You’re viewing a text-only version of this website that uses less data. View the main version of the website including all images and videos.
ਅਮਰੀਕਾ ਤੋਂ ਸ਼੍ਰੀਲੰਕਾ ਤੱਕ ਮਹਿੰਗੀ ਹੋਈ ਰੋਟੀ ਲਈ ਕਿਵੇਂ ਲੜ ਰਹੇ ਹਨ ਲੋਕ
- ਲੇਖਕ, ਸਟੈਫ਼ਨੀ ਹੇਗਾਰਟੀ
- ਰੋਲ, ਗਲੋਬਲ ਪਾਪੁਲੇਸ਼ਨ ਰਿਪੋਰਟਰ, ਬੀਬੀਸੀ ਵਰਲਡ ਸਰਵਿਸ
ਦੁਨੀਆਂ ਭਰ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਖੁਰਾਕੀ ਵਸਤੂਆਂ ਦੀ ਕਮੀ ਵੀ ਮਹਿਸੂਸ ਕੀਤੀ ਜਾ ਰਹੀ ਹੈ। ਲੋਕ ਵੀ ਇਨ੍ਹਾਂ ਬਦਲਦੇ ਹਾਲਾਤਾਂ ਨਾਲ ਦੋ-ਚਾਰ ਹੋਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ।
ਇਸ ਦਾ ਮਤਲਬ ਹੈ ਕਿ ਲੋਕ ਆਪਣੀਆਂ ਖੁਰਾਕੀ ਆਦਤਾਂ 'ਚ ਬਦਲਾਅ ਕਰ ਰਹੇ ਹਨ।
ਅਮਰੀਕਾ ਵਿੱਚ ਭੋਜਨ ਦੀ ਖੋਜ ਸਵੇਰੇ ਚਾਰ ਵਜੇ ਸ਼ੁਰੂ ਹੋ ਜਾਂਦੀ ਹੈ।
ਗਰਮੀ ਦਾ ਮੌਸਮ ਹੈ ਅਤੇ ਤੜਕੇ ਚਾਰ ਵਜੇ, ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਡੋਨਾ ਮਾਰਟਿਨ ਆਪਣੇ ਦਫਤਰ ਪਹੁੰਚ ਰਹੇ ਹਨ। ਉਨ੍ਹਾਂ ਦੇ ਸਾਹਮਣੇ ਆਪਣੇ ਸਕੂਲ ਜ਼ਿਲ੍ਹੇ ਦੇ ਬੱਚਿਆਂ ਨੂੰ ਭੋਜਨ ਦੇਣ ਦੀ ਚੁਣੌਤੀ ਹੈ।
ਮਾਰਟਿਨ ਇੱਕ ਫੂਡ ਸਰਵਿਸ ਡਾਇਰੈਕਟਰ ਹੈ ਜਿਸ ਉੱਤੇ ਜ਼ਿਲ੍ਹੇ ਵਿੱਚ 4200 ਬੱਚਿਆਂ ਨੂੰ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਹੈ।
ਇਹ ਸਾਰੇ ਬੱਚੇ ਅਮਰੀਕਾ ਦੇ ਫੈਡਰਲ ਫਰੀ ਸਕੂਲ ਮੀਲ ਪ੍ਰੋਗਰਾਮ ਨਾਲ ਜੁੜੇ ਹੋਏ ਹਨ, ਅਮਰੀਕਾ ਦਾ ਮਿੱਡ ਡੇ ਮੀਲ।
ਉਹ ਕਹਿੰਦੇ ਹਨ,"22,000 ਲੋਕਾਂ ਦੇ ਭਾਈਚਾਰੇ ਵਿੱਚ ਸਿਰਫ਼ ਦੋ ਕਰਿਆਨੇ ਦੀਆਂ ਦੁਕਾਨਾਂ ਹਨ। ਇਹ ਜਗ੍ਹਾ ਇੱਕ ਖੁਰਾਕੀ ਮਾਰੂਥਲ ਵਰਗੀ ਹੈ।"
ਪਿਛਲੇ ਇੱਕ ਸਾਲ ਤੋਂ, ਉਨ੍ਹਾਂ ਨੂੰ ਜ਼ਰੂਰੀ ਖਾਣ-ਪੀਣ ਦੀਆਂ ਵਸਤੂਆਂ ਇਕੱਠੀਆਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ।
ਲੰਘੇ ਜੁਲਾਈ ਵਿੱਚ ਸਾਲਾਨਾ ਖੁਰਾਕ ਮਹਿੰਗਾਈ ਦਰ 10.9% ਹੋ ਗਈ ਹੈ, ਜੋ ਕਿ 1979 ਤੋਂ ਬਾਅਦ ਸਭ ਤੋਂ ਵੱਧ ਹੈ।
ਜਿਨ੍ਹਾਂ ਦੁਕਾਨਦਾਰਾਂ ਤੋਂ ਡੋਨਾ ਮਾਰਟਿਨ ਦੇ ਖੁਰਾਕੀ ਵਸਤੂਆਂ ਖ਼ਰੀਦਦੇ ਹਨ, ਉਨ੍ਹਾਂ ਨੇ ਖੁਰਾਕੀ ਵਸਤੂਆਂ ਮਹਿੰਗੀਆਂ ਹੋ ਜਾਣ ਕਾਰਨ ਵਿਕਰੀ ਬੰਦ ਕਰ ਦਿੱਤੀ ਹੈ।
ਡੋਨਾ ਦੱਸਦੇ ਹਨ, "ਉਹ ਕਹਿ ਰਹੇ ਹਨ ਕਿ ਤੁਸੀਂ ਬਹੁਤ ਜ਼ਿਆਦਾ ਨੁਕਤਾਚੀਨੀ ਕਰਦੇ ਹੋ ਅਤੇ ਤੁਹਾਨੂੰ ਸਮਾਨ ਵੇਚ ਕੇ ਵੀ ਸਾਨੂੰ ਕੋਈ ਬਹੁਤ ਜ਼ਿਆਦਾ ਮੁਨਾਫ਼ਾ ਨਹੀਂ ਹੁੰਦਾ ਹੈ।"
