ਮਹਿੰਗਾਈ ਵਧਣ ਪਿੱਛੇ ਕਾਰਪੋਰੇਟ ਕੰਪਨੀਆਂ ਦਾ ਵਧਿਆ ਲਾਲਚ ਕਿੰਨੀ ਵੱਡੀ ਵਜ੍ਹਾ ਹੈ

    • ਲੇਖਕ, ਕ੍ਰਿਸਟੀਨਾ ਜੇ ਓਰਗਾਜ਼
    • ਰੋਲ, ਬੀਬੀਸੀ ਨਿਊਜ਼ ਵਰਲਡ

ਬ੍ਰਿਟੇਨ ਦੀ ਵੱਡੀ ਪੈਟਰੋਲੀਅਮ ਕੰਪਨੀ ਬੀਪੀ ਨੇ ਸਾਲ ਦੀ ਲਗਾਤਾਰ ਦੂਜੀ ਤਿਮਾਹੀ ਵਿੱਚ ਆਪਣੇ ਤਿੰਨ ਗੁਣਾ ਮੁਨਾਫ਼ੇ ਦਿਖਾਏ ਹਨ। ਇਸਦੇ ਪਿੱਛੇ ਵਜ੍ਹਾ ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਵਧੀਆਂ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਹਨ।

ਇਸ ਤੋਂ ਇਲਾਵਾ ਹੋਰ ਤੇਲ ਕੰਪਨੀਆਂ ਐਕਸਨਮੋਬਿਲ ਅਤੇ ਸ਼ੈਵਰੋਨ ਨੇ ਵੀ ਆਪਣੇ ਮੁਨਾਫ਼ਿਆਂ ਵਿੱਚ ਵਾਧਾ ਦਰਸਾਇਆ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਕਸਨਮੋਬਿਲ ਦੀ 'ਰੱਬ ਨਾਲੋਂ ਵੀ ਜ਼ਿਆਦਾ ਪੈਸਾ ਬਣਾਉਣ' ਲਈ ਆਲੋਚਨਾ ਕੀਤੀ ਹੈ। ਅਮਰੀਕਾ ਵਿੱਚ ਲੋਕ ਗੈਸੋਲੀਨ ਦੇ ਡੂੰਘੇ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਇਹ ਇੱਕ ਅਜਿਹਾ ਵਰਤਾਰਾ ਹੈ ਜੋ ਦੁਨੀਆਂ ਦੀਆਂ ਹੋਰ ਵੀ ਆਰਥਿਕਤਾਵਾਂ ਵਿੱਚ ਦੇਖਿਆ ਗਿਆ ਹੈ ਅਤੇ ਸ਼ਾਇਦ ਹੀ ਕੋਈ ਦੇਸ ਇਸ ਤੋਂ ਅਛੂਤਾ ਰਿਹਾ ਹੋਵੇ।

ਤੇਲ ਕੰਪਨੀ ਨੇ ਆਪਣੇ ਬਚਾਅ ਵਿੱਚ ਕਿਹਾ ਹੈ ਕਿ ਜੋ ਉਸ ਨੇ ਇਸ ਸਾਲ ਦੌਰਾਨ ਕਮਾਇਆ ਹੈ, ਪਿਛਲੇ ਪੰਜ ਸਾਲਾਂ ਦੌਰਾਨ ਇਸ ਦਾ ਦੁੱਗਣਾ ਨਿਵੇਸ਼ ਵੀ ਕੀਤਾ ਹੈ।

ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਅਸੀਂ ਮੰਦੀ ਦੌਰਾਨ ਅਮਰੀਕਾ ਵਿੱਚ ਆਪਣੀ ਰਿਫਾਈਨਿੰਗ ਸਮਰੱਥਾ ਵਧਾਉਣ ਲਈ ਨਿਵੇਸ਼ ਕਰ ਰਹੇ ਸੀ। ਅਸੀਂ ਮਹਾਮਾਰੀ ਦੇ ਦੌਰਾਨ ਵੀ ਨਿਵੇਸ਼ ਕਰ ਰਹੇ ਸੀ ਜਦੋਂ ਸਾਨੂੰ ਰਿਕਾਰਡ 20 ਬਿਲੀਅਨ ਡਾਲਰ ਦਾ ਘਾਟਾ ਪਿਆ ਸੀ।

ਇਸ ਸੂਚੀ ਵਿੱਚ ਸਿਰਫ਼ ਗੈਸੋਲੀਨ, ਗੈਸ ਜਾਂ ਖੁਰਾਕ ਜਾਂ ਹੋਰ ਸੇਵਾਵਾਂ ਹੀ ਨਹੀਂ ਹਨ। ਸਗੋਂ ਅਜਿਹੀਆਂ ਵਸਤੂਆਂ ਦੀ ਇੱਕ ਲੰਬੀ ਲਿਸਟ ਹੈ, ਜੋ ਇਸ ਦੌਰਾਨ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ।

