ਬ੍ਰਸ਼ ਕਰਦੇ ਸਮੇਂ ਅਚਾਨਕ ਫਟ ਗਈ ਗਲ਼ੇ ਦੀ ਨਸ: ਦੁਨੀਆ ਭਰ ਵਿੱਚ ਹੁਣ ਤੱਕ ਅਜਿਹੇ ਸਿਰਫ਼ 10 ਮਾਮਲੇ, ਜਾਣੋ ਕਾਰਨ ਕੀ ਰਿਹਾ

    • ਲੇਖਕ, ਵਿਸ਼ਣੁਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਸਵੇਰੇ ਬ੍ਰਸ਼ ਕਰ ਰਿਹਾ ਸੀ ਜਦੋਂ ਅਚਾਨਕ ਇੱਕ ਹਿਚਕੀ ਜਿਹੀ ਆਈ। ਫਿਰ ਮੈਨੂੰ ਲੱਗਾ ਜਿਵੇਂ ਗਲੇ ਦੇ ਸੱਜੇ ਪਾਸੇ ਅੰਦਰ ਕੋਈ ਗੁਬਾਰਾ ਤੇਜ਼ੀ ਨਾਲ ਫੁੱਲ ਰਿਹਾ ਹੋਵੇ। ਕੁਝ ਹੀ ਮਿੰਟਾਂ ਵਿੱਚ ਮੇਰਾ ਗਲ਼ਾ ਪੂਰੀ ਤਰ੍ਹਾਂ ਸੁੱਜ ਗਿਆ ਅਤੇ ਮੈਨੂੰ ਇੰਨਾ ਦਰਦ ਹੋਇਆ ਕਿ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ।"

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰਾਹੁਲ ਕੁਮਾਰ ਜਾਂਗੜੇ ਨੂੰ ਯਾਦ ਹੈ ਕਿ ਇੱਕ ਦਸੰਬਰ ਨੂੰ ਅਚਾਨਕ ਉੱਠੇ ਬਹੁਤ ਤੇਜ਼ ਦਰਦ ਦੌਰਾਨ ਉਨ੍ਹਾਂ ਨੇ ਆਪਣੀ ਪਤਨੀ ਨੂੰ ਬਸ ਇੰਨਾ ਹੀ ਕਿਹਾ ਸੀ, "ਕੁਝ ਠੀਕ ਨਹੀਂ ਲੱਗ ਰਿਹਾ, ਹਸਪਤਾਲ ਚੱਲਣਾ ਚਾਹੀਦਾ ਹੈ।"

ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਉਹ ਰਾਏਪੁਰ ਦੇ ਡਾਕਟਰ ਭੀਮਰਾਓ ਅੰਬੇਡਕਰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਸਨ।

ਡਾਕਟਰਾਂ ਦੇ ਅਨੁਸਾਰ ਇਹ ਕਿਸੇ ਚੋਟ ਜਾਂ ਬਿਮਾਰੀ ਕਾਰਨ ਨਹੀਂ ਹੋਇਆ ਸੀ, ਸਗੋਂ ਇਹ ਇੱਕ ਦੁਰਲੱਭ ਘਟਨਾ ਸੀ। ਇਸ ਵਿੱਚ, ਗਲ਼ੇ ਵਿੱਚ ਸਥਿਤ ਦਿਮਾਗ ਤੱਕ ਖੂਨ ਪਹੁੰਚਾਉਣ ਵਾਲੀ ਨਸ (ਆਰਟਰੀ/ਧਮਣੀ ) ਆਪਣੇ ਆਪ ਫਟ ਗਈ ਸੀ।

ਇਸਨੂੰ ਸਪਾਂਟੇਨਿਅਸ ਕੈਰੋਟਿਡ ਆਰਟਰੀ ਰਪਚਰ ਕਿਹਾ ਜਾਂਦਾ ਹੈ ਅਤੇ ਇਹ ਛੱਤੀਸਗੜ੍ਹ ਵਿੱਚ ਹੋਇਆ ਪਹਿਲਾ ਮਾਮਲਾ ਸੀ।

