ਚਾਂਦੀ ਲਈ ਲੋਕ ਜ਼ਿਆਦਾ ਪੈਸੇ ਦੇਣ ਲਈ ਤਿਆਰ ਹਨ, ਫਿਰ ਵੀ ਚਾਂਦੀ ਬਾਜ਼ਾਰ ਵਿੱਚ ਨਹੀਂ ਹੈ?

ਚਾਂਦੀ

ਤਸਵੀਰ ਸਰੋਤ, Getty Images

    • ਲੇਖਕ, ਉਪਾਸਨਾ ਵਰਮਾ
    • ਰੋਲ, ਬੀਬੀਸੀ ਪੱਤਰਕਾਰ

ਇਸ ਤਿਉਹਾਰਾਂ ਦੇ ਸੀਜ਼ਨ ਵਿੱਚ ਭਾਰਤੀ ਸਰਾਫ਼ਾ ਬਾਜ਼ਾਰ ਚਾਂਦੀ ਦੀ ਕਮੀ ਕਾਰਨ ਆਪਣੀ ਚਮਕ ਗੁਆ ਰਿਹਾ ਹੈ।

ਰਿਕਾਰਡ ਉੱਚੀਆਂ ਕੀਮਤਾਂ ਦੇ ਬਾਵਜੂਦ ਲੋਕ ਚਾਂਦੀ ਖਰੀਦਣ ਲਈ ਤਿਆਰ ਹਨ, ਪਰ ਦੁਕਾਨਦਾਰਾਂ ਕੋਲ ਚਾਂਦੀ ਨਹੀਂ ਹੈ।

ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਅਨੁਸਾਰ, 14 ਅਕਤੂਬਰ ਨੂੰ ਚਾਂਦੀ 178,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਹੀ ਸੀ।

ਦਿਲਚਸਪ ਗੱਲ ਇਹ ਹੈ ਕਿ ਇਹ ਰਿਕਾਰਡ ਕੀਮਤਾਂ ਇਸ ਕਮੀ ਦਾ ਕਾਰਨ ਹਨ।

ਚਾਂਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2025 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ 61 ਫੀਸਦ ਦਾ ਵਾਧਾ ਹੋਇਆ ਹੈ

ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥਸ ਫੈਡਰੇਸ਼ਨ (ਏਆਈਜੇਜੀਐੱਫ) ਦੇ ਰਾਸ਼ਟਰੀ ਸਕੱਤਰ ਅਤੇ ਦਿੱਲੀ ਵਿੱਚ ਮਹਿਤਾ ਜਵੈਲਰਜ਼ ਦੇ ਮਾਲਕ ਬਿਮਲ ਮਹਿਤਾ ਨੇ ਦੱਸਿਆ, "ਬਾਜ਼ਾਰ ਵਿੱਚ ਮੰਗ ਵਿੱਚ ਅਚਾਨਕ ਵਾਧਾ ਹੋਇਆ ਹੈ। ਚਾਂਦੀ ਦੇ ਸਿੱਕਿਆਂ, ਬਾਰ ਅਤੇ ਸਿੱਲੀਆਂ ਦੀ ਮੰਗ ਆ ਰਹੀ ਹੈ। ਲੋਕ ਪੈਸੇ ਲੈ ਕੇ ਘੁੰਮ ਰਹੇ ਹਨ, ਪਰ ਉਨ੍ਹਾਂ ਨੂੰ ਚਾਂਦੀ ਨਹੀਂ ਮਿਲ ਰਹੀ।"

ਚਾਂਦੀ ਇਸ ਵੇਲੇ ਬਾਜ਼ਾਰ ਵਿੱਚ 30,000 ਰੁਪਏ ਦੇ ਪ੍ਰੀਮੀਅਮ 'ਤੇ ਵੇਚੀ ਜਾ ਰਹੀ ਹੈ। ਫਿਰ ਵੀ, ਗਾਹਕ ਖਰੀਦਣ ਲਈ ਤਿਆਰ ਹਨ, ਪਰ ਬਾਜ਼ਾਰ ਵਿੱਚ ਕੋਈ ਉਪਲਬਧਤਾ ਨਹੀਂ ਹੈ।

ਕੀ ਪਹਿਲਾਂ ਵੀ ਅਜਿਹੀ ਕਮੀ ਆਈ ਹੈ?

