You’re viewing a text-only version of this website that uses less data. View the main version of the website including all images and videos.
ਬੀਮਾ ਨਿਯਮਾਂ ’ਚ ਬਦਲਾਅ: ਭਾਵੇਂ ਕਿੰਨੀ ਵੀ ਉਮਰ ਹੋਵੇ ਜਾਂ ਪਹਿਲਾਂ ਤੋਂ ਬਿਮਾਰੀ, ਬੀਮੇ ਦੀ ਸਹੂਲਤ ਮੌਜੂਦ
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
ਹੁਣ ਤੁਸੀਂ ਕਿਸੇ ਵੀ ਉਮਰ ਵਿੱਚ ਹੈਲਥ ਇੰਸ਼ੋਰੈਂਸ ਯਾਨਿ ਸਿਹਤ ਬੀਮਾ ਖਰੀਦ ਸਕਦੇ ਹੋ। ਇਸ ਵਿੱਚ ਉਮਰ ਦਾ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ 70 ਸਾਲ ਹੋਵੇ ਜਾਂ 90 ਸਾਲ ਹੋਵੇ।
ਨਵੇਂ ਨਿਯਮਾਂ ਦੇ ਹਿਸਾਬ ਨਾਲ ਜੇ ਕਿਸੇ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਹੋਵੇ ਤਾਂ ਵੀ ਹੁਣ ਉਹ ਸਿਹਤ ਬੀਮਾ ਖਰੀਦਣ ਦਾ ਹੱਕਦਾਰ ਹੈ।
ਜਾਣੋ ਨਿਯਮਾਂ ਵਿੱਚ ਕਿਹੜੇ ਬਦਲਾਅ ਹੋਏ ਹਨ ਅਤੇ ਇਸ ਦਾ ਤੁਹਾਡੇ ਪ੍ਰੀਮੀਅਮ ’ਤੇ ਕੀ ਅਸਰ ਪਵੇਗਾ?
ਸਿਹਤ ਬੀਮਾ, ਇਸ ਦੀ ਲੋੜ ਕਦੇ ਨਾ ਕਦੇ ਹਰ ਕੋਈ ਮਹਿਸੂਸ ਕਰਦਾ ਹੈ। ਖ਼ਾਸ ਕਰਕੇ ਜਦੋਂ ਘਰ ’ਚ ਕੋਈ ਬਜ਼ੁਰਗ ਬੀਮਾਰ ਹੋਵੇ ਜਾਂ ਕੋਈ ਵਿਅਕਤੀ ਲੰਮੀ ਬਿਮਾਰੀ ਨਾਲ ਪੀੜਤ ਹੋਵੇ।
ਅਜਿਹੇ ’ਚ ਪਰਿਵਾਰ ਦਾ ਕਾਫ਼ੀ ਪੈਸਾ ਵੀ ਖ਼ਰਚ ਹੋ ਰਿਹਾ ਹੁੰਦਾ ਹੈ ਅਤੇ ਕੰਪਨੀਆਂ ਹੈਲਥ ਇੰਸ਼ੋਰੈਂਸ ਦੇਣ ਨੂੰ ਤਿਆਰ ਨਹੀਂ ਹੁੰਦੀਆਂ।