ਭੀਮਰਾਓ ਅੰਬੇਡਕਰ ਹਸਪਤਾਲ ਦੇ ਹਾਰਟ, ਚੈਸਟ ਅਤੇ ਵੈਸਕੁਲਰ ਸਰਜਰੀ ਵਿਭਾਗ ਦੇ ਡਾਕਟਰ ਲਗਭਗ 6 ਘੰਟਿਆਂ ਦੀ ਮੁਸ਼ਕਿਲ ਸਰਜਰੀ ਤੋਂ ਬਾਅਦ ਰਾਹੁਲ ਦੀ ਜਾਨ ਬਚਾ ਸਕੇ ਸਨ।

ਇਹ ਕੀ ਹੁੰਦਾ ਹੈ ਅਤੇ ਜਾਨਲੇਵਾ ਕਿਉਂ ਹੈ?

ਇਸੇ ਵਿਭਾਗ ਦੇ ਐਚਓਡੀ ਡਾਕਟਰ ਕ੍ਰਿਸ਼ਣਕਾਂਤ ਸਾਹੂ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦਿਆਂ ਕਿਹਾ, "ਗਰਦਨ ਦੀ ਨਸ ਫਟਣਾ ਇੱਕ ਜਾਨਲੇਵਾ ਘਟਨਾ ਹੁੰਦੀ ਹੈ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਹੀ ਮਿੰਟਾਂ ਵਿੱਚ ਮੌਤ ਹੋ ਸਕਦੀ ਹੈ। ਪਰ ਅਜਿਹਾ ਜ਼ਿਆਦਾਤਰ ਗੰਭੀਰ ਐਕਸੀਡੈਂਟ ਦੇ ਮਾਮਲਿਆਂ ਜਾਂ ਫਿਰ ਗਲ਼ੇ ਦੇ ਕੈਂਸਰ ਵਰਗੀਆਂ ਬਿਮਾਰੀਆਂ ਵਿੱਚ ਹੁੰਦਾ ਹੈ। ਇਹ ਬਹੁਤ ਹੀ ਰੇਅਰ ਮਾਮਲਾ ਹੈ ਕਿ ਆਪਣੇ ਆਪ ਹੀ ਬਿਲਕੁਲ ਨਾਰਮਲ ਆਦਮੀ ਦੀ ਗਲ਼ੇ ਦੀ ਨਸ ਫਟ ਜਾਵੇ।"

ਉਨ੍ਹਾਂ ਅੱਗੇ ਦੱਸਿਆ, "ਇਹ ਇੰਨਾ ਰੇਅਰ ਹੈ ਕਿ ਮੈਡੀਕਲ ਜਰਨਲਜ਼ ਦੇ ਅਨੁਸਾਰ ਦੁਨੀਆ ਭਰ ਵਿੱਚ ਹੁਣ ਤੱਕ ਇਸ ਤਰ੍ਹਾਂ ਦੇ ਕੇਵਲ 10 ਕੇਸ ਹੀ ਦਰਜ ਹਨ।"

40 ਸਾਲਾਂ ਦੇ ਰਾਹੁਲ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਨੇੜੇ ਭਨਪੁਰੀ ਇਲਾਕੇ ਵਿੱਚ ਰਹਿੰਦੇ ਹਨ। ਉਹ ਮਹਿਲਾਵਾਂ ਦੇ ਸਿੰਗਾਰ ਵਾਲੇ ਸਮਾਨ ਦੀ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਤਿੰਨ ਬੱਚਿਆਂ ਸਮੇਤ ਕੁੱਲ ਪੰਜ ਮੈਂਬਰ ਹਨ।

ਰਾਹੁਲ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਅਜਿਹੀ ਕੋਈ ਦਿੱਕਤ ਨਹੀਂ ਹੋਈ ਸੀ। ਪਰ ਇੱਕ ਦਸੰਬਰ ਦੀ ਉਸ ਸਵੇਰ ਜੋ ਕੁਝ ਹੋਇਆ, ਉਹ ਨਾ ਸਿਰਫ਼ ਰਾਹੁਲ ਲਈ, ਸਗੋਂ ਡਾਕਟਰਾਂ ਲਈ ਵੀ ਅਸਾਧਾਰਣ ਸੀ।

