ਜਦੋਂ ਇੱਕ ਉੱਚ ਅਫ਼ਸਰ ਨੇ ਕਾਲੇ ਰੰਗ ਕਾਰਨ ਹੁੰਦੇ ਵਿਤਕਰੇ ਦੀ ਹੱਡਬੀਤੀ ਸੁਣਾਈ, ਤਾਂ ਇੱਕ ਨਵੀਂ ਬਹਿਸ ਛਿੜ ਗਈ

ਸਾਰਦਾ ਮੁਰਲੀਧਰਨ

ਤਸਵੀਰ ਸਰੋਤ, Muzafar A.V.

ਤਸਵੀਰ ਕੈਪਸ਼ਨ, ਕੇਰਲ ਦੇ ਮੁੱਖ ਸਕੱਤਰ ਸਾਰਦਾ ਮੁਰਲੀਧਰਨ ਨੇ ਸੋਸ਼ਲ ਮੀਡੀਆ 'ਤੇ ਕਾਲੇ ਰੰਗ ਬਾਰੇ ਇੱਕ ਟਿੱਪਣੀ ਕੀਤੀ, ਜਿਸ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਚਮੜੀ ਦੇ ਰੰਗ ਨੂੰ ਲੈ ਕੇ ਵਿਤਕਰਾ ਕਰਨ ਦੇ ਮਾਮਲੇ ਬਾਰੇ ਕੇਰਲ ਦੀ ਮੁੱਖ ਸਕੱਤਰ ਸ਼ਾਰਦਾ ਮੁਰਲੀਧਰਨ ਦੇ ਅਚਾਨਕ ਬਿਆਨ ʼਤੇ ਚਾਰੇ ਪਾਸੇ ਹੈਰਾਨ ਜ਼ਾਹਿਰ ਕੀਤੀ ਜਾ ਰਹੀ ਹੈ।

ਇਸ ਬਾਰੇ ਸੋਸ਼ਲ ਮੀਡੀਆ ʼਤੇ ਕੀਤੀ ਗਈ ਆਪਣੀ ਪੋਸਟ ਨੂੰ ਉਨ੍ਹਾਂ ਪਹਿਲਾਂ ਤਾਂ ਡਿਲੀਟ ਕਰ ਦਿੱਤਾ ਸੀ ਪਰ ਬਾਅਦ ਵਿੱਚ ਮੁੜ ਰੀ-ਪੋਸਟ ਕਰ ਦਿੱਤਾ।

ਲੋਕਾਂ ਨੂੰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਲੱਗੀ ਕਿ ਇੱਕ ਉੱਚ ਅਧਿਕਾਰੀ ਨੂੰ ਵੀ ਚਮੜੀ ਦੇ ਰੰਗ ਦੇ ਆਧਾਰ 'ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੁਰਲੀਧਰਨ ਨੇ ਆਪਣੀ ਪੋਸਟ ਵਿੱਚ ਲਿਖਿਆ, "ਕੱਲ੍ਹ ਮੈਂ ਮੁੱਖ ਸਕੱਤਰ ਵਜੋਂ ਆਪਣੇ ਕਾਰਜਕਾਲ ਬਾਰੇ ਇੱਕ ਦਿਲਚਸਪ ਟਿੱਪਣੀ ਸੁਣੀ ਕਿ ਇਹ ਕਾਰਜਕਾਲ ਓਨਾ ਹੀ ਕਾਲਾ ਸੀ ਜਿੰਨਾ ਮੇਰੇ ਪਤੀ ਦਾ ਚਿੱਟਾ। ਹਮਮ! ਮੈਨੂੰ ਆਪਣਾ ਕਾਲਾਪਨ ਸਵੀਕਾਰ ਕਰਨ ਦੀ ਲੋੜ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

1990 ਬੈਚ ਦੇ ਅਧਿਕਾਰੀ ਮੁਰਲੀਧਰਨ ਨੇ ਸਤੰਬਰ 2024 ਵਿੱਚ ਸੂਬੇ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਵੀ. ਵੇਣੂ ਇਸ ਅਹੁਦੇ 'ਤੇ ਸਨ।

ਮੁਰਲੀਧਰਨ ਗਰੀਬੀ ਹਟਾਉਣ ਅਤੇ ਮਹਿਲਾ ਸਸ਼ਕਤੀਕਰਨ, ਆਜੀਵਿਕਾ ਮਿਸ਼ਨ, ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ, ਅਨੁਸੂਚਿਤ ਜਾਤੀ ਵਿਕਾਸ, ਪੇਂਡੂ ਵਿਕਾਸ ਅਤੇ ਉੱਚ ਸਿੱਖਿਆ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਹਨ।

ਉਹ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਦੀ ਡਾਇਰੈਕਟਰ ਜਨਰਲ ਵੀ ਰਹਿ ਚੁੱਕੇ ਹਨ।

ਇੱਕ ਸੀਨੀਅਰ ਟਿੱਪਣੀਕਾਰ ਐੱਮਜੀ ਰਾਧਾਕ੍ਰਿਸ਼ਨਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਉਹ ਬਹੁਤ ਰੈਡੀਕਲ ਵਿਚਾਰਾਂ ਜਾਂ ਬੇਬਾਕ ਟਿੱਪਣੀਆਂ ਲਈ ਨਹੀਂ ਜਾਣੇ ਜਾਂਦੇ। ਉਹ ਆਮ ਤੌਰ 'ਤੇ ਬਹੁਤ ਅਨੁਸ਼ਾਸਿਤ ਅਤੇ ਨਰਮ ਬੋਲਣ ਵਾਲੇ ਹਨ।"

"ਇਹ ਉਹ ਚੀਜ਼ ਹੈ ਜਿਸਨੇ ਉਨ੍ਹਾਂ ਨੂੰ ਬਹੁਤ ਡੂੰਘਾ ਝਟਕਾ ਦਿੱਤਾ ਹੈ। ਕਿਸੇ ਨੇ ਚਿੱਟਾ (ਯੋਗਤਾ ਨਾਲ ਜੁੜਿਆ) ਬਨਾਮ ਕਾਲਾ (ਅਯੋਗਤਾ ਨਾਲ ਜੁੜਿਆ) ਵਿਸ਼ੇਸ਼ਣ ਵਰਤਿਆ ਹੈ। ਇਸ ਨਾਲ ਉਨ੍ਹਾਂ ਨੂੰ ਸੱਚਮੁੱਚ ਧੱਕਾ ਲੱਗਿਆ ਹੋਵੇਗਾ।"

ਸ਼ਾਰਦਾ ਮੁਰਲੀਧਰਨ
ਇਹ ਵੀ ਪੜ੍ਹੋ-

ਸ਼ਾਰਦਾ ਮੁਰਲੀਧਰਨ ਨੇ ਕੀ ਲਿਖਿਆ ਹੈ

ਆਪਣੀ ਪੋਸਟ ਨੂੰ ਪਹਿਲਾਂ ਡਿਲੀਟ ਕਰਨ ਤੋਂ ਬਾਅਦ ਦੁਬਾਰਾ ਪੋਸਟ ਕਰਦੇ ਹੋਏ, ਸ਼ਾਰਦਾ ਮੁਰਲੀਧਰਨ ਨੇ ਲਿਖਿਆ, "ਕੱਲ੍ਹ ਮੈਂ ਮੁੱਖ ਸਕੱਤਰ ਵਜੋਂ ਆਪਣੇ ਕਾਰਜਕਾਲ ਬਾਰੇ ਇੱਕ ਦਿਲਚਸਪ ਟਿੱਪਣੀ ਸੁਣੀ ਕਿ ਇਹ (ਕਾਰਜਕਾਲ) ਓਨਾ ਹੀ ਕਾਲਾ ਸੀ ਜਿੰਨਾ ਮੇਰੇ ਪਤੀ ਦਾ ਚਿੱਟਾ ਸੀ। ਹਮਮ! ਮੈਨੂੰ ਆਪਣਾ ਕਾਲਾਪਨ ਸਵੀਕਾਰ ਕਰਨ ਦੀ ਲੋੜ ਹੈ।"

“ਇਹੀ ਪੋਸਟ ਮੈਂ ਅੱਜ ਸਵੇਰੇ ਲਿਖੀ ਸੀ ਅਤੇ ਫਿਰ ਇਸ ਨੂੰ ਡਿਲੀਟ ਕਰ ਦਿੱਤਾ ਕਿਉਂਕਿ ਪ੍ਰਤੀਕਿਰਿਆਵਾਂ ਦੀ ਝੜੀ ਨਾਲ ਮੈਂ ਘਬਰਾ ਗਈ ਸੀ। ਮੈਂ ਫਿਰ ਇਸ ਨੂੰ ਰਿਪੋਸਟ ਕਰ ਰਹੀ ਹਾਂ ਕਿਉਂਕਿ ਕੁਝ ਸ਼ੁੰਭ-ਚਿੰਤਕਾਂ ਨੇ ਕਿਹਾ ਕਿ ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ʼਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਮੈਂ ਸਹਿਮਤ ਹਾਂ, ਤਾਂ ਚੱਲੋ ਫਿਰ ਗੱਲ ਕਰਦੇ ਹਾਂ।”

