ਪੰਜਾਬ ਮੌਸਮ: ਕਈ ਘੰਟੇ ਰੁੱਖ਼ ਫੜ੍ਹ ਕੇ ਹੜ੍ਹ ਚ ਖੜੇ ਰਹੇ ਬਜ਼ੁਰਗ ਨੂੰ ਬਚਾਏ ਜਾਣ ਦਾ ਵਾਇਰਲ ਵੀਡੀਓ ਤੇ ਹੋਰ ਖ਼ਬਰਾਂ

ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਪਈ ਹੋਈ ਹੈ। ਜਿਸ ਨਾਲ ਸਬੰਧਤ ਅਹਿਮ ਰਿਪੋਰਟਾਂ ਇਸ ਪੰਨੇ ਰਾਹੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ( ਪੀਆਰਟੀਸੀ) ਦੀ ਇੱਕ ਬੱਸ ਪਿਛਲੇ ਚਾਰ ਦਿਨਾਂ ਤੋਂ ਹਿਮਾਚਲ ਵਿੱਚ ਲਾਪਤਾ ਹੈ। ਪੀਆਰਟੀਸੀ ਨੇ ਆਪ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝਾ ਕੀਤੀ ਹੈ।

ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ।

ਆਪਣੀ ਫੇਸਬੁੱਕ ਪੋਸਟ ਵਿੱਚ ਪੀਆਰਟੀਸੀ ਨੇ ਕੁਝ ਨੰਬਰ ਵੀ ਜਾਰੀ ਕੀਤੇ ਹਨ ਅਤੇ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬੱਸ ਬਾਰੇ ਕੋਈ ਜਾਣਕਰੀ ਮਿਲੇ ਤਾਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਕੇ ਦੱਸਿਆ ਜਾਵੇ।

ਇਸ ਵਿਚਕਾਰ, ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਬੱਸ ਨਦੀ ਵਿੱਚ ਡੁੱਬੀ ਹੋਈ ਦਿਖਾਈ ਦੇ ਰਹੇ ਹੈ। ਦਾਅਵੇ ਕੀਤੇ ਜਾ ਰਹੇ ਹਨ ਕਿ ਇਹ ਉਹੀ ਲਾਪਤਾ ਬੱਸ ਹੈ ਜੋ ਬਿਆਸ ਨਦੀ ਵਿੱਚ ਡੁੱਬ ਗਈ ਹੈ।

ਸੋਸ਼ਲ ਮੀਡੀਆ 'ਤੇ ਇੱਕ ਮ੍ਰਿਤਕ ਵਿਅਕਤੀ ਦੀ ਫੋਟੋ ਵੀ ਵਾਇਰਲ ਹੋ ਰਹੀ ਹੈ, ਜਿਸ ਬਾਰੇ ਦਾਅਵੇ ਹਨ ਕਿ ਇਹ ਡਰਾਈਵਰ ਦੀ ਤਸਵੀਰ ਹੈ।

ਹਾਲਾਂਕਿ, ਡਰਾਇਵਰ ਦੇ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਉਨ੍ਹਾਂ ਦੀ ਹੀ ਤਸਵੀਰ ਹੈ।

ਮੰਤਰੀ ਲਾਲਜੀਤ ਭੁੱਲਰ ਮੁਤਾਬਕ ਪੀਆਰਟੀਸੀ ਦੇ ਅਧਿਕਾਰੀਆਂ ਨਾਲ ਪਰਿਵਾਰ ਘਟਨਾ ਵਾਲੀ ਥਾਂ ਉੱਤੇ ਜਾ ਰਿਹਾ ਹੈ।

ਸੰਖੇਪ ਜਾਣਕਾਰੀ

  • ਪੰਜਾਬ ਤੇ ਹਿਮਾਚਲ ਸਣੇ ਉੱਤਰੀ ਭਾਰਤ ਵਿੱਚ ਕਈ ਦਿਨਾਂ ਤੋਂ ਮੌਸਮ ਖਰਾਬ ਹੈ
  • ਪਹਾੜਾਂ ਵਿੱਚ ਭਾਰੀ ਮੀਂਹ ਹੋਣ ਕਾਰਨ ਡਿੱਗਾਂ ਡਿੱਗ ਰਹੀਆਂ ਹਨ ਤੇ ਹੜ੍ਹਾਂ ਆਏ ਹਨ
  • ਹਿਮਾਚਲ ਵਿੱਚ ਮੰਗਲਵਾਰ ਸ਼ਾਮ ਤੱਕ 31 ਮੌਤਾਂ ਵੀ ਹੋਈਆਂ ਹਨ
  • ਪੰਜਾਬ ਦੇ 11 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਭਾਰੀ ਨੁਕਸਾਨ ਹੋਇਆ
  • ਪੰਜਾਬ ਵਿੱਚ ਵੀ ਸਰਕਾਰ ਨੇ 11 ਮੌਤਾਂ ਦੀ ਪੁਸ਼ਟੀ ਕੀਤੀ ਹੈ
  • ਹਰਿਆਣਾ ਤੇ ਦਿੱਲੀ ਵਿੱਚ ਯਮੁਨਾ ਦੇ ਪਾਣੀ ਨੇ ਕਈ ਪਿੰਡਾਂ ਤੇ ਕਸਬਿਆਂ ਵਿੱਚ ਹੜ੍ਹ ਆ ਗਏ
  • ਸਿਵਲ ਪ੍ਰਸਾਸ਼ਨ, ਫੌਜ ਅਤੇ ਐੱਨਡੀਆਰਐੱਫ਼ ਨਾਲ ਜੰਗੀ ਪੱਧਰ ਉੱਤੇ ਰਾਹਤ ਕਾਰਜ ਚਲਾ ਰਿਹਾ ਹੈ।

ਹੁਣ ਤੱਕ ਕੀ ਜਾਣਕਾਰੀ ਮਿਲ ਰਹੀ

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਪੀਆਰਟੀਸੀ ਯੂਨੀਅਨ ਦੇ ਪ੍ਰਧਾਨ ਸਹਿਜਪਾਲ ਸਿੰਘ ਨਾਲ ਫੋਨ ਉੱਤੇ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ‘‘ਲਾਪਤਾ ਬੱਸ ਚੰਡੀਗੜ੍ਹ ਡੀਪੂ ਦੀ ਹੈ। ''ਮੌਸਮ ਬਹੁਤ ਖਰਾਬ ਸੀ ਪਰ ਮੈਨੇਜਮੈਂਟ ਨੇ ਗੱਡੀ ਨੂੰ ਧੱਕੇ ਨਾਲ ਮਨਾਲੀ ਭੇਜਿਆ।’’

ਉਨ੍ਹਾਂ ਦਾਅਵਾ ਕੀਤਾ ਕਿ ਡਰਾਈਵਰ ਦੀ ਲਾਸ਼ ਮਿਲ ਗਈ ਹੈ ਪਰ ਕੰਡਕਟਰ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਅਤੇ ਬੱਸ ਵੀ ਲਾਪਤਾ ਹੈ।

ਹਾਲਾਂਕਿ, ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਹੈ ਕਿ ‘‘ਸਾਡੇ ਅਧਿਕਾਰੀ ਆਪ ਉੱਥੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕੀਤੀ ਜਾਵੇਗੀ।’’

ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨਾਲ ਲਾਪਤਾ ਡਰਾਈਵਰ ਤੇ ਕੰਡਕਟਰ ਦਾ ਪਰਿਵਾਰ ਵੀ ਜਾ ਰਿਹਾ ਹੈ, ਤਾਂ ਜੋ ਪੁਸ਼ਟੀ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਅਜੇ ਤੱਕ ਸਵਾਰੀਆਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਅਤੇ ਡਰਾਈਵਰ-ਕੰਡਕਟਰ ਦੇ ਫੋਨਾਂ ਦੀ ਆਖਰੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਹੈ।

ਪਟਿਆਲਾ ਵਿੱਚ ਦੋ ਜਣਿਆਂ ਦੀ ਜ਼ਿੰਦਗੀ ਬਚਾਏ ਜਾਣ ਦਾ ਵਾਇਰਲ ਵੀਡੀਓ

ਪਟਿਆਲਾ ਦੇ ਦੂਧਨ ਸਾਧਾਂ ਏਰੀਏ ਦੇ ਦੋ ਪਿੰਡਾਂ ਵਿੱਚ ਹੜ੍ਹ ਦੇ ਗਹਿਰੇ ਪਾਣੀ ਵਿੱਚ ਦੋ ਵਿਅਕਤੀਆਂ ਨੂੰ ਜ਼ਿਲ੍ਹਾਂ ਪ੍ਰਸਾਸ਼ਨ ਤੇ ਭਾਰਤੀ ਫੌਜ ਦੀ ਟੀਮ ਨੇ ਬਚਾਇਆ ਹੈ।

ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਇਸ ਬਾਬਤ ਕੀ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਬਚਾਅ ਟੀਮਾਂ ਰਾਤ ਸਮੇਂ ਦੋ ਦੋਵਾਂ ਵਿਅਕਤੀਆਂ ਨੂੰ ਬਚਾਉਂਦੀਆਂ ਦਿਖ ਰਹੀਆਂ ਹਨ।

ਸਾਕਸ਼ੀ ਸਾਹਨੀ ਦੇ ਟਵੀਟ ਮਤਾਬਕ ਇੱਕ ਵਿਅਕਤੀ ਮਲਕਾ ਰੁੜਕੀ ਅਤੇ ਦੂਜਾ ਰੋਹੜ ਜਗੀਰ ਪਿੰਡ ਦਾ ਹੈ।

ਇੱਕ ਬਜ਼ੁਰਗ ਵਿਅਕਤੀ ਜਦੋਂ ਪਾਣੀ ਵਿੱਚ ਘਿਰ ਗਿਆ ਤਾਂ ਉਸ ਨੂੰ ਇੱਕ ਰੁੱਖ ਦਾ ਆਸਰਾ ਮਿਲ ਗਿਆ, ਉਹ ਕਈ ਘੰਟੇ ਪਾਣੀ ਵਿੱਚ ਖੜਾ ਰਿਹਾ।

ਸ਼ਾਮ ਵੇਲੇ ਜਦੋਂ ਹਨੇਰਾ ਹੋ ਗਿਆ ਤਾਂ ਉਸ ਨੇ ਫੋਨ ਦੀ ਲਾਇਟ ਔਨ ਕੀਤੀ ਜਿਸ ਨੂੰ ਦੇਖਕੇ ਫੌਜ ਦਾ ਰਾਹਤ ਦਸਤਾ ਉਸ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਦੂਜਾ ਵਿਅਕਤੀ ਪਾਣੀ ਦੀ ਮੋਟਰ ਲਈ ਬਣਾਏ ਕਮਰੇ ਉੱਤੇ ਚੜ੍ਹ ਕੇ ਬੈਠਾ ਰਿਹਾ।

ਦੋ ਵਿਅਕਤੀਆਂ ਦੀ ਜਾਨ ਬਚਾਉਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੀ ਪ੍ਰੰਸ਼ਸ਼ਾ ਹਾਸਲ ਕਰ ਰਹੀ ਹੈ,।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)