ਇਸ ਲਈ ਸਵਾਲ ਇਹ ਉੱਠ ਰਹੇ ਹਨ ਕੀ ਕੰਪਨੀਆਂ ਮਹਿੰਗਾਈ ਅਤੇ ਆਰਥਿਕ ਮੰਦੀ ਦੇ ਆਲਮ ਦਾ ਲਾਹਾ ਲੈਂਦੀਆਂ ਹਨ ਅਤੇ ਵਧੇਰੇ ਮੁਨਾਫ਼ਾ ਕਮਾਉਣ ਲਈ ਚੀਜ਼ਾਂ ਦਾ ਭਾਅ ਵਧਾ ਦਿੰਦੇ ਹਨ।

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੰਪਨੀਆਂ ਦੇ ਇਸ ਤਰ੍ਹਾਂ ਆਪਣਾ ਮੁਨਾਫ਼ਾ ਵਧਾਉਣ ਲਈ ਵਧਾਈਆਂ ਕੀਮਤਾਂ ਕਾਰਨ ਲੋਕਾਂ ਦੇ ਰਹਿਣ-ਸਹਿਣ ਦਾ ਖਰਚਾ ਵੱਧ ਜਾਂਦਾ ਹੈ।

ਮਾਰਚ ਵਿੱਚ ਸਾਹਮਣੇ ਆਏ ਡਾਟਾ ਮੁਤਾਬਕ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਨੇ ਸਾਲ 2021 ਦੌਰਾਨ ਸਾਲ 1950 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਇੰਨਾ ਜ਼ਿਆਦਾ ਮੁਨਾਫ਼ਾ ਦਰਜ ਕੀਤਾ ਹੈ।

ਮਹਿੰਗਾਈ ਦੇ ਮਾਹਰ ਗਿਣਾ ਰਹੇ ਇਹ ਕਾਰਨ

  • ਸਿਆਸਤਦਾਨ ਹਮੇਸ਼ਾ ਮਹਿੰਗਾਈ ਲਈ ਕਿਸੇ ਨਾ ਕਿਸੇ ਉੱਪਰ ਆਪਣੀ ਜ਼ਿੰਮੇਵਾਰੀ ਸੁੱਟਣ ਲਈ ਲੱਭ ਲੈਂਦੇ ਹਨ।
  • ਕੀਮਤਾਂ ਵਧ ਰਹੀਆਂ ਹਨ ਕਿਉਂਕਿ ਕੰਪਨੀਆਂ ਕੋਲ ਉਨ੍ਹਾਂ ਨੂੰ ਵਧਾਉਣ ਦੀ ਸ਼ਕਤੀ ਹੈ।
  • ਕਾਮੇ ਮਹਿੰਗਾਈ ਕਾਰਨ ਪਿਸ ਰਹੇ ਹਨ ਅਤੇ ਇਸ ਦੇ ਅਸਲ ਦੋਸ਼ੀ ਹਨ ਕਾਰਪੋਰੇਟ ਕੰਪਨੀਆਂ
  • ਵਧਦੀ ਮਹਿੰਗਾਈ ਪਿੱਛੇ ਇਜਾਰੇਦਾਰੀ ਵਾਲੀਆਂ ਕੰਪਨੀਆਂ ਵੀ ਇੱਕ ਕਾਰਨ ਹਨ।
  • ਅਸਲ ਸਮੱਸਿਆ ਮਹਿੰਗਾਈ ਨਹੀਂ ਹੈ, ਸਗੋਂ ਮੁਕਾਬਲੇ ਦੀ ਕਮੀ ਹੈ।
  • ਕਾਰਪੋਰੇਟ ਮੁਨਾਫ਼ੇ ਅਤੇ ਐਗਜ਼ੀਕਿਊਟਿਵਾਂ ਦੀਆਂ ਤਨਖਹਾਂ ਅੱਜ ਛੱਤ ਤੋੜ ਕੇ ਪਾਰ ਨਿਕਲ ਗਈਆਂ
  • ਰਿਕਾਰਡਤੋੜ ਮੁਨਾਫ਼ਾ ਕਮਾਉਣ ਅਤੇ ਆਰਥਿਕ ਮੰਦੀ ਨੂੰ ਸੱਦਾ ਦੇਣ ਦੀ ਹੈ ਜਿਸ ਨਾਲ ਕਈ ਲੋਕ ਬੇਰੁਜ਼ਗਾਰ ਹੋ ਜਾਣਗੇ

ਯੂਐਸਬੀ ਗਲੋਬਲ ਵੈਲਥ ਮੈਨੇਜਮੈਂਟ ਦੇ ਮੁੱਖ ਆਰਥਸ਼ਾਸਤਰੀ ਪੌਲ ਡੋਨੋਵੈਨ ਕਹਿੰਦੇ ਹਨ,''ਬਦਕਿਸਮਤੀ ਨਾਲ ਅਜਿਹੇ ਖੇਤਰ ਹਨ ਜਿਨ੍ਹਾਂ ਨੇ ਆਪਣੀ ਕੀਮਤਾਂ ਅਤੇ ਮੁਨਾਫ਼ੇ ਵਧਾਏ ਹਨ।''

