You’re viewing a text-only version of this website that uses less data. View the main version of the website including all images and videos.
'ਸਯਦ ਦੇ ਪੁੱਤਰ ਨੇ ਕੇਕ ਮੰਗਿਆ ਸੀ ਪਰ ਮੈਂ ਉਸ ਦੇ ਪਿਓ ਦੀ ਲਾਸ਼ ਲੈ ਕੇ ਜਾ ਰਿਹਾ ਹਾਂ'
- ਲੇਖਕ, ਰਿਆਜ਼ ਸੋਹੇਲ
- ਰੋਲ, ਬੀਬੀਸੀ ਉਰਦੂ
ਜਾਵੇਦ ਨੇ ਕਿਹਾ, "ਮੁਹੰਮਦ ਸਯਦ ਦੇ ਪੁੱਤਰ ਦਾ ਅੱਜ ਜਨਮ ਦਿਨ ਹੈ, ਉਸ ਨੇ ਕਿਹਾ ਸੀ ਕਿ ਕੇਕ ਲੈ ਕੇ ਆਉਣਾ ਪਰ ਮੈਂ ਉਸ ਦੇ ਪਿਓ ਦੀ ਲਾਸ਼ ਲੈ ਕੇ ਜਾ ਰਿਹਾ ਹਾਂ।"
ਜਾਵੇਦ ਨੇ ਇਹ ਗੱਲ ਉਸ ਸਮੇਂ ਦੱਸੀ ਜਦੋਂ ਉਹ ਆਪਣੇ ਵੱਡੇ ਭਰਾ ਮੁਹੰਮਦ ਸਯਦ ਦੀ ਲਾਸ਼ ਲੈਣ ਲਈ ਸ਼ਨੀਵਾਰ ਨੂੰ ਛੀਪਾ ਫਾਊਡੇਸ਼ਨ ਦੇ ਮੁਰਦਾ ਘਰ ਦੇ ਬਾਹਰ ਖੜਾ ਸੀ।
ਮੁਹੰਮਦ ਸਯਦ (50) ਕਰਾਚੀ ਪੁਲਿਸ ਦੇ ਹੈੱਡਕੁਆਰਟਰ ਵਿੱਚ ਲਿਫਟ ਚਾਲਕ ਸੀ।
ਉਹ ਪਿਛਲੀ ਰਾਤ ਕਰਾਚੀ ਪੁਲਿਸ ਦੇ ਦਫ਼ਤਰ ਉਪਰ ਹੋਏ ਹਮਲੇ ਵਿੱਚ ਮਾਰੇ ਗਏ ਚਾਰ ਲੋਕਾਂ ਵਿੱਚੋਂ ਇੱਕ ਸੀ।
ਸ਼ਨਿਵਾਰ ਨੂੰ ਕੇਂਦਰੀ ਪੁਲਿਸ ਦਫ਼ਤਰ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਲੋਕਾਂ ਦੇ ਜਨਾਜ਼ੇ ਦੀ ਨਮਾਜ਼ ਪੜੀ ਗਈ ਸੀ।
ਇਸ ਵਿੱਚ ਸਿੰਧ ਦੇ ਮੁੱਖ ਮੰਤਰੀ ਸੈਯਦ ਮੁਰਾਦ ਅਲੀ ਸ਼ਾਹ, ਆਈਜੀ ਗੁਲਾਮ ਨਬੀ ਮੇਮਨ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ ਸੀ।
'ਮੈਂ ਆਪਣੀ ਭਰਾ ਨੂੰ ਫ਼ੋਨ ਬੰਦ ਕਰਨ ਲਈ ਕਿਹਾ ਸੀ'
