'ਜਿਸ ਦਿਨ ਮੇਰਾ ਵਿਆਹ ਸੀ ਉਸ ਦਿਨ ਹੀ ਮੈਨੂੰ ਆਪਣੇ 16 ਰਿਸ਼ਤੇਦਾਰ ਦਫ਼ਨਾਉਣੇ ਪਏ'

ਮਾਮੁਨ, ਰਿਹਾਨਾ

ਤਸਵੀਰ ਸਰੋਤ, BBC/Salman Saeed

ਤਸਵੀਰ ਕੈਪਸ਼ਨ, ਮਾਮੁਨ ਅਤੇ ਰਿਹਾਨਾ ਦੋਵਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਸੀ
    • ਲੇਖਕ, ਰਜੀਨੀ ਵੈਦਿਅਨਾਥਨ
    • ਰੋਲ, ਬੀਬੀਸੀ ਪੱਤਰਕਾਰ

ਮਾਮੁਨ ਨੇ ਜਿਸ ਦਿਨ ਆਪਣੇ ਵਿਆਹ ਦਾ ਜਸ਼ਨ ਮਨਾਉਣ ਬਾਰੇ ਸੋਚਿਆ ਸੀ ਉਸੇ ਦਿਨ ਹੀ ਉਨ੍ਹਾਂ ਨੂੰ ਆਪਣੇ 16 ਰਿਸ਼ਤੇਦਾਰਾਂ ਨੂੰ ਦਫ਼ਦਾਉਣਾ ਪਿਆ।

ਉਨ੍ਹਾਂ ਦੇ ਰਿਸ਼ਤੇਦਾਰ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ ਜਦੋਂ ਉਨ੍ਹਾਂ 'ਤੇ ਬਿਜਲੀ ਡਿੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਉਹ ਸੱਜ ਫੱਬ ਕੇ ਸੋਹਣੀਆਂ ਸਾੜ੍ਹੀਆਂ ਅਤੇ ਸੂਟ ਪਾ ਕੇ ਇੱਕ ਕਿਸ਼ਤੀ 'ਤੇ ਚੜ੍ਹ ਕੇ ਮਾਮੁਨ ਕੋਲ ਜਾ ਰਹੇ ਸਨ ਜਦੋਂ ਇੱਕ ਤੇਜ਼ ਤੂਫ਼ਾਨ ਆ ਗਿਆ।

ਕਿਸ਼ਤੀ ਮੀਂਹ ਕਾਰਨ ਭਰਨ ਤੋਂ ਬਾਅਦ ਉਨ੍ਹਾਂ ਨੇ ਨਦੀ ਦੇ ਕਿਨਾਰੇ 'ਤੇ ਬਣੀ ਇੱਕ ਸ਼ੈੱਡ ਦਾ ਸਹਾਰਾ ਲਿਆ, ਇਸੇ ਸਮੇਂ ਉਨ੍ਹਾਂ ਉੱਤੇ ਬਿਜਲੀ ਡਿੱਗ ਗਈ।

ਸੰਯੁਕਤ ਰਾਸ਼ਟਰ ਮੁਤਾਬਕ ਬੰਗਲਾਦੇਸ਼ ਵਿੱਚ ਸਖ਼ਤ ਮੌਸਮੀ ਬਦਲਾਅ ਅਤੇ ਭਾਰੀ ਤੂਫ਼ਾਨ ਦੀ ਮਾਰ ਝੱਲਦਾ ਹੈ ਅਤੇ ਬਿਜਲੀ ਡਿੱਗਣ ਕਾਰਨ ਹਰ ਸਾਲ ਔਸਤਨ 300 ਦੇ ਕਰੀਬ ਮੌਤਾਂ ਹੁੰਦੀਆਂ ਹਨ।

