ਜਾਨਵਰਾਂ ਦਾ ਜਿਨਸੀ ਸੋਸ਼ਣ ਰੋਕਣ ਲਈ 1860 ਦੇ ਕਿਹੜੇ ਕਾਨੂੰਨ ਨੂੰ ਵਾਪਸ ਲਿਆਉਣ ਦੀ ਮੰਗ ਹੋ ਰਹੀ ਹੈ

ਤਸਵੀਰ ਸਰੋਤ, Purnima Motwani
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਪੂਰਣਿਮਾ ਮੋਟਵਾਨੀ ਨੇ ਸੁਣਿਆ ਕਿ ਇੱਕ ਅਵਾਰਾ ਬਿੱਲੀ ਦਾ ਬੱਚਾ ਮੁਸੀਬਤ ਵਿੱਚ ਹੈ, ਤਾਂ ਉਨ੍ਹਾਂ ਨੇ ਤੁਰੰਤ ਇੱਕ ਪਸ਼ੂ ਚਿਕਿਤਸਕ ਕੋਲ ਉਸ ਦੀ ਜਾਂਚ ਦਾ ਪ੍ਰਬੰਧ ਕੀਤਾ।
ਪੂਰਣਿਮਾ ਮੋਟਵਾਨੀ ਇੱਕ ਮਨੁੱਖੀ ਅਧਿਕਾਰ ਕਾਰਕੁੰਨ ਹਨ ਅਤੇ ਮੁੰਬਈ ਵਿੱਚ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਨਿੱਕੀ ਬਿੱਲੀ "ਬਹੁਤ ਕਮਜ਼ੋਰ, ਬਹੁਤ ਡਰੀ ਹੋਈ ਸੀ ਅਤੇ ਸਪਸ਼ਟ ਤੌਰ 'ਤੇ ਬਹੁਤ ਦਰਦ ਵਿੱਚ ਸੀ। ਉਸਦੀਆਂ ਸੱਟਾਂ ਗੰਭੀਰ ਸਨ ਅਤੇ ਉਸਨੂੰ ਦੋ ਵਾਰ ਟਾਂਕੇ ਲਗਾਉਣੇ ਪਏ।"
ਆਪਣੀ ਰਿਪੋਰਟ ਵਿੱਚ, ਪਸ਼ੂ ਚਿਕਿਤਸਕ ਨੇ ਪਾਇਆ ਕਿ ਚਾਰ ਮਹੀਨੇ ਦੇ ਬਿੱਲੀ ਦੇ ਬੱਚੇ ਦੀਆਂ ਸੱਟਾਂ "ਸੰਭਾਵੀ ਤੌਰ 'ਤੇ ਕਿਸੇ ਮਨੁੱਖ ਦੁਆਰਾ ਬਣਾਏ ਗਏ ਸੰਬੰਧ ਜਾਂ ਜ਼ਬਰਦਸਤੀ ਦੇ ਸਦਮੇ" ਦਾ ਨਤੀਜਾ ਸਨ।
ਪੂਰਣਿਮਾ ਨੂੰ ਇਸ ਗੱਲ ਦਾ ਚੰਗਾ ਅੰਦਾਜ਼ਾ ਸੀ ਕਿ ਜ਼ਿੰਮੇਵਾਰ ਕੌਣ ਸੀ, ਕਿਉਂਕਿ ਉਨ੍ਹਾਂ ਦੇ ਕਿਸੇ ਜਾਣਕਾਰ ਦੇ ਗੁਆਂਢੀ ਨੇ ਇੱਕ ਆਦਮੀ ਨੂੰ ਬਿੱਲੀ ਦੇ ਬੱਚੇ ਨੂੰ ਆਪਣੇ ਘਰ ਲੈਕੇ ਜਾਂਦੇ ਹੋਏ ਦੇਖਿਆ ਸੀ, ਫਿਰ ਬਾਅਦ ਵਿੱਚ ਆਦਮੀ ਨੇ ਉਸਨੂੰ ਬਾਹਰ ਛੱਡ ਦਿੱਤਾ ਸੀ।
ਪੁਰਾਣੇ ਅਤੇ ਨਵੇਂ ਕਾਨੂੰਨ 'ਚ ਫਰਕ

ਤਸਵੀਰ ਸਰੋਤ, Purnima Motwani