ਅਮਰੀਕਾ ਵਿੱਚ ਇਸ ਨੂੰ ਗਰੀਡਫਲੇਸ਼ਨ ਜਾਂ ਗਰੀਡ ਇਲਫਲੇਸ਼ਨ ਕਿਹਾ ਜਾਂਦਾ ਹੈ, ਭਾਵ ਲਾਲਚ ਕਾਰਨ ਵਧੀ ਮਹਿੰਗਾਈ।

ਇਸ ਦਾ ਭਾਵ ਹੈ ਕਿ ਬੇਲੋੜੇ ਅਤੇ ਗੁੰਮਰਾਹਕੁਨ ਤਰੀਕੇ ਨਾਲ ਕੀਮਤਾਂ ਵਧਾਅ ਕੇ ਮੁਨਾਫ਼ਾ ਕਮਾਉਣਾ।

ਜਿਹੜੇ ਲੋਕ ਇਹ ਸ਼ਬਦ ਵਰਤਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀਆਂ ਆਪਣੇ ਮੁਨਾਫ਼ੇ ਲਈ ਬਹੁਤ ਜ਼ਿਆਦਾ ਲਾਲਚੀ ਹੋ ਗਈਆਂ ਹਨ।

ਹਾਲਾਂਕਿ ਇਸ ਰਾਇ ਦੇ ਵਿਰੋਧੀ ਕਹਿੰਦੇ ਹਨ ਕਿ ਇਸ ਸ਼ਬਦ ਦਾ ਸਿਆਸੀਕਰਨ ਕੀਤਾ ਗਿਆ ਹੈ ਤਾਂ ਜੋ ਵਧੀ ਹੋਈ ਮਹਿੰਗਾਈ ਦਾ ਠੀਕਰਾ ਵੱਡੀਆਂ ਕੰਪਨੀਆਂ ਦੇ ਸਿਰ ਭੰਨਿਆ ਜਾ ਸਕੇ।

ਕੀ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਕੰਪਨੀਆਂ ਸਿਰ ਪਾਉਂਦੇ ਹਨ?

ਇੱਕ ਪੋਡਕਾਸਟ ਵਿੱਚ ਤਸਾਈ ਵਾਨ ਤਸਾਈ ਨੇ ਸਮਝਾਇਆ ਹੈ ਕਿ ਕੰਪਨੀਆਂ ਮਹਿੰਗਾਈ ਲਈ ਸੌਖੀਆਂ ਬਲੀ ਦਾ ਬੱਕਰਾ ਬਣ ਗਈਆਂ ਹਨ।

ਪੈਨ ਵਾਰਥਨ ਚਾਈਨਾ ਸੈਂਟਰ ਦੇ ਇਸ ਪ੍ਰੋਫ਼ੈਸਰ ਦਾ ਮੰਨਣਾ ਹੈ ਕਿ ਇਹ ਕੰਪਨੀਆਂ ਮਹਿੰਗਾਈ ਦੇ ਪ੍ਰਤੀ ਢੁਕਵੀਂ ਪ੍ਰਤੀਕਿਰਿਆ ਦੇ ਰਹੀਆਂ ਹਨ ਜੋ ਕਿ ਉਨ੍ਹਾਂ ਦੇ ਆਪਣੇ ਕਾਬੂ ਵਿੱਚ ਨਹੀਂ ਹੈ।

ਇਸ ਲਈ ਉਹ ਯੂਕਰੇਨ ਦੀ ਜੰਗ, ਤੇਲ ਦੀਆਂ ਵਧਦੀਆਂ ਕੀਮਤਾਂ ਦਾ, ਸਪਲਾਈ ਚੇਨ ਅਤੇ ਹੋਰ ਮਸਲਿਆਂ ਦਾ ਹਵਾਲਾ ਦਿੰਦੇ ਹਨ। ਇਸ ਤੋਂ ਇਲਵਾ ਉਹ ਕਹਿੰਦੇ ਹਨ ਕਿ ਮਹਾਮਾਰੀ ਦੌਰਾਨ ਖਪਤ ਪੈਟਰਨ ਵਿੱਚ ਆਇਆ ਬਦਲਾਅ ਵੀ ਇਸ ਲਈ ਜ਼ਿੰਮੇਵਾਰ ਹੈ।

ਗੁਆਤੇਮਾਲਾ ਵਿੱਚ ਮਾਰੋਕਿਨ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਡੇਵਿਡ ਫਰਨਾਂਡਿਸ, ਇਸ ਤਰਕ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, ''ਸਿਆਸਤਦਾਨ ਹਮੇਸ਼ਾ ਮਹਿੰਗਾਈ ਲਈ ਕਿਸੇ ਨਾ ਕਿਸੇ ਉੱਪਰ ਆਪਣੀ ਜ਼ਿੰਮੇਵਾਰੀ ਸੁੱਟਣ ਲਈ ਲੱਭ ਲੈਂਦੇ ਹਨ।''

ਬੀਬੀਸੀ ਮੁੰਡੋ ਸੇਵਾ ਨੇ ਜਿਨ੍ਹਾਂ ਵੀ ਆਰਥਿਕ ਮਾਹਰਾਂ ਨਾਲ ਗੱਲਬਾਤ ਕੀਤੀ ਉਹ ਇਸ ਨੁਕਤੇ ਉੱਪਰ ਸਹਿਮਤ ਹਨ। ਹਾਲਾਂਕਿ ਪਿਛਲੇ ਸਮੇਂ ਦੌਰਾਨ ਇਜਾਰੇਦਾਰ ਕੰਪਨੀਆਂ ਦੀ ਗਿਣਤੀ ਅਤੇ ਕੀਮਤਾਂ ਤੈਅ ਕਰਨ ਦੀ ਉਨ੍ਹਾਂ ਦੀ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ।

'ਕਾਮੇ ਮਹਿੰਗਾਈ ਵਿੱਚ ਪਿਸ ਰਹੇ ਪਰ ਕੰਪਨੀਆਂ ਮਲਾਈ ਖਾ ਰਹੀਆਂ'

ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਵਿੱਚ ਪਬਲਿਕ ਪਾਲਿਸੀ ਦੇ ਪ੍ਰੋਫ਼ੈਸਰ ਅਤੇ ਅਮਰੀਕਾ ਦੇ ਸਾਬਕਾ ਸੈਕਰੇਟਰੀ ਆਫ਼ ਲੇਬਰ ਰੌਬਰਟ ਰੀਚ ਕਹਿੰਦੇ ਹਨ,''ਕੀਮਤਾਂ ਵਧ ਰਹੀਆਂ ਹਨ ਕਿਉਂਕਿ ਕੰਪਨੀਆਂ ਕੋਲ ਉਨ੍ਹਾਂ ਨੂੰ ਵਧਾਉਣ ਦੀ ਸ਼ਕਤੀ ਹੈ। ''

ਉਹ ਮਹਿੰਗਾਈ ਨੂੰ ਜਿੰਨਾ ਹੋ ਸਕੇ ਆਪਣਾ ਮੁਨਾਫ਼ਾ ਬਣਾਉਣ ਲਈ ਇੱਕ ਬਹਾਨੇ ਵਜੋਂ ਵਰਤ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਉਹ ਕਹਿੰਦੇ ਹਨ ਕਿ ਕਾਮੇ ਮਹਿੰਗਾਈ ਕਾਰਨ ਪਿਸ ਰਹੇ ਹਨ ਅਤੇ ਇਸ ਦੇ ਅਸਲ ਦੋਸ਼ੀ ਹਨ ਕਾਰਪੋਰੇਟ ਕੰਪਨੀਆਂ।

ਉਹ ਪ੍ਰੌਕਟਰ ਐਂਡ ਗੈਂਬਲ ਦੇ ਐਲਾਨ ਦਾ ਹਵਾਲਾ ਦਿੰਦੇ ਹਨ ਕਿ ਕੰਪਨੀ ਨੇ ਜਿੱਥੇ ਆਪਣੇ ਵਧੇ ਹੋਏ ਮੁਨਾਫ਼ੇ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣਗੇ।

ਕੰਪਨੀ ਨੇ ਇਸ ਲਈ, ''ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ, ਅਤੇ ਚੀਜ਼ਾਂ ਦੀ ਢੋਆ-ਢੁਆਈ ਦੀਆਂ ਵਧੀਆਂ ਕੀਮਤਾਂ ਦਾ ਹਵਾਲਾ ਦਿੱਤਾ।''

ਮਾਹਰ ਮੁਤਾਬਕ ਖਾਣੇ ਦੀਆਂ ਕੀਮਤਾਂ ਵਿੱਚ ਹੋਇਆ 50% ਵਾਧਾ ਮੀਟ ਕੰਪਨੀਆਂ ਕਾਰਨ ਹੋਇਆ ਹੈ। ਅਮਰੀਕਾ ਵਿੱਚ ਮੀਟ ਦਾ ਉਤਪਾਦਨ ਚਾਰ ਵੱਡੀਆਂ ਕੰਪਨੀਆਂ ਕੋਲ ਹੈ।

ਭਾਵੇਂ ਕਿ ਉਹ ਰਿਕਾਰਡ ਮੁਨਾਫ਼ੇ ਬਣਾ ਰਹੇ ਹਨ ਪਰ ਉਹ ਆਪਣੀਆਂ ਕੀਮਤਾਂ ਵਧਾਅ ਰਹੇ ਹਨ ਅਤੇ ਉਹ ਅਜਿਹਾ ਤਾਲਮੇਲ ਨਾਲ ਕਰ ਰਹੇ ਹਨ। ਇੱਥੇ ਇੱਕ ਵਾਰ ਫਿਰ ਉਹ ਮਹਿੰਗਾਈ ਨੂੰ ਬਹਾਨੇ ਵਜੋਂ ਵਰਤ ਰਹੇ ਹਨ।

ਊਰਜਾ ਅਤੇ ਸਿਹਤ ਖੇਤਰ ਸਭ ਤੋਂ ਅੱਗੇ

ਬਰਾਇਨ ਵਕਾਮੋ ਮੁਤਾਬਕ ਲਾਲਚ ਕਾਰਨ ਮਹਿੰਗਾਈ ਲਈ ਤੇਲ ਅਤੇ ਗੈਸ ਖੇਤਰ ਸਭ ਤੋਂ ਬਦਨਾਮ ਹੈ।

ਬਰਾਇਨ ਵਾਸ਼ਿੰਗਟਨ ਅਧਾਰਿਤ ਇੰਸਟੀਚਿਊਟ ਫਾਰ ਪੌਲੀਟਿਕਲ ਸਟਡੀਜ਼ ਵਿੱਚ ਅਸਾਵੇਂਪਣ ਉੱਪਰ ਖੋਜ ਕਰ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਮੁੰਡੋ ਸੇਵਾ ਨੂੰ ਦੱਸਿਆ, ਬੀਪੀ ਵਰਗੀਆਂ ਕੰਪਨੀਆਂ ਨੂੰ ਉਤਪਾਦਨ ਰੂਸ ਤੋਂ ਬਦਲ ਕੇ ਕਿਤੇ ਹੋਰ ਲਿਜਾਣਾ ਪਿਆ ਹੋਵੇਗਾ।

''ਜਿੱਥੇ ਉਨ੍ਹਾਂ ਨੂੰ ਉਤਪਾਦਨ ਮਹਿੰਗਾ ਪੈ ਰਿਹਾ ਹੋਵੇ ਜਾਂ ਹੋ ਸਕਦਾ ਹੈ ਉਨ੍ਹਾਂ ਦਾ ਮਾਲ ਦੀ ਢੋਆ-ਢੁਆਈ ਉੱਪਰ ਖ਼ਰਚਾ ਵਧ ਗਿਆ ਹੋਵੇ। ਫਿਰ ਵੀ ਆਪਣੇ ਉਤਪਾਦਾਂ ਲਈ ਉਹ ਜੋ ਪੈਸਾ ਲੈ ਰਹੇ ਹਨ ਉਹ ਜ਼ਰੂਰੀ ਨਾਲੋਂ ਬਹੁਤ ਜ਼ਿਆਦਾ ਹੈ।''

ਬਰਾਇਨ ਕਹਿੰਦੇ ਹਨ ਸਿਹਤ ਖੇਤਰ ਖਾਸ ਕਰਕੇ ਅਮਰੀਕਾ ਵਿੱਚ ਮਰੀਜ਼ਾਂ ਤੋਂ ਦਵਾਈਆਂ ਦੀਆਂ ਕੀਮਤਾਂ ਨਾਲੋਂ ਬਹੁਤ ਜ਼ਿਆਦਾ ਪੈਸੇ ਵਸੂਲ ਰਿਹਾ ਹੈ।

ਜਿਵੇਂ ਕਿ ਅਸੀਂ ਸਾਰੀ ਮਹਾਮਾਰੀ ਦੌਰਾਨ ਦੇਖਿਆ ਹੈ ਕਿ ਕੰਪਨੀਆਂ ਨੇ ਆਪਣੇ ਮੁਨਾਫ਼ੇ ਬਰਕਰਾਰ ਰੱਖਣ ਦਾ ਹਰ ਮੌਕਾ ਸਾਂਭਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਕਰਜ਼ ਲਏ, ਸਹਾਇਤਾ ਲਈ, ਮੁਲਾਜ਼ਮ ਕੱਢੇ। ਕੰਪਨੀਆਂ ਦੇ ਵੱਡੇ ਅਧਿਕਾਰੀਆਂ ਦੀ ਜਾਇਦਾਦ ਵੀ ਬਹੁਤ ਤੇਜ਼ੀ ਨਾਲ ਵਧੀ ਹੈ।

ਮੁਕਾਬਲੇ ਦੀ ਕਮੀ

ਕਈ ਆਰਥਿਕ ਮਾਹਰਾਂ ਮੁਤਾਬਕ ਮਹਿੰਗਾਈ ਦੇ ਪਿੱਛੇ ਮਹਾਮਾਰੀ ਹੈ।

ਸਾਲ 2020 ਅਤੇ 2021 ਦੌਰਾਨ ਸਾਰੇ ਖੇਤਰਾਂ ਦੀਆਂ ਕੰਪਨੀਆਂ ਜਾਂ ਤਾਂ ਦੀਵਾਲੀਆ ਸਨ ਜਾਂ ਆਰਥਿਕ ਤੌਰ 'ਤੇ ਬਹੁਤ ਬੁਰੇ ਹਾਲਾਤ ਵਿੱਚ ਸਨ।

ਹਵਾਈ ਆਵਾ-ਜਾਈ ਦਾ ਖੇਤਰ ਇਸਦੀ ਇੱਕ ਮਿਸਾਲ ਹੈ।

ਅਮਰੀਕਾ ਅਤੇ ਯੂਰਪ ਵਿੱਚ ਕੁਝ ਅਹਿਮ ਵੱਡੇ ਕਾਰੋਬਾਰੀ ਘਰਾਣੇ ਪੈਦਾ ਹੋਏ ਸਨ। ਜਿਵੇਂ ਕਿ ਲੁਫ਼ਤਾਂਸਾ ਗਰੁੱਪ, ਇੰਟਰਨੈਸ਼ਨਲ ਏਅਰਲਾਈਨਜ਼ ਗਰੁੱਪ ਜਾਂ ਡੇਲਟਾ, ਜਿਨ੍ਹਾਂ ਨੇ ਕਈ ਕੰਪਨੀਆਂ ਦਾ ਏਕੀਕਰਨ ਕਰ ਲਿਆ ਜਾਂ ਹੋਰ ਕੰਪਨੀਆਂ ਨੂੰ ਖ਼ਰੀਦ ਲਿਆ।

ਰੀਚ ਅਤੇ ਬਰਾਇਨ ਮੰਨਦੇ ਹਨ ਕਿ ਵਧਦੀ ਮਹਿੰਗਾਈ ਪਿੱਛੇ ਇਜਾਰੇਦਾਰੀ ਵਾਲੀਆਂ ਕੰਪਨੀਆਂ ਵੀ ਇੱਕ ਕਾਰਨ ਹਨ।

ਕਾਰਪੋਰੇਟ ਇਜਾਰੇਦਾਰੀਆਂ ਲੰਬੇ ਸਮੇਂ ਤੋਂ ਮਹਿੰਗਾਈ ਵਿੱਚ ਤੇਲ ਪਾ ਰਹੀਆਂ ਹਨ। ਜਦੋਂ ਬਜ਼ਾਰ ਵਿੱਚ ਕੋਈ ਉਤਪਾਦ ਜਾਂ ਸੇਵਾ ਦੇ ਜ਼ਿਆਦਾ ਬਦਲ ਨਹੀਂ ਬਚਦੇ ਤਾਂ ਇਸ ਨਾਲ ਮੁੱਖ ਉਤਪਾਦਕ ਕੰਪਨੀਆਂ ਨੂੰ ਆਪਣੇ ਉਤਪਾਦ ਦੀ ਕੀਮਤ ਤੈਅ ਕਰਨ ਲਈ ਥਾਂ ਮਿਲਦੀ ਹੈ।

ਇਸੇ ਤਰ੍ਹਾਂ ਜਦੋਂ ਕਿਸੇ ਖੇਤਰ ਵਿੱਚ ਇੱਕ ਜਾਂ ਦੋ ਕੰਪਨੀਆਂ ਹੁੰਦੀਆਂ ਹਨ ਤਾਂ ਜਦੋਂ ਉਨ੍ਹਾਂ ਨੂੰ ਠੀਕ ਲੱਗਦਾ ਹੈ ਉਹ ਕੀਮਤਾਂ ਵਧਾ ਲੈਂਦੀਆਂ ਹਨ। ਇਹ ਵਰਤਰਾ ਅਸੀਂ ਦੁਨੀਆਂ ਵਿੱਚ ਕਈ ਥਾਈਂ ਦੇਖਿਆ ਹੈ।

ਰੀਚ ਆਪਣੇ ਬਲੌਗ ਵਿੱਚ ਕਹਿੰਦੇ ਹਨ, ਅਸਲ ਸਮੱਸਿਆ ਮਹਿੰਗਾਈ ਨਹੀਂ ਹੈ, ਸਗੋਂ ਮੁਕਾਬਲੇ ਦੀ ਕਮੀ ਹੈ।

ਸਾਬਕਾ ਸੈਕਰੇਟਰੀ ਆਫ਼ ਲੇਬਰ ਕਹਿੰਦੇ ਹਨ ਕਿ 1980ਵਿਆਂ ਤੋਂ ਲੈਕੇ ਅਮਰੀਕਾ ਦੀਆਂ ਦੋ ਤਿਹਾਈ ਸਨਅਤਾਂ ਕੁਝ ਹੱਥਾਂ ਵਿੱਚ ਸਿਮਟ ਗਈਆਂ ਹਨ।

ਅਮਰੀਕਾ ਵਿੱਚ ਮੱਕੀ ਦੇ ਬੀਅ ਦੀ ਕੀਮਤ ਹੁਣ ਜ਼ਿਆਦਾਤਰ ਮੌਨਸੈਂਟੋ ਵੱਲੋਂ ਤੈਅ ਕੀਤੀ ਜਾਂਦੀ ਹੈ। ਵਾਲਸਟਰੀਟ ਪੰਜ ਵੱਡੇ ਬੈਂਕਾਂ ਦੇ ਹੱਥਾਂ ਵਿੱਚ ਸਿਮਟ ਗਈ ਹੈ।

ਉਹ ਕਹਿੰਦੇ ਹਨ,''ਸਾਲ 1980 ਵਿੱਚ ਹਵਾਈ ਕੰਪਨੀਆਂ 12 ਸਨ ਜੋ ਕਿ ਹੁਣ ਚਾਰ ਰਹਿ ਗਈਆਂ ਹਨ। ਬਰੌਡਬੈਂਡ ਵਿੱਚ ਤਿੰਨ ਵੱਡੀਆਂ ਕੰਪਨੀਆਂ ਦਾ ਬੋਲਬਾਲਾ ਹੈ।''

''ਕੁਝ ਮੁੱਠੀ ਭਰ ਦਵਾਈ ਨਿਰਮਾਤਾ ਕੰਪਨੀਆਂ (ਫਾਈਜ਼ਰ, ਐਲੀ-ਲਿਲੀ, ਜੌਹਨਸਨ ਐਂਡ ਜੌਹਨਸਨ, ਬ੍ਰਿਸਲ-ਮੇਅਰਸ ਸਕੁਇਬ ਐਂਡ ਮਰਕ) ਫਾਰਮਾਸਿਊਟੀਕਲ ਖੇਤਰ ਉੱਪਰ ਕਾਬਜ ਹਨ।''

ਇਸੇ ਤਰ੍ਹਾਂ ਜਿਵੇਂ ਕਿ ਪੂਰੀ ਦੁਨੀਆਂ ਵਿੱਚ ਹੀ ਦੋ-ਤਿੰਨ ਵੱਡੀਆਂ ਕੰਪਨੀਆਂ ਹੀ ਕੰਮ ਕਰਦੀਆਂ ਹਨ ਤਾਂ ਸਮੱਸਿਆ ਸਿਰਫ਼ ਅਮਰੀਕਾ ਦੀ ਹੀ ਨਹੀਂ ਰਹਿ ਜਾਂਦੀ।

ਕੰਪਨੀਆਂ ਦੇ ਉੱਚ ਅਹੁਦੇਦਾਰਾਂ ਦਾ ਲਾਲਚ

ਇਸ ਤੋਂ ਇਲਾਵਾ ਮਹਿੰਗਾਈ ਦੇ ਪਿੱਛੇ ਕਾਰਪੋਰੇਟ ਕੰਪਨੀਆਂ ਦੇ ਲਾਲਚ ਨੂੰ ਇੱਕ ਵਜ੍ਹਾ ਮੰਨਣ ਵਾਲੇ ਲੋਕ ਆਪਣੇ ਪੱਖ ਵਿੱਚ ਉੱਚੀਆਂ ਐਗਜ਼ਕਿਊਟਿਵ ਆਹੁਦੇਦਾਰਾਂ ਦੀਆਂ ਬਹੁਤ ਜ਼ਿਆਦਾ ਵਧੀਆਂ ਤਨਖ਼ਾਹਾਂ ਵੱਲ ਵੀ ਇਸ਼ਾਰਾ ਕਰਦੇ ਹਨ।

ਅਮਰੀਕਾ ਦੀ ਫੈਡਰੇਸ਼ਨ ਆਫ਼ ਲੇਬਰ ਅਤੇ ਕਾਂਗਰਸ ਆਫ਼ ਆਰਗੇਨਾਈਜ਼ੇਸ਼ਨਸ ਵੱਲੋਂ ਇਸੇ ਸਾਲ ਜੁਲਾਈ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਟੌਕ ਬਜ਼ਾਰ ਦੇ ਐਸ ਐਂਡ ਪੀ 500 ਸੂਚਕਆਂਕ ਵਿੱਚ ਸ਼ਾਮਲ ਕੰਪਨੀਆਂ ਦੇ ਸੀਓਜ਼ ਦੀਆਂ ਤਨਖਾਹਾਂ ਸਾਲ 2021 ਦੌਰਾਨ 18.2% ਵਧੀਆਂ ਹਨ।

ਇਸ ਦੇ ਮੁਕਾਬਲੇ ਵਿੱਚ ਦੇਖਿਆ ਜਾਵੇ ਤਾਂ ਅਮਰੀਕਾ ਦੀ ਮਹਿੰਗਾਈ ਦਰ 7.1% ਰਹੀ ਅਤੇ ਵਰਕਰ ਸ਼੍ਰੇਣੀ ਦੇ ਭੱਤੇ ਮਹਿਜ਼ 4.7% ਹੀ ਵਧੇ।

ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸੀਓਜ਼ ਨੂੰ ਉਸ ਸਾਲ ਦੌਰਾਨ 18.3 ਮਿਲੀਅਨ ਡਾਲਰ ਦਾ ਮਿਹਨਤਾਨਾ ਉਨ੍ਹਾਂ ਦੇ ਕੰਮ ਦੇ ਬਦਲੇ ਮਿਲਿਆ। ਇਹ ਵਰਕਰਾਂ ਨੂੰ ਮਿਲੇ ਮਿਹਨਤਾਨੇ ਦੇ ਮੁਕਾਬਲੇ 324 ਗੁਣਾਂ ਜ਼ਿਆਦਾ ਸੀ।

ਫਰੈਡ ਰੈਡਮੌਂਡ, ਸਕੱਤਰ ਏਐਫ਼ਲ-ਸੀਆਈਓ ਕਹਿੰਦੇ ਹਨ,''ਬਜਾਇ ਇਸਦੇ ਕਿ ਉਹ ਆਪਣੇ ਕਾਮਿਆਂ ਦੀ ਤਨਖਾਹਾਂ ਵਧਾ ਕੇ ਆਪਣੇ ਕਾਮਿਆਂ ਵਿੱਚ ਨਿਵੇਸ਼ ਕਰਦੇ ਅਤੇ ਕੀਮਤਾਂ ਨੂੰ ਕਾਬੂ ਵਿੱਚ ਰੱਖਦੇ।''

''ਉਨ੍ਹਾਂ ਦੀ ਰਣਨੀਤੀ ਕੀਮਤਾਂ ਵਧਾਅ ਕੇ ਰਿਕਾਰਡਤੋੜ ਮੁਨਾਫ਼ਾ ਕਮਾਉਣ ਅਤੇ ਆਰਥਿਕ ਮੰਦੀ ਨੂੰ ਸੱਦਾ ਦੇਣ ਦੀ ਹੈ ਜਿਸ ਨਾਲ ਕਈ ਲੋਕ ਬੇਰੁਜ਼ਾਗ ਹੋ ਜਾਣਗੇ।''

ਮੋਟੇ ਮੁਨਾਫ਼ੇ ਬਨਾਮ ਨਿਗੂਣੀਆਂ ਤਨਖਾਹਾਂ

ਕਾਰਪੋਰੇਟ ਮੁਨਾਫ਼ੇ ਅਤੇ ਐਗਜ਼ੀਕਿਊਟਿਵਾਂ ਦੀਆਂ ਤਨਖਹਾਂ ਅੱਜ ਛੱਤ ਤੋੜ ਕੇ ਪਾਰ ਨਿਕਲ ਗਈਆਂ ਹਨ ਜਦਕਿ ਜ਼ਿਆਦਾਤਰ ਅਮਰੀਕੀਆਂ ਦੀਆਂ ਤਨਖਾਹਾਂ ਜਾਂ ਤਾਂ ਪਿਛਲੇ ਕਈ ਦਹਾਕਿਆਂ ਤੋਂ ਵਧੀਆਂ ਨਹੀਂ ਜਾਂ ਬਹੁਤ ਥੋੜ੍ਹੀਆਂ ਹਨ।

ਥਿੰਕ ਟੈਂਕ ਮੁਤਾਬਕ ਅੱਜ ਦਾ ਉੱਚ ਮੁਨਾਫ਼ਾ ਅਤੇ ਨਿਗੂਣੀਆਂ ਤਨਖਾਹਾਂ ਵਾਲਾ ਅਰਥਚਾਰਾ ਕੁਝ ਹੱਦ ਤੱਕ ਉਨ੍ਹਾਂ ਨੀਤੀਆਂ ਅਤੇ ਨਿਯਮਾਂ ਦਾ ਨਤੀਜਾ ਹੈ ਜਿਨ੍ਹਾਂ ਦੇ ਪ੍ਰਭਾਵ ਵਿੱਚ ਕਾਰਪੋਰੇਟ ਕੰਪਨੀਆਂ ਫ਼ੈਸਲੇ ਲੈਂਦੀਆਂ ਹਨ।

ਇਨ੍ਹਾਂ ਨਿਯਮਾਂ ਨੇ ਸੀਓਜ਼ ਨੂੰ, ਸ਼ੇਅਰ ਹੋਲਡਰਾਂ ਅਤੇ ਐਗਜਿਕਿਊਟਿਵਾਂ ਨੂੰ ਕਾਮਿਆਂ ਅਤੇ ਕਾਰੋਬਾਰੀ ਨਿਵੇਸ਼ ਵਿੱਚੋਂ ਅਤੇ ਦੂਰ ਰਸੀ ਆਰਥਿਕ ਤਰੱਕੀ ਦੀ ਕੀਮਤ 'ਤੇ ਜ਼ਿਆਦਾ ਤੋਂ ਜ਼ਿਆਦਾ ਮੁਨਾਫ਼ਾ ਕੱਢਣ ਵਿੱਚ ਮਦਦ ਕੀਤੀ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)