“ਮੈਂ ਇਹ ਖ਼ਾਸ ਗੱਲ ਕਿਉਂ ਕਹਿਣਾ ਚਾਹੁੰਦੀ ਸੀ? ਮੈਨੂੰ ਧੱਕਾ ਲੱਗਾ ਸੀ, ਹਾਂ। ਪਰ ਪਿਛਲੇ ਸੱਤ ਮਹੀਨਿਆਂ ਤੋਂ ਮੇਰੇ ਹਮਰੁਤਬਾ ਰਹੇ (ਜੋ ਕਿ ਉਨ੍ਹਾਂ ਦੇ ਪਤੀ ਵੀ ਹਨ) ਨਾਲ ਤੁਲਨਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਮੈਂ ਇਸਦੀ ਕਾਫ਼ੀ ਆਦੀ ਹੋ ਗਈ ਹਾਂ।”

“ਇਹ ਕਾਲੇ ਹੋਣ ਦਾ ਲੇਬਲ ਲਗਾਉਣ ਬਾਰੇ ਸੀ (ਜਿਸ ਵਿੱਚ ਔਰਤ ਹੋਣ ਦੀ ਗੱਲ ਲੁਕੀ ਹੋਈ ਹੈ), ਜਿਵੇਂ ਕਿ ਇਹ ਸ਼ਰਮਿੰਦਗੀ ਵਾਲੀ ਗੱਲ ਹੋਵੇ... ਕਾਲਾ ਸਿਰਫ਼ ਇੱਕ ਰੰਗ ਨਹੀਂ ਹੈ, ਬਲਿਕ ਕਾਲਾ ਕਦੇ ਵੀ ਚੰਗਾ ਨਹੀਂ ਕਰਦਾ, ਕਾਲਾ ਇੱਕ ਵਰਗ ਨਾਲ ਜੁੜੀ ਸਮੱਸਿਆ ਹੈ, ਇੱਕ ਬੇਰਹਿਮ ਜ਼ੁਲਮ ਹੈ, ਡੂੰਘਾ ਹਨੇਰਾ ਹੈ।

ਪਰ ਕਾਲੇ ਰੰਗ ਨੂੰ ਕਿਉਂ ਬਦਨਾਮ ਕੀਤਾ ਜਾਵੇ? ਕਾਲਾ ਰੰਗ ਬ੍ਰਹਿਮੰਡ ਦਾ ਸਰਵਵਿਆਪੀ ਸੱਚ ਹੈ।”

“ਕਾਲਾ ਰੰਗ ਇੱਕ ਅਜਿਹਾ ਰੰਗ ਹੈ ਜੋ ਕਿਸੇ ਵੀ ਚੀਜ਼ ਨੂੰ ਸੋਖ ਸਕਦਾ ਹੈ ਅਤੇ ਮਨੁੱਖੀ ਸਭਿਅਤਾ ਲਈ ਜਾਣਿਆ ਜਾਂਦਾ ਊਰਜਾ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਵਾਹ ਹੈ।”

“ਇਹ ਇੱਕ ਅਜਿਹਾ ਰੰਗ ਹੈ ਜੋ ਹਰ ਜਗ੍ਹਾ ਕੰਮ ਕਰਦਾ ਹੈ, ਭਾਵੇਂ ਉਹ ਦਫ਼ਤਰ ਦਾ ਡਰੈੱਸ ਕੋਡ ਹੋਵੇ, ਸ਼ਾਮ ਦੇ ਪਹਿਰਾਵੇ ਦੀ ਚਮਕ ਹੋਵੇ, ਕਾਜਲ ਦਾ ਸਾਰ ਹੋਵੇ, ਮੀਂਹ ਦਾ ਵਾਅਦਾ ਹੋਵੇ।”

ਸ਼ਾਰਦਾ ਮੁਰਲੀਧਰਨ

ਸ਼ਾਰਦਾ ਨੇ ਅੱਗੇ ਇੰਝ ਲਿਖਿਆ।

ਜਦੋਂ ਮੈਂ ਚਾਰ ਸਾਲਾਂ ਦਾ ਸੀ, ਮੈਂ ਆਪਣੀ ਮਾਂ ਨੂੰ ਪੁੱਛਿਆ ਸੀ ਕਿ ਕੀ ਉਹ ਮੈਨੂੰ ਵਾਪਸ ਗਰਭ ਵਿੱਚ ਰੱਖ ਸਕਦੇ ਹਨ ਅਤੇ ਮੈਨੂੰ ਕਾਲੇ ਤੋਂ ਗੋਰਾ ਅਤੇ ਸੋਹਣਾ ਬਣਾ ਸਕਦੇ ਹਨ ਹੈ?

ਮੈਂ ਆਪਣੀ ਜ਼ਿੰਦਗੀ ਦੇ 50 ਸਾਲ ਇਸ ਬਿਰਤਾਂਤ ਦੇ ਬੋਝ ਹੇਠ ਬਿਤਾਏ ਹਨ ਕਿ ਕਾਲਾ ਨਾ ਹੋਣਾ ਠੀਕ ਹੁੰਦਾ ਹੈ ਅਤੇ ਇਸ ਬਿਰਤਾਂਤ ਨੂੰ ਮੰਨਦੀ ਰਹੀ ਕਿ ਕਾਲੇ ਰੰਗ ਵਿੱਚ ਕੋਈ ਸੁੰਦਰਤਾ ਜਾਂ ਮੁੱਲ ਨਹੀਂ ਹੈ, ਉਹ ਗੋਰੀ ਚਮੜੀ ਆਕਰਸ਼ਕ ਹੁੰਦੀ ਹੈ।

ਮਹਾਨ ਦਿਮਾਗ਼, ਹਰ ਉਹ ਚੀਜ਼ ਜੋ ਵਧੀਆ ਹੈ, ਚੰਗਾ ਅਤੇ ਸੰਪੂਰਨ ਹੈ, ਉਹ ਗੋਰੇ ਰੰਗ ਨਾਲ ਜੁੜੀ ਹੋਈ ਹੈ ਅਤੇ ਇਹ ਭਾਵਨਾ ਕਿ ਮੈਂ ਕਿਸੇ ਤਰ੍ਹਾਂ ਆਪਣੇ ਤੋਂ ਘੱਟ ਹਾਂ ਕਿਉਂਕਿ ਮੈਂ ਅਜਿਹਾ ਨਹੀਂ ਸੀ – ਇਸ ਦੀ ਭਰਪਾਈ ਕਿਸੇ ਨਾ ਕਿਸੇ ਤਰੀਕੇ ਨਾਲ ਕਰਨੀ ਸੀ।

ਮੈਂ ਬਚਪਨ ਤੱਕ ਇਸ ਨੂੰ ਮੰਨਦੀ ਰਹੀ। ਆਪਣੀ ਕਾਲੀ ਵਿਰਾਸਤ ਦੀ ਵਡਿਆਈ ਕੀਤੀ। ਕਿਸਨੇ ਉੱਥੇ ਸੁੰਦਰਤਾ ਦੇਖੀ ਜਿੱਥੇ ਮੈਨੂੰ ਨਹੀਂ ਦਿਖਦੀ ਸੀ। ਕਿਸ ਨੇ ਸੋਚਿਆ ਕਿ ਕਾਲਾ ਰੰਗ, ਬਹੁਤ ਵਧੀਆ ਸੀ। ਇਹ ਦੇਖਣ ਵਿੱਚ ਮੇਰੀ ਕਿਸ ਨੇ ਮਦਦ ਕੀਤੀ...

ਕਿ ਕਾਲਾ ਰੰਗ ਸੋਹਣਾ ਹੈ।

ਕਿ ਕਾਲਾ ਰੰਗ ਮੋਹਕ ਹੈ।

ਕਿ ਮੈਂ ਕਾਲੇ ਰੰਗ ਨੂੰ ਪਸੰਦ ਕਰਦੀ ਹਾਂ।

ਇਸ ਪੋਸਟ ʼਤੇ ਚਰਚਾ ਹੋਣ ਤੋਂ ਬਾਅਦ ਸਾਰਦਾ ਮੁਰਲੀਧਰਨ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਚਮੜੀ ਦੇ ਰੰਗ 'ਤੇ ਉਨ੍ਹਾਂ ਦੀ ਟਿੱਪਣੀ ਅਸਲ ਵਿੱਚ ਇੱਕ ਵਿਅੰਗਾਤਮਕ ਲਹਿਜ਼ੇ ਵਿੱਚ ਕੀਤੀ ਗਈ ਸੀ।

ਉਨ੍ਹਾਂ ਨੇ ਏਐੱਨਆਈ ਨੂੰ ਦੱਸਿਆ, "ਕਾਲੇ ਰੰਗ ਨਾਲ ਕੀ ਦਿੱਕਤ ਹੈ? ਕੀ ਇਹ ਹਕੀਕਤ ਨਾ ਹੋ ਕੇ ਮਹਿਜ਼ ਇੱਕ ਧਾਰਨਾ ਨਹੀਂ ਹੈ? ਇਹ ਸਵੀਕਾਰ ਕਰਨਾ ਮਹੱਤਵਪੂਰਨ ਹੈ ਕਿ ਕਾਲਾਪਨ ਅਜਿਹੀ ਚੀਜ਼ ਹੈ ਜੋ ਕੀਮਤੀ ਅਤੇ ਸੋਹਣੀ ਹੈ।"

"ਮੈਨੂੰ ਲੱਗਦਾ ਹੈ ਕਿ ਮੇਰੇ ਲਈ ਸਭ ਤੋਂ ਸਹੀ ਸਮਾਂ ਹੈ ਮੈਂ ਇਸ ਬਾਰੇ ਰੱਖਿਆਤਮਕ ਮਹਿਸੂਸ ਨਾ ਕਰਾਂ ਕਿ ਮੈਂ ਇੱਕ ਔਰਤ ਹਾਂ ਜਾਂ ਮੈਂ ਕਾਲੀ ਹਾਂ। ਇਹ ਸਮਾਂ ਹੈ ਕਿ ਮੈਂ ਦੋਵਾਂ ਨੂੰ ਸਵੀਕਾਰ ਕਰਾਂ ਅਤੇ ਮਜ਼ਬੂਤੀ ਨਾਲ ਸਾਹਮਣੇ ਆਵਾਂ।"

"ਮੇਰਾ ਮਜ਼ਬੂਤੀ ਨਾਲ ਆਉਣਾ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦਾ ਹੈ ਜੋ ਅਸੁਰੱਖਿਆ ਅਤੇ ਅਯੋਗਤਾ ਦੀਆਂ ਅਜਿਹੀਆਂ ਭਾਵਨਾਵਾਂ ਵਿੱਚੋਂ ਲੰਘ ਰਹੇ ਹਨ, ਤਾਂ ਜੋ ਉਹ ਮਹਿਸੂਸ ਕਰ ਸਕਣ ਕਿ ਸਾਡੀ ਕੀਮਤ ਹੈ ਅਤੇ ਸਾਨੂੰ ਕਿਸੇ ਬਾਹਰੀ ਮਾਨਤਾ ਦੀ ਲੋੜ ਨਹੀਂ ਹੈ।"

ਸਾਰਦਾ ਮੁਰਲੀਧਰਨ

ਤਸਵੀਰ ਸਰੋਤ, Muzafar A.V.

ਤਸਵੀਰ ਕੈਪਸ਼ਨ, ਸ਼ਸ਼ੀ ਥਰੂਰ ਨੇ ਸਾਰਦਾ ਮੁਰਲੀਧਰਨ ਦੀਆਂ ਸਪੱਸ਼ਟ ਟਿੱਪਣੀਆਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ

ਪੋਸਟ 'ਤੇ ਕੀ ਪ੍ਰਤੀਕਿਰਿਆਵਾਂ

ਮੁਰਲੀਧਰਨ ਦੀ ਸੋਸ਼ਲ ਮੀਡੀਆ ਪੋਸਟ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ।

ਕਰਨਾਟਕ ਦੇ ਐਡੀਸ਼ਨਲ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ ਕੇ ਜੈਰਾਜ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਮੈਂ ਆਪਣੇ ਪੂਰੇ ਕਰੀਅਰ ਵਿੱਚ ਅਜਿਹੀ ਕੋਈ ਗੱਲ ਨਾ ਤਾਂ ਦੇਖੀ ਹੈ ਅਤੇ ਨਾ ਹੀ ਸੁਣੀ। ਇਹ ਇੱਕ ਅਪਵਾਦ ਹੈ। ਉਨ੍ਹਾਂ ਦਾ ਕੁਝ ਵੱਖਰਾ ਅਨੁਭਵ ਹੋਣਾ ਚਾਹੀਦਾ ਹੈ।"

ਕੀ ਇਹ ਉਨ੍ਹਾਂ ਦੇ ਰੰਗ ਨਾਲ ਜੁੜਿਆ ਕੋਈ ਮੁੱਦਾ ਹੈ ਜਾਂ ਇਸ ʼਤੇ ਇਸ ਲਈ ਵਧੇਰੇ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ ਕਿ ਉਹ ਇੱਕ ਔਰਤ ਹਨ ਅਤੇ ਬਹੁਤ ਸਾਰੇ ਲੋਕ ਔਰਤ ਬੌਸ ਨੂੰ ਪਸੰਦ ਨਹੀਂ ਕਰਦੇ।

ਤਿਰੂਵਨੰਤਪੁਰਮ ਵਿੱਚ ਸੈਂਟਰ ਫਾਰ ਡਿਵੈਲਪਮੈਂਟ ਸਟੱਡੀਜ਼ ਵਿੱਚ ਨਾਰੀਵਾਦੀ ਖੋਜ ਅਤੇ ਪ੍ਰੋਫੈਸਰ ਜੇ. ਦੇਵਿਕਾ ਨੂੰ ਬੀਬੀਸੀ ਹਿੰਦੀ ਨੇ ਇਹੀ ਸਵਾਲ ਪੁੱਛਿਆ।

ਉਹ ਕਹਿੰਦੀ ਹੈ, "ਦੋਵੇਂ ਹੀ ਗੱਲਾਂ ਹੋ ਸਕਦੀਆਂ ਹਨ। ਦੋਵਾਂ ਨਾਲ ਕੁਝ ਧਾਰਨਾਵਾਂ ਜੁੜੀਆਂ ਹੋਈਆਂ ਹਨ। ਕਾਲੇ ਰੰਗ ਦੀਆਂ ਔਰਤਾਂ ਨੂੰ ਘੱਟ ਸਮਰੱਥ ਮੰਨਿਆ ਜਾਂਦਾ ਹੈ, ਜਦਕਿ ਗੋਰੇ ਮਰਦਾਂ ਨੂੰ ਵਧੇਰੇ ਸਮਰੱਥ ਮੰਨਿਆ ਜਾਂਦਾ ਹੈ।"

ਪਰ ਦੇਵਿਕਾ ਇਹ ਵੀ ਕਹਿੰਦੇ ਹਨ, "ਜੇ ਤੁਸੀਂ ਸੱਚਮੁੱਚ ਕਾਲੇ ਲੋਕਾਂ ਦੇ ਮਾਣ ਨੂੰ ਦੇਖਣਾ ਚਾਹੁੰਦੇ ਹੋ, ਤਾਂ ਆਸ਼ਾ ਵਰਕਰਾਂ ਦੇ ਸੰਘਰਸ਼ ਵਾਲੀ ਥਾਂ 'ਤੇ ਤਿਰੂਵਨੰਤਪੁਰਮ ਆਓ। ਕੇਰਲ ਦੇ ਉਨ੍ਹਾਂ ਕੋਵਿਡ ਯੋਧਿਆਂ ਦੇ ਚਿਹਰਿਆਂ ਨੂੰ ਦੇਖੋ।"

"ਸੂਰਜ ਦੀ ਰੌਸ਼ਨੀ ਨਾਲ ਝੁਲਸੇ ਹੋਏ, ਧੂੜ ਦੇ ਤੂਫਾਨਾਂ ਨਾਲ ਸੁੱਕੇ, ਪਸੀਨੇ ਨਾਲ ਭਿੱਜੇ ਪਰ ਦ੍ਰਿੜਤਾ ਨਾਲ ਚਮਕਦੇ ਹੋਏ ਉਨ੍ਹਾਂ ਚਿਹਰਿਆਂ ਨੂੰ ਦੇਖੋ। ਕੋਈ ਲਿਪਸਟਿਕ ਨਹੀਂ, ਨਾ ਮੇਕਅਪ, ਨਾ ਚਮਕ। ਇਸ ਪ੍ਰਦਰਸ਼ਨ ਵਿੱਚ, ਰੰਗਭੇਦ ਉਨ੍ਹਾਂ ਦੀਆਂ ਚਿੰਤਾਵਾਂ ਤੋਂ ਕੋਹਾਂ ਦੂਰ ਜਾਪਦਾ ਹੈ।"

