ਸਿੱਖ ਕੈਦੀਆਂ ਦੀ ਰਿਹਾਈ ਲਈ ਸਾਲਾਂ ਲੰਬਾ ਸੰਘਰਸ਼ ਕਰਨ ਵਾਲੇ ਸੂਰਤ ਸਿੰਘ ਖ਼ਾਲਸਾ ਦਾ ਦੇਹਾਂਤ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸਿੱਖ ਕਾਰਕੁਨ ਸੂਰਤ ਸਿੰਘ ਖ਼ਾਲਸਾ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ ਹੈ। ਸੂਰਤ ਸਿੰਘ ਖਾਲਸਾ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਲੰਬਾ ਸਮਾਂ ਸੰਘਰਸ਼ ਕੀਤਾ ਸੀ।

ਉਨ੍ਹਾਂ ਨੇ 16 ਜਨਵਰੀ, 2015 ਤੋਂ 14 ਜਨਵਰੀ 2023 ਤੱਕ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਕੀਤੀ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਪਛਾਣ ‘ਬਾਪੂ ਸੂਰਤ ਸਿੰਘ ਖਾਲਸਾ’ ਬਣ ਗਈ ਸੀ।

91 ਸਾਲਾ ਸੂਰਤ ਸਿੰਘ ਖ਼ਾਲਸਾ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਰਿਵਾਰ ਕੋਲ ਅਮਰੀਕਾ ਗਏ ਸਨ। ਉਨ੍ਹਾਂ ਦਾ ਅਕਾਲ ਚਲਾਣਾ ਭਾਰਤੀ ਸਮੇਂ ਮੁਤਾਬਕ ਅੱਜ ਤੜਕੇ 6 ਵਜੇ ਨਿਊਯਾਰਕ ਵਿੱਚ ਹੋਇਆ।

ਲੁਧਿਆਣਾ ਦੇ ਹਸਨਪੁਰ ਪਿੰਡ ਦੇ ਰਹਿਣ ਵਾਲੇ ਸੂਰਤ ਸਿੰਘ ਖ਼ਾਲਸਾ ਇੱਕ ਸਰਕਾਰੀ ਅਧਿਆਪਕ ਸਨ। ਪਰ ਸਾਲ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਉਹ ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੇ ਰਹੇ ਹਨ।

ਲੋਕ ਹਿੱਤਾਂ ਲਈ ਲੜਨ ਵਾਲਾ ਸਮਾਜਿਕ ਕਾਰਕੁੰਨ

ਸੂਰਤ ਸਿੰਘ ਖ਼ਾਲਸਾ ਦੇ ਕਰੀਬੀ ਅਤੇ ਸੰਘਰਸ਼ ਦੌਰਾਨ ਉਨ੍ਹਾਂ ਦੇ ਸਾਥੀ ਰਹੇ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਖ਼ਾਲਸਾ 1970 ਦੇ ਦਹਾਕੇ ਤੋਂ ਹੀ ਮਨੁੱਖੀ ਅਧਿਕਾਰਾਂ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹੇ ਹਨ।

ਉਨ੍ਹਾਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਜੋਗਿੰਦਰ ਸਿੰਘ ਰੋਡੇ ਦੀ ਅਗਵਾਈ ਹੇਠ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।

ਉਹ 1987 ਤੱਕ ਯੂਨਾਈਟਿਡ ਅਕਾਲੀ ਦਲ ਦੇ ਸਰਗਰਮ ਮੈਂਬਰ ਰਹੇ ਸਨ।

ਉਹ ਆਪਣੇ ਜੀਵਨ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਪੰਜਾਬ ਦੇ ਨਾਭਾ, ਪਟਿਆਲਾ ਅਤੇ ਅੰਮ੍ਰਿਤਸਰ, ਹਰਿਆਣਾ ਦੇ ਰੋਹਤਕ ਅਤੇ ਅੰਬਾਲਾ ਅਤੇ ਚੰਡੀਗੜ੍ਹ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਵੀ ਰਹੇ।

ਗੁਰਦੀਪ ਸਿੰਘ ਦੱਸਦੇ ਹਨ ਕਿ ਸਾਲ 1986 ਵਿੱਚ ਪੰਜਾਬ ਵਿਧਾਨ ਸਭਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸੂਰਤ ਸਿੰਘ ਖਾਲਸਾ ਦੀ ਲੱਤ 'ਤੇ ਗੋਲੀ ਵੀ ਲੱਗੀ ਸੀ।

ਸੂਰਤ ਸਿੰਘ ਖਾਲਸਾ ਨੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੁੱਧੀ ਅੰਦੋਲਨ ਨੂੰ ਸਮਰਥਨ ਦੇਣ ਲਈ ਆਪਣੇ ਪਿੰਡ ਵਿੱਚ ਪੰਜ ਦਿਨਾਂ ਦੀ ਭੁੱਖ ਹੜਤਾਲ ਵੀ ਕੀਤੀ ਸੀ।

ਭੁੱਖ ਹੜਤਾਲ ਦੌਰਾਨ ਕੀ-ਕੀ ਵਾਪਰਿਆ

ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ, 2015 ਨੂੰ ਆਪਣੇ ਪਿੰਡ ਹਸਨਪੁਰ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਇਹ ਭੁੱਖ ਹੜਤਾਲ ਆਪਣੀ ਸਜ਼ਾ ਮੁਕੰਮਲ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼ੁਰੂ ਕੀਤੀ ਸੀ।

ਭੁੱਖ ਹੜਤਾਲ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ, ਸਿਵਲ ਹਸਪਤਾਲ ਅਤੇ ਪੀਜੀਆਈ ਵਿੱਚ ਭਰਤੀ ਕਰਵਾਇਆ ਜਾਂਦਾ ਰਿਹਾ ਅਤੇ ਹਸਪਤਾਲ ਵਿੱਚੋਂ ਛੁੱਟੀ ਵੀ ਦੇ ਦਿੱਤੀ ਜਾਂਦੀ ਸੀ।

ਪਰ ਉਨ੍ਹਾਂ ਨੂੰ ਜੂਨ 2016 ਵਿੱਚ ਡੀਐੱਮਸੀ ਹਸਪਤਾਲ, ਲੁਧਿਆਣਾ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਭੁੱਖ ਹੜਤਾਲ ਖ਼ਤਮ ਹੋਣ ਤੱਕ ਭਰਤੀ ਰਹੇ।

ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਨੱਕ ਰਾਹੀਂ ਤਰਲ ਖੁਰਾਕ ਦਿੱਤੀ ਜਾਂਦੀ ਰਹੀ।

ਉਨ੍ਹਾਂ ਨੂੰ ਹਸਪਤਾਲ ਵਿੱਚ ਇੱਕ ਨਿੱਜੀ ਕਮਰਾ ਦਿੱਤਾ ਗਿਆ ਸੀ ਅਤੇ ਸਾਰਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਸੀ।

ਆਖ਼ਿਰ 14 ਜਨਵਰੀ 2023 ਨੂੰ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕੀਤੀ।

ਭੁੱਖ ਹੜਤਾਲ ਖ਼ਤਮ ਹੋਣ ਤੋਂ ਬਾਅਦ ਵੀ ਖ਼ਰਾਬ ਸਿਹਤ ਦੇ ਚਲਦਿਆਂ ਉਨ੍ਹਾਂ ਨੂੰ ਲੰਬਾ ਸਮਾਂ ਹਸਪਤਾਲ ਵਿੱਚ ਰੱਖਿਆ ਗਿਆ।

4 ਮਾਰਚ 2023 ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।

ਭੁੱਖ ਹੜਤਾਲ ਕਿਵੇਂ ਖ਼ਤਮ ਹੋਈ

ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਸੂਰਤ ਸਿੰਘ ਖਾਲਸਾ ਨੇ ਜਗਤਾਰ ਸਿੰਘ ਹਵਾਰਾ ਦੇ ਕਹਿਣ ਉੱਤੇ ਹੀ ਭੁੱਖ ਹੜਤਾਲ ਖ਼ਤਮ ਕੀਤੀ ਸੀ।

ਜਗਤਾਰ ਸਿੰਘ ਹਵਾਰਾ ਨੇ ਖ਼ਾਲਸਾ ਨੂੰ ਇੱਕ ਲਿਖਤ ਸੰਦੇਸ਼ ਭੇਜਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਭੁੱਖ ਹੜਤਾਲ ਖ਼ਤਮ ਕਰਕੇ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ।

ਇਸੇ ਮਗਰੋਂ ਖ਼ਾਲਸਾ ਨੇ ਭੁੱਖ ਹੜਤਾਲ ਖ਼ਤਮ ਕੀਤੀ ਸੀ।

ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਦੀ ਇੱਛਾ

ਕਈ ਪੰਥਕ ਜਥੇਬੰਦੀਆਂ ਦੇ ਸਮਰਥਨ ਨਾਲ ਜਨਵਰੀ 2023 ਵਿੱਚ ਮੁਹਾਲੀ ਵਿੱਚ ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ 'ਕੌਮੀ ਇਨਸਾਫ਼ ਮੋਰਚਾ' ਸ਼ੁਰੂ ਹੋਇਆ ਸੀ।

ਇਨ੍ਹਾਂ ਵਿੱਚੋਂ ਕਈ ਜਥੇਬੰਦੀਆਂ ਅਜਿਹੀਆਂ ਸਨ, ਜਿਹੜੀਆਂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਦੌਰਾਨ ਵੀ ਉਨ੍ਹਾਂ ਦੇ ਸਮਰਥਨ ਵਿੱਚ ਸਨ।

ਇਸ ਲਈ ਖ਼ਾਲਸਾ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਲੰਬਾ ਸਮਾਂ ਹਸਪਤਾਲਾਂ ਤੋਂ ਛੁੱਟੀ ਨਹੀਂ ਦਿੱਤੀ ਗਈ।

ਪੰਥਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਵਾਉਣ ਅਤੇ ਮੋਰਚੇ ਵਿੱਚ ਸ਼ਾਮਲ ਕਰਵਾਉਣ ਵਾਸਤੇ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ।

ਗੁਰਦੀਪ ਸਿੰਘ ਬਠਿੰਡਾ ਕਹਿੰਦੇ, "ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਵੀ ਪੁਲਿਸ ਦਾ ਸੂਰਤ ਸਿੰਘ ਦੇ ਘਰ ਬਾਹਰ ਪਹਿਰਾ ਰਹਿੰਦਾ ਸੀ ਅਤੇ ਉਹ ਮੋਰਚੇ ਦਾ ਹਿੱਸਾ ਨਾ ਬਣ ਸਕੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)