ਬਦਬੂਦਾਰ ਜੁੱਤੀਆਂ ਨੇ ਕਿਵੇਂ ਦਵਾਇਆ ਭਾਰਤ ਨੂੰ ਇਗ ਨੋਬਲ ਪੁਰਸਕਾਰ

ਜੁੱਤੀਆਂ ਦੀ ਬਦਬੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਵੇਖਣ ਵਿੱਚ ਪਾਇਆ ਗਿਆ ਕਿ ਅੱਧੇ ਤੋਂ ਵੱਧ ਲੋਕਾਂ ਨੇ ਆਪਣੇ ਜੁੱਤੇ ਜਾਂ ਕਿਸੇ ਹੋਰ ਦੀ ਬਦਬੂ ਤੋਂ ਸ਼ਰਮਿੰਦਗੀ ਮਹਿਸੂਸ ਕੀਤੀ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਭਾਰਤ ਪੱਤਰਕਾਰ

ਲਗਭਗ ਹਰ ਘਰ ਵਿੱਚ ਘੱਟੋ-ਘੱਟ ਇੱਕ ਜੋੜਾ ਜੁੱਤੀ ਹੁੰਦੀ ਹੈ ਜਿਸਦੀ ਬਦਬੂ ਨੂੰ ਨਜ਼ਰਅੰਦਾਜ਼ ਕਰਨਾ ਅਸੰਭਵ ਹੈ।

ਇਸ ਨੂੰ ਇੱਕ ਪਰਿਵਾਰ ਦੇ ਜੁੱਤੀਆਂ ਦੀ ਕੀਮਤ ਨਾਲ ਗੁਣਾ ਕਰੋ, ਉਨ੍ਹਾਂ ਨੂੰ ਇੱਕ ਰੈਕ 'ਤੇ ਰੱਖੋ ਅਤੇ ਤੁਹਾਡੇ ਸਾਹਮਣੇ ਇੱਕ ਘਰੇਲੂ ਡਿਜ਼ਾਈਨ ਸਮੱਸਿਆ ਹੋਵੇਗੀ ਜੋ ਓਨੀ ਹੀ ਗੰਭੀਰ ਹੈ ਜਿੰਨੀ ਸਰਵ ਵਿਆਪਕ ਹੈ।

ਦੋ ਭਾਰਤੀ ਖੋਜਕਾਰਾਂ ਨੇ ਸੋਚਿਆ ਕਿ ਇਹ ਸਿਰਫ਼ ਬਦਬੂ ਦਾ ਮਾਮਲਾ ਨਹੀਂ ਹੈ, ਇਹ ਵਿਗਿਆਨ ਦਾ ਮਾਮਲਾ ਹੈ।

ਉਹ ਇਹ ਅਧਿਐਨ ਕਰਨ ਲਈ ਨਿਕਲੇ ਕਿ ਬਦਬੂਦਾਰ ਜੁੱਤੇ, ਜੁੱਤੀਆਂ ਦੇ ਰੈਕ ਵਰਤਣ ਦੇ ਸਾਡੇ ਅਨੁਭਵ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ।

ਅਜਿਹੀ ਹੀ ਖੋਜ ਕਰਦੇ ਹੋਏ ਉਹ ਆਈਜੀ ਨੋਬਲ ਪੁਰਸਕਾਰਾਂ ਦੇ ਪਵਿੱਤਰ ਅਤੇ ਮਜ਼ੇਦਾਰ ਹਾਲ ਤੱਕ ਪਹੁੰਚੇ, ਜੋ ਕਿ ਮੂਰਖ਼ ਪਰ ਖੋਜੀ ਵਿਗਿਆਨਕ ਯਤਨਾਂ ਲਈ ਇੱਕ ਹਾਸੋਹੀਣਾ ਪੁਰਸਕਾਰ ਮੰਨਿਆ ਜਾਂਦਾ ਹੈ।

