ਹਜ਼ਰਤ ਮੁਹੰਮਦ ਦੀਆਂ ਤਸਵੀਰਾਂ ਕਿਉਂ ਨਹੀਂ ਬਣਾਈਆਂ ਜਾਂਦੀਆਂ

ਤਸਵੀਰ ਸਰੋਤ, Getty Images
- ਲੇਖਕ, ਜੌਹਨ ਮਕੈਨਸ
- ਰੋਲ, ਬੀਬੀਸੀ ਨਿਊਜ਼
ਇਸਲਾਮ ਵਿੱਚ ਹਜ਼ਰਤ ਮੁਹੰਮਦ ਜਾਂ ਇਸਲਾਮ ਦੇ ਕਿਸੇ ਵੀ ਹੋਰ ਪੈਗੰਬਰ ਦੀ ਤਸਵੀਰ ਜਾਂ ਮੂਰਤੀ ਬਣਾਉਣ ਦੀ ਮਨਾਹੀ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਮੂਰਤੀ ਪੂਜਾ ਨੂੰ ਉਤਸ਼ਾਹ ਮਿਲਦਾ ਹੈ।
ਇਸਲਾਮ ਦੇ ਕਈ ਖੇਤਰਾਂ ਵਿੱਚ ਇਸ ਬਾਰੇ ਇੱਕਰਾਇ ਹੈ। ਮੁਢਲੇ ਦੌਰ ਦੀ ਇਸਲਾਮਿਕ ਕਲਾ ਵਿੱਚ ਜੂਮੈਟਰੀ ਦੇ ਅਕਾਰਾਂ, ਸੁਲੇਖ, ਫੁੱਲ ਪੱਤੀਆਂ ਹੀ ਹੁੰਦੀਆਂ ਸਨ, ਨਾ ਕਿ ਇਨਸਾਨੀ ਤਸਵੀਰਾਂ।
ਇਸਲਾਮ ਵਿੱਚ ਕੁਰਾਨ ਦੀ ਇੱਕ ਸੂਰਤ ਦਾ ਹਵਾਲਾ ਮਿਲਦਾ ਹੈ, ਜੋ ਕਿ ਪੈਗੰਬਰ ਅਬਰਾਹਮ ਬਾਰੇ ਹੈ।
[ਅਬਰਾਹਮ] ਨੇ ਆਪਣੇ ਪਿਤਾ ਅਤੇ ਲੋਕਾਂ ਨੂੰ ਪੁੱਛਿਆ, ''ਜਿਨ੍ਹਾਂ ਤਸਵੀਰਾਂ ਦੀ ਤੁਸੀਂ ਪੂਜਾ ਕਰ ਰਹੇ ਹੋ ਇਹ ਕੀ ਹਨ? ਉਨ੍ਹਾਂ ਨੇ ਕਿਹਾ ਕਿ ਸਾਡੇ ਵਡੇਰੇ ਵੀ ਇਨ੍ਹਾਂ ਦੀ ਹੀ ਪੂਜਾ ਕਰਦੇ ਸਨ। ਅਬਰਾਹਮ ਨੇ ਕਿਹਾ ਬਿਲਕੁਲ ਤੁਸੀਂ ਕਰਦੇ ਹੋ, ਤੁਸੀਂ ਲੋਕ ਅਤੇ ਤੁਹਾਡੇ ਪੂਰਵਜ ਗਲਤ ਸਨ।''
ਕੁਰਾਨ ਵਿਚ ਕੀ ਹੁਕਮ ਹੈ
ਹਾਲਾਂਕਿ ਕੁਰਾਨ ਵਿੱਚ ਪੈਗੰਬਰ ਦੀ ਤਸਵੀਰ ਬਣਾਉਣ ਤੋਂ ਮਨ੍ਹਾਂ ਕਰਨ ਬਾਰੇ ਕੋਈ ਸਿੱਧਾ ਹੁਕਮ ਨਹੀਂ ਹੈ।
ਐਡਿਨਬਰਗ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਮੋਨਾ ਸਿੱਦੀਕੀ ਮੁਤਾਬਕ ਇਹ ਵਿਚਾਰ ਹਦੀਸਾਂ ਵਿੱਚੋਂ ਪੈਦਾ ਹੋਇਆ। ਹਦੀਸਾਂ ਪੈਗੰਬਰ ਮੁਹੰਮਦ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਹਨ। ਇਨ੍ਹਾਂ ਸਾਖੀਆਂ ਦਾ ਪੈਗੰਬਰ ਦੀ ਮੌਤ ਤੋਂ ਕਈ ਸਾਲਾਂ ਬਾਅਦ ਸੰਗ੍ਰਹਿ ਕੀਤਾ ਗਿਆ।