ਯੂਐਸ ਫੈਡਰਲ ਸਕੂਲ ਮੀਲ ਪ੍ਰੋਗਰਾਮ ਬਹੁਤ ਸਖ਼ਤ ਨਿਯਮਾਂ ਦੀ ਪਾਲਣਾ ਕਰਦਾ ਹੈ। ਇਸ ਦੇ ਇੱਕ ਨਿਯਮ ਦੇ ਤਹਿਤ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਲੂਣ ਅਤੇ ਚੀਨੀ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ।
ਇਸ ਦਾ ਮਤਲਬ ਹੈ ਕਿ ਡੋਨਾ ਮਾਰਟਿਨ ਨੂੰ ਅਨਾਜ ਤੋਂ ਲੈ ਕੇ ਬੇਗਲ (ਗੋਲ ਬਰੈਡ) ਅਤੇ ਯੋਗਰਟ ਤੱਕ ਖ਼ਾਸ ਕਿਸਮ ਦੀਆਂ ਚੀਜ਼ਾਂ ਮੰਗਵਾਉਣੀਆਂ ਪੈਂਦੀਆਂ ਹਨ।
ਡੋਨਾ ਮੰਨਦੇ ਹਨ ਕਿ ਉਨ੍ਹਾਂ ਦੇ ਦੁਕਾਨਦਾਰਾਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੇ ਸਮੇਂ ਤੋਂ ਵਰਕਰ ਉਪਲਬਧ ਨਹੀਂ ਹਨ, ਜਿਸ ਕਾਰਨ ਉਨ੍ਹਾਂ ਦੇ ਵਿਕਰੇਤਾ ਡਰਾਈਵਰਾਂ ਨੂੰ ਇਕੱਠੇ ਨਹੀਂ ਕਰ ਪਾ ਰਹੇ।
ਪਿਛਲੇ ਇੱਕ ਸਾਲ ਵਿੱਚ ਤੇਲ ਦੀਆਂ ਕੀਮਤਾਂ ਵੀ 60% ਵਧੀਆਂ ਹਨ।
- ਪਿਛਲੀ ਜੁਲਾਈ 'ਚ ਅਮਰੀਕਾ ਦੀ ਸਾਲਾਨਾ ਖੁਰਾਕ ਮਹਿੰਗਾਈ ਦਰ 10.9% ਸੀ।
- ਅਮਰੀਕ ਦੇ ਲੋਕ ਆਪਣੀ ਕਮਾਈ ਦਾ 7.1% ਖਾਣ-ਪੀਣ 'ਤੇ ਖਰਚ ਕਰਦੇ ਹਨ।
ਜਦੋਂ ਡੋਨਾ ਨੂੰ ਆਪਣੇ ਸਪਲਾਇਰਾਂ ਤੋਂ ਲੋੜੀਂਦੀਆਂ ਚੀਜ਼ਾਂ ਨਹੀਂ ਮਿਲਦੀਆਂ, ਤਾਂ ਉਨ੍ਹਾਂ ਨੂੰ ਇਸ ਲਈ ਖੁਦ ਹੱਥ-ਪੈਰ ਮਾਰਨੇ ਪੈਂਦੇ ਹਨ।
ਹਾਲ ਹੀ ਵਿੱਚ, ਜਦੋਂ ਉਸ ਨੂੰ ਪੀਨਟ ਬਟਰ ਨਹੀਂ ਮਿਲਿਆ ਜੋ ਬੱਚਿਆਂ ਨੂੰ ਪਸੰਦ ਹੈ, ਤਾਂ ਉਸ ਨੂੰ ਬੀਨ ਡਿਪ ਨਾਲ ਕੰਮ ਸਾਰਨਾ ਪਿਆ।
ਉਹ ਦੱਸਦੇ ਹਨ, "ਮੈਨੂੰ ਪਤਾ ਸੀ ਕਿ ਬੱਚਿਆਂ ਨੂੰ ਇੰਨਾ ਪਸੰਦ ਨਹੀਂ ਆਏਗਾ ਪਰ ਮੈਂ ਉਨ੍ਹਾਂ ਦਾ ਢਿੱਡ ਤਾਂ ਭਰਨਾ ਹੀ ਹੈ।"
ਅਕਸਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੱਖ-ਵੱਖ ਵਾਲਮਾਰਟ ਸਟੋਰਾਂ ਦੇ ਚੱਕਰ ਲਗਾਉਣ ਲਈ ਸਵੇਰੇ ਸੁਵਖਤੇ ਅਤੇ ਦੇਰ ਰਾਤ ਤੱਕ ਜਾਗਣਾ ਪੈਂਦਾ ਹੈ।
ਉਹ ਦੱਸਦੇ ਹਨ, "ਇੱਕ ਹਫ਼ਤੇ ਲਈ ਸਾਨੂੰ ਹਰ ਰੋਜ਼ ਸਾਰੇ ਸ਼ਹਿਰ ਤੋਂ ਯੋਗਰਟ ਖ਼ਰੀਦਣਾ ਪਿਆ ਸੀ। ਬਹੁਤ ਸਾਰੇ ਅਜਿਹੇ ਬੱਚੇ ਹਨ ਜੋ ਸਕੂਲ ਆਉਣ ਲਈ ਉਤਸ਼ਾਹਿਤ ਹਨ। ਮੈਂ ਨਹੀਂ ਚਾਹੁੰਦੀ ਕਿ ਉਹ ਘਰ ਜਾ ਕੇ ਕਹਿਣ 'ਮੰਮੀ, ਅੱਜ ਸਾਨੂੰ ਸ਼ੇਕ ਨਹੀਂ ਮਿਲਿਆ।"
ਸ਼੍ਰੀਲੰਕਾ ਵਿੱਚ ਕਟਹਲ ਨੇ ਦਿੱਤਾ ਸਹਾਰਾ
ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਤੋਂ ਬਾਹਰ ਰਹਿਣ ਵਾਲੀ ਅਨੋਮਾ ਕੁਮਾਰੀ ਪਰੰਥਲਾ ਦਾ ਇੱਕ ਸਬਜ਼ੀਆਂ ਦਾ ਬਗੀਚਾ ਹੈ ਜਿਸ ਵਿੱਚ ਕਦੇ ਝੋਨਾ ਲਾਇਆ ਜਾਂਦਾ ਸੀ। ਪਰ ਹੁਣ ਉਹ ਇਸ ਵਿੱਚੋਂ ਹਰੀਆਂ ਫਲੀਆਂ ਅਤੇ ਪੁਦੀਨਾ ਤੋੜ ਰਹੇ ਹਨ।