ਬੰਗਲਾਦੇਸ਼ ਦੇ ਮੁਕਾਬਲੇ ਅਮਰੀਕਾ ਵਿੱਚ ਸਾਲ ਵਿੱਚ ਬਿਜਲੀ ਡਿੱਗਣ ਕਾਰਨ 20 ਤੋਂ ਵੀ ਘੱਟ ਮੌਤਾਂ ਹੁੰਦੀਆਂ ਹਨ।

ਇਹ ਦੱਖਣੀ ਏਸ਼ੀਆ ਮੁਲਕ ਵਿੱਚ ਰਹਿੰਦੇ ਲੋਕਾਂ ਲਈ ਭਾਰੀ ਬੋਝ ਹੈ। ਮਾਮੁਨ ਆਪਣੇ ਨਾਲ ਅਗਸਤ 2021 ਵਿੱਚ ਵਾਪਰੀ ਘਟਨਾ ਬਾਰੇ ਪਹਿਲੀ ਵਾਰੀ ਗੱਲ ਕਰ ਰਹੇ ਹਨ।

'ਮੈਨੂੰ ਅੱਜ ਵੀ ਡਰ ਲੱਗਦਾ ਹੈ'

ਮਾਮੁਨ
ਤਸਵੀਰ ਕੈਪਸ਼ਨ, ਮਾਮੁਨ ਆਪਣੇ ਵਿਆਹ ਦੀ ਵਰ੍ਹੇਗੰਢ ਨਹੀਂ ਮਨਾਉਂਦੇ

21 ਸਾਲ ਦੇ ਮਾਮੁਨ ਸ਼ਿਬਗੰਜ ਵਿਚਲੇ ਆਪਣੇ ਸਹੁਰਾ ਪਰਿਵਾਰ ਦੇ ਘਰ ਤਿਆਰ ਹੋ ਰਹੇ ਸਨ ਜਦੋਂ ਉਨ੍ਹਾਂ ਨੂੰ ਬਿਜਲੀ ਗਰਜਣ ਦੀ ਆਵਾਜ਼ ਆਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੂੰ ਇਹ ਦੁੱਖ ਭਰੀ ਖ਼ਬਰ ਆਈ।

ਉਹ ਆਪਣੇ ਪਰਿਵਾਰ ਕੋਲ ਭੱਜ ਕੇ ਗਏ ਜਿੱਥੇ ਸਭ ਉੱਥਲ ਪੁੱਥਲ ਹੋਇਆ ਪਿਆ ਸੀ।

ਉਨ੍ਹਾਂ ਦੱਸਿਆ, “ਕੋਈ ਲਾਸ਼ਾਂ ਨੂੰ ਗਲੇ ਲਗਾ ਰਿਹਾ ਸੀ, ਜ਼ਖ਼ਮੀ ਲੋਕ ਦਰਦ ਨਾਲ ਚੀਖ਼ ਰਹੇ ਸਨ ਬੱਚੇ ਰੋ ਰਹੇ ਸਨ, ਮੈਂ ਆਪਣੇ ਹੋਸ਼ ਗੁਆ ਬੈਠਾ ਸੀ ਮੈਂ ਇਹ ਫ਼ੈਸਲਾ ਵੀ ਨਹੀਂ ਲੈ ਸਕਿਆ ਕਿ ਮੈਂ ਪਹਿਲਾਂ ਕਿਸ ਕੋਲ ਜਾਵਾਂ।”

ਮਾਮੁਨ ਦੇ ਪਿਤਾ, ਦਾਦਾ ਦਾਦੀ ਸਣੇ ਕਈ ਰਿਸ਼ਤੇਦਾਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮਾਂ ਉਸ ਵੇਲੇ ਕਿਸ਼ਤੀ ਵਿੱਚ ਨਹੀਂ ਸਨ ਅਤੇ ਉਹ ਬਚ ਗਏ ਸਨ।

ਉਨ੍ਹਾਂ ਦੱਸਿਆ, “ਜਦੋਂ ਮੈਂ ਆਪਣੇ ਪਿਤਾ ਦੀ ਲਾਸ਼ ਦੇਖੀ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ, ਮੈਂ ਸਦਮੇ ਵਿੱਚ ਸੀ, ਮੇਰੀ ਹਾਲਤ ਬਹੁਤ ਖ਼ਰਾਬ ਹੋ ਗਈ ਸੀ।”

ਉਸੇ ਦਿਨ ਸ਼ਾਮ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਸੰਸਕਾਰ ਹੋਇਆ। ਉਨ੍ਹਾਂ ਦੇ ਵਿਆਹ ਲਈ ਬਣੀ ਰੋਟੀ ਗਰੀਬਾਂ ਨੂੰ ਵੰਡ ਦਿੱਤੀ ਗਈ ਸੀ।

ਮਾਮੁਨ ਦਾ ਥੋੜ੍ਹੀ ਦੇਰ ਬਾਅਦ ਵਿਆਹ ਹੋ ਗਿਆ ਪਰ ਉਹ ਕਹਿੰਦੇ ਹਨ ਕਿ ਉਹ ਆਪਣੇ ਵਿਆਹ ਦੀ ਵਰ੍ਹੇਗੰਢ ਨਹੀਂ ਮਨਾਉਂਦੇ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਇਸ ਦੁਖਾਂਤ ਦੀ ਯਾਦ ਆ ਜਾਂਦੀ ਹੈ।

ਉਹ ਕਹਿੰਦੇ ਹਨ, “ਉਸ ਭਿਆਨਕ ਘਟਨਾ ਤੋਂ ਬਾਅਦ ਮੈਨੂੰ ਹੁਣ ਮੀਂਹ ਅਤੇ ਬਿਜਲੀ ਗਰਜਣ ਤੋਂ ਬਹੁਤ ਡਰ ਲੱਗਦਾ ਹੈ।”

ਬੰਗਲਾਦੇਸ਼

ਤਸਵੀਰ ਸਰੋਤ, Mamun

ਤਸਵੀਰ ਕੈਪਸ਼ਨ, ਮਾਮੁਨ ਦੇ ਵਿਆਹ ਵਾਲੇ ਦਿਨ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਸਸਕਾਰ ਹੋਇਆ

ਬਿਜਲੀ ਡਿੱਗਣ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ, 1990ਵਿਆਂ ’ਚ ਇਨ੍ਹਾਂ ਮੌਤਾਂ ਦੀ ਗਿਣਤੀ ਸਿਰਫ਼ ਇੱਕ ਦਰਜਨ ਦੇ ਕਰੀਬ ਸੀ।

ਅਮਰੀਕੀ ਪੁਲਾੜ ਅਧਿਐਨ ਏਜੰਸੀ ਨਾਸਾ, ਸੰਯੁਕਤ ਰਾਸ਼ਟਰ ਅਤੇ ਬੰਗਲਾਦੇਸ਼ ਸਰਕਾਰ ਮੁਤਾਬਕ ਵਾਤਾਵਰਣ ਤਬਦੀਲੀ ਕਾਰਨ ਤੂਫ਼ਾਨ ਵਧੇ ਹਨ ਜਿਸ ਕਾਰਨ ਬਿਜਲੀ ਡਿੱਗਣ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੀ ਵਾਧਾ ਹਇਆ ਹੈ।

ਬੰਗਲਾਦੇਸ਼ ਦੀ ਡਿਜ਼ਾਸਟਰ ਮੈਨੇਜਮੈਂਟ ਡਿਵਿਜ਼ਨ ਦੇ ਡਾਇਰੈਕਟਰ ਮੁਹੰਮਦ ਮਿਜਾਨੁਰ ਰਹਿਮਾਨ “ਆਲਮੀ ਤਪਸ਼, ਵਾਤਾਵਰਣ ਬਦਲਾਅ, ਅਤੇ ਰਹਿਣ ਦੇ ਢੰਗ ਵਿੱਚ ਤਬਦੀਲੀ ਵੀ ਬਿਜਲੀ ਡਿੱਗਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਧਣ ਲਈ ਜ਼ਿੰਮੇਵਾਰ ਕਾਰਨਾਂ ਵਿੱਚੋਂ ਇੱਕ ਹੈ।”

