ਹਰਿਆਣਾ : 3 ਅਜ਼ਾਦ ਵਿਧਾਇਕਾਂ ਦੇ ਸਮਰਥਨ ਵਾਪਸ ਲੈਣ ਨਾਲ ਭਾਜਪਾ ਸਰਕਾਰ ਨੂੰ ਕਿੰਨਾ ਖ਼ਤਰਾ, ਜਾਣੋ ਕੀ ਹੈ ਸਿਆਸੀ ਗਣਿਤ

ਤਸਵੀਰ ਸਰੋਤ, ANI
ਹਰਿਆਣਾ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਨੇ ਸੂਬੇ ਵਿੱਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਦੇਸ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਮਾਮਲੇ ਨੂੰ ਭਾਜਪਾ ਲਈ ਵੱਡੇ ਸਿਆਸੀ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਤਿੰਨ ਆਜ਼ਾਦ ਵਿਧਾਇਕ ਹਨ- ਚਰਖੀ ਦਾਦਰੀ ਤੋਂ ਸੋਮਬੀਰ ਸਾਂਗਵਾਨ, ਨੀਲੋਖੇੜੀ ਤੋਂ ਧਰਮਪਾਲ ਗੋਂਦਰ ਅਤੇ ਪੁੰਡਲੀ ਤੋਂ ਰਣਧੀਰ ਗੋਲਨ।
ਮੰਗਲਵਾਰ ਨੂੰ ਤਿੰਨਾਂ ਵਿਧਾਇਕਾਂ ਨੇ ਪ੍ਰੈੱਸ ਕਾਨਫਰੰਸ ਬੁਲਾ ਕੇ ਭਾਜਪਾ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ।
ਰੋਹਤਕ ਵਿੱਚ ਸੱਦੀ ਗਈ ਇਸ ਪ੍ਰੈੱਸ ਕਾਨਫਰੰਸ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਵੀ ਮੌਜੂਦ ਸਨ।
ਕਾਂਗਰਸ ਦੀ ਹਮਾਇਤ ਦਾ ਐਲਾਨ

ਤਸਵੀਰ ਸਰੋਤ, ANI
ਭਾਜਪਾ ਦੀ ਸੂਬਾ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੇ ਐਲਾਨ ਦੇ ਨਾਲ ਹੀ ਤਿੰਨਾਂ ਆਜ਼ਾਦ ਵਿਧਾਇਕਾਂ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਪੁੰਡਲੀ ਤੋਂ ਰਣਧੀਰ ਗੋਲਨ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਂਦੇ ਹਾਂ। ਅਸੀਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਮਰਥਨ ਦੇਵਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਸੂਬੇ ਵਿੱਚ ਹੁੱਡਾ ਸਾਹਿਬ ਇੱਕ ਵਾਰ ਫਿਰ ਸਰਕਾਰ ਵਿੱਚ ਹੋਣਗੇ।"
ਨੀਲੋਖੇੜੀ ਤੋਂ ਆਜ਼ਾਦ ਵਿਧਾਇਕ ਧਰਮਪਾਲ ਗੋਂਦਰ ਨੇ ਕਿਹਾ, "ਅਸੀਂ ਭਾਜਪਾ ਤੋਂ ਹਮਾਇਤ ਵਾਪਸ ਲੈ ਲਈ ਹੈ ਅਤੇ ਕਾਂਗਰਸ ਨੂੰ ਬਾਹਰੋਂ ਸਮਰਥਨ ਦਿੱਤਾ ਹੈ।"
ਉਨ੍ਹਾਂ ਨੇ ਕਿਹਾ, 'ਅਸੀਂ ਕਿਸਾਨਾਂ ਨਾਲ ਜੁੜੇ ਮੁੱਦਿਆਂ ਸਮੇਤ ਕਈ ਮੁੱਦਿਆਂ 'ਤੇ ਇਹ ਫੈਸਲਾ ਲਿਆ ਹੈ।
ਹਰਿਆਣਾ ਸਰਕਾਰ ਦੇ ਬਹੁਮਤ 'ਤੇ ਸਵਾਲ
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਨੇ ਕਿਹਾ, "ਤਿੰਨ ਆਜ਼ਾਦ ਵਿਧਾਇਕਾਂ - ਸੋਮਬੀਰ ਸਾਂਗਵਾਨ, ਰਣਧੀਰ ਸਿੰਘ ਗੋਲਨ ਅਤੇ ਧਰਮਪਾਲ ਗੋਂਦਰ ਨੇ ਭਾਰਤੀ ਜਨਤਾ ਪਾਰਟੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਅਤੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।"