ਇੱਥੇ ਖੜ੍ਹੇ ਹੋ ਕੇ ਵੇਖਿਆਂ ਪਤਾ ਨਹੀਂ ਲਗਦਾ ਕਿ ਸ਼੍ਰੀਲੰਕਾ ਇਨ੍ਹਾਂ ਦਿਨਾਂ ਵਿੱਚ ਕਿਸ ਹਫੜਾ-ਦਫੜੀ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਦੀ ਸਰਕਾਰ ਤੋਂ ਲੈ ਕੇ ਆਰਥਿਕਤਾ ਤੱਕ ਭਾਰੀ ਸੰਕਟ ਚੱਲ ਰਿਹਾ ਹੈ।
ਸ਼੍ਰੀਲੰਕਾਂ ਵਿੱਚ ਇਨ੍ਹੀਂ ਦਿਨੀਂ ਦਵਾਈਆਂ, ਈਂਧਣ ਅਤੇ ਖੁਰਾਕੀ ਵਸਤੂਆਂ ਸਮੇਤ ਹਰ ਚੀਜ਼ ਦੀ ਕਮੀ ਹੈ। ਚੰਗੀਆਂ ਨੌਕਰੀਆਂ ਵਾਲੇ ਲੋਕ ਵੀ ਸਧਾਰਨ ਚੀਜ਼ਾਂ ਖਰੀਦਣ ਲਈ ਸੰਘਰਸ਼ ਕਰ ਰਹੇ ਹਨ।
"ਹੁਣ ਲੋਕ ਆਪਣੇ ਭਵਿੱਖ ਬਾਰੇ ਚਿੰਤਤ ਹਨ। ਉਹ ਡਰਦੇ ਹਨ ਕਿ ਖਾਣ-ਪੀਣ ਲਈ ਕੁਝ ਨਹੀਂ ਹੋਵੇਗਾ," ਪਰੰਥਲਾ ਕਹਿੰਦੇ ਹਨ।
ਵੀਡੀਓ: ਸ਼੍ਰੀਲੰਕਾ ਦਾ ਹਾਲ, 45 ਰੁਪਏ ਦਾ ਆਂਡਾ, 1200 ਰੁਪਏ ਦਾ ਚਿਕਨ, 250 ਰੁਪਏ ਕਿਲੋ ਆਲੂ
ਇਹ ਜ਼ਮੀਨ ਉਨ੍ਹਾਂ ਦੇ ਪਰਿਵਾਰ ਦੀ ਹੈ। ਉਨ੍ਹਾਂ ਨੇ ਮਹਾਂਮਾਰੀ ਦੇ ਦੌਰਾਨ ਇੱਥੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ ਅਤੇ ਹੁਣ ਉਨ੍ਹਾਂ ਦਾ ਜੀਵਨ ਇਸ 'ਤੇ ਟਿਕਿਆ ਹੋਇਆ ਹੈ।
- ਲੰਘੇ ਜੂਨ ਵਿੱਚ, ਸ਼੍ਰੀਲੰਕਾ ਵਿੱਚ ਸਾਲਾਨਾ ਖੁਰਾਕ ਮਹਿੰਗਾਈ ਦਰ 75.8% ਵਧੀ ਹੈ।
- ਸ਼੍ਰੀਲੰਕਾ ਵਾਸੀ ਆਪਣੀ ਆਮਦਨ ਦਾ 29.6% ਖਾਣ-ਪੀਣ 'ਤੇ ਖਰਚ ਕਰਦੇ ਹਨ।
ਪਰੰਥਲਾ ਨੇ ਕਿਤਾਬਾਂ ਅਤੇ ਯੂ-ਟਿਊਬ ਦੀ ਮਦਦ ਨਾਲ ਸਬਜ਼ੀਆਂ ਉਗਾਉਣੀਆਂ ਸਿੱਖੀਆਂ ਹਨ। ਹੁਣ ਉਨ੍ਹਾਂ ਦੇ ਬਗੀਚੇ ਵਿੱਚ ਟਮਾਟਰ, ਪਾਲਕ, ਲੌਕੀ, ਅਰਬੀ ਅਤੇ ਸ਼ਕਰਕੰਦੀ ਹੈ।
ਸ਼੍ਰੀਲੰਕਾ ਵਿੱਚ ਹਰ ਕੋਈ ਇੰਨਾ ਖੁਸ਼ਕਿਸਮਤ ਨਹੀਂ ਹੈ ਕਿ ਉਨ੍ਹਾਂ ਕੋਲ ਇੰਨੀ ਜ਼ਮੀਨ ਹੋਵੇ। ਲਗਭਗ ਸਾਰੇ ਘਰਾਂ ਵਿੱਚ ਕਟਹਲ ਦੇ ਦਰੱਖਤ ਹਨ।
ਪਰਾਂਥਲਾ ਕਹਿੰਦੇ ਹਨ,"ਹਰ ਬਗੀਚੇ ਵਿੱਚ ਕਟਹਲ ਗਿੱਦੜ ਦਾ ਦਰੱਖ਼ਤ ਹੁੰਦਾ ਹੈ। ਅੱਜ ਤੱਕ ਲੋਕਾਂ ਨੇ ਕਟਹਲ ਵੱਲ ਧਿਆਨ ਨਹੀਂ ਦਿੱਤਾ। ਉਹ ਦਰਖਤਾਂ ਤੋਂ ਡਿੱਗ ਕੇ ਖਰਾਬ ਹੋ ਜਾਂਦੇ ਸਨ।"
ਅਨੋਮਾ ਪਰੰਥਲਾ ਨੇ ਮੀਟ ਜਾਂ ਮਹਿੰਗੀਆਂ ਸਬਜ਼ੀਆਂ ਖਰੀਦਣ ਤੋਂ ਬਚਣ ਲਈ ਕਟਹਲ ਅਤੇ ਨਾਰੀਅਲ ਦੀ ਸਬਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਕਟਹਲ ਹੁਣ ਇੱਕ ਮਸ਼ਹੂਰ ਪਕਵਾਨ ਬਣ ਗਿਆ ਹੈ ਤੇ ਬਾਜ਼ਾਰ ਵਿੱਚ ਵਿਕ ਰਿਹਾ ਹੈ। ਕੁਝ ਲੋਕ ਕਟਹਲ ਦੇ ਬੀਜਾਂ ਨੂੰ ਪੀਸ ਕੇ ਰੋਟੀਆਂ ਲਈ ਆਟਾ ਬਣਾ ਰਹੇ ਹਨ।
ਕੁਝ ਸਾਲ ਪਹਿਲਾਂ, ਦੁਨੀਆ ਭਰ ਦੇ ਵੱਡੇ ਰੈਸਟੋਰੈਂਟਾਂ ਵਿੱਚ ਕਟਹਲ ਮੀਟ ਦੇ ਬਦਲ ਵਜੋਂ ਉੱਭਰਿਆ ਸੀ। ਹਾਲਾਂਕਿ ਸ਼੍ਰੀਲੰਕਾ ਵਿੱਚ ਮਸ਼ਹੂਰ ਹੋਣ ਲਈ ਇਸ ਵਿਚਾਰੇ ਨੂੰ ਇੱਕ ਵਿਆਪਕ ਸੰਕਟ ਦੀ ਉਡੀਕ ਕਰਨੀ ਪਈ।
ਪਰ ਇਸਦਾ ਸਵਾਦ ਕਿਹੋ ਜਿਹਾ ਹੈ...?
