ਰਿਸ਼ੀ ਸੁਨਕ ਦਾ ਪਰਿਵਾਰ ਪੰਜਾਬ ਤੋਂ ਅਫ਼ਰੀਕਾ ਅਤੇ ਫਿਰ ਯੂਕੇ ਇੰਝ ਪਹੁੰਚਿਆ

- ਲੇਖਕ, ਹੈਰੀਏਟ ਓਰੇਲ
- ਰੋਲ, ਬੀਬੀਸੀ ਵਰਲਡ ਸਰਵਿਸ
ਯੁਨਾਈਟਿਡ ਕਿੰਗਡਮ (ਯੂਕੇ) ਦੀ ਨਵੀਂ ਸਰਕਾਰ ਚੁਣੇ ਜਾਣ ਨਾਲ, ਇੱਥੋਂ ਦੇ ਪਹਿਲੇ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਤ ਨੇਤਾ ਦੀ ਵਿਰਾਸਤ ਬਾਰੇ ਗੱਲਾਂ ਛਿੜ ਰਹੀਆਂ ਹਨ।
ਰਿਸ਼ੀ ਸੁਨਕ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਬ੍ਰਿਟਿਸ਼ ਏਸ਼ੀਅਨ ਹਨ ਅਤੇ ਇਸ ਅਹੁਦੇ 'ਤੇ ਬੈਠਣ ਵਾਲੇ ਪਹਿਲੇ ਹਿੰਦੂ ਹਨ।
ਕੰਜ਼ਰਵੇਟਿਵ ਪਾਰਟੀ, ਜਿਸ ਦੇ ਰਿਸ਼ੀ ਹੁਣ ਨੇਤਾ ਹਨ, ਉਸਦਾ ਵੱਖ-ਵੱਖ ਰੰਗ ਨਸਲ ਦੇ ਲੋਕਾਂ ਨੂੰ ਵੱਡੇ ਅਹੁਦੇ ਦੇਣ ਦਾ ਇਤਿਹਾਸ ਹੈ, ਪਰ ਕਿਸੇ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ।
ਭਾਰਤੀ ਮੂਲ ਦਾ ਇਹ ਸ਼ਖਸ 10 ਡਾਊਨਿੰਗ ਸਟਰੀਟ (ਪੀਐੱਮ ਦਫ਼ਤਰ) ਤੱਕ ਕਿਵੇਂ ਪਹੁੰਚਿਆਂ ਇਸ ਪਿੱਛੇ ਇੱਕ ਦਿਲਚਸਪ ਤੇ ਗੁੰਝਲਦਾਰ ਕਹਾਣੀ ਹੈ, ਜਿਸ ਦੀਆਂ ਤੰਦਾਂ ਵਰਗ, ਨਸਲ, ਬਸਤੀਵਾਦ ਅਤੇ ਬ੍ਰਿਟਿਸ਼ ਰਾਜ ਦੇ ਢਾਂਚੇ ਨਾਲ ਜੁੜੀਆਂ ਹਨ।
ਰਿਸ਼ੀ ਸੁਨਕ ਦੇ ਲੁਧਿਆਣਾ ਵੱਸਦੇ ਰਿਸ਼ਤੇਦਾਰਾਂ ਤੋਂ ਸੁਣੋ ਉਨ੍ਹਾਂ ਦੇ ਪਰਿਵਾਰ ਬਾਰੇ-
ਰਿਸ਼ੀ ਸੁਨਕ ਦੇ ਪਰਿਵਾਰ ਦਾ ਇਤਿਹਾਸ
ਰਿਸ਼ੀ ਸੁਨਕ ਸਾਊਥੈਂਪਟਨ ਦੇ ਸਾਊਥਰਨ ਪੋਰਟ ਸਿਟੀ ਵਿੱਚ ਯਸ਼ਵੀਰ ਅਤੇ ਊਸ਼ਾ ਸੁਨਕ ਦੇ ਘਰ 1980 ਵਿੱਚ ਜੰਮੇ।
ਰਿਸ਼ੀ ਦੇ ਮਾਤਾ-ਪਿਤਾ ਦੋਹੇਂ ਪੰਜਾਬੀ ਮੂਲ ਦੇ ਹਨ, ਹਾਲਾਂਕਿ ਉਹ ਪੂਰਬੀ ਅਫ਼ਰੀਕਾ ਦੀਆਂ ਬ੍ਰਿਟਿਸ਼ ਕਲੋਨੀਆਂ ਤੋਂ ਪ੍ਰਵਾਸ ਕਰਕੇ ਯੂਕੇ ਆਏ ਸੀ।