ਇਸ ਬਾਰੇ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਬਿਜਲੀ ਡਿੱਗਣ ਨੂੰ ਕੁਦਰਤੀ ਆਫ਼ਤਾਂ ਦੀ ਅਧਿਕਾਰਤ ਸੂਚੀ ਵਿੱਚ ਵੀ ਸ਼ਾਮਲ ਕੀਤਾ ਹੈ ।

ਇਸ ਸੂਚੀ ਵਿੱਚ ਹੜ੍ਹ, ਭੂਚਾਲ, ਸੋਕਾ ਅਤੇ ਚੱਕਰਵਾਤ ਵੀ ਸ਼ਾਮਲ ਹੈ।

ਬਿਜਲੀ ਡਿੱਗਣ ਕਾਰਨ ਸਭ ਤੋਂ ਵੱਧ ਕਿਸਾਨ ਪ੍ਰਭਾਵਤ ਹੁੰਦੇ ਹਨ, ਕਿਉਂਕਿ ਉਹ ਬਸੰਤ, ਗਰਮੀ ਅਤੇ ਮਾਨਸੂਨ ਦੇ ਮਹੀਨਿਆਂ ਵਿੱਚ ਖ਼ੇਤਾਂ ਵਿੱਚ ਕੰਮ ਕਰਦੇ ਹਨ।

ਇਹ ਵੀ ਪੜ੍ਹੋ-

'ਮੇਰੇ ਅੰਦਰ ਡਰ ਬੈਠ ਗਿਆ ਹੈ'

ਬੰਗਲਾਦੇਸ਼

ਤਸਵੀਰ ਸਰੋਤ, Salman Saeed

ਤਸਵੀਰ ਕੈਪਸ਼ਨ, ਅਬਦੁੱਲਾਹ ਉੱਤੇ ਇਸੇ ਸਾਲ ਮਈ ਵਿੱਚ ਬਿਜਲੀ ਡਿੱਗੀ ਸੀ

ਇੱਕ ਪੁਰਾਣੀ ਜਿਹੀ ਵਾੜ ਉੱਤੇ ਲਮਕੀ ਹੋਈ ਸ਼ਰਟ ਬਿਜਲੀ ਦਾ ਸ਼ਿਕਾਰ ਹੋਏ ਇੱਕ ਹੋਰ ਪੀੜਤ ਦੀ ਯਾਦ ਦਵਾਉਂਦੀ ਹੈ।

ਇਹ ਘਟਨਾ ਬੰਗਲਾਦੇਸ਼ ਦੇ ਸਤਖੀਰਾ ਇਲਾਕੇ ਵਿੱਚ ਵਾਪਰੀ ਸੀ, ਜਿਸ ਵਿੱਚ ਅਬਦੁੱਲਾਹ ਦੀ ਮੌਤ ਹੋ ਗਈ ਸੀ।

ਕੁਝ ਦਿਨ ਪਹਿਲਾਂ ਹੀ ਅਬਦੁੱਲਾਹ ਆਪਣੀ ਇਹੀ ਸ਼ਰਟ ਪਾ ਕੇ ਆਪਣੇ ਖੇਤਾਂ ਵਿੱਚ ਕੰਮ ਕਰਨ ਗਏ ਸਨ। ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਚੌਲ ਬੀਜੇ ਹੋਏ ਸਨ।

ਕਈ ਥਾਵਾਂ ਤੋਂ ਘਸੀ ਹੋਈ ਇਸ ਸ਼ਰਟ ਉੱਤੇ ਬਾਰਸੇਲੋਨਾ ਫੁੱਟਬਾਲ ਦਾ ਲੋਗੋ ਬਣਿਆ ਹੋਇਆ ਹੈ। ਇਸ ਸ਼ਰਟ ਦਾ ਕੁਝ ਹਿੱਸਾ ਬਿਜਲੀ ਡਿੱਗਣ ਕਾਰਨ ਸੜਿਆ ਹੋਇਆ ਹੈ।