ਮੈਡੀਕਲ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਹੁਲ ਦੀ ਸੱਜੀ ਕੈਰੋਟਿਡ ਆਰਟਰੀ ਫਟ ਚੁੱਕੀ ਸੀ।

ਦਰਅਸਲ ਗਲ਼ੇ ਵਿੱਚ ਮੌਜੂਦ ਸੱਜੀ ਅਤੇ ਖੱਬੀ ਕੈਰੋਟਿਡ ਆਰਟਰੀ ਹੀ ਇਨਸਾਨ ਦੇ ਦਿਲ ਤੋਂ ਦਿਮਾਗ ਤੱਕ ਆਕਸੀਜਨ ਵਾਲਾ ਖੂਨ ਪਹੁੰਚਾਉਂਦੀਆਂ ਹਨ।

ਇਹ ਵੀ ਦੱਸ ਦੇਈਏ ਕਿ ਸਰੀਰ ਵਿੱਚ ਦਿਲ ਤੋਂ ਹੋਰ ਹਿੱਸਿਆਂ ਤੱਕ ਖੂਨ ਪਹੁੰਚਾਉਣ ਵਾਲੀਆਂ ਨਸਾਂ ਨੂੰ ਆਰਟਰੀ ਕਿਹਾ ਜਾਂਦਾ ਹੈ। ਇਨ੍ਹਾਂ ਨਸਾਂ ਦਾ ਜਾਲ ਮਨੁੱਖੀ ਸਰੀਰ ਵਿੱਚ ਬਹੁਤ ਹੀ ਸੁਰੱਖਿਅਤ ਢੰਗ ਨਾਲ ਫੈਲਿਆ ਹੋਇਆ ਹੁੰਦਾ ਹੈ।

ਡਾਕਟਰਾਂ ਦੇ ਅਨੁਸਾਰ, ਜ਼ਿਆਦਾਤਰ ਮਾਮਲਿਆਂ ਵਿੱਚ ਸਰੀਰ ਵਿੱਚ ਕਿਤੇ ਵੀ ਕਟਣਾ ਜਾਂ ਫਟਣਾ ਓਦੋਂ ਹੀ ਜਾਨਲੇਵਾ ਹੁੰਦਾ ਹੈ ਜਦੋਂ ਇਸ ਦੌਰਾਨ ਦਿਲ ਤੋਂ ਖੂਨ ਪਹੁੰਚਾਉਣ ਵਾਲੀਆਂ ਇਹ ਆਰਟਰੀਆਂ ਜਾਂ ਧਮਣੀ ਆਂ ਜ਼ਖ਼ਮੀ ਹੋ ਜਾਣ ਅਤੇ ਉਨ੍ਹਾਂ ਵਿੱਚੋਂ ਖੂਨ ਬਾਹਰ ਵਗਣ ਲੱਗ ਪਵੇ। ਕਿਉਂਕਿ ਦਿਲ ਤੋਂ ਸਰੀਰ ਦੇ ਹੋਰ ਹਿੱਸਿਆਂ ਤੱਕ ਖੂਨ ਲਿਜਾਣ ਵਾਲੀਆਂ ਇਨ੍ਹਾਂ ਆਰਟਰੀਆਂ ਵਿੱਚ ਬਹੁਤ ਜ਼ਿਆਦਾ ਦਬਾਅ ਹੇਠ ਖੂਨ ਵਗਦਾ ਹੈ, ਇਸ ਲਈ ਬਹੁਤ ਜਲਦੀ ਬਹੁਤ ਜ਼ਿਆਦਾ ਖੂਨ ਸਰੀਰ ਤੋਂ ਨਿਕਲ ਸਕਦਾ ਹੈ।