ਰਿਸ਼ੀ ਦੇ ਮਾਤਾ ਤੰਗਾਂਇਕਾ (ਅੱਜ-ਕੱਲ੍ਹ ਤਨਜ਼ਾਨੀਆ) ਵਿੱਚ ਪੈਦਾ ਹੋਏ ਸੀ ਅਤੇ ਪਿਤਾ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਣ ਤੋਂ ਪਹਿਲਾਂ ਦੇ ਕੀਨੀਆ ਵਿੱਚ ਜੰਮੇ-ਪਲੇ ਹਨ।

ਤਸਵੀਰ ਸਰੋਤ, Getty Images
ਰਿਸ਼ੀ ਸੁਨਕ ਦੇ ਨਾਨਾ ਅਤੇ ਦਾਦਾ ਬ੍ਰਿਟਿਸ਼ ਭਾਰਤ ਦੇ ਪੰਜਾਬ ਵਿੱਚ ਜੰਮੇ ਸਨ, ਜਿਸ ਦਾ ਕੁਝ ਹਿੱਸਾ ਇਸ ਵੇਲੇ ਪਾਕਿਸਤਾਨ ਵਿੱਚ ਹੈ।
ਇਸ ਤੋਂ ਬਾਅਦ ਉਹ 1930 ਵਿੱਚ ਪੂਰਬੀ ਅਫ਼ਰੀਕਾ ਦੀਆਂ ਬ੍ਰਿਟਿਸ਼ ਕਲੋਨੀਆਂ ਵਿੱਚ ਜਾ ਵਸੇ।
ਫਿਰ ਜਦੋਂ ਅਫ਼ਰੀਕੀ ਦੇਸ਼ ਅਜ਼ਾਦ ਹੋਣ ਲੱਗੇ ਤਾਂ ਭਾਰਤੀ ਲੋਕ ਉੱਥੋਂ ਜਾਣ ਲੱਗ ਪਏ ਅਤੇ ਕਈਆਂ ਨੇ ਯੂਕੇ ਦਾ ਰੁਖ਼ ਕੀਤਾ।
ਰਿਸ਼ੀ ਸੁਨਕ ਦੀ ਬਾਇਓਗ੍ਰਾਫ਼ੀ ਮੁਤਾਬਕ, ਉਨ੍ਹਾਂ ਦੀ ਨਾਨੀ ਸਰਕਸ਼ਾ ਵੱਲੋਂ ਆਪਣੇ ਗਹਿਣੇ ਵੇਚ ਕੇ ਪੈਸੇ ਦੇ ਕੀਤੇ ਪ੍ਰਬੰਧ ਨਾਲ ਉਨ੍ਹਾਂ ਦਾ ਨਾਨਕਾ ਪਰਿਵਾਰ 1960 ਵਿੱਚ ਯੂਕੇ ਪਹੁੰਚ ਸਕਿਆ।

- ਰਿਸ਼ੀ ਸੁਨਕ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਬ੍ਰਿਟਿਸ਼ ਏਸ਼ੀਅਨ ਅਤੇ ਇਸ ਅਹੁਦੇ 'ਤੇ ਬੈਠਣ ਵਾਲੇ ਪਹਿਲੇ ਹਿੰਦੂ ਹਨ।
- ਰਿਸ਼ੀ ਸੁਨਕ ਸਾਊਥੈਂਪਟਨ ਦੇ ਸਾਊਥਰਨ ਪੋਰਟ ਸਿਟੀ ਵਿੱਚ ਯਸ਼ਵੀਰ ਅਤੇ ਊਸ਼ਾ ਸੁਨਕ ਦੇ ਘਰ 1980 ਵਿੱਚ ਜੰਮੇ।
- ਰਿਸ਼ੀ ਦੇ ਮਾਤਾ-ਪਿਤਾ ਦੋਹੇਂ ਪੰਜਾਬੀ ਮੂਲ ਦੇ ਹਨ।
- ਰਿਸ਼ੀ ਸੁਨਕ ਦੇ ਨਾਨਾ ਅਤੇ ਦਾਦਾ ਬ੍ਰਿਟਿਸ਼ ਭਾਰਤ ਦੇ ਪੰਜਾਬ ਵਿੱਚ ਜਨਮੇ ਸਨ।
- ਉਹ 1930 ਵਿੱਚ ਪੂਰਬੀ ਅਫ਼ਰੀਕਾ ਦੀਆਂ ਬ੍ਰਿਟਿਸ਼ ਕਲੋਨੀਆਂ ਵਿੱਚ ਜਾ ਵਸੇ।
- ਰਿਸ਼ੀ ਦੇ ਮਾਤਾ-ਪਿਤਾ ਦੋਹੇਂ ਮੈਡੀਕਲ ਨਾਲ ਸਬੰਧਤ ਕਿੱਤੇ ਵਿੱਚ ਆ ਗਏ।

ਭਾਰਤੀ ਲੋਕ ਅਫ਼ਰੀਕੀ ਕਲੋਨੀਆਂ ਵਿੱਚ ਕਿਉਂ ਗਏ ਸੀ ?