ਅਬਦੁੱਲਾਹ ਉੱਤੇ ਇਸੇ ਸਾਲ ਮਈ ਵਿੱਚ ਬਿਜਲੀ ਡਿੱਗੀ ਸੀ।

ਰਿਹਾਨਾ

ਤਸਵੀਰ ਸਰੋਤ, Salman saeed

ਤਸਵੀਰ ਕੈਪਸ਼ਨ, ਰਿਹਾਨਾ ਦੱਸਦੇ ਹਨ ਕਿ ਉਹ ਆਪਣੇ ਪੁੱਤਰ ਨੂੰ ਬਾਹਰ ਖ਼ਰਾਬ ਮੌਸਮ ਵਿੱਚ ਬਾਹਰ ਭੇਜਣ ਤੋਂ ਡਰਦੇ ਹਨ

ਅਬਦੁੱਲਾਹ ਦੀ ਪਤਨੀ ਰਿਹਾਨਾ ਨੇ ਮੈਨੂੰ ਉਨ੍ਹਾਂ ਦੇ ਖੇਤਾਂ ਵਿੱਚ ਉਸ ਥਾਂ ਉੱਤੇ ਲੈ ਕੇ ਗਏ ਜਿੱਥੇ ਉਨ੍ਹਾਂ ਨੇ ਮੈਨੂੰ ਉਸ ਦਿਨ ਬਾਰੇ ਦੱਸਿਆ ਜਿਸ ਦਿਨ ਉਨ੍ਹਾਂ ਦਾ ਪਤੀ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਹੋ ਗਿਆ ਸੀ।

ਉਨ੍ਹਾਂ ਦੇ ਵਿਆਹ ਨੂੰ 30 ਸਾਲ ਹੋ ਗਏ ਸਨ।

ਉਨ੍ਹਾਂ ਦੱਸਿਆ ਕਿ ਇਸ ਦਿਨ ਧੁੱਪ ਚੜ੍ਹੀ ਹੋਈ ਸੀ, ਅਬਦੁੱਲਾਹ ਹੋਰਾਂ ਕਿਸਾਨਾਂ ਦੇ ਨਾਲ-ਨਾਲ ਚੌਲਾਂ ਦੀ ਫ਼ਸਲ ਵੱਢਣ ਲਈ ਗਏ ਸਨ।

ਪਰ ਦੁਪਹਿਰ ਖ਼ਤਮ ਹੁੰਦਿਆਂ ਹੁੰਦਿਆਂ ਭਾਰੀ ਤੂਫ਼ਾਨ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਦੇ ਪਤੀ ਉੱਤੇ ਬਿਜਲੀ ਡਿੱਗ ਪਈ।

ਇੱਕ ਨਿੱਕੀ ਜਿਹੀ ਝੌਂਪੜੀ ਵੱਲ ਉਂਗਲ ਕਰਦਿਆਂ ਉਨ੍ਹਾਂ ਦੱਸਿਆ ਕੇ ਉਨ੍ਹਾਂ ਦੇ ਪਤੀ ਨੂੰ ਕੁਝ ਕਿਸਾਨ ਸੜਕ ਦੇ ਕਿਨਾਰੇ ਇੱਕ ਦੁਕਾਨ ਉੱਤੇ ਲੈ ਗਏ ਸਨ, ਪਰ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਬੰਗਲਾਦੇਸ਼

ਤਸਵੀਰ ਸਰੋਤ, Salman Saeed

ਤਸਵੀਰ ਕੈਪਸ਼ਨ, ਅਬਦੁੱਲਾਹ ਦੀ ਪੁਰਾਣੀ ਤਸਵੀਰ

ਰਿਹਾਨਾ ਅਤੇ ਅਬਦੁੱਲਾਹ ਦੇ ਘਰ ਵਿੱਚ ਬਸ ਇੱਕ ਹੀ ਕਮਰਾ ਹੈ ਜਿੱਥੇ ਉਨ੍ਹਾਂ ਦੀ ਚੌਲਾਂ ਦੀ ਫ਼ਸਲ ਪਈ ਹੈ ਜਿਹੜੀ ਅਬਦੁੱਲਾਹ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਵੱਢੀ ਸੀ।

ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੇ ਨਿੱਕੇ ਜਿਹੇ ਘਰ ਵਿੱਚ ਇੱਕ ਨਵਾਂ ਕਮਰਾ ਬਣਾਉਣ ਲਈ ਇੱਕ ਲੋਨ ਲਿਆ ਸੀ।

ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦਾ 14 ਸਾਲਾਂ ਦਾ ਪੁੱਤਰ ਮਸੂਦ ਕਿਤਾਬ ਪੜ੍ਹ ਰਿਹਾ ਹੈ।

ਕਮਾਉਣ ਵਾਲੇ ਵਿਅਕਤੀ ਦੀ ਅਣਹੋਂਦ ਵਿੱਚ ਹੁਣ ਰਿਹਾਨਾ ਨੂੰ ਇਸ ਗੱਲ ਦਾ ਫ਼ਿਕਰ ਰਹਿੰਦਾ ਹੈ ਕਿ ਉਹ ਕਰਜ਼ੇ ਵਿੱਚ ਡੁੱਬ ਜਾਣਗੇ। ਉਨ੍ਹਾਂ ਨੂੰ ਇਹ ਚਿੰਤਾ ਵੀ ਸਤਾਉਂਦੀ ਹੈ ਕਿ ਉਹ ਆਪਣੇ ਪੁੱਤਰ ਨੂੰ ਕਿਵੇਂ ਪੜ੍ਹਾਉਣਗੇ।

ਆਪਣੀਆਂ ਅੱਖਾਂ ਵਿੱਚੋਂ ਨਿਕਲਦੇ ਹੰਝੂ ਪੂੰਝਦਿਆਂ ਉਨ੍ਹਾਂ ਦੱਸਿਆ, “ਮੇਰੇ ਦਿਲ ਵਿੱਚ ਡਰ ਇੰਨਾ ਡੂੰਘਾ ਬੈਠ ਗਿਆ ਹੈ ਕਿ ਜਦੋਂ ਬੱਦਲ ਚੜ੍ਹੇ ਹੁੰਦੇ ਹਨ ਤਾਂ ਮੈਂ ਆਪਣੇ ਪੁੱਤ ਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੰਦੀ।”

ਬੀਬੀਸੀ

'ਬਿਜਲੀ ਡਿੱਗਣ ਕਾਰਨ ਹੋਣ ਵਾਲੀਆਂ ਮੌਤਾਂ ਵਧੀਆਂ'

ਬਿਜਲੀ ਡਿੱਗਣ ਦੀਆਂ ਘਟਨਾਵਾਂ ਹੋਰ ਮੁਲਕਾਂ ਵਿੱਚ ਵੀ ਵੱਧ ਰਹੀਆਂ ਹਨ।

ਭਾਰਤ ਵਿੱਚ ਵੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਧੀਆਂ ਹਨ ਪਰ ਸਰਕਾਰੀ ਅਤੇ ਗੈਰ ਸਰਕਾਰੀ ਯਤਨਾਂ ਕਾਰਨ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟੀ ਹੈ।

ਬੰਗਲਾਦੇਸ਼ ਵਿੱਚ ਵੀ ਇਹ ਯਤਨ ਕੀਤੇ ਜਾ ਰਹੇ ਹਨ ਕਿ ਬਿਜਲੀ ਡਿੱਗਣ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ਘਟਾਈ ਜਾਵੇ।

