ਹਾਈਬ੍ਰਿਡ ਜੰਗ ਕੀ ਹੁੰਦੀ ਹੈ, ਜਿਸ ਰਾਹੀ ਰੂਸ ਨਾਟੋ ਮੁਲਕਾਂ ਨੂੰ ਘੇਰ ਰਿਹਾ ਹੈ

ਤਸਵੀਰ ਸਰੋਤ, Reuters
- ਲੇਖਕ, ਫਰੈਂਕ ਗਾਰਡਨਰ
- ਰੋਲ, ਬੀਬੀਸੀ ਪੱਤਰਕਾਰ, ਫਿਨਲੈਂਡ
ਪੱਛਮ ਦੇ ਲੋਕਤੰਤਰੀ ਮੁਲਕਾਂ ਨੂੰ ਕਮਜ਼ੋਰ ਕਰਨ ਲਈ ਪਾਣੀ ਹੇਠਾਂ ਰਹੱਸਮਈ ਧਮਾਕੇ, ਅਣਜਾਣ ਸਾਈਬਰ ਹਮਲੇ ਅਤੇ ਸੂਖ਼ਮ ਆਨਲਾਈਨ ਮੁਹਿੰਮਾਂ-ਇਹ ਸਭ ਹਾਈਬ੍ਰਿਡ ਖ਼ਤਰੇ ਹਨ।
ਬੀਬੀਸੀ ਨੇ ਇੱਕ ਅਜਿਹੇ ਕੇਂਦਰ ਦਾ ਦੌਰਾ ਕੀਤਾ, ਜੋ ਖ਼ਾਸ ਤੌਰ 'ਤੇ ਜੰਗ ਦੇ ਇਨ੍ਹਾਂ ਨਵੇਂ ਤਰੀਕਿਆਂ ਨਾਲ ਨਜਿੱਠਣ ਵੱਲ ਕੰਮ ਕਰਦਾ ਹੈ, ਜੋ ਨਾਟੋ (Nato) ਅਤੇ ਯੂਰਪੀਅਨ ਯੂਨੀਅਨ ਲਈ ਚਿੰਤਾ ਬਣੇ ਹੋਏ ਹਨ।
ਹਾਈਬ੍ਰਿਡ ਜੰਗ ਬਾਰੇ ਸਮਝਾਉਂਦਿਆਂ ਟੀਜਾ ਟਿਲੀਕੇਨੀਅਨ ਨੇ ਕਿਹਾ, "ਇਹ ਜਾਣਕਾਰੀਆਂ ਦੀ ਹੇਰਾ-ਫੇਰੀ ਸਬੰਧੀ ਹੈ। ਇਹ ਅਹਿਮ ਬੁਨਿਆਦੀ ਢਾਂਚੇ ਉੱਤੇ ਹਮਲੇ ਬਾਰੇ ਹੈ।"
ਟੀਜਾ ਯੂਰਪੀਅਨ ਸੈਂਟਰ ਆਫ ਐਕਸੀਲੈਂਸ ਫਾਰ ਕਾਊਂਟਰਿੰਗ ਹਾਈਬ੍ਰਿਡ ਥ੍ਰੈਟਸ (ਬਾਈਬ੍ਰਿਡ ਖ਼ਤਰਿਆਂ ਨਾਲ ਨਜਿੱਠਣ ਲਈ ਬਣੇ ਯੂਰਪੀਅਨ ਸੈਂਟਰ) ਦੀ ਡਾਇਰੈਕਟਰ ਹੈ, ਜੋ ਕਿ ਛੇ ਸਾਲ ਪਹਿਲਾਂ ਫਿਨਲੈਂਡ ਦੇ ਹੈਲਿੰਸਕੀ ਵਿੱਚ ਸਥਾਪਿਤ ਕੀਤਾ ਗਿਆ ਸੀ।
ਉਹ ਕਹਿੰਦੇ ਹਨ ਕਿ ਇਹ ਖ਼ਤਰੇ ਦਾ ਇੱਕ ਗੁੰਝਲਦਾਰ ਰੂਪ ਹੈ, ਜਿਸ ਦਾ ਸਾਹਮਣਾ ਕਰਨਾ ਅਤੇ ਜਿਸ ਤੋਂ ਖੁਦ ਨੂੰ ਬਚਾਉਣਾ ਦੇਸ਼ਾਂ ਲਈ ਬਹੁਤ ਮੁਸ਼ਕਿਲ ਹੈ।
ਪਰ ਇਹ ਖ਼ਤਰੇ ਸਚਮੁੱਚ ਹਨ।
ਪਿਛਲੇ ਸਤੰਬਰ ਮਹੀਨੇ, ਬਾਲਟਿਕ ਸਮੁੰਦਰ ਵਿੱਚ ਪਾਣੀ ਹੇਠਾਂ ਹੋਏ ਜ਼ੋਰਦਾਰ ਧਮਾਕਿਆਂ ਨੇ ਡੈੱਨਮਾਰਕ ਤੇ ਸਵੀਡਨ ਦੇ ਤੱਟਾਂ ਦਰਮਿਆਨ ਨੌਰਡ ਸਟਰੀਮ ਗੈਸ ਪਾਈਪ-ਲਾਈਨ ਵਿੱਚ ਸੁਰਾਖ਼ ਕਰ ਦਿੱਤੇ ਸੀ।
ਇਹ ਪਾਈਪ-ਲਾਈਨ ਉੱਤਰੀ ਜਰਮਨੀ ਤੱਕ ਰੂਸੀ ਗੈਸ ਪਹੁੰਚਾਉਣ ਲਈ ਤਿਆਰ ਕੀਤੀ ਗਈ ਸੀ।
ਰੂਸ ਨੇ ਬਿਨ੍ਹਾਂ ਦੇਰੀ ਕੀਤਿਆਂ ਇਸ ਪਿੱਛੇ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਪੱਛਮੀ ਮੁਲਕਾਂ ਦਾ ਸ਼ੱਕ ਹੈ ਕਿ ਫ਼ਰਵਰੀ 2022 ਵਿੱਚ ਰੂਸ ਵੱਲੋਂ ਯੁਕਰੇਨ 'ਤੇ ਹਮਲੇ ਬਾਅਦ ਯੁਕਰੇਨ ਦਾ ਸਾਥ ਦੇਣ ਦੀ ਸਜ਼ਾ ਵਜੋਂ ਪੱਛਮੀ ਦੇਸ਼ਾਂ ਵਿੱਚ ਊਰਜਾ ਦੀ ਘਾਟ ਪੈਦਾ ਕਰਨਾ ਰੂਸ ਦਾ ਮਕਸਦ ਹੋ ਸਕਦਾ ਹੈ।

ਅਹਿਮ ਬਿੰਦੂ
- ਪੱਛਮ ਦੇ ਲੋਕਤੰਤਰਾਂ ਨੂੰ ਕਮਜ਼ੋਰ ਕਰਨ ਲਈ ਕਈ ਹਾਈਬ੍ਰਿਡ ਖ਼ਤਰੇ ਹਨ।
- ਇਨ੍ਹਾਂ ਵਿੱਚ ਪਾਣੀ ਹੇਠਾਂ ਰਹੱਸਮਈ ਧਮਾਕੇ, ਅਣਜਾਣ ਸਾਈਬਰ ਹਮਲੇ ਅਤੇ ਸੂਖ਼ਮ ਆਨਲਾਈਨ ਮੁਹਿੰਮਾਂ ਵੀ ਸ਼ਾਮਿਲ ਹਨ।
- ਗ਼ਲਤ ਜਾਣਕਾਰੀਆਂ ਫੈਲਾਉਣਾ ਵੀ ਇਸ ਦਾ ਤਰੀਕਾ ਹੋ ਸਕਦਾ ਹੈ।
- ਇਹ ਖ਼ਤਰੇ ਦਾ ਇੱਕ ਗੁੰਝਲਦਾਰ ਰੂਪ ਹੈ।
- ਹਾਈਬ੍ਰਿਡ ਖ਼ਤਰਿਆਂ ਦੀ ਖਾਸ ਵਿਸ਼ੇਸ਼ਤਾ ਸ਼ਾਇਦ ਇਹ ਹੁੰਦੀ ਹੈ ਕਿ ਇਸ ਵਿੱਚ ਹਥਿਆਰਾਂ ਦਾ ਇਸਤੇਮਾਲ ਜਾਂ ਗੋਲੀਬਾਰੀ ਨਹੀਂ ਕੀਤੀ ਜਾਂਦੀ।

'ਗ਼ਲਤ ਜਾਣਕਾਰੀਆਂ'
ਇਸ ਵਿੱਚ ਚੋਣਾਂ ਸਬੰਧੀ ਦਖਲਅੰਦਾਜ਼ੀ ਵੀ ਸ਼ਾਮਲ ਹੈ। ਉਸ ਵੇਲੇ ਕੁਝ ਲੋਕਾਂ ਨੂੰ ਅਹਿਸਾਸ ਹੋਇਆ, ਪਰ 2016 ਦੀਆਂ ਯੂਐੱਸ ਚੋਣਾਂ ਤੋਂ ਬਾਅਦ, ਜਾਂਚਕਰਤਾਵਾਂ ਨੇ ਹਿਲੇਰੀ ਕਲਿੰਟਨ ਦੀਆਂ ਸੰਭਾਵਨਾਵਾਂ ਨੂੰ ਸੱਟ ਪਹੁੰਚਾਉਣ ਅਤੇ ਡੋਨਲਡ ਟਰੰਪ ਦੇ ਪੱਖ਼ ਵਿੱਚ ਰੂਸ ਦੀ ਦਖਲਅੰਦਾਜ਼ੀ ਹੋਣ ਦੀ ਗੱਲ ਆਖੀ। ਰੂਸ ਨੇ ਫਿਰ ਤੋਂ ਇਨਕਾਰ ਦਿੱਤਾ।
ਇਲਜ਼ਾਮ ਹਨ ਕਿ ਇਹ ਸਭ ਸੋਸ਼ਲ ਮੀਡੀਆ 'ਤੇ ਫਰਜੀ ਖਾਤੇ ਬਣਾ ਕੇ 'ਟਰੋਲ ਫ਼ੈਕਟਰੀਆਂ' ਰਾਹੀਂ ਕੀਤਾ ਗਿਆ।

ਇੱਕ ਹੋਰ ਤਰੀਕਾ ਹੈ, ਗ਼ਲਤ ਜਾਣਕਾਰੀਆਂ। ਜਾਣਬੁੱਝ ਕੇ ਗ਼ਲਤ ਬਿਰਤਾਂਤ ਫੈਲਾਉਣਾ, ਜੋ ਅਕਸਰ ਵਧੇਰੇ ਗ੍ਰਹਿਣ ਕਰਨ ਵਾਲੀ ਜਨਤਾ ਨੂੰ ਆਕਰਸ਼ਕ ਲੱਗੇ।
ਰੂਸ ਦੇ ਯੁਕਰੇਨ 'ਤੇ ਹਮਲੇ ਤੋਂ ਬਾਅਦ ਇਹ ਕਾਫ਼ੀ ਵਧਿਆ ਹੈ। ਜਿਵੇਂ ਕਿ ਸਿਰਫ਼ ਰੂਸ ਹੀ ਨਹੀਂ, ਪੱਛਮੀ ਦੇਸ਼ਾਂ ਵਿੱਚ ਵੀ ਕਰੋੜਾਂ ਲੋਕ ਇਹ ਸਵੀਕਾਰ ਕਰ ਰਹੇ ਹਨ ਕਿ ਹਮਲਾ ਆਤਮ-ਰੱਖਿਆ ਲਈ ਜ਼ਰੂਰੀ ਸੀ।
ਪੱਛਮੀ ਸਰਕਾਰਾਂ ਨੂੰ ਅਜਿਹੇ ਹਮਲਿਆਂ ਦੀ ਪਛਾਣ ਅਤੇ ਉਨ੍ਹਾਂ ਤੋਂ ਰੱਖਿਆ ਵਿੱਚ ਮਦਦ ਲਈ ਨਾਟੋ ਅਤੇ ਯੂਰਪੀਅਨ ਯੂਨੀਅਨ ਨੇ ਫਿਨਲੈਂਡ ਵਿੱਚ ਇਹ ਸੈਂਟਰ ਸਥਾਪਿਤ ਕੀਤਾ ਸੀ।
ਅਜਿਹੇ ਸੈਂਟਰ ਲਈ ਇਹ ਦੇਸ਼ ਕੁਦਰਤੀ ਅਤੇ ਦਿਲਚਸਪ ਬਦਲ ਸੀ। ਫਿਨਲੈਂਡ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਨਿਰਪੱਖ ਰਿਹਾ ਹੈ, ਜਿਸ ਨੇ ਇਸ ਨੂੰ ਯੂਐੱਸਐੱਸਆਰ ਨੂੰ ਖੇਤਰ ਸੌਂਪਦਿਆਂ ਦੇਖਦਿਆਂ।
ਪਰ ਦੋ ਦੇਸ਼ 1300 ਕਿੱਲੋਮੀਟਰ ਲੰਬੀ ਸਰਹੱਦ ਸਾਂਝੀ ਕਰਦੇ ਹਨ ਅਤੇ ਫਿਨਲੈਂਡ ਪੱਛਮ ਦੇ ਕਾਫੀ ਨੇੜੇ ਆ ਰਿਹਾ ਹੈ, ਪਿਛਲੇ ਸਾਲ ਨਾਟੋ ਵਿੱਚ ਵੀ ਸ਼ਾਮਲ ਹੋ ਗਿਆ।
ਬੇਹੱਦ ਠੰਡੀ ਅਤੇ ਬਰਫਬਾਰੀ ਵਾਲੀ ਸਵੇਰ, ਮੈਂ ਇਸ ਸੈਂਟਰ ਵਿੱਚ ਪਹੁੰਚੀ, ਜੋ ਕਿ ਰੂਸ ਅੰਬੈਸੀ ਤੋਂ ਕੁਝ ਦੂਰ ਡਿਫੈਂਸ ਮੰਤਰਾਲੇ ਨੇੜੇ ਦਫ਼ਤਰੀ ਬਲੌਕ ਵਿੱਚ ਸੀ।
ਉੱਥੇ ਡਾਇਰੈਕਟਰ ਟੀਜਾ ਕਰੀਬ 40 ਵਿਸ਼ਲੇਸ਼ਕਾਂ ਅਤੇ ਮਾਹਿਰਾਂ ਦੀ ਅਗਵਾਈ ਕਰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਤਾਜ਼ਾ ਧਿਆਨ ਆਰਕਟਿਕ ਵੱਲ ਹੈ, ਜਿੱਥੇ ਸੰਭਾਵਿਤ ਹਾਈਬ੍ਰਿਡ ਖ਼ਤਰਿਆਂ ਬਾਰੇ ਉਨ੍ਹਾਂ ਨੇ ਪਤਾ ਲਗਾਇਆ ਹੈ
ਉਨ੍ਹਾਂ ਸਮਝਾਇਆ, "ਊਰਜਾ ਦੇ ਨਵੇਂ ਸ੍ਰੋਤ ਉੱਭਰ ਰਹੇ ਹਨ। ਮਹਾਨ ਤਾਕਤਾਂ ਵੱਲੋਂ ਆਪਣੇ ਹਿਤਾਂ ਦੀ ਰੱਖਿਆ ਬਾਰੇ ਨਵੀਆਂ ਸੰਭਾਵਨਾਵਾਂ ਹਨ। ਕਾਫ਼ੀ ਜਾਣਕਾਰੀਆਂ ਗ਼ਲਤ ਢੰਗ ਨਾਲ ਪੇਸ਼ ਹੋ ਰਹੀਆਂ ਹਨ।"
"ਰੂਸੀ ਬਿਰਤਾਂਤ ਹੈ ਕਿ ਆਰਕਟਿਕ ਖਾਸ ਖੇਤਰ ਹੈ, ਜੋ ਕਿ ਵਿਵਾਦਾਂ ਤੋਂ ਬਾਹਰ ਹੈ ਅਤੇ ਜਿੱਥੇ ਕੁਝ ਬੁਰਾ ਨਹੀਂ ਹੋ ਰਿਹਾ। ਫਿਰ ਵੀ ਰੂਸ ਉੱਥੇ ਫ਼ੌਜ ਤਿਆਰ ਕਰ ਰਿਹਾ ਹੈ।"
ਸੂਖ਼ਮ ਖ਼ਤਰੇ
ਹਾਈਬ੍ਰਿਡ ਖ਼ਤਰਿਆਂ ਦੀ ਖਾਸ ਵਿਸ਼ੇਸ਼ਤਾ ਸ਼ਾਇਦ ਇਹ ਹੁੰਦੀ ਹੈ ਕਿ ਇਸ ਵਿੱਚ ਹਥਿਆਰਾਂ ਦਾ ਇਸਤੇਮਾਲ ਜਾਂ ਗੋਲੀਬਾਰੀ ਨਹੀਂ ਕੀਤੀ ਜਾਂਦੀ।
ਇਹ ਖ਼ਤਰੇ ਬਹੁਤ ਸੂਖਮ ਹੁੰਦੇ ਹਨ, ਪਰ ਖ਼ਤਰਨਾਕ ਘੱਟ ਨਹੀਂ ਹੁੰਦੇ।
ਇਨ੍ਹਾਂ ਖ਼ਤਰਿਆਂ ਵਿੱਚ ਇਹ ਭਾਂਪਣਾ ਮੁਸ਼ਕਿਲ ਹੁੰਦਾ ਕਿ ਇਨ੍ਹਾਂ ਦੇ ਪਿੱਛੇ ਹੈ ਕੌਣ ਜਿਵੇਂ ਕਿ ਸਾਲ 2007 ਵਿੱਚ ਇਸਟੋਨੀਆ 'ਤੇ ਵੱਡਾ ਸਾਈਬਰ ਹਮਲਾ, ਜਾਂ ਪਿਛਲੇ ਸਾਲ ਬਾਲਟਿਕ ਵਿੱਚ ਗੈਸ ਪਾਈਪ-ਲਾਈਨ ਧਮਾਕੇ।
ਅਪਰਾਧੀ ਜਿੱਥੋਂ ਤੱਕ ਸੰਭਵ ਹੋ ਸਕੇ, ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦੇ ਹਨ।
ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਰਾਹੀਂ ਸਿੱਧੀ ਫ਼ੌਜੀ ਕਾਰਵਾਈ ਤੋਂ ਬਿਨ੍ਹਾਂ ਵੀ ਇੱਕ ਮੁਲਕ ਦੂਜੇ ਮੁਲਕ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਸੈਂਟਰ ਵੱਲੋਂ ਤਿਆਰ ਕੀਤੀ ਗਈ ਹੈਂਡਬੁੱਕ ਵਿੱਚ ਇਨ੍ਹਾਂ ਬਾਰੇ ਦੱਸਿਆ ਗਿਆ ਹੈ, ਮੈਰੀਟਾਈਮ ਹਾਈਬ੍ਰਿਡ ਖ਼ਤਰਿਆਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ, ਜਿਸ ਵਿੱਚ ਅਜਿਹੇ 10 ਦ੍ਰਿਸ਼ ਦੱਸੇ ਗਏ ਹਨ ਜੋ ਕਾਲਪਨਿਕ ਪਰ ਮੰਨਣਯੋਗ ਹਨ।
ਇਨ੍ਹਾਂ ਵਿੱਚ ਪਾਣੀ ਦੇ ਅੰਦਰ ਗੁਪਤ ਰੂਪ ਵਿੱਚ ਹਥਿਆਰਾਂ ਦੇ ਇਸਤੇਮਾਲ ਤੋਂ ਲੈ ਕੇ ਕਿਸੇ ਟਾਪੂ ਨੂੰ ਕੰਟਰੋਲ ਜ਼ੋਨ ਐਲਾਨੇ ਜਾਣ ਤੱਕ ਸ਼ਾਮਲ ਹਨ।
ਇੱਕ ਅਸਲ ਦ੍ਰਿਸ਼ ਵਿੱਚ ਯੁਕਰੇਨ 'ਤੇ ਹਮਲੇ ਤੋਂ ਪਹਿਲਾਂ ਰੂਸ ਦੀ ਅਜ਼ੋਵ ਸਮੁੰਦਰ ਵਿੱਚ ਕਾਰਵਾਈ ਦਰਸਾਈ ਗਈ ਹੈ।
ਅਕਤੂਬਰ 2018 ਤੋਂ ਲੈ ਕੇ ਯੂਕਰੇਨ ਦੇ ਜਲ-ਬੇੜਿਆਂ ਨੂੰ ਉਨ੍ਹਾਂ ਦੇ ਘਰੇਲੂ ਮਾਰੀਓਪਲ ਅਤੇ ਬਰਡਾਇਨਸਕ ਪੋਰਟ ਤੋਂ ਕਰਚ ਸਟ੍ਰੇਟ ਰਾਹੀਂ ਬਲੈਕ ਸੁਮੰਦਰ ਤੱਕ ਜਾਣ ਲਈ ਪਹਿਲਾਂ ਰੂਸੀ ਅਧਿਕਾਰੀਆਂ ਕੋਲ ਜਾਂਚ ਲਈ ਰੁਕਣਾ ਪੈਂਦਾ ਸੀ।
ਡਾਇਰੈਕਟਰ ਆਫ ਵਲਨਰਬਿਲਟੀਜ਼ ਐਂਡ ਰੈਜ਼ੀਲੈਂਸ ਜੁੱਕਾ ਸਾਵੋਲੈਨਿਨ ਮੁਤਾਬਕ ਇਸ ਵਿੱਚ ਕਈ ਦਿਨ ਜਾਂ ਹਫ਼ਤੇ ਤੱਕ ਲੱਗ ਜਾਂਦੇ ਸੀ, ਜਿਸ ਨਾਲ ਯੁਕਰੇਨ ਨੂੰ ਆਰਥਿਕ ਨੁਕਸਾਨ ਹੁੰਦਾ ਸੀ।
ਪਰ ਫਿਨਲੈਂਡ ਦੇ ਇਸ ਸੈਂਟਰ ਦੇ ਮਾਹਰ ਜਾਣਕਾਰੀਆਂ ਵਿੱਚ ਹੇਰਾਫ਼ੇਰੀਆਂ ਦੇ ਖ਼ਤਰਿਆਂ ਨੂੰ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਸਮਝਦੇ ਹਨ।
ਪੂਰੇ ਯੂਰਪ ਵਿੱਚ ਕਾਫ਼ੀ ਓਪੀਨੀਅਨ ਪੋਲਜ਼ ਨੂੰ ਇਕੱਠਾ ਕਰਕੇ ਅਤੇ ਉਨ੍ਹਾਂ ਦਾ ਮੁਲਾਂਕਣ ਕਰਕੇ ਉਨ੍ਹਾਂ ਨੇ ਇਹ ਨਿਚੋੜ ਕੱਢਿਆ ਕਿ ਕਈ ਨਾਟੋ ਦੇਸ਼ਾਂ ਵਿੱਚ ਰੂਸ ਜਾਣਕਾਰੀਆਂ ਦੀ ਜੰਗ ਜਿੱਤ ਰਿਹਾ ਹੈ।
ਉਦਾਹਰਨ ਵਜੋਂ, ਜਰਮਨੀ ਵਿੱਚ ਕਰੈਮਲਿਨ ਦਾ ਬਿਰਤਾਂਤ ਜਿਸ ਮੁਤਾਬਕ ਯੁਕਰੇਨ 'ਤੇ ਰੂਸ ਦਾ ਹਮਲਾ ਜ਼ਰੂਰੀ ਕਾਰਵਾਈ ਸੀ, ਜਿਵੇਂ ਜਿੰਨੇ ਜੰਗ ਅੱਗੇ ਵਧੀ ਲੋਕਪ੍ਰਿਅਤਾ ਹਾਸਲ ਕਰਦਾ ਆਇਆ।
ਸਲੋਵਾਕੀਆ ਵਿੱਚ ਇੱਕ ਲੋਕ ਰਾਏ ਵਿੱਚ ਹਿੱਸਾ ਲੈਣ ਵਾਲੇ ਕਰੀਬ 30 ਫੀਸਦੀ ਲੋਕਾਂ ਨੇ ਮੰਨਿਆ ਕਿ ਯੁਕਰੇਨ ਜੰਗ ਪੱਛਮ ਵੱਲੋਂ ਜਾਣ ਬੁੱਝ ਕੇ ਉਕਸਾਈ ਗਈ।
ਹੰਗਰੀ ਵਿੱਚ, 18 ਫੀਸਦੀ ਨੇ ਇਸ ਜੰਗ ਲਈ 'ਯੁਕਰੇਨ ਵਿੱਚ ਰੂਸੀ ਬੋਲਣ ਵਾਲੇ ਲੋਕਾਂ ਨੂੰ ਦਬਾਏ ਜਾਣ' ਨੂੰ ਜ਼ਿੰਮੇਵਾਰ ਠਹਿਰਾਇਆ।
ਚੈਕ ਰਿਪਬਲਿਕ ਤੋਂ ਇੱਕ ਸੀਨੀਅਰ ਵਿਸ਼ਲੇਸ਼ਕ ਜੈਕੂਬ ਕੈਲਿੰਸਕੀ ਮੌਸਕੋ ਦੀ 'ਜਾਣਕਾਰੀਆਂ ਵਿੱਚ ਹੇਰਾ-ਫੇਰੀ' ਵਾਲੀ ਮੁਹਿੰਮ ਨੂੰ ਦਬਾਉਣ ਦੀ ਲੋੜ ਸਮਝਾਉਣ ਲਈ ਪਾਣੀ ਦੇ ਨਮੂਨੇ ਦਾ ਇਸਤੇਮਾਲ ਕਰਦੇ ਹਨ।
ਉਹ ਕਹਿੰਦੇ ਹਨ, "ਮੈਂ ਰੂਸ ਦੀ ਡਿਸ-ਇਨਫਰਮੇਸ਼ਨ ਦਾ ਮੁਲਾਂਕਣ ਖਾਸ ਤੌਰ 'ਤੇ ਆਧੁਨਿਕ ਵਜੋਂ ਨਹੀਂ ਕਰਾਂਗਾ। ਇਹ ਸੰਦੇਸ਼ ਦੀ ਆਕਰਸ਼ਕਤਾ ਬਾਰੇ ਨਹੀਂ ਹੈ, ਪਰ ਜਿਸ ਤਰ੍ਹਾਂ ਅੰਕੜਿਆਂ ਜ਼ਰੀਏ ਸਫਲਤਾ ਹਾਸਿਲ ਕੀਤੀ ਜਾਂਦੀ ਹੈ, ਉਸ ਬਾਰੇ ਹੈ।"
"ਇਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਪਹੁੰਚ ਦੇਣ ਦਾ ਕੋਈ ਕਾਰਨ ਨਹੀਂ ਬਣਦਾ। ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਤਾਜ਼ੇ ਪਾਣੀ ਤੱਕ ਪਹੁੰਚ ਹੋਵੇ, ਪਰ ਅਸੀਂ ਉਨ੍ਹਾਂ ਨੂੰ ਪਾਣੀ ਵਿੱਚ ਜ਼ਹਿਰ ਮਿਲਾਉਣ ਨਹੀਂ ਦੇ ਸਕਦੇ।"
ਟੀਜਾ ਟਿਲੀਕੇਨੀਅਨ ਕਹਿੰਦੇ ਹਨ ਕਿ ਹਾਈਬ੍ਰਿਡ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਕਦਮ ਚੁੱਕਣਾ ਸੈਂਟਰ ਦੀ ਭੂਮਿਕਾ ਨਹੀਂ ਹੈ ਬਲਕਿ ਉਨ੍ਹਾਂ ਦੀ ਭੂਮਿਕਾ ਹੈ ਇਨ੍ਹਾਂ ਦਾ ਮੁਲਾਂਕਣ ਕਰਨਾ, ਜਾਣਕਾਰੀ ਮੁਹੱਈਆ ਕਰਵਾਉਣਾ ਅਤੇ ਦੂਜਿਆਂ ਨੂੰ ਟਰੇਨਿੰਗ ਦੇਣਾ ਕਿ ਯੂਰਪ ਨੂੰ ਇਸ ਵਧ ਰਹੇ ਵਰਤਾਰੇ ਤੋਂ ਬਚਾਉਣ ਲਈ ਕੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ-