ਦੇਵਿਕਾ ਕੇਰਲ ਵਿੱਚ ਆਸ਼ਾ ਵਰਕਰਾਂ ਦੇ ਅੰਦੋਲਨ ਵੱਲ ਇਸ਼ਾਰਾ ਕਰ ਰਹੀ ਹੈ।

ਗ਼ੌਰਤਲਬ ਹੈ ਕਿ ਕੇਰਲ ਵਿੱਚ ਆਸ਼ਾ ਵਰਕਰ ਤਨਖ਼ਾਹ ਵਾਧੇ ਦੀ ਮੰਗ ਕਰ ਰਹੀਆਂ ਹਨ। ਸਰਕਾਰ ਨੇ ਵਾਅਦਾ ਕੀਤਾ ਸੀ ਪਰ ਅਜੇ ਤੱਕ ਪੂਰਾ ਨਹੀਂ ਕੀਤਾ।

ਐੱਮਜੀ ਰਾਧਾਕ੍ਰਿਸ਼ਨਨ

ਰਾਧਾਕ੍ਰਿਸ਼ਨਨ ਦੇਵਿਕਾ ਨਾਲ ਸਹਿਮਤੀ ਜਤਾਈ ਕਿ ਜਿਵੇਂ ਖ਼ੁਦ ਮੁਰਲੀਧਰਨ ਕਹਿੰਦੇ ਹਨ, "ਰੰਗ ਸਭ ਤੋਂ ਅੱਗੇ ਹੈ ਅਤੇ ਫਿਰ ਉਹ ਇੱਕ ਔਰਤ ਵੀ ਹਨ। ਪਰ ਭਾਰਤੀ ਸੱਭਿਆਚਾਰ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ।"

"ਕੇਰਲ ਵੀ ਇਸ ਤੋਂ ਵੱਖਰਾ ਨਹੀਂ ਹੈ। ਗੋਰਿਆਂ ਦੇ ਗ਼ੁਲਾਮ ਰਹਿੰਦੇ ਹੋਏ, ਅਸੀਂ ਰੰਗ ਨੂੰ ਸ਼ਕਤੀ, ਦਬਦਬੇ, ਸਰਬਉੱਚਤਾ ਅਤੇ ਹਰ ਉਸ ਚੰਗੀ ਚੀਜ਼ ਨਾਲ ਜੋੜਿਆ ਹੈ, ਜੋ ਵਧੀਆ ਹੈ। ਰੰਗਭੇਦ ਕੌਮੀ ਧਾਰਨਾ ਹੈ।"

ਉਨ੍ਹਾਂ ਨੇ ਇਹ ਵੀ ਕਿਹਾ, "ਆਮ ਤੌਰ ʼਤੇ ਇਸ ਤਰ੍ਹਾਂ ਦੇ ਮੋਹਰੀ ਅਹੁਦੇ ʼਤੇ ਰਹਿਣ ਵਾਲਾ ਵਿਅਕਤੀ ਇਸ ʼਤੇ ਗੱਲ ਨਹੀਂ ਕਰਦਾ। ਜੇਕਰ ਧਿਆਨ ਦਈਏ ਤਾਂ ਪਤਾ ਲੱਗੇਗਾ ਕਿ ਇਸ ਤਰ੍ਹਾਂ ਦੇ ਮੋਹਰੀ ਅਹੁਦੇ ʼਤੇ ਰਹਿਣ ਵਾਲੇ ਵਧੇਰੇ ਲੋਕ ਆਮ ਤੌਰ ʼਤੇ ਉੱਚ ਜਾਤੀ ਨਾਲ ਜੁੜੇ ਹੁੰਦੇ ਹਨ।"

"ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਅਸੀਂ ਪਿੱਛੜੇ ਭਾਈਚਾਰੇ ਜਾਂ ਘੱਟ ਗਿਣਤੀ ਵਾਲੇ ਲੋਕਾਂ ਨੂੰ ਇਨ੍ਹਾਂ ਅਹੁਦਿਆਂ ʼਤੇ ਦੇਖੀਏ। ਜੇਕਰ ਉਹ ਅਜਿਹੀ ਗੱਲ ਕਰਦੇ ਵੀ ਹਨ ਤਾਂ ਖੁੱਲ੍ਹ ਕੇ ਨਹੀਂ ਕਰਨਗੇ।"

