ਤੁਰਕੀ ਭੂਚਾਲ ’ਚ 4300 ਮੌਤਾਂ: "ਅਸੀਂ ਉੱਜੜ ਗਏ ਹਾਂ। ਮੇਰੇ ਰੱਬਾ... ਸਾਡੇ ਜੀਅ ਸਾਨੂੰ ਪੁਕਾਰ ਰਹੇ ਹਨ।"

ਤਸਵੀਰ ਸਰੋਤ, Getty Images
ਤੁਰਕੀ 'ਚ ਭੂਚਾਲ ਤੋਂ ਬਾਅਦ ਮਲਬੇ ਹੇਠ ਜ਼ਿਉਂਦੇ ਲੋਕ ਮਦਦ ਲਈ ਗੁਹਾਰ ਲਗਾਉਂਦੇ ਰਹੇ। ਪਰ ਰਾਤ ਭਰ ਵਰ੍ਹਦੇ ਮੀਂਹ, ਬਰਫ਼ਬਾਰੀ ਤੇ ਕੜਾਕੇ ਦੀ ਠੰਡ ਨੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਕੰਮ ਔਖਾ ਕਰ ਦਿੱਤਾ ਹੈ।
ਤੁਰਕੀ 'ਚ ਰਾਹਤ ਕਾਰਜ਼ਾਂ 'ਚ ਲੱਗੇ ਡੈਨਿਜ਼ ਮੀਂਹ 'ਚ ਬੁਰੀ ਤਰ੍ਹਾਂ ਭਿੱਜੇ ਹੋਏ ਸਨ। ਉਨ੍ਹਾਂ ਖ਼ਬਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਕਿਹਾ, "ਲੋਕ ਅਵਾਜ਼ਾਂ ਮਾਰ ਰਹੇ ਸਨ, ਪਰ ਕੋਈ ਆ ਨਹੀਂ ਸੀ ਰਿਹਾ।"
ਡੈਨਿਜ਼ ਕੁਝ ਨਿਰਾਸ਼ਾ ਮਹਿਸੂਸ ਕਰਦਿਆਂ ਕਹਿੰਦੇ ਹਨ,"ਅਸੀਂ ਉੱਜੜ ਗਏ ਹਾਂ। ਮੇਰੇ ਰੱਬਾ....ਉਹ ਪੁਕਾਰ ਰਹੇ ਹਨ।"
ਉਹ ਦੱਸਦੇ ਹਨ, ਮਲਬੇ ਹੇਠਾਂ ਦੱਬੇ ਲੋਕ ਸਾਨੂੰ ਬਚਾਉਣ ਲਈ ਕਹਿ ਰਹੇ ਸਨ ਪਰ ਅਸੀਂ ਉਨ੍ਹਾਂ ਨੂੰ ਨਾ ਬਚਾ ਸਕੇ। ਸਵੇਰ ਤੋਂ ਹੁਣ ਤੱਕ ਕਿਸੇ ਨੂੰ ਵੀ ਨਹੀਂ।"
ਦੂਜੇ ਪਾਸੇ ਸੀਰੀਆ ਦੇ ਵ੍ਹਾਈਟ ਹੈਲਮੇਟਸ ਦੇ ਇਲਾਕੇ ਰਾਏਦ ਅਲ-ਸਾਲੇਹ ਜਿਸ ਉੱਤੇ ਬਾਗੀਆਂ ਦਾ ਕਬਜ਼ਾ ਹੈ ਵਿੱਚ ਬਚਾਅ ਕਾਰਜਾਂ ਵਿੱਚ ਲੱਗੇ ਲੋਕਾਂ ਦਾ ਕਹਿਣਾ ਹੈ ਉਹ ਵਕਤ ਨੂੰ ਮਾਤ ਦੇਣ ਦੀ ਦੌੜ ਵਿੱਚ ਸ਼ੁਮਾਰ ਹਨ।"
ਤੁਰਕੀ ਦੇ ਦੱਖਣੀ ਖੇਤਰ ਅਤੇ ਸੀਰੀਆ ਦੇ ਉੱਤਰੀ ਖੇਤਰ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਤੜਕੇ 4.17 ਮਿੰਟ ਨੂੰ ਭੂਚਾਲ ਆਏ ਭੂਚਾਲ ਨਾਲ ਮਰਨ ਵਾਲਿਆਂ ਦਾ ਅੰਕੜਾ 4300 ਪਾਰ ਕਰ ਗਿਆ ਹੈ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਯੂਐੱਸਜੀਐੱਸ ਮੁਤਾਬਕ ਪਹਿਲਾ ਝਟਕਾ ਸੀਰੀਆ ਦੀ ਸਰਹੱਦ ਦੇ ਨੇੜੇ ਗਾਜ਼ਿਏਨਟੇਪ ਨੇੜੇ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ 7.8 ਸੀ। ਜਿਸ ਵੇਲੇ ਭੂਚਾਲ ਆਇਆ ਲੋਕ ਸੁੱਤੇ ਪਏ ਸਨ ਅਤੇ ਆਪਣੇ ਹੀ ਘਰਾਂ ਦੀਆਂ ਇਮਾਰਤਾਂ ਹੇਠ ਦੱਬੇ ਗਏ।
ਇਸ ਤੋਂ ਬਾਅਦ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਕਰੀਬ 3.30 ਵਜੇ ਦੂਜੀ ਵਾਰ ਫੇਰ ਭੂਚਾਲ ਦੇ ਝਟਕੇ ਮਹਿਸੂਸ ਹੋਏ, ਜਿਸ ਦੀ ਰਿਕਟਰ ਪੈਮਾਨੇ ਉੱਤੇ ਤੀਬਰਤਾ 7.5 ਮਾਪੀ ਗਈ।
ਇਸ ਆਫ਼ਤ ਵਿੱਚ ਤੁਰਕੀ ਤੇ ਸੀਰੀਆ ਦੇ 3500 ਤੋਂ ਵੱਧ ਲੋਕ ਮਾਰੇ ਗਏ ਤੇ 5300 ਤੋਂ ਵੱਧ ਜ਼ਖ਼ਮੀ ਦੱਸੇ ਗਏ ਸਨ।
ਦੋਵਾਂ ਦੇਸਾਂ ਵਿਚ ਸੈਂਕੜੇ ਇਮਾਰਤਾਂ ਹੇਠ ਦੱਬੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜੰਗੀ ਪੱਧਰ ਉੱਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਦੁਨੀਆਂ ਭਰ ਦੇ ਆਗੂਆਂ ਨੇ ਘਟਨਾ ਉੱਤੇ ਦੁੱਖ ਪ੍ਰਗਟਾਉਦਿਆਂ ਮਦਦ ਦਾ ਭਰੋਸਾ ਦੁਆਇਆ ਹੈ
ਇਸ ਭੂਚਾਲ ਦਾ ਅਸਰ ਤੁਰਕੀ, ਸੀਰੀਆ, ਸਾਈਪ੍ਰਸ ਤੇ ਲਿਬਨਾਨ ਵਿੱਚ ਪਿਆ ਹੈ। ਪਰ ਵੱਡੀ ਤਬਾਹੀ ਤੁਰਕੀ ਸੀਰੀਆ ਸਰਹੱਦੀ ਖੇਤਰ ਵਿੱਚ ਹੋਈ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਏਰਦੋਗਨ ਨੇ ਸੋਮਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਰਾਹਤ ਕਾਰਜ ਜਾਰੀ ਹਨ ਅਤੇ ਅੰਕੜਾ ਕਿੰਨਾ ਵਧੇਗਾ, ਕੁਝ ਕਿਹਾ ਨਹੀਂ ਜਾ ਸਕਦਾ।
ਰਾਸ਼ਟਰਪਤੀ ਮੁਤਾਬਕ 1939 ਤੋਂ ਬਾਅਦ ਇਹ ਸਭ ਤੋਂ ਵੱਡਾ ਭੂਚਾਲ ਹੈ ਅਤੇ 2818 ਇਮਾਰਤਾਂ ਢਹਿ ਢੇਰੀ ਹੋਇਆਂ ਹਨ।

ਤੇਜ਼ੀ ਨਾਲ ਵੱਧ ਰਿਹਾ ਮੌਤਾਂ ਦਾ ਅੰਕੜਾ
ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸ਼ੋਏਲੂ ਨੇ ਕਿਹਾ ਕਿ ਭੁਚਾਲ ਦਾ ਅਗਰ 10 ਸ਼ਹਿਰਾਂ 'ਤੇ ਹੋਇਆ ਹੈ। ਇਹ ਸ਼ਹਿਰ-ਕਹਿਮਾਨਮਾਰਸ਼, ਹੈਟੇ, ਗਾਜ਼ਿਏਨਟੇਪ, ਔਸਮਾਨਿਓ, ਅਦਿਆਮਾਨ, ਸਨਲਿਓਰਫ਼ਾ, ਮਲੇਟਿਆ, ਅਦਾਨ, ਦਿਆਰਬਾਕਏਰ ਤੇ ਕਿਲਸ ਹਨ।
ਭੂਚਾਲ ਤੋਂ ਬਾਅਦ ਤੁਰਕੀ ਤੇ ਉਸ ਦੇ ਗੁਆਂਢੀ ਦੇਸ਼ ਸੀਰੀਆ ਵਿੱਚ ਲੋਕਾਂ ਨੂੰ ਮਲਬੇ ਹੇਠੋਂ ਕੱਢਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਇਆ ਪਰ ਮੀਂਹ ਤੇ ਠੰਡ ਨੇ ਰਾਹਤ ਕਾਰਜਾਂ ਵਿੱਚ ਰੁਕਾਵਟ ਪਾਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

ਤਸਵੀਰ ਸਰੋਤ, Getty Images

"ਸਾਰੇ ਲੋਕ ਘਰਾਂ ਤੋਂ ਬਾਹਰ ਹਨ, ਸਾਰੇ ਡਰੇ ਸਹਿਮੇ ਹਨ।"
ਸਥਾਨਕ ਲੋਕ ਤੜਕੇ ਆਏ ਭੂਚਾਲ ਤੋਂ ਬਾਅਦ ਡਰੇ ਹੋਏ ਹਨ।
ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਰਹਿਣ ਵਾਲੇ ਸਮੇਰ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ,"ਘਰ ਦੀਆਂ ਕੰਧਾਂ ਤੋਂ ਪੇਂਟਿੰਗਾਂ ਡਿੱਗਣ ਲੱਗੀਆਂ।"
"ਮੈਂ ਡਰਦਾ ਉੱਠਿਆ। ਤੇ ਕੁਝ ਹੀ ਪਲਾਂ 'ਚ ਅਸੀਂ ਸਾਰੇ ਤੜਕ ਸਾਰ ਬੂਹੇ ਮੂਹਰੇ ਖੜ੍ਹੇ ਸਾਂ।"

ਤਸਵੀਰ ਸਰੋਤ, Getty Images
ਤੁਰਕੀ 'ਚ ਰਹਿੰਦੇ ਐਰਡਮ ਨੇ ਵੀ ਇਸ ਭੂਚਾਲ ਬਾਰੇ ਦੱਸਦਿਆਂ ਕਿਹਾ, "ਸੁੱਤਿਆਂ ਦੇ ਸਾਡੇ ਬੈੱਡ ਇਸ ਤਰ੍ਹਾਂ ਹਿੱਲਣ ਲੱਗੇ ਜਿਵੇਂ ਬੱਚਿਆਂ ਦੇ ਪੰਘੂੜੇ ਹਿਲਦੇ ਹਨ।"
ਉਨ੍ਹਾਂ ਰਾਇਟਰਜ਼ ਨੂੰ ਕਿਹਾ,"ਮੈਂ ਆਪਣੀ ਜ਼ਿੰਦਗੀ ਦੇ 40 ਸਾਲਾਂ ਵਿੱਚ ਪਿਹਲਾਂ ਕਦੀ ਵੀ ਅਜਿਹਾ ਕੁਝ ਮਹਿਸੂਸ ਨਹੀਂ ਕੀਤਾ।"
"ਹਰ ਕੋਈ ਆਪਣੀ ਗੱਡੀ ਵਿੱਚ ਬਹਿ ਕਿਸੇ ਖੁੱਲ੍ਹੀ ਥਾਂ ਪਹੁੰਚ ਜਾਣਾ ਚਾਹੁੰਦਾ ਸੀ।"
"ਮੈਂ ਅੰਦਾਜਾ ਲਾ ਸਕਦਾ ਹਾਂ ਕਿ ਹੁਣ ਮੇਰੇ ਸ਼ਹਿਰ ਦਾ ਕੋਈ ਵੀ ਬੰਦਾ ਆਪਣੇ ਘਰ ਵਿੱਚ ਨਹੀਂ ਹੋਵੇਗਾ।"
ਇੱਕ ਹੋਰ ਤੁਰਕੀ ਵਾਸੀ ਪੈਜਕਸਿਕ ਨੇ ਦੱਸਿਆ ਕਿ ਪਰਿਵਾਰ ਜਬਰਦਸਤ ਝਟਕੇ ਲੱਗਣ ਉੱਤੇ ਜਾਗਿਆ। ਅਸੀਂ ਨੁਕਸਾਨ ਦਾ ਅੰਦਾਜਾ ਲਾਉਣ ਲਈ ਦਿਨ ਚੜ੍ਹਨ ਦੀ ਉਡੀਕ ਕਰਨ ਲੱਗੇ।
ਨੀਹਤ ਆਸਤੋਨਦਗ ਨੇ ਦਿ ਗਾਰਡੀਅਨ ਅਖ਼ਬਾਰ ਨੂੰ ਦੱਸਿਆ,"ਮੇਰੇ ਹਰ ਪਾਸੇ ਢਹਿ ਚੁੱਕੀਆਂ ਇਮਾਰਤਾਂ ਸਨ। ਉਹ ਇਮਾਰਤਾਂ ਸਨ ਜੋ ਤਿੜਕ ਰਹੀਆਂ ਹਨ। ਇੱਕ ਬਿਲਡਿੰਗ ਜਿੱਥੇ ਮੈਂ ਹੁਣ ਹਾਂ ਤੋਂ ਮਹਿਜ਼ 200 ਮੀਟਰ ਦੂਰੀ 'ਤੇ ਢਹਿ ਢੇਰੀ ਹੋ ਗਈ।"
"ਸਾਰੇ ਲੋਕ ਘਰਾਂ ਤੋਂ ਬਾਹਰ ਹਨ, ਸਾਰੇ ਡਰੇ ਸਹਿਮੇ ਹਨ।"

ਤਸਵੀਰ ਸਰੋਤ, Getty Images

ਬਚਾਅ ਕਾਰਜ ਸ਼ੁਰੂ-ਰਾਸ਼ਟਰਪਤੀ
ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਅਰਦੋਆਨ ਨੇ ਟਵਿੱਟਰ 'ਤੇ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਸ਼ੁਰੂ ਕੀਤੇ ਗਏ ਬਚਾਅ ਕਾਰਜਾਂ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, "ਮੈਂ ਕਹਿਮਾਨਮਾਰਸ਼ ਸਮੇਤ ਦੇਸ਼ ਦੇ ਹੋਰ ਇਲਾਕਿਆਂ ਵਿੱਚ ਭੂਚਾਲ ਤੋਂ ਪ੍ਰਭਾਵਿਤ ਹੋਏ ਨਾਗਰਿਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸਾਡੀਆਂ ਬਚਾਅ ਟੀਮਾਂ ਏਐੱਫ਼ਐਡੀ ਨਾਲ ਤਾਲਮੇਲ ਵਿੱਚ ਹਨ ਤੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।"
ਭਾਲ ਅਤੇ ਬਚਾਅ ਟੀਮਾਂ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਸਮੇਤ ਹੋਰ ਏਜੰਸੀਆਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਤਸਵੀਰ ਸਰੋਤ, Getty Images
ਤੁਰਕੀ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸੁਲੇਮਾਨ ਸੁਲੇਓ ਨੇ ਦੱਸਿਆ ਕਿ ਇਸ ਵਿੱਚ ਤੁਰਕੀ ਦੇ 10 ਸ਼ਹਿਰ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਦੱਸਿਆ ਕੇ ਦੇਸ਼ ਭਰ ਵਿੱਚ ਭਾਲ ਤੇ ਰਾਹਤ ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਾਈ ਅਲਟ ਵੀ ਜਾਰੀ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images

ਤੁਰਕੀ ਵਿੱਚ 7.8 ਤੀਬਰਤਾ ਦਾ ਭੂਚਾਲ
- ਤੁਰਕੀ ਦੇ ਦੱਖਣ ਵਿੱਚ ਸੀਰੀਆ ਸਰਹੱਦ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਇੱਕ ਜ਼ਬਰਦਸਤ ਭੂਚਾਲ ਆਇਆ।
- ਪਹਿਲੇ ਝਟਕੇ ਤੋਂ ਕੁਝ ਮਿੰਟਾਂ ਬਾਅਦ, ਇੱਕ ਹੋਰ ਭੂਚਾਲ ਮਹਿਸੂਸ ਕੀਤਾ ਗਿਆ।
- ਇਸ ਤੋਂ ਬਾਅਦ ਪੂਰੇ ਇਲਾਕੇ 'ਚ ਇੱ ਤੋਂ ਬਾਅਦ ਇੱਕ ਕਈ ਝਟਕੇ ਮਹਿਸੂਸ ਕੀਤੇ ਗਏ।
- ਤੁਰਕੀ, ਲਿਬਨਾਨ, ਸੀਰੀਆ, ਸਾਈਪ੍ਰਸ, ਇਜ਼ਰਾਈਲ ਅਤੇ ਫ਼ਿਲਸਤੀਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
- ਭੂਚਾਲ ਤੋਂ ਬਾਅਦ ਰਾਸ਼ਟਰਪਤੀ ਰੇਚੇਪ ਤੈਯਪ ਅਰਦੋਆਨ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਹੈ।
- ਰਾਹਤ ਅਤੇ ਬਚਾਅ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
- 300ਤੋਂ ਵੱਧ ਮੌਤਾਂ 600 ਤੋਂ ਵੱਧ ਜਖ਼ਮੀ ਤੇ ਇਹ ਅੰਕੜੇ ਲਗਾਤਾਰ ਵੱਧ ਰਹੇ ਹਨ


ਤਸਵੀਰ ਸਰੋਤ, Getty Images
ਸੀਰੀਆ ਸਰਹੱਦ ਨੇੜੇ ਭੁਚਾਲ
ਗਾਜ਼ੀਅਨਟੇਪ 'ਚ ਆਏ ਭੂਚਾਲ ਦਾ ਕੇਂਦਰ ਤੁਰਕੀ ਤੋਂ 26 ਕਿਲੋਮੀਟਰ ਪੂਰਬ 'ਚ ਨੂਰਦਾ ਸ਼ਹਿਰ ਦੱਸਿਆ ਜਾ ਰਿਹਾ ਹੈ।
ਖ਼ਬਰ ਏਜੰਸੀ ਰਾਇਟਰਜ਼ ਨੇ ਜਰਮਨ ਰਿਸਰਚ ਸੈਂਟਰ ਆਫ਼ ਜੀਓਸਾਇੰਸਜ਼ (ਜੀਐੱਫਜ਼ੈੱਡ) ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਭੂਚਾਲ 7.4 ਤੀਬਰਤਾ ਦਾ ਸੀ।

ਤਸਵੀਰ ਸਰੋਤ, Getty Images
ਸਥਾਨਕ ਅਧਿਕਾਰੀਆਂ ਮੁਤਾਬਕ ਭੂਚਾਲ ਵਿੱਚ 783 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਰੀਬ 140 ਇਮਾਰਤਾਂ ਦੇ ਡਿੱਗ ਗਈਆਂ ਹਨ।
ਜੀਐੱਫਜ਼ੈੱਡ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਦੂਜੇ ਪਾਸੇ ਯੂਐਸਜੀਐੱਸ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 11 ਮੀਲ ਹੇਠਾਂ ਸੀ।

ਤਸਵੀਰ ਸਰੋਤ, ANADOLU AGENCY
ਦੂਜਾ ਝਟਕਾ ਮੱਧ ਤੁਰਕੀ 'ਚ
ਇਸ ਤੋਂ ਥੋੜ੍ਹੀ ਦੇਰ ਬਾਅਦ ਮੱਧ ਤੁਰਕੀ ਵਿੱਚ ਦੂਜਾ ਝਟਕਾ ਮਹਿਸੂਸ ਕੀਤਾ ਗਿਆ ਹੈ।
ਯੂਐੱਸਜੀਐੱਸ ਮੁਤਾਬਕ ਭੂਚਾਲ ਦੇ ਦੂਜੇ ਝਟਕੇ ਦੀ ਤੀਬਰਤਾ 6.7 ਸੀ, ਜਿਸ ਦਾ ਕੇਂਦਰ ਜ਼ਮੀਨ ਤੋਂ 9.9 ਕਿਲੋਮੀਟਰ ਹੇਠਾਂ ਸੀ।

ਇਹ ਵੀ ਪੜ੍ਹੋ:














