You’re viewing a text-only version of this website that uses less data. View the main version of the website including all images and videos.
ਡਿਜੀਟਲ ਹਿੰਸਾ ਦੇ ਕਿਹੜੇ ਤਰੀਕਿਆਂ ਰਾਹੀਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਔਨਲਾਈਨ ਰਹਿਣ ਲਈ ਇਹ ਸਾਵਧਾਨੀਆਂ ਜ਼ਰੂਰੀ ਹਨ
ਡਿਜੀਟਲ ਹਿੰਸਾ, ਦੁਰਵਿਵਹਾਰ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਰੂਪਾਂ ਵਿੱਚੋਂ ਇੱਕ ਹੈ ਅਤੇ ਇਹ ਔਰਤਾਂ ਨੂੰ ਔਨਲਾਈਨ ਦੁਨੀਆ ਤੋਂ ਦੂਰ ਕਰ ਰਹੀ ਹੈ। ਟ੍ਰੋਲਿੰਗ, ਪਿੱਛਾ ਕਰਨ ਤੋਂ ਲੈ ਕੇ ਡੀਪਫੇਕ ਅਤੇ ਡੌਕਸਿੰਗ ਤੱਕ, ਹਰ ਸਾਲ ਲੱਖਾਂ ਔਰਤਾਂ ਅਤੇ ਕੁੜੀਆਂ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ, ਡਿਜੀਟਲ ਤਕਨਾਲੋਜੀ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਹੈ ਅਤੇ ਇਸ ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ ਛੇ ਮਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਅਤੇ ਇਸ ਸਾਲ ਔਰਤਾਂ ਨਾਲੋਂ 280 ਮਿਲੀਅਨ ਜ਼ਿਆਦਾ ਪੁਰਸ਼ ਔਨਲਾਈਨ ਰਹੇ ਹਨ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਔਰਤਾਂ, ਕੁੜੀਆਂ ਅਤੇ ਜੈਂਡਰ-ਨਾਨ-ਕੰਫਰਮਿੰਗ ਵਿਅਕਤੀਆਂ ਨੂੰ ਉਨ੍ਹਾਂ ਦੇ ਜੈਂਡਰ ਕਾਰਨ ਜ਼ਿਆਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਵਧੇਰੇ ਗੰਭੀਰ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਯੂਐਨ ਵੂਮੈਨ ਦੇ ਅਨੁਸਾਰ, ਦੁਨੀਆ ਭਰ ਵਿੱਚ ਅਧਿਐਨ ਦਰਸਾਉਂਦੇ ਹਨ ਕਿ 58 ਫੀਸਦੀ ਔਰਤਾਂ ਅਤੇ ਕੁੜੀਆਂ ਨੂੰ ਔਨਲਾਈਨ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਹੈ।