ਤਸਵੀਰ ਸਰੋਤ, X@Bhupinder Hudda
"ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਹਰਿਆਣਾ ਵਿਧਾਨ ਸਭਾ ਦੀ ਮੈਂਬਰਾਂ ਦੀ ਮੌਜੂਦਾ ਸੰਖਿਆ 88 ਹੈ, ਜਿਸ ਵਿੱਚ ਭਾਜਪਾ ਦੇ 40 ਵਿਧਾਇਕ ਹਨ। ਪਹਿਲਾਂ ਭਾਜਪਾ ਸਰਕਾਰ ਨੂੰ ਜੇਜੇਪੀ ਅਤੇ ਆਜ਼ਾਦ ਵਿਧਾਇਕਾਂ ਦਾ ਸਮਰਥਨ ਸੀ ਪਰ ਜੇਜੇਪੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਹੁਣ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਛੱਡ ਦਿੱਤੀ ਹੈ।"
"ਨਾਇਬ ਸਿੰਘ ਸੈਣੀ ਦੀ ਸਰਕਾਰ ਹੁਣ ਘੱਟ ਗਿਣਤੀ ਵਾਲੀ ਸਰਕਾਰ ਹੈ। ਨਾਇਬ ਸਿੰਘ ਸੈਣੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਇੱਕ ਮਿੰਟ ਵੀ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।"
ਉਦੈ ਭਾਨ ਨੇ ਹਰਿਆਣਾ ਵਿੱਚ ਜਲਦੀ ਤੋਂ ਜਲਦੀ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੀ ਮੰਗ ਕੀਤੀ।
ਭਾਜਪਾ ਅਤੇ ਮੁੱਖ ਮੰਤਰੀ ਦੀ ਪ੍ਰਤੀਕਿਰਿਆ

ਤਸਵੀਰ ਸਰੋਤ, X@NAYABSAINIBJP
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤਾਜ਼ਾ ਸਿਆਸੀ ਘਟਨਾਕ੍ਰਮ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਕਿਹਾ, "ਦੇਖੋ, ਇਹ ਜਾਣਕਾਰੀ ਹੁਣੇ ਆਈ ਹੈ। ਵਿਧਾਇਕਾਂ ਦੀਆਂ ਕੁਝ ਇੱਛਾਵਾਂ ਹੁੰਦੀਆਂ ਹਨ। ਹਰ ਵਿਅਕਤੀ ਆਪਣੀ ਇੱਛਾ ਨਾਲ ਜੁੜਿਆ ਹੋਇਆ ਹੈ। ਸ਼ਾਇਦ ਕਾਂਗਰਸ ਅੱਜ ਕੱਲ੍ਹ ਇੱਛਾਵਾਂ ਪੂਰੀਆਂ ਕਰਨ ਵਿੱਚ ਲੱਗੀ ਹੋਈ ਹੈ। ਲੋਕ ਜਾਣਦੇ ਹਨ ਕਿ ਕਿਸ ਦੀ ਇੱਛਾ ਹੈ ਕੀ ਹੈ? ਕਾਂਗਰਸ ਨੂੰ ਜਨਤਾ ਦੀਆਂ ਇੱਛਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਨੂੰ ਤਾਂ ਆਪਣੀਆਂ ਇੱਛਾਵਾਂ ਨਾਲ ਮਤਲਬ ਹੈ।"
ਹਰਿਆਣਾ ਪ੍ਰਦੇਸ਼ ਭਾਜਪਾ ਦੇ ਬੁਲਾਰੇ ਜਵਾਹਰ ਯਾਦਵ ਨੇ ਕਿਹਾ, "ਕਾਂਗਰਸ ਸਿਰਫ ਭਰਮ ਫੈਲਾ ਰਹੀ ਹੈ। 13 ਮਾਰਚ ਨੂੰ ਹੀ ਨਾਇਬ ਸੈਣੀ ਸਰਕਾਰ ਨੇ ਆਪਣਾ ਬਹੁਮਤ ਸਾਬਤ ਕਰ ਦਿੱਤਾ ਸੀ। ਭਵਿੱਖ ਵਿੱਚ ਵੀ ਜਦੋਂ ਵੀ ਅਜਿਹਾ ਮੌਕਾ ਆਇਆ ਤਾਂ ਅਸੀਂ ਸਦਨ ਵਿੱਚ ਆਪਣੀ ਸਰਕਾਰ ਦਾ ਮਜ਼ਬੂਤ ਬਹੁਮਤ ਸਾਬਤ ਕਰ ਦੇਵਾਂਗੇ।"
"ਮੈਂ ਭੁਪਿੰਦਰ ਸਿੰਘ ਹੁੱਡਾ ਨੂੰ ਵਿਧਾਨ ਸਭਾ ਵਿੱਚ ਆਉਣ ਅਤੇ ਆਪਣਾ ਬਹੁਮਤ ਸਾਬਤ ਕਰਨ ਲਈ ਬੇਨਤੀ ਕਰਦਾ ਹਾਂ। ਜਦੋਂ ਇੱਕ ਵਿਧਾਇਕ ਸੋਚਦਾ ਹੈ ਕਿ ਉਸਨੂੰ ਸੀਟ ਮਿਲੇਗੀ ਜਾਂ ਨਹੀਂ, ਤਾਂ ਉਹ ਆਪਣੇ ਲਈ ਇੱਕ ਮੌਕਾ ਲੱਭਦਾ ਹੈ।"
ਭੁਪਿੰਦਰ ਸਿੰਘ ਹੁੱਡਾ ਨੇ ਕੀ ਕਿਹਾ?

