ਚਾਰ ਨੁਕਤਿਆਂ ਨਾਲ ਸਮਝੋ ਕਿ ਕੁਦਰਤ ਨੇੜੇ 20 ਮਿੰਟ ਬਿਤਾਉਣ ਨਾਲ ਤੁਹਾਡੀ ਸਿਹਤ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਯਾਸਮੀਨ ਰੂਫੋ
- ਰੋਲ, ਬੀਬੀਸੀ ਪੱਤਰਕਾਰ
ਜੇਕਰ ਤੁਸੀਂ ਪਾਰਕ ਵਿੱਚ ਸੈਰ ਕਰਨ ਜਾਂ ਜੰਗਲ ਵਿੱਚ ਸੈਰ ਕਰਨ ਤੋਂ ਬਾਅਦ ਕਦੇ ਜ਼ਿਆਦਾ ਸ਼ਾਂਤ ਮਹਿਸੂਸ ਕਰਦੇ ਹੋ, ਤਾਂ ਇਹ ਮਹਿਜ਼ ਤੁਹਾਡੀ ਕਲਪਨਾ ਨਹੀਂ ਹੈ ਸਗੋਂ ਵਿਗਿਆਨਿਕ ਤੌਰ ਉੱਤੇ ਪ੍ਰਵਾਨਿਤ ਤੱਥ ਹੈ।
ਬਾਹਰ ਰਹਿਣ ਨਾਲ ਸਰੀਰ ਦੇ ਅੰਦਰ ਬਹੁਤ ਸਾਰੇ ਬਦਲਾਅ ਆਉਂਦੇ ਹਨ, ਜਿਵੇਂ ਕਿ ਤਣਾਅ ਦੇ ਹਾਰਮੋਨ ਘਟਣਾ, ਬਲੱਡ ਪ੍ਰੈਸ਼ਰ ਦਾ ਸੰਤੁਲਿਤ ਹੋਣਾ ਅਤੇ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੋਣਾ।
ਇਨ੍ਹਾਂ ਫਾਇਦਿਆਂ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਘੰਟਿਆਂ ਬੱਧੀ ਪੈਦਲ ਯਾਤਰਾ ਕਰਨ ਦੀ ਲੋੜ ਨਹੀਂ ਹੈ। ਕੁਦਰਤ ਵਿੱਚ ਮਹਿਜ਼ 20 ਮਿੰਟ ਹੀ ਪ੍ਰਭਾਵਸ਼ਾਲੀ ਹੋ ਸਕਦੇ ਹਨ।
ਇਸਦਾ ਮਤਲਬ ਹੈ ਕਿ ਦੁਪਹਿਰ ਦੇ ਖਾਣੇ ਦੌਰਾਨ ਪਾਰਕ ਵਿੱਚ ਸੈਰ ਕਰਨ ਜਾਣਾ ਅਤੇ ਕਈ ਵਾਰ ਬੈਂਚ 'ਤੇ ਬੈਠ ਕੇ ਸੈਂਡਵਿਚ ਖਾਣਾ ਵੀ ਤੁਹਾਡੇ ਸਰੀਰ ਅਤੇ ਦਿਮਾਗ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਅਜਿਹੇ ਚਾਰ ਤਰੀਕੇ ਹਨ ਜਿਨ੍ਹਾਂ ਨਾਲ ਕੁਦਰਤ ਵਿੱਚ ਸਮਾਂ ਬਿਤਾਉਣ ਨਾਲ ਤੁਹਾਡੀ ਸਿਹਤ ਬਿਹਤਰ ਹੋ ਸਕਦੀ ਹੈ।
1. ਤੁਸੀਂ ਅਚੇਤ ਤੌਰ 'ਤੇ ਆਰਾਮ ਮਹਿਸਸੂ ਕਰਦੇ ਹੋ

ਜਦੋਂ ਤੁਸੀਂ ਹਰੇ ਦਰੱਖਤ ਦੇਖਦੇ ਹੋ, ਖ਼ੁਸ਼ਬੂ ਭਰੇ ਰੁੱਖਾਂ ਨੂੰ ਸੁੰਘਦੇ ਹੋ, ਜਾਂ ਪੱਤਿਆਂ ਦੀ ਸਰਸਰਾਹਟ ਅਤੇ ਪੰਛੀਆਂ ਦੀ ਚਹਿਕ ਸੁਣਦੇ ਹੋ, ਤਾਂ ਤੁਹਾਡਾ ਆਟੋਨੋਮਿਕ ਨਰਵਸ ਸਿਸਟਮ ਸਰਗਰਮ ਹੋ ਜਾਂਦਾ ਹੈ।
ਇਹ ਸਰੀਰ ਦਾ ਉਹ ਨਰਵਸ ਸਿਸਟਮ ਹੈ ਜੋ ਬਿਨ੍ਹਾਂ ਸੋਚੇ-ਸਮਝੇ ਬਹੁਤ ਸਾਰੀਆਂ ਪ੍ਰਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ।
ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਪਾਰਕ ਵਿੱਚ ਸੈਰ ਕਰਕੇ ਵੀ ਇਹ ਪ੍ਰਭਾਵ ਹਾਸਿਲ ਕਰ ਸਕਦੇ ਹੋ।
ਆਕਸਫੋਰਡ ਯੂਨੀਵਰਸਿਟੀ ਵਿੱਚ ਜੈਵ ਵਿਭਿੰਨਤਾ ਦੀ ਪ੍ਰੋਫੈਸਰ ਬੈਰੋਨੈਸ ਕੈਥੀ ਵਿਲਿਸ ਨੇ ਬੀਬੀਸੀ ਰੇਡੀਓ 4 ਦੇ ਪੋਡਕਾਸਟ 'ਵਟਸ ਅੱਪ ਡੌਕਸ' 'ਤੇ ਕਿਹਾ, "ਅਸੀਂ ਸਰੀਰ ਵਿੱਚ ਕਈ ਬਦਲਾਅ ਦੇਖਦੇ ਹਾਂ, ਜਿਵੇਂ ਕਿ ਘੱਟ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਵਿੱਚ ਬਦਲਾਅ ਹੋ ਕੇ ਹੌਲੀ ਹੋਣਾ, ਇਹ ਸਾਰੇ ਸਰੀਰ ਦੇ ਸ਼ਾਂਤ ਹੋਣ ਦੇ ਸੰਕੇਤ ਹਨ।"
ਯੂਕੇ ਵਿੱਚ ਤਕਰੀਬਨ 20,000 ਲੋਕਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕ ਹਫ਼ਤੇ ਵਿੱਚ ਘੱਟੋ-ਘੱਟ 120 ਮਿੰਟ ਹਰਿਆਲੀ ਵਿੱਚ ਬਿਤਾਉਂਦੇ ਹਨ, ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਕੁਦਰਤ ਵਿੱਚ ਸਮਾਂ ਬਿਤਾਉਣ ਦੇ ਫਾਇਦੇ ਇੰਨੇ ਸਪੱਸ਼ਟ ਹਨ ਕਿ ਬਹੁਤ ਸਾਰੀਆਂ ਥਾਵਾਂ 'ਤੇ 'ਗਰੀਨ ਸੋਸ਼ਲ ਫ੍ਰਿਸਕ੍ਰਾਈਬਿੰਗ' ਪਹਿਲਕਦਮੀਆਂ ਸ਼ੁਰੂ ਹੋ ਗਈਆਂ ਹਨ, ਜੋ ਲੋਕਾਂ ਨੂੰ ਕੁਦਰਤ ਨਾਲ ਜੋੜਦੀਆਂ ਹਨ ਤਾਂ ਜੋ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ।
ਸ਼ੁਰੂਆਤੀ ਤੌਰ ਉੱਤੇ ਇਹ ਸੁਝਾਅ ਖੁਸ਼ੀ ਅਤੇ ਸਿਹਤ ਦੋਵਾਂ ਲਈ ਫ਼ਾਇਦੇਮੰਦ ਸਾਬਤ ਹੋਏ ਹਨ।
2. ਤੁਹਾਡੇ ਹਾਰਮੋਨ ਆਪਣੇ ਆਮ ਪੱਧਰ 'ਤੇ ਵਾਪਸ ਆ ਜਾਂਦੇ ਹਨ

ਤਸਵੀਰ ਸਰੋਤ, Getty Images
ਜਦੋਂ ਤੁਸੀਂ ਕੁਦਰਤ ਵਿੱਚ ਸਮਾਂ ਬਿਤਾਉਂਦੇ ਹੋ, ਤਾਂ ਤੁਹਾਡਾ ਹਾਰਮੋਨਲ ਸਿਸਟਮ ਵੀ ਇਸ ਆਰਾਮ ਪ੍ਰਕਿਰਿਆ ਦਾ ਹਿੱਸਾ ਬਣ ਜਾਂਦਾ ਹੈ।
ਪ੍ਰੋਫੈਸਰ ਵਿਲਿਸ ਦੱਸਦੇ ਹਨ ਕਿ ਬਾਹਰ ਰਹਿਣ ਨਾਲ ਸਰੀਰ ਦੀ ਐਂਡੋਕਰੀਨ ਪ੍ਰਣਾਲੀ ਸਰਗਰਮ ਹੁੰਦੀ ਹੈ ਅਤੇ ਤਣਾਅ ਦੇ ਹਾਰਮੋਨਜ਼ ਕੋਰਟੀਸੋਲ ਅਤੇ ਐਡਰੇਨਾਲੀਨ ਦੇ ਪੱਧਰ ਨੂੰ ਘਟਾਉਂਦਾ ਹੈ।
ਇੱਕ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਜੋ ਲੋਕ ਲਗਾਤਾਰ ਤਿੰਨ ਦਿਨ ਹੋਟਲ ਦੇ ਕਮਰੇ ਵਿੱਚ ਜਾਪਾਨੀ ਸਾਈਪ੍ਰਸ ਯਾਨੀ ਹਿਨੋਕੀ ਤੇਲ ਦੀ ਖੁਸ਼ਬੂ ਵਿੱਚ ਰਹੇ, ਉਨ੍ਹਾਂ ਦੇ ਐਡਰੇਨਾਲੀਨ ਹਾਰਮੋਨ ਦੇ ਪੱਧਰ ਵਿੱਚ ਕਾਫ਼ੀ ਕਮੀ ਆਈ ਅਤੇ ਖੂਨ ਵਿੱਚ ਨੈਚੂਲਰ ਕਿਲਰ ਸੈੱਲਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ।
ਇਹ ਕੁਦਰਤੀ ਕਿਲਰ ਸੈੱਲ ਉਹੀ ਹਨ ਜੋ ਸਰੀਰ ਵਿੱਚ ਵਾਇਰਸਾਂ ਨਾਲ ਲੜਦੇ ਹਨ।
ਅਧਿਐਨ ਵਿੱਚ ਪਾਇਆ ਗਿਆ ਕਿ ਖੁਸ਼ਬੂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਸੈੱਲਾਂ ਦਾ ਪੱਧਰ ਦੋ ਹਫ਼ਤਿਆਂ ਤੱਕ ਉੱਚਾ ਰਿਹਾ।
ਇਲੀਨੋਏ ਯੂਨੀਵਰਸਿਟੀ ਦੇ ਪ੍ਰੋਫੈਸਰ ਮਿੰਗ ਕੁਓ ਕਹਿੰਦੇ ਹਨ, "ਕੁਦਰਤ ਸਾਡੇ ਸਰੀਰ ਦੇ ਉਨ੍ਹਾਂ ਹਿੱਸਿਆਂ ਨੂੰ ਸ਼ਾਂਤ ਕਰਦੀ ਹੈ ਜਿਨ੍ਹਾਂ ਨੂੰ ਸ਼ਾਂਤੀ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਹਿੱਸਿਆਂ ਨੂੰ ਮਜ਼ਬੂਤ ਕਰਦੀ ਹੈ ਜਿਨ੍ਹਾਂ ਨੂੰ ਤਾਕਤ ਦੀ ਲੋੜ ਹੁੰਦੀ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਕੁਦਰਤ ਵਿੱਚ ਬਿਤਾਏ ਤਿੰਨ ਦਿਨਾਂ ਦੇ ਵੀਕਐਂਡ ਦਾ ਸਾਡੇ ਵਾਇਰਸ ਨਾਲ ਲੜਨ ਵਾਲੇ ਸਿਸਟਮ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ ਅਤੇ ਇੱਕ ਮਹੀਨੇ ਬਾਅਦ ਵੀ, ਇਹ ਆਮ ਨਾਲੋਂ ਤਕਰੀਬਨ 24 ਫ਼ੀਸਦ ਜ਼ਿਆਦਾ ਸਰਗਰਮ ਰਹਿੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਥੋੜ੍ਹੇ ਸਮੇਂ ਲਈ ਵੀ ਕੁਦਰਤ ਵਿੱਚ ਰਹਿਣ ਦੇ ਛੋਟੇ ਪਰ ਸਥਾਈ ਪ੍ਰਭਾਵ ਪੈਂਦੇ ਹਨ।
3. ਖੁਸ਼ਬੂ ਦੀ ਤਾਕਤ
ਕੁਦਰਤ ਦੀ ਖੁਸ਼ਬੂ ਨੂੰ ਮਹਿਸੂਸ ਕਰਨਾ ਓਨਾ ਹੀ ਪ੍ਰਭਾਵਸ਼ਾਲੀ ਹੈ ਜਿੰਨਾ ਇਸ ਨੂੰ ਦੇਖਣਾ ਜਾਂ ਸੁਣਨਾ।
ਰੁੱਖਾਂ ਅਤੇ ਮਿੱਟੀ ਦੀ ਮਹਿਕ ਵਿੱਚ ਕਈ ਤਰ੍ਹਾਂ ਦੇ ਜੈਵਿਕ ਮਿਸ਼ਰਣ ਹੁੰਦੇ ਹਨ ਜੋ ਪੌਦਿਆਂ ਤੋਂ ਨਿਕਲਦੇ ਹਨ ਅਤੇ ਜਦੋਂ ਤੁਸੀਂ ਉਨ੍ਹਾਂ ਨੂੰ ਸਾਹ ਰਾਹੀਂ ਅੰਦਰ ਲੈਂਦੇ ਹੋ, ਤਾਂ ਉਨ੍ਹਾਂ ਦੇ ਕੁਝ ਅਣੂ ਸਿੱਧੇ ਖੂਨ ਦੇ ਪ੍ਰਵਾਹ ਵਿੱਚ ਪਹੁੰਚ ਜਾਂਦੇ ਹਨ।
ਵਿਲਿਸ ਕਹਿੰਦੇ ਹਨ ਕਿ ਦੇਵਦਾਰ ਇੱਕ ਚੰਗੀ ਉਦਾਹਰਣ ਹੈ।
ਉਹ ਕਹਿੰਦੇ ਹਨ, " ਦੇਵਦਾਰ ਦੇ ਜੰਗਲ ਦੀ ਖੁਸ਼ਬੂ ਤੁਹਾਨੂੰ ਸਿਰਫ਼ 90 ਸਕਿੰਟਾਂ ਵਿੱਚ ਸ਼ਾਂਤ ਕਰ ਸਕਦੀ ਹੈ ਅਤੇ ਇਸਦਾ ਪ੍ਰਭਾਵ ਤਕਰੀਬਨ 10 ਮਿੰਟ ਤੱਕ ਰਹਿੰਦਾ ਹੈ।"
ਤੁਸੀਂ ਸੋਚ ਸਕਦੇ ਹੋ ਕਿ ਇਹ ਆਰਾਮ ਸਿਰਫ਼ ਮਾਨਸਿਕ ਹੈ, ਪਰ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬਹੁਤ ਛੋਟੇ ਬੱਚੇ, ਜਿਨ੍ਹਾਂ ਨੂੰ ਕੋਈ ਖੁਸ਼ਬੂ ਯਾਦ ਨਹੀਂ ਹੁੰਦੀ ਵੀ, ਉਹ ਵੀ ਜਦੋਂ ਕਮਰੇ ਵਿੱਚ 'ਲਿਮੋਨੀਨ' ਨਾਮਕ ਇੱਕ ਸੁਖਦਾਇਕ ਖੁਸ਼ਬੂ ਫ਼ੈਲਦੀ ਹੈ ਤਾਂ ਸ਼ਾਂਤ ਹੋ ਜਾਂਦੇ ਹਨ।
4. ਚੰਗੇ ਬੈਕਟੀਰੀਆ ਸਰੀਰ ਤੱਕ ਪਹੁੰਚਦੇ ਹਨ

ਤਸਵੀਰ ਸਰੋਤ, Getty Images
ਕੁਦਰਤ ਨਾ ਸਿਰਫ਼ ਮਨ ਨੂੰ ਸ਼ਾਂਤ ਕਰਦੀ ਹੈ ਸਗੋਂ ਸਰੀਰ ਦੇ ਮਾਈਕ੍ਰੋਬਾਇਓਮ ਨੂੰ ਵੀ ਮਜ਼ਬੂਤ ਕਰਦੀ ਹੈ। ਮਿੱਟੀ ਅਤੇ ਪੌਦਿਆਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ।
ਵਿਲਿਸ ਕਹਿੰਦੇ ਹਨ, "ਇਹ ਉਹ ਚੰਗੇ ਬੈਕਟੀਰੀਆ ਹਨ ਜਿਨ੍ਹਾਂ ਲਈ ਅਸੀਂ ਪ੍ਰੋਬਾਇਓਟਿਕ ਦਵਾਈਆਂ ਜਾਂ ਪੀਣ ਵਾਲੇ ਪਦਾਰਥਾਂ 'ਤੇ ਪੈਸੇ ਖਰਚ ਕਰਦੇ ਹਾਂ।"
ਪ੍ਰੋਫੈਸਰ ਮਿੰਗ ਕੁਓ ਨੇ ਲਾਗਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਮਾਨਸਿਕ ਸਿਹਤ 'ਤੇ ਉਨ੍ਹਾਂ ਦੇ ਪ੍ਰਭਾਵ ਦਾ ਅਧਿਐਨ ਕੀਤਾ ਹੈ।
ਉਹ ਸੁਝਾਅ ਦਿੰਦੇ ਹਨ ਕਿ ਕੁਝ ਕੁਦਰਤੀ ਬੈਕਟੀਰੀਆ ਨੂੰ ਸਾਹ ਰਾਹੀਂ ਅੰਦਰ ਲੈਣ ਨਾਲ ਮੂਡ ਵਿੱਚ ਸੁਧਾਰ ਹੋ ਸਕਦਾ ਹੈ।
"ਪੌਦਿਆਂ ਤੋਂ ਐਂਟੀਮਾਈਕ੍ਰੋਬਾਇਲ ਰਸਾਇਣ, ਜਿਨ੍ਹਾਂ ਨੂੰ ਫਾਈਟੋਨਸਾਈਡ ਕਿਹਾ ਜਾਂਦਾ ਹੈ, ਬਿਮਾਰੀ ਨਾਲ ਲੜਨ ਵਿੱਚ ਮਦਦ ਕਰ ਸਕਦੇ ਹਨ।"
ਇਨਫੈਕਸ਼ਨ ਵਿਗਿਆਨੀ ਡਾ. ਕ੍ਰਿਸ ਵੈਨ ਟੁਲਕੇਂਸ ਕਹਿੰਦੇ ਹਨ, "ਕੁਦਰਤ ਇੱਕ ਅਜਿਹਾ ਵਾਤਾਵਰਣ ਹੈ ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਸਰਗਰਮ ਕਰਦਾ ਹੈ।"
ਉਹ ਆਪਣੇ ਬੱਚਿਆਂ ਨੂੰ ਜੰਗਲ ਵਿੱਚ ਚਿੱਕੜ ਨਾਲ ਖੇਡਣ ਦਿੰਦੇ ਹਨ ਤਾਂ ਜੋ ਇਹ ਚਿੱਕੜ ਦੇ ਕਣ ਨੱਕ ਜਾਂ ਮੂੰਹ ਰਾਹੀਂ ਉਨ੍ਹਾਂ ਦੇ ਸਰੀਰ ਤੱਕ ਪਹੁੰਚ ਸਕਣ।
ਕੁਦਰਤ ਨੂੰ ਆਪਣੇ ਕੋਲ ਲਿਆਓ

ਤਸਵੀਰ ਸਰੋਤ, Getty Images
ਤੁਹਾਨੂੰ ਹਮੇਸ਼ਾ ਬਾਹਰ ਜਾਣ ਦੀ ਲੋੜ ਨਹੀਂ ਹੈ।
ਵਿਲਿਸ ਕਹਿੰਦੇ ਹਨ ਕਿ ਘਰ ਵਿੱਚ ਕੁਦਰਤ ਦਾ ਇੱਕ ਛੋਟਾ ਜਿਹਾ ਅਹਿਸਾਸ ਵੀ ਅਸਰਦਾਰ ਹੋ ਸਕਦਾ ਹੈ।
ਚਿੱਟੇ ਜਾਂ ਪੀਲੇ ਗੁਲਾਬ ਵਰਗੇ ਫੁੱਲਾਂ ਦਾ ਦਿਮਾਗ ਦੀ ਗਤੀਵਿਧੀ 'ਤੇ ਸਭ ਤੋਂ ਵੱਧ ਸ਼ਾਂਤ ਪ੍ਰਭਾਵ ਪਾਇਆ ਗਿਆ ਹੈ।
ਖੁਸ਼ਬੂ ਲਈ ਪਾਈਨੇਨ ਵਰਗੇ ਜ਼ਰੂਰੀ ਤੇਲਾਂ ਵਾਲੇ ਡਿਫਿਊਜ਼ਰ ਦੀ ਵਰਤੋਂ ਕਰੋ, ਜੋ ਮਨ ਨੂੰ ਆਰਾਮ ਦੇਣ ਵਿੱਚ ਮਦਦ ਕਰਦਾ ਹੈ।
ਜੇਕਰ ਇਹ ਸੰਭਵ ਨਹੀਂ ਹੈ, ਤਾਂ ਜੰਗਲਾਂ ਜਾਂ ਹਰਿਆਲੀ ਦੀਆਂ ਤਸਵੀਰਾਂ ਦੇਖਣਾ ਵੀ ਮਦਦ ਕਰ ਸਕਦਾ ਹੈ।
ਖੋਜ ਦਰਸਾਉਂਦੀ ਹੈ ਕਿ ਲੈਪਟਾਪ 'ਤੇ ਕੁਦਰਤ ਦੀਆਂ ਤਸਵੀਰਾਂ ਦੇਖਣਾ ਜਾਂ ਕਿਸੇ ਹਰੇ ਦ੍ਰਿਸ਼ ਦੀ ਪ੍ਰਸ਼ੰਸਾ ਕਰਨਾ ਵੀ ਦਿਮਾਗ ਵਿੱਚ ਉਹੀ ਸ਼ਾਂਤ ਲਹਿਰਾਂ ਪੈਦਾ ਕਰ ਸਕਦਾ ਹੈ ਜੋ ਬਾਗ਼ ਵਿੱਚ ਜਾ ਕੇ ਪੈਦਾ ਹੁੰਦੀਆਂ ਅਤੇ ਤਣਾਅ ਘਟਾ ਸਕਦਾ ਹੈ।
ਪ੍ਰੋਫੈਸਰ ਮਿੰਗ ਕੁਓ ਕਹਿੰਦੇ ਹਨ, "ਕੁਦਰਤ ਦਾ ਹਰ ਛੋਟਾ ਕਣ ਵੀ ਮਦਦ ਕਰ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












