You’re viewing a text-only version of this website that uses less data. View the main version of the website including all images and videos.
ਕਰਨਾਟਕ ਦੇ 'ਵੇਰਕਾ', ਨੰਦਨੀ ਦਾ ਗੁਜਰਾਤ ਦੇ ਅਮੂਲ ਨਾਲ ਪਿਆ ਪੇਚਾ, ਚੋਣਾਂ ਵਿੱਚ ਬਣ ਰਿਹਾ ਮੁੱਦਾ
ਕਰਨਾਕਟ ਸੂਬੇ ਵਿੱਚ ਇਨ੍ਹੀਂ ਦਿਨੀਂ 'ਨੰਦਿਨੀ' ਅਤੇ 'ਅਮੂਲ' ਬ੍ਰਾਂਡਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਇਸ ਵਿਵਾਦ ਦਾ ਮੁੱਖ ਕਾਰਨ ਹਨ, ਉਹ ਅਟਕਲਾਂ ਜੋ ਇਨ੍ਹਾਂ ਦੋਵਾਂ ਬ੍ਰਾਂਡਾਂ ਦੇ ਰਲੇਵੇਂ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਹਨ।
'ਅਮੂਲ' ਗੁਜਰਾਤ ਦਾ ਬ੍ਰਾਂਡ ਹੈ ਜਦਕਿ 'ਨੰਦਿਨੀ' ਕਰਨਾਟਕ ਦਾ ਸੂਬਾਈ ਬ੍ਰਾਂਡ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਵਿੱਚ 'ਵੇਰਕਾ' ਹੈ। ਅਮੂਲ ਅਤੇ ਨੰਦਿਨੀ ਦੋਵੇਂ ਬ੍ਰਾਂਡ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਵੇਚਦੇ ਹਨ।
ਇਸ ਸਾਰੇ ਵਿਵਾਦ ਨੂੰ ਪੰਜਾਬ ਦੇ ਵੇਕਰਾ ਬਨਾਮ ਅਮੂਲ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਉਸੇ ਤਰ੍ਹਾਂ ਹੈ ਜਿਵੇਂ- ਜੇ ਪੰਜਾਬ 'ਚ 'ਵੇਰਕਾ' ਨਾਲ 'ਅਮੂਲ' ਦੇ ਰਲੇਵੇਂ ਦੀ ਗੱਲ ਹੋਵੇ ਤਾਂ ਪੰਜਾਬ ਤੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆਵੇਗੀ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਸੂਬੇ 'ਚ ਵੇਰਕਾ ਦੇ 13 ਪਲਾਂਟ ਹਨ ਜਦਕਿ ਅਮੂਲ ਦਾ ਸਿਰਫ਼ ਇੱਕ ਪਲਾਂਟ ਹੈ।
ਆਮ ਤੌਰ 'ਤੇ ਕੋਈ ਵੀ ਸੂਬਾ ਆਪਣੇ ਲੋਕਲ ਬ੍ਰਾਂਡਾਂ ਨੂੰ ਪ੍ਰਮੁੱਖਤਾ ਦੇਣ ਦੀ ਕੋਸ਼ਿਸ਼ ਕਰਦਾ ਹੈ।
ਕਿਵੇਂ ਸ਼ੁਰੂ ਹੋਇਆ ਵਿਵਾਦ
ਦਰਅਸਲ ਲੰਘੀ 5 ਅਪ੍ਰੈਲ ਨੂੰ ਅਮੂਲ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਇਸ ਵਿੱਚ ਅਮੂਲ ਵੱਲੋਂ ਕਿਹਾ ਗਿਆ ਹੈ ਕਿ ਉਹ ਛੇਤੀ ਹੀ ਕਰਨਾਟਕ ਦੇ ਬੰਗਲੌਰ ਵਿੱਚ ਦੁੱਧ ਅਤੇ ਘਿਓ ਦੀ ਵਿੱਕਰੀ ਸ਼ੁਰੂ ਕਰਨ ਜਾ ਰਹੇ ਹਨ ਅਤੇ ਇਸ ਬਾਰੇ ਹੋਣ ਜਾਣਕਾਰੀ ਛੇਤੀ ਦਿੱਤੀ ਜਾਵੇਗੀ।
ਅਮੂਲ ਵੱਲੋਂ ਆਏ ਇਸ ਟਵੀਟ ਤੋਂ ਬਾਅਦ ਸੂਬੇ 'ਚ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ।
ਕਾਂਗਰਸ ਦਾ ਇਲਜ਼ਾਮ ਹੈ ਕਿ ਭਾਜਪਾ ਦੀ ਸਰਕਾਰ ਸੂਬੇ ਦੇ ਲੋਕਲ ਬ੍ਰਾਂਡ 'ਨੰਦਿਨੀ' ਨੂੰ ਪਛਾੜ ਰਹੀ ਹੈ ਅਤੇ 'ਅਮੂਲ' ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ।
ਕਾਂਗਰਸ ਅਮੂਲ ਦੇ ਇਸ ਟਵੀਟ ਦਾ ਸਬੰਧ, ਪਿਛਲੇ ਸਾਲ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਇੱਕ ਬਿਆਨ ਨਾਲ ਵੀ ਜੋੜ ਕੇ ਦੇਖ ਰਹੀ ਹੈ।
ਅਮਿਤ ਸ਼ਾਹ ਨੇ ਉਸ ਵੇਲੇ ਕਿਹਾ ਸੀ, ''ਗੁਜਰਾਤ ਅਤੇ ਕਰਨਾਟਕ ਦੋਵੇਂ ਨਾਲ ਮਿਲ ਕੇ ਪੂਰੇ ਦੇਸ਼ 'ਚ ਦੁੱਧ ਉਤਪਾਦਨ ਕਰਨ ਵਾਲੇ ਕਿਸਾਨ ਭਰਾਵਾਂ ਦੀ ਭਲਾਈ ਲਈ ਬਹੁਤ ਚੰਗਾ ਕੰਮ ਕਰ ਸਕਦੇ ਹਨ।''
ਵਿਰੋਧੀਆਂ ਵੱਲੋਂ ਇਸ ਬਿਆਨ 'ਤੇ ਨਾਰਾਜ਼ਗੀ ਜਤਾਈ ਗਈ ਸੀ।
ਇਸ ਸਾਰੇ ਵਿਵਾਦ ਕਾਰਨ ਵਿਰੋਧੀ ਆਗੂਆਂ ਅਤੇ ਕੁਝ ਲੋਕਾਂ ਵੱਲੋਂ ਹਾਲ ਹੀ ਵਿੱਚ ਰੋਸ ਮੁਜ਼ਾਹਰਾ ਵੀ ਕੀਤਾ ਗਿਆ।
ਇਸ ਦੌਰਾਨ ਪੁਲਿਸ ਨੇ ਕਰਨਾਟਕ ਰਕਸ਼ਣਾ ਵੇਦੀਕੇ ਸੰਗਠਨ ਦੇ ਕੁਝ ਵਰਕਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ।
ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਕਰ ਰਹੇ ਨੰਦਿਨੀ ਦਾ ਸਮਰਥਨ
ਅਮੂਲ ਵੱਲੋਂ ਕਰਨਾਟਕ ਵਿੱਚ ਵਿੱਕਰੀ ਵਾਲੇ ਬਿਆਨ ਤੋਂ ਬਾਅਦ ਸੂਬੇ 'ਚ ਕਾਂਗਰਸ ਪਾਰਟੀ ਅਤੇ ਜਨਤਾ ਦਲ (ਸੈਕੂਲਰ) 'ਨੰਦਿਨੀ' (ਕਰਨਾਟਕ ਮਿਲਕ ਫੈਡਰੇਸ਼ਨ) ਦਾ ਸਮਰਥਨ ਕਰ ਰਹੇ ਹਨ।
ਕਾਂਗਰਸ ਆਗੂ ਡੀਕੇ ਸ਼ਿਵਕੁਮਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਰਨਾਟਕ ਦਾ ਇਹ ਸਥਾਨਕ ਬ੍ਰਾਂਡ ਗੁਜਰਾਤ ਦੇ ਅਮੂਲ ਬ੍ਰਾਂਡ ਨਾਲੋਂ ਬਿਹਤਰ ਹੈ। ਇੱਥੋਂ ਤੱਕ ਕਿ ਸ਼ਿਵਕੁਮਾਰ ਨੂੰ ਨੰਦਿਨੀ ਦੇ ਉਤਪਾਦ ਖਰੀਦ ਕੇ ਖਾਂਦੇ/ਪੀਂਦੇ ਵੀ ਦੇਖਿਆ ਗਿਆ।
ਸ਼ਿਵਕੁਮਾਰ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, ''ਸਾਡੇ ਕੋਲ ਪਹਿਲਾਂ ਹੀ ਨੰਦਿਨੀ (ਬ੍ਰਾਂਡ) ਹੈ ਜੋ ਅਮੂਲ ਨਾਲੋਂ ਬਿਹਤਰ ਹੈ... ਸਾਨੂੰ ਕਿਸੇ ਅਮੂਲ ਦੀ ਲੋੜ ਨਹੀਂ... ਸਾਡਾ ਪਾਣੀ, ਸਾਡਾ ਦੁੱਧ ਤੇ ਸਾਡੀ ਮਿੱਟੀ ਸਟਰੌਂਗ ਹਨ।''
ਉਨ੍ਹਾਂ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, ''ਕਰਨਾਕਟ 'ਚ ਇਹ ਸਾਡੇ ਕਿਸਾਨਾਂ ਦੇ ਹੱਕ ਦਾ ਸਵਾਲ ਹੈ। 70 ਫੀਸਦੀ ਤੋਂ ਜ਼ਿਆਦਾ ਕਿਸਾਨ ਦੁੱਧ ਉਤਪਾਦਨ ਖੇਤਰ 'ਚ ਹਨ ਅਤੇ ਨੰਦਿਨੀ ਨੂੰ ਦੁੱਧ ਵੇਚਦੇ ਹਨ। ਗੁਜਰਾਤ ਦਾ ਅਮੂਲ ਵੀ ਕਿਸਾਨਾਂ ਤੋਂ ਦੁੱਧ ਲੈਂਦਾ ਹੈ ਪਰ ਇਹ ਠੀਕ ਨਹੀਂ ਕਿ ਅਮੂਲ ਨੂੰ ਅੱਗੇ ਲਿਆਂਦਾ ਜਾਵੇ ਅਤੇ ਨੰਦਿਨੀ ਨੂੰ ਪਿੱਛੇ ਧੱਕਿਆ ਜਾਵੇ।''
''ਉਨ੍ਹਾਂ (ਭਾਜਪਾ) ਦੀ ਸਰਕਾਰ ਨੇ ਕਿਸਾਨਾਂ ਨੂੰ ਕੋਈ ਮਦਦ ਨਹੀਂ ਦਿੱਤੀ। ਸਾਨੂੰ ਆਪਣੇ ਕਿਸਾਨਾਂ ਅਤੇ ਉਤਪਾਦ ਨੂੰ ਬਚਾਉਣਾ ਹੋਵੇਗਾ।''
ਕਾਂਗਰਸ ਦੇ ਅਧਿਕਾਰਿਤ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਇੱਕ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਇਹ ਮਾਮਲਾ 'ਨੰਦਿਨੀ ਬਨਾਮ ਅਮੂਲ ਦਾ ਨਹੀਂ ਹੈ' ਬਲਕਿ ਇਹ 'ਅਮਿਤ ਸ਼ਾਹ ਦਾ ਪਲਾਨ ਹੈ ਕਰਨਾਟਕ ਦੇ ਨੰਦਿਨੀ ਨੂੰ ਨੁਕਸਾਨ ਪਹੁੰਚਾਉਣ ਦਾ'।
ਇਸ ਟਵੀਟ ਵਿੱਚ ਕਾਂਗਰਸ ਨੇ ਇਸ ਮੁੱਦੇ 'ਤੇ ਆਪਣੇ ਕਈ ਸਵਾਲ ਅਤੇ ਉਨ੍ਹਾਂ ਦੇ ਜਵਾਬ ਵੀ ਲਿਖੇ ਹਨ।
ਭਾਜਪਾ ਦਾ ਕੀ ਕਹਿਣਾ ਹੈ
ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਹਾਲ ਹੀ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਾਰਟੀਆਂ ਗਲਤ ਜਾਣਕਾਰੀ ਫੈਲਾਅ ਰਹੀਆਂ ਹਨ।
ਸੂਬੇ ਦੇ ਭਾਜਪਾ ਆਗੂ ਚਲਾਵੜੀ ਨਰਾਇਣਸਵਾਮੀ ਨੇ ਸੋਮਵਾਰ ਨੂੰ ਕਿਹਾ ਕਿ 'ਇਹ ਸਭ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਦੇ ਆਉਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ''ਝੂਠੇ ਨਕਾਰਾਤਮਕ ਪ੍ਰਚਾਰ' ਦਾ ਹਿੱਸਾ ਹੈ।''
ਖ਼ਬਰ ਏਜੰਸੀ ਏਐਨਆਈ ਮੁਤਾਬਕ, ਨਰਾਇਣਸਵਾਮੀ ਨੇ ਅਮੂਲ ਅਤੇ ਨੰਦਿਨੀ ਦੇ ਰਲੇਵੇਂ ਦੀਆਂ ਖ਼ਬਰਾਂ 'ਤੇ ਬੋਲਦਿਆਂ ਕਿਹਾ, ''ਅਸੀਂ ਨੰਦਿਨੀ ਦੀ ਥਾਂ ਅਮੂਲ ਨੂੰ ਨਹੀਂ ਲਿਆ ਰਹੇ। ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ।''
ਉਨ੍ਹਾਂ ਕਿਹਾ, ''ਨੰਦਿਨੀ ਸਾਡਾ ਅੰਤਰਰਾਸ਼ਟਰੀ ਉਤਪਾਦ ਹੈ ਅਤੇ ਦੇਸ਼ ਦੇ ਲਗਭਗ ਅੱਧੇ ਹਿੱਸੇ 'ਚ ਵਿਕਰੀ ਕਰਦੇ ਹਾਂ। ਇਸ ਲਈ ਅਸੀਂ ਦੋਵਾਂ ਦਾ ਰਲੇਵਾਂ ਨਹੀਂ ਕਰ ਸਕਦੇ।''
ਸੂਬੇ ਦੇ ਭਾਜਪਾ ਜਨਰਲ ਸਕੱਤਰ ਰਵੀ ਕੁਮਾਰ ਨੇ ਕਿਹਾ ਕਿ ਕਾਂਗਰਸ ਅਤੇ ਜੇਡੀ(ਐਸ) ਗਲਤ ਪ੍ਰਚਾਰ ਵਾਲਾ ਕੈਂਪੇਨ ਚਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਕਰਨਾਟਕ 'ਚ ਭਾਜਪਾ ਸਰਕਾਰ ਬਣੀ ਹੈ, ਨੰਦਿਨੀ ਬ੍ਰਾਂਡ ਦੇਸ਼ 'ਚ ਦੂਜੇ ਸਥਾਨ 'ਤੇ ਪਹੁੰਚ ਚੁੱਕਿਆ ਹੈ।
ਰਵੀ ਕੁਮਾਰ ਨੇ ਕਿਹਾ, ''ਸਾਡੀ ਯੋਜਨਾ ਹੈ ਕਿ ਆਉਂਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਦੇਸ਼ਾਂ ਵਿੱਚ ਵੀ ਭੇਜਿਆ ਜਾਵੇ।''
ਉਨ੍ਹਾਂ ਕਿਹਾ, ''ਨੰਦਿਨੀ ਦੇ ਉਤਪਾਦ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਵੀ ਸਪਲਾਈ ਹੁੰਦੇ ਹਨ। ਇਸ ਦੇ ਦੁੱਧ ਨਾਲ ਤਿਰੂਪਤੀ ਮੰਦਿਰ 'ਚ ਲੱਡੂ ਬਣਾਏ ਜਾਂਦੇ ਹਨ।''
ਭਾਜਪਾ ਆਗੂ ਅਮਿਤ ਮਾਲਵੀਆ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ''ਕਾਂਗਰਸ ਝੂਠ ਬੋਲਦੀ ਹੈ ਅਤੇ ਇਹੀ ਕਾਰਨ ਹੈ ਕਿ ਭਾਰਤ ਉਨ੍ਹਾਂ 'ਤੇ ਭਰੋਸਾ ਨਹੀਂ ਕਰਦਾ।''
ਇੱਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ 'ਅਮੂਲ ਕਰਨਾਟਕ ਨਹੀਂ ਆ ਰਿਹਾ ਹੈ।''
ਉਨ੍ਹਾਂ ਦਾ ਇਹ ਬਿਆਨ ਕਰਨਾਟਕ ਦੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਨੇਤਾ ਸਿਧਾਰਮਈਆ ਦੇ ਇੱਕ ਟਵੀਟ ਤੋਂ ਬਾਅਦ ਆਇਆ ਹੈ।
ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵੱਲੋਂ ਕਰਨਾਕਟ ਮਿਲਕ ਫੈਡਰੇਸ਼ਨ ਅਤੇ ਅਮੂਲ ਵਿਚਕਾਰ ਰਲੇਵੇਂ ਦੀ ਸੰਭਾਵਨਾ ਵਾਲੇ ਬਿਆਨ ਤੋਂ ਬਾਅਦ ਸੂਬੇ ਦੇ ਮਿਲਕ ਉਤਪਾਦ 'ਤੇ ਪ੍ਰਭਾਵ ਪਿਆ ਹੈ।