ਚਾਂਦੀ

ਕੀ ਪਹਿਲਾਂ ਵੀ ਚਾਂਦੀ ਦੀ ਇੰਨੀ ਮੰਗ ਰਹੀ ਹੈ?

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਬਿਮਲ ਮਹਿਤਾ ਨੇ ਕਿਹਾ, "ਮੇਰੇ 30 ਸਾਲਾਂ ਦੇ ਕਰੀਅਰ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮੈਂ ਚਾਂਦੀ ਦੀ ਇੰਨੀ ਜ਼ਿਆਦਾ ਮੰਗ ਦੇਖੀ ਹੈ। ਪਿਛਲੇ ਸਾਲ ਚਾਂਦੀ ਔਸਤਨ 75,000 ਰੁਪਏ ਪ੍ਰਤੀ ਔਸਤ ਭਾਅ ਉੱਤੇ ਮਿਲ ਰਹੀ ਸੀ। ਕਿਸੇ ਨੂੰ ਇਸ ਦੀ ਉਮੀਦ ਨਹੀਂ ਸੀ।"

ਉਹ ਅੱਗੇ ਕਹਿੰਦੇ ਹਨ, "ਪੰਜਾਬ ਤੋਂ ਕੰਨਿਆਕੁਮਾਰੀ ਤੱਕ, ਹਰ ਕੋਈ ਚਾਂਦੀ ਚਾਹੁੰਦਾ ਹੈ। ਅਸੀਂ ਵਿਦੇਸ਼ਾਂ ਤੋਂ ਚਾਂਦੀ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਕਮੀ ਹੈ। ਚਾਂਦੀ ਦੀ ਹਰ ਜਗ੍ਹਾ ਮੰਗ ਹੈ।"

ਦਰਅਸਲ, ਨਿਵੇਸ਼ਕ ਤਿਉਹਾਰਾਂ ਦੇ ਸੀਜ਼ਨ ਦੀ ਖਰੀਦਦਾਰੀ ਹੋਵੇ ਜਾਣ ਨਿਵੇਸ਼, ਦੋਵਾਂ ਹੀ ਲਿਹਾਜ਼ ਨਾਲ ਨਿਵੇਸ਼ਕ ਸੋਨੇ ਨੂੰ ਤਰਜੀਹ ਦਿੰਦੇ ਸਨ। ਪਰ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ, ਸੋਨਾ ਇਸ ਸਮੇਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ।

ਆਈਬੀਜੇਏ ਦੇ ਅਨੁਸਾਰ, 14 ਅਕਤੂਬਰ ਨੂੰ 99.9 ਫੀਸਦ ਸ਼ੁੱਧ 10 ਗ੍ਰਾਮ ਸੋਨਾ 126,152 ਰੁਪਏ ਵਿੱਚ ਵਿਕ ਰਿਹਾ ਸੀ।

ਭਾਰਤੀ ਸਟਾਕ ਬਾਜ਼ਾਰਾਂ ਵਿੱਚ ਵੀ ਪਿਛਲੇ ਵਰਗੀ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ। ਇਸ ਮਾਹੌਲ ਵਿੱਚ, ਚਾਂਦੀ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ।

2025 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ 61 ਫੀਸਦ ਦਾ ਵਾਧਾ ਹੋਇਆ ਹੈ।

ਚਾਂਦੀ ਇੱਕ ਪਸੰਦੀਦਾ ਨਿਵੇਸ਼

ਚਾਂਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਾਂਦੀ ਦੇ ਗਹਿਣੇ ਹੀ ਨਹੀਂ, ਬਲਕਿ ਭਾਂਡੇ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਵੀ ਚਾਂਦੀ ਤੋਂ ਬਣੀਆਂ ਹਨ

ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਅਨੁਸਾਰ, ਜਨਵਰੀ 2025 ਵਿੱਚ ਚਾਂਦੀ ਦੇ ਇੱਕ ਔਂਸ ਦੀ ਕੀਮਤ 28.92 ਅਮਰੀਕੀ ਡਾਲਰ ਸੀ, ਜੋ ਸਤੰਬਰ ਦੇ ਅੰਤ ਤੱਕ 46 ਅਮਰੀਕੀ ਡਾਲਰ ਤੱਕ ਪਹੁੰਚ ਗਈ।

ਇਸ ਨਾਲ ਨਿਵੇਸ਼ ਦੇ ਉਦੇਸ਼ਾਂ ਲਈ ਚਾਂਦੀ ਦੀ ਮੰਗ ਵਧ ਗਈ ਹੈ। ਮਾਹਰਾਂ ਦਾ ਦਾਅਵਾ ਹੈ ਕਿ ਚਾਂਦੀ ਦੀਆਂ ਕੀਮਤਾਂ ਉੱਚੀਆਂ ਰਹਿਣਗੀਆਂ।

ਐੱਸਐੱਮਸੀ ਗਲੋਬਲ ਸਿਕਿਓਰਿਟੀਜ਼ ਲਿਮਟਿਡ ਵਿਖੇ ਕਮੋਡਿਟੀ ਰਿਸਰਚ ਦੀ ਮੁਖੀ, ਵੰਦਨਾ ਭਾਰਤੀ ਦੱਸਦੀ ਹੈ ਕਿ ਚਾਂਦੀ ਹੁਣ ਗਹਿਣਿਆਂ, ਭਾਂਡਿਆਂ ਅਤੇ ਸਿੱਕਿਆਂ ਦੇ ਨਾਲ-ਨਾਲ ਕਈ ਉਦਯੋਗਿਕ ਐਪਲੀਕੇਸ਼ਨਾਂ ਵਿੱਚ ਵਰਤੀ ਜਾ ਰਹੀ ਹੈ।

ਸੋਲਰ ਅਤੇ ਇਲੈਕਟ੍ਰਾਨਿਕਸ ਉਤਪਾਦਾਂ ਤੱਕ ਹਰ ਚੀਜ਼ ਵਿੱਚ ਵਿਆਪਕ ਤੌਰ 'ਤੇ ਕੀਤੀ ਜਾ ਰਹੀ ਹੈ। ਇਸ ਲਈ, ਚਾਂਦੀ ਦੀ ਮੰਗ ਪਹਿਲਾਂ ਦੇ ਮੁਕਾਬਲੇ ਵਧੀ ਹੈ।

ਏਆਈਜੇਜੀਐੱਫ ਦੇ ਰਾਸ਼ਟਰੀ ਜਨਰਲ ਸਕੱਤਰ ਨਿਤਿਨ ਕੇਡੀਆ ਨੇ ਸਮਝਾਇਆ ਕਿ ਵਪਾਰਕ ਜ਼ਰੂਰਤਾਂ ਤੋਂ ਇਲਾਵਾ, ਦੁਨੀਆ ਭਰ ਦੇ ਰਿਜ਼ਰਵ ਬੈਂਕ ਆਪਣੇ ਸੋਨੇ ਅਤੇ ਚਾਂਦੀ ਦੇ ਭੰਡਾਰ ਨੂੰ ਵਧਾ ਰਹੇ ਹਨ।

ਟੈਰਿਫ ਵਾਰ ਦੁਨੀਆਂ ਵਿੱਚ ਤਣਾਅ ਕਾਰਨ ਚਾਂਦੀ ਨੂੰ ਸੁਰੱਖਿਅਤ ਨਿਵੇਸ਼ ਵਜੋਂ ਦੇਖਿਆ ਜਾ ਰਿਹਾ ਹੈ।

ਦੁਕਾਨਦਾਰਾਂ ਨੂੰ ਇੰਨੀ ਉੱਚ ਮੰਗ ਦੀ ਉਮੀਦ ਨਹੀਂ ਸੀ

ਗਹਿਣੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਰਿਕਾਰਡ ਪੱਧਰ ਨੂੰ ਛੂਹ ਰਹੀਆਂ ਹਨ

