ਇਸ ਸ਼ਖ਼ਸ ਨੂੰ 260 ਸਾਲ ਦੀ ਸਜ਼ਾ ਕਿਸ ਦੋਸ਼ ਵਿੱਚ ਮਿਲੀ, ਜੁਰਮ ਪਿੱਛੇ ਇਸਦਾ ਮੰਤਵ ਕੀ ਸੀ

    • ਲੇਖਕ, ਸੀਨ ਸੇਡਨ
    • ਰੋਲ, ਬੀਬੀਸੀ

ਅਮਰੀਕਾ ਦੇ ਨਿਊਯਾਰਕ ਵਿੱਚ 9/11 ਤੋਂ ਬਾਅਦ ਹੋਏ ਸਭ ਤੋਂ ਖਤਰਨਾਕ ਦਹਿਸ਼ਤਗਰਦੀ ਹਮਲੇ ਦੇ ਦੋਸ਼ੀ ਅਤੇ ਇਸਲਾਮਿਕ ਸਟੇਟ ਦੇ ਸਮਰਥਕ ਨੂੰ ਕਿਹਾ ਗਿਆ ਹੈ ਕਿ ਉਹ ਕਈ ਉਮਰ ਕੈਦ ਦੀਆਂ ਸਜ਼ਾਵਾਂ ਕੱਟਦਾ ਹੋਇਆ ਜੇਲ੍ਹ ਵਿੱਚ ਹੀ ਮਰੇਗਾ।

ਸੇਫੁੱਲੋ ਸਾਈਪੋਵ ਨੇ ਸਾਲ 2017 ਵਿੱਚ ਮੈਨਹਟਨ ਦੀ ਇੱਕ ਸੜਕ 'ਤੇ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ 'ਤੇ ਟਰੱਕ ਚੜਾ ਦਿੱਤਾ ਸੀ ਜਿਸ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

ਉਸ ਨੂੰ 10 ਉਮਰ ਕੈਦਾਂ ਦੀ ਸਜ਼ਾ ਦਿੱਤੀ ਗਈ ਹੈ। ਜਿਨ੍ਹਾਂ ਵਿੱਚੋਂ ਅੱਠ ਲਗਾਤਾਰ ਚੱਲਣਗੀਆਂ ਅਤੇ ਇਹ 260 ਸਾਲ ਦੇ ਕਰੀਬ ਸਮਾਂ ਹੋਵੇਗਾ। ਯਾਨੀ ਉਹ ਕਦੇ ਵੀ ਰਿਹਾਅ ਨਹੀਂ ਹੋਵੇਗਾ।

‘ਕੋਈ ਪਛਤਾਵਾ ਨਹੀਂ ਦਿਖਾਇਆ’

ਜਿਵੇਂ ਹੀ ਉਸ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਸ ਨੂੰ ਦੱਸਿਆ ਗਿਆ ਸੀ ਕਿ ਉਸਨੇ "ਬਹੁਤ ਸਾਰੀਆਂ ਜਾਨਾਂ ਤਬਾਹ ਕੀਤੀਆਂ ਹਨ" ਪਰ ਮੁਕੱਦਮੇ ਦੌਰਾਨ ਉਸ ਨੇ ਕੋਈ ਪਛਤਾਵਾ ਨਹੀਂ ਦਿਖਾਇਆ।

ਸਾਈਪੋਵ ਦਾ ਅਦਾਲਤ ਵਿੱਚ ਪੀੜਤਾਂ ਦੇ ਪਰਿਵਾਰਾਂ ਅਤੇ ਬਚੇ ਹੋਏ ਲੋਕਾਂ ਨਾਲ ਸਾਹਮਣਾ ਹੋਇਆ ਸੀ।

ਜੱਜ ਨੇ ਬੁੱਧਵਾਰ ਨੂੰ ਸਜ਼ਾ ਸੁਣਾਉਂਦੇ ਸਮੇਂ ਉਸਦੇ "ਤੋਬਾ ਨਾ ਕਰਨ ਵਾਲੇ ਸੁਭਾਅ" ਨੂੰ ਨੋਟ ਕੀਤਾ।

ਸਾਈਪੋਵ ਉਜ਼ਬੇਕਿਸਤਾਨ ਦਾ ਨਾਗਰਿਕ ਹੈ ਅਤੇ ਉਸ ਦੀ ਉਮਰ 35 ਸਾਲ ਹੈ।

ਉਸ ਨੇ ਹੈਲੋਵੀਨ ਦੀ 2017 ਦੀ ਸ਼ਾਮ ਨੂੰ ਡਾਊਨਟਾਊਨ ਮੈਨਹਟਨ ਦੇ ਵੈਸਟ ਸਾਈਡ 'ਤੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ 'ਤੇ ਹਮਲਾ ਕਰਨ ਲਈ ਕਿਰਾਏ ਦੇ ਟਰੱਕ ਦੀ ਵਰਤੋਂ ਕੀਤੀ ਸੀ।