ਤਸਵੀਰ ਸਰੋਤ, ANI
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਨੇ ਕਿਹਾ, ''ਅੱਜ ਰੋਹਤਕ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ। ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ।
"ਲੋਕ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਸਹੀ ਸਮੇਂ 'ਤੇ ਲਿਆ ਗਿਆ ਸਹੀ ਫੈਸਲਾ ਜ਼ਰੂਰ ਰੰਗ ਲਿਆਵੇਗਾ। ਅੱਜ ਨਾ ਸਿਰਫ ਜਨਤਾ, ਸਗੋਂ ਭਾਜਪਾ ਨੂੰ ਵੋਟ ਦੇਣ ਅਤੇ ਸਮਰਥਨ ਦੇਣ ਵਾਲੇ ਲੋਕ ਵੀ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹਨ।"
"ਜੇਜੇਪੀ ਅਤੇ ਆਜ਼ਾਦ ਵਿਧਾਇਕਾਂ ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਭਾਜਪਾ ਸਰਕਾਰ ਹੁਣ ਘੱਟ ਗਿਣਤੀ ਵਿੱਚ ਹੈ। ਇਸ ਲਈ ਹਰਿਆਣਾ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾ ਕੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਭਾਜਪਾ ਜਾ ਰਹੀ ਹੈ, ਕਾਂਗਰਸ ਆ ਰਹੀ ਹੈ।"
ਹਰਿਆਣਾ ਵਿਧਾਨ ਸਭਾ ਦਾ ਸਿਆਸੀ ਗਣਿਤ

ਤਸਵੀਰ ਸਰੋਤ, ANI
ਬੀਤੇ 12 ਅਪ੍ਰੈਲ ਨੂੰ ਜਨਨਾਇਕ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਚਾਰ ਸਾਲ ਤੋਂ ਵੱਧ ਸਮੇਂ ਵਾਲਾ ਗਠਜੋੜ ਟੁੱਟ ਗਿਆ ਸੀ। ਪਰ ਭਾਜਪਾ ਨੂੰ 6 ਅਜ਼ਾਦ ਅਤੇ ਇੱਕ ਹਰਿਆਣਾ ਲੋਕ ਹਿੱਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਸਮਰਥਨ ਜਾਰੀ ਸੀ।
ਵਿਧਾਨ ਸਭਾ ਦਾ ਸੈਸ਼ਨ 6 ਮਹੀਨੇ ਦੇ ਅੰਦਰ ਅੰਦਰ ਦੂਜੀ ਵਾਰ ਬਲਾਉਣਾ ਪੈਂਦਾ ਹੈ। ਪਰ ਜੇਕਰ ਸਰਕਾਰ ਘੱਟ ਗਿਣਤੀ ਵਿੱਚ ਚਲੀ ਜਾਵੇ ਅਤੇ ਬੇ-ਭਰੋਸਗੀ ਦਾ ਮਤਾ ਪੇਸ਼ ਹੋ ਜਾਵੇ ਤਾਂ ਇਹ ਸਮਾਂਸੀਮਾ ਲਾਗੂ ਨਹੀਂ ਹੁੰਦੀ। ਅਜਿਹੇ ਹਾਲਾਤ ਵਿੱਚ ਰਾਜਪਾਲ ਕੋਲ਼ ਇਹ ਅਧਿਕਾਰ ਹੁੰਦਾ ਹੈ ਕਿ ਉਹ ਸਰਕਾਰ ਨੂੰ ਸਦਨ ਵਿੱਚ ਆਪਣਾ ਬਹੁਮਤ ਸਾਬਿਤ ਕਰਨ ਲਈ ਕਹੇ।
ਹਰਿਆਣਾ ਅਸੰਬਲੀ ਵਿੱਚ 90 ਸੀਟਾਂ ਹਨ, ਮਨੋਹਰ ਲਾਲ ਖੱਟਰ ਅਤੇ ਰਣਜੀਤ ਸਿੰਘ ਚੌਟਾਲਾ ਦੇ ਲੋਕ ਸਭਾ ਲੜਨ ਲਈ ਦਿੱਤੇ ਅਸਤੀਫਿਆਂ ਕਾਰਨ ਕਰਨਾਲ ਅਤੇ ਰੈਣਾ ਸੀਟਾਂ ਖਾਲੀ ਹੋ ਗਈਆਂ ਹਨ।