ਸਿੱਦੀਕੀ ਮੁਸਲਿਮ ਕਲਾਕਾਰਾਂ ਵੱਲੋਂ ਮੰਗੋਲ ਅਤੇ ਓਟੋਮਨ ਕਾਲ ਦੌਰਾਨ ਬਣਾਈਆਂ ਪੈਗੰਬਰ ਮੁਹੰਮਦ ਦੀਆਂ ਤਸਵੀਰਾਂ ਦਾ ਜ਼ਿਕਰ ਕਰਦੇ ਹਨ।
ਇਨ੍ਹਾਂ ਵਿੱਚੋਂ ਕੁਝ ਤਸਵੀਰਾਂ ਵਿੱਚ ਪੈਗੰਬਰ ਮੁਹੰਮਦ ਦਾ ਚਿਹਰਾ ਨਹੀਂ ਬਣਾਇਆ ਗਿਆ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਸਪੱਸ਼ਟ ਹੁੰਦਾ ਹੈ ਕਿ ਇਹ ਉਹੀ ਹਨ। ਸਿੱਦੀਕੀ ਕਹਿੰਦੇ ਹਨ ਕਿ ਇਹ ''ਤਸਵੀਰਾਂ ਸ਼ਰਧਾਵੱਸ ਬਣਾਈਆਂ ਗਈਆਂ। ਜ਼ਿਆਦਾਤਰ ਲੋਕਾਂ ਨੇ ਇਹ ਤਸਵੀਰਾਂ ਪਿਆਰ ਅਤੇ ਸਤਿਕਾਰ ਵਜੋਂ ਬਣਾਈਆਂ ਨਾ ਕਿ ਮੂਰਤੀ ਪੂਜਾ ਦੇ ਇਰਦੇ ਨਾਲ।''
ਫਿਰ ਇਤਿਹਾਸ ਦੇ ਕਿਸੇ ਪੜਾਅ 'ਤੇ ਜਾ ਕੇ ਇਸਲਾਮ ਵਿੱਚ ਪੈਗੰਬਰ ਮੁਹੰਮਦ ਦੀ ਤਸਵੀਰ ਬਣਾਉਣ ਨੂੰ ਵਰਜਿਤ ਕਰ ਦਿੱਤਾ ਗਿਆ ਜਾਂ ਮੰਨ ਲਿਆ ਗਿਆ।
ਪੈਗੰਬਰ ਦੀਆਂ ਤਸਵੀਰਾਂ ਬਣਾਉਣ ਦਾ ਉਦੇਸ਼
ਇਸਲਾਮਿਕ ਕਲਾ ਬਾਰੇ ਮਿਸ਼ੀਗਨ ਯੂਨੀਵਰਿਸਟੀ ਵਿੱਚ ਐਸੋਸੀਏਟ ਪ੍ਰੋਫ਼ੈਸਰ ਕ੍ਰਿਸਟੀਆਨੇ ਗਰੂਬਰ ਕਹਿੰਦੇ ਹਨ ਕਿ 1300ਵਿਆਂ ਦੇ ਦੌਰਾਨ ''ਬਣੀਆਂ ਪੈਗੰਬਰ ਮੁਹੰਮਦ ਦੀਆਂ ਜ਼ਿਆਦਾਤਰ ਤਸਵੀਰਾਂ ਨਿੱਜੀ ਦਰਸ਼ਨਾਂ ਲਈ ਸਨ, ਨਾ ਕਿ ਮੂਰਤੀ ਪੂਜਾ ਲਈ''।
ਇਹ ਵੀ ਪੜ੍ਹੋ:
ਕੁਝ ਮਾਮਲਿਆਂ ਵਿੱਚ ਇਹ ਧਨਾਢ ਲੋਕਾਂ ਦੀਆਂ ਲਾਇਬਰੇਰੀਆਂ ਵਿੱਚ ਰੱਖਣ ਲਈ ਸਨ। ਇਨ੍ਹਾਂ ਵਿੱਚ ਜਿਨ੍ਹਾਂ ਵਿੱਚ ਇਸਲਾਮਕ ਕਿਰਦਾਰਾਂ ਦੀਆਂ ਮੀਨੀਏਚਰ ਤਸਵੀਰਾਂ ਹੁੰਦੀਆਂ ਸਨ।
ਗਰੂਬਰ ਕਹਿੰਦੇ ਹਨ ਕਿ 18ਵੀਂ ਸਦੀ ਵਿੱਚ ਛਾਪੇਖਾਨੇ ਦੀ ਕਾਢ ਨਾਲ ਇਨ੍ਹਾਂ ਤਸਵੀਰਾਂ ਦੀਆਂ ਵੱਡੀ ਗਿਣਤੀ ਵਿੱਚ ਕਾਪੀਆਂ ਬਣਨ ਅਤੇ ਲੋਕਾਂ ਕੋਲ ਪਹੁੰਚਣ ਦਾ ਖ਼ਤਰਾ ਖੜ੍ਹਾ ਹੋ ਗਿਆ ਸੀ।