ਇਹ ਯਕੀਨੀ ਬਣਾਉਣ ਲਈ ਕਿ ਉਸ ਆਦਮੀ 'ਤੇ ਮੁਕੱਦਮਾ ਚਲਾਇਆ ਜਾਵੇ, ਪੂਰਣਿਮਾ ਪੁਲਿਸ ਕੋਲ ਗਏ। ਉਨ੍ਹਾਂ ਨੂੰ ਉਮੀਦ ਸੀ ਕਿ ਉਸ ਆਦਮੀ ਤੋਂ ਬਸਤੀਵਾਦੀ ਯੁੱਗ ਦੇ ਕਾਨੂੰਨ - ਗੈਰ-ਕੁਦਰਤੀ ਅਪਰਾਧ ਐਕਟ ਦੇ ਤਹਿਤ ਪੁੱਛਗਿੱਛ ਕੀਤੀ ਜਾਵੇਗੀ।
ਉਸ ਕਾਨੂੰਨ ਦੇ ਤਹਿਤ, ਜਾਨਵਰਾਂ ਦੇ ਜਿਨਸੀ ਸੋਸ਼ਣ 'ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਸੀ।
ਪਰ ਉਸ ਮਹੀਨੇ, ਜੁਲਾਈ 2024 ਵਿੱਚ ਭਾਰਤ ਨੇ ਇੱਕ ਨਵਾਂ ਕਾਨੂੰਨੀ ਕੋਡ- ਭਾਰਤੀ ਨਿਆਂ ਸੰਹਿਤਾ - ਪੇਸ਼ ਕੀਤਾ, ਜਿਸ ਨਾਲ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਗਿਆ।
ਇਸਦੀ ਬਜਾਏ, ਪੂਰਣਿਮਾ ਨੂੰ ਜਾਨਵਰਾਂ ਵਿਰੁੱਧ ਬੇਰਹਿਮੀ ਦੀ ਰੋਕਥਾਮ ਦੇ ਜਨਰਲ ਐਕਟ ਦਾ ਸਹਾਰਾ ਲੈਣਾ ਪਿਆ, ਜਿਸ ਵਿੱਚ ਵੱਧ ਤੋਂ ਵੱਧ ਜੁਰਮਾਨਾ ਸਿਰਫ਼ 50 ਰੁਪਏ ਦਾ ਹੈ - ਹਾਲਾਂਕਿ ਤਿੰਨ ਮਹੀਨਿਆਂ ਦੇ ਅੰਦਰ ਬੇਰਹਿਮੀ ਦੁਹਰਾਉਣ 'ਤੇ ਇਹ ਜੁਰਮਾਨਾ ਦੁੱਗਣਾ ਹੋ ਸਕਦਾ ਹੈ।
ਭਾਰਤ ਵਿੱਚ ਜਾਨਵਰਾਂ ਨਾਲ ਜਿਨਸੀ ਸੋਸ਼ਣ

ਤਸਵੀਰ ਸਰੋਤ, Getty Images
ਭਾਰਤ ਵਿੱਚ ਜਾਨਵਰਾਂ ਨਾਲ ਜਿਨਸੀ ਸੋਸ਼ਣ ਦੀ ਰਿਪੋਰਟ ਬਹੁਤ ਘੱਟ ਕੀਤੀ ਜਾਂਦੀ ਹੈ, ਜਿਸ ਨਾਲ ਸਮੱਸਿਆ ਦੇ ਪੈਮਾਨੇ ਨੂੰ ਸਮਝਣਾ ਚੁਣੌਤੀਪੂਰਨ ਹੋ ਜਾਂਦਾ ਹੈ।
ਮਾਮਲੇ ਸਿਰਫ਼ ਉਦੋਂ ਹੀ ਪੁਲਿਸ ਤੱਕ ਪਹੁੰਚਦੇ ਹਨ ਜਦੋਂ ਕੋਈ ਗਵਾਹ ਜਾਂ ਘਟਨਾ ਦੀ ਰਿਕਾਰਡਿੰਗ ਹੁੰਦੀ ਹੈ, ਅਤੇ ਇਸਨੂੰ ਜਾਨਵਰ ਅਧਿਕਾਰ ਕਾਰਕੁਨ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ।