ਹਜ਼ਾਰਾਂ ਪਰਿਵਾਰ ਬ੍ਰਿਟਿਸ਼ ਭਾਰਤ ਤੋਂ ਅਫ਼ਰੀਕੀ ਕਲੋਨੀਆਂ ਅਤੇ ਉੱਥੋਂ ਯੂਕੇ ਪਹੁੰਚੇ, ਪਰ ਇਸ ਪਿੱਛੇ ਇਤਿਹਾਸ ਕੀ ਹੈ ?
ਉੱਨੀਵੀਂ ਸਦੀ ਦੀ ਸ਼ੁਰੂਆਤ ਵਿੱਚ ਬ੍ਰਿਟਿਸ਼ ਰਾਜ ਬਹੁਤ ਤੇਜ਼ੀ ਨਾਲ ਉਦਯੋਗੀਕਰਨ ਵੱਲ ਵਧ ਰਿਹਾ ਸੀ ਅਤੇ ਗੁਲਾਮੀ ਦੇ ਖ਼ਾਤਮੇ ਨਾਲ 'ਲੇਬਰ ਗੈਪ' ਕਾਫ਼ੀ ਵਧ ਗਿਆ ਸੀ।
ਵਿਸ਼ਵ ਇਤਿਹਾਸ ਦੀ ਅਧਿਆਪਕ ਐਮਿਲੀ ਗਲੈਂਕਲਰ (ਜਿਨ੍ਹਾਂ ਦੀ ਇਸ ਵਿਸ਼ੇ 'ਤੇ ਟਿਕਟੌਕ ਵੀਡੀਓ ਵਾਇਰਲ ਹੋਈ ਸੀ) ਨੇ ਦੱਸਿਆ।
ਉਨ੍ਹਾਂ ਦੱਸਿਆ, "ਉੱਥੇ ਖ਼ਲਾਅ ਪੈਦਾ ਹੋ ਗਿਆ ਸੀ, ਜਿੱਥੇ ਭਾਰਤੀ ਲੋਕਾਂ ਨੂੰ ਬਿਨ੍ਹਾਂ ਪੈਸੇ ਤੋਂ ਮਜ਼ਦੂਰੀ ਕਰਵਾਉਣ ਦੇ ਸਿਸਟਮ ਵਿੱਚ ਸਸਤੇ ਮਜ਼ਦੂਰਾਂ ਵਜੋਂ ਵਰਤਿਆ ਜਾਂਦਾ ਸੀ।"
"ਜਿੱਥੇ ਉਨ੍ਹਾਂ ਨੂੰ ਰੇਲਮਾਰਗ ਬਣਾਉਣ ਦਾ ਠੇਕਾ ਦਿੱਤਾ ਜਾਂਦਾ ਸੀ, ਪਰ ਉਹ ਅਕਸਰ ਇਕਰਾਰਨਾਮੇ ਦੀਆਂ ਸ਼ਰਤਾਂ ਵਿੱਚ ਫਸ ਜਾਂਦੇ ਸੀ।"

ਤਸਵੀਰ ਸਰੋਤ, BBC/handout
ਸਮੇਂ ਦੇ ਨਾਲ 'ਡਾਇਸਪੋਰਾ' ਨੇ ਤਰੱਕੀ ਕੀਤੀ ਅਤੇ ਬਿਨ੍ਹਾਂ ਮਿਹਨਤਾਨੇ ਦੀ ਮਜ਼ਦੂਰੀ ਬੰਦ ਹੋ ਗਈ, ਬਹੁਤ ਸਾਰੇ ਲੋਕ ਵਾਪਸ ਭਾਰਤ ਚਲੇ ਗਏ।
ਫਿਰ ਬਿਹਤਰ ਜ਼ਿੰਦਗੀ ਅਤੇ ਆਰਥਿਕ ਮੌਕਿਆਂ ਦੇ ਵਾਅਦੇ ਨਾਲ ਦੱਖਣੀ ਏਸ਼ੀਆਈ ਲੋਕਾਂ ਨੂੰ ਪੂਰਬੀ ਅਫ਼ਰੀਕਾ ਸੱਦਿਆ ਗਿਆ।
ਗਰੈਂਕਲਰ ਨੇ ਕਿਹਾ, "ਲੋਕਾਂ ਦੀ ਦਰਜਾਬੰਦੀ ਵਾਲੀਆਂ ਇਨ੍ਹਾਂ ਕਲੋਨੀਆਂ ਵਿੱਚ ਬ੍ਰਿਟਿਸ਼ ਲੋਕਾਂ ਨੂੰ ਸਭ ਤੋਂ ਉੱਤੇ ਮੰਨਿਆਂ ਜਾਂਦਾ ਸੀ।"
"ਅਫ਼ਰੀਕੀ ਲੋਕਾਂ ਨੂੰ ਸਭ ਤੋਂ ਹੇਠਾਂ ਅਤੇ ਦੱਖਣੀ ਏਸ਼ੀਆਈ (ਜਿਨ੍ਹਾਂ ਵਿੱਚ ਭਾਰਤੀ ਆਉਂਦੇ ਹਨ) ਨੂੰ ਇਨ੍ਹਾਂ ਦੇ ਵਿਚਕਾਰ।"