ਇਸ ਲਈ ਸਦਨ ਵਿੱਚ 88 ਮੈਂਬਰ ਹਨ। ਜਿਨ੍ਹਾਂ ਵਿੱਚੋਂ ਭਾਜਪਾ ਕੋਲ 40 ਸੀਟਾਂ ਹਨ, ਅਤੇ ਉਸ ਕੋਲ ਅਜੇ ਵੀ 2 ਅਜ਼ਾਦ ਤੇ ਕਾਂਡਾ ਦਾ ਸਮਰਥਨ ਹੈ। ਇਸ ਲਈ ਉਸ ਦਾ ਅੰਕੜਾ 43 ਹੈ। ਸਦਨ ਵਿੱਚ ਬਹੁਮਤ ਲਈ 45 ਸੀਟਾਂ ਚਾਹੀਦੀਆਂ ਹਨ। ਇਸ ਲਈ ਭਾਜਪਾ ਕੋਲ਼ 2 ਸੀਟਾਂ ਘਟ ਗਈਆਂ ਹਨ।
ਅਜਿਹੇ ਹਾਲਾਤ ਵਿੱਚ ਜੇਜੇਪੀ ਦੀ ਭੂਮਿਕਾ ਵਧ ਜਾਂਦੀ ਹੈ। ਜਿਸ ਕੋਲ 10 ਸੀਟਾਂ ਹਨ। ਇਨ੍ਹਾਂ ਵਿੱਚ ਰਮਨ ਕਰਨ ਕਾਲਾ ਤੇ ਈਸ਼ਵਰ ਸਿੰਘ ਕਾਂਗਰਸ ਪਾਰਟੀ ਵਿੱਚ ਚਲੇ ਗਏ ਹਨ ਅਤੇ ਜੋਗੀ ਰਾਮ ਸਿਆਗ ਨੇ ਭਾਜਪਾ ਲਈ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ ਹੈ।
ਜੇਜੇਪੀ ਦੇ ਦੋ ਹੋਰ ਵਿਧਾਇਕਾਂ ਦੀ ਸੁਰ ਵੀ ਭਾਜਪਾ ਪੱਖ਼ੀ ਰਹੀ ਹੈ। ਜੇਜੇਪੀ ਪਿਛਲੇ ਫਲੋਰ ਟੈਸਟ ਦੌਰਾਨ ਸਦਨ ਤੋਂ ਬਾਹਰ ਚਲੀ ਗਈ ਸੀ। ਜੇਕਰ ਉਸ ਦੇ ਤਿੰਨ ਵਿਧਾਇਕ ਹੁਣ ਵੀ ਵੋਟਿੰਗ ਵਿੱਚ ਹਿੱਸਾ ਨਹੀਂ ਲੈਂਦੇ ਤਾਂ ਸਦਨ ਵਿੱਚ ਗਿਣਤੀ 85 ਰਹਿ ਜਾਵੇਗੀ ਅਤੇ ਭਾਜਪਾ ਨੂੰ ਬਹੁਤ ਲਈ 43 ਵਿਧਾਇਕਾਂ ਦੀ ਲੋੜ ਪਵੇਗੀ।

ਰੋਹਤਕ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ, "ਸੂਬੇ ਵਿੱਚ ਸਥਿਤੀ ਭਾਜਪਾ ਦੇ ਖਿਲਾਫ ਹੋ ਗਈ ਹੈ। ਬਦਲਾਅ ਯਕੀਨੀ ਹੈ। ਭਾਜਪਾ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ। ਉਨ੍ਹਾਂ ਨੇ 48 ਵਿਧਾਇਕਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਵਿੱਚੋਂ ਕੁਝ ਨੇ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਉਹ ਲੋਕ ਸਭਾ ਚੋਣਾਂ ਲੜ ਰਹੇ ਹਨ। ਕੁਝ ਆਜ਼ਾਦ ਵਿਧਾਇਕਾਂ ਨੇ ਅੱਜ ਭਾਜਪਾ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਅਤੇ ਕਾਂਗਰਸ ਨੂੰ ਹਮਾਇਤ ਦੇਣ ਦਾ ਕੰਮ ਕੀਤਾ।"
ਹਰਿਆਣਾ ਦੇ ਭਾਜਪਾ ਨੇਤਾ ਜਵਾਹਰ ਯਾਦਵ ਬਹੁਮਤ ਦੇ ਸਵਾਲ ਬਾਰੇ ਕਹਿੰਦੇ ਹਨ, "ਭਾਜਪਾ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।ਜਿਹੜੇ ਤਿੰਨ ਆਜ਼ਾਦ ਵਿਧਾਇਕਾਂ ਹਨ ਉਨ੍ਹਾਂ ਨੇ ਕਿਹਾ ਹੈ ਕਿ ਉਹ ਸਰਕਾਰ ਤੋਂ ਹਮਾਇਤ ਵਾਪਸ ਲੈ ਰਹੇ ਹਨ। ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਨਾਇਬ ਸਿੰਘ ਸੈਣੀ ਦੀ ਭਾਜਪਾ ਸਰਕਾਰ ਕੋਲ ਲੋੜੀਂਦਾ ਬਹੁਮਤ ਹੈ, ਬਹੁਮਤ ਦਾ ਪਤਾ ਲਗਾਉਣ ਲਈ ਸਿਰਫ ਇੱਕ ਥਾਂ ਹੈ - ਉਹ ਹੈ ਸਦਨ ਫਲੋਰ।"
