ਅਹਿਮਦਾਬਾਦ ਜਹਾਜ਼ ਹਾਦਸਾ: 'ਹਰ ਵਾਰ ਜਦੋਂ ਕੋਈ ਲਾਸ਼ ਆਉਂਦੀ, ਫਿਕਰਮੰਦ ਰਿਸ਼ਤੇਦਾਰ ਭੱਜਦੇ ਕਿ ਕਿਤੇ ਉਨ੍ਹਾਂ ਦਾ ਕੋਈ ਆਪਣਾ ਤਾਂ ਨਹੀਂ'

    • ਲੇਖਕ, ਲਕਸ਼ਮੀ ਪਟੇਲ
    • ਰੋਲ, ਬੀਬੀਸੀ ਪੱਤਰਕਾਰ

ਵੀਰਵਾਰ ਦੁਪਹਿਰ 1 ਵੱਜ ਕੇ 40 ਮਿੰਟ 'ਤੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਇੱਕ ਘੰਟੇ ਦੇ ਅੰਦਰ ਮੈਂ ਅਹਿਮਦਾਬਾਦ ਸਿਵਲ ਹਸਪਤਾਲ ਪਹੁੰਚ ਗਈ ਸੀ।

ਮੈਂ ਅਗਲੇ ਨੌਂ ਘੰਟੇ ਹਸਪਤਾਲ ਵਿੱਚ ਹੀ ਰਹੀ ਅਤੇ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਦਰਦਨਾਕ ਅਤੇ ਦਿਲ ਦਹਿਲਾਉਣ ਵਾਲੇ ਪਲਾਂ ਵਿੱਚੋਂ ਇੱਕ ਸਨ।

ਪੀੜਤਾਂ ਦੇ ਰਿਸ਼ਤੇਦਾਰ ਆਪਣੇ ਅਜ਼ੀਜ਼ਾਂ ਲਈ ਸੋਗ ਮਨਾ ਰਹੇ ਸਨ। ਉਹ ਬੇਵੱਸ ਮਹਿਸੂਸ ਕਰ ਰਹੇ ਸਨ।

ਮੈਂ ਜਿਸ ਕਿਸੇ ਨੂੰ ਵੀ ਮਿਲੀ ਉਹ ਰੋ ਰਿਹਾ ਸੀ। ਉਨ੍ਹਾਂ ਦੇ ਮਨਾਂ 'ਚ ਗੁੱਸਾ ਸੀ ਕਿਉਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ।

ਰਿਸ਼ਤੇਦਾਰਾਂ ਨੇ ਪੁਲਿਸ ਨੂੰ ਫੋਟੋਆਂ ਦੇ ਨਾਲ ਹਵਾਈ ਟਿਕਟਾਂ ਦਿਖਾਈਆਂ ਅਤੇ ਹੋਰ ਜਾਣਕਾਰੀ ਲਈ ਗੁਹਾਰ ਲਗਾਈ।

ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਫਲਾਈਟ ਨੰਬਰ 171, ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਦੀ ਮੌਤ ਹੋ ਗਈ।

ਇਹ ਜਹਾਜ਼ ਅਹਿਮਦਾਬਾਦ ਦੇ ਜਿਸ ਰਿਹਾਇਸ਼ੀ ਖੇਤਰ ਵਿੱਚ ਡਿੱਗਿਆ, ਉੱਥੇ ਵੀ ਕਈ ਲੋਕਾਂ ਦੀ ਮੌਤ ਹੋ ਗਈ।

ਸਿਵਲ ਹਸਪਤਾਲ ਦੇ ਬਾਹਰ ਦਾ ਹਾਲ

ਜਦੋਂ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਤਾਂ ਵਿਰੋਧ 'ਚ ਆਵਾਜ਼ਾਂ ਉੱਠੀਆਂ ਅਤੇ ਗੁੱਸਾ ਭੜਕ ਉੱਠਿਆ।

ਹਾਦਸੇ ਵਾਲੀ ਥਾਂ ਦੇ ਨੇੜੇ ਸਥਿਤ ਸਿਵਲ ਹਸਪਤਾਲ ਉਹ ਜਗ੍ਹਾ ਸੀ ਜਿੱਥੇ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ ਦੇ ਯਾਤਰੀਆਂ ਦੇ ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।

ਬਹੁਤ ਸਾਰੇ ਲੋਕਾਂ ਨੇ ਸੁਣਿਆ ਸੀ ਕਿ ਜ਼ਖਮੀਆਂ ਨੂੰ ਇੱਥੇ ਲਿਆਂਦਾ ਜਾਵੇਗਾ। ਉਹ ਆਪਣਿਆਂ ਨੂੰ ਛੱਡਣ ਤੋਂ ਬਾਅਦ ਹਵਾਈ ਅੱਡੇ ਤੋਂ ਬਾਹਰ ਆਏ ਹੀ ਸਨ ਕਿ ਉਨ੍ਹਾਂ ਨੇ ਹਾਦਸੇ ਦੀ ਆਵਾਜ਼ ਸੁਣੀ ਅਤੇ ਹਸਪਤਾਲ ਵੱਲ ਭੱਜੇ।

ਲੋਕ ਆਪਣੇ ਭਰਾ, ਭਾਬੀ, ਪਤੀ, ਬੱਚਿਆਂ, ਮਾਂ-ਪਿਓ ਨੂੰ ਲੱਭ ਰਹੇ ਸਨ।

ਤਾਰਾਪੁਰ ਤੋਂ ਕਮਲੇਸ਼ਭਾਈ ਨੇ ਬੀਬੀਸੀ ਨੂੰ ਦੱਸਿਆ, "ਮੇਰਾ ਪੁੱਤਰ ਪਾਰਥ ਪਹਿਲੀ ਵਾਰ ਵਿਦਿਆਰਥੀ ਵੀਜ਼ੇ 'ਤੇ ਲੰਡਨ ਜਾ ਰਿਹਾ ਸੀ।" ਉਨ੍ਹਾਂ ਦੇ ਪਰਿਵਾਰ ਦੇ ਹੰਝੂ ਨਹੀਂ ਰੁਕ ਰਹੇ ਸਨ।

ਉਨ੍ਹਾਂ ਕਿਹਾ, "ਅਸੀਂ ਉਸਨੂੰ ਛੱਡ ਕੇ ਘਰ ਜਾ ਰਹੇ ਸੀ। ਇੱਕ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ਦੀ ਉਡੀਕ ਕਰਦੇ ਸਮੇਂ ਮੈਂ ਆਪਣੇ ਫੋਨ 'ਤੇ ਹਾਦਸੇ ਦੀ ਖ਼ਬਰ ਦੇਖੀ। ਅਸੀਂ ਤੁਰੰਤ ਸਿਵਲ ਹਸਪਤਾਲ ਲਈ ਰਵਾਨਾ ਹੋ ਗਏ, ਪਰ ਟ੍ਰੈਫਿਕ ਜਾਮ ਕਾਰਨ ਸਾਨੂੰ ਇੱਕ ਘੰਟਾ ਦੇਰੀ ਹੋ ਗਈ।"

ਕਮਲੇਸ਼ਭਾਈ ਨੇ ਹਸਪਤਾਲ ਦੇ ਸਟਾਫ ਨੂੰ ਪਾਰਥ ਦੀ ਫੋਟੋ ਦਿਖਾਈ ਅਤੇ ਪੁੱਛਿਆ ਕਿ ਕੀ ਉਸਨੂੰ ਇਲਾਜ ਲਈ ਲਿਆਂਦਾ ਗਿਆ ਹੈ।

ਉਨ੍ਹਾਂ ਦੇ ਕੋਲ ਖੜ੍ਹੇ ਉਨ੍ਹਾਂ ਦੇ ਪਤਨੀ ਰੋਣ ਲੱਗ ਪਏ, ਇਸ ਦੌਰਾਨ ਕਮਲੇਸ਼ਭਾਈ ਦੇ ਰਿਸ਼ਤੇਦਾਰ ਉਸਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।

ਟ੍ਰਾਮਾ ਸੈਂਟਰ ਦੇ ਬਾਹਰ ਪਸਰਿਆ ਮਾਤਮ

ਜਦੋਂ ਮੈਂ ਪਹਿਲੀ ਵਾਰ ਟ੍ਰਾਮਾ ਸੈਂਟਰ ਪਹੁੰਚੀ ਤਾਂ ਹਸਪਤਾਲ ਦੇ ਬਾਹਰ ਮੁੱਖ ਸੜਕ ਦਾ ਇੱਕ ਹਿੱਸਾ ਬੰਦ ਸੀ। ਖ਼ਾਸ ਕਰਕੇ ਐਂਬੂਲੈਂਸਾਂ ਅਤੇ ਹਸਪਤਾਲ ਆਉਣ-ਜਾਣ ਵਾਲੇ ਵਾਹਨਾਂ ਲਈ।

ਐਂਬੂਲੈਂਸ ਦੇ ਸਾਇਰਨ ਲਗਾਤਾਰ ਵੱਜ ਰਹੇ ਸਨ। ਸੜਕ 'ਤੇ ਪੁਲਿਸ ਦੇ ਨਾਲ ਸੁਰੱਖਿਆ ਗਾਰਡ ਤਾਇਨਾਤ ਸਨ ਅਤੇ ਜੂਨ ਦੀ ਧੁੱਪ ਤੇਜ਼ ਸੀ। ਅਹਿਮਦਾਬਾਦ ਦੇ ਨਿੱਜੀ ਹਸਪਤਾਲਾਂ ਦੇ ਬਹੁਤ ਸਾਰੇ ਡਾਕਟਰ ਮਦਦ ਲਈ ਆਏ ਸਨ।

ਜਦੋਂ ਵੀ ਕੋਈ ਐਂਬੂਲੈਂਸ ਟ੍ਰਾਮਾ ਸੈਂਟਰ ਪਹੁੰਚਦੀ, ਤਾਂ ਰਿਸ਼ਤੇਦਾਰ ਇਹ ਦੇਖਣ ਲਈ ਭੱਜਦੇ ਕਿ ਅੰਦਰ ਕੌਣ ਹੈ।

ਉਨ੍ਹਾਂ ਸਾਰਿਆਂ ਕੋਲ ਦੱਸਣ ਲਈ ਇੱਕੋ ਜਿਹੀਆਂ ਕਹਾਣੀਆਂ ਸਨ।

ਖੰਭੀਸਰ ਦੇ ਕ੍ਰਿਸ਼ਣਾ ਪਟੇਲ ਦੇ ਭਰਜਾਈ ਵੀ ਇਸੇ ਫਲਾਈਟ ਵਿੱਚ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰਾ ਭਰਾ ਲੰਡਨ ਵਿੱਚ ਰਹਿੰਦਾ ਹੈ। ਉਨ੍ਹਾਂ ਦੇ ਪਤਨੀ ਉੱਥੇ ਜਾ ਰਹੇ ਸਨ। ਅਸੀਂ ਉਸਨੂੰ ਹਵਾਈ ਅੱਡੇ 'ਤੇ ਛੱਡ ਕੇ ਨਿਕਲੇ ਹੀ ਸੀ ਕਿ ਸਾਨੂੰ ਇਸ ਹਾਦਸੇ ਦੀ ਖ਼ਬਰ ਮਿਲੀ।"

ਮੈਂ ਇੱਕ ਆਦਮੀ ਦੇ ਪਰਿਵਾਰ ਨੂੰ ਮਿਲੀ ਜੋ ਲੰਡਨ ਤੋਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਆਇਆ ਸੀ ਅਤੇ ਹਾਦਸੇ ਵਾਲੀ ਫਲਾਈਟ ਵਿੱਚ ਵਾਪਸ ਜਾ ਰਿਹਾ ਸੀ।

ਪਰਿਵਾਰਕ ਮੈਂਬਰ ਭਟਕਦੇ ਰਹੇ

ਭਰੂਚ ਦੇ ਇੱਕ ਮਹਿਲਾ ਜਾਣਕਾਰੀ ਲਈ ਇੱਧਰ-ਉੱਧਰ ਭੱਜ ਰਹੇ ਸਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਪੁੱਤਰ ਨੂੰ ਹਵਾਈ ਅੱਡੇ 'ਤੇ ਛੱਡਿਆ ਸੀ।

ਅਰਾਵਲੀ ਦੀ ਇੱਕ ਮਾਂ ਕੈਲਾਸ਼ਬੇਨ ਪਟੇਲ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਸੀ ਜੋ ਕੁਝ ਜਾਣਕਾਰੀ ਦੀ ਉਮੀਦ ਕਰ ਰਹੇ ਸਨ। ਕੈਲਾਸ਼ਬੇਨ ਆਪਣੇ ਪੁੱਤਰ ਨੂੰ ਮਿਲਣ ਲੰਡਨ ਜਾ ਰਹੇ ਸਨ।

ਦੁਪਹਿਰ ਤੱਕ, ਬਹੁਤ ਸਾਰੇ ਰਿਸ਼ਤੇਦਾਰ ਉਮੀਦ ਗੁਆ ਚੁੱਕੇ ਸਨ ਅਤੇ ਪੋਸਟਮਾਰਟਮ ਰੂਮ ਵੱਲ ਵਧਣ ਲੱਗ ਪਏ ਸਨ।

ਲਾਸ਼ਾਂ ਨੂੰ ਪਹਿਲਾਂ ਐਂਬੂਲੈਂਸਾਂ ਵਿੱਚ ਟ੍ਰਾਮਾ ਸੈਂਟਰ ਲਿਆਂਦਾ ਗਿਆ ਅਤੇ ਫਿਰ ਪੋਸਟਮਾਰਟਮ ਰੂਮ ਵਿੱਚ ਲਿਜਾਇਆ ਗਿਆ। ਕਈ ਐਂਬੂਲੈਂਸਾਂ ਬਾਹਰ ਖੜ੍ਹੀਆਂ ਸਨ।

ਹਰ ਵਾਰ ਜਦੋਂ ਕੋਈ ਲਾਸ਼ ਆਉਂਦੀ ਸੀ, ਤਾਂ ਚਿੰਤਤ ਰਿਸ਼ਤੇਦਾਰ ਖੜ੍ਹੇ ਹੋਣ ਜਾਂ ਇਸਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਸਨ ਕਿ ਤਾਂ ਜੋ ਪਤਾ ਚੱਲ ਸਕੇ ਕਿ ਉਹ ਉਨ੍ਹਾਂ ਦਾ ਕੋਈ ਆਪਣਾ ਤਾਂ ਨਹੀਂ।

ਪੋਸਟਮਾਰਟਮ ਰੂਮ ਦੇ ਬਾਹਰ ਇੱਕ ਮੰਦਰ ਹੈ, ਜਿੱਥੇ ਰਿਸ਼ਤੇਦਾਰ ਚੰਗੀ ਖ਼ਬਰ ਲਈ ਪ੍ਰਾਰਥਨਾ ਕਰ ਰਹੇ ਹਨ।

ਇੱਕ ਡਾਕਟਰ ਨੇ ਮੈਨੂੰ ਦੱਸਿਆ ਕਿ ਲਾਸ਼ਾਂ ਦੀ ਪਛਾਣ ਕਰਨਾ ਸੌਖਾ ਨਹੀਂ ਸੀ।

ਜਿਵੇਂ-ਜਿਵੇਂ ਸ਼ਾਮ ਢਲਦੀ ਗਈ ਅਤੇ ਥੋੜ੍ਹੀ-ਬਹੁਤ ਜਾਣਕਾਰੀ ਆਉਣੀ ਸ਼ੁਰੂ ਹੋਈ ਤੇ ਲੋਕ ਪਰੇਸ਼ਾਨ ਹੋਣ ਲੱਗੇ।

ਹਸਪਤਾਲ ਵਿੱਚ ਆਉਣ ਵਾਲੀਆਂ ਐਂਬੂਲੈਂਸਾਂ ਦੀ ਗਿਣਤੀ ਘਟਣ ਲੱਗੀ।

ਉਦੈ ਮਹਿਤਾ ਆਪਣੇ ਚਾਚਾ ਇੰਦਰਵਦਨ ਦੋਸ਼ੀ ਅਤੇ ਚਾਚੀ ਜੋਤੀਬੇਨ ਦੋਸ਼ੀ ਨੂੰ ਲੱਭ ਰਹੇ ਸਨ।

ਉਨ੍ਹਾਂ ਕਿਹਾ, "ਮੇਰਾ ਚਾਚਾ ਅਤੇ ਚਾਚੀ ਫਲਾਈਟ 'ਤੇ ਲੰਡਨ ਜਾ ਰਹੇ ਸਨ। ਮੈਂ ਪਿਛਲੇ ਸਾਢੇ ਤਿੰਨ ਘੰਟਿਆਂ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਿਹਾ ਹਾਂ, ਪਰ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੈਨੂੰ ਨਹੀਂ ਪਤਾ ਕਿ ਕਿੱਥੇ ਜਾਣਾ ਹੈ ਜਾਂ ਕਿਸ ਤੋਂ ਪੁੱਛਣਾ ਹੈ।"

ਲਾਸ਼ਾਂ ਦੀ ਪਛਾਣ ਲਈ ਡੀਐੱਨਏ ਟੈਸਟ

ਸ਼ਾਮ ਤੱਕ ਇੱਕੋ-ਇੱਕ ਸੁਰੱਖਿਅਤ ਬਚੇ ਵਿਅਕਤੀ ਦੀ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਸੀ। ਇਸ ਤੋਂ ਬਾਅਦ, ਡਾਕਟਰ ਨੇ ਦੱਸਿਆ ਕਿ ਵਿਸ਼ਵ ਕੁਮਾਰ ਰਮੇਸ਼ ਨਾਮ ਦੇ ਇੱਕ ਵਿਅਕਤੀ ਨੂੰ ਹਸਪਤਾਲ ਦੇ ਵਾਰਡ ਬੀ-7 ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਬ੍ਰਿਟਿਸ਼ ਨਾਗਰਿਕ ਨੂੰ ਵਾਰਡ ਸੀ-7 ਵਿੱਚ ਸ਼ਿਫਟ ਕੀਤਾ ਗਿਆ। ਉਨ੍ਹਾਂ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਰੱਖਿਆ ਗਿਆ ਸੀ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਸਿਵਲ ਹਸਪਤਾਲ ਨੇ ਡੀਐੱਨਏ ਟੈਸਟ ਨਾਲ ਸਬੰਧਤ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ।

ਬੀਜੇ ਮੈਡੀਕਲ ਕਾਲਜ ਦੇ ਟੈਸਟਿੰਗ ਸੈਂਟਰ ਵਿੱਚ ਡੀਐੱਨਏ ਨਮੂਨੇ ਇਕੱਠੇ ਕਰਨ ਦੇ ਪ੍ਰਬੰਧ ਕੀਤੇ ਗਏ ਸਨ।

ਮਾਪਿਆਂ, ਬੱਚਿਆਂ ਜਾਂ ਭੈਣ-ਭਰਾਵਾਂ ਨੂੰ ਡੀਐੱਨਏ ਨਮੂਨੇ ਦੇਣ ਲਈ ਬੇਨਤੀ ਕੀਤੀ ਗਈ ਸੀ। ਜਿਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਉਪਲਬਧ ਨਹੀਂ ਸਨ, ਉਨ੍ਹਾਂ ਲਈ ਹੋਰ ਰਿਸ਼ਤੇਦਾਰਾਂ ਤੋਂ ਨਮੂਨੇ ਲਏ ਗਏ।

ਇੱਕ ਮਹਿਲਾ ਨੇ ਕਿਹਾ, "ਮੇਰੇ ਚਾਚੇ ਦੀ ਧੀ, ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੇ ਤਿੰਨ ਬੱਚੇ - ਪੰਜ ਜੀਆਂ ਦਾ ਪਰਿਵਾਰ ਲੰਡਨ ਜਾ ਰਹੇ ਸਨ। ਅਸੀਂ ਡੀਐੱਨਏ ਨਮੂਨੇ ਦੇਣ ਆਏ ਸੀ।''

ਇੱਕ ਹੋਰ ਮਹਿਲਾ ਰੋਣ ਲੱਗ ਪਏ। ਉਨ੍ਹਾਂ ਦੀ ਭੈਣ ਨੇ ਸਾਨੂੰ ਦੱਸਿਆ ਕਿ ਮਹਿਲਾ ਦਾ ਵਿਆਹ ਪਿਛਲੇ ਹਫ਼ਤੇ ਹੀ ਹੋਇਆ ਸੀ ਅਤੇ ਉਨ੍ਹਾਂ ਦੇ ਪਤੀ ਵਿਆਹ ਤੋਂ ਬਾਅਦ ਅਹਿਮਦਾਬਾਦ ਤੋਂ ਲੰਡਨ ਜਾ ਰਹੇ ਸਨ।

ਅਜਿਹੀਆਂ ਦੁੱਖ ਭਰੀਆਂ ਅਤੇ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਦਾ ਕੋਈ ਅੰਤ ਹੀ ਨਹੀਂ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)