ਐਫਆਈਏਪੀਓ (FIAPO) - 200 ਤੋਂ ਵੱਧ ਜਾਨਵਰ ਸੁਰੱਖਿਆ ਸੰਗਠਨਾਂ ਦਾ ਇੱਕ ਸੰਘ ਹੈ। ਇਸ ਦਾ ਅੰਦਾਜ਼ਾ ਹੈ ਕਿ ਸਾਲ 2010 ਅਤੇ 2020 ਦੇ ਵਿਚਕਾਰ ਜਾਨਵਰਾਂ 'ਤੇ ਹਮਲੇ ਦੇ 1,000 ਮਾਮਲਿਆਂ ਵਿੱਚੋਂ, 83 ਵਿੱਚ ਜਿਨਸੀ ਹਮਲੇ ਸਨ।
ਇਹ ਅੰਕੜੇ, ਮੀਡੀਆ ਅਤੇ ਜਾਨਵਰ ਅਧਿਕਾਰ ਸੰਗਠਨਾਂ ਵਿੱਚ ਰਿਪੋਰਟ ਕੀਤੀ ਗਈ ਜਾਣਕਾਰੀ ਦੇ ਅਧਾਰ 'ਤੇ ਸਨ। ਇਨ੍ਹਾਂ ਜਿਨਸੀ ਸੋਸ਼ਣ ਦੇ ਦੋ-ਤਿਹਾਈ ਮਾਮਲਿਆਂ ਵਿੱਚ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕੀਤੀ ਗਈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਤੋਂ ਮਿਲੀ ਜਾਣਕਾਰੀ ਮੁਤਾਬਕ, ਸਾਲ 2019 ਅਤੇ 2022 ਦੇ ਵਿਚਕਾਰ "ਗੈਰ ਕੁਦਰਤੀ ਤੌਰ 'ਤੇ ਮਹਿਲਾ ਪੁਰਸ਼ ਜਾਂ ਜਾਨਵਰ ਨਾਲ ਗੈਰ ਕੁਦਰਤੀ ਜਿਨਸੀ ਸਬੰਧ" ਦੇ ਲਗਭਗ 1,000 ਮਾਮਲੇ ਆਏ ਸਨ, ਪਰ ਇਸ ਵਿੱਚ ਜਾਨਵਰਾਂ ਦੀ ਗਿਣਤੀ ਬਾਰੇ ਕੋਈ ਵੇਰਵਾ ਨਹੀਂ ਹੈ।
ਗੈਰ-ਕੁਦਰਤੀ ਅਪਰਾਧ ਐਕਟ ਦੀ ਵਾਪਸੀ ਦੀ ਮੰਗ

ਤਸਵੀਰ ਸਰੋਤ, Getty Images
ਐਫਆਈਏਪੀਓ ਨੇ ਦਿੱਲੀ ਹਾਈ ਕੋਰਟ ਅੱਗੇ ਪਟੀਸ਼ਨ ਦਾਇਰ ਕੀਤੀ ਹੈ ਕਿ ਐਨਸੀਆਰਬੀ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਦੇ ਸੋਸ਼ਣ 'ਤੇ ਡੇਟਾ ਰਿਕਾਰਡ ਕਰਨਾ ਸ਼ੁਰੂ ਕਰਨ।
ਨਾਲ ਹੀ ਇਸ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਜਾਨਵਰਾਂ ਨਾਲ ਗੈਰ ਕੁਦਰਤੀ ਸਬੰਧ ਬਣਾਉਣ ਵਾਲੇ ਅਪਰਾਧੀਆਂ 'ਤੇ ਮੁਕੱਦਮਾ ਚਲਾਉਣ ਲਈ ਗੈਰ-ਕੁਦਰਤੀ ਅਪਰਾਧ ਐਕਟ ਵਾਪਸ ਲਿਆਇਆ ਜਾਵੇ।
ਐਫਆਈਏਪੀਓ ਦੇ ਕਾਨੂੰਨੀ ਵਿਭਾਗ ਦੀ ਮੁਖੀ ਵਰਣਿਕਾ ਸਿੰਘ ਦੱਸਦੇ ਹਨ, "ਪੁਰਾਣੇ ਕਾਨੂੰਨ ਵਿੱਚ ਜਿਨਸੀ ਸੋਸ਼ਣ ਨੂੰ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਕੀਤਾ ਗਿਆ ਸੀ ਅਤੇ ਇਸਨੂੰ ਇੱਕ ਭਿਆਨਕ ਅਪਰਾਧ ਵਜੋਂ ਦੇਖਿਆ ਜਾਂਦਾ ਸੀ।''
ਉਨ੍ਹਾਂ ਕਿਹਾ, ''(ਮੁਲਜ਼ਮ ਨੂੰ) ਪੁਲਿਸ ਹਿਰਾਸਤ 'ਚ ਭੇਜਣਾ ਆਸਾਨ ਸੀ ਕਿਉਂਕਿ ਉਹ ਸਮਝਦੇ ਸਨ ਕਿ ਜੇਕਰ ਮੁਲਜ਼ਮ ਬਾਹਰ ਰਹਿੰਦਾ ਹੈ, ਤਾਂ ਉਸ ਜਾਨਵਰ ਲਈ ਖ਼ਤਰਾ ਹੈ ਅਤੇ ਦੁਬਾਰਾ ਸੋਸ਼ਣ ਕਰ ਸਕਦਾ ਹੈ।"
ਅਦਾਲਤ ਨੇ ਸਹਿਮਤੀ ਜਤਾਈ ਕਿ "ਚੁੱਕੇ ਗਏ ਮੁੱਦੇ ਦਾ ਕਾਫ਼ੀ ਪ੍ਰਭਾਵ ਪੈ ਸਕਦਾ ਹੈ" ਅਤੇ ਸਰਕਾਰ ਨੂੰ ਇਸ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ ਅਤੇ "ਜਿੰਨਾ ਜਲਦੀ ਹੋ ਸਕੇ ਫੈਸਲਾ ਕਰਨ" ਲਈ ਕਿਹਾ ਗਿਆ ਹੈ।
ਪਰ ਜਾਨਵਰਾਂ ਵਿਰੁੱਧ ਜਿਨਸੀ ਸੋਸ਼ਣ ਦੇ ਖਾਸ ਅਪਰਾਧ ਦਾ ਵੇਰਵਾ ਦੇਣ ਵਾਲੇ ਕਾਨੂੰਨ ਦੀ ਅਣਹੋਂਦ ਵਿੱਚ, ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਮੁਲਜ਼ਮਾਂ ਨੂੰ ਜਵਾਬਦੇਹ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਕਾਰਕੁਨ ਕਹਿੰਦੇ ਹਨ ਕਿ ਜੇਕਰ ਪੁਰਾਣਾ ਕਾਨੂੰਨ ਵਾਪਸ ਨਹੀਂ ਲਿਆਂਦਾ ਜਾ ਸਕਦਾ, ਤਾਂ ਮੌਜੂਦਾ ਕਾਨੂੰਨ ਨੂੰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ।
ਬਿੱਲੀ ਦੇ ਪੀੜਿਤ ਬੱਚੇ ਦੀ ਮੌਤ

ਤਸਵੀਰ ਸਰੋਤ, Getty Images
ਪੂਰਣਿਮਾ ਕਹਿੰਦੇ ਹਨ ਕਿ ਪੁਲਿਸ ਸਟੇਸ਼ਨ ਵਿੱਚ ਕਈ ਫੋਨ ਕਾਲਜ਼ ਕਰਨ ਅਤੇ ਗੇੜੇ ਮਾਰਨ ਤੋਂ ਬਾਅਦ, ਆਖ਼ਰਕਾਰ ਉਹ ਬਿੱਲੀ ਦੇ ਬੱਚੇ ਬਾਰੇ ਸ਼ਿਕਾਇਤ ਦਰਜ ਕਰਵਾਉਣ ਵਿੱਚ ਕਾਮਯਾਬ ਹੋ ਗਏ।
ਪਰ ਜਾਨਵਰਾਂ ਪ੍ਰਤੀ ਰਵੱਈਆ ਅਤੇ ਬੇਰਹਿਮੀ ਵਿਰੋਧੀ ਕਾਨੂੰਨ ਦੇ ਤਹਿਤ ਘੱਟੋ-ਘੱਟ ਜੁਰਮਾਨੇ ਦਾ ਮਤਲਬ ਹੈ ਕਿ "ਪੁਲਿਸ ਕਦੇ ਵੀ ਅਜਿਹੇ ਮਾਮਲੇ ਦਰਜ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ, ਉਹ ਜਾਨਵਰਾਂ ਦੇ ਜਿਨਸੀ ਸੋਸ਼ਣ ਨੂੰ ਹਾਸੋਹੀਣਾ ਸਮਝਦੇ ਹਨ"।
"ਇਹ ਜਾਣਦੇ ਹੋਏ ਕਿ ਉਸਦੀ ਰਿਪੋਰਟ ਕੀਤੀ ਗਈ ਸੀ, ਸ਼ੱਕੀ ਹਮਲਾਵਰ ਭੱਜ ਗਿਆ ਅਤੇ ਉਸਨੂੰ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।"
ਬਿੱਲੀ ਦਾ ਬੱਚਾ, ਜਿਸਦਾ ਨਾਮ ਪੂਰਣਿਮਾ ਨੇ ਗ੍ਰੇਸ ਰੱਖਿਆ ਸੀ, ਹਮਲੇ ਦੇ ਦੋ ਹਫਤਿਆਂ ਦੇ ਅੰਦਰ ਵਾਇਰਸ ਨਾਲ ਸੰਕਰਮਿਤ ਹੋ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ।
ਪੂਰਣਿਮਾ ਦਾ ਮੰਨਣਾ ਹੈ ਕਿ ਭਾਵੇਂ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਵੀ ਲਿਆ ਗਿਆ ਹੁੰਦਾ, ਫਿਰ ਵੀ ਉਸ ਲਈ ਜ਼ਮਾਨਤ 'ਤੇ ਰਿਹਾਅ ਹੋਣਾ ਆਸਾਨ ਹੁੰਦਾ।
'ਆਂਢ-ਗੁਆਂਢ ਦੇ ਬੱਚਿਆਂ ਨੇ ਕਤੂਰੇ ਨੂੰ ਦਰਦ ਨਾਲ ਰੋਂਦੇ ਪਾਇਆ'

ਤਸਵੀਰ ਸਰੋਤ, Jaya Bhattacharya
ਭਾਰਤੀ ਟੀਵੀ ਅਤੇ ਫਿਲਮ ਅਦਾਕਾਰਾ ਜਯਾ ਭੱਟਾਚਾਰੀਆ, ਮੁੰਬਈ ਵਿੱਚ ਜਾਨਵਰਾਂ ਲਈ ਇੱਕ ਆਸਰਾ ਚਲਾਉਂਦੇ ਹਨ। ਦਸੰਬਰ 2024 ਵਿੱਚ ਉਨ੍ਹਾਂ ਨੂੰ ਇੱਕ ਮਹੀਨੇ ਦੇ ਕਤੂਰੇ ਦੇ ਜਿਨਸੀ ਸੋਸ਼ਣ ਬਾਰੇ ਇੱਕ ਫੋਨ ਆਇਆ।
ਜਯਾ ਦੱਸਦੇ ਹਨ ਕਿ ਦੁਰਵਿਵਹਾਰ ਕਰਨ ਵਾਲਾ ਕਤੂਰੇ ਨੂੰ ਖਾਣਾ ਖੁਆਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ ਅਤੇ "ਆਂਢ-ਗੁਆਂਢ ਦੇ ਬੱਚਿਆਂ ਨੇ ਉਸਨੂੰ ਦਰਦ ਨਾਲ ਰੋਂਦੇ ਹੋਏ ਪਾਇਆ"।