ਇਸ ਸਰਜਰੀ ਦੀ ਅਗਵਾਈ ਡਾਕਟਰ ਕ੍ਰਿਸ਼ਣਕਾਂਤ ਸਾਹੂ ਕਰ ਰਹੇ ਸਨ।

ਉਨ੍ਹਾਂ ਕਿਹਾ, "ਸਪੋਂਟੇਨਿਅਸ ਕੈਰੋਟਿਡ ਆਰਟਰੀ ਦਾ ਬਿਨਾਂ ਕਿਸੇ ਸੱਟ, ਇਨਫੈਕਸ਼ਨ, ਕੈਂਸਰ ਜਾਂ ਪਹਿਲਾਂ ਤੋਂ ਮੌਜੂਦ ਬਿਮਾਰੀ ਦੇ ਇਸ ਤਰ੍ਹਾਂ ਫਟ ਜਾਣਾ ਬਹੁਤ ਹੀ ਰੇਅਰ ਮਾਮਲਾ ਹੈ।"

ਰਾਹੁਲ ਦੀ ਗਰਦਨ ਵਿੱਚ ਸੱਜੀ ਕੈਰੋਟਿਡ ਆਰਟਰੀ ਦੇ ਫਟਣ ਨਾਲ ਗਰਦਨ ਦੇ ਅੰਦਰ ਤੇਜ਼ੀ ਨਾਲ ਖੂਨ ਭਰ ਗਿਆ ਅਤੇ ਆਰਟਰੀ ਦੇ ਆਲੇ-ਦੁਆਲੇ ਖੂਨ ਭਰਨ ਨਾਲ ਇੱਕ ਗੁਬਾਰੇ ਵਰਗੀ ਬਣਤਰ ਬਣ ਗਈ, ਜਿਸਨੂੰ ਮੈਡੀਕਲ ਭਾਸ਼ਾ ਵਿੱਚ ਸਿਊਡੋਐਨਯੂਰਿਜ਼ਮ ਕਿਹਾ ਜਾਂਦਾ ਹੈ।

ਡਾਕਟਰ ਸਾਹੂ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਕਿਹਾ, "ਦੁਨੀਆ ਭਰ ਦੇ ਮੈਡੀਕਲ ਸਾਹਿਤ ਵਿੱਚ ਅਜਿਹੇ ਮਾਮਲਿਆਂ ਦੀ ਸੰਖਿਆ ਉਂਗਲਾਂ 'ਤੇ ਗਿਣੀ ਜਾ ਸਕਦੀ ਹੈ। ਆਪਣੇ ਪੂਰੇ ਕਰੀਅਰ ਦੌਰਾਨ ਮੈਂ ਅਜਿਹਾ ਕੋਈ ਮਾਮਲਾ ਨਾ ਤਾਂ ਕਦੇ ਦੇਖਿਆ ਸੀ ਅਤੇ ਨਾ ਹੀ ਸੁਣਿਆ ਸੀ।"

ਅਜਿਹੀ ਘਟਨਾ ਵਿੱਚ ਜਾਨ ਬਚਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ?

ਡਾਕਟਰ ਸਾਹੂ ਦੱਸਦੇ ਹਨ, "ਆਮ ਭਾਸ਼ਾ 'ਚ ਸਮਝਿਆ ਜਾਵੇ ਤਾਂ ਕੈਰੋਟਿਡ ਧਮਣੀ ਵਿੱਚ ਰੁਕਾਵਟ ਆਉਣ ਨਾਲ ਸਟ੍ਰੋਕ ਆ ਸਕਦਾ ਹੈ, ਪਰ ਰਾਹੁਲ ਦੇ ਮਾਮਲੇ ਵਿੱਚ ਸਮੱਸਿਆ ਇਸ ਤੋਂ ਵੀ ਜ਼ਿਆਦਾ ਖਤਰਨਾਕ ਸੀ। ਧਮਣੀ ਖੁਦ ਫਟ ਚੁੱਕੀ ਸੀ। ਜੇਕਰ ਉੱਥੇ ਬਣਿਆ ਖੂਨ ਦਾ ਇੱਕ ਛੋਟਾ ਜਿਹਾ ਥੱਕਾ (ਕਲੌਟ) ਵੀ ਦਿਮਾਗ ਤੱਕ ਪਹੁੰਚ ਜਾਂਦਾ, ਤਾਂ ਅਧਰੰਗ ਮਾਰਨ ਦਾ ਖ਼ਤਰਾ ਬਹੁਤ ਜ਼ਿਆਦਾ ਸੀ।"

ਖੂਨ ਦੇ ਜ਼ਿਆਦਾ ਵੱਡੇ ਥੱਕੇ ਜਾਂ ਜ਼ਿਆਦਾ ਮਾਤਰਾ ਵਿੱਚ ਥੱਕੇ ਦਿਮਾਗ ਤੱਕ ਪਹੁੰਚਣ 'ਤੇ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਸੀ ਜਾਂ ਮਰੀਜ਼ ਦੀ ਦਿਮਾਗੀ ਮੌਤ (ਬ੍ਰੇਨ ਡੈੱਡ) ਵੀ ਹੋ ਸਕਦੀ ਸੀ।

ਉਨ੍ਹਾਂ ਇਹ ਵੀ ਦੱਸਿਆ ਕਿ ਸਰਜਰੀ ਤੋਂ ਪਹਿਲਾਂ ਅਤੇ ਸਰਜਰੀ ਦੌਰਾਨ ਦੋਵੇਂ ਹੀ ਸਮੇਂ ਆਰਟਰੀ ਦੇ ਦੁਬਾਰਾ ਫਟਣ ਦਾ ਖ਼ਤਰਾ ਬਣਿਆ ਹੋਇਆ ਸੀ। ਅਜਿਹਾ ਹੋਣ 'ਤੇ ਬੇਕਾਬੂ ਖੂਨ ਵਹਿਣ ਕਾਰਨ ਕੁਝ ਹੀ ਮਿੰਟਾਂ ਵਿੱਚ ਮਰੀਜ਼ ਦੀ ਮੌਤ ਹੋ ਸਕਦੀ ਸੀ।

ਡਾਕਟਰਾਂ ਦੇ ਅਨੁਸਾਰ, ਜਦੋਂ ਰਾਹੁਲ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਹਾਲਤ ਅਸਥਿਰ ਸੀ। ਉਨ੍ਹਾਂ ਦੀ ਗਰਦਨ ਅੰਦਰ ਇੰਨਾ ਜ਼ਿਆਦਾ ਖੂਨ ਇਕੱਠਾ ਹੋ ਚੁੱਕਿਆ ਸੀ ਕਿ ਸਰਜਰੀ ਦੌਰਾਨ ਆਰਟਰੀ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਸੀ।

ਡਾਕਟਰ ਸਾਹੂ ਦੱਸਦੇ ਹਨ, "ਗਰਦਨ ਦੇ ਇਸ ਹਿੱਸੇ ਵਿੱਚ ਬੋਲਣ, ਹੱਥ-ਪੈਰ ਚਲਾਉਣ ਅਤੇ ਦਿਲ ਦੀ ਧੜਕਣ ਨੂੰ ਨਿਯੰਤਰਿਤ ਕਰਨ ਵਾਲੀਆਂ ਕਈ ਅਹਿਮ ਨਸਾਂ ਹੁੰਦੀਆਂ ਹਨ। ਜੇਕਰ ਸਾਡੇ ਕੋਲੋਂ ਥੋੜ੍ਹੀ ਜਿਹੀ ਵੀ ਚੂਕ ਹੋ ਜਾਂਦੀ ਤਾਂ ਇਹ ਮਰੀਜ਼ ਲਈ ਜੀਵਨ ਭਰ ਦੀ ਅਪੰਗਤਾ ਜਾਂ ਮੌਤ ਦਾ ਕਾਰਨ ਬਣ ਸਕਦੀ ਸੀ।"

ਡਾਕਟਰਾਂ ਦੇ ਅਨੁਸਾਰ, ਉਨ੍ਹਾਂ ਨੂੰ ਲਗਭਗ ਡੇਢ ਘੰਟਾ ਤਾਂ ਆਰਟਰੀ ਨੂੰ ਲੱਭਣ ਅਤੇ ਉਸ 'ਤੇ ਕੰਟਰੋਲ ਕਰਨ ਵਿੱਚ ਲੱਗਿਆ।

