ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਦੇ ਪੰਜਵੀਂ ਵਾਰ ਆਈਪਐੱਲ ਚੈਂਪੀਅਨ ਬਣਨ ਦੇ ਕੀ ਕਾਰਨ ਹਨ

ਆਈਪੀਐੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੱਤ ਦੇ ਜਸ਼ਨ

ਚੇਨਈ ਸੁਪਰ ਕਿੰਗਜ਼ ਆਈਪੀਐੱਲ 2023 ਦੀ ਚੈਂਪੀਅਨ ਬਣ ਗਈ ਹੈ। ਚੇਨਈ ਸੁਪਰ ਕਿੰਗਜ਼ ਨੇ ਫਾਈਨਲ ਵਿੱਚ ਗੁਜਰਾਤ ਟਾਇਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਤੇ ਪੰਜਵੀਂ ਵਾਰ ਟਰਾਫ਼ੀ ’ਤੇ ਕਬਜ਼ਾ ਕੀਤਾ।

ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 2010, 2011, 2018, 2021 ਅਤੇ ਹੁਣ 2023 ਵਿੱਚ ਆਈਪੀਐੱਲ ਟਰਾਫੀ ਜਿੱਤੀ ਹੈ।

ਆਈਪੀਐੱਲ ਦਾ ਫਾਈਨਲ ਮੈਚ 28 ਮਈ ਐਤਵਾਰ ਨੂੰ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਇਹ ਮੈਚ 29 ਮਈ ਨੂੰ ਰਿਜ਼ਰਵ ਡੇਅ 'ਤੇ ਖੇਡਿਆ ਗਿਆ।

ਮਹਿੰਦਰ ਸਿੰਘ ਧੋਨੀ ਨੇ ਸੋਮਵਾਰ ਨੂੰ ਟਾਸ ਜਿੱਤ ਕੇ ਗੁਜਰਾਤ ਟਾਇਟਨਸ ਨੂੰ ਬੱਲੇਬਾਜ਼ੀ ਕਰਨ ਲਈ ਕਿਹਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਇਟਨਜ਼ ਨੇ 214 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਜਦੋਂ ਚੇਨਈ ਸੁਪਰ ਕਿੰਗਜ਼ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਪਹਿਲੇ ਓਵਰ ਦੀਆਂ ਸਿਰਫ਼ ਤਿੰਨ ਗੇਂਦਾਂ ਹੀ ਸੁੱਟੀਆਂ ਗਈਆਂ ਸਨ ਜਦੋਂ ਮੀਂਹ ਸ਼ੁਰੂ ਹੋ ਗਿਆ ਅਤੇ ਮੈਚ ਨੂੰ ਰੋਕਣਾ ਪਿਆ।

ਚੇਨਈ ਸੁਪਰ ਕਿੰਗਜ਼ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਚਾਰ ਦੌੜਾਂ ਬਣਾਈਆਂ ਸਨ।

ਇਸ ਤੋਂ ਬਾਅਦ ਮੀਂਹ ਤਾਂ ਰੁੱਕ ਗਿਆ ਪਰ ਪਿੱਚ ਅਤੇ ਗਰਾਉਂਡ ਨੂੰ ਸੁੱਕਣ 'ਚ ਕਾਫੀ ਸਮਾਂ ਲੱਗਿਆ ਅਤੇ ਮੈਚ ਦੁਬਾਰਾ ਰਾਤ 12.10 ਵਜੇ ਮੁੜ ਸ਼ੁਰੂ ਹੋਇਆ। ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਮੈਚ 15 ਓਵਰਾਂ ਦਾ ਹੋਵੇਗਾ।

ਇਸ ਦੇ ਨਾਲ ਹੀ ਡਕਵਰਥ ਲੁਈਸ ਦੇ ਨਿਯਮ ਆ ਗਏ। ਇਸ ਨਿਯਮ ਨੂੰ ਲਾਗੂ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਦੇ ਸਾਹਮਣੇ ਜਿੱਤ ਲਈ 171 ਦੌੜਾਂ ਦਾ ਟੀਚਾ ਰੱਖਿਆ ਗਿਆ ਸੀ।

ਇਸ ਦੇ ਨਾਲ ਹੀ ਪਾਵਰਪਲੇ ਛੇ ਦੀ ਬਜਾਏ ਚਾਰ ਓਵਰਾਂ ਦਾ ਹੋ ਗਿਆ ਅਤੇ ਗੇਂਦਬਾਜ਼ ਲਈ ਵੱਧ ਤੋਂ ਵੱਧ ਤਿੰਨ ਓਵਰ ਤੈਅ ਕੀਤੇ ਗਏ।

ਆਈਪੀਐੱਲ਼

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੀਂਹ ਤੋਂ ਬਾਅਦ ਪਿੱਚ ਤੇ ਮੈਦਾਨ ਸੁਕਾਉਂਦਾ ਹੋਇਆ ਗਰਾਉਂਡ ਸਟਾਫ਼

