You’re viewing a text-only version of this website that uses less data. View the main version of the website including all images and videos.
ਰੂਪਨਗਰ: ਦਲਿਤ ਭਾਈਚਾਰੇ ਦੀ ਕੁੜੀ ਨਾਲ ਕਥਿਤ ਗੈਂਗਰੇਪ ਤੇ ਉਸ ਮਗਰੋਂ ‘ਖੁਦਕੁਸ਼ੀ’ ਦਾ ਪੂਰਾ ਮਾਮਲਾ ਕੀ ਹੈ
- ਲੇਖਕ, ਬਿਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਰੂਪਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਥਿਤ ਸਮੂਹਿਕ ਬਲਾਤਕਾਰ ਪੀੜਤ ਇੱਕ 15 ਸਾਲਾ ਦਲਿਤ ਭਾਈਚਾਰੇ ਦੀ ਕੁੜੀ ਨੇ ਕਥਿਤ ਤੌਰ ਉੱਤੇ ਖ਼ੁਦਕੁਸ਼ੀ ਕਰ ਲਈ ਹੈ।
ਕਥਿਤ ਬਲਾਤਕਾਰ ਕੇਸ ਵਿੱਚ ਮੁਲਜ਼ਮ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ।
ਇਸ ਸਬੰਧ 'ਚ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪੋਕਸੋ, ਐੱਸਸੀ ਅਤੇ ਐੱਸਟੀ ਐਕਟ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੁੜੀ ਦੇ ਨਾਬਾਲਗ ਭਰਾ ਨੇ ਕੀ ਦੱਸਿਆ
ਮ੍ਰਿਤਕ ਕੁੜੀ ਦੇ ਮਾਪਿਆਂ ਦਾ ਦੇਹਾਂਤ ਹੋ ਚੁੱਕਿਆ ਹੈ। ਉਹ ਆਪਣੇ 14 ਸਾਲਾ ਭਰਾ ਅਤੇ ਆਪਣੀ ਨਾਨੀ ਨਾਲ ਰਹਿ ਰਹੀ ਸੀ।
ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਪਣੀ ਭੈਣ ਨਾਲ ਸ਼ਨੀਵਾਰ ਦੀ ਦੁਪਹਿਰ ਬਾਅਦ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ ਤਾਂ ਦੋ ਨੌਜਵਾਨਾਂ ਹਰਸ਼ ਰਾਣਾ ਅਤੇ ਦਿਨੇਸ਼ ਗੁੱਜਰ ਨੇ ਉਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਭੈਣ ਨੂੰ ਝਾੜੀਆਂ ਵੱਲ ਖਿੱਚ ਕੇ ਲੈ ਗਏ ਅਤੇ ਉਸ ਨਾਲ ਕਥਿਤ ਜਬਰ-ਜਿਨਾਹ ਕੀਤਾ।
ਕੁੜੀ ਦੇ ਭਰਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਹ ਆਪਣੀ ਭੈਣ ਅਤੇ ਨਾਨੀ ਨਾਲ ਸ਼ਾਮ ਕਰੀਬ 8 ਵਜੇ ਪਿੰਡ ਦੇ ਸਰਪੰਚ ਦੇ ਘਰ ਗਏ ਸਨ।
