ਨੂਪੁਰ ਸ਼ਰਮਾ : ਭਾਰਤ ਵਿਚ ਮੁਲਸਮਾਨਾਂ ਦੇ ਮੁੱਦਿਆਂ ਉੱਤੇ ਚੁੱਪ ਰਹੇ ਅਰਬ ਦੇਸ ਭਾਜਪਾ ਆਗੂ ਦੀ ਟਿੱਪਣੀ ਉੱਤੇ ਇੰਨੇ ਔਖੇ ਕਿਉਂ ਹੋਏ

ਤਸਵੀਰ ਸਰੋਤ, Getty Images
ਭਾਰਤ ਵਿੱਚ ਲੰਘੇ ਦਿਨੀਂ ਭਾਜਪਾ ਦੇ ਦੋ ਸਾਬਕਾ ਬੁਲਾਰਿਆਂ ਦੀ ਪੈਗੰਬਰ ਮੁਹੰਮਦ ਉੱਤੇ ਵਿਵਾਦਤ ਟਿੱਪਣੀ ਦੇ ਮਾਮਲੇ 'ਤੇ ਅੰਤਰਰਾਸ਼ਟਰੀ ਪ੍ਰਤਿਕ੍ਰਿਆ ਹੋਈ ਹੈ। ਜਿਸ ਤੋਂ ਬਾਅਦ ਭਾਜਪਾ ਨੂੰ ਆਪਣੇ ਬੁਲਾਰਿਆਂ ਖਿਲਾਫ਼ ਕਾਰਵਾਈ ਕਰਨੀ ਪਈ ਅਤੇ ਭਾਰਤ ਸਰਕਾਰ ਵੀ ਇਸ ਮਾਮਲੇ ਉੱਤੇ ਸਫ਼ਾਈ ਦੇਣ 'ਤੇ ਮਜਬੂਰ ਹੋਈ।
ਭਾਜਪਾ ਦੀ ਹੁਣ ਸਸਪੈਂਡ ਹੋ ਚੁੱਕੀ ਕੌਮੀ ਬੁਲਾਰਾ ਨੁਪੁਰ ਸ਼ਰਮਾ ਨੇ 26 ਮਈ ਨੂੰ ਇੱਕ ਟੀਵੀ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਖਿਲਾਫ਼ ਜਿਹੜੀ ਟਿੱਪਣੀ ਕੀਤੀ ਸੀ ਉਸ ਦੇ ਵਾਇਰਲ ਹੋਈ ਤੋਂ ਬਾਅਦ ਸਭ ਤੋਂ ਪਹਿਲਾਂ ਅਰਬ ਦੇਸ਼ਾਂ ਨੇ ਸਖ਼ਤ ਪ੍ਰਤੀਕ੍ਰਿਆ ਦਿੱਤੀ।
ਕਤਰ, ਸਾਊਦੀ ਅਰਬ, ਕੁਵੈਤ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਸਣੇ ਕਈ ਮੁਲਕਾਂ ਨੇ ਤਲਖ਼ ਸ਼ਬਦਾਂ ਵਿੱਚ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਅਤੇ ਕਈ ਮੁਲਕਾਂ ਨੇ ਭਾਰਤੀ ਰਾਜਦੂਤਾਂ ਨੂੰ ਵੀ ਤਲਬ ਕੀਤਾ।
2014 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਭਾਰਤ ਵਿੱਚ ਮੁਸਲਮਾਨਾਂ ਖ਼ਿਲਾਫ਼ ਹਮਲਿਆਂ ਦੀਆਂ ਗੱਲਾਂ ਉੱਠਦੀਆਂ ਰਹੀਆਂ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਅਰਬ ਦੇਸ਼ਾਂ ਨੇ ਇੰਨੀ ਸਖ਼ਤ ਪ੍ਰਤਿਕ੍ਰਿਆ ਦਿੱਤੀ ਹੈ।
ਪ੍ਰਤੀਕ੍ਰਿਆ ਦਾ ਕਾਰਨ ਕੀ ਹੈ?