ਇਸ ਸਵਾਲ 'ਤੇ ਅਨੋਮਾ ਪਰੰਥਲਾ ਦਾ ਕਹਿਣਾ ਹੈ, "ਇਹ ਅਜਿਹਾ ਸੁਆਦ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸ਼ਾਨਦਾਰ ਹੈ।"
ਇਹ ਵੀ ਪੜ੍ਹੋ:
ਨਾਈਜੀਰੀਆ ਵਿੱਚ ਆਟੇ, ਆਂਡੇ ਅਤੇ ਖੰਡ ਦਾ ਸੰਕਟ
ਨਾਈਜੀਰੀਆ ਵਾਸੀ ਇਮੈਨੁਅਲ ਓਨੂਓਰਾ ਦੀ ਰਾਜਨੀਤੀ ਵਿੱਚ ਬਹੁਤ ਘੱਟ ਦਿਲਚਸਪੀ ਹੈ। ਉਹ ਬਰੈੱਡ ਬਣਾ ਕੇ ਵੇਚਦੇ ਹਨ।
ਹਾਲਾਂਕਿ ਅਜੋਕੇ ਸਮੇਂ ਵਿੱਚ ਉਨ੍ਹਾਂ ਲਈ ਰੁਜ਼ਗਾਰ ਚਲਾਉਣਾ ਅਸੰਭਵ ਹੋ ਗਿਆ ਹੈ।
ਉਹ ਦੱਸਦਾ ਹੈ, "ਪਿਛਲੇ ਇੱਕ ਸਾਲ ਵਿੱਚ ਕਣਕ ਦੇ ਆਟੇ ਦੀ ਕੀਮਤ ਵਿੱਚ 200 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਚੀਨੀ ਦੀ ਕੀਮਤ ਵੀ 150% ਤੋਂ ਵੱਧ ਗਈ ਹੈ ਅਤੇ ਆਂਡੇ ਦੀ ਕੀਮਤ ਜੋ ਅਸੀਂ ਪਕਾਉਣ ਵਿੱਚ ਵਰਤਦੇ ਹਾਂ, ਦੀ ਕੀਮਤ ਵਿੱਚ 120% ਦਾ ਵਾਧਾ ਹੋਇਆ ਹੈ।"
ਇਮੈਨੁਅਲ ਦੱਸਦੇ ਹਨ ਉਹ "ਨੁਕਸਾਨ ਝੱਲ ਰਹੇ ਹਨ।"
ਉਨ੍ਹਾਂ ਨੂੰ ਆਪਣੇ 350 ਵਿੱਚੋਂ 305 ਮੁਲਾਜ਼ਮਾਂ ਨੂੰ ਕੱਢਣਾ ਪਿਆ। ਉਹ ਪੁੱਛਦੇ ਹਨ ਕਿ, "ਉਹ ਆਪਣੇ ਪਰਿਵਾਰਾਂ ਦੀ ਦੇਖਭਾਲ ਕਿਵੇਂ ਕਰਨਗੇ?"
ਇਮੈਨੁਅਲ ਨਾਈਜੀਰੀਆ ਦੀ ਪ੍ਰੀਮੀਅਮ ਬਰੈੱਡ ਮੇਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਵਰਤਮਾਨ ਵਿੱਚ ਬਰੈਡ ਬਣਾਉਣ ਵਾਲਿਆਂ ਦੀ ਤਰਫੋਂ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੁਲਾਈ ਵਿੱਚ ਉਨ੍ਹਾਂ ਨੇ ਚਾਰ ਦਿਨਾਂ ਲਈ ਕਰੀਬ ਪੰਜ ਲੱਖ ਬੇਕਰੀਆਂ ਬੰਦ ਰੱਖੀਆਂ।
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਰਕਾਰ ਇਸ ਧਰਨੇ ਕਾਰਨ ਬਰੈੱਡ ਬਣਾਉਣ ਵਾਲਿਆਂ ਵੱਲੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ 'ਤੇ ਟੈਕਸ ਘੱਟ ਕਰੇਗੀ।
ਕਣਕ ਅਤੇ ਸਬਜ਼ੀਆਂ ਦੇ ਤੇਲ ਦੀਆਂ ਕੀਮਤਾਂ ਮਾੜੀ ਫ਼ਸਲ ਅਤੇ ਮਹਾਂਮਾਰੀ ਤੋਂ ਬਾਅਦ ਵਧਦੀ ਮੰਗ ਕਾਰਨ ਵਿਸ਼ਵ ਭਰ ਵਿੱਚ ਵਧੀਆਂ ਹਨ। ਇਸ ਤੋਂ ਬਾਅਦ ਰੂਸ ਦੇ ਯੂਕਰੇਨ ਉੱਪਰ ਹਮਲੇ ਨਾਲ ਸਥਿਤੀ ਵਿਗੜ ਹੋਰ ਗਈ।
ਨਾਈਜੀਰੀਆ ਵਿੱਚ ਬੇਕਿੰਗ ਵਿੱਚ ਵਰਤੀ ਜਾਂਦੀ ਜ਼ਿਆਦਾਤਰ ਸਮੱਗਰੀ ਆਯਾਤ ਕੀਤੀ ਜਾਂਦੀ ਹੈ ਪਰ ਨਾਈਜੀਰੀਆ ਵਿੱਚ ਬਰੈੱਡ ਦੀ ਵਿਕਰੀ ਕੀਮਤ ਯੂਰਪ ਦੇ ਮੁਕਾਬਲੇ ਬਹੁਤ ਘੱਟ ਹੈ।
ਵੀਡੀਓ: ਪੰਜਾਬੀਆਂ ਉੱਪਰ ਮਹਿੰਗਾਈ ਦਾ ਅਸਰ
- ਪਿਛਲੀ ਜੁਲਾਈ ਵਿੱਚ, ਨਾਈਜੀਰੀਆ ਵਿੱਚ ਸਾਲਾਨਾ ਖੁਰਾਕ ਮਹਿੰਗਾਈ ਦਰ 22% ਤੱਕ ਪਹੁੰਚ ਗਈ ਹੈ।
- ਨਾਈਜੀਰੀਆ ਵਾਸੀ ਆਪਣੀ ਆਮਦਨ ਦਾ 59.1% ਖਾਣ-ਪੀਣ 'ਤੇ ਖਰਚ ਕਰਦੇ ਹਨ
