ਪੰਜਾਬ 95: ਫ਼ਿਲਮ ਰਿਲੀਜ਼ ਨਾ ਹੋਣ 'ਤੇ ਬੋਲੇ ਨਿਰਦੇਸ਼ਕ ਹਨੀ ਤ੍ਰੇਹਨ, 'ਇਹ ਨਿਰਾ ਧੱਕਾ ਹੈ, ਪਰ ਇਹ ਧੱਕਾ ਕੌਣ ਅਤੇ ਕਿਉਂ ਕਰ ਰਿਹਾ, ਪਤਾ ਨਹੀਂ...'

ਤਸਵੀਰ ਸਰੋਤ, KHALRA MISSION ORGANISATION/FB
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਫ਼ਿਲਮ 'ਪੰਜਾਬ 95' ਮੁਕੰਮਲ ਹੋ ਕਿ ਰਿਲੀਜ਼ ਹੋਣ ਦਾ ਰਾਹ ਦੇਖ ਰਹੀ ਹੈ।
ਪਰ ਖਾਲੜਾ ਪਰਿਵਾਰ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰ ਕੇ ਅਫ਼ਸੋਸ ਜਤਾਇਆ ਗਿਆ ਸੀ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ-ਸੈਂਸਰ ਬੋਰਡ (ਸੀਬੀਐੱਫ਼ਸੀ) ਨੇ ਫ਼ਿਲਮ ਦੇ ਕੁਝ ਹਵਾਲਿਆਂ ਉੱਤੇ ਇਤਰਾਜ਼ ਜਤਾਉਂਦਿਆਂ 120 ਕੱਟ ਲਾਉਣ ਦੀ ਮੰਗ ਕੀਤੀ ਹੈ।
ਇਸ ਸਾਲ 7 ਫਰਵਰੀ ਨੂੰ ਇਹ ਫਿਲਮ ਕੌਮਾਂਤਰੀ ਪੱਧਰ ʼਤੇ ਰਿਲੀਜ਼ ਕੀਤੇ ਜਾਣ ਦਾ ਐਲਾਨ ਹੋਇਆ ਸੀ ਤੇ ਇਸ ਸਬੰਧੀ ਦਿਲਜੀਤ ਦੋਸਾਂਝ ਨੇ ਇੱਕ ਟੀਜ਼ਰ ਵੀ ਜਾਰੀ ਕੀਤਾ ਸੀ ਪਰ ਇਸ ਦੀ ਰਿਲੀਜ਼ ਫਿਰ ਟਾਲ ਦਿੱਤੀ ਗਈ।
ਫ਼ਿਲਮ ਵਿੱਚ ਅਦਾਕਾਰ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ।
ਆਖ਼ਰਕਾਰ ਅਜਿਹਾ ਕੀ ਮੁੱਦਾ ਹੈ ਜਿਸ ਨਾਲ ਇਸ ਫਿਲਮ ਦੀ ਰਿਲੀਜ਼ ਟਲ ਰਹੀ ਹੈ ਅਤੇ ਸੀਬੀਐੱਫਸੀ ਕਿਉਂ ਇਸ ʼਤੇ ਕੱਟ ਲਗਾਉਣ ਦੀ ਮੰਗ ਕਰ ਰਹੀ ਹੈ, ਇਨ੍ਹਾਂ ਹੀ ਸਾਰੇ ਸਵਾਲਾਂ ਦੇ ਜਵਾਬ ਬੀਬੀਸੀ ਸਹਿਯੋਗੀ ਅਰਸ਼ਦੀਪ ਅਰਸ਼ੀ ਨੇ ਇਸ ਫਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਹੈ।

ਤਸਵੀਰ ਸਰੋਤ, Getty Images
ਪੰਜਾਬ ਦੇ ਤਰਨ ਤਾਰਨ ਨਾਲ ਸਬੰਧਤ ਹਨੀ ਤ੍ਰੇਹਨ ਕਹਿੰਦੇ ਹਨ ਕਿ ਪੰਜਾਬ ਦੀਆਂ ਕਹਾਣੀਆਂ ਅਤੇ ਇਹ ਕਿਰਦਾਰ, ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਰਹੇ ਹਨ।
ਉਹ ਸ਼ਿਵ ਕੁਮਾਰ ਬਟਾਲਵੀ, ਜਸਵੰਤ ਸਿੰਘ ਖਾਲੜਾ, ਬਾਰੇ ਸੁਣ-ਸੁਣ ਕੇ ਜਵਾਨ ਹੋਏ ਹਨ। ਇਹ ਸਾਰੇ ਲੋਕ ਕਿਤੇ ਨਾ ਕਿਤੇ ਬਹੁਤ ਪ੍ਰੇਰਣਾ ਦਿੰਦੇ ਹਨ।
ਉਹ ਦੱਸਦੇ ਹਨ, "ਇਸੇ ਲਈ ਮੈਨੂੰ ਲੱਗਾ ਕਿ ਖਾਲੜਾ ਸਾਬ੍ਹ ʼਤੇ ਫਿਲਮ ਬਣਾਉਂਦੇ ਹਾਂ ਕਿਉਂਕਿ ਮੈਨੂੰ ਲੱਗਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿੰਨੀ ਮਹਾਨ ਹਸਤੀ ਸਨ।"
"ਉਨ੍ਹਾਂ ਦੀ ਸ਼ਹਾਦਤ, ਕਿੰਨੀ ਵੱਡੀ ਸ਼ਹਾਦਤ ਰਹੀ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਉਨ੍ਹਾਂ ਬਾਰੇ ਤਾਂ ਸਕੂਲ ਤੇ ਕਾਲਜਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਉੱਤੇ ਫਿਲਮ ਬਣਾਈ ਚਾਹੀਦੀ ਹੈ ਇਸ ਲਈ ਮੈਂ ਫਿਲਮ ਬਣਾਈ।"

ਪੰਜਾਬ 95 ਫਿਲਮ ਦਾ ਪਹਿਲਾਂ ਨਾਮ
ਹਨੀ ਤ੍ਰੇਹਨ ਦੱਸਦੇ ਹਨ ਕਿ ਜਸਵੰਤ ਖਾਲੜਾ ʼਤੇ ਬਣੀ ਫਿਲਮ ਪੰਜਾਬ ʼ95 ਦਾ ਪਹਿਲਾਂ ਨਾਮ ʻਘੱਲੂਘਾਰਾʼ ਸੀ। "ਫਿਰ ਇਸ ਦਾ ਨਾਮ ʻਪੰਜਾਬ 95ʼ ਕੀਤਾ ਗਿਆ, ਬਲਕਿ ਸਾਡੇ ਕੋਲੋਂ ਕਰਵਾਇਆ ਗਿਆ।"
ਫਿਲਮ ਦੀ ਰਿਲੀਜ਼ ਨੂੰ ਲੈ ਕੇ ਬੋਲਦਿਆਂ ਹਨੀ ਨੇ ਕਿਹਾ, "ਮੈਨੂੰ ਆਪ ਨਹੀਂ ਪਤਾ ਕਿ ਫਿਲਮ ਕਿਉਂ ਨਹੀਂ ਰਿਲੀਜ਼ ਹੋ ਰਹੀ ਕਿਉਂਕਿ ਸਾਰੀ ਦੀ ਸਾਰੀ ਫਿਲਮ ਕਾਨੂੰਨੀ ਕਾਗ਼ਜ਼ਾਂ ਉੱਤੇ ਬਣੀ ਹੋਈ ਫਿਲਮ ਹੈ।"
"ਹਰ ਇੱਕ ਸੀਨ ਦੇ ਸਪੋਰਟਿੰਗ ਦਸਤਾਵੇਜ਼ ਹਨ ਜੋ ਵਿਕੀਪੀਡੀਆ ਤੋਂ ਨਹੀਂ ਹਨ। ਇਹ ਸੈਸ਼ਨ ਕੋਰਟ, ਸੀਬੀਆਈ ਸਪੈਸ਼ਲ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜਿਹੜੇ ਫ਼ੈਸਲੇ ਹਨ, ਉਨ੍ਹਾਂ ਉੱਤੇ ਬਣਾਈ ਗਈ ਫਿਲਮ ਹੈ।"
"ਇਸ ਦਾ ਪੂਰਾ ਖੋਜ ਕਾਰਜ ਇੱਕ ਕਾਨੂੰਨੀ ਪ੍ਰਕਿਰਿਆ ਤਹਿਤ ਹੋਇਆ ਹੈ। ਇਸ ਲਈ ਮੈਂ ਵਕੀਲ ਨਾਲ ਬਹੁਤ ਸਮਾਂ ਬਿਤਾਇਆ, ਸਾਰੇ ਦਸਤਾਵੇਜ਼ ਇਕੱਠੇ ਕੀਤੇ, ਪਰਿਵਾਰਾਂ ਨਾਲ ਬਹੁਤ ਸਮਾਂ ਬਿਤਾਇਆ ਹੈ। ਇਹ ਅਸਲੀਅਤ ʼਤੇ ਬਣਾਈ ਗਈ ਫਿਲਮ ਹੈ। ਮੈਨੂੰ ਆਪ ਨਹੀਂ ਸਮਝ ਆ ਰਿਹਾ ਹੈ ਇਸ ʼਤੇ ਇੰਨਾ ਵਿਵਾਦ ਕਿਉਂ ਹੈ।"
ਉਹ ਆਖਦੇ ਹਨ, "ਇਹ ਤਾਂ ਜਿਵੇਂ ਇੱਕ ਪਾਸੜ ਸੰਘਰਸ਼ ਹੋ ਗਿਆ ਕਿਉਂਕਿ ਜਿਸ ਨੂੰ ਪਰੇਸ਼ਾਨੀ ਹੈ, ਉਹ ਸਾਹਮਣੇ ਵੀ ਨਹੀਂ ਆ ਰਿਹਾ।"

ਤਸਵੀਰ ਸਰੋਤ, Khalra Mission Committee
ਸੀਬੀਐੱਫਸੀ ਬਾਰੇ ਕੀ ਕਿਹਾ
ਹਨੀ ਤ੍ਰੇਹਨ ਦੱਸਦੇ ਹਨ ਕਿ ਸੈਂਟਰਲ ਬੋਰਡ ਆਫ ਫਿਲਮ ਸਰੀਟਫਿਕੇਟ (ਸੀਬੀਐੱਫਸੀ) ਨੇ ਉਨ੍ਹਾਂ ਨੂੰ ਪਹਿਲਾਂ 21 ਕੱਟਾਂ ਲਈ ਕਿਹਾ ਸੀ ਕਿ ਇਹ ਠੀਕ ਕਰ ਦਿਓ।
"ਪਰ ਜਿਵੇਂ-ਜਿਵੇਂ ਗੱਲ ਅੱਗੇ ਵਧਦੀ ਗਈ ਉਹ ਕੱਟ ਹੁਣ 120 ਤੋਂ ਉੱਪਰ ਪਹੁੰਚ ਗਏ ਹਨ। ਇਹ ਤਾਂ ਮੇਰੀ ਸਮਝ ਤੋਂ ਪਰੇ ਹੈ ਅਤੇ ਬਿਨਾਂ ਸਮਝ ਲਗਾਏ ਗਏ ਕੱਟ ਹਨ।"
"ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਤੇ ਕਹਿੰਦੇ ਹਨ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਕੱਢ ਦਿਓ। ਮਤਲਬ ਇਹ ਤਾਂ ਅਪਰਾਧ ਹੈ। ਇਹ ਸਾਰੀਆਂ ਮੰਗਾਂ ਤਾਂ ਨਹੀਂ ਮੰਨੀਆਂ ਜਾ ਸਕਦੀਆਂ।"
ਉਹ ਕਹਿੰਦੇ ਹਨ, "ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਦਿੱਕਤ ਹੈ ਉਹ ਮੇਰੇ ਸਾਹਮਣੇ ਆ ਕੇ ਗੱਲ ਤਾਂ ਕਰਨ। ਜੇਕਰ ਕੋਈ ਜਾਇਜ਼ ਦਿੱਕਤ ਹੈ ਤਾਂ ਮੈਂ ਮੰਨਣ ਨੂੰ ਬਿਲਕੁਲ ਤਿਆਰ ਹਾਂ। ਮੈਂ ਸ਼ਾਂਤ ਅਤੇ ਆਗਿਆਕਾਰੀ ਨਾਗਰਿਕ ਹਾਂ ਅਤੇ ਕਾਨੂੰਨ ਦੀ ਪਾਲਣਾ ਕਰਦਾ ਹਾਂ।"
"ਜਿਸ ਕਿਸੇ ਨੂੰ ਦਿੱਕਤ-ਪਰੇਸ਼ਾਨੀ ਹੈ ਤਾਂ ਮੈਂ ਨਿਆਂਪਾਲਿਕਾ ਵਿੱਚ ਲੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਅਦਾਲਤ ਹੀ ਨਹੀਂ ਜਾਣ ਦਿਓਗੇ ਤਾਂ ਕੀ ਕਰਾਂਗੇ।"

