ਦੁੱਧ ਪੀਣ ਤੋਂ ਬਾਅਦ ਕੁਝ ਲੋਕਾਂ ਨੂੰ ਪੇਟ ਦਰਦ ਕਿਉਂ ਹੋਣ ਲੱਗਦਾ ਹੈ, ਕੀ ਅਜਿਹਾ ਹੋਣਾ ਸਿਹਤ ਲਈ ਖ਼ਤਰਾ ਹੈ

    • ਲੇਖਕ, ਬੀਬੀਸੀ ਬੰਗਲਾ ਸਰਵਿਸ

ਕੁਝ ਲੋਕਾਂ ਨੂੰ ਡੇਅਰੀ ਉਤਪਾਦ ਖਾਣ ਤੋਂ ਬਾਅਦ ਪੇਟ ਫੁੱਲਣਾ, ਗੈਸ ਅਤੇ ਦਸਤ ਵਰਗੀਆਂ ਪਾਚਨ ਸਬੰਧੀ ਸਮੱਸਿਆਵਾਂ ਆਉਂਦੀਆਂ ਹਨ।

ਇਸਦਾ ਕਾਰਨ ਉਨ੍ਹਾਂ ਦੀ 'ਲੈਕਟੋਸ ਇਨਟੋਲਰੈਂਸ (ਅਸਹਿਣਸ਼ੀਲਤਾ)' ਦਾ ਹੋਣਾ।

ਲੈਕਟੋਸ ਇੱਕ ਕਿਸਮ ਦੀ ਸ਼ੂਗਰ ਹੈ ਜੋ ਜਾਨਵਰਾਂ ਦੇ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਵਿੱਚ ਪਾਈ ਜਾਂਦੀ ਹੈ। ਲੈਕਟੋਸ ਅਸਹਿਣਸ਼ੀਲਤਾ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਇਸ ਲੈਕਟੋਸ ਨੂੰ ਤੋੜ ਜਾਂ ਹਜ਼ਮ ਨਹੀਂ ਕਰ ਸਕਦਾ।

ਛੋਟੀ ਆਂਦਰ ਵਿੱਚ ਲੈਕਟੇਸ ਨਾਮ ਦਾ ਇੱਕ ਐਨਜ਼ਾਈਮ ਹੁੰਦਾ ਹੈ, ਜੋ ਲੈਕਟੋਸ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ।

ਇਸ ਐਨਜ਼ਾਈਮ ਦਾ ਕੰਮ ਦੁੱਧ ਵਿੱਚ ਮੌਜੂਦ ਸ਼ੂਗਰ ਅਤੇ ਲੈਕਟੋਸ ਨੂੰ ਤੋੜਨਾ ਅਤੇ ਉਸ ਨੂੰ ਹਜ਼ਮ ਕਰਨਾ ਹੈ।

ਲੈਕਟੋਸ ਇਨਟੋਲਰੈਂਸ ਉਦੋਂ ਹੁੰਦੀ ਹੈ ਜਦੋਂ ਛੋਟੀ ਆਂਦਰ ਲੋੜੀਂਦੀ ਮਾਤਰਾ ਵਿੱਚ ਲੈਕਟੇਸ ਪੈਦਾ ਨਹੀਂ ਕਰਦੀ।

ਦੁੱਧ ਜਾਂ ਡੇਅਰੀ ਉਤਪਾਦਾਂ ਦਾ ਸੇਵਨ ਲੈਕਟੋਸ ਇਨਟੋਲਰੈਂਸ ਵਾਲੇ ਲੋਕਾਂ ਦੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦਾ ਕਾਰਨ ਬਣ ਸਕਦਾ ਹੈ।

ਏਸ਼ੀਆਈ, ਅਫਰੀਕੀ, ਮੈਕਸੀਕਨ ਅਤੇ ਮੂਲ ਅਮਰੀਕੀਆਂ ਵਿੱਚ ਲੈਕਟੋਸ ਇਨਟੋਲਰੈਂਸ ਸਭ ਤੋਂ ਆਮ ਹੈ।

ਜੇਕਰ ਤੁਸੀਂ ਇਹਨਾਂ ਲੱਛਣਾਂ ਦਾ ਤਜਰਬਾ ਕਰਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਲੈਕਟੋਸ ਇਨਟੋਲਰੈਂਟ ਹੋ।

ਲੱਛਣ

ਡੇਅਰੀ ਉਤਪਾਦ ਖਾਣ ਦੇ ਮਿੰਟਾਂ ਜਾਂ ਘੰਟਿਆਂ ਦੇ ਅੰਦਰ ਲੈਕਟੋਸ ਇਨਟੋਲਰੈਂਸ ਦੇ ਲੱਛਣ ਦਿਖਾਈ ਦਿੰਦੇ ਹਨ। ਆਮ ਲੱਛਣਾਂ ਵਿੱਚ ਸ਼ਾਮਲ ਹਨ:

  • ਪੇਟ ਫੁੱਲਣਾ ਜਾਂ ਗੈਸ
  • ਵਾਰ-ਵਾਰ ਡਕਾਰ ਆਉਣਾ
  • ਪੇਟ ਦਰਦ ਜਾਂ ਬੇਅਰਾਮੀ
  • ਦਸਤ ਜਾਂ ਕਬਜ਼

ਕਈ ਲੋਕਾਂ ਨੂੰ ਸਰੀਰ ਉੱਤੇ ਧੱਫੜ, ਸਿਰ ਦਰਦ, ਜੋੜਾਂ ਵਿੱਚ ਦਰਦ, ਥਕਾਵਟ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਵੀ ਹੋ ਸਕਦੀ ਹੈ।

ਹਾਲਾਂਕਿ, ਜੇਕਰ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਦਸਤ, ਕਬਜ਼, ਸਟੂਲ ਵਿੱਚ ਖੂਨ, ਪੇਟ ਵਿੱਚ ਗੰਭੀਰ ਸੋਜ ਜਾਂ ਤੇਜ਼ੀ ਨਾਲ ਭਾਰ ਘਟਣਾ ਮਹਿਸੂਸ ਹੁੰਦਾ ਹੈ, ਤਾਂ ਉਨ੍ਹਾਂ ਨੂੰ ਤੁਰੰਤ ਗੈਸਟ੍ਰੋਐਂਟਰੌਲੋਜਿਸਟ ਨਾਲ ਸਲਾਹ ਕਰਨੀ ਚਾਹੀਦੀ ਹੈ।

ਐਲਰਜੀ

ਖਾਣੇ ਦੀਆਂ ਐਲਰਜੀਆਂ ਲੈਕਟੋਸ ਇਨਟੋਲਰੈਂਸ ਨਾਲੋਂ ਕਿਤੇ ਗੰਭੀਰ ਹੁੰਦੀ ਹੈ। ਜੇਕਰ ਕਿਸੇ ਨੂੰ ਲੈਕਟੋਸ ਵਾਲੇ ਭੋਜਨਾਂ ਤੋਂ ਐਲਰਜੀ ਹੈ ਤਾਂ ਲੱਛਣ ਗੰਭੀਰ ਹੋ ਸਕਦੇ ਹਨ।

ਇਹ ਲੱਛਣ ਹਨ-

  • ਦੁੱਧ ਪੀਣ ਤੋਂ ਤੁਰੰਤ ਬਾਅਦ ਬੁੱਲ੍ਹਾਂ, ਚਿਹਰੇ, ਗਲੇ ਜਾਂ ਜੀਭ ਉੱਤੇ ਅਚਾਨਕ ਸੋਜ
  • ਸੁੱਜੀ ਹੋਈ ਥਾਂ 'ਤੇ ਖੁਜਲੀ ਅਤੇ ਛਾਲੇ ਹੋ ਜਾਣਾ
  • ਆਮ ਤੌਰ ਉੱਤੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ, ਇਸ ਲਈ ਤੁਹਾਨੂੰ ਬਹੁਤ ਤੇਜ਼ੀ ਨਾਲ ਸਾਹ ਲੈਣਾ ਪੈਂਦਾ ਹੈ
  • ਗਲਾ ਸਖ਼ਤ ਹੋ ਜਾਂਦਾ ਹੈ ਜਾਂ ਨਿਗਲਣਾ ਮੁਸ਼ਕਲ ਹੋ ਜਾਂਦਾ ਹੈ
  • ਚਮੜੀ, ਜੀਭ, ਜਾਂ ਬੁੱਲ੍ਹ ਨੀਲੇ, ਭੂਰੇ ਜਾਂ ਪੀਲੇ ਹੋ ਜਾਂਦੇ ਹਨ (ਜੇ ਚਮੜੀ ਦਾ ਰੰਗ ਗੂੜ੍ਹਾ ਜਾਂ ਭੂਰਾ ਹੈ, ਤਾਂ ਇਹ ਤਬਦੀਲੀ ਹੱਥਾਂ ਦੀਆਂ ਹਥੇਲੀਆਂ ਜਾਂ ਪੈਰਾਂ ਦੇ ਤਲ਼ਿਆਂ 'ਤੇ ਵਧੇਰੇ ਦਿਖਾਈ ਦੇਵੇਗੀ)
  • ਅਚਾਨਕ ਬਹੁਤ ਉਲਝਣ, ਨੀਂਦ ਆਉਣਾ ਜਾਂ ਚੱਕਰ ਆਉਣਾ
  • ਬੱਚਿਆਂ ਦਾ ਸਰੀਰ ਸੁੰਨ ਹੋ ਜਾਂਦਾ, ਸਿਰ ਝੁਕ ਜਾਂਦਾ ਅਤੇ ਉਹ ਕੋਈ ਪ੍ਰਤੀਕਿਰਿਆ ਦੀ ਕਰਦੇ

ਜੇਕਰ ਤੁਹਾਨੂੰ ਭੋਜਨ ਐਲਰਜੀ ਦੇ ਗੰਭੀਰ ਲੱਛਣਾਂ ਦਾ ਅਨੁਭਵ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ।

ਲੈਕਟੋਸ ਇਨਟੋਲਰੈਂਸ ਅਤੇ ਭੋਜਨ ਐਲਰਜੀ ਇੱਕੋ ਚੀਜ਼ ਨਹੀਂ ਹਨ। ਭੋਜਨ ਐਲਰਜੀ ਮੌਤ ਦਾ ਖ਼ਤਰਾ ਵੀ ਪੈਦਾ ਕਰ ਸਕਦੀ ਹੈ।

ਲੈਕਟੋਸ ਕਿਸ ਵਿੱਚ ਹੁੰਦਾ ਹੈ?

ਜਾਨਵਰਾਂ ਦੇ ਦੁੱਧ ਵਿੱਚ ਲੈਕਟੋਸ ਪਾਇਆ ਜਾਂਦਾ ਹੈ। ਇਨ੍ਹਾਂ ਵਿੱਚ ਗਾਂ, ਮੱਝ, ਬੱਕਰੀ ਅਤੇ ਭੇਡ ਦਾ ਦੁੱਧ ਸ਼ਾਮਲ ਹੈ। ਇਹ ਇਸ ਤੋਂ ਬਣੇ ਭੋਜਨ ਉਤਪਾਦਾਂ ਵਿੱਚ ਵੀ ਪਾਇਆ ਜਾਂਦਾ ਹੈ।

ਡੇਅਰੀ ਉਤਪਾਦਾਂ ਵਿੱਚ ਦੁੱਧ, ਮੱਖਣ, ਪਨੀਰ, ਕਰੀਮ, ਦਹੀ ਅਤੇ ਆਈਸ ਕਰੀਮ ਸ਼ਾਮਲ ਹਨ।

ਕੁਝ ਪ੍ਰੋਸੈਸਡ ਫੂਡ ਉਤਪਾਦਾਂ ਵਿੱਚ ਲੈਕਟੋਸ ਵੀ ਹੋ ਸਕਦਾ ਹੈ:

• ਕਣਕ, ਜਈ, ਚੌਲ, ਜੌਂ ਅਤੇ ਮੱਕੀ ਵਰਗੇ ਅਨਾਜਾਂ ਤੋਂ ਬਣੇ ਭੋਜਨ

• ਬਰੈੱਡ, ਕਰੈਕਰਸ, ਕੇਕ, ਬਿਸਕੁਟ ਅਤੇ ਪੇਸਟਰੀਆਂ, ਸੌਸ, ਸਲਾਦ ਡ੍ਰੈਸਿੰਗ, ਮਿਲਕ ਸ਼ੇਕ ਅਤੇ ਪ੍ਰੋਟੀਨ ਸ਼ੇਕ

ਲੈਕਟੋਸ ਇਨਟੋਲਰੈਂਸ ਟੈਸਟ

ਲੈਕਟੋਸ ਇਨਟੋਲਰੈਂਸ ਦਾ ਪਤਾ ਲਗਾਉਣ ਲਈ ਸਭ ਤੋਂ ਸਰਲ ਟੈਸਟ ਇਹ ਦੇਖਣਾ ਹੈ ਕਿ ਕੀ ਤੁਹਾਡਾ ਭੋਜਨ ਪੇਟ ਫੁੱਲਣ, ਦਸਤ, ਜਾਂ ਕਬਜ਼ ਵਰਗਾ ਮਹਿਸੂਸ ਕਰਦੇ ਹਨ।

ਜੇਕਰ ਤੁਸੀਂ ਲੈਕਟੋਸ ਵਾਲਾ ਭੋਜਨ ਖਾਣਾ ਬੰਦ ਕਰ ਦਿੰਦੇ ਹੋ, ਤਾਂ ਇਹ ਸਮੱਸਿਆ ਆਪਣੇ ਆਪ ਹੱਲ ਹੋ ਜਾਵੇਗੀ।

ਲੈਕਟੋਸ ਇਨਟੋਰਲੈਂਸ ਦਾ ਪਤਾ ਲੈਕਟੋਸ ਟੈਸਟ ਅਤੇ ਹਾਈਡ੍ਰੋਜਨ ਸਾਹ ਟੈਸਟ ਨਾਲ ਲਗਾਇਆ ਜਾ ਸਕਦਾ ਹੈ।

ਲੈਕਟੋਸ ਇਨਟੋਰਲੈਂਸ ਟੈਸਟ: ਇਸ ਟੈਸਟ ਤੋਂ ਇਹ ਪਤਾ ਲੱਗਦਾ ਹੈ ਕਿ ਤੁਹਾਡੀ ਪਾਚਨ ਪ੍ਰਣਾਲੀ ਲੈਕਟੋਸ ਨੂੰ ਕਿੰਨੀ ਚੰਗੀ ਤਰ੍ਹਾਂ ਹਜ਼ਮ ਕਰ ਸਕਦੀ ਹੈ।

ਤੁਹਾਨੂੰ ਟੈਸਟ ਤੋਂ ਲਗਭਗ ਚਾਰ ਘੰਟੇ ਪਹਿਲਾਂ ਵਰਤ ਰੱਖਣ ਲਈ ਕਿਹਾ ਜਾਵੇਗਾ।

ਫਿਰ ਤੁਹਾਨੂੰ ਇੱਕ ਲੈਕਟੋਸ ਵਾਲਾ ਡਰਿੰਕ ਦਿੱਤਾ ਜਾਵੇਗਾ ਅਤੇ ਅਗਲੇ ਦੋ ਘੰਟਿਆਂ ਵਿੱਚ ਖੂਨ ਦੇ ਨਮੂਨੇ ਲਏ ਜਾਣਗੇ।

ਹਾਈਡ੍ਰੋਜਨ ਸਾਹ ਟੈਸਟ: ਹਾਈਡ੍ਰੋਜਨ ਸਾਹ ਟੈਸਟ ਵਿੱਚ ਤੁਹਾਨੂੰ ਇੱਕ ਤਰਲ ਦਿੱਤਾ ਪੀਣ ਲਈ ਜਾਵੇਗਾ ਜਿਸ ਵਿੱਚ ਲੈਕਟੋਸ ਦੀ ਉੱਚ ਮਾਤਰਾ ਹੁੰਦੀ ਹੈ।

ਫਿਰ ਤੁਹਾਡੀ ਸਾਹ ਦੀ ਕਈ ਵਾਰ ਜਾਂਚ ਕੀਤੀ ਜਾਵੇਗੀ। ਤੁਹਾਡੇ ਸਾਹ ਵਿੱਚ ਹਾਈਡ੍ਰੋਜਨ ਦਾ ਉੱਚ ਪੱਧਰ ਦਰਸਾਉਂਦਾ ਹੈ ਕਿ ਤੁਸੀਂ ਲੈਕਟੋਸ ਇਨਟੋਲਰੈਂਟ ਹੋ।

ਮਲ ਐਸਿਡ ਟੈਸਟ: ਇਹ ਟੈਸਟ ਛੋਟੇ ਬੱਚਿਆਂ ਲਈ ਵਰਤਿਆ ਜਾਂਦਾ ਹੈ। ਇਹ ਮਲ ਵਿੱਚ ਐਸਿਡ ਦੀ ਮਾਤਰਾ ਨੂੰ ਮਾਪਦਾ ਹੈ।

ਜੇਕਰ ਕੋਈ ਵਿਅਕਤੀ ਲੈਕਟੋਸ ਨੂੰ ਹਜ਼ਮ ਨਹੀਂ ਕਰ ਸਕਦਾ, ਤਾਂ ਉਸ ਦੇ ਮਲ ਵਿੱਚ ਲੈਕਟਿਕ ਐਸਿਡ, ਗਲੂਕੋਜ਼ ਅਤੇ ਹੋਰ ਫੈਟੀ ਐਸਿਡ ਹੋਣਗੇ।

ਬਾਇਓਪਸੀ: ਜੇਕਰ ਲੱਛਣ ਗੰਭੀਰ ਹਨ ਅਤੇ ਲੰਬੇ ਸਮੇਂ ਤੱਕ ਠੀਕ ਨਹੀਂ ਹੋ ਰਹੇ, ਤਾਂ ਗੈਸਟ੍ਰੋਸਕੋਪੀ ਦੀ ਲੋੜ ਹੋ ਸਕਦੀ ਹੈ।

ਇਸ ਵਿੱਚ ਤੁਹਾਡੇ ਮੂੰਹ ਰਾਹੀਂ ਤੁਹਾਡੇ ਪੇਟ ਵਿੱਚ ਇੱਕ ਲੰਬੀ, ਪਤਲੀ ਟਿਊਬ ਪਾਈ ਜਾਂਦੀ ਹੈ। ਤੁਹਾਡੀ ਛੋਟੀ ਆਂਦਰ ਵਿੱਚੋਂ ਸੈੱਲਾਂ ਦਾ ਇੱਕ ਛੋਟਾ ਜਿਹਾ ਨਮੂਨਾ ਲਿਆ ਜਾਂਦਾ ਹੈ ਅਤੇ ਜਾਂਚ ਕੀਤੀ ਜਾਂਦੀ ਹੈ।

ਇਲਾਜ ਕੀ ਹੈ?

ਲੈਕਟੋਸਇਨਟੋਲਰੈਂਸ ਦਾ ਕੋਈ ਸਥਾਈ ਇਲਾਜ ਨਹੀਂ ਹੈ, ਕਿਉਂਕਿ ਵਰਤਮਾਨ ਵਿੱਚ ਕੋਈ ਇਲਾਜ ਨਹੀਂ ਹੈ ਜੋ ਤੁਹਾਡੇ ਸਰੀਰ ਨੂੰ ਵਧੇਰੇ ਲੈਕਟੇਸ ਐਂਜ਼ਾਈਮ ਪੈਦਾ ਕਰਨ ਵਿੱਚ ਮਦਦ ਕਰ ਸਕੇ।

ਹਾਲਾਂਕਿ, ਤੁਸੀਂ ਆਪਣੇ ਖਾਣ-ਪਾਣ ਨੂੰ ਬਦਲ ਕੇ ਜਾਂ ਲੈਕਟੇਸ ਪੂਰਕਾਂ ਦੀ ਵਰਤੋਂ ਕਰਕੇ ਲੱਛਣਾਂ ਨੂੰ ਕਾਬੂ ਕਰ ਸਕਦੇ ਹੋ।

ਇਸ ਤਰ੍ਹਾਂ, ਲੈਕਟੋਸ ਇਨਟੋਲਰੈਂਸ ਦਾ ਇੱਕੋ ਇੱਕ ਮੁੱਢਲਾ ਇਲਾਜ ਲੈਕਟੋਸ ਵਾਲੇ ਭੋਜਨਾਂ ਤੋਂ ਬਚਣਾ ਹੈ ਜਾਂ ਉਹਨਾਂ ਨੂੰ ਬਹੁਤ ਘੱਟ ਮਾਤਰਾ ਵਿੱਚ ਖਾਣਾ ਹੈ। ਲੈਕਟੋਸ ਵਾਲੇ ਭੋਜਨ ਖਾਣ ਤੋਂ ਪਹਿਲਾਂ ਲੈਕਟੇਜ਼ ਪੂਰਕਾਂ ਨੂੰ ਲੈਣਾ ਇਹਨਾਂ ਲੱਛਣਾਂ ਨੂੰ ਰੋਕ ਸਕਦਾ ਹੈ।

ਕਈ ਲੋਕਾਂ ਵਿੱਚ ਲੈਕਟੋਸ ਇਨਟੋਲਰੈਂਸ ਦਾ ਇੱਕ ਵੱਡਾ ਕਾਰਨ ਸੀਲੀਏਕ ਬਿਮਾਰੀ ਹੈ। ਇਹ ਇੱਕ ਸਵੈ-ਰੋਧਕ (ਸੈਲਫ ਰੇਜਿਸਟੈਂਸ) ਬਿਮਾਰੀ ਹੈ ਜੋ ਛੋਟੀ ਆਂਦਰ ਦੀ ਪਰਤ ਨੂੰ ਕਮਜ਼ੋਰ ਕਰਦੀ ਹੈ। ਜੇਕਰ ਸੀਲੀਏਕ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ, ਤਾਂ ਲੈਕਟੋਸ ਇਨਟੋਲਰੈਂਸ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।

ਦੁੱਧ ਇੱਕ ਆਦਰਸ਼ ਭੋਜਨ ਮੰਨਿਆ ਜਾਂਦਾ ਹੈ, ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਡੀ ਦਾ ਇੱਕ ਵਧੀਆ ਸਰੋਤ।

ਇਸ ਲਈ, ਦੇਖੋ ਕਿ ਕਿਹੜੇ ਦੁੱਧ ਜਾਂ ਡੇਅਰੀ ਉਤਪਾਦ ਘੱਟ ਤੋਂ ਘੱਟ ਲੈਕਟੋਸ ਇਨਟੋਲਰੈਂਸ ਦੇ ਲੱਛਣਾਂ ਦਾ ਕਾਰਨ ਬਣਦੇ ਹਨ। ਉਹਨਾਂ ਨੂੰ ਘੱ ਖਾਓ।

ਤੁਸੀਂ ਬਾਜ਼ਾਰ ਵਿੱਚੋਂ ਲੈਕਟੋਸ-ਮੁਕਤ ਦੁੱਧ ਅਤੇ ਲੈਕਟੋਸ-ਮੁਕਤ ਭੋਜਨ ਵੀ ਚੁਣ ਸਕਦੇ ਹੋ, ਜਿਸ ਵਿੱਚ ਲੈਕਟੇਸ ਐਂਜ਼ਾਈਮ ਹੁੰਦਾ ਹੈ।

ਹਾਰਡ ਚੀਜ਼ ਅਤੇ ਦਹੀ ਵਿੱਚ ਲੈਕਟੋਸ ਬਹੁਤ ਘੱਟ ਹੁੰਦਾ ਹੈ, ਇਸ ਲਈ ਤੁਸੀਂ ਉਨ੍ਹਾਂ ਨੂੰ ਅਜ਼ਮਾ ਸਕਦੇ ਹੋ।

(ਸਾਰੀ ਜਾਣਕਾਰੀ ਡਬਲਯੂਐੱਚਓ, ਯੂਐੱਸ ਸੈਂਟਰ ਫਾਰ ਡਿਜੀਡ ਕੰਟ੍ਰੋਲ ਅਤੇ ਯੂਕੇ ਨੈਸ਼ਨਲ ਹੈਲਥ ਸਰਵਿਸ ਤੋਂ ਲਈ ਗਈ ਹੈ।)