ਭਾਰਤ ਆਪਣੀਆਂ ਚਾਂਦੀ ਦੀਆਂ ਜ਼ਰੂਰਤਾਂ ਨੂੰ ਆਯਾਤ ਰਾਹੀਂ ਪੂਰਾ ਕਰਦਾ ਹੈ। ਨਿਤਿਨ ਕੇਡੀਆ ਨੇ ਸਮਝਾਇਆ ਕਿ ਵਪਾਰੀ ਆਮ ਤੌਰ 'ਤੇ ਪਿਛਲੇ ਰੁਝਾਨਾਂ ਨੂੰ ਦੇਖ ਕੇ ਅੰਦਾਜ਼ਾ ਲਗਾਉਂਦੇ ਹਨ ਕਿ ਇਸ ਸਾਲ ਕਿੰਨੀ ਡਿਮਾਂਡ ਰਹਿਣ ਵਾਲੀ ਹੈ, ਉਸ ਅਨੁਸਾਰ ਸਟਾਕ ਰੱਖਿਆ ਜਾਂਦਾ ਹੈ।

ਕਿਉਂਕਿ ਚਾਂਦੀ ਦੀਆਂ ਕੀਮਤਾਂ ਵੱਧ ਰਹੀਆਂ ਸਨ, ਇਸ ਲਈ ਕਿਸੇ ਵੀ ਦੁਕਾਨਦਾਰ ਨੂੰ ਜ਼ਿਆਦਾ ਮੰਗ ਦੀ ਉਮੀਦ ਨਹੀਂ ਸੀ। ਇਸ ਲਈ ਉਨ੍ਹਾਂ ਨੇ ਜ਼ਿਆਦਾ ਭੰਡਾਰ ਨਹੀਂ ਕੀਤਾ।

ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, 2025 ਦੇ ਪਹਿਲੇ ਅੱਠ ਮਹੀਨਿਆਂ ਵਿੱਚ ਚਾਂਦੀ ਦੀ ਦਰਾਮਦ 42 ਫੀਸਦ ਘਟ ਕੇ 3,302 ਟਨ ਹੋ ਗਈ ਸੀ।

ਕੇਡੀਆ ਅੱਗੇ ਦੱਸਦੇ ਹਨ ਕਿ ਜਿਵੇਂ ਹੀ ਚਾਂਦੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਈ, ਮੰਗ ਇੰਨੀ ਤੇਜ਼ੀ ਨਾਲ ਵਧੀ, ਜਿਸ ਦੀ ਦੁਕਾਨਦਾਰਾਂ ਨੂੰ ਆਸ ਨਹੀਂ ਸੀ।

ਆਯਾਤ ਵਿੱਚ ਕੀ ਹਨ ਮੁਸ਼ਕਲਾਂ?

ਚਾਂਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਾਂਦੀ ਦੀਆਂ ਕੀਮਤਾਂ ਲੰਡਨ ਬੁਲੀਅਨ ਮਾਰਕੀਟ ਐਸੋਸੀਏਸ਼ਨ ਤੈਅ ਕਰਦਾ ਹੈ

ਵੰਦਨਾ ਕਹਿੰਦੀ ਹੈ ਕਿ 2020-21 ਤੋਂ ਮੰਗ ਦੇ ਅਨੁਸਾਰ ਚਾਂਦੀ ਦਾ ਉਤਪਾਦਨ ਉਸ ਹਿਸਾਬ ਨਾਲ ਨਹੀਂ ਵਧਿਆ ਹੈ, ਜਿਸ ਹਿਸਾਬ ਨਾਲ ਡਿਮਾਂਡ ਵਧੀ ਹੈ ਯਾਨਿ ਸਪਲਾਈ ਪਹਿਲਾਂ ਹੀ ਸੀਮਤ ਹੈ।