ਪਰ ਇੰਸ਼ੋਰੈਂਸ ਰੈਗੂਲੇਟਰੀ ਸੰਸਥਾ ‘ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਆਫ਼ ਇੰਡੀਆ’ (ਈਰਡਾ) ਵੱਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਵਿੱਚ ਸਿਹਤ ਬੀਮਾ ਲਈ ਰੱਖੀ ਗਈ 65 ਸਾਲ ਦੀ ਉਮਰ ਸੀਮਾ ਖ਼ਤਮ ਕਰ ਦਿੱਤੀ ਗਈ ਹੈ।
ਹੁਣ ਕਿਸੇ ਵੀ ਉਮਰ ਦਾ ਵਿਅਕਤੀ ਹੈਲਥ ਇੰਸ਼ੋਰੈਂਸ ਲੈ ਸਕੇਗਾ। ਭਾਵੇਂ ਉਹ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਪੀੜਤ ਹੋਵੇ। ਇਨ੍ਹਾਂ ਬਦਲਾਵਾਂ ਨੂੰ ਸੀਨੀਅਰ ਸਿਟੀਜ਼ਨਜ਼ (ਵਧੇਰੇ ਉਮਰ ਦੇ ਲੋਕਾਂ) ਲਈ ਕਾਫੀ ਲਾਹੇਵੰਦ ਮੰਨਿਆ ਜਾ ਰਿਹਾ ਹੈ।
ਈਰਡਾ ਨੇ ਆਪਣੇ ਨੋਟੀਫਿਕੇਸ਼ਨ ’ਚ ਕੀ ਕਿਹਾ
ਸਿਹਤ ਬੀਮਾ ਯੋਜਨਾਵਾਂ ਨੂੰ ਖਰੀਦਣ ਲਈ ਉਮਰ ਸੀਮਾਂ ਖਤਮ ਕਰਨ ਦਾ ਈਰਡਾ ਦਾ ਮਕਸਦ ਸਾਲ 2047 ਤੱਕ ਸਭ ਲਈ ਇੰਸ਼ੋਰੈਂਸ ਮੁਹੱਈਆ ਕਰਵਾਉਣਾ ਹੈ ਤਾਂ ਜੋ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਵਿੱਚ ਹੋ ਸਕਣ।
ਈਰਡਾ ਨੇ ਆਪਣੇ ਗਜਟ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਬੀਮਾ ਕੰਪਨੀਆਂ ਨੂੰ ਹੁਣ ਅਜਿਹੀਆਂ ਹੈਲਥ ਇੰਸ਼ੋਰੈਂਸ ਪਾਲਿਸੀਆਂ ਲਿਆਉਣੀਆਂ ਪੈਣਗੀਆਂ ਜੋ ਨਾ ਸਿਰਫ ਹਰ ਉਮਰ ਦੇ ਵਿਅਕਤੀ ਲਈ ਹੋਣ ਬਲਕਿ ਇਨ੍ਹਾਂ ਵਿੱਚ ਵਿਦਿਆਰਥੀ, ਬੱਚੇ ਅਤੇ ਮਾਵਾਂ ਨੂੰ ਧਿਆਨ ’ਚ ਵੀ ਰੱਖਿਆ ਜਾਵੇ।
ਈਰਡਾ ਨੇ ਕਿਹਾ ਕਿ ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੇ ਹਿਸਾਬ ਨਾਲ ਵੀ ਕੰਪਨੀਆਂ ਨੂੰ ਬੀਮਾ ਪਾਲਿਸੀ ਲਿਆਉਣੀ ਹੋਵੇਗੀ।
ਈਰਡਾ ਨੇ ਸਾਫ਼-ਸਾਫ਼ ਕਿਹਾ ਹੈ ਕਿ ਬੀਮਾ ਕੰਪਨੀਆਂ ਕੈਂਸਰ, ਹਾਰਟ, ਗੁਰਦੇ ਦੀ ਸਮੱਸਿਆ ਅਤੇ ਏਡਜ਼ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਬੀਮਾ ਦੇਣ ਤੋਂ ਮਨਾ ਨਹੀਂ ਕਰ ਸਕਦੀਆਂ।
ਈਰਡਾ ਨੇ ਇਹ ਵੀ ਕਿਹਾ ਹੈ ਕਿ ਸੀਨੀਅਰ ਸਿਟੀਜ਼ਨ ਦੇ ਫ਼ਾਇਦੇ ਲਈ ਖ਼ਾਸ ਨੀਤੀਆਂ ਵੀ ਬਣਾਈਆਂ ਜਾਣ। ਇਸ ਦੇ ਨਾਲ ਹੀ ਸ਼ਿਕਾਇਤਾਂ ਦੇ ਹੱਲ ਲਈ ਖ਼ਾਸ ਚੈਨਲ ਖੋਲ੍ਹਣ ਦੀ ਹਦਾਇਤ ਵੀ ਦਿੱਤੀ ਗਈ ਹੈ।
1 ਅਪ੍ਰੈਲ ਤੋਂ ਲਾਗੂ ਹੋਈਆਂ ਹਦਾਇਤਾਂ
ਅਸਲ ਵਿੱਚ ਈਰਡਾ ਯਾਨੀ ਕਿ ਇੰਸ਼ੋਰੈਂਸ ਰੈਗੂਲੇਟਰੀ ਸੰਸਥਾ ‘ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਆਫ਼ ਇੰਡੀਆ’ ਦੀ ਸਥਾਪਨਾ ਸਾਲ 2000 ਵਿੱਚ ਕੀਤੀ ਗਈ ਸੀ ਤਾਂ ਜੋ ਇੰਸ਼ੋਰੈਂਸ ਖੇਤਰ ਵਿੱਚ ਮੁਕਾਬਲਾ ਲਿਆਂਦਾ ਜਾ ਸਕੇ।
ਇਸ ਦਾ ਮਕਸਦ ਇੰਸ਼ੋਰੈਂਸ ਦਾ ਕਾਰੋਬਾਰ ਸੁਖਾਲਾ ਬਣਾਉਣਾ ਅਤੇ ਬੀਮਾ ਧਾਰਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ।
ਪੁਰਾਣੀਆਂ ਗਾਈਡਲਾਈਂਸ ’ਚ ਕੀ ਸੀ?
ਈਰਡਾ ਦੇ ਪੁਰਾਣੇ ਨਿਯਮਾਂ ਮੁਤਾਬਕ, ਸਿਹਤ ਬੀਮਾ ਲਈ ਵੱਧ ਤੋਂ ਵੱਧ ਉਮਰ 65 ਸਾਲ ਤੈਅ ਕੀਤੀ ਗਈ ਸੀ।
ਇਸ ਉਮਰ ਤੋਂ ਬਾਅਦ ਦੇ ਇੰਸ਼ੋਰੈਂਸ ਕਵਰ ’ਚ ਔਖੀਆਂ ਸ਼ਰਤਾਂ ਜਿਵੇਂ ਕਿ ਪ੍ਰੀ-ਇਸ਼ੋਰੈਂਸ ਹੈਲਥ ਚੈੱਕਅਪ ਜਾਂ ਪਹਿਲਾਂ ਮੌਜੂਦ ਬਿਮਾਰੀ ਦਾ ਕਵਰ ਨਾ ਹੋਣਾ ਆਦਿ ਸ਼ਾਮਲ ਸੀ।
ਇਸ ਦੇ ਨਾਲ ਹੀ 50 ਸਾਲ ਤੋਂ ਬਾਅਦ ਬੀਮਾ ਕਰਵਾਉਣਾ ਮਹਿੰਗਾ ਵੀ ਪੈਂਦਾ ਸੀ ।
ਕੰਪਨੀਆਂ ਕੋਲ ਹੁਣ ਕੀ ਰਸਤਾ ਹੈ?