ਉਸ ਨੇ ਦੱਸਿਆ, “ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰੀ ਭੈਣ ਨੂੰ ਝਾੜੀਆਂ ਵਿੱਚ ਲੈ ਗਏ। ਮੈਨੂੰ ਨਹੀਂ ਪਤਾ ਕਿ ਉੱਥੇ ਕਿੰਨੇ ਬੰਦੇ ਸਨ। ਉਸ ਸਮੇਂ ਮੈਂ ਬਹੁਤ ਘਬਰਾ ਗਿਆ ਸੀ ਅਤੇ ਮੈਂ ਸਰਪੰਚ ਨੂੰ ਬੁਲਾ ਕੇ ਲਿਆਇਆ।”
ਕੁੜੀ ਦੇ ਭਰਾ ਨੇ ਕਿਹਾ ਕਿ ਜ਼ਹਿਰੀਲੀ ਚੀਜ਼ ਨਿਗਲ ਤੋਂ ਬਾਅਦ ਉਸ ਨੂੰ ਇਕ ਨਿੱਜੀ ਨਰਸਿੰਗ ਹੋਮ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਐਤਵਾਰ ਨੂੰ ਮੌਤ ਹੋ ਗਈ।
ਉਸ ਨੇ ਕਿਹਾ, “ਭਾਵੇਂ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ ਪਰ ਇਹਨਾਂ ਮੁਲਜ਼ਮਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਫ਼ਾਂਸੀ ਦਿੱਤੀ ਜਾਵੇ।”
‘ਨਰੇਗਾ ਵਰਕਰਾਂ ਨੇ ਕੁੜੀ ਨੂੰ ਛਡਵਾਇਆ’
ਪੀੜਤ ਕੁੜੀ ਦੀ ਨਾਨੀ ਨੇ ਦੱਸਿਆ ਕਿ ਉਸ ਦੀ ਦੋਹਤੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਦੇ ਪਿਤਾ ਦੀ ਮੌਤ ਕਰੀਬ 14 ਸਾਲ ਪਹਿਲਾਂ ਹੋ ਗਈ ਸੀ ਅਤੇ ਮਾਂ ਇੱਕ ਸਾਲ ਪਹਿਲਾਂ ਮਰ ਗਈ ਸੀ।
ਉਸ ਨੇ ਕਿਹਾ, “ਮੇਰੀ ਧੀ ਦੀ ਮੌਤ ਤੋਂ ਬਾਅਦ ਮੈਂ ਇਨ੍ਹਾਂ ਬੱਚਿਆਂ ਕੋਲ ਆ ਕੇ ਰਹਿਣ ਲੱਗੀ ਸੀ। ਮੈਨੂੰ ਨਹੀਂ ਪਤਾ ਕਿ ਕਿਉਂ ਉਹਨਾਂ ਨੇ ਸਾਡੀ ਬੱਚੀ ਨਾਲ ਐਨੀ ਮਾੜੀ ਕੀਤੀ।”
“ਅਸੀਂ ਆਪਣੇ ਘਰ ਦਿਨ ਕੱਟ ਰਹੇ ਸੀ ਪਰ ਇਹ ਬਹੁਤ ਮਾੜਾ ਹੋਇਆ। ਉਹਨਾਂ ਮੁਲਜ਼ਮਾਂ ਨੂੰ ਸਰਕਾਰ ਸਖ਼ਤ ਸਜ਼ਾ ਦੇਵੇ ਤਾਂ ਹੀ ਸਾਨੂੰ ਇਨਸਾਫ਼ ਮਿਲੇਗਾ।”
ਮ੍ਰਿਤਕ ਕੁੜੀ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ, “ਕੁੜੀ ਦੀਆਂ ਚੀਕਾਂ ਸੁਣ ਕੇ ਉਸ ਨੂੰ ਨਰੇਗਾ ਵਰਕਰਾਂ ਨੇ ਛਡਵਾਇਆ ਜੋ ਨੇੜੇ ਹੀ ਕੰਮ ਕਰ ਰਹੇ ਸਨ। ਪਰ ਉਹ ਮੁੰਡੇ ਮੌਕੇ ਤੋਂ ਭੱਜ ਗਏ ਸਨ। ਜਦੋਂ ਮੈਨੂੰ ਪਤਾ ਲੱਗਾ ਤਾਂ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।”
ਇਲਾਕੇ ਵਿੱਚ ਅਧਿਆਪਕ ਮੋਹਨ ਸਿੰਘ ਨੇ ਕਿਹਾ, “ਜੇ ਕਿਸੇ ਨਾਲ ਵੀ ਧੱਕਾ ਹੁੰਦਾ ਹੈ ਤਾਂ ਉਸ ਨਾਲ ਖੜਨਾ ਬਣਦਾ ਹੈ ਪਰ ਇੱਥੇ ਤਾਂ ਸਥਿਤੀ ਇਹ ਹੈ ਕਿ ਕੁੜੀ ਦੀ ਨਾ ਮਾਂ ਜ਼ਿੰਦਾ ਸੀ ਅਤੇ ਨਾ ਹੀ ਪਿਤਾ ਸੀ। ਇਹ ਬਹੁਤ ਹੀ ਗੰਭੀਰ ਮਾਮਲਾ ਹੈ।”