ਉਸ ਨੇ ਅਰਬੀ ਵਿੱਚ "ਅੱਲ੍ਹਾ ਹੂ ਅਕਬਰ" ਦਾ ਨਾਅਰਾ ਲਗਾਇਆ। ਜਦੋਂ ਹੀ ਉਹ ਗੱਡੀ ਤੋਂ ਬਾਹਰ ਨਿਕਲਿਆ ਤਾਂ ਪੁਲਿਸ ਨੇ ’ਤੇ ਗੋਲੀ ਚਲਾਈ। ਉਸ ਨੂੰ ਉਮੀਦ ਸੀ ਕਿ ਇਹ ਹਮਲਾ ਉਸ ਨੂੰ ਗਰੁੱਪ (ਇਸਲਾਮਿਕ ਸਟੇਟ) ਦੀ ਮੈਂਬਰਸ਼ਿਪ ਹਾਸਲ ਕਰਵਾ ਸਕਦਾ।

ਦਹਿਸ਼ਤਗਰਦ ਸਾਈਪੋਵ ਬਾਰੇ ਖਾਸ ਗੱਲਾਂ

  • ਸੇਫੁੱਲੋ ਸਾਈਪੋਵ ਨੇ 2017 ਵਿੱਚ ਮੈਨਹਟਨ ’ਚ ਪੈਦਲ ਚੱਲਣ ਵਾਲਿਆਂ ਤੇ ਸਾਈਕਲ ਸਵਾਰਾਂ 'ਤੇ ਟਰੱਕ ਚੜਾ ਦਿੱਤਾ ਸੀ
  • ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖਮੀ ਹੋ ਗਏ ਸਨ
  • ਦੋਸ਼ੀ ਨੂੰ 10 ਉਮਰ ਕੈਦਾਂ ਦੀ ਸਜ਼ਾ ਦਿੱਤੀ ਗਈ ਹੈ। ਇਹ ਸਮਾਂ 260 ਸਾਲ ਦੇ ਕਰੀਬ ਹੋਵੇਗਾ
  • ਸਾਈਪੋਵ ਉਜ਼ਬੇਕਿਸਤਾਨ ਦਾ ਨਾਗਰਿਕ ਹੈ ਅਤੇ ਉਸ ਦੀ ਉਮਰ 35 ਸਾਲ ਹੈ

ਉੱਚ-ਸੁਰੱਖਿਆ ਵਾਲੀ ਜੇਲ੍ਹ ’ਚ ਰੱਖਿਆ ਜਾਵੇਗਾ

ਸਾਈਪੋਵ ਨੂੰ ਕੋਲੋਰਾਡੋ ਦੀ ਉੱਚ-ਸੁਰੱਖਿਆ ਵਾਲੀ "ਸੁਪਰਮੈਕਸ" ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ, ਜਿੱਥੇ ਕੈਦੀ ਆਪਣੇ ਸੈੱਲਾਂ ਵਿੱਚ ਦਿਨ ਦੇ 23 ਘੰਟੇ ਬਿਤਾਉਂਦੇ ਹਨ।

ਪੀੜਤ ਨਿਕੋਲਸ ਕਲੀਵਜ਼ ਦੀ ਮਾਂ ਮੋਨਿਕਾ ਮਿਸੀਓ ਨੇ ਅਦਾਲਤ ਵਿੱਚ ਕਿਹਾ, "ਮੈਨੂੰ ਨਫ਼ਰਤ ਹੁੰਦੀ ਹੈ ਕਿ ਉਹ ਹਰ ਸਵੇਰ ਉੱਠਦਾ ਹੈ ਪਰ ਮੇਰਾ ਪੁੱਤਰ ਨਹੀਂ ਉੱਠਦਾ।"

ਉਨ੍ਹਾਂ ਕਿਹਾ, "ਉਸ ਦੀ ਬੇਰਹਿਮੀ ਕਾਰਨ ਮੈਂ ਗੁੱਸੇ ਨਾਲ ਭਰ ਜਾਂਦੀ ਹਾਂ।"