ਯੂਨੀਵਰਸਲ ਸੋਂਪੋ ਇੰਸ਼ੋਰੈਂਸ ਦੇ ਸੀਈਓ ਸ਼ਰਧ ਮਾਥੁਰ ਨੇ ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਨਵੇਂ ਨਿਰਦੇਸ਼ ਗ੍ਰਾਹਕਾਂ ਲਈ ਕਾਫੀ ਲਾਹੇਬੰਦ ਸਾਬਤ ਹੋਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਜਿੰਨੇ ਵੱਡੇ ਪੱਧਰ ਉੱਤੇ ਫਾਇਦਾ ਹੋਵੇਗਾ ਓਨਾ ਹੀ ਹੋ ਸਕਦਾ ਹੈ ਕਿ ਪ੍ਰੀਮੀਅਮ ਦੀ ਕੀਮਤ ਵੀ ਵੱਧ ਹੋਵੇ।
ਸ਼ਰਧ ਮਾਥੁਰ ਦਾ ਕਹਿਣਾ ਹੈ ਕਿ ਇਨ੍ਹਾਂ ਹਦਾਇਤਾਂ ਨੂੰ ਵੱਖ-ਵੱਖ ਹਿੱਸਿਆਂ ’ਚ ਵੰਡਿਆਂ ਜਾ ਸਕਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਪੂਰੀ ਬੀਮਾ ਪਾਲਿਸੀ ਦੀ ਥਾਂ ‘ਓਰਗਨ ਸਪੈਸੀਫਿਕ ਪ੍ਰੋਡਕਟ’ ਯਾਨੀ ਕਿ ਬਿਮਾਰੀ ਮੁਤਾਬਕ ਬੀਮਾ ਪਾਲਿਸੀ ਖਰੀਦੀ ਜਾਵੇ। ਜਿਵੇਂ ਕਿ ਕਿਡਨੀ ਲਈ, ਲੀਵਰ ਲਈ ਜਾਂ ਹਾਰਟ ਲਈ ਪਾਲਿਸੀ ਖ਼ਰੀਦੀ ਜਾਵੇ।
ਗਾਹਕਾਂ ’ਤੇ ਪੈ ਸਕਦਾ ਹੈ ਬੋਝ
ਟਰਟਲਮਿੰਟ ਹੈਲਥ ਇੰਸ਼ੋਰੈਂਸ ਦੇ ਰਿਲੇਸ਼ਨਸ਼ਿਪ ਮੈਨੇਜਰ ਨੀਲਮ ਜਾਧਵ ਦੱਸਦੇ ਹਨ ਕਿ ਪਹਿਲਾਂ ਵੀ ਕਈ ਤਰ੍ਹਾਂ ਦੇ ਹੈਲਥ ਪਲੈਨ ਇੰਸ਼ੋਰੇਂਸ ਕੰਪਨੀਆਂ ਦਿੰਦੀਆਂ ਹਨ।
ਪਰ ਇੱਕ ਉਮਰ ਤੋਂ ਬਾਅਦ ਇਹ ਕਾਫੀ ਮਹਿੰਗੇ ਪ੍ਰੀਮੀਅਮ ਪਲੈਨ ਹੋ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਜੋਖ਼ਮ ਜ਼ਿਆਦਾ ਰਹਿੰਦਾ ਹੈ।
ਉਹ ਕਹਿੰਦੇ ਹਨ ਕਿ ਬਿਮਾਰ ਗਾਹਕਾਂ ਲਈ ਇਹ ਪ੍ਰੋਸੈੱਸ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਕਾਫੀ ਕੁਝ ਕਵਰ ਵਿੱਚ ਸ਼ਾਮਲ ਨਹੀਂ ਹੁੰਦਾ ਸੀ।
ਨੀਲਮ ਮੰਨਦੇ ਹਨ ਕਿ ਸਰਕਾਰ ਦੀ ਨਵੀਂ ਪਾਲਿਸੀ ਨਾਲ ਲੋਕਾਂ ਨੂੰ ਫਾਇਦਾ ਤਾਂ ਹੋਵੇਗਾ ਪਰ ਪ੍ਰੀਮੀਅਮ ਨੂੰ ਕਿਫਾਇਤੀ ਰੱਖਣਾ ਸਭ ਤੋਂ ਵੱਡੀ ਚੁਣੌਤੀ ਰਹੇਗੀ।