ਉਨ੍ਹਾਂ ਕਿਹਾ, “ਅਸੀਂ ਪਰਿਵਾਰ ਨਾਲ ਚਟਾਨ ਵਾਂਗ ਖੜੇ ਹਾਂ ਅਤੇ ਇਨਸਾਫ਼ ਮਿਲਣ ਤੱਕ ਲੜਾਈ ਲੜਾਂਗੇ।”
ਪੁਲਿਸ ਕੀ ਕਾਰਵਾਈ ਕਰ ਰਹੀ ਹੈ?
ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਚਰਨਜੀਤ ਕੁਮਾਰ ਨੇ ਦੱਸਿਆ ਕਿ ਤਿੰਨ ਡਾਕਟਰਾਂ ਵਲੋਂ ਮ੍ਰਿਤਕ ਸਰੀਰ ਦਾ ਪੋਸਟਮਾਰਟਮ 1 ਜਨਵਰੀ ਨੂੰ ਕਰ ਦਿੱਤਾ ਗਿਆ ਸੀ।
ਪੁਲਿਸ ਥਾਣਾ ਨੂਰਪੁਰ ਬੇਦੀ ਦੇ ਮੁੱਖ ਥਾਣਾ ਅਫ਼ਸਰ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਲੜਕੀ ਦੇ ਭਰਾ ਦੇ ਬਿਆਨਾਂ ’ਤੇ ਸਮੂਹਿਕ ਜਬਰ ਜਨਾਹ ਦੇ ਮੁਲਜ਼ਮ ਹਰਸ਼ ਰਾਣਾ ਤੇ ਦਿਨੇਸ਼ ਗੁੱਜਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਗੁਰਿੰਦਰ ਸਿੰਘ ਨੇ ਕਿਹਾ, “ਜਦੋਂ ਪੀੜਤ ਕੁੜੀ ਆਪਣੇ ਭਰਾ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ ਤਾਂ ਉਸ ਨੂੰ ਮੁਲਜ਼ਮਾਂ ਨੇ ਘੇਰ ਲਿਆ ਗਿਆ ਸੀ। ਕੁੜੀ ਦੇ ਭਰਾ ਦਾ ਕਹਿਣਾ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੀ ਭੈਣ ਨਾਲ ਬਲਾਤਕਾਰ ਕੀਤਾ।”
ਪੁਲਿਸ ਮੁਤਾਬਕ ਲਾਸ਼ ਤੋਂ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸ੍ਰੀ ਅਨੰਦਪੁਰ ਸਾਹਿਬ ਦੇ ਡੀਐੱਸਪੀ ਅਜੈ ਸਿੰਘ ਨੇ ਦੱਸਿਆ, “ਨਾਬਾਲਗ ਦੇ ਨਾਲ ਜਬਰ ਜਨਾਹ ਕਰਨ ਵਾਲੇ ਇੱਕ ਮੁਲਜ਼ਮ ਨੂੰ ਇਕ ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਦੂਸਰੇ ਨੂੰ ਦੋ ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।”
“ਇਹਨਾਂ ਵਿੱਚੋਂ ਇੱਕ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਅਤੇ ਦੂਸਰੇ ਦਾ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਸ ਤੋਂ ਬਾਅਦ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਜਾਵੇਗੀ।”