ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦੇਹਾਂਤ, ਰਾਹੁਲ ਗਾਂਧੀ ਸਣੇ ਵੱਖ-ਵੱਖ ਆਗੂਆਂ ਨੇ ਕਿਵੇਂ ਦਿੱਤੀ ਸ਼ਰਧਾਂਜਲੀ

ਸੀਤਾਰਾਮ ਯੇਚੁਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਤਾਰਾਮ ਯੇਚੁਰੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਉਮਰ 72 ਸਾਲ ਸੀ।

ਸੀਪੀਐੱਮ ਦੀ ਸੀਨੀਅਰ ਆਗੂ ਪੁਣਿਆਵਤੀ ਨੇ ਬੀਬੀਸੀ ਤੇਲਗੂ ਦੇ ਸੰਪਾਦਕ ਜੀਐੱਸ ਰਾਮਮੋਹਨ ਨੂੰ ਦੱਸਿਆ ਕਿ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਵੀਰਵਾਰ ਦੁਪਹਿਰ ਯੇਚੁਰੀ ਦਾ ਦੇਹਾਂਤ ਹੋ ਗਿਆ।

ਬੀਤੀ 10 ਸਤੰਬਰ ਨੂੰ ਸੀਪੀਐੱਮ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਯੇਚੁਰੀ ਨੂੰ ਸਾਹ ਦੀ ਨਲੀ ਵਿੱਚ ਗੰਭੀਰ ਇਨਫੈਕਸ਼ਨ ਹੋਈ ਸੀ।

ਸੀਪੀਐੱਮ ਦੇ ਵਿਦਿਆਰਥੀ ਵਿੰਗ ਐੱਸਐੱਫਆਈ ਨੇ ਸੀਤਾਰਾਮ ਯੇਚੁਰੀ ਦੇ ਦੇਹਾਂਤ ’ਤੇ ਲਿਖਿਆ ਹੈ, “ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੇ ਆਪਣੇ ਪਿਆਰੇ ਅਤੇ ਐੱਸਐੱਫਆਈ ਦੇ ਸਾਬਕਾ ਪ੍ਰਧਾਨ, ਸੀਪੀਆਈਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਸਨਮਾਨ ਵਿੱਚ ਆਪਣੇ ਬੈਨਰ ਨੂੰ ਝੁਕਾ ਦਿੱਤਾ ਹੈ।”

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰਾਹੁਲ ਗਾਂਧੀ ਨੇ ਯੇਚੁਰੀ ਨੂੰ ਦੱਸਿਆ ਦੋਸਤ

ਰਾਹੁਲ ਗਾਂਧੀ

ਤਸਵੀਰ ਸਰੋਤ, X/RahulGandhi

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਸੀਤਾਰਾਮ ਯੇਚੁਰੀ ਨੂੰ ਆਪਣਾ ਇੱਕ ਦੋਸਤ ਦੱਸਿਆ

ਉੱਥੇ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਸੀਤਾਰਾਮ ਯੇਚੁਰੀ ਨੂੰ ਆਪਣਾ ਇੱਕ ਦੋਸਤ ਦੱਸਿਆ ਹੈ।

ਉਨ੍ਹਾਂ ਨੇ ਲਿਖਿਆ, “ਆਈਡੀਆ ਆਫ ਇੰਡੀਆ ਦੇ ਰੱਖਿਅਕ, ਜਿਨ੍ਹਾਂ ਨੂੰ ਦੇਸ਼ ਦੀ ਡੂੰਘੀ ਸਮਝ ਸੀ। ਸਾਡੇ ਵਿੱਚ ਹੋਣ ਵਾਲੀਆਂ ਲੰਬੀਆਂ ਚਰਚਾਵਾਂ ਨੂੰ ਮੈਂ ਯਾਦ ਕਰੂੰਗਾ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ, ਮਿੱਤਰ ਅਤੇ ਸਮਰਥਕਾਂ ਪ੍ਰਤੀ ਮੇਰੀ ਹਮਦਰਦੀ ਹੈ।”

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਟਵੀਟ ਕੀਤਾ, “ਸੀਤਾਰਾਮ ਯੇਚੁਰੀ ਦੇ ਦੇਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ। ਉਨ੍ਹਾਂ ਦਾ ਜਾਣਾ ਕੌਮੀ ਸਿਆਸਤ ਲਈ ਨੁਕਸਾਨ ਹੈ। ਉਨ੍ਹਾਂ ਦੇ ਪਰਿਵਾਰ, ਮਿੱਤਰ ਅਤੇ ਸਹਿਯੋਗੀਆਂ ਪ੍ਰਤੀ ਮੇਰੀ ਹਮਦਰਦੀ ਹੈ।”

ਯੇਚੁਰੀ ਦੇ ਦੇਹਾਂਤ ਤੋਂ ਬਾਅਦ ਆਰਜੇਡੀ ਦੇ ਆਗੂ ਮਨੋਜ ਝਾਅ ਨੇ ਕਿਹਾ, “ਇਸ ਖਬਰ ’ਤੇ ਹਾਲੇ ਤੱਕ ਭਰੋਸਾ ਹੀ ਨਹੀਂ ਹੋ ਰਿਹਾ। ਕੁਝ ਹੀ ਸਮਾਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਬੀਤੇ ਦਿਨਾਂ ਦੌਰਾਨ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਲਾਲੂ ਯਾਦਵ ਨਾਲ ਉਨ੍ਹਾਂ ਦਾ ਲੰਮੇ ਸਮੇਂ ਤੋਂ ਰਿਸ਼ਤਾ ਰਿਹਾ। ਇਹ ਉਮਰ ਜਾਣ ਦੀ ਨਹੀਂ ਸੀ। ਹਾਲੇ ਬਹੁਤ ਕੁਝ ਬਾਕੀ ਸੀ। ਉਨ੍ਹਾਂ ਦੇ ਪਰਿਵਾਰ, ਸਾਥੀਆਂ ਨੂੰ ਇਸ਼ਵਰ ਸੰਭਾਲੇ।”

ਐੱਲਜੇਪੀ (ਰਾਮਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨੇ ਲਿਖਿਆ,“ਸੀਪੀਆਈ (ਐੱਮ) ਦੇ ਜਨਰਲ ਸਕੱਤਰ ਅਤੇ ਸਾਬਕਾ ਰਾਜ ਸਭਾ ਮੈਂਬਰ ਸ੍ਰੀ ਸੀਤਾਰਾਮ ਯੇਚੁਰੀ ਜੀ ਦੇ ਦੇਹਾਂਤ ਦੀ ਖਬਰ ਦੁਖਦਾਇਕ ਹੈ। ਮੇਰੀ ਪੂਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਇਸ਼ਵਰ ਅੱਗੇ ਪ੍ਰਾਥਨਾ ਕਰਦਾਂ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਉੱਚ ਨਿਵਾਸ ਬਖਸ਼ਣ।”

ਅਖਿਲੇਸ਼

ਤਸਵੀਰ ਸਰੋਤ, ANI

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ,“ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੇ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਦੇ ਦੇਹਾਂਤ ਦੀ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ। ਉਨ੍ਹਾਂ ਦਾ ਜਾਣਾ ਭਾਰਤ ਦੀ ਸਿਆਸਤ ਲਈ ਵੱਡਾ ਘਾਟਾ ਹੈ। ਉਹ ਇੱਕ ਹੁਨਰਮੰਦ ਆਗੂ, ਵਿਚਾਰਕ ਅਤੇ ਜਨਤਾ ਦੇ ਹਿੱਤਾਂ ਲਈ ਸਮਰਪਿਤ ਆਗੂ ਸਨ। ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਣ ਦੀ ਕਾਮਨਾ ਕਰਦਾ ਹਾਂ।”

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾ,“ਦੇਸ਼ ਦੇ ਸੀਨੀਅਰ ਆਗੂ ਅਤੇ ਸੀਪੀਐੱਮ ਦੇ ਜਨਰਲ ਸਕੱਤਰ ਸ੍ਰੀ ਸੀਤਾਰਾਮ ਯੇਚੁਰੀ ਜੀ ਦਾ ਦੇਹਾਂਤ ਬੇਹੱਦ ਦੁਖਦਾਇਕ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।”

ਪ੍ਰਿਯੰਕਾ ਗਾਂਧੀ ਨੇ ਲਿਖਿਆ,“ਸੀਤਾਰਾਮ ਯੇਚੁਰੀ ਜੀ ਦਾ ਜਾਣਾ ਸਾਡੇ ਸਾਰਿਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦਾ ਇਸ ਦੇਸ਼ ਲਈ ਸੇਵਾ ਅਤੇ ਸਮਰਪਣ ਬਹੁਤ ਸਨਮਾਨਯੋਗ ਹੈ। ਇਸ ਤੋਂ ਸਭ ਤੋਂ ਉਪਰ ਉਹ ਇੱਕ ਚੰਗੇ ਇਨਸਾਨ ਸਨ, ਜੋ ਸਿਆਸਤ ਦੀ ਦੁਨੀਆਂ ਵਿੱਚ ਸੰਤੁਲਨ ਤੇ ਨਿਮਰਤਾ ਲੈ ਕੇ ਆਏ। ਇਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਸੰਭਲਣ ਦੀ ਹਿੰਮਤ ਦੇਵੇ।”

ਪਰਿਵਾਰ ਨੇ ਦੇਹ ਕੀਤੀ ਦਾਨ

ਏਮਜ਼

ਤਸਵੀਰ ਸਰੋਤ, AIIMS

ਤਸਵੀਰ ਕੈਪਸ਼ਨ, ਪਰਿਵਾਰ ਨੇ ਉਨ੍ਹਾਂ ਦੀ ਦੇਹ ਟੀਚਿੰਗ ਅਤੇ ਰਿਸਰਚ ਦੇ ਲਈ ਏਮਜ਼ ਨੂੰ ਦਾਨ ਕਰ ਦਿੱਤੀ ਹੈ।

ਏਮਜ਼ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ 72 ਸਾਲ ਦੇ ਸੀਤਾਰਾਮ ਯੇਚੁਰੀ ਨੂੰ 19 ਅਗਸਤ 2024 ਨੂੰ ਨਿਮੋਨੀਆ ਦੀ ਸ਼ਿਕਾਇਤ ਦੇ ਕਾਰਨ ਭਰਤੀ ਕਰਵਾਇਆ ਗਿਆ ਸੀ। 12 ਸਤੰਬਰ ਦੁਪਹਿਰ ਤਿੰਨ ਵੱਜ ਕੇ ਪੰਜ ਮਿੰਟ ’ਤੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਪ੍ਰੈੱਸ ਰਿਲੀਜ਼ ਅਨੁਸਾਰ ਯੇਚੁਰੀ ਦੇ ਪਰਿਵਾਰ ਨੇ ਉਨ੍ਹਾਂ ਦੀ ਦੇਹ ਟੀਚਿੰਗ ਅਤੇ ਰਿਸਰਚ ਦੇ ਲਈ ਏਮਜ਼ ਨੂੰ ਦਾਨ ਕਰ ਦਿੱਤੀ ਹੈ।

ਖਬਰ ਏਜੰਸੀ ਏਐੱਨਆਈ ਦੇ ਅਨੁਸਾਰ ਯੇਚੁਰੀ ਨੂੰ 19 ਅਗਸਤ ਨੂੰ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਅਤੇ ਫਿਰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ।

ਸੀਪੀਆਈਐੱਮ ਦੇ ਆਗੂ ਹਨਾਨ ਮੋਲਾ ਨੇ ਏਐੱਨਆਈ ਨੂੰ ਕਿਹਾ,“ਸੀਪੀਆਈਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨਹੀਂ ਰਹੇ। ਉਹ ਏਮਜ਼ ਵਿੱਚ ਭਰਤੀ ਸਨ।”

ਸੀਤਾਰਾਮ ਯੇਚੁਰੀ ਭਾਰਤੀ ਸਿਆਸਤ ਦੇ ਵੱਡੇ ਨਾਮਾਂ ਵਿੱਚ ਆਉਂਦੇ ਸਨ। ਉਹ 32 ਸਾਲਾਂ ਤੋਂ ਸੀਪੀਐੱਮ ਦੇ ਪੋਲਿਟ ਬਿਊਰੋ ਦੇ ਮੈਂਬਰ ਸਨ। ਉਹ ਸਾਲ 2015 ਤੋਂ ਪਾਰਟੀ ਦੇ ਜਨਰਲ ਸਕੱਤਰ ਸਨ। ਸੀਤਾਰਾਮ ਯੇਚੁਰੀ ਸਾਲ 2005 ਤੋਂ 2017 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)