ਜਾਵੇਦ ਕਹਿੰਦੇ ਹਨ ਕਿ ਜਦੋਂ ਉਹਨਾਂ ਨੇ ਟੀਵੀ 'ਤੇ ਹਮਲੇ ਦੀ ਖ਼ਬਰ ਦੇਖੀ ਤਾਂ ਆਪਣੇ ਭਰਾ ਨੂੰ ਫੋਨ ਕੀਤਾ ਸੀ ਅਤੇ ਉਸ ਸਮੇਂ ਉਹ ਜਿਉਂਦਾ ਸੀ।
ਭਰਾ ਨੇ ਦੱਸਿਆ ਸੀ ਕਿ ਨਾਲ ਵਾਲੀ ਇਮਾਰਤ ਵਿੱਚ ਹਮਲਾ ਹੋਇਆ ਹੈ ਅਤੇ ਇਹ ਇਮਾਰਤ ਢਹਿ ਢੇਰੀ ਹੋ ਗਈ ਪਰ ਉਹ ਠੀਕ ਹੈ।
ਜਾਵੇਦ ਨੇ ਆਪਣੇ ਭਰਾ ਨੂੰ ਮੋਬਾਇਲ ਫੋਨ ਬੰਦ ਕਰਨ ਦੀ ਸਲਾਹ ਦਿੱਤੀ ਸੀ ਤਾਂ ਕਿ ਫੋਨ ਵੱਜਣ ਨਾਲ ਹਮਲਾਵਰ ਉਸ ਨੂੰ ਨਿਸ਼ਾਨਾ ਨਾ ਬਣਾ ਲੈਣ।
ਜਾਵੇਦ ਕਹਿੰਦੇ ਹਨ ਕਿ ਸਯਦ ਦੇ ਦੋ ਛੋਟੇ ਬੱਚੇ ਹਨ, ਇਕ ਦੀ ਉਮਰ ਚਾਰ ਸਾਲ ਅਤੇ ਦੂਜੇ ਦੀ ਉਮਰ 11 ਸਾਲ ਹੈ। ਅੱਜ ਉਸ ਦਾ ਜਨਮ ਦਿਨ ਹੈ। ਹੁਣ ਅਸੀਂ ਇਹਨਾਂ ਬੱਚਿਆਂ ਦੀ ਦੇਖਭਾਲ ਕਰਾਂਗੇ।
ਜਾਵੇਦ ਦੇ ਹੱਥ ਵਿੱਚ ਹਜ਼ਾਰ ਰੁਪਏ ਦੇ ਕਈ ਨੋਟ ਸਨ। ਉਸ ਨੇ ਕਿਹਾ ਕਿ ਪੁਲਿਸ ਵੈਲਫੇਅਰ ਦੇ ਅਫ਼ਸਰਾਂ ਨੇ ਉਸ ਨੂੰ 50 ਹਜ਼ਾਰ ਰੁਪਏ ਦਿੱਤੇ ਹਨ ਪਰ ਉਹ ਪੁੱਛਦੇ ਹਨ, "ਮੈਂ ਇਹਨਾਂ ਦਾ ਕੀ ਕਰਨਾ ਹੈ?"
ਜਾਵੇਦ ਦੱਸਦੇ ਹਨ ਕਿ ਕਰੀਬ 20 ਸਾਲ ਪਹਿਲਾਂ ਉਸ ਦੇ ਵੱਡੇ ਭਰਾ ਸ਼ਮੀਮ ਟਾਰਗੈਟ ਕਿਲਿੰਗ ਦਾ ਸ਼ਿਕਾਰ ਹੋ ਗਏ ਸਨ ਅਤੇ ਉਸ ਦੇ ਕਤਲ ਦੇ ਦੋਸ਼ੀ ਹਾਲੇ ਤੱਕ ਫੜੇ ਨਹੀਂ ਗਏ।
"ਮੈਂ ਏਜੰਸੀਆਂ ਤੋਂ ਬਿਲਕੁਲ ਵੀ ਸੁਤੰਸ਼ਟ ਨਹੀਂ ਹਾਂ।"
ਜਾਵੇਦ ਦਾ ਮੰਨਣਾ ਹੈ ਕਿ ਇਹ ਹਮਲਾ ਸੁਰੱਖਿਆ ਵਿੱਚ ਲਾਪਰਵਾਹੀ ਕਾਰਨ ਹੋਇਆ ਹੈ ਕਿਉਂਕਿ ਹਮਲਾਵਰ ਇੱਕ ਸੰਵੇਦਨਸ਼ੀਲ ਸੰਸਥਾ ਵਿੱਚ ਆਸਾਨੀ ਨਾਲ ਘੁਸਪੈਠ ਕਰ ਗਏ। ਉਹ ਪੁੱਛਦੇ ਹਨ ਕਿ ਉਸ ਸਮੇਂ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਕਿੱਥੇ ਸਨ?
'ਹਾਲੇ ਤੱਕ ਬੱਚਿਆਂ ਨੂੰ ਨਹੀਂ ਦੱਸਿਆ'
ਕਰਾਚੀ ਪੁਲਿਸ ਹੈੱਡਕੁਆਰਟਰ 'ਤੇ ਹਮਲੇ ਦੌਰਾਨ ਖਾਕਰੂਬ ਅਜਮਲ ਕੱਟੜਪੰਥੀਆਂ ਦਾ ਪਹਿਲਾ ਸ਼ਿਕਾਰ ਬਣੇ ਸਨ।
ਉਹਨਾਂ ਦੀ ਭਰਜਾਈ ਸ਼ਬਾਨਾ ਮਸੀਹ ਮੁਰਦਾਘਰ ਦੇ ਬਾਹਰ ਇਕੱਲੀ ਔਰਤ ਸੀ ਜੋ ਅਜਮਲ ਦੀ ਲਾਸ਼ ਲੈਣ ਆਈ ਸੀ।
ਦੁੱਖ ਨਾਲ ਬੇਸੁੱਧ ਹੋਈ ਸ਼ਬਾਨਾ ਦਾ ਕਹਿਣਾ ਸੀ ਕਿ, 'ਅਜਮਲ ਨਾ ਸਿਰਫ਼ ਮੇਰਾ ਛੋਟਾ ਭਰਾ ਸੀ, ਸਗੋਂ ਪੁੱਤਰ ਵਰਗਾ ਸੀ। ਉਹ ਪਿਛਲੇ ਪੰਜ ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਸੀ'।
ਉਹਨਾਂ ਕਿਹਾ, "ਮੈਂ ਟੀਵੀ 'ਤੇ ਖ਼ਬਰ ਦੇਖੀ, ਉਸ ਤੋਂ ਬਾਅਦ ਅਜਮਲ ਦੀ ਫੋਟੋ ਵਟਸਐਪ ਗਰੁੱਪਾਂ 'ਚ ਦਿਖਾਈ ਦਿੱਤੀ। ਅਜਮਲ ਦਾ ਪਰਿਵਾਰ ਫੈਸਲਾਬਾਦ 'ਚ ਹੈ ਅਤੇ ਮੈਂ ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਹੈ।"
"ਉਸ ਦੀ ਇੱਕ 12 ਸਾਲ ਦੀ ਧੀ ਅਤੇ ਤਿੰਨ ਪੁੱਤਰ ਹਨ। ਬੱਚਿਆਂ ਨੂੰ ਹਾਲੇ ਇਸ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਨੂੰ ਸਿਰਫ ਇਹ ਕਿਹਾ ਗਿਆ ਹੈ ਕਿ ਅਜਮਲ ਨੂੰ ਗੋਲੀ ਲੱਗੀ ਹੈ ਅਤੇ ਉਹ ਜ਼ਖਮੀ ਹੈ।"
ਪੁਲਿਸ ਹੈੱਡਕੁਆਰਟਰ 'ਤੇ ਹਮਲੇ ਬਾਰੇ ਖਾਸ ਗੱਲਾਂ:
- ਕਰਾਚੀ ਪੁਲਿਸ ਹੈੱਡਕੁਆਰਟਰ ਉਪਰ ਹਮਲੇ ਵਿੱਚ 4 ਮੁਲਾਜ਼ਮਾਂ ਦੀ ਮੌਤ
- ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ
- ਤਿੰਨ ਹਮਲਾਵਰ ਵੀ ਮਾਰੇ ਗਏ, ਪੁਲਿਸ ਨੇ ਕੁਝ ਹਥਿਆਰ ਬਰਾਮਦ ਤੇ ਕਾਰ ਕਾਬੂ ਕੀਤੀ
- ਪੁਸਿਲ ਮੁਤਾਬਕ ਹਮਲੇ ਤੋਂ ਪਹਿਲਾਂ ਕਰੀਬ ਇਕ ਮਹੀਨੇ ਤੱਕ ਰੇਕੀ ਕੀਤੀ ਗਈ
ਨਿਯੁਕਤੀ ਦੇ ਪਹਿਲੇ ਹੀ ਦਿਨ ਹਮਲੇ 'ਚ ਮੌਤ
ਗ਼ੁਲਾਮ ਅੱਬਾਸ ਦਾ ਕਰਾਚੀ ਪੁਲਿਸ ਹੈਡਕੁਆਰਟਰ ਵਿੱਚ ਸ਼ਨੀਵਾਰ ਨੂੰ ਪਹਿਲਾ ਦਿਨ ਸੀ।
ਉਹ ਏਥੇ ਕੱਟੜਪੰਥੀਆਂ ਦੇ ਹਮਲੇ ਵਿੱਚ ਮਾਰੇ ਗਏ। ਉਹ ਪਹਿਲਾਂ ਕੋਰੰਗੀ ਵਿੱਚ ਤੈਨਾਤ ਸਨ ਜਿੱਥੋਂ ਉਨ੍ਹਾਂ ਦੀ ਬਦਲੀ ਹੋਈ ਸੀ।
ਉਹਨਾਂ ਦੇ ਚਾਚੇ ਦੇ ਪੁੱਤਰ ਨੇ ਬੀਬੀਸੀ ਨੂੰ ਦੱਸਿਆ ਕਿ ਗ਼ੁਲਾਮ ਅੱਬਾਸ ਪਹਿਲਾਂ ਫੌਜ ਵਿੱਚ ਸਨ ਅਤੇ ਸੇਵਾਮੁਕਤ ਹੋਣ ਤੋਂ ਬਾਅਦ 2011 ਵਿੱਚ ਕਾਂਸਟੇਬਲ ਭਰਤੀ ਹੋ ਗਏ ਸਨ।
ਗ਼ੁਲਾਮ ਅੱਬਾਸ ਲਰਕਾਣਾ ਦੇ ਰਹਿਣ ਵਾਲੇ ਸਨ, ਉਹਨਾਂ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਪੁੱਤਰ ਦਾ ਵਿਆਹ ਹੋ ਚੁੱਕਾ ਹੈ ਜਦਕਿ ਤਿੰਨ ਬੱਚੇ ਅਜੇ ਛੋਟੇ ਹਨ।
ਇਸ ਹਮਲੇ ਵਿਚ ਮਾਰੇ ਗਏ ਰੇਂਜਰ ਦੇ ਸਬ-ਇੰਸਪੈਕਟਰ ਤੈਮੂਰ ਮੁਲਤਾਨ ਦੇ ਰਹਿਣ ਵਾਲੇ ਸਨ।
ਰੇਂਜਰਸ ਦੇ ਬੁਲਾਰੇ ਅਨੁਸਾਰ ਉਨ੍ਹਾਂ ਦੇ ਮੂੰਹ 'ਤੇ ਗੋਲੀ ਲੱਗੀ ਸੀ ਅਤੇ ਉਹ ਬਚ ਨਹੀਂ ਸਕੇ। ਉਹ ਸੱਤ ਸਾਲ ਪਹਿਲਾਂ ਰੇਂਜਰਾਂ ਵਿੱਚ ਬਤੌਰ ਹੌਲਦਾਰ ਭਰਤੀ ਹੋਏ ਸਨ।
'ਲੱਗਦਾ ਸੀ ਜੰਗ ਚੱਲ ਰਹੀ ਹੈ'
ਛੀਪਾ ਫਾਊਂਡੇਸ਼ਨ ਦਾ ਦਫ਼ਤਰ ਕਰਾਚੀ ਪੁਲਿਸ ਹੈੱਡਕੁਆਰਟਰ ਦੇ ਨੇੜੇ ਹੈ।
ਸੈਂਟਰ ਦੇ ਇੰਚਾਰਜ ਚੌਧਰੀ ਸ਼ਾਹਿਦ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਦਰ 'ਚ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਸਨ ਪਰ ਪਤਾ ਲੱਗਾ ਹੈ ਕਿ ਇਹ ਵਿਆਹ ਕਾਰਨ ਹੋ ਰਹੀਆਂ ਸਨ।
ਸ਼ੁੱਕਰਵਾਰ ਸ਼ਾਮ 7:10 ਵਜੇ 'ਤੇ ਵੀ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਪਰ 10 ਮਿੰਟ ਬਾਅਦ ਇਹ ਹੋਰ ਤੇਜ਼ ਹੋ ਗਈ, ਜਿਵੇਂ ਕੋਈ ਜੰਗ ਚੱਲ ਰਹੀ ਹੋਵੇ।
ਜਦੋਂ ਉਹ ਐਂਬੂਲੈਂਸ ਲੈ ਕੇ ਬਾਹਰ ਆਏ ਤਾਂ ਪਤਾ ਲੱਗਿਆ ਕਿ ਕਰਾਚੀ ਪੁਲਿਸ ਹੈੱਡਕੁਆਰਟਰ 'ਤੇ ਹਮਲਾ ਹੋ ਗਿਆ ਹੈ।
ਛੀਪਾ ਫਾਊਂਡੇਸ਼ਨ ਦੇ ਵਲੰਟੀਅਰਾਂ ਵਿੱਚੋਂ ਇੱਕ ਨੌਮਨ ਬਲੋਚ ਨੇ ਹਮਲਾਵਰਾਂ ਦੀਆਂ ਲਾਸ਼ਾਂ ਨੂੰ ਚੁੱਕਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਉੱਥੇ ਪਹੁੰਚੇ ਸੀ ਤਾਂ ਭਾਰੀ ਗੋਲੀਬਾਰੀ ਹੋ ਰਹੀ ਸੀ।
ਉਹ ਕਹਿੰਦੇ ਹਨ, "ਜਦੋਂ ਅਸੀਂ ਉੱਥੇ ਪਹੁੰਚੇ ਤਾਂ ਹਮਲਾਵਰਾਂ ਦੀਆਂ ਲਾਸ਼ਾਂ ਉੱਥੇ ਪਈਆਂ ਸਨ। ਉਨ੍ਹਾਂ ਨੇ ਆਪਣੇ ਸਰੀਰ 'ਤੇ ਬੰਬ ਪਾਏ ਹੋਏ ਸਨ। ਇਹ ਬੰਬ ਸਾਡੇ ਸਾਹਮਣੇ ਕੱਟੇ ਗਏ। ਇਸ ਤੋਂ ਬਾਅਦ, ਅਸੀਂ ਲਾਸ਼ਾਂ ਨੂੰ ਸਟਰੈਚਰ 'ਤੇ ਹਸਪਤਾਲ ਲੈ ਗਏ।"
ਚੌਧਰੀ ਸ਼ਾਹਿਦ ਮੁਤਾਬਕ ਤਿੰਨ ਹਮਲਾਵਰਾਂ ਵਿੱਚੋਂ ਇੱਕ ਨੇ ਆਪਣੇ ਆਪ ਨੂੰ ਤੀਸਰੀ ਮੰਜ਼ਿਲ ਤੋਂ ਆਤਮਘਾਤੀ ਜੈਕੇਟ ਨਾਲ ਉਡਾ ਲਿਆ ਜਦਕਿ ਦੋ ਹੋਰ ਛੱਤ ਉਪਰ ਮਾਰੇ ਗਏ।
ਉਹਨਾਂ ਕਿਹਾ ਕਿ ਮਰਨ ਵਾਲਿਆਂ ਦੀ ਉਮਰ 30 ਤੋਂ 35 ਸਾਲ ਦੇ ਕਰੀਬ ਸੀ।
ਤਿੰਨਾਂ ਨੇ ਸਲਵਾਰ ਕਮੀਜ਼ ਪਾਈ ਹੋਈ ਸੀ, ਇਕ ਦੇ ਦਾੜੀ ਸੀ, ਦੋ ਨੇ ਜਾਗਰਸ ਅਤੇ ਇੱਕ ਨੇ ਸੈਂਡਲ ਪਾਏ ਹੋਏ ਸੀ।
ਉਹਨਾਂ ਕੋਲ ਬੈਗ ਵਿੱਚ ਹਥਿਆਰਾਂ ਦੇ ਨਾਲ-ਨਾਲ ਬਿਸਕੁਟ ਵੀ ਸਨ।
'ਇਕ ਮਹੀਨੇ ਤੱਕ ਰੇਕੀ ਕੀਤੀ'
ਕਰਾਚੀ ਪੁਲਿਸ ਦਾ ਕਹਿਣਾ ਹੈ ਕਿ ਹਮਲੇ ਤੋਂ ਪਹਿਲਾਂ 15 ਦਿਨਾਂ ਤੋਂ ਲੈ ਕੇ ਇੱਕ ਮਹੀਨੇ ਤੱਕ ਹੈਡਕੁਆਰਟਰ ਦੀ ਰੇਕੀ ਕੀਤੀ ਗਈ ਸੀ।
ਡੀਆਈਜੀ ਦੱਖਣੀ ਇਰਫ਼ਾਨ ਬਲੋਚ ਦਾ ਕਹਿਣਾ ਹੈ ਕਿ 'ਕੇਪੀਓ ਦੀ ਸੁਰੱਖਿਆ ਤਿੰਨ ਸ਼ਿਫਟਾਂ ਵਿੱਚ ਹੁੰਦੀ ਹੈ। ਉਹ ਕਰਮਚਾਰੀਆਂ ਦੇ ਕਵਾਰਟਰ ਵਾਲੇ ਰਸਤੇ ਤੋਂ ਆਏ ਸਨ। ਜਿੱਥੋਂ ਆਮ ਆਦਮੀ ਨਹੀਂ ਆ ਸਕਦਾ।"
"ਹਮਲਾਵਰਾਂ ਨੇ ਇੱਕੋ ਸਮੇਂ ਕਈ ਚੀਜ਼ਾਂ ਦੀ ਜਾਂਚ ਕੀਤੀ ਜਿਵੇਂ ਕਿਸ ਸਮੇਂ ਦਾਖਲ ਹੋਣਾ ਹੈ ਅਤੇ ਕਿਸ ਸਮੇਂ ਸੁਰੱਖਿਆ ਵਿੱਚ ਢਿੱਲ ਹੁੰਦੀ ਹੈ। ਸ਼ੁਕਰਵਾਰ ਨੂੰ ਮਸਜਿਦ ਵਿੱਚ ਸਖ਼ਤ ਸੁਰੱਖਿਆ ਕਰ ਦਿੱਤੀ ਜਾਂਦੀ ਹੈ। ਹਮਲਾ ਮਗਰਿਬ ਦੀ ਨਮਾਜ਼ ਦੌਰਾਨ ਕੀਤਾ ਗਿਆ ਸੀ ਜਦੋਂ ਕਾਂਸਟੇਬਲ ਨਮਾਜ਼ ਪੜ ਰਹੇ ਸਨ।"
ਬਲੋਚ ਮੁਤਾਬਕ ਹਮਲਾਵਰਾਂ ਦਾ ਨਿਸ਼ਾਨਾ ਵਧੀਕ ਆਈਜੀ ਦਾ ਦਫ਼ਤਰ ਸੀ। ਜਿੱਥੇ ਉਹਨਾਂ ਨੇ ਧਮਾਕਾ ਕੀਤਾ, ਉਸ ਥਾਂ ਨੇੜੇ ਆਧੁਨਿਕ ਹਥਿਆਰਾਂ ਦਾ ਭੰਡਾਰ ਸੀ।
ਉਹਨਾਂ ਕਿਹਾ ਕਿ ਹਮਲਾਵਰਾਂ ਕੋਲ ਹੱਥਗੋਲੇ ਵੀ ਸਨ, ਇਹਨਾਂ ਵਿੱਚੋਂ ਕਰੀਬ 15 ਦੀ ਵਰਤੋਂ ਕਰ ਲਈ ਗਈ ਪਰ ਬਾਕੀ ਪੁਲਿਸ ਨੇ ਬਰਾਮਦ ਕਰ ਲਏ।
ਪੁਲਿਸ ਨੇ ਇੱਕ ਕਾਰ ਵੀ ਕਬਜ਼ੇ ਵਿੱਚ ਲਈ ਹੈ।
ਜ਼ਿਕਰਯੋਗ ਹੈ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਕਰਾਚੀ ਵਿੱਚ ਆਪਰੇਸ਼ਨ ਜ਼ਰਬ-ਏ-ਅਜ਼ਬ ਤੋਂ ਬਾਅਦ ਟੀਟੀਪੀ ਦਾ ਇਹ ਪਹਿਲਾ ਵੱਡਾ ਹਮਲਾ ਹੈ।
ਇਹ ਵੀ ਪੜ੍ਹੋ:
- ਅਮ੍ਰਿਤਪਾਲ ਸਿੰਘ : ਖਾਲਿਸਤਾਨ, ਗ੍ਰਿਫ਼ਤਾਰੀਆਂ ਤੇ ਦੀਪ ਸਿੱਧੂ ਦੇ ਪਰਿਵਾਰ ਨਾਲ ਮਤਭੇਦਾਂ ਸਣੇ ਹੋਰ ਇਲਜ਼ਾਮਾਂ ਦੇ ਖੁੱਲ੍ਹ ਕੇ ਦਿੱਤੇ ਜਵਾਬ
- ਅਮ੍ਰਿਤਪਾਲ ਨੇ ਕੁੱਟਮਾਰ ਦਾ ਕੇਸ ਝੂਠਾ ਦੱਸਿਆ, ਸਾਥੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
- ਕਲੀ ਜੋਟਾ: ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ਦੇ ਇਨ੍ਹਾਂ ਸੀਨਜ਼ ਉੱਤੇ ਉੱਠਿਆ ਵਿਵਾਦ
- ਅੰਦੋਲਨ 'ਚ ਮਿਲੇ ਸੀ ਸਵਰਾ ਭਾਸਕਰ ਤੇ ਫਹਾਦ ਅਹਿਮਦ, ਇੰਝ ਅੱਗੇ ਵਧਿਆ ਰਿਸ਼ਤਾ