ਤਸਵੀਰ ਸਰੋਤ, Rishi Sunak campaign video via PA
"ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਅਕਸਰ ਪੇਸ਼ੇਵਰ ਅਤੇ ਪ੍ਰਬੰਧਕੀ ਕੰਮ ਦਿੱਤੇ ਜਾਂਦੇ ਸੀ ਅਤੇ ਇਹ ਲੋਕ ਬ੍ਰਿਟਿਸ਼ ਅਤੇ ਸਥਾਨਕ ਅਫ਼ਰੀਕੀਆਂ ਦਰਮਿਆਨ ਮਿਡਲਮੈਨ ਵਜੋਂ ਕੰਮ ਕਰਦੇ ਸੀ।"
ਗਲੈਂਕਲਰ ਨੇ ਕਿਹਾ, "ਬਹੁਤ ਸਾਰੇ ਭਾਰਤੀ ਲੋਕਾਂ ਨੇ ਆਰਥਿਕ ਮੌਕੇ ਦੇਖਦਿਆਂ ਉਧਰ ਦਾ ਰੁਖ ਕਰ ਲਿਆ ਸੀ।"
ਕੁਝ ਹੀ ਸਮੇਂ ਵਿੱਚ ਅਫ਼ਰੀਕਾ ਦੇ ਭਾਰਤੀ ਭਾਈਚਾਰੇ ਨੇ ਉੱਥੇ ਚੰਗੀ ਤਾਕਤ ਹਾਸਲ ਕਰ ਲਈ।
ਉਦਾਹਰਨ ਵਜੋਂ ਯੁਗਾਂਡਾ ਵਿੱਚ ਸਾਲ 1920 ਤੋਂ ਉਹ ਜ਼ਮੀਨ ਦੇ ਮਾਲਕ ਵੀ ਬਣਨ ਲੱਗੇ ਸੀ, ਜੋ ਕਿ ਯੁਗਾਂਡਾ ਦੇ ਸਥਾਨਕ ਲੋਕ ਹਾਲੇ ਹਾਸਿਲ ਨਹੀਂ ਕਰ ਸਕੇ ਸੀ।

ਇਹ ਵੀ ਪੜ੍ਹੋ-

ਅਫ਼ਰੀਕਾ ਦੀ ਅਜ਼ਾਦੀ
1960ਵਿਆਂ-70ਵਿਆਂ ਤੱਕ ਬ੍ਰਿਟਿਸ਼ ਰਾਜ ਘਟ ਰਿਹਾ ਸੀ ਅਤੇ ਦੇਸ਼ ਅਜ਼ਾਦ ਹੋ ਰਹੇ ਸੀ ਅਤੇ ਅਫ਼ਰੀਕੀ ਲੀਡਰ ਸਥਾਪਿਤ ਹੋ ਰਹੇ ਸੀ।
ਕਲੋਨੀਆਂ ਤੋਂ ਭਾਰਤੀ ਲੋਕਾਂ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ ਸੀ।
ਸਾਲ 1972 ਵਿੱਚ ਯੂਗਾਂਡਾ ਦੇ ਤਤਕਾਲੀ ਰਾਸ਼ਟਰਪਤੀ ਇਦੀ ਅਮੀਨ ਨੇ, ਯੂਗਾਂਡਾ ਰਹਿੰਦੇ ਏਸ਼ੀਆਏ ਮੂਲ ਦੇ ਲੋਕਾਂ ਖ਼ਾਸ ਕਰਕੇ ਭਾਰਤੀਆਂ ਨੂੰ ਉੱਥੋਂ ਜਾਣ ਲਈ ਕਿਹਾ ਅਤੇ ਦੇਸ਼ ਛੱਡਣ ਲਈ 90 ਦਿਨਾਂ ਦਾ ਸਮਾਂ ਦਿੱਤਾ।