ਚੇਨਈ ਸੁਪਰ ਕਿੰਗਜ਼ ਦੀ ਤੇਜ਼ ਬੱਲੇਬਾਜ਼ੀ

ਇਸ ਤੋਂ ਬਾਅਦ ਰਿਤੁਰਾਜ ਗਾਇਕਵਾੜ ਅਤੇ ਡੇਵੋਨ ਕੌਨਵੇ ਨੇ ਤੇਜ਼ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਪਾਵਰਪਲੇ ਦੇ ਚਾਰ ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਸਕੋਰ ਨੂੰ 48 ਤੱਕ ਪਹੁੰਚਾ ਦਿੱਤਾ।

ਦੋਵਾਂ ਸਲਾਮੀ ਬੱਲੇਬਾਜ਼ਾਂ ਨੇ 74 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਸ ਸਕੋਰ 'ਤੇ 7ਵੇਂ ਓਵਰ ਦੀ ਤੀਜੀ ਗੇਂਦ 'ਤੇ ਚੇਨਈ ਸੁਪਰ ਕਿੰਗਜ਼ ਦਾ ਪਹਿਲਾ ਵਿਕਟ ਰਿਤੂਰਾਜ ਗਾਇਕਵਾੜ ਦਾ ਗਿਆ।

ਗਾਇਕਵਾੜ ਦਾ ਵਿਕਟ ਨੂਰ ਅਹਿਮਦ ਨੇ ਲਿਆ। ਗਾਇਕਵਾੜ ਨੇ 16 ਗੇਂਦਾਂ 'ਤੇ 26 ਦੌੜਾਂ ਬਣਾਈਆਂ।

ਸ਼ਿਵਮ ਦੂਬੇ ਇਮਪੈਕਟ ਪਲੇਅਰ ਵਜੋਂ ਪਿੱਚ 'ਤੇ ਉਤਰੇ। ਇਸੇ ਓਵਰ ਦੀ ਆਖ਼ਰੀ ਗੇਂਦ ’ਤੇ ਨੂਰ ਅਹਿਮਦ ਨੇ ਡੇਵੋਨ ਕੌਨਵੇ ਨੂੰ ਵੀ ਮੋਹਿਤ ਸ਼ਰਮਾਂ ਹੱਥੋਂ ਆਊਟ ਕੀਤਾ। ਕੌਨਵੇ ਨੇ 25 ਗੇਂਦਾਂ 'ਤੇ 47 ਦੌੜਾਂ ਬਣਾਈਆਂ।

ਆਈਪੀਐੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਜਿੰਕਿਆ ਰਹਾਣੇ ਨੇ 13 ਗੇਂਦਾਂ ’ਤੇ 27 ਦੌੜਾਂ ਬਣਾਈਆਂ

ਗਾਇਕਵਾੜ, ਕੌਨਵੇ ਤੋਂ ਬਾਅਦ ਰਹਾਣੇ, ਦੁਬੇ ਅਤੇ ਜਡੇਜਾ ਦੀ ਸ਼ਾਨਦਾਰ ਪਾਰੀ

ਕੌਨਵੇ ਦੇ ਆਊਟ ਹੋਣ ਤੋਂ ਬਾਅਦ ਅਜਿੰਕਿਆ ਰਹਾਣੇ ਪਿੱਚ 'ਤੇ ਸ਼ਿਵਮ ਦੂਬੇ ਦਾ ਸਾਥ ਦੇਣ ਲਈ ਉੱਤਰੇ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਦੋ ਛੱਕੇ ਜੜੇ। ਇਸ ਨਾਲ ਚੇਨਈ ਸੁਪਰ ਕਿੰਗਜ਼ ਨੇ 8 ਓਵਰਾਂ 'ਚ ਦੋ ਵਿਕਟਾਂ 'ਤੇ 94 ਦੌੜਾਂ ਤੱਕ ਪਹੁੰਚ ਗਿਆ।

ਚੇਨਈ ਸੁਪਰ ਕਿੰਗਜ਼ ਨੇ 10ਵੇਂ ਓਵਰ ਦੀ ਪਹਿਲੀ ਗੇਂਦ 'ਤੇ 100 ਦੌੜਾਂ ਪੂਰੀਆਂ ਕਰ ਲਈਆਂ ਸਨ। ਇਸ ਓਵਰ ਦੀਆਂ ਆਖਰੀ ਦੋ ਗੇਂਦਾਂ 'ਤੇ ਰਹਾਣੇ ਨੇ ਦੋ ਚੌਕੇ ਜੜੇ ਅਤੇ ਟੀਮ ਦਾ ਸਕੋਰ 112 ਦੌੜਾਂ ਤੱਕ ਪਹੁੰਚਾਇਆ।

ਅਜਿੰਕਿਆ ਰਹਾਣੇ ਨੂੰ ਮੋਹਿਤ ਸ਼ਰਮਾ ਨੇ 11ਵੇਂ ਓਵਰ ਵਿੱਚ ਆਊਟ ਕੀਤਾ। ਅਜਿੰਕਿਆ ਰਹਾਣੇ ਨੇ 13 ਗੇਂਦਾਂ 'ਤੇ 27 ਦੌੜਾਂ ਦੀ ਪਾਰੀ ਖੇਡੀ।

12ਵੇਂ ਓਵਰ 'ਚ ਸ਼ਿਵਮ ਦੂਬੇ ਨੇ ਰਾਸ਼ਿਦ ਖਾਨ ਦੀਆਂ ਆਖਰੀ ਦੋ ਗੇਂਦਾਂ 'ਤੇ ਦੋ ਛੱਕੇ ਜੜੇ ਅਤੇ ਚੇਨਈ ਸੁਪਰ ਕਿੰਗਜ਼ ਨੇ 133 ਦੌੜਾਂ ਬਣਾ ਲਈਆਂ।

ਆਪਣਾ ਆਖਰੀ ਮੈਚ 13ਵੇਂ ਓਵਰ 'ਚ ਖੇਡ ਰਹੇ ਅੰਬਾਤੀ ਰਾਇਡੂ ਨੇ ਮੋਹਿਤ ਸ਼ਰਮਾ ਦੀਆਂ ਗੇਂਦਾਂ 'ਤੇ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ।

ਰਾਇਡੂ ਨੇ ਪਹਿਲੀ ਗੇਂਦ 'ਤੇ ਛੱਕਾ, ਫ਼ਿਰ ਦੂਜੀ ਗੇਂਦ 'ਤੇ ਚੌਕਾ ਤੇ ਤੀਜੀ ਗੇਂਦ 'ਤੇ ਇਕ ਹੋਰ ਛੱਕਾ ਜੜਿਆ। ਹਾਲਾਂਕਿ ਇਸ ਓਵਰ ਦੀ ਚੌਥੀ ਗੇਂਦ 'ਤੇ ਰਾਇਡੂ ਆਪਣੀ ਹੀ ਗੇਂਦ 'ਤੇ ਮੋਹਿਤ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਏ। ਰਾਇਡੂ ਨੇ ਮਹਿਜ਼ ਅੱਠ ਗੇਂਦਾਂ ਵਿੱਚ 19 ਦੌੜਾਂ ਬਣਾਈਆਂ।

ਰਾਇਡੂ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਬੱਲੇਬਾਜ਼ੀ ਕਰਨ ਆਏ ਅਤੇ ਮੋਹਿਤ ਸ਼ਰਮਾ ਪਹਿਲੀ ਹੀ ਗੇਂਦ 'ਤੇ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ।

14ਵੇਂ ਓਵਰ ਵਿੱਚ ਮੁਹੰਮਦ ਸ਼ਮੀ ਨੇ ਸਿਰਫ਼ ਅੱਠ ਦੌੜਾਂ ਹੀ ਬਣਾਉਣ ਦਿੱਤੀਆਂ।

ਇਸ ਨਾਲ ਆਖਰੀ ਓਵਰਾਂ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਲਈ 13 ਦੌੜਾਂ ਦਾ ਟੀਚਾ ਮਿਲਿਆ।

ਪਹਿਲੀਆਂ ਚਾਰ ਗੇਂਦਾਂ ਵਿੱਚ ਸਿਰਫ਼ ਤਿੰਨ ਦੌੜਾਂ ਹੀ ਬਣੀਆਂ। ਰਵਿੰਦਰ ਜਡੇਜਾ ਨੇ ਆਖਰੀ ਦੋ ਗੇਂਦਾਂ 'ਤੇ ਜ਼ਬਰਦਸਤ ਬੱਲੇਬਾਜ਼ੀ ਕੀਤੀ ਅਤੇ ਪਹਿਲਾਂ ਛੱਕਾ ਅਤੇ ਫ਼ਿਰ ਚੌਕਾ ਮਾਰਿਆ, ਇਸ ਨਾਲ ਚੇਨਈ ਸੁਪਰ ਕਿੰਗਜ਼ ਪੰਜਵੀਂ ਵਾਰ ਆਈਪੀਐਲ ਦੀ ਚੈਂਪੀਅਨ ਬਣੀ।

ਕ੍ਰਿਕਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਧੋਨੀ ਨੇ ਕੀਤਾ ਸ਼ੁਭਮਨ ਗਿੱਲ ਨੂੰ ਸਟੰਪਸ ਆਊਟ

ਗੁਜਰਾਤ ਟਾਇਟਨਜ਼ ਨੇ 214 ਦੌੜਾਂ ਬਣਾਈਆਂ

ਅਹਿਮਦਾਬਾਦ ਵਿੱਚ ਖੇਡੇ ਜਾ ਰਹੇ ਇਸ ਫਾਈਨਲ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਗੁਜਰਾਤ ਟਾਇਟਨਸ ਦੀ ਪਾਰੀ ਵਿੱਚ ਸਾਈ ਸੁਦਰਸ਼ਨ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਿਧੀਮਾਨ ਸਾਹਾ ਨੇ ਵੀ ਅਰਧ ਸੈਂਕੜਾ ਜੜਿਆ ਅਤੇ ਹਾਰਦਿਕ ਪੰਡਿਯਾ 21 ਦੌੜਾਂ ਬਣਾ ਕੇ ਅੰਤ ਤੱਕ ਮੈਦਾਨ ਵਿੱਚ ਡਟੇ ਰਹੇ।

ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਪਾਵਰਪਲੇ ਵਿੱਚ ਜ਼ਬਰਦਸਤ ਬੱਲੇਬਾਜ਼ੀ ਕੀਤੀ ਅਤੇ ਬਿਨਾਂ ਕਿਸੇ ਨੁਕਸਾਨ ਦੇ 62 ਦੌੜਾਂ ਜੋੜੀਆਂ।

ਪਰ ਇਸ ਤੋਂ ਠੀਕ ਬਾਅਦ ਮਹਿੰਦਰ ਸਿੰਘ ਧੋਨੀ ਨੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਸ਼ੁਭਮਨ ਗਿੱਲ ਨੂੰ ਸਟੰਪਸ ਆਊਟ ਕਰ ਦਿੱਤਾ।

ਗਿੱਲ ਨੇ 20 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ 39 ਦੌੜਾਂ ਦਾ ਯੋਗਦਾਨ ਪਾਇਆ। ਗਿੱਲ ਅਤੇ ਸਾਹਾ ਨੇ 67 ਦੌੜਾਂ ਦੀ ਸਾਂਝੇਦਾਰੀ ਨਿਭਾਈ।

ਇਸ ਤੋਂ ਬਾਅਦ ਰਿਧੀਮਾਨ ਸਾਹਾ ਵੀ ਮੈਚ ਦੇ 14ਵੇਂ ਓਵਰ 'ਚ ਦੀਪਕ ਚਾਹਰ ਦੀ ਗੇਂਦ 'ਤੇ ਧੋਨੀ ਦੇ ਹੱਥੋਂ ਕੈਚ ਆਊਟ ਹੋ ਗਏ। ਸਾਹਾ ਨੇ 39 ਗੇਂਦਾਂ 'ਚ 54 ਦੌੜਾਂ ਬਣਾਈਆਂ।

ਸਾਹਾ ਅਤੇ ਸੁਦਰਸ਼ਨ ਨੇ ਦੂਜੇ ਵਿਕਟ ਲਈ ਅਰਧ ਸੈਂਕੜੇ 64 ਦੌੜਾਂ ਦੀ ਸਾਂਝੇਦਾਰੀ ਵੀ ਨਿਭਾਈ। ਸਾਈ ਸੁਦਰਸ਼ਨ ਨੇ ਵੀ ਅਰਧ ਸੈਂਕੜੇ ਦੀ ਪਾਰੀ ਖੇਡੀ। ਉਸ ਨੇ ਸਿਰਫ਼ 33 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ, ਸਾਈ ਸੁਦਰਸ਼ਨ ਹੋਰ ਵੀ ਜ਼ਬਰਦਸਤ ਖੇਡੇ। ਉਨ੍ਹਾਂ ਨੇ 20ਵੇਂ ਓਵਰ ਵਿੱਚ ਆਊਟ ਹੋਣ ਤੋਂ ਪਹਿਲਾਂ ਸਿਰਫ 47 ਗੇਂਦਾਂ ਵਿੱਚ 96 ਦੌੜਾਂ ਬਣਾਈਆਂ। ਸੁਦਰਸ਼ਨ ਨੇ ਆਪਣੀ ਪਾਰੀ ਵਿੱਚ ਛੇ ਛੱਕੇ ਅਤੇ ਅੱਠ ਚੌਕੇ ਜੜੇ।

ਆਈਪੀਐੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸ਼ੁਭਮਨ ਗਿੱਲ ਤੇ ਸਾਹਾ ਨੇ ਸਾਨਦਾਰ ਪਾਰੀ ਖੇਡੀ

ਗਿੱਲ-ਸਾਹਾ ਨੇ ਪਾਵਰਪਲੇ 'ਚ ਦਮ ਦਿਖਾਇਆ

ਗੁਜਰਾਤ ਟਾਇਟਨਜ਼ ਨੇ ਮੈਚ ਦੇ ਪਹਿਲੇ ਓਵਰ ਵਿੱਚ ਦੀਪਕ ਚਾਹਰ ਨੂੰ ਸਿਰਫ਼ ਤਿੰਨ ਦੌੜਾਂ ਹੀ ਬਣਾਉਣ ਦਿੱਤੀਆਂ ਪਰ ਇਸ ਤੋਂ ਬਾਅਦ ਰਿਧੀਮਾਨ ਸਾਹਾ ਅਤੇ ਫ਼ਿਰ ਸ਼ੁਭਮਨ ਗਿੱਲ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਹਾਲਾਂਕਿ ਦੂਜੇ ਓਵਰ ਦੀ ਚੌਥੀ ਗੇਂਦ 'ਤੇ ਚੇਨਈ ਸੁਪਰ ਕਿੰਗਜ਼ ਕੋਲ ਸ਼ੁਭਮਨ ਗਿੱਲ ਨੂੰ ਆਊਟ ਕਰਨ ਦਾ ਮੌਕਾ ਸੀ। ਉਸ ਸਮੇਂ ਗਿੱਲ ਨੇ ਤੁਸ਼ਾਰ ਦੇਸ਼ਪਾਂਡੇ ਦੀ ਗੇਂਦ ਨੂੰ ਫਲਿੱਕ ਕੀਤਾ ਜੋ ਸਕਵੇਅਰ ਲੈੱਗ 'ਤੇ ਖੜ੍ਹੇ ਦੀਪਕ ਚਾਹਰ ਦੇ ਹੱਥਾਂ 'ਚ ਚਲੀ ਗਈ ਪਰ ਉਨ੍ਹਾਂ ਤੋਂ ਕੈਚ ਛੁੱਟ ਗਿਆ।

