਰ ਦਾ ਖਿਆਲ ਕੀਤੇ ਬਿਨ੍ਹਾਂ ਜੇਕਰ ਅੰਤੜੀ ਵਿੱਚ ਕੋਈ ਦਿੱਕਤ ਮਹਿਸੂਸ ਕਰਦੇ ਹੋ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।

ਸੈਮੂਅਲ ਕਹਿੰਦੇ ਹਨ,"ਜੇ ਤੁਹਾਡੇ ਮਲ ਵਿੱਚ ਖੂਨ ਆਉਂਦਾ ਹੈ, ਤੁਹਾਡੀ ਅੰਤੜੀਆਂ ਦੀ ਤਾਲ ਵਿੱਚ ਕੋਈ ਤਬਦੀਲੀ ਹੈ, ਪੇਟ ਵਿੱਚ ਕੜਵੱਲ ਜਾਂ ਤੁਹਾਡੀ ਪਾਚਨ ਪ੍ਰਣਾਲੀ ਵਿੱਚ ਵਿਗਾੜ ਆਉਂਦਾ ਹੈ ਤਾਂ ਡਾਕਟਰ ਕੋਲ ਜਾਣਾ ਅਤੇ ਜਾਂਚ ਕਰਵਾਉਣਾ ਲਾਜ਼ਮੀ ਹੋ ਜਾਂਦਾ ਹੈ।"

"ਇਹ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਭਾਵੇਂ ਤੁਸੀਂ ਜਵਾਨ ਹੋਵੋ।"

ਬ੍ਰਾਜ਼ੀਲੀਅਨ ਸੁਸਾਇਟੀ ਆਫ਼ ਕਲੀਨਿਕਲ ਓਨਕੋਲੋਜੀ (ਐਸਬੀਓਸੀ) ਦੀ ਲੋਅਰ ਗੈਸਟ੍ਰੋਇੰਟੇਸਟਾਈਨਲ ਟਿਊਮਰ ਲਈ ਬਣੀ ਕਮੇਟੀ ਦਾ ਮੈਂਬਰ ਜੇਕੋਮ ਕਹਿੰਦੇ ਹਨ ਕਿ,“ਨੌਜਵਾਨਾਂ ਵਿੱਚ ਮਾਮਲਿਆਂ ਦੇ ਵਾਧਾ ਚਿੰਤਾਜਨਕ ਹੈ ਕਿਉਂਕਿ ਉਨ੍ਹਾਂ ਨੇ ਰੋਜ਼ਗਾਰ ਲਈ ਕੰਮ ਕਰਨਾ ਹੈ, ਵਿਆਹ ਕਰਵਾਉਣਾ ਹੈ ਤੇ ਕਈਆਂ ਦੇ ਬੱਚੇ ਪੈਦਾ ਕਰਨ ਦੀ ਉਮਰ ਹੈ।”

“ਦੂਜੇ ਸ਼ਬਦਾਂ ਵਿੱਚ ਨੌਜਵਾਨਾਂ ਦੇ ਸੁਪਨਿਆਂ ਦੀ ਇੱਕ ਲੜੀ ਹੈ ਜੋ ਅਜੇ ਤੱਕ ਸਾਕਾਰ ਨਹੀਂ ਹੋਈ ਹੈ।”

ਅਜਿਹੀ ਸਥਿਤੀ ਦਾ ਕਾਰਨ ਕੀ ਹੈ?

ਦੁਨੀਆ ਭਰ ਦੇ ਮਾਹਰਾਂ ਦਾ ਧਿਆਨ ਖਿੱਚਣ ਦੇ ਬਿੰਦੂ ਤੱਕ, ਨੌਜਵਾਨਾਂ ਵਿੱਚ ਕੋਲੋਰੈਕਟਲ ਟਿਊਮਰ ਇੰਨੇ ਜ਼ਿਆਦਾ ਕਿਉਂ ਵਧ ਰਹੇ ਹਨ?

ਮਾਹਰ ਪਾਉਲੋ ਹੌਫ ਕਹਿੰਦੇ ਹਨ, “ਕੁਝ ਪਰਿਕਲਪਨਾਵਾਂ ਅਤੇ ਸਿਧਾਂਤ ਹਨ, ਪਰ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਹੁਣ ਤੱਕ ਪੁਸ਼ਟੀ ਨਹੀਂ ਹੋਈ ਹੈ।

ਉਨ੍ਹਾਂ ਦਾ ਕਹਿਣਾ ਹੈ, "ਪੇਂਡੂ ਸੱਭਿਆਚਾਰ ਦੇ ਦੂਰ ਹੋਣ ਅਤੇ ਸ਼ਹਿਰੀਕਰਨ ਦੇ ਪਰਸਾਰ ਨੇ ਹਾਲ ਹੀ ਦੇ ਦਹਾਕਿਆਂ ਵਿੱਚ ਸਾਡੇ ਰਹਿਣ ਵਿੱਚ ਨਾਟਕੀ ਤਬਦੀਲੀਂ ਲਿਆਂਦੀ ਹੈ।"

"ਇਸ ਨੇ ਜੀਵਨ ਦੇ ਕਈ ਪਹਿਲੂਆਂ ਨੂੰ ਬਦਲ ਦਿੱਤਾ ਹੈ, ਪ੍ਰੋਸੈਸਡ ਉਤਪਾਦਾਂ 'ਤੇ ਅਧਾਰਤ ਖੁਰਾਕ ਵਧੀ ਹੈ, ਕੁਦਰਤੀ ਭੋਜਨਾਂ ਦਾ ਸੇਵਨ ਘਟਿਆ ਹੈ। ਲੋਕਾਂ ਤੁਰਨ-ਫ਼ਿਰਨ ਦੀ ਬਜਾਇ ਉਨ੍ਹਾਂ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਜਿਨ੍ਹਾਂ ਵਿੱਚ ਲੰਬਾ ਸਮਾਂ ਬੈਠਣਾ ਪਵੇ।"

ਜੀਵਨਸ਼ੈਲੀ ਦੇ ਬਦਲਾਅ ਤੋਂ ਇਲਾਵਾ ਹੋਰ ਵੀ ਕੁਝ ਪੱਖ ਹਨ ਜੋ ਖੋਜਕਰਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।

ਜੇਕੋਮ ਕਹਿੰਦੇ ਹਨ,"ਅਸੀਂ ਕੁਝ ਹੋਰ ਅਭਿਆਸਾਂ ਦੇ ਪ੍ਰਭਾਵ ਨੂੰ ਵੀ ਰੱਦ ਨਹੀਂ ਕਰ ਸਕਦੇ, ਜਿਵੇਂ ਕਿ ਐਂਟੀਬਾਇਓਟਿਕਸ ਦੀ ਅੰਨ੍ਹੇਵਾਹ ਵਰਤੋਂ ਫ਼ਿਰ ਚਾਹੇ ਉਹ ਇਨਸਾਨਾਂ ਦਾ ਇਲਾਜ ਹੋਵੇ ਤਾਂ ਪਸ਼ੂਆਂ ਪੰਛੀਆਂ ਦਾ।"

ਬਿਹਤਰ ਇਲਾਜ ਸੰਭਵ

ਇਸ ਤਰ੍ਹਾਂ ਦਾ ਟਿਊਮਰ ਹੋ ਜਾਣ ਉੱਤੇ ਦੋ ਮੁੱਖ ਟੈਸਟ ਹਨ ਜੋ ਕਰਵਾਉਣ ਦੀ ਡਾਕਟਰ ਸਲਾਹ ਦਿੰਦੇ ਹਨ,“ਫੇਕਲ ਓਕਲਟ ਬਲੱਡ ਟੈਸਟ ਅਤੇ ਕੋਲੋਨੋਸਕੋਪੀ।

ਪਹਿਲਾ ਟੈਸਟ ਦੱਸਦਾ ਹੈ ਕਿ ਕੀ ਕਿਸੇ ਵਿਅਕਤੀ ਦੇ ਮੱਲ ਵਿੱਚ ਖੂਨ ਆਉਂਦਾ ਹੈ ਜਾਂ ਨਹੀਂ।

ਹਾਲਾਂਕਿ ਲਾਲ ਤਰਲ ਦੀ ਮੌਜੂਦਗੀ ਕੈਂਸਰ ਦਾ ਸਿੱਧਾ ਸੰਕੇਤ ਨਹੀਂ ਹੈ, ਪਰ ਇਹ ਇੱਕ ਸਧਾਰਨ ਅਲਸਰ ਦਾ ਸੰਕੇਤ ਹੋ ਸਕਦਾ ਹੈ ਜੋ ਕਿ ਹੋਰ ਟੈਸਟ ਕਰਵਾਉਣ ਦੀ ਲੋੜ ਦਾ ਸੁਝਾਅ ਦਿੰਦਾ ਹੈ।

ਦੂਜੇ ਪਾਸੇ ਕੋਲੋਨੋਸਕੋਪੀ ਵਿੱਚ ਗੁਦਾ ਰਾਹੀਂ ਇੱਕ ਕੈਮਰੇ ਨਾਲ ਇੱਕ ਕੈਨੁਲਾ ਪਾਇਆ ਜਾਂਦਾ ਹੈ, ਜਿਸ ਨਾਲ ਮਾਹਰ ਅੰਤੜੀ ਦੇ ਅੰਦਰਲੇ ਹਿੱਸੇ ਨੂੰ ਦੇਖ ਸਕਦੇ ਹਨ ਅਤੇ ਪਤਾ ਲਗਾ ਸਕਦੇ ਹਨ ਕਿ ਉਸ ਵਿੱਚ ਕੋਈ ਖ਼ਰਾਬੀ ਹੈ ਜਾਂ ਨਹੀਂ।

ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਜ਼ਖਮਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਜੋ ਭਵਿੱਖ ਵਿੱਚ ਕੈਂਸਰ ਬਣ ਸਕਦੇ ਹਨ।

ਜੇਕੋਮ ਕਹਿੰਦੇ ਹਨ, “ਕੋਲੋਨੋਸਕੋਪੀ ਸਭ ਤੋਂ ਵਧੀਆ ਟੈਸਟ ਹੈ ਕਿਉਂਕਿ ਇਹ ਵਧੇਰੇ ਸੰਵੇਦਨਸ਼ੀਲਤਾ ਨਾਲ ਜਾਂਚ ਕਰਦਾ ਹੈ ਯਾਨੀ ਜ਼ਖਮਾਂ ਦਾ ਸਹੀ ਪਤਾ ਲਗਾਉਣ ਦੀ ਵੱਧ ਸਮਰੱਥਾ ਰੱਖਦਾ ਹੈ।”

"ਇਸ ਤੋਂ ਇਲਾਵਾ, ਇਹ ਇਨ੍ਹਾਂ ਵਿੱਚੋਂ ਕੁਝ ਜਖ਼ਮਾਂ ਨੂੰ ਤੁਰੰਤ ਖ਼ਤਮ ਕਰਨ ਦੇ ਸਮਰੱਥ ਹੈ।"

ਪਰ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਟੈਸਟ ਨੂੰ ਹਰ ਇੱਕ ਮਰੀਜ਼ ਲਈ ਮੁਹੱਈਆ ਕਰਵਾਉਣ ਲਈ ਲੋੜੀਂਦੇ ਸਾਧਨਾਂ ਦੀ ਕਮੀ ਹੈ।

ਇਸ ਤੋਂ ਇਲਾਵਾ, ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਸ ਟੈਸਟ ਲਈ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾਵੇ ਕਿਉਂਕਿ ਵਿਅਕਤੀ ਕੁਝ ਘੰਟਿਆਂ ਲਈ ਬੇਹੋਸ਼ ਰਹਿੰਦਾ ਹੈ।

ਹੋਫ਼ ਦਲੀਲ ਦਿੰਦੇ ਹਨ, "ਦੁਨੀਆਂ ਦੇ ਕਿਸੇ ਵੀ ਦੇਸ਼ ਲਈ ਕੋਲੋਰੈਕਟਲ ਕੈਂਸਰ ਸਕ੍ਰੀਨਿੰਗ ਲਈ ਕੋਲੋਨੋਸਕੋਪੀ ਕਰਵਾਉਣਾ ਤਕਰੀਬਨ ਅਸੰਭਵ ਹੈ।”

ਓਨਕੋਲੋਜਿਸਟ ਕਹਿੰਦੇ ਹੈ, "ਫੇਕਲ ਟੈਸਟ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਹ ਬਹੁਤ ਸਸਤੀ ਹੈ ਅਤੇ ਕਰਨਾ ਆਸਾਨ ਵੀ ਹੈ। ਜੇਕਰ ਸਾਲ ਵਿੱਚ ਇੱਕ ਵਾਰ ਕੀਤਾ ਜਾਂਦਾ ਹੈ ਤਾਂ ਇਹ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਾਇਆ ਜਾ ਸਕਦਾ ਹੈ।"

ਅਸਲ ਵਿੱਚ 20 ਫ਼ੀਸਦੀ ਤੋਂ ਘੱਟ ਆਬਾਦੀ ਹੈ ਜਿਹੜੀ ਇਹ ਟੈਸਟ ਨਿਯਮਿਤ ਤੌਰ ’ਤੇ ਕਰਵਾਉਂਦੀ ਹੈ।

ਨਤੀਜੇ ਠੀਕ ਨਿਕਲਣ ਦੀ ਸੂਰਤ ਵਿੱਚ ਇਹ ਟੈਸਟ ਸਾਲ ਬਾਅਦ ਮੁੜ ਕਰਵਾਏ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਜਿਨ੍ਹਾਂ ਲੋਕਾਂ ਦੇ ਮਲ ਵਿੱਚ ਖ਼ੂਨ ਆਵੇ, ਉਨ੍ਹਾਂ ਨੂੰ ਅਗਲੇ ਇਲਾਜ ਅਤੇ ਹੋਰ ਟੈਸਟਾਂ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਇਹ ਸਮਝਣ ਦੀ ਲੋੜ ਹੈ ਕਿ ਮਲ ਵਿੱਚ ਖ਼ੂਨ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਕੈਂਸਰ ਹੋਵੇਗਾ ਇਹ ਮਹਿਜ਼ 5 ਫ਼ੀਸਦ ਮਾਮਲਿਆਂ ਵਿੱਚ ਅਜਿਹਾ ਹੁੰਦਾ ਹੈ।

ਮਾਹਰਾਂ ਮੁਤਾਬਕ ਇਹ ਮਹਿਜ਼ ਟੈਸਟ ਦਾ ਢੰਗ ਹੈ।

ਆਸ ਦੀ ਕਿਰਨ

ਨੌਜਵਾਨਾਂ ਵਿੱਚ ਵੱਧ ਰਹੇ ਕੇਸਾਂ ਬਾਰੇ ਚਿੰਤਾਵਾਂ ਦੇ ਬਾਵਜੂਦ ਚੰਗੀ ਖ਼ਬਰ ਇਹ ਹੈ ਕਿ ਕੋਲੋਰੈਕਟਲ ਕੈਂਸਰ ਦੇ ਪੂਰਵ-ਅਨੁਮਾਨ ਵਿੱਚ ਸੁਧਾਰ ਹੋਇਆ ਹੈ।

ਇਹ ਸਰਜੀਕਲ ਤਕਨੀਕਾਂ ਵਿੱਚ ਤਰੱਕੀ ਦੇ ਕਾਰਨ ਹੀ ਸੰਭਵ ਹੋਇਆ, ਜੋ ਸ਼ੁਰੂਆਤੀ ਮਾਮਲਿਆਂ ਵਿੱਚ ਹੀ ਇਲਾਜ ਕੀਤੇ ਜਾਣ ਦੇ ਕਾਬਲ ਹਨ।

ਕਈ ਮਾਮਲਿਆਂ ਵਿੱਚ ਦਵਾਈਆਂ ਨਾਲ ਇਲਾਜ ਸੰਭਵ ਹੈ ਤਾਂ ਕਈਆਂ ਵਿੱਚ ਕੀਮੋਥੈਰੇਪੀ ਅਤੇ ਇਮਯੂਨੋਥੈਰੇਪੀ ਕਾਰਗਰ ਸਾਬਤ ਹੁੰਦੇ ਹਨ।

ਹੋਫ ਕਹਿੰਦੇ ਹਨ,"ਜੇ ਇਸ ਟਿਊਮਰ ਦਾ ਸਮੇਂ ਸਿਰ ਪਤਾ ਲਗਾਇਆ ਜਾਵੇ ਤਾਂ ਇਲਾਜ ਦੀ ਸੰਭਾਵਨਾ 95 ਫ਼ੀਸਦ ਤੋਂ ਵੱਧ ਹੁੰਦੀ ਹੈ।"

ਵਧੇਰੇ ਗੰਭੀਰ ਮਾਮਲਿਆਂ ਵਿੱਚ, ਜਿੱਥੇ ਬਿਮਾਰੀ ਪਹਿਲਾਂ ਹੀ ਮੈਟਾਸਟੈਸਿਸ ਵਜੋਂ ਜਾਣੀ ਜਾਂਦੀ ਹੈ ਯਾਨੀ ਬਿਮਾਰੀ ਸਰੀਰ ਦੇ ਹੋਰ ਹਿੱਸਿਆਂ ਤੱਕ ਫ਼ੈਲ ਜਾਂਦੀ ਹੈ ਵਿੱਚ ਇਲਾਜ ਔਖਾ ਹੁੰਦਾ ਹੈ ਅਤੇ ਸਫਲਤਾ ਦੀ ਦਰ ਵੀ ਘੱਟ ਜਾਂਦੀ ਹੈ।

ਹੋਫ ਕਹਿੰਦੇ ਹਨ, "ਇਲਾਜ ਲੱਭਣਾ ਸੰਭਵ ਨਾ ਹੋਣ 'ਤੇ ਵੀ ਇਸ ਟਿਊਮਰ ਵਾਲੇ ਮਰੀਜ਼ਾਂ ਦੀ ਜ਼ਿੰਦਾ ਰਹਿਣ ਦੀ ਸੰਭਾਵਨਾ 20 ਸਾਲ ਪਹਿਲਾਂ ਨਾਲੋਂ ਤਿੰਨ ਤੋਂ ਚਾਰ ਗੁਣਾ ਵੱਧ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)