ਪਿਛਲੀ ਰਿਲੀਜ਼ ਕਿਉਂ ਰੁਕੀ
7 ਫਰਵਰੀ ਨੂੰ ਭਾਰਤ ਛੱਡ ਕੇ ਕੌਮਾਂਤਰੀ ਪੱਧਰ ʼਤੇ ਰਿਲੀਜ਼ ਹੋਣ ਵਾਲੀ ਇਹ ਫਿਲਮ ਆਖ਼ਰ ਕਿਉਂ ਟਲੀ, ਇਸ ਬਾਰੇ ਹਨੀ ਤ੍ਰੇਹਨ ਨੇ ਕਿਹਾ, "ਇਹ ਸਾਰਾ ਕੁਝ ਫਾਇਨਲ ਸੀ ਬਲਕਿ ਇਸ ਨੂੰ ਲੈ ਕੇ ਦਿਲਜੀਤ ਭਾਜੀ ਦਾ ਇੱਕ ਟੀਜ਼ਰ ਵੀ ਆਇਆ ਸੀ। ਪਰ ਉਸ ਤੋਂ ਬਾਅਦ ਕੋਈ ਗੱਲ ਹੋਈ, ਪ੍ਰੋਡਿਊਸਰ ਸਾਬ੍ਹ ਨੂੰ ਕਿਤਿਓਂ ਫੋਨ ਆਇਆ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਕਰ ਸਕਦੇ ਹਾਂ।"
"ਇਸ ਤਰ੍ਹਾਂ ਉਹ ਫਿਲਮ ਮੁੜ ਰੋਕ ਦਿੱਤੀ ਗਈ। ਪਰ ਮੈਨੂੰ ਫਿਹ ਵੀ ਸਮਝ ਨਹੀਂ ਆਇਆ ਕਿ ਕੌਮਾਂਤਰੀ ਪੱਧਰ ʼਤੇ ਫਿਲਮ ਰਿਲੀਜ਼ ਕਰਨ ਲਈ ਸਾਨੂੰ ਸਰਟੀਫਿਕੇਟ ਵੀ ਨਹੀਂ ਚਾਹੀਦਾ।"
ਉਹ ਆਖਦੇ ਹਨ, "ਜਦੋਂ ਅਜਿਹੀਆਂ ਚੀਜ਼ਾਂ ਹੁੰਦੀਆਂ ਤਾਂ ਮੈਨੂੰ ਲੱਗਦਾ ਹੈ ਇਹ ਤਾਂ ਨਿਰਾ ਧੱਕਾ ਹੀ ਹੈ। ਪਰ ਇਹ ਧੱਕਾ ਕੌਣ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ ਇਹ ਵੀ ਨਹੀਂ ਪਤਾ। ਸੀਬੀਐੱਫਸੀ ਦੇ ਮੈਂਬਰ ਵੀ ਕਾਫੀ ਚੰਗੇ ਹਨ। ਰਿਵਾਈਜ਼ਿੰਗ ਕਮੇਟੀ ਦੇ ਕਈ ਲੋਕਾਂ ਨੇ ਇਸ ਫਿਲਮ ਦੀ ਬਹੁਤ ਤਾਰੀਫ਼ ਕੀਤੀ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਹੱਥ ਬਹੁਤ ਬੰਨ੍ਹੇ ਹੋਏ ਹਨ।"
"ਇਹ ਹੱਥ ਆਖ਼ਰ ਕਿਸ ਨੇ ਬੰਨ੍ਹੇ ਹਨ, ਕੋਈ ਨਾ ਕੋਈ ਤਾਂ ਜ਼ਰੂਰ ਕਿਸੇ ਵੱਡੇ ਅਹੁਦੇ ʼਤੇ ਬੈਠਾ ਸ਼ਖ਼ਸ ਹੈ ਜੋ ਆਪਣੇ ਅਹੁਦੇ ਦਾ ਫਾਇਦਾ ਚੁੱਕ ਰਿਹਾ ਹੈ ਬਲਕਿ ਤੌਹੀਨ ਕਰ ਰਿਹਾ ਹੈ।"
ਇਹ ਫਿਲਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦੇਖੀ ਹੈ ਅਤੇ ਅਕਾਲ ਤਖ਼ਤ ਦੇ ਮੈਂਬਰ ਸਾਹਿਬਾਨਾਂ ਨੇ ਵੀ ਦੇਖੀ ਹੈ ਪਰ ਉਨ੍ਹਾਂ ਨੂੰ ਫਿਲਮ ਉੱਤੇ ਕੋਈ ਇਤਰਾਜ਼ ਨਹੀਂ ਹੈ।
ਪਹਿਲਾਂ ਹਨੀ ਤ੍ਰੇਹਨ ਨੂੰ ਵੀ ਇਹ ਲੱਗਾ ਕਿ ਜਿਸ ਤਰ੍ਹਾਂ ਕੱਟ ਆ ਰਹੇ ਹਨ ਕਿਤੇ ਅਸਲ ਵਿੱਚ ਹੀ ਕੋਈ ਦਿੱਕਤ ਨਾ ਹੋਵੇ ਅਤੇ ਪੰਜਾਬ ਲੋਕਾਂ ਨੂੰ ਪਰੇਸ਼ਾਨੀ ਆਵੇ।
ਉਨ੍ਹਾਂ ਨੇ ਕਿਹਾ, "ਜਦੋਂ ਐੱਸਜੀਪੀਸੀ ਨੇ ਕਿਹਾ ਕਿ ਅਸੀਂ ਫਿਲਮ ਦੇਖਣੀ ਹੈ ਤਾਂ ਮੈਂ ਰਾਜ਼ੀ ਹੋ ਗਿਆ ਜੇ ਕਿਤੇ ਕੁਝ ਗ਼ਲਤ ਹੋਵੇ ਤਾਂ ਮੈਨੂੰ ਮੰਨ ਲੈਣਾ ਚਾਹੀਦਾ ਹੈ ਤੇ ਸੁਧਾਰ ਲਿਆਉਣਾ ਚਾਹੀਦਾ ਹੈ। ਪਰ ਜਦੋਂ ਉਨ੍ਹਾਂ ਨੇ ਫਿਲਮ ਦੇਖੀ ਤਾਂ ਕਿਹਾ ਕਿ ਅਜਿਹੀ ਫਿਲਮ ਤਾਂ ਪੰਜਾਬ ਵਿੱਚ ਅੱਜ ਤੱਕ ਬਣੀ ਵੀ ਨਹੀਂ ਹੈ।"
ਉਹ ਅਜਿਹੇ ਵਿੱਚ ਆਪਣੇ ਆਪ ਨੂੰ ਦੁਚਿੱਤੀ ਵਿੱਚ ਮਹਿਸੂਸ ਕਰਦੇ ਹਨ ਕਿ ਇੱਕ ਪਾਸੇ ਤਾਂ ਚੰਗੇ ਰਿਵੀਊ ਮਿਲਦੇ ਹਨ ਅਤੇ ਦੂਜੇ ਪਾਸੇ ਸੀਬੀਐੱਫਸੀ ਵੱਲੋਂ ਕੱਟ ਦੱਸੇ ਜਾਂਦੇ ਹਨ।

ਤਸਵੀਰ ਸਰੋਤ, SURJIT PATAR/INSTAGRAM
ਸੁਰਜੀਤ ਪਾਤਰ ਨੇ ਸਭ ਤੋਂ ਪਹਿਲਾਂ ਪੜ੍ਹੀ ਸੀ ਸਕ੍ਰਿਪਟ
ਹਨੀ ਤ੍ਰੇਹਨ ਦੱਸਦੇ ਹਨ, "ਇਹ ਫਿਲਮਾਂ ਸਿਰਫ਼ ਫਿਲਮਾਂ ਨਹੀਂ ਹਨ ਬਲਿਕ ਜ਼ਿੰਮੇਵਾਰੀਆਂ ਹਨ ਅਤੇ ਇਹ ਬਣਾਈਆਂ ਨਹੀਂ, ਨਿਭਾਈਆਂ ਜਾਣੀਆਂ ਚਾਹੀਦੀਆਂ ਹਨ। ਮੈਂ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਫਿਲਮਾਂ ਬਣਾਉਂਦਾ ਹਾਂ ਅਤੇ ਇਸ ਲਈ ਇੱਕ ਐਂਕਰ ਦਾ ਹੋਣਾ ਬਹੁਤ ਜ਼ਰੂਰੀ ਹੈ।"
"ਇੱਕ ਪੜ੍ਹੇ-ਲਿਖੇ ਬੰਦੇ ਦਾ, ਇੱਕ ਸਮਝਦਾਰ ਬੁੱਧੀਜੀਵੀ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਤੁਹਾਨੂੰ ਦੱਸ ਸਕੇ ਕਿ ਤੁਸੀਂ ਸਹੀ ਰਾਹ ʼਤੇ ਤੁਰੇ ਹੋਏ ਹੋ ਜਾਂ ਗ਼ਲਤ ਰਾਹ ʼਤੇ ਤੁਰੇ ਹੋਏ ਹੋ। ਇਸ ਲਈ ਜਦੋਂ ਮੈਂ ਪੰਜਾਬ 95 ਫਿਲਮ ਦੀ ਸਕ੍ਰਿਪਟ ਲਿਖੀ ਸੀ ਤਾਂ ਸੁਰਜੀਤ ਪਾਤਰ ਪਹਿਲੇ ਅਜਿਹੇ ਸ਼ਖ਼ਸ ਸਨ, ਜਿਨ੍ਹਾਂ ਨੇ ਪੜ੍ਹੀ ਸੀ।"
"ਉਨ੍ਹਾਂ ਨੇ ਪੂਰੀ ਸਕ੍ਰਿਪਟ ਪੜ੍ਹੀ ਅਤੇ ਕੁਝ ਚੀਜ਼ਾਂ ਵੀ ਮੈਨੂੰ ਦੱਸੀਆਂ। ਮੈਂ ਉਹ ਮੰਨ ਕੇ ਪੂਰੀ ਫਿਲਮ ਬਣਾਈ ਅਤੇ ਸਭ ਤੋਂ ਪਹਿਲਾਂ ਪਾਤਰ ਸਾਬ੍ਹ ਨੂੰ ਫਿਲਮ ਦਿਖਾਈ। ਉਨ੍ਹਾਂ ਨੇ ਫਿਲਮ ਦੇਖੀ ਅਤੇ ਉਨ੍ਹਾਂ ਦੇ ਮੂੰਹੋਂ ਇੱਕੋ ਸ਼ਬਦ ਨਿਕਲਿਆ, ਜਿਉਂਦਾ ਰਹਿʼ।"
"ਅਜਿਹੀਆਂ ਪ੍ਰਤੀਕਿਰਿਆਵਾਂ ਤੋਂ ਬਾਅਦ ਵੀ ਫਿਲਮ ਨੂੰ ਰੋਕਣ ਦੀ ਗੱਲ ਹੋਵੇ ਤਾਂ ਸਮਝ ਨਹੀਂ ਆਉਂਦੀ।"

ਜਦੋਂ ਪਾਤਰ ਨੇ ਦਿੱਤੀ ਆਪਣੀਆਂ ਨਜ਼ਮਾਂ ਲਈ ਸਹਿਮਤੀ
ਹਨੀ ਤ੍ਰੇਹਨ ਦੱਸਦੇ ਹਨ ਕਿ ਜਦੋਂ ਸੁਰਜੀਤ ਪਾਤਰ ਕੋਲ ਨਜ਼ਮਾਂ ਲਈ ਕਾਨਟ੍ਰੈਕਟ ਪੇਪਰ ਭੇਜੇ ਗਏ ਤਾਂ ਉਨ੍ਹਾਂ ਨੇ ਦੋ ਲਾਈਨਾਂ ਲਿਖ ਕੇ ਭੇਜ ਦਿੱਤੀਆਂ ਕਿ, "ਮੇਰੀਆਂ ਕਵਿਤਾਵਾਂ ʼਤੇ ਜਿੰਨ੍ਹਾਂ ਹੱਕ ਮੇਰਾ ਹੈ ਓਨਾਂ ਹੀ ਹਨੀ ਦਾ ਵੀ ਹੈ, ਜੋ ਕਰਨਾ ਹੈ ਵਰਤ ਲਵੇ। ਚੰਗਾ ਕੰਮ ਕਰ ਰਿਹਾ ਹੈ।"
"ਕਹਿੰਦੇ ਹੁੰਦੇ ਹਨ ਜਦੋਂ ਅਜਿਹੇ ਬੁੱਧੀਜੀਵੀ ਬਜ਼ੁਰਗ ਤੁਹਾਡੇ ਨਾਲ ਹੋਣ ਤਾਂ ਕੰਮ ਹੋਰ ਚੰਗਾ ਹੋ ਜਾਂਦਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਪਾਤਰ ਸਾਬ੍ਹ ਜਾਣ ਤੋਂ ਪਹਿਲਾਂ ਖਾਲੜਾ ਸਾਬ੍ਹ ʼਤੇ ਬਣੀ ਫਿਲਮ ਦੇਖ ਕੇ ਗਏ ਹਨ।"
ਸ਼ਿਵ ਤੋਂ ਕਿੰਨੇ ਪ੍ਰਭਾਵਿਤ ਹਨ ਹਨੀ
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੁਰਜੀਤ ਪਾਤਰ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਸ਼ਿਵ ਕੁਮਾਰ ʼਤੇ ਕੰਮ ਕਰ ਰਹੇ ਹਨ।
ਉਹ ਦੱਸਦੇ ਹਨ, "ਪਾਤਰ ਸਾਬ੍ਹ ਨਾਲ ਸ਼ਿਵ ਕੁਮਾਰ ਦੀਆਂ 7 ਚਿੱਠੀਆਂ ਵੀ ਸਾਂਝੀਆਂ ਹੋਈਆਂ ਹਨ। ਉਸ ਬਾਰੇ ਵੀ ਉਨ੍ਹਾਂ ਨੇ ਮੈਨੂੰ ਬਹੁਤ ਕੁਝ ਦੱਸਿਆ। ਪਾਸ਼ ਬਾਰੇ ਵੀ ਉਨ੍ਹਾਂ ਨੇ ਬਹੁਤ ਕੁਝ ਦੱਸਿਆ।"
ਸ਼ਿਵ ਕੁਮਾਰ ਬਾਰੇ ਬੋਲਦਿਆਂ ਹਨੀ ਤ੍ਰੇਹਨ ਕਹਿੰਦੇ ਹਨ ਕਿ ਸ਼ਿਵ ਨੂੰ ਜਾਣਨ ਲਈ ਉਸ ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ ਅਤੇ "ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਤੁਸੀਂ ਸ਼ਿਵ ਨੂੰ ਪੜ੍ਹੋਗੇ ਅਤੇ ਜਿੰਨੀ ਵਾਰੀ ਪੜ੍ਹੋਗੇ, ਤੁਹਾਨੂੰ ਹਰ ਵਾਰ ਨਵਾਂ ਸ਼ਿਵ ਮਿਲੇਗਾ।"
"ਮੇਰੀ ਸ਼ਿਵ ਬਾਰੇ ਜਿੰਨੀ ਵੀ ਖੋਜ ਹੈ ਮੈਨੂੰ ਲੱਗਦਾ ਹੈ ਕਿ ਉਹ ਸ਼ਿਵ ਦੀਆਂ ਨਜ਼ਮਾਂ ਵਿੱਚ ਉਤਰੀ ਹੋਈ ਖੋਜ ਹੈ। ਸ਼ਿਵ ਨੇ ਆਪਣੀਆਂ ਨਜ਼ਮਾਂ ਵਿੱਚ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੇ-ਆਪ ਨੂੰ ਹੀ ਲਿਖਿਆ ਹੋਇਆ ਹੈ।"
"ਜਿਸ ਬੰਦੇ ਨੂੰ ਇਸ ਗੱਲ ਦਾ ਇਲਮ ਹੋਵੇ ਕਿ ਉਸ ਕੋਲ ਜ਼ਿਆਦਾ ਸਮਾਂ ਨਹੀਂ ਹੈ ਅਤੇ ਇਸ ਦਾ ਹਵਾਲਾ ਉਸ ਦੀਆਂ ਨਜ਼ਮਾਂ ਵਿੱਚ ਮਿਲਦਾ ਹੈ। ਜਦੋਂ 30-32 ਸਾਲ ਦਾ ਮੁੰਡਾ ਅਜਿਹਾ ਲਿਖ ਰਿਹਾ ਹੈ ਤਾਂ ਇਹ ਸਭ ਕਿੱਥੋਂ ਆ ਰਿਹਾ ਹੈ।"
ਉਹ ਆਖਦੇ ਹਨ, "ਮੈਨੂੰ ਉਹ ਵਾਲਾ ਸ਼ਿਵ ਪਤਾ ਕਰਨਾ ਹੈ। ਕਈ ਲੋਕਾਂ ਦੀ ਦਿਲਚਸਪੀ ਹੈ ਕਿ ਇਹ ਸ਼ਰਾਬ ਬਹੁਤ ਪੀਂਦਾ ਸੀ, ਮੇਰੀ ਦਿਲਚਸਪੀ ਇਸ ਵਿੱਚ ਨਹੀਂ ਸ਼ਰਾਬ ਤਾਂ ਮੈਂ ਵੀ ਪੀਂਦਾ ਹਾਂ। ਕਿਸੇ ਦੇ ਕੁਝ ਖਾਣ-ਪੀਣ ਨਾਲ ਮੇਰਾ ਕੋਈ ਸਰੋਕਾਰ ਨਹੀਂ ਹੈ, ਪਹਿਲਾਂ ਸ਼ਿਵ ਨੂੰ ਤਾਂ ਜਾਣ ਲਈਏ।"

ਉਹ ਕਹਿੰਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਬਾਰੇ ਵੀ ਲੱਗਾ ਹੈ ਕਿ ਜਿਨ੍ਹਾਂ ਕੰਮ ਉਨ੍ਹਾਂ ਉੱਤੇ ਹੋਣਾ ਚਾਹੀਦਾ ਹੈ, ਓਨਾਂ ਨਹੀਂ ਹੋਇਆ ਹੈ।
ਉਨ੍ਹਾਂ ਮੁਤਾਬਕ, "ਮੈਨੂੰ ਲੱਗਦਾ ਹੈ ਲੋਕ ਜੋ ਉਨ੍ਹਾਂ ਬਾਰੇ ਗੱਲਾਂ ਕਰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਉਸ ਤੋਂ ਵੀ ਕਿਤੇ ਜ਼ਿਆਦਾ ਵੱਡੀ ਹੈ। ਮੈਨੂੰ ਲੱਗਦਾ ਹੈ ਕਿ ਸ਼ਿਵ ਉੱਤੇ ਕੋਈ ਫਿਲਮ ਬਣਾਉਣੀ ਚਾਹੀਦੀ ਹੈ ਕਿਉਂਕਿ ਸ਼ਿਵ ਨੂੰ ਮੈਂ ਜਿੰਨਾ ਪੜ੍ਹਦਾ ਉਹ ਮੈਨੂੰ ਹੋਰ ਅੰਦਰ ਤੱਕ ਲੈ ਕੇ ਜਾਂਦਾ ਹੈ।"