ਉਨ੍ਹਾਂ ਲੋਕਾਂ ਵਿੱਚ ਇੱਕ ਸੀ ਭਗਤੀ ਕੰਸਾਰਾ ਜੋ ਕਿ 14 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਦੇ 15 ਲੋਕਾਂ ਨਾਲ ਯੁਗਾਂਡਾ ਛੱਡ ਕੇ ਯੂਕੇ ਪਹੁੰਚੀ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਉਦੋਂ ਘਰੇ ਸੀ ਜਦੋਂ ਮੇਰੇ ਪਿਤਾ ਅਤੇ ਭਰਾਵਾਂ ਨੇ ਕਿਹਾ ਕਿ ਸਾਨੂੰ ਆਪਣਾ ਸਮਾਨ ਬੰਨ੍ਹ ਕੇ ਇੱਥੋਂ ਜਾਣਾ ਪਵੇਗਾ। ਅਸੀਂ ਹੁਣ ਯੁਗਾਂਡਾ ਵਿੱਚ ਨਹੀਂ ਰਹਿ ਸਕਦੇ।"
ਉਨ੍ਹਾਂ ਕਿਹਾ, "ਮੈਨੂੰ ਬੱਸ ਇਨ੍ਹਾਂ ਯਾਦ ਹੈ ਕਿ ਮੇਰੀ ਮਾਂ ਪਰੇਸ਼ਾਨ ਸੀ। ਮੈਨੂੰ ਯਾਦ ਹੈ ਕਿ ਮੈਂ ਖੁਸ਼ ਸੀ। ਮੈਂ ਸੋਚ ਰਹੀ ਸੀ ਕਿ ਵਾਹ, ਮੈਂ ਲੰਡਨ ਜਾ ਰਹੀ ਹਾਂ। ਕੀ ਹੋ ਰਿਹਾ ਸੀ, ਇਹ ਪਤਾ ਨਹੀਂ ਸੀ।"
"ਅਸੀਂ ਦੋ ਕਾਰਾਂ ਵਿੱਚ ਗਏ ਸੀ ਅਤੇ ਫ਼ੌਜੀ ਸਾਨੂੰ 'ਏਨਟੇਬੇ ਏਅਰਪੋਰਟ' ਤੱਕ ਛੱਡ ਕੇ ਆਏ ਸੀ। ਉਦੋਂ ਮੈਨੂੰ ਮਹਿਸੂਸ ਹੋਇਆ ਕਿ ਕੁਝ ਗ਼ਲਤ ਸੀ, ਨਹੀਂ ਤਾਂ ਫ਼ੌਜੀ ਸਾਨੂੰ ਏਅਰਪੋਰਟ ਤੱਕ ਛੱਡਣ ਕਿਉਂ ਆਉਂਦੇ।"
ਉਹ ਯੂਕੇ ਵਿੱਚ ਰਿਫਿਊਜੀ ਬਣ ਕੇ ਪਹੁੰਚੇ, ਪਰ ਕਈ ਅਫ਼ਰੀਕੀ ਕਲੋਨੀਆਂ ਤੋਂ ਆਏ ਕਈ ਪਰਵਾਸੀਆਂ ਵਾਂਗ ਭਾਵੇਂ ਉਹ ਆਪਣੇ ਨਵੇਂ ਘਰਾਂ ਵਿੱਚ ਚੰਗੀ ਤਰ੍ਹਾਂ ਵਸ ਗਏ, ਪਰ ਅਕਸਰ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਅਤੇ ਸੁਰੱਖਿਆ ਖ਼ਾਤਰ ਭੱਜ ਕੇ ਆਉਣ ਦਾ ਸਦਮਾ ਰਿਹਾ।
ਯੂਕੇ ਵਿੱਚ ਜ਼ਿੰਦਗੀ
ਭਗਤੀ ਦੀ ਬੇਟੀ, ਰੇਹਾ ਹੁਣ ਰਿਪੋਰਟਰ ਵਜੋਂ ਬੀਬੀਸੀ ਵਿੱਚ ਨੌਕਰੀ ਕਰਦੀ ਹੈ ਅਤੇ ਉਸ ਨੇ ਯੁਗਾਂਡਾ ਤੋਂ ਦੇਸ-ਨਿਕਾਲੇ ਬਾਰੇ ਕਈ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ।
ਉਹ ਦੱਸਦੀ ਹੈ ਕਿ ਪੂਰਬੀ ਅਫ਼ਰੀਕਾ ਤੋਂ ਆਏ ਕਈ ਪਰਵਾਸੀ ਯੂਕੇ ਵਿੱਚ ਚੰਗੀ ਤਰ੍ਹਾਂ ਅਪਣਾ ਲਏ ਗਏ ਕਿਉਂਕਿ ਇੱਥੇ ਆਉਣ ਤੋਂ ਪਹਿਲਾਂ ਉਹ ਮਿਡਲ ਕਲਾਸ ਤਾਂ ਹੈ ਹੀ ਸਨ।
ਉਨ੍ਹਾਂ ਕੋਲ ਅੰਗਰੇਜ਼ੀ ਬੋਲੀ ਜਿਹਾ ਹੁਨਰ ਅਤੇ ਵਿਚੋਲਗੀ ਯਾਨੀ 'ਮਿਡਲਮੈਨ' ਵਾਲੀ ਪਛਾਣ ਸੀ, ਜਿਸ ਕਰਕੇ ਉਨ੍ਹਾਂ ਨੂੰ ਕਈ ਹੋਰ ਕਿੱਤਾਮੁਖੀ ਹੁਨਰ ਵੀ ਮਿਲ ਸਕੇ।
ਰਿਸ਼ੀ ਸੁਨਕ ਦੇ ਨਾਨਾ ਤੰਗਾਂਇਕਾ ਵਿੱਚ ਇੱਕ ਟੈਕਸ ਅਫ਼ਸਰ ਸਨ ਅਤੇ ਯੂਕੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਯੂਕੇ ਦੀ ਟੈਕਸ ਅਥਾਰਿਟੀ 'ਇਨਲੈਂਡ ਰੈਵੇਨਿਊ' ਵਿੱਚ ਨੌਕਰੀ ਮਿਲ ਗਈ।
ਰਿਸ਼ੀ ਦੇ ਮਾਤਾ-ਪਿਤਾ ਦੋਹੇਂ ਮੈਡੀਕਲ ਨਾਲ ਸਬੰਧਤ ਕਿੱਤੇ ਵਿੱਚ ਆ ਗਏ। ਉਨ੍ਹਾਂ ਦੇ ਪਿਤਾ ਨੈਸ਼ਨਲ ਹੈਲਥ ਸਰਵਿਸ ਵਿੱਚ ਡਾਕਟਰ ਵਜੋਂ ਕੰਮ ਕਰਨ ਲੱਗੇ ਅਤੇ ਉਨ੍ਹਾਂ ਦੀ ਮਾਂ ਆਪਣੀ ਫਾਰਮੇਸੀ ਚਲਾਉਂਦੇ ਸੀ, ਜਿੱਥੇ ਬਚਪਨ ਵਿੱਚ ਕੰਮ ਕਰਨ ਬਾਰੇ ਸੁਨਕ ਨੂੰ ਚੰਗੀ ਤਰ੍ਹਾਂ ਯਾਦ ਹੈ।

ਤਸਵੀਰ ਸਰੋਤ, Getty Images
ਇਸ ਭਾਈਚਾਰੇ ਨੇ ਤਰੱਕੀ ਕੀਤੀ ਅਤੇ ਇਸ ਦਾ ਉੱਥੇ ਰਹਿੰਦੇ ਬਾਕੀ ਬ੍ਰਿਟਿਸ਼ ਏਸ਼ੀਅਨ ਲੋਕਾਂ ਨਾਲ਼ੋਂ ਕਾਫ਼ੀ ਫਰਕ ਸੀ।
'ਡਾਇਰੈਕਟ ਫਲਾਈਟ' ਵਾਲੇ ਕਹੇ ਜਾਣ ਵਾਲੇ ਪਰਵਾਸੀ ਜੋ ਸਿੱਧੇ ਭਾਰਤ ਤੋਂ ਯੂਕੇ ਆਏ, ਉਹ 1947 ਵਿੱਚ ਭਾਰਤ ਦੀ ਅਜ਼ਾਦੀ ਤੋਂ ਬਾਅਦ ਆਉਣਾ ਸ਼ੁਰੂ ਹੋਏ ਸੀ।
ਇਨ੍ਹਾਂ ਵਿੱਚ ਜ਼ਿਆਦਾਤਰ ਪੇਂਡੂ ਖੇਤਰਾਂ ਵਿੱਚੋਂ ਸੀ ਅਤੇ ਇਨ੍ਹਾਂ ਵਿੱਚ ਹਿੰਦੂਆਂ ਦੀ ਬਜਾਏ, ਵਧੇਰੇ ਮੁਸਲਿਮ ਸੀ।
ਉਨ੍ਹਾਂ ਕੋਲ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਹਾਸਲ ਕਰਨ ਦਾ ਕਿੱਤਾਮੁਖੀ ਹੁਨਰ ਅਤੇ ਬੋਲੀ 'ਤੇ ਪਕੜ ਨਹੀਂ ਸੀ।