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਰਬ ਦੇਸ਼ਾਂ ਦਾ ਵਿਰੋਧ ਹੈਰਾਨ ਕਰਨ ਵਾਲਾ ਹੈ ਕਿਉਂਕਿ ਲੰਘੇ ਕੁਝ ਸਾਲਾਂ ਵਿੱਚ ਭਾਰਤ ਅਤੇ ਅਰਬ ਮੁਲਕਾਂ ਦੇ ਰਿਸ਼ਤੇ ਮਜ਼ਬੂਤ ਹੋਏ ਹਨ। ਇਸ ਦਾ ਨਾਲ ਹੀ ਉਨ੍ਹਾਂ ਦਾ ਰਵੱਈਆ ਇਸ ਲਈ ਵੀ ਹੈਰਾਨ ਕਰਦਾ ਹੈ ਕਿਉਂਕਿ ਅਰਬ ਦੇਸ਼ ਆਮ ਤੌਰ 'ਤੇ ਭਾਰਤ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੇ।
ਜਾਣਕਾਰ ਧਿਆਨ ਵਿੱਚ ਲਿਆਉਂਦੇ ਹਨ ਕਿ ਲੰਘੇ ਕੁਝ ਸਾਲਾਂ ਵਿੱਚ ਭਾਰਤ 'ਚ ਗਊ-ਰੱਖਿਆ ਜਾਂ ਹੋਰ ਗੱਲਾਂ ਨੂੰ ਲੈ ਕੇ ਮੁਸਲਮਾਨਾਂ ਖਿਲਾਫ ਹਮਲਿਆਂ ਦੀਆਂ ਘਟਨਾਵਾਂ ਹੋਈਆਂ, ਪਰ ਅਰਬ ਮੁਲਕਾਂ ਵੱਲੋਂ ਕਦੇ ਵੀ ਕੋਈ ਜਨਤੱਕ ਬਿਆਨ ਨਹੀਂ ਆਇਆ।

ਤਸਵੀਰ ਸਰੋਤ, Getty Images
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਾਰ ਪ੍ਰਤੀਕ੍ਰਿਆ ਪਿੱਛੇ ਦੋ ਮੁੱਖ ਕਾਰਨ ਹਨ, ਮੁੱਖ ਕਾਰਨ ਇਹ ਹੈ ਕਿ ਇਸ ਵਾਰ ਮਾਮਲਾ ਪੈਗੰਬਰ ਨਾਲ ਜੁੜਿਆ ਸੀ ਅਤੇ ਦੂਜਾ ਕਾਰਨ ਸੋਸ਼ਲ ਮੀਡੀਆ ਰਿਹਾ।
ਨੁਪੁਰ ਸ਼ਰਮਾ ਦੇ ਬਿਆਨ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਜਿਸ ਤੋਂ ਬਾਅਦ ਅਰਬ ਜਗਤ ਦੇ ਬਹੁਤ ਸਾਰੇ ਲੋਕਾਂ ਨੇ ਨਰਾਜ਼ਗੀ ਭਰੇ ਕੁਮੈਂਟ ਕੀਤੇ ਅਤ ਕਈਆਂ ਨੇ ਭਾਰਤੀ ਉਤਪਾਦਾਂ ਦੇ ਬਾਇਕਾਟ ਦਾ ਐਲਾਨ ਕੀਤਾ।
ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਸਾਬਕਾ ਭਾਰਤੀ ਰਾਜਦੂਤ ਤਲਮੀਜ਼ ਅਹਿਮਦ ਨੇ ਕਿਹਾ ਕਿ ਖਾੜੀ ਮੁਲਕਾਂ ਵਿੱਚ ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੀ ਬਹਿਸ ਛਿੜ ਗਈ ਉਸ ਤੋਂ ਬਾਅਦ ਅਰਬ ਨੇਤਾ ਇੱਕ ਪੱਖ ਲੈਣ ਲਈ ਮਜਬੂਰ ਹੋ ਗਏ।