ਮੁਰਲੀਧਰਨ ਨੂੰ ਜਾਣਦਨ ਵਾਲੇ ਮੋਹਿਨੀਅੱਟਮ ਡਾਂਸਰ ਨੀਨਾ ਪ੍ਰਸਾਦ ਨੇ ਦੱਸਿਆ, "ਮੈਂ ਉਨ੍ਹਾਂ ਨੂੰ ਜਾਣਦੀ ਹਾਂ ਅਤੇ ਮੈਂ ਕੁਝ ਹੱਦ ਤੱਕ ਅਧਿਕਾਰ ਨਾਲ ਕਹਿ ਸਕਦੀ ਹਾਂ ਕਿ ਉਹ ਰੰਗਭੇਦ ਬਾਰੇ ਖ਼ੁਦ ਨੂੰ ਲੈ ਕੇ ਗੱਲ ਨਹੀਂ ਕਰ ਰਹੀ ਹੈ।"

"ਉਹ ਭਾਰਤੀ ਸਮਾਜੀ ਦੀ ਉੱਕ ਡੂੰਘੀ ਸਮੱਸਿਆ ਦੇ ਕੀਮਤੀ ਪਹਿਲੂ ਨੂੰ ਚੁੱਕ ਰਹੀ ਹਨ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਨੇ ਵਾਂਝੇ ਤਬਕਿਆਂ ਵਿਚਾਲੇ ਕੰਮ ਕੀਤਾ ਹੈ। ਅਸੀਂ ਹਮੇਸ਼ਾ ਇੱਕ ਔਰਤ ਵਜੋਂ ਉਨ੍ਹਾਂ ਦੀ ਸਾਦਗੀ ਅਤੇ ਮਾਣ ਲਈ ਉਨ੍ਹਾਂ ਦਾ ਸਨਮਾਨ ਕਰਦੇ ਹਨ।"

ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਆਪਣੀ ਆਵਾਜ਼ ਬੁਲੰਦ ਕਰਨ ਲਈ ਸ਼ਾਬਾਸ਼, ਸਾਰਦਾ। ਅਤੇ ਬਹੁਤ ਸੋਹਣਾ ਲਿਖਿਆ ਗਿਆ!"

ਸਾਰਦਾ ਮੁਰਲੀਧਰਨ

ਤਸਵੀਰ ਸਰੋਤ, Muzafar A.V.

ਤਸਵੀਰ ਕੈਪਸ਼ਨ, ਸਾਰਦਾ ਮੁਰਲੀਧਰਨ ਦੀ ਪੋਸਟ ਬਾਰੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਵੰਡੇ ਹੋਏ ਜਾਪਦੇ ਸਨ

ਕੀ ਇਸ 'ਤੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ?

ਨਾਮ ਨਾ ਜ਼ਾਹਰ ਕਰਦੇ ਹੋਏ ਕੇਰਲ ਦੇ ਇੱਕ ਆਈਏਐੱਸ ਅਧਿਕਾਰੀ ਨੇ ਦੱਸਿਆ, "ਇਸ ਪੋਸਟ ਦੇ ਪਿੱਛੇ ਕੀ ਕਾਰਨ ਸੀ, ਇਸ ਸਵਾਲ ਦਾ ਜਵਾਬ ਲੱਭਣ ਦੀ ਲੋੜ ਹੈ। ਕੀ ਇੱਕ ਨਾਗਰਿਕ ਜਾਂ ਨੌਕਰਸ਼ਾਹ ਵਜੋਂ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਸੀ? ਉਨ੍ਹਾਂ ਨੂੰ ਇਸ ਬਾਰੇ ਦੱਸਣਾ ਹੋਵੇਗਾ। ਕੀ ਇਹ ਹਾਨੀਕਾਰਕ ਟਿੱਪਣੀ ਸੀ?"

ਇੱਕ ਹੋਰ ਅਧਿਕਾਰੀ ਨੇ ਕਿਹਾ, "ਪੋਸਟ ਤੋਂ ਅਜਿਹਾ ਲੱਗਦਾ ਹੈ ਕਿ ਇਹ ਇੱਕ ਵਿਚਾਰ ਹਨ। ਇਸ ਵਿੱਚ ਕੁਝ ਲੋਕ ਪੋਸਟ ਵਿੱਚ ਕੀਤੀ ਗਈ ਸ਼ਿਕਾਇਤ ਨੂੰ ਸਮਝਣ ਵਿੱਚ ਅਸਮਰੱਥ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)