ਡਿਜੀਟਲ ਹਿੰਸਾ ਜ਼ਿਆਦਾਤਰ ਇਨ੍ਹਾਂ 5 ਤਰੀਕਿਆਂ ਰਾਹੀਂ ਕੀਤੀ ਜਾਂਦੀ ਹੈ :
1. ਟ੍ਰੋਲਿੰਗ
ਟ੍ਰੋਲਿੰਗ ਵਿੱਚ ਜਾਣਬੁੱਝ ਕੇ ਉਕਸਾਉਣ ਵਾਲੇ ਜਾਂ ਅਜਿਹੇ ਮੈਸੇਜ ਆਨਲਾਈਨ ਪੋਸਟ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਕਿਸੇ ਵਿਅਕਤੀ ਬਾਰੇ ਨਿੰਦਾ ਜਾਂ ਮਾੜੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਤਾਂ ਜੋ ਵਿਅਕਤੀ ਨੂੰ ਪਰੇਸ਼ਾਨ ਕੀਤਾ ਜਾ ਸਕੇ, ਜਾਂ ਪ੍ਰਤੀਕਿਰਿਆ ਦੇਣ ਲਈ ਮਜਬੂਰ ਕੀਤਾ ਜਾ ਸਕੇ ਜਾਂ ਉਸ ਲਈ ਮੁਸ਼ਕਲਾਂ ਪੈਦਾ ਹੋਣ।
ਬ੍ਰਿਟਿਸ਼-ਅਮਰੀਕੀ ਐਨਜੀਓ ਸੈਂਟਰ ਫਾਰ ਕਾਊਂਟਰਿੰਗ ਡਿਜਿਟਲ ਹੇਟ (ਸੀਸੀਡੀਐਚ) ਦੇ ਅਨੁਸਾਰ, ਟ੍ਰੋਲਜ਼ ਮੁੱਖ ਰੂਪ ਨਾਲ ਦੋ ਤਰੀਕੇ ਦੇ ਹੁੰਦੇ ਹਨ:
- ਉਹ ਟ੍ਰੋਲ ਜੋ ਵਧੇਰੇ ਸੋਸ਼ਲ ਮੀਡੀਆ ਫਾਲੋਅਰਜ਼ ਵਾਲੀਆਂ ਜਾਣੀਆਂ-ਪਛਾਣੀਆਂ ਹਸਤੀਆਂ ਨੂੰ ਨਿਸ਼ਾਨਾ ਬਣਾ ਕੇ ਦੁਰਵਿਵਹਾਰ ਨੂੰ ਵਧਾਉਂਦੇ ਹਨ।
- ਉਹ ਟ੍ਰੋਲ ਜੋ "ਨੈਗੇਟਿਵ ਸੋਸ਼ਲ ਪੋਟੈਂਸੀ" ਨਾਲ ਪ੍ਰੇਰਿਤ ਹੁੰਦੇ ਹਨ – ਅਰਥਾਤ ਜਿਨ੍ਹਾਂ ਨੂੰ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ 'ਚ ਖੁਸ਼ੀ ਮਿਲਦੀ ਹੈ।
ਲੋਕ ਆਨਲਾਈਨ ਟ੍ਰੋਲਿੰਗ ਕਿਉਂ ਕਰਦੇ ਹਨ, ਇਸ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਹਰ ਟ੍ਰੋਲ ਲਈ ਇਹ ਕਾਰਨ ਵੱਖਰੇ ਹੋ ਸਕਦੇ ਹਨ।
ਟ੍ਰੋਲ ਕਰਨ ਵਾਲੇ ਆਮ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ, ਜਿਨ੍ਹਾਂ ਨੂੰ ਉਹ ਦੁਰਵਿਵਹਾਰ ਨਾਲ ਨਿਸ਼ਾਨਾ ਬਣਾਉਂਦੇ ਹਨ। ਇਸ ਲਈ ਜੇ ਪੀੜਤ ਟ੍ਰੋਲਰਜ਼ ਨੂੰ ਕੋਈ ਜਵਾਬ ਜਾਂ ਪ੍ਰਤੀਕਿਰਿਆ ਦੇਵੇ ਤਾਂ ਇਹ ਗੱਲ ਉਨ੍ਹਾਂ ਨੂੰ ਟਰੋਲਿੰਗ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੀ ਹੈ।
ਟ੍ਰੋਲਿੰਗ ਦੇ ਪੀੜਤ ਵਿੱਚ ਚਿੰਤਾ ਵਧ ਸਕਦੀ ਹੈ ਅਤੇ ਉਸ ਦੇ ਆਤਮ-ਸਨਮਾਨ ਨੂੰ ਸੱਟ ਲੱਗ ਸਕਦੀ ਹੈ।
2. ਡਾਕਸਿੰਗ
ਡਾਕਸਿੰਗ ਦਾ ਮਤਲਬ ਹੈ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਨੂੰ ਆਨਲਾਈਨ ਸਾਂਝਾ (ਜਨਤਕ) ਕਰ ਦੇਣਾ, ਆਮ ਤੌਰ 'ਤੇ ਗਲਤ ਇਰਾਦਿਆਂ ਨਾਲ।
ਇਸ ਨਾਲ ਕਿਸੇ ਵਿਅਕਤੀ ਨਾਲ ਪਿੱਛਾ ਕਰਨ, ਧਮਕੀਆਂ ਦੇਣ ਅਤੇ ਇੱਥੋਂ ਤੱਕ ਕਿ ਸਰੀਰਕ ਹਿੰਸਾ ਵਰਗੀਆਂ ਘਟਨਾਵਾਂ ਅਸਲ ਜ਼ਿੰਦਗੀ ਵਿੱਚ ਵਾਪਰ ਸਕਦੀਆਂ ਹਨ।
ਸਾਲ 2021 ਵਿੱਚ ਹੈਰੀ ਪਾਟਰ ਦੇ ਲੇਖਿਕਾ ਜੇ.ਕੇ. ਰੋਲਿੰਗ ਨੇ ਕਿਹਾ ਸੀ ਕਿ ਉਹ ਡਾਕਸਿੰਗ ਦੇ ਸ਼ਿਕਾਰ ਹੋਏ। ਅਜਿਹਾ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਦੇ ਘਰ ਦੇ ਬਾਹਰ ਖਿੱਚੀ ਗਈ ਇੱਕ ਤਸਵੀਰ, ਜਿਸ ਵਿੱਚ ਉਨ੍ਹਾਂ ਦਾ ਪਤਾ ਵੀ ਨਜ਼ਰ ਆ ਰਿਹਾ ਸੀ, ਆਨਲਾਈਨ ਸ਼ੇਅਰ ਕਰ ਦਿੱਤੀ ਗਈ।
ਪਰ ਬਾਅਦ ਵਿੱਚ ਪੁਲਿਸ ਨੇ ਕਿਹਾ ਕਿ ਰੋਲਿੰਗ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਰਕੁਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ।
ਅਪ੍ਰੈਲ 2022 ਤੋਂ, ਮੇਟਾ ਕੰਪਨੀ ਦੀ ਮਲਕੀਅਤ ਵਾਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਕਿਸੇ ਵਿਅਕਤੀ ਦੇ ਘਰ ਦਾ ਪਤਾ ਸਾਂਝਾ ਕਰਨ 'ਤੇ ਰੋਕ ਲਗਾ ਦਿੱਤੀ ਹੈ, ਭਾਵੇਂ ਉਹ ਜਨਤਕ ਰਿਕਾਰਡ ਜਾਂ ਖਬਰਾਂ ਵਿੱਚ ਹੀ ਕਿਉਂ ਨਾ ਹੋਵੇ। ਹਾਲਾਂਕਿ ਉਪਭੋਗਤਾ ਆਪਣਾ ਪਤਾ ਸਾਂਝਾ ਕਰ ਸਕਦੇ ਹਨ, ਪਰ ਕੋਈ ਹੋਰ ਉਸ ਨੂੰ ਰੀ-ਸ਼ੇਅਰ ਨਹੀਂ ਕਰ ਸਕਦਾ।
ਇਹ ਬਦਲਾਅ ਮੇਟਾ ਦੇ 'ਓਵਰਸਾਇਟ ਬੋਰਡ' ਦੀਆਂ ਸਿਫਾਰਸ਼ਾਂ ਤੋਂ ਬਾਅਦ ਕੀਤੇ ਗਏ, ਤਾਂ ਜੋ ਨਿੱਜਤਾ ਸਬੰਧੀ ਸੁਰੱਖਿਆ ਮਜ਼ਬੂਤ ਹੋਵੇ ਅਤੇ ਡਾਕਸਿੰਗ ਦਾ ਖਤਰਾ ਘਟਾਇਆ ਜਾ ਸਕੇ।
3. ਡੀਪਫੇਕ
ਡੀਪਫੇਕ ਉਹ ਵੀਡੀਓ, ਤਸਵੀਰਾਂ ਜਾਂ ਆਡੀਓ ਕਲਿੱਪ ਹੁੰਦੇ ਹਨ ਜੋ ਏਆਈ ਦੀ ਵਰਤੋਂ ਨਾਲ ਬਣਾਏ ਜਾਂਦੇ ਹਨ ਅਤੇ ਇੰਝ ਲੱਗਦੇ ਹਨ ਜਿਵੇਂ ਅਸਲੀ ਹੋਣ।
ਇਹ ਮਨੋਰੰਜਨ ਲਈ ਜਾਂ ਵਿਗਿਆਨਕ ਖੋਜਾਂ ਲਈ ਵਰਤੇ ਜਾ ਸਕਦੇ ਹਨ, ਪਰ ਕਈ ਵਾਰ ਅਜਿਹੇ ਡੀਪਫੇਕਸ ਦੀ ਵਰਤੋਂ ਸਿਆਸੀ ਲੀਡਰਾਂ ਜਾਂ ਵਿਸ਼ਵ ਆਗੂਆਂ ਦੀ ਨਕਲ ਕਰਨ ਲਈ ਵੀ ਕੀਤੀ ਜਾਂਦੀ ਹੈ ਤਾਂ ਜੋ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ।
ਇਨ੍ਹਾਂ ਦੀ ਵਰਤੋਂ ਮਸ਼ਹੂਰ ਹਸਤੀਆਂ ਜਾਂ ਆਮ ਲੋਕਾਂ ਦੀਆਂ ਅਸ਼ਲੀਲ ਤਸਵੀਰਾਂ ਜਾਂ ਵੀਡੀਓਜ਼ ਬਣਾਉਣ ਲਈ ਵੀ ਵਧ ਰਹੀ ਹੈ।
ਯੂਕੇ ਵਿੱਚ ਪੁਲਿਸ ਦੁਆਰਾ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ "ਚਾਰ ਵਿੱਚੋਂ ਇੱਕ ਵਿਅਕਤੀ ਨੂੰ ਲੱਗਦਾ ਹੈ ਜਾਂ ਉਹ ਇਸ ਬਾਰੇ ਸਾਫ ਹਨ ਕਿ ਬਿਨ੍ਹਾਂ ਸਹਿਮਤੀ ਦੇ ਕਿਸੇ ਵਿਅਕਤੀ ਦੀਆਂ ਸੈਕਸ਼ੁਅਲ ਡੀਪਫੇਕ ਤਸਵੀਰਾਂ ਜਾਂ ਵੀਡੀਓ ਬਣਾਉਣ ਅਤੇ ਸਾਂਝਾ ਕਰਨਾ ਵਿੱਚ ਕੁਝ ਗਲਤ ਨਹੀਂ ਹੈ।"
ਬਿਨ੍ਹਾਂ ਸਹਿਮਤੀ ਦੇ ਨਿੱਜੀ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਨਾ ਜਾਂ ਅਜਿਹਾ ਕਰਨ ਦੀ ਧਮਕੀ ਦੇਣਾ ਯੂਕੇ ਵਿੱਚ ਇੱਕ ਅਪਰਾਧ ਹੈ, ਜਿਸ ਨੂੰ ਹੁਣ 'ਆਨਲਾਈਨ ਸੇਫਟੀ ਐਕਟ 2023' ਤਹਿਤ ਆਉਂਦਾ ਹੈ। ਇਸ ਵਿੱਚ ਹੇਰਫੇਰ ਨਾਲ ਬਣਾਈਆਂ ਜਾਂ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਡੀਪਫੇਕ ਵੀ ਸ਼ਾਮਲ ਹਨ।
ਆਸਟ੍ਰੇਲੀਆ ਅਤੇ ਆਇਰਲੈਂਡ ਵਰਗੇ ਕਈ ਹੋਰ ਦੇਸ਼ਾਂ ਵਿੱਚ ਵੀ ਅਜਿਹੇ ਕਾਨੂੰਨ ਹਨ।
4. ਗਰੂਮਿੰਗ
ਬੱਚਿਆਂ ਅਤੇ ਨੌਜਵਾਨਾਂ ਨੂੰ ਔਨਲਾਈਨ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਗਰੂਮ ਕੀਤਾ ਜਾ ਸਕਦਾ ਹੈ। ਅਪਰਾਧੀ ਬੱਚਿਆਂ ਦਾ ਫਾਇਦਾ ਚੁੱਕਣ ਲਈ ਔਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਕੇ ਉਨ੍ਹਾਂ ਨਾਲ ਭਰੋਸੇਮੰਦ ਰਿਸ਼ਤਾ ਬਣਾ ਸਕਦੇ ਹਨ।
ਇਹ ਦੁਰਵਿਵਹਾਰ ਔਨਲਾਈਨ ਹੋ ਸਕਦਾ ਹੈ ਜਾਂ ਅਪਰਾਧੀ ਬੱਚੇ ਦਾ ਸ਼ੋਸ਼ਣ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਮਿਲਣ ਦੀ ਯੋਜਨਾ ਵੀ ਬਣਾ ਸਕਦਾ ਹੈ। ਇਹ ਦੁਰਵਿਵਹਾਰ ਉਸ ਵੇਲੇ ਹੋਰ ਵੀ ਵਧ ਸਕਦਾ ਹੈ ਜਦੋਂ ਅਜਿਹੇ ਕਿਸੇ ਅਪਰਾਧੀ ਦੁਆਰਾ ਨੁਕਸਾਨ ਪਹੁੰਚਾਉਣ ਵਾਲਾ ਕੰਟੈਂਟ ਰਿਕਾਰਡ ਅਤੇ ਆਨਲਾਈਨ ਅਪਲੋਡ ਕੀਤਾ ਜਾਂਦਾ ਹੈ ਜਾਂ ਹੋਰਾਂ ਦੁਆਰਾ ਇਸ ਨੂੰ ਸ਼ੇਅਰ ਕੀਤਾ ਜਾਂਦਾ ਹੈ।
ਭਾਵੇਂ ਦੁਰਵਿਵਹਾਰ ਔਨਲਾਈਨ ਹੋਵੇ ਜਾਂ ਔਫਲਾਈਨ, ਇਸ ਦਾ ਲੰਮੇ ਸਮੇਂ ਤੱਕ ਬੱਚੇ ਦੀ ਸਮੁੱਚੀ ਜ਼ਿੰਦਗੀ 'ਤੇ ਅਸਰ ਪੈ ਸਕਦਾ ਹੈ, ਜਿਸ ਨਾਲ ਬੱਚੇ ਵਿੱਚ ਚਿੰਤਾ, ਸਵੈ-ਨੁਕਸਾਨ, ਖਾਣ ਸੰਬੰਧੀ ਵਿਕਾਰ, ਆਤਮਘਾਤੀ ਵਿਚਾਰ ਹੋ ਸਕਦੇ ਹਨ ਜਾਂ ਖੁਦਕੁਸ਼ੀ ਦੇ ਮਾਮਲੇ ਵੀ ਹੋ ਸਕਦੇ ਹਨ।
5. ਸਾਈਬਰ ਬੁਲਿੰਗ
ਸਾਈਬਰ ਬੁਲਿੰਗ ਨੂੰ ਔਨਲਾਈਨ ਬੁਲਿੰਗ ਵੀ ਕਿਹਾ ਜਾਂਦਾ ਹੈ। ਇਸ ਵਿੱਚ ਕੋਈ ਵਿਅਕਤੀ ਸੋਸ਼ਲ ਮੀਡੀਆ, ਮੈਸੇਜਿੰਗ ਐਪਸ, ਔਨਲਾਈਨ ਗੇਮਾਂ ਅਤੇ ਇੰਟਰਨੈੱਟ ਦੀਆਂ ਹੋਰ ਸਾਈਟਾਂ 'ਤੇ ਬੁਲਿੰਗ ਦਾ ਸਾਹਮਣਾ ਕਰਦਾ ਹੈ।
ਬੁਲਿੰਗ ਔਨਲਾਈਨ ਅਤੇ ਔਫਲਾਈਨ ਦੋਵੇਂ ਤਰੀਕਿਆਂ ਨਾਲ ਹੋ ਸਕਦੀ ਹੈ, ਅਤੇ ਕਈ ਵਾਰ ਔਨਲਾਈਨ ਬੁਲਿੰਗ ਕਰਨ ਵਾਲਾ ਵਿਅਕਤੀ ਪੀੜਤ ਦਾ ਕੋਈ ਜਾਣਕਾਰ ਹੀ ਹੁੰਦਾ ਹੈ।
ਅਜਿਹਾ ਵੀ ਸਕਦਾ ਹੈ ਕਿ ਜੋ ਲੋਕ ਵਿਅਕਤੀ ਨੂੰ ਪਰੇਸ਼ਾਨ ਕਰ ਰਹੇ ਹੋਣ, ਉਨ੍ਹਾਂ ਵੀ ਵਿਅਕਤੀ ਅਸਲ ਜ਼ਿੰਦਗੀ 'ਚ ਕਦੇ ਨਾ ਮਿਲਿਆ ਹੋਵੇ ਪਰ ਔਨਲਾਈਨ ਕਮਿਊਨਿਟੀ, ਗੇਮਾਂ ਜਾਂ ਸੋਸ਼ਲ ਮੀਡੀਆ ਰਹਿਣ ਜਾਣਕਾਰੀ ਹੋਵੇ। ਦੁਰਵਿਵਹਾਰ ਕਰਨ ਵਾਲਾ/ਵਾਲੇ ਗੁਮਨਾਮ ਵੀ ਹੋ ਸਕਦੇ ਹਨ।
ਸੁਰੱਖਿਅਤ ਕਿਵੇਂ ਰਿਹਾ ਜਾਵੇ
ਸੰਯੁਕਤ ਰਾਸ਼ਟਰ ਦੇ ਅਨੁਸਾਰ, ਔਨਲਾਈਨ ਦੁਰਵਿਵਹਾਰ ਦਾ ਸ਼ਿਕਾਰ ਬਣਨ ਦੇ ਆਪਣੇ ਜੋਖਮ ਨੂੰ ਘਟਾਉਣ ਲਈ ਕੁਝ ਸੁਝਾਅ ਇਸ ਪ੍ਰਕਾਰ ਹਨ:
- ਔਨਲਾਈਨ ਕੁਝ ਵੀ ਪੋਸਟ ਜਾਂ ਸਾਂਝਾ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ - ਇਹ ਕੰਟੈਂਟ ਸ਼ਾਇਦ ਹਮੇਸ਼ਾ ਲਈ ਔਨਲਾਈਨ ਰਹੇਗਾ, ਜੋ ਬਾਅਦ ਵਿੱਚ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਵਰਤਿਆ ਜਾ ਸਕਦਾ ਹੈ।
- ਤੁਹਾਡੇ ਦੁਆਰਾ ਪੋਸਟ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਕਰੋ, ਖਾਸ ਕਰਕੇ ਨਿੱਜੀ ਵੇਰਵੇ ਜਿਵੇਂ ਕਿ ਤੁਹਾਡਾ ਪਤਾ ਅਤੇ ਮੋਬਾਈਲ ਨੰਬਰ।
- ਆਪਣੇ ਦੋਸਤਾਂ ਅਤੇ ਜਾਣਕਾਰਾਂ ਨੂੰ ਇਸ ਬਾਰੇ ਸਪਸ਼ਟ ਚੇਤਾਵਨੀ ਦਿਓ ਕਿ ਉਹ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਪੋਸਟ ਨਾ ਕਰਨ।
- ਆਪਣੇ ਸੋਸ਼ਲ ਮੀਡੀਆ ਐਪਸ 'ਤੇ ਗੋਪਨੀਯਤਾ ਸੈਟਿੰਗਾਂ ਬਾਰੇ ਜਾਣੋ, ਜਿਸ ਵਿੱਚ 'ਤੁਹਾਡੀ ਜਾਣਕਾਰੀ ਕੌਣ ਦੇਖ ਸਕਦਾ ਹੈ' ਅਤੇ 'ਕੰਟੈਂਟ ਨੂੰ ਬਲੌਕ/ਲੁਕਾਉਣ' ਦੇ ਆਪਸ਼ਨ ਸ਼ਾਮਲ ਹਨ।
- ਆਪਣੇ ਸਾਰੇ ਅਕਾਊਂਟਸ 'ਤੇ ਜੀਓ-ਲੋਕੇਸ਼ਨ ਨੂੰ ਬੰਦ ਕਰ ਦੇਵੋ।
- ਸ਼ੱਕੀ ਜਾਂ ਖਤਰੇ ਵਾਲੇ ਖਾਤਿਆਂ ਦੀ ਰਿਪੋਰਟ ਕਰੋ।
ਖ਼ਤਰਨਾਕ ਜੋਖਮ
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਔਨਲਾਈਨ ਅਤੇ ਤਕਨਾਲੋਜੀ ਦੀ ਮਦਦ ਨਾਲ ਕੀਤੀ ਜਾਂਦੀ ਹਿੰਸਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ, ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਔਰਤਾਂ ਤੇ ਕੁੜੀਆਂ 'ਤੇ ਇਸਦੇ ਪ੍ਰਭਾਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਅਰਬ ਦੇਸ਼ਾਂ ਦੇ ਖੇਤਰ ਵਿੱਚ 2021 ਦੇ ਸੰਯੁਕਤ ਰਾਸ਼ਟਰ ਮਹਿਲਾ ਅਧਿਐਨ ਵਿੱਚ ਪਾਇਆ ਗਿਆ ਕਿ ਉਸ ਸਾਲ 60 ਫੀਸਦੀ ਮਹਿਲਾ ਇੰਟਰਨੈਟ ਉਪਭੋਗਤਾ ਔਨਲਾਈਨ ਹਿੰਸਾ ਦਾ ਸ਼ਿਕਾਰ ਹੋਈਆਂ।
ਇੱਕ ਯੂਰਪੀ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਔਰਤਾਂ ਨੂੰ ਮਰਦਾਂ ਨਾਲੋਂ ਔਨਲਾਈਨ ਦੁਰਵਿਵਹਾਰ ਦਾ ਸਾਹਮਣਾ ਕਰਨ ਦੀ ਸੰਭਾਵਨਾ 27 ਗੁਣਾ ਜ਼ਿਆਦਾ ਹੁੰਦੀ ਹੈ, ਅਤੇ ਇੱਕ ਹੋਰ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ 92 ਫੀਸਦੀ ਮਹਿਲਾਵਾਂ ਨੇ ਦੱਸਿਆ ਕਿ ਔਨਲਾਈਨ ਹਿੰਸਾ ਉਨ੍ਹਾਂ ਦੀ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਜਨਤਕ ਜੀਵਨ ਵਿੱਚ ਔਰਤਾਂ, ਜਿਵੇਂ ਕਿ ਸਿਆਸਤਦਾਨ, ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਕਾਰਕੁਨ, ਖਾਸ ਤੌਰ 'ਤੇ ਨਿਸ਼ਾਨਾ ਬਣਦੇ ਹਨ, ਅਤੇ ਇਹ ਜੋਖਮ ਸਿਆਹਫਾਮ ਔਰਤਾਂ, ਐਲਜੀਬੀਟੀਕਿਊਆਈ+ ਵਿਅਕਤੀਆਂ ਅਤੇ ਅਪਾਹਜ ਔਰਤਾਂ ਲਈ ਹੋਰ ਵੀ ਜ਼ਿਆਦਾ ਹੈ।
ਸੰਯੁਕਤ ਰਾਸ਼ਟਰ ਨੇ ਸਾਰੀਆਂ ਔਰਤਾਂ ਅਤੇ ਕੁੜੀਆਂ ਵਿਰੁੱਧ ਡਿਜੀਟਲ ਹਿੰਸਾ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜੋ 10 ਦਸੰਬਰ ਤੱਕ ਚੱਲਣੀ ਹੈ। ਇਹ ਮੁਹਿੰਮ ਸਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਨਿੱਜੀ ਜਾਣਕਾਰੀ ਦੀ ਰੱਖਿਆ ਕੀਤੀ ਜਾਵੇ ਅਤੇ ਡਿਜੀਟਲ ਹਿੰਸਾ ਨੂੰ ਅਪਰਾਧ ਮੰਨਿਆ ਜਾਵੇ। ਨਾਲ ਹੀ ਇਹ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਨੁਕਸਾਨਦੇਹ ਸਮੱਗਰੀ ਨੂੰ ਹਟਾਉਣ ਦੀ ਵੀ ਅਪੀਲ ਕਰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