ਤਲਮੀਜ਼ ਅਹਿਮਦ ਨੇ ਕਿਹਾ, ''ਨੁਪੁਰ ਸ਼ਰਮਾ ਨੇ ਜੋ ਬਿਆਨ ਦਿੱਤਾ ਸੀ ਉਹ ਪੈਗੰਬਰ ਮੁਹੰਮਦ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਦਿੱਤਾ ਸੀ। ਇਸਲਾਮ ਵਿੱਚ ਅੱਲ੍ਹਾ ਤੋਂ ਬਾਅਦ ਪੈਗੰਬਰ ਮੁਹੰਮਦ ਸਭ ਤੋਂ ਵੱਡੇ ਹਨ ਅਤੇ ਮੁਸਲਿਮ ਭਾਈਚਾਰਾ ਉਨ੍ਹਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਮਾੜੀ ਟਿੱਪਣੀ ਨੂੰ ਸਵੀਕਾਰ ਨਹੀਂ ਕਰ ਸਕਦਾ। ਇਹ ਉਹ ਲਕੀਰ ਹੈ ਜਿਸ ਨੂੰ ਪਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ, ਪਰ ਇਸ ਮਾਮਲੇ ਵਿੱਚ ਲਕੀਰ ਤੋਂ ਪਾਰ ਜਾ ਕੇ ਉਲੰਘਣ ਹੋਇਆ।''
ਤਲਮੀਜ਼ ਕਹਿੰਦੇ ਹਨ, ''ਸੋਸ਼ਲ ਮੀਡੀਆ ਉੱਤੇ ਪਹਿਲੀ ਪ੍ਰਤੀਕ੍ਰਿਆ ਆਈ ਸੀ। ਇਹ ਸੋਸ਼ਲ ਮੀਡੀਆ ਦੀ ਤਾਕਤ ਹੀ ਸੀ ਜਿਸ ਨੇ ਇਸ ਖ਼ੇਤਰ ਵਿੱਚ ਧਾਰਮਿਕ ਅਤੇ ਸਿਆਸੀ ਆਗੂਆਂ ਉੱਤੇ ਦਬਾਅ ਪਾਇਆ ਅਤੇ ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਕੋਈ ਰਾਹ ਨਹੀਂ ਸੀ।''
ਭਾਰਤ ਅਤੇ ਅਰਬ ਦੇਸ਼ਾਂ ਵਿਚਾਲੇ ਰਿਸ਼ਤੇ
ਲੰਘੇ ਦੋ ਦਹਾਕਿਆਂ ਵਿੱਚ ਖਾੜੀ ਅਤੇ ਅਰਬ ਮੁਲਕਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਇਆ ਹੈ। ਉਹ ਇੱਕ-ਦੂਜੇ ਦੇ ਕਾਫ਼ੀ ਨੇੜੇ ਆਏ ਹਨ। ਇਹ ਨੇੜਤਾ ਨਾ ਸਿਰਫ਼ ਰਣਨੀਤਕ ਹੈ ਸਗੋਂ ਆਰਥਿਕ ਪੱਧਰ ਉੱਤੇ ਵੀ ਹੈ।
ਮੌਜੂਦਾ ਸਮੇਂ ਭਾਰਤ ਦੇ ਕੁਲ ਇੰਪੋਰਟ ਦਾ ਅੱਧਾ ਖਾੜੀ ਦੇਸ਼ਾਂ ਦੇ ਗੱਠਜੋੜ, 'ਗਲਫ਼ ਕੋਆਪਰੇਸ਼ਨ ਕਾਉਂਸਿਲ' ਦੇ ਛੇ ਮੈਂਬਰ ਦੇਸ਼ਾਂ ਤੋਂ ਆਉਂਦਾ ਹੈ।
ਇਰਾਨ ਅਤੇ ਇਰਾਕ ਨੂੰ ਮਿਲਾ ਕੇ ਭਾਰਤ ਦਾ 70 ਫੀਸਦੀ ਪੈਟਰੋਲ ਖਾੜੀ ਮੁਲਕਾਂ ਤੋਂ ਆਉਂਦਾ ਹੈ।
ਭਾਰਤ ਵਿੱਚ ਕੁਦਰਤੀ ਗੈਸ ਦੇ ਸਾਲਾਨਾ ਇੰਪੋਰਟ ਦਾ ਅੱਧਾ ਕਤਰ ਤੋਂ ਆਉਂਦਾ ਹੈ।
ਇਨ੍ਹਾਂ ਅੰਕੜਿਆਂ ਦੇ ਆਧਾਰ ਉੱਤੇ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਮੁਲਕਾਂ ਦੇ ਨਾਲ ਭਾਰਤ ਦੇ ਵਪਾਰਕ ਰਿਸ਼ਤੇ ਕਾਫ਼ੀ ਮਜ਼ਬੂਤ ਹਨ।
ਭਾਰਤ, ਯੂਏਈ ਨੂੰ ਸਲਾਨਾ 25 ਅਰਬ ਡਾਲਰ ਦਾ ਐਕਸਪੋਰਟ ਕਰਦਾ ਹੈ। ਇਸ ਤੋਂ ਇਲਾਵਾ, ਖਾੜੀ ਦੇ ਛੇ ਮੁਲਕਾਂ ਵਿੱਚ 65 ਲੱਖ ਤੋਂ ਵੱਧ ਭਾਰਤੀ ਕੰਮ ਕਰਦੇ ਹਨ। ਬਾਕੀ ਅਰਬ ਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ।

ਤਸਵੀਰ ਸਰੋਤ, Getty Images
'ਏਸ਼ੀਆ ਪ੍ਰੋਗ੍ਰਾਮ ਐਟ ਦਿ ਵਿਲਸਨ ਸੈਂਟਰ' ਦੇ ਡਾਇਰੈਕਟਰ ਮਾਇਕਲ ਕੁਗਲਮੈਨ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਨਾਂ ਕਰਕੇ ਭਾਰਤ ਦੀ ਅਰਥਵਿਵਸਥਾ ਖਾੜੀ ਮੁਲਕਾਂ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੱਧ ਪੂਰਬ, ਭਾਰਤ ਲਈ ਰਣਨੀਤਕ ਤੌਰ ਉੱਤੇ ਵੀ ਬਹੁਤ ਅਹਿਮ ਹੈ। ਭਾਰਤ ਆਪਣੀ ਆਰਥਿਕ ਜ਼ਰੂਰਤਾਂ ਲਈ ਖਾੜੀ ਮੁਲਕਾਂ ਉੱਤੇ ਬਹੁਤ ਨਿਰਭਰ ਹੈ। ਇਨ੍ਹਾਂ ਵਿੱਚ ਬਾਲਣ, ਤੇਲ, ਗੈਸ ਅਤੇ ਬਾਹਰੀ ਦੇਸ਼ਾਂ ਤੋਂ ਭੇਜੀ ਗਈ ਮੁਦਰਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ ;
- ਭਾਜਪਾ ਨੇ ਪਾਰਟੀ ਦੀ ਬੁਲਾਰਾ ਨੁਪੁਰ ਸ਼ਰਮਾ ਨੂੰ ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
- ਨੁਪੁਰ ਸ਼ਰਮਾ : ਮੁਸਲਿਮ ਵਿਰੋਧੀ ਸਟੈਂਡ ਦੇ ਮੌਕੇ, ਜੋ ਮੋਦੀ ਰਾਜ ਦੌਰਾਨ ਭਾਰਤ ਲਈ ਨਮੋਸ਼ੀ ਦਾ ਕਾਰਨ ਬਣੇ
- ਪੈਗੰਬਰ ਮੁਹੰਮਦ ਦੀ ਕਥਿਤ ਬੇਅਦਬੀ : ਨੁਪੁਰ ਸ਼ਰਮਾ ਖ਼ਿਲਾਫ਼ ਮਾਮਲਾ ਦਰਜ, ਦਿੱਲੀ ਪੁਲਿਸ ਨੇ ਦਿੱਤੀ ਸੁਰੱਖਿਆ
- ਪੈਗੰਬਰ ਮੁਹੰਮਦ ਬਾਰੇ ਟਿੱਪਣੀਆਂ ਕਿਵੇਂ ਭਾਰਤ ਦੇ ਖਾੜੀ ਦੇਸਾਂ ਨਾਲ ਰਿਸ਼ਤੇ ਪ੍ਰਭਾਵਿਤ ਕਰ ਸਕਦੀਆਂ ਹਨ
ਉਹ ਕਹਿੰਦੇ ਹਨ, ''ਖਾੜੀ ਮੁਲਕ ਭਾਰਤ ਦੇ ਮੁੱਖ ਵਪਾਰਕ ਕੇਂਦਰਾਂ ਵਿੱਚੋਂ ਵੀ ਹੈ ਅਤੇ ਇਹੀ ਕਾਰਨ ਹੈ ਕਿ ਭਾਰਤ ਲਈ ਕਤਰ ਸਣੇ ਹੋਰ ਦੇਸ਼ਾਂ ਦੀ ਪ੍ਰਤੀਕ੍ਰਿਆ ਉੱਤੇ ਤੁਰੰਤ ਕਾਰਵਾਈ ਕਰਨਾ ਜ਼ਰੂਰੀ ਹੋ ਗਿਆ ਸੀ।''
ਹਾਲਾਂਕਿ ਕੁਗਲਮੈਨ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਸਿਰਫ਼ ਭਾਰਤ ਹੀ ਖਾੜੀ ਮੁਲਕਾਂ ਉੱਤੇ ਨਿਰਭਰ ਹਨ ਸਗੋਂ ਖਾੜੀ ਮੁਲਕ ਵੀ ਆਪਣੀਆਂ ਕਈ ਲੋੜਾਂ ਲਈ ਭਾਰਤ ਉੱਤੇ ਨਿਰਭਰ ਹਨ, ਇਹ ਭਾਈਵਾਲੀ ਰਿਸ਼ਤਾ ਹੈ।
ਇਤਿਹਾਸ ਕੀ ਰਿਹਾ ਹੈ?
ਅਰਬ ਜਗਤ ਦੇ ਨਾਲ ਭਾਰਤ ਦੇ ਰਿਸ਼ਤੇ ਅੱਜ ਭਾਵੇਂ ਜਿਵੇਂ ਦੇ ਵੀ ਹੋਣ ਪਰ ਇੱਕ ਇਤਿਹਾਸ ਰਿਹਾ ਹੈ ਜਦੋਂ ਭਾਰਤ ਅਤੇ ਅਰਬ ਦੇਸ਼ਾਂ ਵਿਚਾਲੇ ਰਿਸ਼ਤੇ ਚੰਗੇ ਨਹੀਂ ਸਨ। 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਅਰਬ ਦੇਸ਼ਾਂ ਦਾ ਝੁਕਾਅ ਪਾਕਿਸਤਾਨ ਵੱਲ ਰਿਹਾ।
ਕਸ਼ਮੀਰ ਮੁੱਦੇ ਉੱਤੇ ਵੀ ਅਰਬ ਦੇਸ਼ਾਂ ਨੇ ਪਾਕਿਸਤਾਨ ਦਾ ਹੀ ਸਾਥ ਦਿੱਤਾ, ਸ਼ਾਇਦ ਇਸੇ ਕਾਰਨ ਭਾਰਤ ਦੇ ਨਾਲ ਅਰਬ ਦੇਸ਼ਾਂ ਦੇ ਰਿਸ਼ਤੇ ਕਦੇ ਬਹੁਤ ਮਜ਼ਬੂਤ ਨਹੀਂ ਰਹੇ।

ਤਸਵੀਰ ਸਰੋਤ, AFP
ਭਾਰਤ ਨੇ ਪਹਿਲੀ ਵਾਰ ਸਾਲ 2002 ਵਿੱਚ ਅਰਬ ਲੀਗ ਦੇ ਨਾਲ ਅਧਿਕਾਰਤ ਰਿਸ਼ਤੇ ਸਥਾਪਤ ਕੀਤੇ। ਉਸ ਸਮੇਂ ਤੱਕ ਇਹ ਰਿਸ਼ਤੇ ਬੇਹੱਦ ਓਪਚਾਰਕ, ਮਹਿਜ਼ ਤੇਲ ਦੇ ਇੰਪੋਰਟ ਅਤੇ ਭਾਰਤੀ ਪਰਵਾਸੀਆਂ ਦੇ ਅਰਬ ਜਾਣ ਤੱਕ ਹੀ ਸੀਮਤ ਸਨ।
ਪਰ 2014 ਵਿੱਚ ਜਦੋਂ ਭਾਜਪਾ ਆਗੂ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ, ਉਦੋਂ ਤੋਂ ਅਰਬ ਦੇਸ਼ਾਂ ਦੇ ਨਾਲ ਖ਼ਾਸ ਤੌਰ 'ਤੇ ਖਾੜਾ ਮੁਲਕਾਂ ਨਾਲ ਭਾਰਤ ਦੇ ਰਿਸ਼ਤਿਆਂ ਵਿੱਚ ਵਿਆਪਕ ਸੁਧਾਰ ਆਇਆ। ਸ਼ਾਇਦ ਇਹੀ ਕਾਰਨ ਹੈ ਕਿ ਮੋਦੀ ਨੇ ਖ਼ੁਦ ਵੀ ਕਾਫ਼ੀ ਕੁਝ ਕੀਤਾ।
ਨਿਊਜ਼ ਵੈੱਬਸਾਈਟ ਦਿ ਵਾਰ ਦੀ ਪੱਤਰਕਾਰ ਦੇਵੀਰੂਪਾ ਮਿੱਤਰਾ ਦਾ ਕਹਿਣਾ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਨਿਸ਼ਚਤ ਤੌਰ 'ਤੇ ਰਿਸ਼ਤੇ ਬਿਹਤਰ ਹੋਏ ਹਨ।
2014 ਵਿੱਚ ਨਰੇਂਦਰ ਮੋਦੀ ਦੇ ਸੱਤਾ 'ਚ ਆਉਣ ਤੋਂ ਬਾਅਦ, ਅਰਬ ਮੁਲਕਾਂ, ਖ਼ਾਸ ਤੌਰ 'ਤੇ ਖਾੜੀ ਮੁਲਕਾਂ ਨਾਲ ਭਾਰਤ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਇਆ।
ਦੇਵੀਰੂਪਾ ਮਿੱਤਰਾ ਨੇ ਕਿਹਾ, ''ਜੇ ਤੁਸੀਂ ਗੌਰ ਕਰੋ ਤਾਂ ਦੇਖੋਗੇ ਕਿ ਮੋਦੀ ਸਰਕਾਰ ਤੇ ਖਾੜੀ ਮੁਲਕਾਂ ਵਿਚਾਲੇ ਜੋ ਰਿਸ਼ਤੇ ਹਨ ਉਹ ਬੇਹੱਦ ਸਹਿਜ ਹਨ।''
ਮੋਦੀ ਸਰਕਾਰ ਨੇ ਯੂਏਈ, ਕਤਰ, ਸਾਊਦੀ ਅਰਬ ਅਤੇ ਹਰ ਸ਼ਾਹੀ ਪਰਿਵਾਰ ਦੇ ਨਾਲ ਨਿੱਜੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕਾਫ਼ੀ ਮਿਹਨਤ ਕੀਤੀ ਹੈ। ਸ਼ਾਹੀ ਪਰਿਵਾਰ ਦੇ ਨਾਲ ਮੋਦੀ ਦੀਆਂ ਤਸਵੀਰਾਂ ਵੀ ਇਸ ਦਾ ਸਬੂਤ ਹਨ ਕਿ ਮੋਦੀ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਸੰਕਲਪ ਹਨ।
ਇਸ ਤੋਂ ਇਲਾਵਾ ਸਾਲ 2016 ਵਿੱਚ ਅਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਵੀ ਬਣਾਇਆ ਗਿਆ ਸੀ।
ਭਾਰਤ ਦੀ ਕਾਰਵਾਈ
ਜਾਣਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਰਨਾਂ ਕਾਰਨ ਭਾਰਤ ਨੇ ਅਰਬ ਦੇਸ਼ਾਂ ਦੀ ਪ੍ਰਤਿਕ੍ਰਿਆ ਦੇ ਕੁਝ ਸਮੇਂ ਬਾਅਦ ਹੀ ਨੁਪੁਰ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਅਤੇ ਦਿੱਲੀ ਭਾਜਪਾ ਦੀ ਮੀਡੀਆ ਸੈੱਲ ਦੇ ਮੁਖੀ ਨਵੀਨ ਜਿੰਦਲ ਨੂੰ ਪਾਰਟੀ 'ਚੋਂ ਕੱਢ ਦਿੱਤਾ।
ਭਾਜਪਾ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਧਰਮ ਜਾਂ ਕਿਸੇ ਵੀ ਧਾਰਮਿਕ ਵਿਅਕਤੀ ਦੀ ਬੇਅਦਬੀ ਕਰਨ ਵਾਲੇ ਦੀ ਨਿੰਦਾ ਕਰਦੇ ਹਨ। ਕਿਸੇ ਵੀ ਭਾਈਚਾਰੇ ਜਾਂ ਧਰਮ ਦੀ ਬੇਅਬਦੀ ਕਰਨਾ ਜਾਂ ਉਸ ਨੂੰ ਹੇਠਾਂ ਦਿਖਾਉਣਾ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ਼ ਹੈ।
ਵੀਡੀਓ: ਨੂਪੁਰ ਸ਼ਰਮਾ ਕੌਣ ਹੈ, ਜਿਸਦੀ ਟਿਪਣੀ ਨੇ ਖਾੜੀ ਮੁਲਕ ਭਾਰਤ 'ਤੇ ਭੜਕੇ
ਜਾਣਕਾਰ ਮੰਨਦੇ ਹਨ ਕਿ ਜਿਸ ਤਰ੍ਹਾਂ ਯੂਕਰੇਨ-ਰੂਸ ਯੁੱਧ ਤੁਰੰਤ ਖ਼ਤਮ ਹੁੰਦਾ ਨਹੀਂ ਦਿਖਦਾ, ਅਜਿਹੇ 'ਚ ਦੁਨੀਆਂ ਦੇ ਕਈ ਦੇਸ਼ ਊਰਜਾ ਦੀ ਸਪਲਾਈ ਅਤੇ ਇਸ ਦੇ ਸੰਭਾਵਿਤ ਸੰਕਟ ਨੂੰ ਮਹਿਸੂਸ ਕਰ ਰਹੇ ਹਨ। ਅਜਿਹੇ ਵਿੱਚ ਭਾਰਤ ਆਪਣੇ ਕਿਸੇ ਵੀ ਕਦਮ ਤੋਂ ਊਰਜਾ ਦੇ ਸੁਰੱਖਿਅਤ ਸਰੋਤ ਨੂੰ ਜ਼ੋਖਿਮ ਵਿੱਚ ਨਹੀਂ ਪਾਉਣਾ ਚਾਹੇਗਾ।
ਇਸ ਤੋਂ ਇਲਾਵਾ ਇਸ ਗੱਲ ਦਾ ਵੀ ਡਰ ਹੈ ਕਿ ਅਰਬ ਦੇਸ਼ਾਂ ਵਿੱਚ ਕੰਮ ਲਈ ਗਏ ਅਤੇ ਉੱਥੇ ਰਹਿਣ ਵਾਲੇ ਭਾਰਤੀਆਂ ਨੂੰ ਵੀ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਸੰਕਟ ਨਾਲ ਨਜਿੱਠਣ ਲਈ ਭਾਰਤ ਕੋਲ ਤੁਰੰਤ ਕਾਰਵਾਈ ਕਰਨਾ ਹੀ ਇੱਕੋ-ਇੱਕ ਰਾਹ ਸੀ।
ਹਾਲਾਂਕਿ ਇੱਕ ਵਰਗ ਅਜਿਹਾ ਵੀ ਹੈ ਜੋ ਇਹ ਮੰਨਦਾ ਹੈ ਕਿ ਨੁਪੁਰ ਸ਼ਰਮਾ ਅਤੇ ਜਿੰਦਲ ਨੂੰ ਹਟਾਉਣ ਹੀ ਕਾਫ਼ੀ ਨਹੀਂ ਹੈ।
ਦੁਬਈ ਦੇ ਪੱਤਰਕਾਰ ਸੈਫ਼ੁਰ ਰਹਿਮਾਨ ਦਾ ਕਹਿਣਾ ਹੈ ਕਿ ਇੱਥੇ ਸਮਾਜਿਕ ਸੰਗਠਨ ਇੰਨੇ ਮਜ਼ਬੂਤ ਨਹੀਂ ਹਨ, ਨਾ ਹੀ ਕੋਈ ਸਿਆਸੀ ਸੰਗਠਨ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਆਪਣੀ ਨਰਾਜ਼ਗੀ ਸੋਸ਼ਲ ਮੀਡੀਆ ਰਾਹੀਂ ਹੀ ਜ਼ਾਹਿਰ ਕਰਦੇ ਹਨ ਪਰ ਅਜਿਹੀ ਕੋਈ ਵਿਵਸਥਾ ਇੱਥੇ ਨਹੀਂ ਹੈ, ਜੋ ਇਸ ਵਿਰੋਧ ਨੂੰ ਹੋਰ ਅੱਗੇ ਲਿਜਾ ਸਕੇ।
ਕੀ ਅਰਬ 'ਚ ਮਿਲਣ ਵਾਲੀਆਂ ਨੌਕਰੀਆਂ 'ਤੇ ਹੋਵੇਗਾ ਅਸਰ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਇਹ ਸ਼ੁਰੂਆਤੀ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਇਹ ਦੇਖਣਾ ਅਹਿਮ ਹੋਵੇਗਾ ਕਿ ਕੀ ਅਰਬ ਦੇਸ਼ਾਂ ਦੀ ਇਸ ਪ੍ਰਤੀਕ੍ਰਿਆ ਉੱਤੇ ਭਾਰਤ 'ਚ ਕੋਈ ਲੰਬੇ ਸਮੇਂ ਤੱਕ ਅਸਰ ਹੋਵੇਗਾ। ਹਾਲਾਂਕਿ ਅਜਿਹੀ ਸਥਿਤੀ ਹੁਣ ਨਜ਼ਰ ਆ ਰਹੀ ਹੈ, ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾ ਤਾਂ ਭਾਰਤ ਅਤੇ ਨਾ ਹੀ ਅਰਬ ਦੇਸ਼ ਇਹ ਚਾਹੁਣਗੇ ਕਿ ਇਸ ਮਾਮਲੇ ਨੂੰ ਹੋਰ ਤੂਲ ਦਿੱਤਾ ਜਾਵੇ।
ਪਰ ਸਾਬਕਾ ਰਾਜਨਾਇਕ ਤਲਮੀਜ਼ ਅਹਿਮਦ ਖ਼ਦਸ਼ਾ ਜਤਾਉਂਦੇ ਹਨ ਕਿ ਇਸ ਘਟਨਾ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਕਾਮਿਆਂ ਦੀ ਨਿਯੁਕਤੀ ਉੱਤੇ ਹੋ ਸਕਦਾ ਹੈ।
ਤਲਮੀਜ਼ ਕਹਿੰਦੇ ਹਨ, ''ਪਹਿਲਾਂ ਉਹ ਅਰਬ ਨਾਗਰਿਕਾਂ ਨੂੰ ਨਿਯੁਕਤ ਕਰਦੇ ਸਨ। ਉਸ ਤੋਂ ਬਾਅਦ 80 ਦੇ ਦਹਾਕੇ ਵਿੱਚ ਉਨ੍ਹਾਂ ਨੇ ਪਾਕਿਸਤਾਨੀਆਂ ਨੂੰ ਰੱਖਣਾ ਸ਼ੁਰੂ ਕੀਤਾ ਪਰ ਇਸਲਾਮੀ ਵੱਖਵਾਦੀਆਂ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਉਜਾਗਰ ਹੋਏ। ਇਸ ਤੋਂ ਬਾਅਦ ਪਾਕਿਸਤਾਨੀਆਂ ਨੂੰ ਹਟਾ ਕੇ ਭਾਰਤੀਆਂ ਨੂੰ ਰੱਖਣਾ ਸ਼ੁਰੂ ਕੀਤਾ।''
''ਭਾਰਤੀ ਬਹੁਤ ਗੈਰ-ਰਾਜਨੀਤਿਕ ਹੁੰਦੇ ਹਨ, ਉਹ ਘਰੇਲੀ ਰਾਜਨੀਤੀ ਵਿੱਚ ਦਖ਼ਲ ਨਹੀਂ ਕਰਦੇ। ਉਨ੍ਹਾਂ ਨੇ ਭਾਰਤੀਆਂ ਨੂੰ ਨੌਕਰੀ ਦਿੱਤੀ, ਨਾ ਕਿ ਕਿਸੇ ਭਾਈਚਾਰੇ ਵਿਸ਼ੇਸ਼ ਨੂੰ।''
ਉਹ ਅੱਗੇ ਕਹਿੰਦੇ ਹਨ, ''ਖਾੜੀ ਮੁਲਕਾਂ ਵਿੱਚ ਕੁੱਲ ਕਾਮਿਆਂ ਦਾ 12 ਤੋਂ 15 ਫੀਸਦ ਭਾਰਤੀ ਮੁਸਲਿਮ ਹੈ। ਪਰ ਮੇਰੀ ਚਿੰਤਾ ਇਹ ਹੈ ਕਿ ਹੋ ਸਕਦਾ ਹੈ ਕਿ ਨੌਕਰੀ ਦੇਣ ਵਾਲੇ ਹੁਣ ਇਹ ਸੋਚਣ ਲੱਗਣ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੱਟਰਪੰਥੀ ਨਹੀਂ ਚਾਹੀਦਾ ਜਿਸ ਕਾਰਨ ਸਮਾਜਿਕ ਭਾਈਚਾਰਾ ਵਿਗੜੇ।''
ਹਾਲਾਂਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜੇ ਅਜਿਹਾ ਲੱਗ ਰਿਹਾ ਹੈ ਕਿ ਭਾਰਤ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਇਸ ਤਣਾਅ ਭਰੇ ਮਾਹੌਲ ਦਾ ਕੂਟਨੀਤਕ ਹੱਲ ਕੱਢ ਲਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