ਜਯਾ ਨੇ ਸੋਸ਼ਲ ਮੀਡੀਆ 'ਤੇ ਕਤੂਰੇ ਬਾਰੇ ਪੋਸਟ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਸਥਾਨਕ ਪੁਲਿਸ ਬੇਰਹਿਮੀ ਵਿਰੋਧੀ ਕਾਨੂੰਨ ਦੇ ਤਹਿਤ ਸ਼ਿਕਾਇਤ ਦਰਜ ਕਰੇ। ਉਸ ਆਦਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਕੁਝ ਘੰਟਿਆਂ ਵਿੱਚ ਹੀ ਉਸਨੂੰ ਜ਼ਮਾਨਤ ਮਿਲ ਗਈ।
ਜਯਾ ਕਹਿੰਦੇ ਹਨ, "ਇਹ ਆਦਮੀ ਸਾਡੇ ਸਮਾਜ ਦਾ ਸਭ ਤੋਂ ਘਿਣਾਉਣਾ ਹਿੱਸਾ ਹਨ ਅਤੇ ਜਦੋਂ ਉਨ੍ਹਾਂ ਨੂੰ ਸਹੀ ਢੰਗ ਨਾਲ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਉਹ ਦੂਜਿਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਯੋਗ ਹੋ ਜਾਂਦੇ ਹਨ।''
'ਜਾਨਵਰਾਂ ਦਾ ਸੋਸ਼ਣ ਕਰਨ ਵਾਲੇ ਮਨੁੱਖਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ'

ਤਸਵੀਰ ਸਰੋਤ, Getty Images
ਕਾਰਕੁਨਾਂ ਦਾ ਤਰਕ ਹੈ ਕਿ ਦੁਰਵਿਵਹਾਰ ਕਰਨ ਵਾਲੇ ਨਾ ਸਿਰਫ਼ ਦੂਜੇ ਜਾਨਵਰਾਂ ਨੂੰ ਸਗੋਂ ਮਨੁੱਖਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ, ਅਤੇ ਇਸ ਲਈ ਸਾਰਿਆਂ ਦੀ ਸੁਰੱਖਿਆ ਵਾਸਤੇ ਜ਼ਰੂਰੀ ਹੈ ਕਿ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਵੇ।
ਅੰਤਰਰਾਸ਼ਟਰੀ ਖੋਜ 'ਚ ਸਾਹਮਣੇ ਆਇਆ ਹੈ ਕਿ ਜਾਨਵਰਾਂ ਦਾ ਸੋਸ਼ਨ ਕਰਨ ਵਾਲੇ ਕੁਝ ਲੋਕ ਮਨੁੱਖਾਂ ਦਾ ਵੀ ਸੋਸ਼ਣ ਕਰਦੇ ਹਨ।
ਸਾਲ 2019 ਵਿੱਚ ਜਰਨਲ ਆਫ਼ ਦਿ ਅਮੈਰੀਕਨ ਅਕੈਡਮੀ ਆਫ਼ ਸਾਈਕਿਆਟਰੀ ਐਂਡ ਦਿ ਲਾਅ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ 1975 ਤੋਂ 2015 ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਪਸ਼ੂਆਂ ਨਾਲ ਸਬੰਧਤ ਘਟਨਾਵਾਂ ਲਈ 456 ਗ੍ਰਿਫ਼ਤਾਰੀਆਂ ਦੀ ਜਾਂਚ ਕੀਤੀ।
ਇਸ ਵਿੱਚ ਪਾਇਆ ਗਿਆ ਕਿ ਜਾਨਵਰਾਂ ਦੇ ਜਿਨਸੀ 31.6 ਫੀਸਦੀ ਅਪਰਾਧੀਆਂ ਨੇ ਬੱਚਿਆਂ ਅਤੇ ਬਾਲਗਾਂ ਵਿਰੁੱਧ ਵੀ ਜਿਨਸੀ ਅਪਰਾਧ ਕੀਤੇ ਸਨ।
ਭਾਰਤ ਵਿੱਚ ਅਗਸਤ 2024 ਵਿੱਚ, ਉੱਤਰੀ ਭਾਰਤ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਸਰਕਾਰੀ ਅਧਿਕਾਰੀ 'ਤੇ ਇੱਕ ਬੱਕਰੀ ਅਤੇ ਉਸਦੀ ਦੇਖਭਾਲ ਕਰਨ ਵਾਲੀ ਇੱਕ 10 ਸਾਲ ਦੀ ਕੁੜੀ ਦਾ ਜਿਨਸੀ ਸੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਕੁੜੀ ਦੇ ਵਕੀਲ, ਵਰੁਣ ਕੌਸ਼ਿਕ ਨੇ ਬੀਬੀਸੀ ਨੂੰ ਦੱਸਿਆ, "ਇੱਕ ਮੁੰਡੇ ਨੇ ਆਦਮੀ ਨੂੰ ਨੇੜਲੇ ਘਰ ਦੀ ਖਿੜਕੀ ਤੋਂ ਹਰਕਤਾਂ ਕਰਦੇ ਦੇਖਿਆ ਅਤੇ ਇਸਦੀ ਵੀਡੀਓ ਬਣਾਈ। ਉਸ ਮੁੰਡੇ ਨੇ ਪੀੜਤ ਕੁੜੀ ਦੇ ਪਿਤਾ ਨੂੰ ਉਹ ਵੀਡੀਓ ਦਿਖਾਏ, ਨਹੀਂ ਤਾਂ ਇਹ ਘਿਨਾਉਣਾ ਅਪਰਾਧ ਕਦੇ ਵੀ ਸਾਹਮਣੇ ਨਹੀਂ ਆਉਂਦਾ।"
ਉਹ ਅਧਿਕਾਰੀ ਹੁਣ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਜੇਲ੍ਹ ਵਿੱਚ ਹੈ ਕਿਉਂਕਿ ਬੱਚਿਆਂ ਨਾਲ ਜਿਨਸੀ ਸੋਸ਼ਣ ਇੱਕ ਗੈਰ-ਜ਼ਮਾਨਤੀ ਅਪਰਾਧ ਹੈ।
ਹੋਰ ਦੇਸ਼ਾਂ ਵਿੱਚ ਕੀ ਹਨ ਕਾਨੂੰਨ

ਤਸਵੀਰ ਸਰੋਤ, Getty Images
ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਜਾਨਵਰਾਂ ਨਾਲ ਜਿਨਸੀ ਸੋਸ਼ਣ ਨੂੰ ਕਾਨੂੰਨੀ ਤੌਰ 'ਤੇ ਅਪਰਾਧ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਸਾਰੀਆਂ ਥਾਵਾਂ 'ਤੇ ਅਪਰਾਧੀ/ਦੋਸ਼ੀ ਨੂੰ ਕੈਦ ਦੀ ਸਜ਼ਾ ਹੋ ਸਕਦੀ ਹੈ।
ਹਾਲਾਤਾਂ ਅਤੇ ਦੇਸ਼ ਦੇ ਆਧਾਰ 'ਤੇ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਅਜਿਹੇ ਮਾਮਲਿਆਂ 'ਚ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਬਸਤੀਵਾਦੀ ਯੁੱਗ ਦਾ ਗੈਰ-ਕੁਦਰਤੀ ਅਪਰਾਧ ਐਕਟ ਅਜੇ ਵੀ ਲਾਗੂ ਹੈ।
ਭਾਰਤ ਵਿੱਚ ਇਸ ਐਕਟ ਨੂੰ ਰੱਦ ਕੀਤੇ ਜਾਣ ਤੋਂ ਪਹਿਲਾਂ ਹੀ, ਜਾਨਵਰ ਅਧਿਕਾਰ ਕਾਰਕੁਨਾਂ ਨੇ ਇਸ ਦੇ ਬਦਲ ਵਾਲੇ ਕਾਨੂੰਨ - ਬੇਰਹਿਮੀ ਵਿਰੋਧੀ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਜਿਨਸੀ ਸੋਸ਼ਣ ਨੂੰ ਇਸਦੇ ਦਾਇਰੇ ਵਿੱਚ ਲਿਆਉਣ ਲਈ ਮੁਹਿੰਮ ਚਲਾਈ ਸੀ।
ਭਾਰਤ ਸਰਕਾਰ ਨੇ ਉਸ ਮੰਗ ਦਾ ਜਵਾਬ ਦਿੱਤਾ ਅਤੇ ਸਾਲ 2022 ਵਿੱਚ ਬੇਰਹਿਮੀ ਵਿਰੋਧੀ ਕਾਨੂੰਨ ਵਿੱਚ ਇੱਕ ਸੋਧ ਦਾ ਖਰੜਾ ਤਿਆਰ ਕੀਤਾ ਗਿਆ ਜੋ ਵਿਸ਼ੇਸ਼ ਤੌਰ 'ਤੇ ਜਿਨਸੀ ਸੋਸ਼ਣ ਨੂੰ ਕਵਰ ਕਰਦਾ ਹੈ, ਅਤੇ ਬੇਰਹਿਮੀ ਲਈ ਸਜ਼ਾਵਾਂ ਵਿੱਚ ਵਿਆਪਕ ਬਦਲਾਅ ਦਾ ਪ੍ਰਸਤਾਵ ਰੱਖਦਾ ਹੈ।
ਪਰ ਇਸਨੂੰ ਸੰਸਦ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ ਅਤੇ ਇਸ ਲਈ ਜਾਨਵਰ ਅਧਿਕਾਰ ਕਾਰਕੁਨ ਅਜੇ ਵੀ ਕਾਰਵਾਈ ਦੀ ਉਡੀਕ ਕਰ ਰਹੇ ਹਨ।
ਪੂਰਣਿਮਾ ਕਹਿੰਦੇ ਹਨ, "ਜੇਕਰ ਇਸ ਬਾਰੇ ਕੋਈ ਸਖ਼ਤ ਕਾਨੂੰਨ ਹੋਵੇਗਾ ਅਤੇ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਹੋਵੇਗੀ, ਤਾਂ ਸ਼ਾਇਦ ਇਹ ਲੋਕਾਂ ਨੂੰ ਇਹ ਘਿਨਾਉਣੇ ਅਪਰਾਧ ਕਰਨ ਤੋਂ ਰੋਕੇਗਾ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