"ਅਜਿਹੇ ਕਿਰਦਾਰਾਂ ʼਤੇ ਕੰਮ ਕਰ ਕੇ ਮੈਨੂੰ ਲੱਗਦਾ ਹੈ ਇਹ ਮੈਨੂੰ ਮੇਰੇ ਨਾਲ ਹੋਰ ਜੋੜਦੀਆਂ ਹਨ ਕਿਉਂਕਿ ਕਿਸੇ ਵੀ ਕਲਾਕਾਰ ਉੱਤੇ ਕੰਮ ਕਰਕੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਅਤੇ ਆਪਣੇ ਕੰਮ ਨਾਲ ਉਨ੍ਹਾਂ ਨੂੰ ਹੋਰ ਜਾਣ ਸਕਦਾ ਹੈ।"
"ਜਿੰਨਾਂ ਉਹ ਕੰਮ ਕਰਦਾ ਰਹਿੰਦਾ ਹੈ ਉਹ ਆਪਣੇ ਅੰਦਰ ਹੋਰ ਜਾਂਦਾ ਹੈ ਅਤੇ ਉਸ ਨੂੰ ਨਵੀਆਂ ਚੀਜ਼ਾਂ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ।"
ਉਹ ਅੱਗੇ ਆਖਦੇ ਹਨ ਕਿ ਇਸੇ ਤਰ੍ਹਾਂ ਮੇਜਰ ਡੀਪੀ ਸਿੰਘ ਵੀ ਪ੍ਰੇਰਨਾਦਾਇਕ ਹਸਤੀ ਹਨ। ਉਹ ਕਾਰਗਿਲ ਦੇ ਹੀਰੋ ਰਹੇ ਹਨ, ਉਨ੍ਹਾਂ ਨੇ 23-24 ਸਾਲ ਦੀ ਉਮਰ ਵਿੱਚ ਆਪਣੀ ਲੱਤ ਗਵਾਈ ਹੈ।
"ਉਹ ਆਖਦੇ ਹਨ ਕਿ ਮੇਰੀ ਜ਼ਿੰਦਗੀ ਹੀ ਹੁਣ ਸ਼ੁਰੂ ਹੋਈ ਹੈ। ਲੋਕੀਂ ਕਹਿੰਦੇ ਸਾਡੀ ਲੱਤ ਚਲੇਗੀ, ਸਾਡੀ ਤਾਂ ਜ਼ਿੰਦਗੀ ਖ਼ਤਮ ਹੋ ਗਈ।"
"ਇਹ ਪ੍ਰੇਰਣਾ ਕਿੱਥੋਂ ਆ ਰਹੀ ਹੈ, ਊਰਜਾ ਕਿੱਥੋਂ ਆ ਰਹੀ ਹੈ, ਅੱਜ ਉਹ ਕੀ ਨਹੀਂ ਕਰ ਰਹੇ। ਉਹ ਆਪਣੇ ਸਰੀਰ ਵਿੱਚ 73 ਛਰਰੇ ਲੈ ਕੇ ਘੁੰਮ ਰਹੇ ਹਨ, ਕੋਈ ਮਜ਼ਾਕ ਤਾਂ ਹੈ ਨਹੀਂ।"
"ਮੈਨੂੰ ਲੱਗਦਾ ਹੈ ਅਜਿਹੇ ਪ੍ਰੇਰਨਾਦਾਇਕ ਲੋਕ ਹੀ ਕੌਮ ਨੂੰ, ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਹਨ ਤਾਂ ਇਨ੍ਹਾਂ ਦੀਆਂ ਕਹਾਣੀਆਂ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਹਨ। ਇਹ ਸਾਰੇ ਅਣਗੌਲੇ ਹੋਏ ਹੀਰੋ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