ਉਹ ਕਹਿੰਦੇ ਹਨ ਕਿ ਬਹੁਤ ਸਾਰੇ ਇਸਲਾਮਿਕ ਰਾਜਾਂ ਦੇ ਯੂਰਪੀ ਸ਼ਕਤੀਆਂ ਦੀਆਂ ਬਸਤੀਆਂ ਬਣ ਜਾਣ ਨਾਲ ਵੀ ਨਵੇਂ ਕਿਸਮ ਦਾ ਖਤਰਾ ਪੈਦਾ ਹੋ ਗਿਆ ਸੀ।
ਇਸਲਾਮ ਤੇ ਇਸਾਈ ਮਤ ਦਾ ਵਖਰੇਵਾਂ
ਹੁਣ ਇਸਲਾਮ ਵਿੱਚ ਇਸ ਗੱਲ ਵੱਲ ਧਿਆਨ ਦਿੱਤਾ ਜਾਣ ਲੱਗਿਆ ਕਿ ਇਸਲਾਮ ਧਰਮ ਇਸਾਈ ਮੱਤ ਤੋਂ ਕਿਵੇਂ ਵੱਖਰਾ ਪੇਸ਼ ਕੀਤਾ ਜਾਵੇ।
ਇਸ ਤਰ੍ਹਾਂ ਇਸਲਾਮ ਦਾ ਈਸਾਈਅਤ ਦੇ ਮੁਕਾਬਲੇ ਆਪਣੇ ਆਪ ਨੂੰ ਜੁਦਾ ਦਰਸਾਉਣ ਲਈ ਜ਼ੋਰ ਲੱਗਣਾ ਸ਼ੁਰੂ ਹੋਇਆ।
ਇੱਥੋਂ ਹੀ ਹਜ਼ਰਤ ਮੁਹੰਮਦ ਦੀਆਂ ਤਸਵੀਰਾਂ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਇਨ੍ਹਾਂ ਤਸਵੀਰਾਂ ਦੇ ਖਿਲਾਫ਼ ਵੱਖਰੇ ਕਿਸਮ ਦਾ ਸੰਵਾਦ ਵੀ ਉਭਰਨ ਲੱਗਿਆ।

ਤਸਵੀਰ ਸਰੋਤ, Getty Images
ਲੀਡਸ ਦੀ ਮੱਕਾ ਮਸਜਿਦ ਬ੍ਰਿਟੇਨ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ਵਿੱਚੋਂ ਇੱਕ ਹੈ। ਇੱਥੋਂ ਦੇ ਇਮਾਮ ਕੁਆਰੀ ਆਸੀਮ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਇਸ ਸਭ ਨਾਲ ਕੁਝ ਤਬਦੀਲੀ ਆਈ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਹਦੀਸਾਂ ਦੇ ਮੁਤਾਬਕ ਸਜੀਵਾਂ ਦੀ ਤਸਵੀਰਾਂ ਉੱਪਰ ਮਨਾਹੀ ਦਾ ਮਤਲਬ ਪੈਗੰਬਰ ਮੁਹੰਮਦ ਦੀਆਂ ਤਸਵੀਰਾਂ ਉੱਪਰ ਪਾਬੰਦੀ ਵੀ ਹੈ।
ਪੈਗੰਬਰ ਦੀਆਂ ਤਸਵੀਰਾਂ ਬਾਰੇ ਹਦੀਸਾਂ ਦੀ ਰਾਇ
ਉਨ੍ਹਾਂ ਦਾ ਕਹਿਣਾ ਹੈ ਕਿ ਮੱਧ ਯੁੱਗ ਦੀਆਂ ਤਸਵੀਰਾਂ ਨੂੰ ਪ੍ਰਸੰਗ ਵਿੱਚ ਰੱਖ ਕੇ ਸਮਝਣਾ ਪਵੇਗਾ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਤਸਵੀਰਾਂ ਵਿੱਚ ਪੈਗੰਬਰ ਦੇ ਸਵਰਗ ਪਿਆਨੇ ਦੀ ਘਟਨਾ ਦਾ ਚਿਤਰਣ ਹੈ। ਤਸਵੀਰਾਂ ਵਿੱਚ ਪੈਗੰਬਰ ਘੋੜੇ ਜਾਂ ਉਸ ਵਰਗੀ ਕਿਸੇ ਸ਼ੈਅ ਉੱਪਰ ਸਵਾਰ ਹਨ।