ਨਾਈਜੀਰੀਆ ਨੂੰ ਬਿਜਲੀ ਦੀ ਭਾਰੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਜ਼ਿਆਦਾਤਰ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਨਿੱਜੀ ਡੀਜ਼ਲ ਜਨਰੇਟਰਾਂ ਦੀ ਵਰਤੋਂ ਕਰਨੀ ਪੈਂਦੀ ਹੈ। ਈਂਧਨ ਦੀਆਂ ਕੀਮਤਾਂ ਵਿੱਚ ਵੀ 30% ਵਾਧਾ ਹੋਇਆ ਹੈ।
ਹਾਲਾਂਕਿ ਨਾਈਜੀਰੀਆ ਇੱਕ ਤੇਲ ਨਾਲ ਭਰਪੂਰ ਦੇਸ਼ ਹੈ, ਇਸ ਵਿੱਚ ਕੁਝ ਤੇਲ ਰਿਫਾਇਨਿੰਗ ਸਟੇਸ਼ਨ ਹਨ ਪਰ ਇਸ ਨੂੰ ਆਪਣੀ ਖਪਤ ਦਾ ਲਗਭਗ ਸਾਰਾ ਡੀਜ਼ਲ ਬਾਹਰੋਂ ਮੰਗਾਉਣਾ ਪੈਂਦਾ ਹੈ।
ਇਮੈਨੁਅਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਾਗਤ ਤਿੰਨ ਗੁਣਾ ਵਧ ਗਈ ਹੈ ਪਰ ਉਹ ਆਪਣੀ ਬਰੈੱਡ ਦੀ ਕੀਮਤ ਸਿਰਫ਼ ਦਸ ਤੋਂ ਬਾਰਾਂ ਫੀਸਦੀ ਤੱਕ ਵਧਾ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਗਾਹਕ ਇਸ ਤੋਂ ਵੱਧ ਕੀਮਤ 'ਤੇ ਬਰੈੱਡ ਨਹੀਂ ਖ਼ਰੀਦ ਸਕਦੇ।
ਉਹ ਕਹਿੰਦੇ ਹਨ, "ਨਾਈਜੀਰੀਅਨ ਬਹੁਤ ਗਰੀਬ ਹਨ। ਕਾਰੋਬਾਰ ਬੰਦ ਹੋ ਰਹੇ ਹਨ ਅਤੇ ਤਨਖਾਹਾਂ ਨਹੀਂ ਵਧ ਰਹੀਆਂ ਹਨ। ਅਸੀਂ ਉਨ੍ਹਾਂ 'ਤੇ ਜ਼ਿਆਦਾ ਬੋਝ ਨਹੀਂ ਪਾ ਸਕਦੇ।"
ਔਸਤਨ, ਇੱਕ ਨਾਈਜੀਰੀਅਨ ਵਿਅਕਤੀ ਆਪਣੀ ਆਮਦਨ ਦਾ 60 ਫੀਸਦ ਖਾਣ-ਪੀਣ 'ਤੇ ਖਰਚ ਕਰਦਾ ਹੈ। ਇਸ ਦੇ ਉਲਟ ਅਮਰੀਕਾ ਵਿੱਚ ਇਹ ਅੰਕੜਾ ਸਿਰਫ਼ ਸੱਤ ਫ਼ੀਸਦੀ ਹੈ।
ਹਾਲਾਂਕਿ ਇਮੈਨੁਅਲ ਲਈ ਇਨ੍ਹਾਂ ਹਾਲਤਾਂ ਵਿੱਚ ਇਸੇ ਤਰ੍ਹਾਂ ਬਾਦਸਤੂਰ ਬਰੈੱਡ ਬੈਕ ਕਰਨਾ ਜਾਰੀ ਰੱਖਣਾ ਸੰਭਵ ਨਹੀਂ ਹੋਵੇਗਾ।
ਉਹ ਕਹਿੰਦੇ ਹਨ, "ਅਸੀਂ ਕੋਈ ਚੈਰੀਟੇਬਲ ਸੰਸਥਾ ਨਹੀਂ ਹਾਂ। ਅਸੀਂ ਮੁਨਾਫ਼ਾ ਕਮਾਉਣ ਲਈ ਇਸ ਕਾਰੋਬਾਰ ਵਿੱਚ ਹਾਂ ਪਰ ਅਸੀਂ ਇਸ ਲਈ ਲੱਗੇ ਹੋਏ ਹਾਂ ਤਾਂ ਜੋ ਨਾਈਜੀਰੀਅਨ ਆਪਣਾ ਢਿੱਡ ਭਰ ਸਕਣ।"
ਲੰਗਰ ਭਰਦਾ ਹੈ 75 ਜਣਿਆਂ ਦਾ ਢਿੱਡ
ਪਹਾੜੀ ਵੱਲ ਜਾਣ ਵਾਲੀ ਤੰਗ ਪਗਡੰਡੀ 'ਤੇ ਚੜ੍ਹ ਕੇ, ਜਸਟਿਨਾ ਫਲੋਰੈਂਸ ਲੀਮਾ ਸ਼ਹਿਰ ਨੂੰ ਵੇਖਦੇ ਹਨ। ਉਹ ਸੋਚਦੇ ਹਨ ਕਿ ਉਹ ਅੱਜ ਕੀ ਪਕਾਏਗੀ।
ਇਹ ਇੱਕ ਅਜਿਹੀ ਸਮੱਸਿਆ ਹੈ ਜੋ ਉਨ੍ਹਾਂ ਲਈ ਦਿਨੋ-ਦਿਨ ਵਿਗੜਦੀ ਜਾ ਰਹੀ ਹੈ।
ਮਹਾਂਮਾਰੀ ਦੇ ਦੌਰਾਨ, ਉਨ੍ਹਾਂ ਨੇ ਆਪਣੇ ਸੱਠ ਗੁਆਂਢੀਆਂ ਨਾਲ ਇੱਕ ਕਮਿਊਨਿਟੀ ਰਸੋਈ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਰਸੋਈਏ, ਘਰੇਲੂ ਮਦਦ ਅਤੇ ਮਾਲੀ ਵਜੋਂ ਕੰਮ ਕਰਦੇ ਸਨ।
ਹਾਲਾਂਕਿ ਫਲੋਰੈਂਸ ਵਾਂਗ, ਇਹਨਾਂ ਵਿੱਚੋਂ ਬਹੁਤੇ ਲੋਕ ਮਹਾਂਮਾਰੀ ਦੇ ਦੌਰਾਨ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਇਨ੍ਹਾਂ ਲੋਕਾਂ ਲਈ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਹੋ ਰਿਹਾ ਸੀ।
ਅਜਿਹੇ ਵਿੱਚ ਉਨ੍ਹਾਂ ਨੇ ਜਸਟਿਨਾ ਫਲੋਰੈਂਸ ਦੇ ਘਰ ਦੇ ਬਾਹਰ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਬਾਲਣ ਲਈ ਉਹ ਚੁਣੀ ਹੋਈ ਲੱਕੜ ਦੀ ਵਰਤੋਂ ਕਰਦੇ ਸਨ।
ਕੁਝ ਸਮੇਂ ਬਾਅਦ ਉਨ੍ਹਾਂ ਨੇ ਇੱਕ ਛੋਟੀ ਜਿਹੀ ਝੌਂਪੜੀ ਬਣਾਈ ਅਤੇ ਇੱਕ ਸਥਾਨਕ ਪਾਦਰੀ ਨੇ ਉਨ੍ਹਾਂ ਨੂੰ ਇੱਕ ਚੁੱਲ੍ਹਾ ਮੁਹੱਈਆ ਕਰਵਾਇਆ।
ਜਸਟਿਨਾ ਫਲੋਰੈਂਸ ਨੇ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਆਮ ਤੌਰ 'ਤੇ ਬਰਬਾਦ ਹੋਣ ਵਾਲਾ ਖਾਣ-ਪੀਣ ਦਾ ਸਮਾਨ ਦਾਨ ਕਰਨ ਦੀ ਅਪੀਲ ਕੀਤੀ।
ਦੋ ਸਾਲ ਬਾਅਦ, ਜਸਟਿਨਾ ਫਲੋਰੈਂਸ ਅਤੇ ਉਸ ਦੇ ਸਾਥੀਆਂ ਦੀ ਇਹ ਕਮਿਊਨਿਟੀ ਰਸੋਈ ਹਫ਼ਤੇ ਵਿੱਚ ਤਿੰਨ ਦਿਨ 75 ਲੋਕਾਂ ਨੂੰ ਭੋਜਨ ਦੇ ਰਹੀ ਹੈ।
ਮਹਾਂਮਾਰੀ ਤੋਂ ਪਹਿਲਾਂ ਰਸੋਈ ਵਿੱਚ ਸਹਾਇਕ ਵਜੋਂ ਕੰਮ ਕਰਨ ਵਾਲੀ ਜਸਟਿਨਾਫਲੋਰੈਂਸ ਇਨ੍ਹਾਂ ਲੋਕਾਂ ਦੀ ਆਗੂ ਬਣ ਗਈ ਹੈ।
ਉਹ ਕਹਿੰਦੇ ਹਨ, "ਮੈਂ ਮਦਦ ਲਈ ਦਰਵਾਜ਼ੇ ਖੜਕਾਉਂਦੀ ਰਹੀ।"
- ਪਿਛਲੀ ਜੁਲਾਈ, ਪੇਰੂ ਵਿੱਚ ਸਾਲਾਨਾ ਖੁਰਾਕ ਮਹਿੰਗਾਈ ਦਰ 11.59% ਸੀ।
- ਪੇਰੂ ਦੇ ਲੋਕ ਆਪਣੀ ਆਮਦਨ ਦਾ 26.6% ਖਾਣ-ਪੀਣ 'ਤੇ ਖਰਚ ਕਰਦੇ ਹਨ।
ਉਹ ਮੀਟ ਅਤੇ ਸਬਜ਼ੀਆਂ ਨਾਲ ਸ਼ਾਨਦਾਰ ਸੂਪ ਬਣਾਉਂਦੇ ਸੀ ਜਿਸ ਨੂੰ ਚੌਲਾਂ ਨਾਲ ਪਰੋਸਿਆ ਜਾਂਦਾ ਸੀ।
ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਾਨ ਘਟਿਆ ਹੈ ਅਤੇ ਹਰ ਤਰ੍ਹਾਂ ਦੇ ਖਾਣ-ਪੀਣ ਦੀਆਂ ਵਸਤਾਂ ਵਿੱਚ ਕਮੀ ਆਈ ਹੈ।
ਉਹ ਦੱਸਦੇ ਹਨ, "ਅਸੀਂ ਮਜਬੂਰ ਹਾਂ, ਸਾਨੂੰ ਹੁਣ ਘੱਟ ਖਾਣਾ ਪਰੋਸਣਾ ਪਵੇਗਾ।" ਫਲੋਰੈਂਸ ਨੂੰ ਹੁਣ ਚੌਲਾਂ ਵਰਗੀਆਂ ਸਾਧਾਰਨ ਵਸਤੂਆਂ ਨੂੰ ਇਕੱਠਾ ਕਰਨਾ ਵੀ ਔਖਾ ਹੋ ਰਿਹਾ ਹੈ।
ਅਪ੍ਰੈਲ 'ਚ ਖੁਰਾਕੀ ਵਸਤਾਂ ਅਤੇ ਈਂਧਨ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਖੇਤੀਬਾੜੀ ਅਤੇ ਟਰਾਂਸਪੋਰਟ ਸੈਕਟਰ ਦੇ ਕਾਮਿਆਂ ਵਲੋਂ ਹੜਤਾਲ ਕੀਤੀ ਗਈ ਸੀ। ਇਸ ਤੋਂ ਬਾਅਦ ਕਈ ਹੋਰ ਹੜਤਾਲਾਂ ਹੋਈਆਂ ਜਿਸ ਨਾਲ ਖੁਰਾਕ ਸਪਲਾਈ ਪ੍ਰਭਾਵਿਤ ਹੋਈ।
ਹਾਲ ਹੀ ਵਿੱਚ ਵਧਦੀ ਮਹਿੰਗਾਈ ਕਾਰਨ ਫਲੋਰੈਂਸ ਨੂੰ ਮੀਟ ਦੀ ਵਰਤੋਂ ਬੰਦ ਕਰਨੀ ਪਈ ਸੀ। ਉਨ੍ਹਾਂ ਨੇ ਖੂਨ, ਜਿਗਰ ਅਤੇ ਹੱਡੀਆਂ ਦੀ ਵਰਤੋਂ ਕੀਤਾ ਕਿਉਂਕਿ ਉਹ ਸਸਤੇ ਸਨ। ਜਦੋਂ ਲੀਵਰ ਵੀ ਮਹਿੰਗਾ ਹੋ ਗਿਆ ਤਾਂ ਜਦੋਂ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ, ਉਸਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਪਕਾਏ ਹੋਏ ਅੰਡੇ ਲਿਆਉਣ ਲਈ ਕਿਹਾ। ਹੁਣ ਤਾਂ ਆਂਡੇ ਵੀ ਨਹੀਂ ਮਿਲਦੇ।