ਦੀਪਕ ਚਾਹਰ ਤੀਜਾ ਓਵਰ ਦੀ ਗੇਂਦਬਾਜ਼ੀ ਕਰਨ ਆਏ ਇਹ ਓਵਰ ਉਨ੍ਹਾਂ ਦੀ ਟੀਮ ਲਈ ਕਾਫ਼ੀ ਮਹਿੰਗਾ ਸਾਬਤ ਹੋਇਆ।

ਚਾਹਰ ਦੇ ਓਵਰ ਵਿੱਚ ਰਿਧੀਮਾਨ ਸਾਹਾ ਨੇ ਇੱਕ ਛੱਕਾ ਅਤੇ ਤਿੰਨ ਚੌਕੇ ਜੜੇ ਅਤੇ ਕੁੱਲ 20 ਦੌੜਾਂ ਬਣਾਈਆਂ।

ਚੌਥੇ ਓਵਰ ਵਿੱਚ ਸ਼ੁਭਮਨ ਗਿੱਲ ਨੇ ਆਪਣਾ ਬੱਲਾ ਚਲਾਇਆ ਅਤੇ ਲਗਾਤਾਰ ਤਿੰਨ ਚੌਕੇ ਜੜੇ।

ਪਾਵਰਪਲੇ ਤੋਂ ਤੁਰੰਤ ਬਾਅਦ ਰਵਿੰਦਰ ਜਡੇਜਾ ਨੂੰ ਗੇਂਦਬਾਜ਼ੀ ਲਈ ਬੁਲਾਇਆ ਗਿਆ ਅਤੇ ਦੂਜੀ ਗੇਂਦ 'ਤੇ ਇਕ ਵਾਰ ਫ਼ਿਰ ਸ਼ੁਭਮਨ ਗਿੱਲ ਦੇ ਰਨ ਆਊਟ ਹੋਣ ਦੀ ਸੰਭਾਵਨਾ ਬਣੀ ਪਰ ਇਸ ਵਾਰ ਜਡੇਜਾ ਦੇ ਹੱਥੋਂ ਗੇਂਦ ਛੁੱਟ ਗਈ ਤੇ ਇਸ ਤੋਂ ਅਗਲੀ ਹੀ ਗੇਂਦ 'ਤੇ ਸ਼ੁਭਮਨ ਸਟੰਪਸ ਆਊਟ ਹੋ ਗਏ।

BBC

ਆਈਪੀਐੱਲ 2023 ਕੀ ਰਿਹਾ ਖ਼ਾਸ

  • ਸ਼ੁਭਮਨ ਗਿੱਲ ਨੇ ਗੁਜਰਾਤ ਟਾਇਟਨਸ ਲਈ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ 890 ਦੌੜਾਂ ਬਣਾਈਆਂ।
  • ਮੁਹੰਮਦ ਸ਼ਮੀ ਨੇ 28 ਵਿਕਟਾਂ, ਮੋਹਿਤ ਸ਼ਰਮਾ ਨੇ 27 ਵਿਕਟਾਂ ਅਤੇ ਰਾਸ਼ਿਦ ਖਾਨ ਨੇ 27 ਵਿਕਟਾਂ ਲਈਆਂ ਹਨ
  • ਚੇਨਈ ਸੁਪਰ ਕਿੰਗਜ਼ ਲਈ ਡੇਵੋਨ ਕੌਨਵੇ ਨੇ ਸਭ ਤੋਂ ਵੱਧ 672 ਦੌੜਾਂ ਬਣਾਈਆਂ।
  • ਸ਼ਿਵਮ ਦੂਬੇ ਨੇ ਫਾਈਨਲ ਮੈਚ ਵਿੱਚ ਦੋ ਛੱਕੇ ਲਗਾਏ ਅਤੇ ਆਪਣੇ ਕੁੱਲ 35 ਛੱਕਿਆਂ ਦੇ ਨਾਲ ਆਈਪੀਐੱਲ 2023 ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਕ੍ਰਿਕਟਰਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਰਹੇ।
  • ਇਸ ਆਈਪੀਐੱਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਫਾਫ ਡੂ ਪਲੇਸਿਸ ਨੇ 36 ਛੱਕੇ ਮਾਰੇ।
  • ਰਿਤੂਰਾਜ ਗਾਇਕਵਾੜ ਨੇ ਵੀ ਟੂਰਨਾਮੈਂਟ 'ਚ 30 ਛੱਕੇ ਲਗਾਏ।
BBC
ਆਈਪੀਐੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਾਈ ਸੁਦਰਸ਼ਨ ਦੀ ਬੱਲੇਬਾਜ਼ੀ ਸ਼ਾਨਦਾਰ ਸੀ

ਸਾਈ ਸੁਦਰਸ਼ਨ ਦੀ ਤੂਫਾਨੀ ਬੱਲੇਬਾਜ਼ੀ

ਇਸ ਤੋਂ ਬਾਅਦ ਸਾਈ ਸੁਦਰਸ਼ਨ ਪਿੱਚ 'ਤੇ ਆਏ ਅਤੇ ਉਨ੍ਹਾਂ ਨੇ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ ਚੌਕੇ ਦੀ ਮਦਦ ਨਾਲ ਗੁਜਰਾਤ ਟਾਇਟਨਜ਼ ਦੇ ਸਕੋਰ ਨੂੰ 100 ਦੌੜਾਂ ਤੱਕ ਪਹੁੰਚਾਇਆ।

ਗੁਜਰਾਤ ਟਾਇਟਨਜ਼ ਦੇ ਦੂਜੇ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ ਨੇ 13ਵੇਂ ਓਵਰ ਵਿੱਚ ਚੌਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਰਿਧੀਮਾਨ ਨੇ 36 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਅਗਲੇ ਓਵਰ ਵਿੱਚ ਹੀ ਧੋਨੀ ਨੇ ਦੀਪਕ ਚਾਹਰ ਨੂੰ ਗੇਂਦਬਾਜ਼ੀ ਲਈ ਵਾਪਸ ਬੁਲਾਇਆ ਅਤੇ ਉਸ ਨੇ ਸਾਹਾ ਅਤੇ ਸੁਦਰਸ਼ਨ ਦੀ ਜੋੜੀ ਨੂੰ ਤੋੜ ਦਿੱਤਾ।

ਇਸ ਤੋਂ ਬਾਅਦ ਹਾਰਦਿਕ ਪੰਡਿਯਾ ਪਿੱਚ 'ਤੇ ਆਏ। ਮੈਚ ਦੇ 15ਵੇਂ ਓਵਰ 'ਚ ਸਾਈ ਸੁਦਰਸ਼ਨ ਨੇ ਟੀਕਸ਼ਨਾ ਦੀ ਗੈਂਦ ’ਤੇ ਦੋ ਛੱਕੇ ਜੜੇ ਅਤੇ 16ਵੇਂ ਓਵਰ 'ਚ ਮਹਿਜ਼ 33 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ।

ਮਧੀਸ਼ਾ ਪਥਿਰਾਨਾ ਨੇ 18ਵੇਂ ਓਵਰ ਵਿੱਚ 9 ਦੌੜਾਂ ਬਣਾਈਆਂ। 19ਵੇਂ ਓਵਰ 'ਚ ਗੁਜਰਾਤ ਟਾਇਟਨਸ ਨੇ 18 ਦੌੜਾਂ ਬਣਾਈਆਂ ਅਤੇ ਕਪਤਾਨ ਹਾਰਦਿਕ ਪੰਡਿਯਾ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਟੀਮ ਦਾ ਸਕੋਰ 200 ਤੋਂ ਪਾਰ ਪਹੁੰਚਾਇਆ।

ਆਈਪੀਐੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਥੀਸ਼ਾ ਪਥਿਰਾਨਾ ਨੇ ਆਖ਼ਰੀ ਓਵਰ ਵਿੱਚ ਦੋ ਵਿਕਟਾਂ ਲਈਆਂ

ਚੇਨਈ ਸੁਪਰ ਕਿੰਗਜ਼ ਦੀ ਗੇਂਦਬਾਜ਼ੀ

ਚੇਨਈ ਸੁਪਰ ਕਿੰਗਜ਼ ਵੱਲੋਂ ਆਖ਼ਰੀ ਓਵਰ ਵਿੱਚ ਮਥੀਸ਼ਾ ਪਥਿਰਾਨਾ ਨੇ ਦੋ ਵਿਕਟਾਂ ਲਈਆਂ। ਉਹ ਚੇਨਈ ਸੁਪਰ ਕਿੰਗਜ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਹੇ, ਹਾਲਾਂਕਿ ਉਹ ਆਪਣੇ ਚਾਰ ਓਵਰਾਂ ਵਿੱਚ 44 ਦੌੜਾਂ ਦੇ ਕੇ ਟੀਮ ਲਈ ਮਹਿੰਗੇ ਵੀ ਸਾਬਤ ਹੋਏ।

ਇਸ ਦੇ ਨਾਲ ਹੀ ਤੁਸ਼ਾਰ ਦੇਸ਼ਪਾਂਡੇ ਨੇ ਚਾਰ ਓਵਰਾਂ ਵਿੱਚ ਬਿਨਾਂ ਕਿਸੇ ਵਿਕਟ ਦੇ 56 ਦੌੜਾਂ ਦਿੱਤੀਆਂ ਸਨ।

ਧੋਨੀ ਨੇ ਸੱਤਵੇਂ ਓਵਰ ਵਿੱਚ ਰਵਿੰਦਰ ਜਡੇਜਾ ਨੂੰ ਗੇਂਦਬਾਜ਼ੀ ਕਰਨ ਲਈ ਬੁਲਾਇਆ ਅਤੇ ਉਸ ਨੇ ਲਗਾਤਾਰ ਚਾਰ ਓਵਰ ਸੁੱਟੇ।

13ਵੇਂ ਓਵਰ ਦੇ ਆਖ਼ੀਰ ਵਿੱਚ ਰਵਿੰਦਰ ਜਡੇਜਾ ਨੇ ਵੀ ਚਾਰ ਓਵਰਾਂ ਦਾ ਆਪਣਾ ਕੋਟਾ ਪੂਰਾ ਕੀਤਾ ਅਤੇ 38 ਦੌੜਾਂ ਦੇ ਕੇ ਸ਼ੁਭਮਨ ਗਿੱਲ ਦਾ ਵਿਕਟ ਹਾਸਲ ਕੀਤਾ।

ਇਸ ਤੋਂ ਬਾਅਦ ਮਹੀਸ਼ ਤੀਕਸ਼ਨਾ ਨੇ ਵੀ ਚਾਰ ਓਵਰਾਂ ਦਾ ਆਪਣਾ ਕੋਟਾ ਪੂਰਾ ਕਰ ਲਿਆ। ਤੀਕਸ਼ਨਾ ਨੇ 36 ਦੌੜਾਂ ਦਿੱਤੀਆਂ ਪਰ ਵਿਕਟ ਕੋਈ ਨਹੀਂ ਲਈ। ਦੀਪਕ ਚਾਹਰ ਨੇ ਆਪਣੇ ਚਾਰ ਓਵਰਾਂ ਵਿੱਚ 38 ਦੌੜਾਂ ਦੇ ਕੇ ਸਾਹਾ ਦਾ ਵਿਕਟ ਲਿਆ।

ਆਈਪੀਐੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੀਂਹ ਕਰਕੇ ਐਤਵਾਰ ਨੂੰ ਫ਼ਾਈਨਲ ਮੁਕਾਬਲਾ ਨਹੀਂ ਹੋ ਸਕਿਆ ਸੀ

ਐਤਵਾਰ ਨੂੰ ਹੋਣਾ ਸੀ ਫ਼ਾਈਨਲ

ਦੋਵਾਂ ਟੀਮਾਂ ਵਿਚਾਲੇ ਆਈਪੀਐੱਲ 2023 ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਣਾ ਸੀ ਪਰ ਅਹਿਮਦਾਬਾਦ ਵਿੱਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਇਸ ਨੂੰ ਰਿਜ਼ਰਵ ਦਿਨ ਸੋਮਵਾਰ ਨੂੰ ਖੇਡਣ ਦਾ ਫ਼ੈਸਲਾ ਲਿਆ ਗਿਆ ਸੀ।

ਐਤਵਾਰ ਨੂੰ ਅਹਿਮਦਾਬਾਦ ਵਿੱਚ ਲਗਾਤਾਰ ਮੀਂਹ ਕਾਰਨ ਟਾਸ ਵੀ ਨਹੀਂ ਸੀ ਕੀਤਾ ਜਾ ਸਕਿਆ। ਕਰੀਬ 9 ਵਜੇ ਮੀਂਹ ਰੁਕ ਗਿਆ।

ਪੂਰਾ ਗਰਾਊਂਡ ਸੁੱਕਇਆ ਗਿਆ ਅਤੇ ਜਦੋਂ ਅੰਪਾਇਰ ਅਤੇ ਖਿਡਾਰੀ ਗਰਾਊਂਡ ਦਾ ਮੁਆਇਨਾ ਕਰਨ ਲਈ ਗਏ ਤਾਂ ਮੀਂਹ ਫ਼ਿਰ ਸ਼ੁਰੂ ਹੋ ਗਿਆ।

ਅੰਤ ਰਾਤ ਨੂੰ ਕਰੀਬ 11 ਵਜੇ ਫ਼ੈਸਲਾ ਹੋਇਆ ਕਿ ਇਹ ਮੈਚ ਹੁਣ ਸੋਮਵਾਰ ਸ਼ਾਮ 7.30 ਵਜੇ ਖੇਡਿਆ ਜਾਵੇਗਾ।

ਆਈਪੀਐੱਲ

ਤਸਵੀਰ ਸਰੋਤ, ANI

ਚੇਨਈ ਸੁਪਰ ਕਿੰਗਜ਼ ਬਨਾਮ ਗੁਜਰਾਤ ਟਾਇਟਨਸ

ਦੋਵਾਂ ਟੀਮਾਂ ਵਿਚਾਲੇ ਆਈਪੀਐੱਲ ਵਿੱਚ ਹੁਣ ਤੱਕ ਪੰਜ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ 'ਚੋਂ ਹਾਰਦਿਕ ਦੀ ਟੀਮ ਨੇ ਤਿੰਨ ਜਿੱਤੇ, ਜਦਕਿ ਧੋਨੀ ਦੀ ਟੀਮ ਨੇ ਇੱਕ ਹਫਤੇ ਦੇ ਅੰਦਰ ਦੂਜੀ ਵਾਰ ਹਾਰਦਿਕ ਦੀ ਟੀਮ ਨੂੰ ਹਰਾਇਆ।

ਇਸ ਫਾਈਨਲ ਤੋਂ ਛੇ ਦਿਨ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਪਹਿਲਾ ਕੁਆਲੀਫਾਇਰ ਵੀ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਸੀ।

ਫ਼ਿਰ ਪਹਿਲੇ ਕੁਆਲੀਫਾਇਰ 'ਚ ਧੋਨੀ ਅਤੇ ਹਾਰਦਿਕ ਦੀਆਂ ਟੀਮਾਂ ਵਿਚਾਲੇ ਮੈਚ ਹੋਇਆ, ਜਿਸ ਨੂੰ ਚੇਨਈ ਸੁਪਰ ਕਿੰਗਜ਼ ਨੇ 15 ਦੌੜਾਂ ਨਾਲ ਜਿੱਤ ਕੇ ਫਾਈਨਲ ਦਾ ਰਾਹ ਸਾਫ਼ ਕੀਤਾ।

ਦੂਜੇ ਪਾਸੇ ਗੁਜਰਾਤ ਟਾਇਟਨਜ਼ ਨੇ ਦੂਜੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਆਈਪੀਐੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਆਈਪੀਐੱਲ 2023 ਵਿੱਚ ਸਭ ਤੋਂ ਵੱਧ ਛੱਕੇ ਮਾਰੇ ਗਏ

ਖਿਡਾਰੀਆਂ ਦਾ ਪ੍ਰਦਰਸ਼ਨ

ਸ਼ੁਭਮਨ ਗਿੱਲ ਗੁਜਰਾਤ ਟਾਇਟਨਸ ਲਈ ਬੱਲੇ ਨਾਲ ਗਰਜ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ (890 ਦੌੜਾਂ) ਵੀ ਬਣਾਈਆਂ ਹਨ।

ਦੂਜੇ ਪਾਸੇ ਮੁਹੰਮਦ ਸ਼ਮੀ ਨੇ 28 ਵਿਕਟਾਂ ਲਈਆਂ, ਮੋਹਿਤ ਸ਼ਰਮਾ ਨੇ 27 ਵਿਕਟਾਂ ਅਤੇ ਰਾਸ਼ਿਦ ਖਾਨ ਨੇ 27 ਵਿਕਟਾਂ ਲਈਆਂ ਹਨ। ਇਹ ਤਿੰਨੋਂ ਵੀ ਇਸ ਸੀਜ਼ਨ ਦੇ ਚੋਟੀ ਦੇ ਤਿੰਨ ਗੇਂਦਬਾਜ਼ ਰਹੇ ਹਨ।

ਚੇਨਈ ਸੁਪਰ ਕਿੰਗਜ਼ ਲਈ ਡੇਵੋਨ ਕੌਨਵੇ ਨੇ ਜਿੱਥੇ ਸਭ ਤੋਂ ਵੱਧ 672 ਦੌੜਾਂ ਬਣਾਈਆਂ, ਉੱਥੇ ਹੀ ਟੀਮ ਦੇ ਦੂਜੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਵੀ ਬਹੁਤ ਵਧੀਆ ਲੈਅ ਵਿੱਚ ਸਨ ਅਤੇ ਉਨ੍ਹਾਂ ਨੇ ਆਪਣੇ ਬੱਲੇ ਨਾਲ 590 ਦੌੜਾਂ ਬਣਾਈਆਂ।

ਸ਼ਿਵਮ ਦੂਬੇ ਨੇ ਫਾਈਨਲ ਮੈਚ ਵਿੱਚ ਦੋ ਛੱਕੇ ਲਗਾਏ ਅਤੇ ਆਪਣੇ ਕੁੱਲ 35 ਛੱਕਿਆਂ ਦੇ ਨਾਲ ਆਈਪੀਐੱਲ 2023 ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਕ੍ਰਿਕਟਰਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਰਹੇ। ਇਸ ਆਈਪੀਐੱਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਫਾਫ ਡੂ ਪਲੇਸਿਸ ਨੇ 36 ਛੱਕੇ ਮਾਰੇ।

ਰਿਤੂਰਾਜ ਗਾਇਕਵਾੜ ਨੇ ਵੀ ਟੂਰਨਾਮੈਂਟ 'ਚ 30 ਛੱਕੇ ਲਗਾਏ।

ਗੇਂਦਬਾਜ਼ੀ 'ਚ ਤੁਸ਼ਾਰ ਦੇਸ਼ਪਾਂਡੇ ਨੇ ਸਭ ਤੋਂ ਵੱਧ 21 ਵਿਕਟਾਂ, ਰਵਿੰਦਰ ਜਡੇਜਾ ਨੇ 20 ਵਿਕਟਾਂ ਅਤੇ ਮਥੀਸ਼ਾ ਪਥਿਰਾਨਾ ਨੇ 19 ਵਿਕਟਾਂ ਲਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)