ਦਿੱਲੀ ਦੇ ਨੇੜੇ ਸ਼ਿਵ ਨਾਦਰ ਯੂਨੀਵਰਸਿਟੀ ਵਿੱਚ ਡਿਜ਼ਾਈਨ ਦੇ ਸਹਾਇਕ ਪ੍ਰੋਫੈਸਰ, 42 ਸਾਲਾ ਵਿਕਾਸ ਕੁਮਾਰ ਤੇ ਉਨ੍ਹਾਂ ਦੇ ਸਾਬਕਾ ਵਿਦਿਆਰਥੀ ਸਾਰਥਕ ਮਿੱਤਲ ਨੇ ਮਿਲ ਕੇ ਬਦਬੂਦਾਰ ਜੁੱਤੀਆਂ ਉੱਤੇ ਰਿਸਰਚ ਸ਼ੁਰੂ ਕੀਤੀ।

ਵਿਕਾਸ ਕੁਮਾਰ ਅਤੇ ਸਾਰਥਕ ਮਿੱਤਲ
ਤਸਵੀਰ ਕੈਪਸ਼ਨ, ਵਿਕਾਸ ਕੁਮਾਰ (ਖੱਬੇ) ਅਤੇ ਉਨ੍ਹਾਂ ਦੇ ਸਾਬਕਾ ਵਿਦਿਆਰਥੀ ਸਾਰਥਕ ਮਿੱਤਲ ਨੇ ਬਦਬੂਦਾਰ ਜੁੱਤੀਆਂ ਵਿੱਚ ਆਈਜੀ ਨੋਬਲ ਜਿੱਤਿਆ

ਕਿੱਥੋਂ ਆਇਆ ਵਿਚਾਰ

ਯੂਨੀਵਰਸਿਟੀ ਵਿੱਚ ਹੀ ਦੋਵਾਂ ਨੇ ਸਭ ਤੋਂ ਪਹਿਲਾਂ ਬਦਬੂਦਾਰ ਜੁੱਤੀਆਂ ਦਾ ਅਧਿਐਨ ਕਰਨ ਦਾ ਵਿਚਾਰ ਸੋਚਿਆ।

ਮਿੱਤਲ ਕਹਿੰਦੇ ਹਨ ਕਿ ਉਨ੍ਹਾਂ ਨੇ ਅਕਸਰ ਆਪਣੇ ਹੋਸਟਲ ਦੇ ਗਲਿਆਰਿਆਂ ਵਿੱਚ ਜੁੱਤੀਆਂ ਦੇ ਢੇਰ ਵੇਖੇ, ਜੋ ਅਕਸਰ ਸ਼ੇਅਰਿੰਗ ਕਮਰਿਆਂ ਦੇ ਬਾਹਰ ਰੱਖੇ ਜਾਂਦੇ ਸਨ।

ਸ਼ੁਰੂਆਤੀ ਵਿਚਾਰ ਸਧਾਰਨ ਸੀ ਕਿ ਵਿਦਿਆਰਥੀਆਂ ਲਈ ਇੱਕ ਸੁੰਦਰ ਅਤੇ ਸ਼ਾਨਦਾਰ ਜੁੱਤੀ ਰੈਕ ਕਿਉਂ ਨਾ ਡਿਜ਼ਾਈਨ ਕੀਤਾ ਜਾਵੇ?

ਪਰ ਜਿਵੇਂ-ਜਿਵੇਂ ਉਨ੍ਹਾਂ ਨੇ ਡੂੰਘਾਈ ਨਾਲ ਖੋਜ ਕਰਨੀ ਸ਼ੁਰੂ ਕੀਤੀ ਤਾਂ, ਅਸਲ ਕਾਰਨ ਉੱਭਰਿਆ, ਜੋ ਜੁੱਤੀਆਂ ਨੂੰ ਬੇਤਰਤੀਬ ਰੱਖਣਾ ਨਹੀਂ ਸੀ, ਬਲਕਿ ਉਹ ਬਦਬੂ ਸੀ ਜੋ ਜੁੱਤੀਆਂ ਨੂੰ ਕਮਰਿਆਂ ਤੋਂ ਬਾਹਰ ਰੱਖਣ ਲਈ ਮਜਬੂਰ ਕਰ ਰਹੀ ਸੀ।