ਹਮਲੇ ਵਿੱਚ ਜ਼ਿੰਦਾ ਬਚੀ ਰੇਚਲ ਫਰਨ ਨੇ ਕਿਹਾ ਕਿ ਉਹ ਸਾਈਪੋਵ ਨੂੰ ਆਪਣੇ 'ਤੇ ਹੋਏ ਅਸਰ ਲਈ ਮਾਫ਼ ਕਰ ਸਕਦੀ ਹੈ, ਪਰ ਸਜ਼ਾ ਸੁਣਨ ਲਈ ਆਏ ਹੋਰਨਾਂ ਲੋਕਾਂ ਦੇ ਦੁੱਖ ਨੂੰ ਦੇਖ ਕੇ ਉਹ ਅਜਿਹਾ ਨਹੀਂ ਕਰ ਸਕਦੀ।

ਉਹ ਕਹਿੰਦੇ ਹਨ, “ਜਦੋਂ ਮੈਂ ਅਦਾਲਤ ਅੰਦਰ ਦੇਖਦੀ ਹਾਂ, ਤੇਰੇ ਦਿੱਤੇ ਦਰਦ ਬਾਰੇ ਸੋਚਦੀ ਹਾਂ ਤਾਂ ਮੈਂ ਮਾਫ਼ ਨਹੀਂ ਕਰ ਸਕਦੀ। ਇਹ ਤੁਹਾਡੇ, ਉਨ੍ਹਾਂ ਅਤੇ ਅੱਲ੍ਹਾ ਦੇ ਵਿਚਕਾਰ ਹੈ।"

ਮਰਨ ਵਾਲੇ ਕੌਣ ਸਨ?

ਮਰਨ ਵਾਲਿਆਂ ਵਿੱਚੋਂ ਪੰਜ ਅਰਜਨਟੀਨਾ ਦੇ ਸੈਲਾਨੀ ਸਨ । ਇਸ ਦੌਰਾਨ ਬੈਲਜੀਅਮ ਦੀ ਇੱਕ 31 ਸਾਲਾ ਔਰਤ ਦੀ ਵੀ ਮੌਤ ਹੋ ਗਈ।

ਇਸ ਘਟਨਾਂ ਵਿੱਚ ਦੋ ਅਮਰੀਕੀ, ਇੱਕ 32 ਸਾਲਾ ਵਿੱਤੀ ਕਰਮਚਾਰੀ ਅਤੇ ਇੱਕ 23 ਸਾਲਾ ਸਾਫਟਵੇਅਰ ਇੰਜੀਨੀਅਰ ਦੀ ਵੀ ਮੌਤ ਹੋ ਗਈ ਸੀ।

ਹਾਲਾਂਕਿ 12 ਹੋਰ ਜ਼ਖਮੀ ਹੋ ਗਏ ਸਨ।

ਜੱਜ ਨੇ ਕੀ ਕਿਹਾ?

ਅਮਰੀਕਾ ਦੇ ਜ਼ਿਲ੍ਹਾ ਜੱਜ ਵਰਨੌਨ ਬ੍ਰੋਡਰਿਕ ਨੇ ਕਿਹਾ ਕਿ ਸਾਈਪੋਵ ਦਾ ਜੁਰਮ ਧਿਆਨ ਦੇਣ ਵਾਲਾ ਸੀ। ਇੱਕ ਪੱਖ ਇਹ ਕਿ ਇਸਦਾ ਪੀੜਤਾਂ ’ਤੇ ਕੀ ਅਸਰ ਪਿਆ ਅਤੇ ਦੂਜਾ ਇਹ ਕਿ ਮੁਲਜ਼ਮ ਨੂੰ ਕੋਈ ਪਛਤਾਵਾ ਨਹੀਂ।

ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਸਾਈਪੋਵ ਨੇ ਅਦਾਲਤ ਵਿੱਚ ਦਹਿਸ਼ਤਗਰਦ ਸਮੂਹ ਦੀ ਕੀਤੀ ਆਪਣੀ ਪ੍ਰਸ਼ੰਸਾ ਨੂੰ ਇੱਕ ਵਾਰ ਫਿਰ ਦੁਰਹਾਇਆ। ਉਸ ਨੇ ਕਿਹਾ ਕਿ ਉਹ ਆਪਣੇ ਪਹਿਲਾਂ ਦਿੱਤੇ ਬਿਆਨ ਉੱਪਰ ਕਾਇਮ ਹੈ।

ਉਸ ਨੂੰ ਉਦੋਂ ਮੌਤ ਦੀ ਸਜ਼ਾ ਤੋਂ ਬਚਾ ਲਿਆ ਗਿਆ ਸੀ ਜਦੋਂ ਜਿਊਰੀ ਦੇ ਇੱਕ ਮੈਂਬਰ ਨੇ ਪਿਛਲੇ ਹਫ਼ਤੇ ਸੁਣਵਾਈ ਸਮੇਂ ਸਰਬਸੰਮਤੀ ਨਾਲ ਆਪਣੀ ਸਹਿਮਤੀ ਨਹੀਂ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)