ਯੂਕੇ ਦਾ ਪਹਿਲਾ ਬ੍ਰਿਟਿਸ਼ ਭਾਰਤੀ ਪ੍ਰਧਾਨ ਮੰਤਰੀ
ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਨਿਯੁਕਤ ਹੋਣ ਨਾਲ, ਕੰਜ਼ਰਵੇਟਿਵ ਪਾਰਟੀ ਦੇ ਐਮਪੀ, ਆਪਣੀ ਪਾਰਟੀ ਦੇ ਅਗਾਂਹਵਧੂ ਹੋਣ ਨੂੰ ਲਗਾਤਾਰ ਪ੍ਰਚਾਰ ਰਹੇ ਹਨ।
ਕੰਜ਼ਰਵੇਟਿਵ ਪਾਰਟੀ ਨੇ 1874 ਵਿੱਚ ਪਹਿਲੇ ਯਹੂਦੀ ਪ੍ਰਧਾਨਮੰਤਰੀ ਵਜੋਂ ਬੈਂਜਾਮਿਨ ਡੀਜ਼ਰੇਲ ਨੂੰ ਚੁਣਿਆ ਸੀ ਅਤੇ ਕਰੀਬ ਇੱਕ ਸਦੀ ਬਾਅਦ 1979 ਵਿੱਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਬਣਾਇਆ ਸੀ।
ਹੁਣ ਕਰੀਬ ਅੱਧੀ ਸਦੀ ਬਾਅਦ ਪਹਿਲੇ 'ਬਰਾਊਨ' ਪ੍ਰਧਾਨ ਮੰਤਰੀ ਨੂੰ ਚੁਣਿਆ।
ਪਿਛਲੇ ਕੁਝ ਸਾਲਾਂ ਵਿੱਚ ਬ੍ਰਿਟਿਸ਼ ਸਿਆਸਤ ਵਿੱਚ ਕਾਫ਼ੀ ਵਿਭਿੰਨਤਾ ਆਈ ਹੈ ਅਤੇ ਕੰਜ਼ਰਵੇਟਿਵ ਕੈਬਨਿਟ ਵਿੱਚ ਵੀ।
ਉਦਾਹਰਨ ਵਜੋਂ, ਮੌਜੂਦਾ ਅਤੇ ਸਾਬਕਾ ਗ੍ਰਹਿ ਸਕੱਤਰ ਕ੍ਰਮਵਾਰ ਸੁਏਲਾ ਬ੍ਰੇਵਰਮੈਨ ਅਤੇ ਪ੍ਰੀਤੀ ਪਟੇਲ, ਦੋਹੇਂ ਹੀ ਭਾਰਤੀ ਮੂਲ ਦੇ ਪੂਰਬੀ ਅਫ਼ਰੀਕੀ ਮਾਪਿਆਂ ਘਰ ਯੂਕੇ ਵਿੱਚ ਪੈਦਾ ਹੋਏ ਸੀ।
ਰੇਹਾ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਇਸ ਬਾਰੇ ਚਰਚਾ ਵਿੱਚ ਇੱਕ ਹੋਰ ਗੱਲ ਦਾ ਜ਼ਿਕਰ ਹੋ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਸਾਰੇ ਏਸ਼ੀਅਨ ਐਮਪੀ ਪੂਰਬੀ ਅਫ਼ਰੀਕੀ ਹਨ।"
"ਇਹ ਕੁਝ ਹੱਦ ਤੱਕ ਉਸ ਕਲਾਸ ਸਿਸਟਮ ਨੂੰ ਦਰਸਾਉਂਦਾ ਹੈ, ਜਿਸ ਵਿੱਚ ਉਹ ਵੱਡੇ ਹੋਏ ਹਨ।"
ਅਖੀਰ, ਰਿਸ਼ੀ ਸੁਨਕ ਦਾ ਪ੍ਰਧਾਨ ਮੰਤਰੀ ਬਣਨਾ, ਯੂਕੇ ਲਈ ਅਹਿਮ ਪਲ ਹੈ।
ਹਾਲਾਂਕਿ, ਇਸ ਬਾਰੇ ਬ੍ਰਿਟਿਸ਼ ਏਸ਼ੀਅਨ ਭਾਈਚਾਰਾ ਵੰਡਿਆ ਹੋਇਆ ਹੈ, ਇੱਕ ਉਹ ਜੋ ਸੁਨਕ ਨੂੰ ਪ੍ਰਧਾਨ ਮੰਤਰੀ ਅਹੁਦੇ 'ਤੇ ਦੇਖ ਕੇ ਖੁਸ਼ ਹਨ ਅਤੇ ਇੱਕ ਉਹ ਜੋ ਖੁਸ਼ ਨਹੀਂ ਹਨ।

ਤਸਵੀਰ ਸਰੋਤ, Getty Images
ਰੇਹਾ ਮੁਤਾਬਕ ਉਸ ਨੇ ਦੇਖਿਆ ਹੈ ਕਿ ਸੁਨਕ ਦੇ ਪੂਰਬੀ ਅਫ਼ਰੀਕੀ ਪਿਛੋਕੜ ਨੂੰ ਇਹ ਪੇਸ਼ ਕਰਨ ਲਈ ਵਰਤਿਆ ਜਾ ਰਿਹਾ ਹੈ ਕਿ ਕਿਵੇਂ ਸੁਨਕ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕਰਦੇ।
ਰੇਹਾ ਨੇ ਕਿਹਾ, "ਇਹ ਮੇਰੇ ਨਾਲ ਵੀ ਹੋ ਚੁੱਕਿਆ ਹੈ। ਭਾਰਤ ਵਿੱਚ ਕੁਝ ਲੋਕ ਹਨ, ਕੁਝ ਹਿੰਦੂ ਰਾਸ਼ਟਰਵਾਦੀ ਜੋ ਮੈਨੂੰ ਕਹਿੰਦੇ ਹਨ ਕਿ ਮੈਂ ਭਾਰਤੀ ਨਹੀਂ ਹਾਂ ਕਿਉਂਕਿ ਮੇਰਾ ਪਰਿਵਾਰ ਵੰਡ ਤੋਂ ਪਹਿਲਾਂ ਪੂਰਬੀ ਅਫ਼ਰੀਕਾ ਚਲਾ ਗਿਆ ਸੀ, ਅਤੇ ਮੇਰਾ ਭਾਰਤੀ ਪਿਛੋਕੜ ਨਹੀਂ ਹੈ ਕਿਉਂਕਿ ਉਦੋਂ ਭਾਰਤ ਹੈ ਹੀ ਨਹੀਂ ਸੀ।"
"ਇਹ ਸੰਵਾਦ ਜਾਰੀ ਹੈ, ਜਿਸ ਵਿੱਚ ਤੁਸੀਂ ਅਜਿਹੇ ਵਿਅਕਤੀ ਹੋ ਜੋ ਕਿਸੇ ਵੀ ਥਾਂ ਨਾਲ ਵੀ ਸਬੰਧਤ ਨਹੀਂ ਅਤੇ ਤੁਸੀਂ ਭਾਰਤੀ ਵਿਰਾਸਤ ਦਾ ਦਾਅਵਾ ਨਹੀਂ ਕਰ ਸਕਦੇ।"
"ਪਰ ਮੈਂ ਆਪਣੀ ਪਛਾਣ ਬਾਰੇ ਸੁਰੱਖਿਅਤ ਮਹਿਸੂਸ ਕਰਦੀ ਹਾਂ ਅਤੇ ਮੰਨਦੀ ਹਾਂ ਕਿ ਤੁਸੀਂ ਇੱਕੋ ਵੇਲੇ ਬ੍ਰਿਟਿਸ਼, ਭਾਰਤੀ ਅਤੇ ਅਫ਼ਰੀਕੀ ਸਭ ਕੁਝ ਹੋ ਸਕਦੇ ਹੋ।"
ਬਹੁਤ ਸਾਰੇ 'ਸਾਊਥ ਏਸ਼ੀਅਨ' ਲੋਕ ਖੁਸ਼ ਹਨ ਕਿ ਸੁਨਕ ਭਾਰਤ ਨਾਲ ਸਬੰਧਤ ਹਨ।
"ਉਹ ਇਤਿਹਾਸ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ 'ਬਰਾਊਨ', ਪਹਿਲੇ ਹਿੰਦੂ ਹਨ।"

ਇਹ ਵੀ ਪੜ੍ਹੋ-