ਮਿੱਤਲ ਹੁਣ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦੇ ਹਨ।

ਮਿੱਤਲ ਆਖਦੇ ਹਨ, "ਇਹ ਜਗ੍ਹਾ ਦੀ ਘਾਟ ਜਾਂ ਜੁੱਤੀਆਂ ਦੇ ਰੈਕਾਂ ਦੀ ਘਾਟ ਨਹੀਂ ਸੀ ਜਦਕਿ ਜਗ੍ਹਾ ਕੋਈ ਸਮੱਸਿਆ ਹੀ ਨਹੀਂ। ਸਮੱਸਿਆ ਲਗਾਤਾਰ ਪਸੀਨਾ ਆਉਣਾ ਅਤੇ ਲਗਾਤਾਰ ਵਰਤੋਂ ਕਾਰਨ ਜੁੱਤੀਆਂ ਦੀ ਬਦਬੂ ਸੀ।"

ਇਸ ਲਈ ਦੋਵਾਂ ਨੇ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਸਰਵੇਖਣ ਸ਼ੁਰੂ ਕੀਤਾ ਅਤੇ ਇੱਕ ਸਵਾਲ ਪੁੱਛਿਆ ਜੇਕਰ ਸਾਡੇ ਜੁੱਤੀਆਂ ਵਿੱਚੋਂ ਬਦਬੂ ਆਉਂਦੀ ਹੈ, ਤਾਂ ਕੀ ਇਹ ਜੁੱਤੀਆਂ ਦੇ ਰੈਕ ਦੀ ਵਰਤੋਂ ਕਰਨ ਦਾ ਤਜਰਬਾ ਖ਼ਰਾਬ ਨਹੀਂ ਕਰ ਦਿੰਦਾ?

149 ਵਿਦਿਆਰਥੀਆਂ (80 ਫੀਸਦ ਮਰਦ) ਉੱਤੇ ਕੀਤੇ ਗਏ ਸਰਵੇਖਣ ਵਿੱਚ ਪਤਾ ਚੱਲਿਆ ਕਿ ਅੱਧੇ ਤੋਂ ਵੱਧ ਮੰਨਦੇ ਹਨ ਕਿ ਉਹ ਕਦੇ ਨਾ ਕਦੇ ਜੁੱਤੀਆਂ ਦੀ ਬਦਬੂ ਕਾਰਨ ਸ਼ਰਮਿੰਦਾ ਹੋਏ ਹਨ।

ਲਗਭਗ ਸਾਰਿਆਂ ਨੇ ਦੱਸਿਆ ਕਿ ਘਰ ਉਹ ਜੁੱਤੇ ਰੈਕ ਵਿੱਚ ਰੱਖਦੇ ਹਨ, ਪਰ ਡਿਓਡੋਰਾਈਜਿੰਗ ਪ੍ਰੋਡਕਟਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ।

ਘਰੇਲੂ ਉਪਾਅ ਜਿਵੇਂ ਜੁੱਤੀਆਂ ਵਿੱਚ ਟੀ-ਬੈਗ ਪਾਉਣਾ, ਬੇਕਿੰਗ ਸੋਡਾ ਛਿੜਕਣਾ ਜਾਂ ਡਿਓ ਸਪਰੇਅ ਕਰਨਾ ਵੀ ਲੰਬੇ ਸਮੇਂ ਤੱਕ ਕਾਰਗਰ ਨਹੀਂ ਰਹੇ।

ਜੁੱਤੀਆਂ ਵਾਲਾ ਰੈਕ

ਤਸਵੀਰ ਸਰੋਤ, Hindustan Times via Getty Images

ਤਸਵੀਰ ਕੈਪਸ਼ਨ, ਖੋਜਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੁੱਤੀਆਂ ਦੇ ਰੈਕ ਜੁੱਤੇ ਸਟੋਰ ਕਰਦੇ ਹਨ ਅਤੇ ਬਦਬੂ ਨਾਲ ਨਹੀਂ ਲੜਦੇ

ਯੂਵੀਸੀ ਰੌਸ਼ਨੀ ਦੀ ਮਦਦ

ਫਿਰ ਦੋਵੇਂ ਖੋਜਕਾਰਾਂ ਨੇ ਵਿਗਿਆਨ ਦਾ ਰੁਖ ਕੀਤਾ। ਉਨ੍ਹਾਂ ਨੂੰ ਪਤਾ ਸੀ ਕਿ ਜੁੱਤੀਆਂ ਵਿੱਚ ਬਦਬੂ ਦਾ ਅਸਲੀ ਕਾਰਨ ਕਾਈਟੋਕੌਕਸ ਸੇਡੇਂਟੇਰੀਅਮ ਹੈ, ਜੋ ਪਸੀਨੇ ਨਾਲ ਭਰੀਆਂ ਜੁੱਤੀਆਂ ਵਿੱਚ ਪੈਦਾ ਹੁੰਦਾ ਹੈ।

ਭਾਵ ਇੱਕ ਬੈਕਟੀਰੀਆ ਜੋ ਪਸੀਨੇ ਵਾਲੀਆਂ ਜੁੱਤੀਆਂ ਵਿੱਚ ਪਨਪਦਾ ਹੈ। ਉਨ੍ਹਾਂ ਦੇ ਪ੍ਰਯੋਗਾਂ ਨੇ ਦਿਖਾਇਆ ਕਿ ਅਲਟ੍ਰਾਵਾਇਲਟ ਰੌਸ਼ਨੀ ਦੇ ਇੱਕ ਛੋਟੇ ਧਮਾਕੇ ਨੇ ਰੋਗਾਣੂਆਂ ਨੂੰ ਮਾਰ ਦਿੱਤਾ ਅਤੇ ਬਦਬੂ ਨੂੰ ਦੂਰ ਕਰ ਦਿੱਤਾ।

ਲੇਖਕਾਂ ਨੇ ਆਪਣੇ ਪੇਪਰ ਵਿੱਚ ਲਿਖਿਆ, "ਭਾਰਤ ਵਿੱਚ, ਲਗਭਗ ਹਰ ਘਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਜੁੱਤੀਆਂ ਵਾਲਾ ਰੈਕ ਹੁੰਦਾ ਹੈ ਅਤੇ ਇੱਕ ਅਜਿਹਾ ਰੈਕ ਹੋਣਾ ਜੋ ਜੁੱਤੀਆਂ ਨੂੰ ਬਦਬੂ-ਮੁਕਤ ਰੱਖਦਾ ਹੈ, ਇੱਕ ਸ਼ਾਨਦਾਰ ਅਨੁਭਵ ਹੋਵੇਗਾ।"

ਉਨ੍ਹਾਂ ਨੇ "ਬਦਬੂਦਾਰ ਜੁੱਤੀਆਂ ਨੂੰ ਇੱਕ ਬਿਹਤਰ ਉਪਭੋਗਤਾ ਅਨੁਭਵ ਲਈ ਰਵਾਇਤੀ ਜੁੱਤੀਆਂ ਦੇ ਰੈਕਾਂ ਨੂੰ ਦੁਬਾਰਾ ਡਿਜ਼ਾਈਨ ਕਰਨ ਦੇ ਮੌਕੇ ਵਜੋਂ ਦੇਖਿਆ।"

ਨਤੀਜਾ? ਇਹ ਇੱਕ ਆਮ ਐਰਗੋਨੋਮਿਕਸ ਪੇਪਰ ਨਹੀਂ ਹੈ ਪਰ ਇੱਕ ਵਿਲੱਖਣ ਅਤੇ ਦਿਲਚਸਪ ਵਿਚਾਰ ਹੈ। ਇੱਕ ਪ੍ਰੋਟੋਟਾਈਪ ਜੁੱਤੀ ਰੈਕ ਜੋ ਇੱਕ ਯੂਵੀਸੀ ਲਾਈਟ ਨਾਲ ਲੈਸ ਹੈ ਜੋ ਨਾ ਸਿਰਫ਼ ਜੁੱਤੀਆਂ ਨੂੰ ਸਟੋਰ ਕਰਦਾ ਹੈ ਬਲਕਿ ਉਹਨਾਂ ਨੂੰ ਸਟੈਰੀਲਾਈਜ਼ ਵੀ ਕਰਦਾ ਹੈ। (ਯੂਵੀ ਇੱਕ ਸਪੈਕਟ੍ਰਮ ਨੂੰ ਕਵਰ ਕਰਦਾ ਹੈ ਪਰ ਸਿਰਫ਼ ਸੀ ਬੈਂਡ ਵਿੱਚ ਕੀਟਾਣੂਨਾਸ਼ਕ ਗੁਣ ਹਨ।)

ਇਸ ਪ੍ਰਯੋਗ ਲਈ ਖੋਜਕਾਰਾਂ ਨੇ ਯੂਨੀਵਰਸਿਟੀ ਦੇ ਐਥਲੀਟਾਂ ਵੱਲੋਂ ਪਾਈਆਂ ਜਾਣ ਵਾਲੀਆਂ ਜੁੱਤੀਆਂ ਦੀ ਵਰਤੋਂ ਕੀਤੀ ਜਿਨ੍ਹਾਂ ਵਿੱਚ ਤੇਜ਼ ਬਦਬੂ ਸੀ ਕਿਉਂਕਿ ਬੈਕਟੀਰੀਆ ਪੈਰਾਂ ਦੀਆਂ ਉਂਗਲਾਂ ਦੇ ਨੇੜੇ ਸਭ ਤੋਂ ਵੱਧ ਪਨਪਦਾ ਹੈ ਇਸ ਲਈ ਯੂਵੀਸੀ ਲਾਈਟ ਉੱਥੇ ਕੇਂਦ੍ਰਿਤ ਸੀ।

ਅਧਿਐਨ ਵਿੱਚ ਬਦਬੂ ਦੇ ਪੱਧਰ ਨੂੰ ਐਕਸਪੋਜ਼ਰ ਸਮੇਂ ਦੇ ਅਨੁਸਾਰ ਮਾਪਿਆ ਅਤੇ ਪਾਇਆ ਕਿ ਸਿਰਫ਼ 2-3 ਮਿੰਟ ਯੂਵੀਸੀ ਇਲਾਜ ਬੈਕਟੀਰੀਆ ਨੂੰ ਮਾਰਨ ਅਤੇ ਬਦਬੂ ਨੂੰ ਖ਼ਤਮ ਕਰਨ ਲਈ ਕਾਫ਼ੀ ਸੀ।

ਇਹ ਆਸਾਨ ਨਹੀਂ ਸੀ, ਬਹੁਤ ਜ਼ਿਆਦਾ ਰੌਸ਼ਨੀ ਬਹੁਤ ਜ਼ਿਆਦਾ ਗਰਮੀ ਦਾ ਕਾਰਨ ਬਣਦੀ ਸੀ, ਜਿਸ ਕਾਰਨ ਜੁੱਤੀ ਦੀ ਰਬੜ ਸੜ੍ਹ ਗਈ।

ਖੋਜਕਾਰਾਂ ਨੂੰ ਸਿਰਫ਼ ਜੁੱਤੀਆਂ 'ਤੇ ਯੂਵੀਸੀ ਟਿਊਬ ਲਾਈਟ ਜਗਾਉਣ ਨਾਲ ਚੰਗੇ ਨਤੀਜਿਆਂ ਦੀ ਉਮੀਦ ਨਹੀਂ ਸੀ ਉਨ੍ਹਾਂ ਨੇ ਹਰ ਬਦਬੂ ਨੂੰ ਮਾਪਿਆ।

ਸ਼ੁਰੂ ਵਿੱਚ, ਬਦਬੂ ਨੂੰ "ਤੇਜ਼, ਤਿੱਖਾ, ਸੜੇ ਹੋਏ ਪਨੀਰ ਵਰਗਾ" ਦੱਸਿਆ ਗਿਆ ਸੀ। ਦੋ ਮਿੰਟਾਂ ਦੇ ਅੰਦਰ, ਇਹ "ਬੇਹੱਦ ਘੱਟ, ਹਲਕੀ ਸੜੀ ਹੋਈ ਰਬੜ ਦੀ ਬਦਬੂ" ਵਿੱਚ ਬਦਲ ਗਿਆ। ਚਾਰ ਮਿੰਟਾਂ ਵਿੱਚ ਬਦਬੂ ਗਾਇਬ ਹੋ ਗਈ ਅਤੇ "ਔਸਤ ਸੜੀ ਹੋਈ ਰਬੜ" ਦੀ ਬਦਬੂ ਆ ਗਈ।

ਛੇ ਮਿੰਟਾਂ ਬਾਅਦ, ਜੁੱਤੇ ਗੰਧਹੀਣ ਅਤੇ ਆਰਾਮਦਾਇਕ ਤੌਰ ʼਤੇ ਠੰਢੇ ਹੋ ਗਏ। ਪਰ ਜੇ ਤਾਪਮਾਨ ਵਧਾ ਕੇ 10 ਤੋਂ 15 ਮਿੰਟ ਤੱਕ ਕੀਤਾ ਗਿਆ ਤਾਂ ਬਦਬੂ "ਗਰਮ-ਸੜ੍ਹੇ ਹੋਏ ਰਬੜ" ਵਿੱਚ ਬਦਲ ਗਏ ਸਨ ਅਤੇ ਗਰਮ ਹੋ ਗਏ ਸਨ। ਇਸ ਨਾਲ ਸਾਬਤ ਹੁੰਦਾ ਹੈ ਕਿ ਵਿਗਿਆਨ ਵਿੱਚ ਵੀ, ਸਮਾਂ ਹੀ ਸਭ ਕੁਝ ਹੈ।

ਅੰਤ ਵਿੱਚ, ਦੋਵਾਂ ਨੇ ਇੱਕ ਯੂਵੀਸੀ ਟਿਊਬ ਲਾਈਟ ਨਾਲ ਲੈਸ ਜੁੱਤੀ ਰੈਕ ਦਾ ਪ੍ਰਸਤਾਵ ਰੱਖਿਆ।

ਜਦੋਂ ਤੱਕ ਅਮਰੀਕਾ-ਅਧਾਰਤ ਆਈਜੀ ਨੋਬਲ ਪੁਰਸਕਾਰ ਨੇ ਨੋਟਿਸ ਨਹੀਂ ਲਿਆ ਅਤੇ ਸੰਪਰਕ ਨਹੀਂ ਕੀਤਾ ਤਾਂ ਉਦੋਂ ਤੱਕ ਕੋਈ ਸਿੱਟਾ ਨਹੀਂ ਨਿਕਲਿਆ।

ਜੁੱਤੀਆਂ ਵਾਲਾ ਰੈਕ

ਤਸਵੀਰ ਸਰੋਤ, Sarthak Mittal

ਤਸਵੀਰ ਕੈਪਸ਼ਨ, ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਨ ਲਈ ਯੂਵੀਸੀ ਟਿਊਬ ਲਾਈਟ ਨਾਲ ਲੈਸ ਦੋ-ਜੋੜੇ ਵਾਲਾ ਜੁੱਤੀ ਰੈਕ ਦਾ ਪ੍ਰੋਟੋਟਾਈਪ

ਆਈਜੀ ਨੋਬਲ ਪੁਰਸਕਾਰ ਕੀ ਹੈ

ਜਰਨਲ ਐਨਲਸ ਆਫ਼ ਇੰਪਰੋਬੇਬਲ ਰਿਸਰਚ ਦੁਆਰਾ ਆਯੋਜਿਤ ਅਤੇ ਹਾਰਵਰਡ-ਰੈਡਕਲਿਫ ਸਮੂਹਾਂ ਦੁਆਰਾ ਸਹਿ-ਪ੍ਰਯੋਜਿਤ, 34 ਸਾਲ ਪੁਰਾਣੇ ਆਈਜੀ ਨੋਬਲ ਪੁਰਸਕਾਰ ਹਰ ਸਾਲ 10 ਇਨਾਮ ਵੰਡਦੇ ਹਨ, ਜਿਸ ਦਾ ਉਦੇਸ਼ "ਲੋਕਾਂ ਨੂੰ ਹਸਾਉਣਾ, ਫਿਰ ਸੋਚਣਾ... ਅਸਾਧਾਰਨ ਦਾ ਜਸ਼ਨ ਮਨਾਉਣਾ, ਕਲਪਨਾਸ਼ੀਲ ਦਾ ਸਨਮਾਨ ਕਰਨਾ" ਹੈ।

ਕੁਮਾਰ ਨੇ ਕਿਹਾ, "ਸਾਨੂੰ ਇਸ ਪੁਰਸਕਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ 2022 ਦਾ ਇੱਕ ਪੁਰਾਣਾ ਖੋਜ ਪੇਪਰ ਸੀ, ਅਸੀਂ ਇਸ ਨੂੰ ਕਦੇ ਵੀ ਕਿਤੇ ਵੀ ਨਹੀਂ ਭੇਜਿਆ। ਆਈਜੀ ਨੋਬਲ ਟੀਮ ਨੇ ਸਾਨੂੰ ਲੱਭਿਆ, ਸਾਨੂੰ ਬੁਲਾਇਆ ਅਤੇ ਇਹ ਆਪਣੇ ਆਪ ਵਿੱਚ ਤੁਹਾਨੂੰ ਹਸਾਉਣ ਅਤੇ ਸੋਚਣ ਲਈ ਮਜਬੂਰ ਕਰਦਾ ਹੈ।"

"ਇਹ ਪੁਰਸਕਾਰ ਖੋਜ ਨੂੰ ਪ੍ਰਮਾਣਿਤ ਕਰਨ ਬਾਰੇ ਨਹੀਂ ਹੈ, ਸਗੋਂ ਇਸ ਦਾ ਜਸ਼ਨ ਮਨਾਉਣ ਬਾਰੇ ਹੈ ਵਿਗਿਆਨ ਦੇ ਮਜ਼ੇਦਾਰ ਪੱਖ ਬਾਰੇ ਹੈ। ਜ਼ਿਆਦਾਤਰ ਖੋਜ ਜਨੂੰਨ ਨਾਲ ਕੀਤਾ ਗਿਆ ਇੱਕ ਨਾਸ਼ੁਕਰਾ ਕੰਮ ਹੈ ਅਤੇ ਇਹ ਇਸ ਨੂੰ ਪ੍ਰਸਿੱਧ ਬਣਾਉਣ ਦਾ ਇੱਕ ਤਰੀਕਾ ਹੈ।"

ਇਸ ਸਾਲ, ਦੋ ਭਾਰਤੀਆਂ ਦੇ ਨਾਲ, ਜੇਤੂਆਂ ਦੀ ਇੱਕ ਬਹੁਤ ਹੀ ਦਿਲਚਸਪ ਅਤੇ ਵਿਭਿੰਨ ਸੂਚੀ ਹੈ।

ਇੱਕ ਜਪਾਨੀ ਜੀਵ ਵਿਗਿਆਨੀ ਹੈ ਜਿਨ੍ਹਾਂ ਨੇ ਮੱਖੀਆਂ ਨੂੰ ਭਜਾਉਣ ਲਈ ਗਾਵਾਂ ਨੂੰ ਪੇਂਟ ਕੀਤਾ, ਟੋਗੋ ਵਿੱਚ ਸਤਰੰਗੀ ਕਿਰਲੀਆਂ ਜੋ ਫੋਰ ਚੀਜ਼ ਪੀਜ਼ਾ ਨੂੰ ਪਿਆਰ ਕਰਦੀਆਂ ਹਨ, ਇੱਕ ਅਮਰੀਕੀ ਬਾਲ ਰੋਗ ਵਿਗਿਆਨੀ ਹੈ ਜਿਨ੍ਹਾਂ ਨੇ ਖੋਜ ਕੀਤੀ ਕਿ ਲਸਣ ਛਾਤੀ ਦੇ ਦੁੱਧ ਨੂੰ ਬੱਚਿਆਂ ਲਈ ਵਧੇਰੇ ਆਕਰਸ਼ਕ ਬਣਾਉਂਦਾ ਹੈ।

ਇਸ ਤੋਂ ਇਲਾਵਾ ਡੱਚ ਖੋਜਕਾਰ ਨੇ ਖੋਜ ਕੀਤੀ ਕਿ ਵਾਈਨ ਵਿਦੇਸ਼ੀ ਭਾਸ਼ਾ ਦੇ ਹੁਨਰ ਨੂੰ ਨਿਖਾਰਦੀ ਹੈ। ਹਾਲਾਂਕਿ ਇਹ ਫਲਾਂ ਚਮਗਿੱਦੜਾਂ ਨੂੰ ਉਡਾਣ ਵੇਲੇ ਲੜਖੜਾ ਦਿੰਦੀ ਹੈ। ਇੱਕ ਇਤਿਹਾਸਕਾਰ ਵੀ ਹੈ ਜਿਨ੍ਹਾਂ ਨੇ 35 ਸਾਲਾਂ ਤੋਂ ਆਪਣੇ ਥੰਬਨੇਲ ਦੇ ਵਿਕਾਸ ʼਤੇ ਨਜ਼ਰ ਰੱਖੀ ਅਤੇ ਕੁਝ ਭੌਤਿਕ ਵਿਗਿਆਨ ਖੋਜਕਾਰ ਪਾਸਤਾ ਸੌਸ ਦੇ ਭੇਦਾਂ ਦੀ ਖੋਜ ਕਰ ਰਹੇ ਹਨ।

ਅਜਿਹਾ ਲਗਦਾ ਹੈ ਕਿ ਬਦਬੂਦਾਰ ਜੁੱਤੀਆਂ ਲਈ ਜਿੱਤ ਨੇ ਭਾਰਤੀ ਖੋਜਕਾਰਾਂ ਲਈ ਮਾਨਕ ਹੋਰ ਵੀ ਵਧ ਗਏ ਹਨ।

ਕੁਮਾਰ ਕਹਿੰਦੇ ਹਨ, "ਪਛਾਣ ਤੋਂ ਪਰੇ, ਇਸਨੇ ਸਾਡੇ 'ਤੇ ਇੱਕ ਬੋਝ ਪਾ ਦਿੱਤਾ ਹੈ। ਸਾਨੂੰ ਹੁਣ ਉਨ੍ਹਾਂ ਚੀਜ਼ਾਂ 'ਤੇ ਹੋਰ ਖੋਜ ਕਰਨੀ ਪਵੇਗੀ ਜਿਨ੍ਹਾਂ ਬਾਰੇ ਲੋਕ ਆਮ ਤੌਰ 'ਤੇ ਨਹੀਂ ਸੋਚਦੇ। ਸਵਾਲ ਪੁੱਛੋ।"

ਦੂਜੇ ਸ਼ਬਦਾਂ ਵਿੱਚ, ਅੱਜ ਦੇ ਬਦਬੂਦਾਰ ਜੁੱਤੇ ਕੱਲ੍ਹ ਦਾ ਇਨਕਲਾਬੀ ਵਿਗਿਆਨ ਬਣ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)