ਪੂਰੀ ਸਰਜਰੀ ਪੰਜ ਤੋਂ ਛੇ ਘੰਟੇ ਚੱਲੀ। ਫਟਣ ਵਾਲੀ ਆਰਟਰੀ ਨੂੰ ਠੀਕ ਕਰਨ ਲਈ ਗਾਂ ਦੇ ਦਿਲ ਦੀ ਝਿੱਲੀ ਭਾਵ ਬੋਵਾਈਨ ਪੈਰੀਕਾਰਡੀਅਮ ਪੈਚ ਦੀ ਵਰਤੋਂ ਕੀਤੀ ਗਈ।

ਡਾਕਟਰਾਂ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਰਾਹੁਲ ਨੂੰ 12 ਘੰਟੇ ਵੈਂਟੀਲੇਟਰ 'ਤੇ ਰੱਖਿਆ ਗਿਆ।

ਡਾਕਟਰ ਸਾਹੂ ਨੇ ਕਿਹਾ, "ਰਾਹੁਲ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੀ ਆਵਾਜ਼ ਦੀ ਜਾਂਚ ਕੀਤੀ। ਫਿਰ ਉਨ੍ਹਾਂ ਦੇ ਹੱਥਾਂ-ਪੈਰਾਂ ਦੀਆਂ ਹਰਕਤਾਂ ਅਤੇ ਚਿਹਰੇ ਦੀਆਂ ਹਰਕਤਾਂ ਦੀ ਜਾਂਚ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੂਨ ਦਾ ਕੋਈ ਥੱਕਾ ਦਿਮਾਗ ਤੱਕ ਤਾਂ ਨਹੀਂ ਪਹੁੰਚਿਆ ਹੈ ਨਾ ਅਤੇ ਸਰਜਰੀ ਦੌਰਾਨ ਕੋਈ ਮਹੱਤਵਪੂਰਨ ਨਸ ਨੂੰ ਸੱਟ ਤਾਂ ਨਹੀਂ ਪਹੁੰਚੀ।''

ਰਾਹੁਲ ਦੇ ਪਤਨੀ, ਲਕਸ਼ਮੀ ਜਾਂਗੜੇ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਫ਼ੋਨ 'ਤੇ ਦੱਸਿਆ ਕਿ ਸ਼ੁਰੂਆਤੀ ਦਿਨ ਉਨ੍ਹਾਂ ਲਈ ਬਹੁਤ ਡਰਾਉਣੇ ਸਨ। ਡਾਕਟਰਾਂ ਨੇ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਸਥਿਤੀ ਬਹੁਤ ਗੰਭੀਰ ਹੈ।

ਉਹ ਕਹਿੰਦੇ ਹਨ, "ਹੁਣ ਜਦੋਂ ਉਨ੍ਹਾਂ ਨੂੰ ਠੀਕ ਹੁੰਦੇ ਦੇਖਦੀ ਹਾਂ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਗਰਦਨ ਵਿੱਚ ਇੱਕ ਆਰਟਰੀ ਫਟ ਗਈ ਸੀ।"

ਰਾਹੁਲ ਖੁਦ ਕਹਿੰਦੇ ਹਨ ਕਿ ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਛੱਤੀਸਗੜ੍ਹ ਵਿੱਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਤਾਂ ਉਹ ਬਹੁਤ ਡਰ ਗਏ ਸਨ। ਪਰ ਜਿਸ ਤਰੀਕੇ ਨਾਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੇ ਉਨ੍ਹਾਂ ਨੂੰ ਸੰਭਾਲਿਆ, ਉਸ ਨਾਲ ਉਨ੍ਹਾਂ ਨੂੰ ਹਿੰਮਤ ਮਿਲੀ।

ਹੁਣ ਉਹ ਘਰ ਵਾਪਸ ਆਉਣ ਅਤੇ ਆਪਣੇ ਬੱਚਿਆਂ ਨੂੰ ਮਿਲਣ ਦੀ ਤਿਆਰੀ ਕਰ ਰਹੇ ਹਨ ਅਤੇ ਖਾਸ ਕਰਕੇ ਆਪਣੀ ਧੀ ਨੂੰ, ਜਿਸ ਨੂੰ ਉਹ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਨਹੀਂ ਮਿਲ ਸਕੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)