ਮਨੋਹਰ ਲਾਲ ਖੱਟਰ ਦੀ ਥਾਂ ਬਣੇ ਮੁੱਖ ਮੰਤਰੀ

ਤਸਵੀਰ ਸਰੋਤ, ANI
ਇਸ ਸਾਲ ਮਾਰਚ ਮਹੀਨੇ ਵਿੱਚ ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਾਈ ਗਈ ਸੀ।
ਨੱਬੇ ਦੇ ਦਹਾਕੇ ਵਿੱਚ ਅੰਬਾਲਾ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਸੈਣੀ ਨੂੰ ਪਿਛਲੇ ਸਾਲ ਹੀ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਸੀ।
ਉਨ੍ਹਾਂ ਨੇ ਅੰਬਾਲਾ ਵਿੱਚ ਭਾਜਪਾ ਦੇ ਜ਼ਿਲ੍ਹਾ ਯੁਵਾ ਮੋਰਚਾ ਤੋਂ ਸ਼ੁਰੂਆਤ ਕੀਤੀ। ਸੈਣੀ ਨੇ ਇਸ ਜਥੇਬੰਦੀ ਵਿੱਚ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਸੰਭਾਲੇ।
ਇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਹਰਿਆਣਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਸੌਂਪੀ।
ਸਾਲ 2009 ਵਿੱਚ ਪਹਿਲੀ ਵਾਰ ਉਨ੍ਹਾਂ ਨੇ ਨਰਾਇਣਗੜ੍ਹ ਵਿਧਾਨ ਸਭਾ ਸੀਟ ਉੱਤੇ ਦਾਅਵਾ ਪੇਸ਼ ਕੀਤਾ ਸੀ। ਲੇਕਿਨ ਇਸ ਚੋਣ ਵਿੱਚ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਰਾਮ ਕਿਸ਼ਨ ਦਾ ਸਾਹਮਣਾ ਕਰਦੇ ਹੋਏ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਸਾਲ 2012 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਅੰਬਾਲਾ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ। ਸਾਲ 2014 ਵਿੱਚ ਨਾਇਬ ਸਿੰਘ ਸੈਣੀ ਨੇ ਇੱਕ ਵਾਰ ਫਿਰ ਨਰਾਇਣਗੜ੍ਹ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਜਿਸ ਵਿੱਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨੂੰ ਹਰਾਇਆ। ਭਾਜਪਾ ਨੇ ਵੀ ਇਸ ਵਾਰ ਹਰਿਆਣਾ ਵਿੱਚ ਪਹਿਲੀ ਵਾਰ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ।