ਹੁਣ, ਸਿਰਫ ਬਾਜ਼ਾਰ ਵਿੱਚ ਪਹਿਲਾਂ ਤੋਂ ਉਪਲਬਧ ਚਾਂਦੀ ਨੂੰ ਹੀ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਇਸ ਦੀਆਂ ਕੀਮਤਾਂ ਲੰਡਨ ਬੁਲੀਅਨ ਮਾਰਕੀਟ ਐਸੋਸੀਏਸ਼ਨ (ਐੱਲਬੀਐੱਮਏ) ਤੈਅ ਕਰਦਾ ਹੈ।

ਮਜ਼ਬੂਤ ਮੰਗ ਨੂੰ ਦੇਖਦੇ ਹੋਏ, ਐੱਲਬੀਐੱਮਏ ਵਪਾਰੀਆਂ ਤੋਂ ਬਹੁਤ ਜ਼ਿਆਦਾ ਪ੍ਰੀਮੀਅਮ ਦੀ ਮੰਗ ਕਰ ਰਿਹਾ ਹੈ।

ਚਾਂਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2025 ਵਿੱਚ ਚਾਂਦੀ ਦੇ ਆਯਾਤ ਵਿੱਚ ਕਮੀ ਆਈ

ਵੰਦਨਾ ਦੱਸਦੀ ਹੈ ਕਿ ਚਾਂਦੀ ਇਸ ਸਮੇਂ ਵਿੱਚ ਚਾਂਦੀ ਮਾਰਕੀਟ ਵਿੱਚ ਰਿਕਾਰਡ ਪ੍ਰੀਮੀਅਮ 'ਤੇ ਵਿਕ ਰਹੀ ਹੈ।

ਪਰ ਵਾਅਦਾ ਬਾਜ਼ਾਰ, ਜਿਸ ਵਿੱਚ ਭਵਿੱਖ ਦੀਆਂ ਕੀਮਤਾਂ ਦੇ ਅਨੁਮਾਨ 'ਤੇ ਟ੍ਰੇਡਿੰਦ ਕਰਦਾ ਹੈ, ਉਸ ਵਿੱਚ ਚਾਂਦੀ ਦੀਆਂ ਕੀਮਤਾਂ ਕਮਜ਼ੋਰ ਪੈ ਰਹੀਆਂ ਹਨ।

ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਪਲਾਈ ਵਧਣ ਉੱਤੇ ਪ੍ਰੀਮੀਅਮ ਘੱਟ ਹੋਵੇਗਾ ਪਰ ਸਾਇਦ ਮੰਗ ਵਿੱਚ ਤੇਜ਼ੀ ਰਹੇਗੀ।

ਚਾਂਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1980 ਵਿੱਚ ਪਹਿਲੀ ਵਾਰ ਚਾਂਦੀ 50 ਡਾਲਰ ਪ੍ਰਤੀ ਔਂਸ ਨੂੰ ਪਾਰ ਕਰ ਗਈ

ਚਾਂਦੀ ਦੀਆਂ ਕੀਮਤਾਂ ਪਹਿਲਾਂ ਰਿਕਾਰਡ ਪੱਧਰ 'ਤੇ ਪਹੁੰਚੀਆਂ ਹਨ ਅਤੇ ਫਿਰ ਉਨ੍ਹਾਂ ਪੱਧਰਾਂ ਤੋਂ ਤੇਜ਼ੀ ਨਾਲ ਡਿੱਗੀਆਂ ਵੀ ਹਨ। ਕੀ ਇਸ ਵਾਰ ਵੀ ਇਹੀ ਕੁਝ ਹੋ ਸਕਦਾ ਹੈ?

ਵੰਦਨਾ ਦਾ ਕਹਿਣਾ ਹੈ ਕਿ ਇਸ ਦੀ ਸੰਭਾਵਨਾ ਘੱਟ ਹੈ।

ਉਹ ਕਹਿੰਦੀ ਹੈ, "ਇਸ ਵਾਰ ਚਾਂਦੀ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਠੋਸ ਕਾਰਨ ਹਨ। ਇਸ ਲਈ, ਕੀਮਤਾਂ ਵਿੱਚ ਭਾਰੀ ਗਿਰਾਵਟ ਦੀ ਸੰਭਾਵਨਾ ਬਹੁਤ ਘੱਟ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)