ਅੱਜ ਫਲੋਰੈਂਸ ਪਿਆਜ ਅਤੇ ਹੋਰ ਸਮੱਗਰੀ ਤੋਂ ਬਣੀ ਚਟਣੀ ਨਾਲ ਪਾਸਤਾ ਪਰੋਸ ਰਹੇ ਹਨ।
ਫਲੋਰੈਂਸ ਕਿਸਾਨਾਂ ਨੂੰ ਭੋਜਨ ਦੀ ਕਮੀ ਅਤੇ ਹੜਤਾਲਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਉਂਦੇ।
ਜਦੋਂ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ, ਉਸਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਪਕਾਏ ਹੋਏ ਅੰਡੇ ਲਿਆਉਣ ਲਈ ਕਿਹਾ। ਹੁਣ ਤਾਂ ਆਂਡੇ ਵੀ ਨਹੀਂ ਮਿਲਦੇ।
ਅੱਜ ਫਲੋਰਸ ਪਿਆਜ ਅਤੇ ਹੋਰ ਸਮੱਗਰੀ ਤੋਂ ਬਣੀ ਚਟਣੀ ਨਾਲ ਪਾਸਤਾ ਪਰੋਸ ਰਿਹਾ ਹੈ।
ਫਲੋਰੈਂਸ ਕਿਸਾਨਾਂ ਨੂੰ ਭੋਜਨ ਦੀ ਕਮੀ ਅਤੇ ਹੜਤਾਲਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਉਂਦੇ।
ਉਹ ਕਹਿੰਦੇ ਹਨ, "ਅਸੀਂ ਇੱਥੇ ਪੇਰੂ ਵਿੱਚ ਭੋਜਨ ਉਗਾ ਸਕਦੇ ਹਾਂ, ਪਰ ਸਰਕਾਰ ਮਦਦ ਨਹੀਂ ਕਰ ਰਹੀ।"
ਇਹ ਵੀ ਪੜ੍ਹੋ:
ਜਾਰਡਨ ਵਿੱਚ ਮੁਰਗੇ ਦਾ ਬਾਈਕਾਟ
ਲੰਘੀ 22 ਮਈ ਨੂੰ ਇੱਕ ਅਣਜਾਣ ਟਵਿੱਟਰ ਵਰਤੋਂਕਾਰ ਨੇ ਅਰਬੀ ਭਾਸ਼ਾ ਵਿੱਚ ਇੱਕ ਟਵੀਟ ਲਿਖਿਆ।
ਇਸ ਟਵੀਟ 'ਚ ਉਨ੍ਹਾਂ ਨੇ 'ਬਾਈਕਾਟ ਲਾਲਚੀ ਚਿਕਨ ਕੰਪਨੀਆਂ' ਹੈਸ਼ਟੈਗ ਨਾਲ ਚਿਕਨ ਮੀਟ ਉਤਪਾਦਾਂ ਦੀਆਂ ਤਸਵੀਰਾਂ ਨੂੰ ਟੈਗ ਕਰਨ ਲਈ ਕਿਹਾ।
ਕੁਝ ਦਿਨਾਂ ਬਾਅਦ, ਸਲਾਮ ਨਸਰਾਲਾ ਜਾਰਡਨ ਵਿੱਚ ਸੁਪਰਮਾਰਕੀਟ ਤੋਂ ਆਪਣੇ ਘਰ ਜਾ ਰਿਹਾ ਸੀ ਜਦੋਂ ਉਨ੍ਹਾਂ ਨੂੰ ਇਸ ਮੁਹਿੰਮ ਦੇ ਵਾਇਰਲ ਹੋਣ ਬਾਰੇ ਪਤਾ ਲੱਗਿਆ।
ਨਸਰਾਲਾ ਦਾ ਕਹਿਣਾ ਹੈ, "ਅਸੀਂ ਹਰ ਪਾਸਿਓਂ ਇਸ ਬਾਰੇ ਸੁਣਿਆ। ਸਾਡਾ ਪਰਿਵਾਰ ਅਤੇ ਦੋਸਤ ਇਸ ਬਾਰੇ ਗੱਲ ਕਰ ਰਹੇ ਸਨ ਅਤੇ ਇਹ ਸਭ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਤੱਕ ਛਾਈ ਹੋਈ ਸੀ।"
ਜਦੋਂ ਉਸ ਨੇ ਸੁਪਰਮਾਰਕੀਟਾਂ ਤੋਂ ਖਰੀਦਦਾਰੀ ਦੇ ਬਿੱਲ ਵਿੱਚ ਚੀਜ਼ਾਂ ਦੀਆਂ ਵਧੀਆਂ ਕੀਮਤਾਂ ਦੇਖੀਆਂ, ਤਾਂ ਉਹ ਇਸ ਮੁਹਿੰਮ ਦਾ ਸਮਰਥਨ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ।
ਸਲਾਮ ਨਸਰਾਲਾ ਦੋ ਬੱਚਿਆਂ ਦੀ ਮਾਂ ਹੈ ਅਤੇ ਆਪਣੇ ਮਾਤਾ-ਪਿਤਾ, ਭੈਣਾਂ ਅਤੇ ਭਤੀਜਿਆਂ ਲਈ ਖਾਣਾ ਬਣਾਉਂਦੇ ਹਨ ਅਤੇ ਉਹ ਬਹੁਤ ਸਾਰਾ ਚਿਕਨ ਖਰੀਦਦੇ ਹਨ।
ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਵੀ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਇਸ ਤੋਂ ਬਾਅਦ ਅਗਲੇ ਦਸ ਦਿਨਾਂ ਤੱਕ ਉਨ੍ਹਾਂ ਨੇ ਮੁਰਗੀ ਤੋਂ ਦੂਰੀ ਬਣਾ ਲਈ। ਇਹ ਮੁਸ਼ਕਲ ਸੀ ਕਿਉਂਕਿ ਹੋਰ ਕਿਸਮ ਦੇ ਮੀਟ ਅਤੇ ਮੱਛੀ ਮਹਿੰਗੇ ਸਨ। ਸਲਾਮ ਅਤੇ ਉਸਦਾ ਪਰਿਵਾਰ ਲਗਭਗ ਹਰ ਰੋਜ਼ ਚਿਕਨ ਖਾਂਦੇ ਸਨ।
ਹਾਲਾਂਕਿ ਉਨ੍ਹਾਂ ਨੇ ਹੁਮਸ, ਫਲਾਫਲ ਅਤੇ ਬੈਂਗਣ ਖਾਧਾ। ਇਸ ਮੁਹਿੰਮ ਨੂੰ ਸ਼ੁਰੂ ਕਰਨ ਤੋਂ 12 ਦਿਨਾਂ ਦੇ ਅੰਦਰ ਚਿਕਨ ਦੀਆਂ ਕੀਮਤਾਂ 'ਚ 1 ਡਾਲਰ ਪ੍ਰਤੀ ਕਿੱਲੋ ਦਾ ਫਰਕ ਦੇਖਣ ਨੂੰ ਮਿਲਿਆ।
- ਪਿਛਲੀ ਜੁਲਾਈ ਵਿੱਚ, ਜਾਰਡਨ ਵਿੱਚ ਸਾਲਾਨਾ ਖੁਰਾਕ ਮਹਿੰਗਾਈ ਦਰ 4.1% ਤੱਕ ਪਹੁੰਚ ਗਈ ਸੀ।
- ਜਾਰਡਨ ਦੇ ਲੋਕ ਆਪਣੀ ਆਮਦਨ ਦਾ 26.9% ਖਾਣ-ਪੀਣ 'ਤੇ ਖਰਚ ਕਰਦੇ ਹਨ।
ਰਾਮੀ ਬਰਹੋਸ਼, ਜੋ ਪੋਲਟਰੀ ਫਾਰਮ ਅਤੇ ਬੁੱਚੜਖਾਨਾ ਚਲਾਉਂਦੇ ਹਨ, ਬਾਈਕਾਟ ਦੇ ਵਿਚਾਰ ਦੀ ਹਮਾਇਤ ਕਰਦੇ ਹਨ ਪਰ ਇਹ ਵੀ ਮੰਨਦੇ ਹਨ ਕਿ ਹਾਲ ਹੀ ਦੀ ਮੁਹਿੰਮ ਗਲਤ ਸੀ।
ਉਨ੍ਹਾਂ ਦਾ ਫਾਰਮ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਈਂਧਨ ਅਤੇ ਚਿਕਨ ਫੀਡ ਦੀਆਂ ਵਧੀਆਂ ਕੀਮਤਾਂ ਨਾਲ ਜੂਝ ਰਿਹਾ ਹੈ।
ਗਲੋਬਲ ਕਾਰਕਾਂ ਕਾਰਨ ਈਂਧਨ ਅਤੇ ਅਨਾਜ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਇਨ੍ਹਾਂ ਵਿੱਚ ਸਵਾਈਨ ਫਲੂ, ਦੱਖਣੀ ਅਮਰੀਕਾ ਵਿੱਚ ਸੋਕਾ ਅਤੇ ਯੂਕਰੇਨ ਵਿੱਚ ਯੁੱਧ ਤੋਂ ਬਾਅਦ ਆਪਣੀ ਸੂਰ ਦੀ ਆਬਾਦੀ ਵਧਾਉਣ ਦੀ ਚੀਨ ਦੀ ਯੋਜਨਾ ਸ਼ਾਮਲ ਹੈ।
ਜਾਰਡਨ ਸਰਕਾਰ ਨੇ ਚਿਕਨ ਦੀਆਂ ਕੀਮਤਾਂ 'ਤੇ ਰੋਕ ਲਗਾਉਣ ਲਈ ਸੀਲਿੰਗ ਕੀਮਤ ਦੀ ਤਜਵੀਜ਼ ਕੀਤੀ ਸੀ। ਇਸ 'ਤੇ ਚਿਕਨ ਫਾਰਮ ਮਾਲਕ ਵੀ ਤਿਆਰ ਹੋ ਗਏ।
ਫਿਰ ਮਈ ਵਿੱਚ ਉਨ੍ਹਾਂ ਨੂੰ ਕੀਮਤਾਂ ਵਧਾਉਣ ਲਈ ਮਜਬੂਰ ਕੀਤਾ ਗਿਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਾਈਕਾਟ ਸ਼ੁਰੂ ਹੋ ਗਿਆ।
ਉਹ ਕਹਿੰਦੇ ਹਨ, "ਚਿਕਨ ਨੇ ਲੋਕਾਂ ਦਾ ਗੁੱਸਾ ਸਾਹਮਣੇ ਲਿਆਂਦਾ ਹੈ, ਜੋ ਕਿ ਹੋਰ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਵੀ ਸੀ।"
ਸਲਾਮ ਨਸਰਾਲਾ ਇਸ ਗੱਲ ਤੋਂ ਖੁਸ਼ ਸੀ ਕਿ ਵਿਰੋਧ ਦਾ ਕੁਝ ਅਸਰ ਹੋਇਆ ਪਰ ਉਹ ਨਿਰਾਸ਼ ਸਨ ਕਿ ਵਿਰੋਧ ਮੁੱਖ ਮੁੱਦੇ ਤੱਕ ਨਹੀਂ ਪਹੁੰਚਿਆ।
ਉਹ ਕਹਿੰਦੇ ਹਨ, "ਬਦਕਿਸਮਤੀ ਨਾਲ, ਛੋਟੇ ਕਿਸਾਨਾਂ ਅਤੇ ਪੋਲਟਰੀ ਵੇਚਣ ਵਾਲਿਆਂ ਨੂੰ ਵਧੇਰੇ ਨੁਕਸਾਨ ਝੱਲਣਾ ਪਿਆ।"
ਵੱਡੇ ਵਪਾਰੀ ਜੋ ਕਿਸਾਨ ਨੂੰ ਲੋੜੀਂਦੀ ਹਰ ਚੀਜ਼ ਦੀ ਕੀਮਤ ਵਧਾ ਦਿੰਦੇ ਹਨ, ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ।
ਇਹ ਵੀ ਪੜ੍ਹੋ: