ਕੀ ਬਲੱਡ ਪ੍ਰੈਸ਼ਰ ਨੂੰ ਹਲਕੇ ਵਿੱਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ, ਬੀਪੀ ਸਬੰਧੀ ਅਹਿਮ ਸਵਾਲਾਂ ਦੇ ਜਵਾਬ

ਆਮ ਤੌਰ ਉੱਤੇ ਹਾਈ ਬਲੱਡ ਪ੍ਰੈਸ਼ਰ ਨੂੰ ਗੰਭੀਰ ਬਿਮਾਰੀ ਨਹੀਂ ਸਮਝਿਆ ਜਾਂਦਾ ਪਰ ਡਾਕਟਰਾਂ ਵੱਲੋਂ ਲਗਾਤਾਰ ਇਸ ਗੱਲ ਦੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਸਰੀਰ ਨੂੰ ਕਈ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇੰਡੀਅਨ ਇੰਸਟੀਟਿਊਟ ਆਫ ਮੈਡੀਕਲ ਰਿਸਰਚ ਵੱਲੋਂ ਵੱਧ ਬੀਪੀ ਬਾਰੇ ਹਾਲ ਹੀ ਵਿੱਚ ਕੀਤੇ ਗਏ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਹਾਈ ਬਲੱਡ ਪ੍ਰੈਸ਼ਰ ਦੀ ਦਿੱਕਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।

ਇਹ ਅਧਿਐਨ ਇੰਟਰਨੈਸ਼ਨਲ ਜਰਨਲ ਆਫ ਪਬਲਿਕ ਹੈਲਥ ਵਿੱਚ ਛਪਿਆ ਸੀ।

ਅੰਕੜਿਆਂ ਦੇ ਮੁਤਾਬਕ 18 ਤੋਂ 54 ਸਾਲ ਦੀ ਉਮਰ ਵਾਲੀ 30 ਫ਼ੀਸਦ ਭਾਰਤੀ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਨਹੀਂ ਕਰਦੇ। ਇਸ ਦਾ ਅਰਥ ਹੈ ਕਿ 10 ਵਿੱਚੋਂ 3 ਜਣੇ ਇਸ ਉੱਤੇ ਬਹੁਤ ਗੌਰ ਨਹੀਂ ਕਰਦੇ।

ਦੱਖਣ ਭਾਰਤੀ ਸੂਬਿਆਂ ਵਿੱਚ 76 ਫ਼ੀਸਦ ਦੇ ਕਰੀਬ ਲੋਕ ਹੀ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਨ ਜਦਨਿ ਉੱਤਰ ਭਾਰਤ ਵਿੱਚ ਇਹ ਫ਼ੀਸਦ 70 ਹੈ।

ਡਾਕਟਰਾਂ ਮੁਤਾਬਕ ਜੇਕਰ ਬੀਪੀ ਦੀ ਜਾਂਚ ਨਿਯਮਤ ਤੌਰ ਉੱਤੇ ਨਾ ਕੀਤੀ ਜਾਵੇ ਤਾਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਹ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਸ ਕਰਕੇ ਦਿਲ ਦਾ ਰੋਗ ਹੋ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।

ਡਾਕਟਰ ਵੀ ਇਹ ਕਹਿੰਦੇ ਹਨ ਕਿ ਜੇਕਰ ਬਲੱਡ ਪ੍ਰੈਸ਼ਰ ਨੂੰ ਨਿਯਮਤ ਤੌਰ ਉੱਤੇ ਚੈੱਕ ਕੀਤਾ ਜਾਵੇ ਅਤੇ ਜੀਵਨ ਜਾਂਚ ਵਿੱਚ ਲੋੜ ਮੁਤਾਬਕ ਬਦਲਾਅ ਕੀਤੇ ਜਾਣ ਤਾਂ ਇਸ ਦਾ ਖ਼ਤਰਾ ਘੱਟ ਜਾਂਦਾ ਹੈ।

ਪਹਿਲਾਂ ਬਲੱਡ ਪ੍ਰੈਸ਼ਰ ਦੀ ਦਿੱਕਤ 50 ਤੋਂ 60 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦੀ ਸੀ। ਪਰ ਹੁਣ ਬੱਚਿਆਂ ਨੂੰ ਵੀ ਇਹ ਦਿੱਕਤ ਆ ਰਹੀ ਹੈ। ਮੋਟਾਪਾ ਬੀਪੀ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਹੈ। ਤਣਾਅ, ਨੀਂਦ ਦੀ ਘਾਟ, ਵੱਧ ਲੂਣ ਅਤੇ ਫੈਟ ਵਾਲਾ ਖਾਣਾ ਖਾਣਾ ਵੀ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ।

ਸਟੈਨਲੀ ਸਰਕਾਰੀ ਮੈਡੀਕਲ ਕਾਲਜ ਚੇਨਈ ਦੇ ਮੁਖੀ ਚੰਦਰਸ਼ੇਖਰ ਕਹਿੰਦੇ ਹਨ, ਤਣਾਅ ਲੋਕਾਂ ਦੀ ਸਿਹਤ ਉੱਤੇ ਡਾਇਬਟੀਜ਼ ਤੋਂ ਵੀ ਵੱਧ ਅਸਰ ਪਾਉਂਦਾ ਹੈ।

ਚੰਦਰਸ਼ੇਖਰ ਇਹ ਸਲਾਹ ਦਿੰਦੇ ਹਨ ਕਿ ਬੀਪੀ ਨਿਯਮਤ ਤੌਰ ਉੱਤੇ ਚੈੱਕ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਟੈਸਟ ਵਿੱਚ ਬੀਪੀ ਘੱਟ ਆਉਂਦਾ ਹੈ ਤਾਂ ਦਵਾਈ ਦਾ ਡੋਜ਼ ਘਟਾ ਦੇਣਾ ਚਾਹੀਦਾ ਹੈ।

ਉਹ ਕਹਿੰਦੇ ਹਨ, ਕਈ ਘੱਟ ਪੜ੍ਹੇ ਲਿਖੇ ਅਤੇ ਆਰਥਿਕ ਤੌਰ ਉੱਤੇ ਅਸਮਰੱਥ ਲੋਕਾਂ ਨੂੰ ਬੀਪੀ ਦੀ ਦਵਾਈ ਨਿਯਮਤ ਤੌਰ ਉੱਤੇ ਲੈਣ ਬਾਰੇ ਜਾਣਕਾਰੀ ਨਹੀਂ ਹੁੰਦੀ, ਇੱਥੋਂ ਤੱਕ ਮੱਧ ਵਰਗੀ ਪਰਿਵਾਰਾਂ ਦੇ ਲੋਕ ਜਿਹੜੇ ਬੀਪੀ ਦੀ ਦਵਾਈ ਲੈਂਦੇ ਹਨ ਇਸ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਹਨ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਬੂ ਵਿੱਚ ਹੈ ਜਾਂ ਨਹੀਂ ।

ਉਨ੍ਹਾਂ ਨੇ ਬੀਪੀ ਸਬੰਧੀ ਕਈ ਸਵਾਲਾਂ ਦੇ ਜਵਾਬ ਦਿੱਤੇ।

ਫ਼ਿਕਰ ਕਰਨ ਦੀ ਲੋੜ ਕਦੋਂ

ਇੱਕ ਸਿਹਤਮੰਦ ਇਨਸਾਨ ਦਾ ਬਲੱਡ ਪ੍ਰੈਸ਼ਰ 120 ਤੋਂ 80 ਐੱਮਐੱਮ ਐੱਚਜੀ ਦੇ ਵਿਚਾਲੇ ਰਹਿੰਦਾ ਹੈ।

ਜੇਕਰ ਬਲੱਡ ਪ੍ਰੈਸ਼ਰ 140/90 ਤੱਕ ਪਹੁੰਚੇ ਤਾਂ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਬਲੱਡ ਪ੍ਰੈਸ਼ਰ ਦੀ ਦਿੱਕਤ ਸਮੇਂ ਕਿਹੋ ਜਿਹੀ ਖ਼ਰਾਕ ਲੈਣੀ ਚਾਹੀਦੀ ਹੈ?

ਇਸ ਸਮੇਂ ਇਹ ਬੇਹੱਦ ਜ਼ਰੂਰੀ ਹੁੰਦਾ ਹੈ ਕਿ ਕਿਹੋ ਜਿਹੀਆਂ ਕਸਰਤਾਂ ਕਰਨ ਦੀ ਲੋੜ ਹੈ।

ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਡਾਕਟਰ ਵੱਲੋਂ ਦੱਸੀ ਗਈ ਮਾਤਰਾ ਮੁਤਾਬਕ ਹੀ ਦਵਾਈ ਦੀ ਡੋਜ਼ ਲੈਣੀ ਚਾਹੀਦੀ ਹੈ।

ਬੀਪੀ ਦਾ ਇਲਾਜ ਘਰ ਵਿੱਚ ਹੀ ਕਿਵੇਂ ਕੀਤਾ ਜਾ ਸਕਦਾ ਹੈ

ਪਹਿਲਾਂ ਡਾਕਟਰ ਪਾਰੇ ਵਾਲੇ ਯੰਤਰਾਂ ਦੀ ਵਰਤੋਂ ਬੀਪੀ ਦੇ ਟੈੱਸਟ ਲਈ ਕਰਿਆ ਕਰਦੇ ਸਨ।

ਪਰ ਹੁਣ ਬਿਜਲਈ ਯੰਤਰਾਂ ਦੀ ਵਰਤੋਂ ਬੀਪੀ ਟੈਸਟ ਲਈ ਕੀਤੀ ਜਾਂਦੀ ਹੈ।

ਇੱਕ ਚੰਗਾ ਬੀਪੀ ਦੀ ਜਾਂਚ ਕਰਨ ਵਾਲਾ ਯੰਤਰ 2.5 ਤੋਂ ਤਿੰਨ ਹਜ਼ਾਰ ਰੁਪਏ ਵਿੱਚ ਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਇਸ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਡਾਕਟਰ ਕੋਲੋਂ ਸਿੱਖ ਲੈਣਾ ਚਾਹੀਦਾ ਹੈ।

ਬੀਪੀ ਚੈੱਕ ਕਰਨ ਤੋਂ ਅੱਧਾ ਘੰਟਾ ਜਾਂ 20 ਮਿੰਟ ਪਹਿਲਾਂ ਚਾਹ ਜਾਂ ਕੌਫੀ ਨਹੀਂ ਪੀਣੀ ਚਾਹੀਦੀ। ਸ਼ਰਾਬ ਜਾਂ ਸਿਗਰਟ ਪੀਣ ਤੋਂ ਬਾਅਦ ਵੀ ਬੀਪੀ ਚੈੱਕ ਨਹੀਂ ਕਰਨਾ ਚਾਹੀਦਾ।

ਬੀਪੀ ਦੀ ਜਾਂਚ ਸਮੇਂ ਸ਼ਾਂਤ ਬੈਠਣਾ ਜ਼ਰੂਰੀ ਹੈ।

ਬੀਪੀ ਕਦੋਂ ਚੈੱਕ ਕਰਨਾ ਚਾਹੀਦਾ ਹੈ

ਬੀਪੀ ਦੀ ਜਾਂਚ ਸਵੇਰੇ, ਦੁਪਹਿਰ ਅਤੇ ਰਾਤ ਨੂੰ ਵੀ ਕੀਤੀ ਜਾ ਸਕਦੀ ਹੈ।

ਆਮ ਤੌਰ ਉੱਤੇ ਸਾਡੇ ਸੌਣ ਮਗਰੋਂ ਬੀਪੀ 15 ਤੋਂ 20 ਫ਼ੀਸਦ ਤੱਕ ਹੇਠਾਂ ਆ ਸਕਦਾ ਹੈ। ਕਿਉਂਕਿ ਜਦੋਂ ਅਸੀਂ ਸੌਂ ਜਾਂਦੇ ਹਾਂ ਸਾਦਾ ਸਰੀਰ ਅਰਾਮ ਦੀ ਅਵਸਥਾ ਵਿੱਚ ਹੁੰਦਾ ਹੈ।

ਪਰ ਬਹੁਤ ਲੋਕ 2 ਜਾਂ 3 ਵਜੇ ਸੌਂਦੇ ਹਨ। ਇਨ੍ਹਾਂ ਲੋਕਾਂ ਦਾ ਬੀਪੀ ਹਮੇਸ਼ਾ ਵੱਧ ਰਹਿੰਦਾ ਹੈ।

ਇਸ ਨੂੰ ਡਾਕਟਰੀ ਭਾਸ਼ਾ ਵਿੱਚ ਨੋਕਟਰਨਲ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ । ਇਸੇ ਕਰਕੇ ਕਈ ਲੋਕਾਂ ਨੂੰ ਸਵੇਰ ਵੇਲੇ ਦਿਲ ਦਾ ਦੌਰਾ ਪੈਂਦਾ ਹੈ।

ਬਹੁਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਬਲੱਡ ਪ੍ਰੈਸ਼ਰ ਦਿਨ ਦੇ 24 ਘੰਟੇ ਕਾਬੂ ਵਿੱਚ ਹੋਣਾ ਚਾਹੀਦਾ ਹੈ।

ਇਸੇ ਕਰਕੇ ਕਈ ਨੌਜਵਾਨਾਂ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ। ਤਣਾਅ ਅਤੇ ਡਿਪਰੈਸ਼ਨ ਕਾਰਨ ਵੀ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਦਰਦ ਘਟਾਉਣ ਵਾਲੀਆਂ ਦਵਾਈਆਂ ਦੀ ਵੱਧ ਵਰਤੋਂ ਵੀ ਬਲੱਡ ਪ੍ਰੈਸ਼ਰ ਵਿੱਚ ਵਾਧੇ ਦਾ ਕਾਰਨ ਹੋ ਸਕਦੀ ਹੈ।

ਕੀ ਬੀਪੀ ਰੋਜ਼ ਚੈੱਕ ਕਰਨਾ ਚਾਹੀਦਾ ਹੈ?

ਰੋਜ਼ਾਨਾ ਬੀਪੀ ਚੈੱਕ ਕਰਨ ਦੀ ਕੋਈ ਲੋੜ ਨਹੀਂ ਹੈ। ਜੇਕਰ ਸਰੀਰ ਵਿੱਚ ਕਿਸੇ ਸਿਕਮ ਦੀ ਬੇਆਰਾਮੀ ਹੋਵੇ ਜਾਂ ਬੀਪੀ ਦੇ ਲੱਛਣ ਹੋਣ ਤਾਂ ਬੀਪੀ ਚੈੱਕ ਕਰਨਾ ਚਾਹੀਦਾ ਹੈ।

ਲਗਾਤਾਰ ਹਾਈ ਬਲੱਡ ਪ੍ਰੈਸ਼ਰ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਈ ਬੀਪੀ ਦਾ ਦਿਲ ਦੀਆਂ ਕੰਧਾਂ, ਖੂਨ ਦੀਆਂ ਨਾੜੀਆਂ ਅਤੇ ਗੁਰਦਿਆਂ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ।

ਦਿਮਾਗ ਨਾਲ ਜੁੜੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਹੋਣ ਕਾਰਨ ਦਿਮਾਗ ਦਾ ਦੌਰਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਸਾਰੇ ਅੰਗ ਅਤੇ ਖੂਨ ਦੀਆਂ ਨਾੜੀਆਂ ਪ੍ਰਭਾਵਿਤ ਹੋ ਸਕਦੀਆਂ ਹਨ।

ਜਿਵੇਂ ਹੀ ਬੀਪੀ ਵਧਦਾ ਹੈ, ਦਿਲ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਦਿਲ ਦੀਆਂ ਕੰਧਾਂ ਮੋਟੀਆਂ ਹੋ ਜਾਂਦੀਆਂ ਹਨ ਅਤੇ ਸੁੱਜ ਜਾਂਦੀਆਂ ਹਨ। ਇਹ ਦਿਲ ਦੇ ਸੁੰਗੜਨ ਅਤੇ ਫੈਲਣ ਨੂੰ ਪ੍ਰਭਾਵਿਤ ਕਰਦਾ ਹੈ। ਹਾਈਪਰਟੈਨਸ਼ਨ ਦਿਲ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ। ਦਿਲ ਦੀ ਧੜਕਣ ਵੀ ਵਧ ਜਾਂਦੀ ਹੈ।

ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਵਿੱਚ ਪਹਿਲਾਂ ਕੋਈ ਲੱਛਣ ਨਹੀਂ ਹੋ ਸਕਦੇ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮੈਨੂੰ ਬਿਨਾਂ ਕਿਸੇ ਲੱਛਣ ਦੇ ਦਵਾਈ ਕਿਉਂ ਲੈਣੀ ਚਾਹੀਦੀ ਹੈ। ਪਰ, ਹੌਲੀ-ਹੌਲੀ ਹਾਈ ਬੀਪੀ ਦੇ ਲੱਛਣ ਸਾਹਮਣੇ ਆਉਂਦੇ ਹਨ।

ਤਣਾਅ, ਸਿਰਦਰਦ, ਚੱਕਰ ਆਉਣੇ, ਗਲੇ ਵਿੱਚ ਖਰਾਸ਼, ਇਨਸੌਮਨੀਆ, ਛੋਟੀਆਂ-ਛੋਟੀਆਂ ਗੱਲਾਂ ਦਾ ਡਰ, ਲੱਤਾਂ ਦੀ ਸੋਜ ਬਾਅਦ ਦੇ ਪੜਾਅ ਵਿੱਚ ਦਿਖਾਈ ਦਿੰਦੀ ਹੈ।

ਵਜ਼ਨ ਨੂੰ ਕੰਟਰੋਲ 'ਚ ਰੱਖੋ। ਲੂਣ ਦੀ ਮਾਤਰਾ ਜ਼ਿਆਦਾ ਹੋਣ ਵਾਲੇ ਭੋਜਨ ਨਾ ਖਾਓ। ਕਸਰਤ ਰੋਜ਼ਾਨਾ ਕਰਨੀ ਚਾਹੀਦੀ ਹੈ। ਕਸਰਤਾਂ ਸੈਰ, ਜੌਗਿੰਗ, ਤੈਰਾਕੀ ਹੋ ਸਕਦੀਆਂ ਹਨ। ਭਾਰ ਚੁੱਕਣ ਦੀ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਤੁਸੀਂ ਹਰ ਰੋਜ਼ ਤੁਰ ਸਕਦੇ ਹੋ। ਪੈਦਲ ਚੱਲਣ 'ਤੇ ਕੋਈ ਪਾਬੰਦੀਆਂ ਨਹੀਂ ਹਨ. ਜੋੜਾਂ ਦੇ ਦਰਦ ਅਤੇ ਜੋੜਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਸਟ੍ਰੇਚਿੰਗ ਕਸਰਤ ਚੰਗੀ ਹੈ।

ਹਰ ਰੋਜ਼ ਇੱਕੋ ਜਿਹੀਆਂ ਕਸਰਤਾਂ ਕਰਨ ਦੀ ਬਜਾਏ ਤੁਸੀਂ ਵੱਖ-ਵੱਖ ਕਸਰਤਾਂ ਕਰ ਸਕਦੇ ਹੋ। ਹਰ ਹਫ਼ਤੇ 150 ਮਿੰਟ ਦੀ ਕਸਰਤ ਦੀ ਲੋੜ ਹੁੰਦੀ ਹੈ। ਮਤਲਬ ਹਫ਼ਤੇ ਵਿਚ ਘੱਟੋ-ਘੱਟ 5 ਦਿਨ ਕਸਰਤ ਕਰੋ। ਅਮਰੀਕਨ ਹਾਰਟ ਐਸੋਸੀਏਸ਼ਨ ਵੀ ਹਫ਼ਤੇ ਵਿੱਚ 5 ਦਿਨ ਕਸਰਤ ਕਰਨ ਦੀ ਸਿਫਾਰਸ਼ ਕਰਦੀ ਹੈ।

ਜੇਕਰ ਇਹ ਸਭ ਕੁਝ ਕਰਨ ਦੇ ਬਾਵਜੂਦ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੁੰਦਾ ਤਾਂ ਡਾਕਟਰ ਦੀ ਸਲਾਹ ਲਓ।

ਕੀ ਹਾਈਪਰਟੈਨਸ਼ਨ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ?

ਕਈਆਂ ਨੂੰ ਲੰਬੇ ਸਮੇਂ ਤੱਕ ਗੋਲੀਆਂ ਲੈਣੀਆਂ ਪੈਂਦੀਆਂ ਹਨ। ਹਾਈ ਬੀਪੀ ਦਾ ਸਥਾਈ ਹੱਲ ਲੱਭਣ ਲਈ ਖੋਜ ਕੀਤੀ ਜਾ ਰਹੀ ਹੈ।

ਹਾਲਾਂਕਿ, ਇਹ ਵਿਗਿਆਨਕ ਤੌਰ 'ਤੇ ਸਾਬਤ ਹੋਇਆ ਹੈ ਕਿ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਸਿਹਤ ਵਿੱਚ ਸੁਧਾਰ ਕਰ ਸਕਦੀਆਂ ਹਨ।

ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨੂੰ ਕੀ ਖਾਣਾ ਚਾਹੀਦਾ ਹੈ? ਚੇਨਈ ਦੀ ਡਾਇਟੀਸ਼ੀਅਨ ਭੁਵਨੇਸ਼ਵਰੀ ਦੱਸਦੀ ਹੈ ਕਿ ਕੀ ਨਹੀਂ ਖਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਨਮਕ ਦੀ ਮਾਤਰਾ ਜ਼ਿਆਦਾ ਹੋਣ ਵਾਲੇ ਭੋਜਨਾਂ ਤੋਂ ਪਰਹੇਜ਼ ਕਰੋ।

ਰੋਜ਼ਾਨਾ ਨਮਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਚਿਪਸ ਅਤੇ ਸਾਗ ਘੱਟ ਖਾਓ। ਨਮਕੀਨ ਭੋਜਨ ਤੋਂ ਪਰਹੇਜ਼ ਕਰੋ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਮਨੁੱਖੀ ਸਰੀਰ ਨੂੰ ਪ੍ਰਤੀ ਦਿਨ 6 ਗ੍ਰਾਮ ਨਮਕ ਦੀ ਲੋੜ ਹੁੰਦੀ ਹੈ। ਭਾਰਤੀ ਭੋਜਨ ਵਿੱਚ ਨਮਕ ਦੀ ਮਾਤਰਾ 10-12 ਗ੍ਰਾਮ ਹੁੰਦੀ ਹੈ। ਇਸ ਲਈ ਲੂਣ ਨੂੰ ਅੱਧਾ ਕਰ ਦਿਓ।

“ਮੀਟ ਵਿੱਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਤੋਂ ਇਲਾਵਾ, ਮੀਟ ਕਰੀ ਵਿਚ ਨਮਕ, ਮਸਾਲੇ ਅਤੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਚਰਬੀ ਵਾਲੇ ਭੋਜਨ ਜਿਵੇਂ ਮਟਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਟਨ ਦੇ ਮੁਕਾਬਲੇ ਮੱਛੀ ਅਤੇ ਚਿਕਨ ਵਿੱਚ ਚਰਬੀ ਘੱਟ ਹੁੰਦੀ ਹੈ। ਅਸੀਂ ਕਿੰਨਾ ਖਾਂਦੇ ਹਾਂ ਇਹ ਵੀ ਬਹੁਤ ਮਹੱਤਵਪੂਰਨ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)