ਕਾਰਕੁਨਾਂ ਦਾ ਕਹਿਣਾ ਹੈ ਕਿ ਪੇਂਡੂ ਇਲਾਕਿਆਂ ਵਿੱਚ ਲੰਬੇ ਰੁੱਖਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਹੈ। ਇਹ ਰੁੱਖ ਬਿਜਲੀ ਡਿੱਗਣ ਕਾਰਨ ਹੁੰਦੀ ਤਬਾਹੀ ਨੂੰ ਘਟਾਉਣ ਵਿੱਚ ਸਹਾਈ ਹੋ ਸਕਦੇ ਹਨ, ਖ਼ਾਸ ਕਰਕੇ ਅਜਿਹੀਆਂ ਥਾਵਾਂ ਵਿੱਚ ਜਿੱਥੇ ਜੰਗਲੀ ਇਲਾਕੇ ਘਟੇ ਹਨ।

ਬੰਗਲਾਦੇਸ਼

ਤਸਵੀਰ ਸਰੋਤ, Salman Saeed

ਤਸਵੀਰ ਕੈਪਸ਼ਨ, ਬੰਗਲਾਦੇਸ਼ ਵਿੱਚ ਬਿਜਲੀ ਡਿੱਗਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਗਈ ਹੈ

ਕਾਰਕੁਨ ਇਹ ਵੀ ਕਹਿੰਦੇ ਹਨ ਕਿ ਬਿਜਲੀ ਤੋਂ ਬਚਾਅ ਲਈ ਵੱਡੇ ਪੱਧਰ ’ਤੇ ਸ਼ੈੱਡ ਲਾਏ ਜਾਣੇ ਚਾਹੀਦੇ ਹਨ ਤਾਂ ਜੋ ਕਿਸਾਨ ਉਨ੍ਹਾਂ ਦੇ ਸਹਾਰੇ ਬੱਚ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਪਹਿਲਾਂ ਹੀ ਲੋਕਾਂ ਨੂੰ ਚੇਤਾਵਨੀ ਦਿੱਤੇ ਜਾਣ ਲਈ ਯਤਨ ਕਰਨੇ ਚਾਹੀਦੇ ਹਨ।

ਇਸ ਦੇ ਸਫ਼ਲ ਹੋਣ ਵਿੱਚ ਇੱਕ ਚੁਣੌਤੀ ਵੱਖ-ਵੱਖ ਥਾਵਾਂ ਵਿੱਚ ਆਪਸੀ ਸੰਪਰਕ ਦੀ ਘਾਟ ਹੋਣਾ ਅਤੇ ਪੇਂਡੂ ਇਲਾਕਿਆਂ ਵਿੱਚ ਮੋਬਾਈਲ ਦੀ ਵਰਤੋਂ ਦੀ ਘਾਟ ਹੋਣਾ ਵੀ ਹੈ। ਪੇਂਡੂ ਇਲਾਕਿਆਂ ਦੇ ਲੋਕ ਬਿਜਲੀ ਡਿੱਗਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।

ਜਾਣਕਾਰੀ ਦੀ ਘਾਟ ਹੋਣਾ ਵੀ ਇੱਕ ਚੁਣੌਤੀ ਹੈ।

ਬੰਗਲਾਦੇਸ਼ ਵਿੱਚ ਰਹਿੰਦੇ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਬਿਜਲੀ ਡਿੱਗਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ।

ਦੁਨੀਆਂ ਉੱਤੇ ਹੋਰ ਥਾਵਾਂ ਉੱਤੇ ਕਿਤੇ ਵੀ ਲੋੋਕਾਂ ਉੱਤੇ ਬਿਜਲੀ ਡਿੱਗਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

'ਜਿਵੇਂ ਅੱਗ ਦੀ ਚੱਕਰੀ ਸਾਡੇ ਉੱਤੇ ਡਿੱਗ ਪਈ ਹੋਵੇ'

ਬੰਗਲਾਦੇਸ਼

ਤਸਵੀਰ ਸਰੋਤ, Salman Saeed

ਤਸਵੀਰ ਕੈਪਸ਼ਨ, ਰਿਪੋਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਖੇਤਾਂ ਵਿੱਚ ਕੰਮ ਕਰਨ ਤੋਂ ਡਰ ਲੱਗਦਾ ਹੈ

ਰਿਪੋਟ ਹੋਸਨ ਉਸ ਦਿਨ ਅਬਦੁੱਲਾਹ ਦੇ ਨਾਲ ਸਨ ਜਿਸ ਦਿਨ ਉਨ੍ਹਾਂ ਦੀ ਮੌਤ ਹੋਈ ਸੀ। ਇਸ ਦਿਨ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਬਿਜਲੀ ਇੰਨੀ ਨੇੜਿਓਂ ਨਹੀਂ ਦੇਖੀ ਸੀ।

ਉਸ ਦਿਨ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ, “ਇੱਕ ਜ਼ੋਰਦਾਰ ਧਮਾਕਾ ਹੋਇਆ ਫੇਰ ਕਈ ਵਾਰੀ ਬਿਜਲੀ ਚਮਕਣ ਲੱਗ ਪਈ।”

“ਇੱਦਾਂ ਲੱਗਿਆ ਕਿ ਜਿਵੇਂ ਇੱਕ ਅੱਗ ਦੀ ਚੱਕਰੀ ਸਾਡੇ ਉੱਤੇ ਡਿੱਗ ਪਈ ਹੋਵੇ, ਮੈਨੂੰ ਬਿਜਲੀ ਦਾ ਝਟਕਾ ਲੱਗਾ ਅਤੇ ਮੈਂ ਧਰਤੀ ’ਤੇ ਡਿੱਗ ਪਿਆ।“

ਉਨ੍ਹਾਂ ਦੱਸਿਆ, “ਥੌੜ੍ਹੀ ਦੇਰ ਬਾਅਦ ਮੈਂ ਅੱਖਾਂ ਖੋਲ੍ਹੀਆਂ ਅਤੇ ਅਬਦੁੱਲਾਹ ਦੀ ਮੌਤ ਹੋ ਗਈ।”

ਰਿਪੋਨ ਨੂੰ ਇਸ ਗੱਲ ਉੱਤੇ ਯਕੀਨ ਨਹੀਂ ਹੁੰਦਾ ਕਿ ਉਹ ਬਚ ਗਏ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਖੁੱਲ੍ਹੇ ਖੇਤਾਂ ਵਿੱਚ ਕੰਮ ਕਰਨ ਤੋਂ ਡਰ ਲੱਗਦਾ ਹੈ ਪਰ ਜਿਸ ਇਲਾਕੇ ਵਿੱਚ ਉਹ ਰਹਿੰਦੇ ਹਨ ਉੱਥੇ ਕਮਾਈ ਦਾ ਕੋਈ ਹੋਰ ਜ਼ਰੀਆ ਨਹੀਂ ਹੈ।

ਉਹ ਕਹਿੰਦੇ ਹਨ, “ਜਦੋਂ ਵੀ ਮੈਂ ਆਪਣੇ ਦੋਸਤ ਅਬਦੁੱਲਾਹ ਬਾਰੇ ਸੋਚਦਾ ਹਾਂ, ਮੇਰਾ ਰੋਣਾ ਨਿਕਲ ਜਾਂਦਾ ਹੈ।”

ਉਨ੍ਹਾਂ ਦੱਸਿਆ, “ਜਦੋਂ ਮੈਂ ਰਾਤ ਨੂੰ ਆਪਣੀਆਂ ਅੱਖਾਂ ਬੰਦ ਕਰਦਾ ਹਾਂ, ਉਸ ਦਿਨ ਦੀਆਂ ਸਾਰੀਆਂ ਯਾਦਾਂ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੀਆਂ ਹਨ ਤੇ ਮੇਰਾ ਰੋਣਾ ਨਿਕਲ ਜਾਂਦਾ ਹੈ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)