ਇਸਲਾਮਿਕ ਵਿਦਵਾਨਾਂ ਨੇ ਇਨ੍ਹਾਂ ਦੀ ਵੀ ਆਲੋਚਨਾ ਕੀਤੀ ਹੈ ਪਰ ਫਿਰ ਵੀ ਇਹ ਮੌਜੂਦ ਹਨ।
ਦਿਲਚਸਪ ਗੱਲ ਇਹ ਹੈ ਕਿ ਇਹ ਪੈਗੰਬਰ ਮੁਹੰਮਦ ਦੇ ਪੋਰਟਰੇਟ ਨਹੀਂ ਹਨ।
ਆਸਿਮ ਮੰਨਦੇ ਹਨ ਕਿ ਇਨ੍ਹਾਂ ਤਸਵੀਰਾਂ ਦਾ ਵਿਸ਼ਾ ਵੀ ਸਪੱਸ਼ਟ ਨਹੀਂ ਹੈ। ਇਹ ਵੀ ਸਵਾਲ ਹੈ ਕੀ ਤਸਵੀਰਾਂ ਵਿਚਲੇ ਵਿਅਕਤੀ ਪੈਗੰਬਰ ਮੁਹੰਮਦ ਹੀ ਹਨ ਜਾਂ ਉਨਾਂ ਦਾ ਕੋਈ ਹੋਰ ਨਜ਼ਦੀਕੀ ਸਾਥੀ।
ਯੂਨੀਵਰਸਿਟੀ ਆਫ਼ ਐਡਨਬਰ੍ਹਾ ਵਿੱਚ ਇਸਲਾਮਿਕ ਅਧਿਐਨ ਦੇ ਕੇਂਦਰ ਦੇ ਨਿਰਦੇਸ਼ਕ ਹਿਊਗ ਗੋਡਾਰਡ ਕਹਿੰਦੇ ਹਨ ਕਿ ਇਸ ਨਾਲ ਫਰਕ ਪਿਆ ਸੀ।
ਬੁਨਿਆਦੀ ਸਰੋਤ ਕੁਰਾਨ ਅਤੇ ਹਦੀਸਾਂ ਇਸ ਬਾਰੇ ਇੱਕਮਤ ਨਹੀਂ ਹਨ। ਬਾਅਦ ਦੇ ਇਸਲਾਮਿਕ ਸਮਾਜ ਦੀ ਇਸ ਸਵਾਲ ਸਮੇਤ ਕਈ ਮੁੱਦਿਆਂ ਉੱਪਰ ਵੱਕਰੀ ਰਾਇ ਸੀ।
ਅਰਬ ਵਿਦਵਾਨ ਮੁਹੰਮਦ ਇਬਨ ਅਬਦ ਅਲ-ਵਹਾਬ ਜਿਨ੍ਹਾਂ ਦੀਆਂ ਸਿੱਖਿਆਵਾਂ ਉੱਪਰ ਵਹਾਬਵਾਦ ਖੜ੍ਹਾ ਹੈ। ਸਾਊਦੀ ਅਰਬ ਦੇ ਸੁੰਨੀ ਫਿਰਕੇ ਵਿੱਚ ਉਹ ਇੱਕ ਅਹਿਮ ਹਸਤੀ ਸੀ।
ਬਹਿਸ ਹੋਰ ਭਖ ਗਈ ਕਿ ਕੀ ਤੁਹਾਡਾ ਅੱਲ੍ਹਾ ਤੋਂ ਇਲਾਵਾ ਕਿਸੇ ਹੋਰ ਵਿੱਚ ਵੀ ਅਕੀਦਾ ਹੈ, ਭਾਵੇਂ ਉਹ ਪੈਗੰਬਰ ਖ਼ੁਦ ਹੀ ਕਿਉਂ ਨਾ ਹੋਣ।

ਤਸਵੀਰ ਸਰੋਤ, Getty Images
ਪੈਗੰਬਰ ਮੁਹੰਮਦ ਦੀਆਂ ਤਸਵੀਰਾਂ ਬਾਰੇ ਪਿਛਲੇ 200-300 ਸਾਲਾਂ ਦੌਰਾਨ ਮਹੱਤਵਪੂਰਨ ਬਦਲਾਅ ਆਇਆ ਹੈ।
ਗੋਡਾਰਡ ਕਹਿੰਦੇ ਹਨ, ਸਥਿਤੀ ਮੂਰਤੀ ਜਾਂ ਕਿਸੇ ਹੋਰ ਕਿਸਮ ਦੇ ਤਿੰਨ-ਅਯਾਮੀ ਪੇਸ਼ਕਾਰੀ ਤੋਂ ਵੱਖ ਹੈ। ਇਸ ਬਾਰੇ ਮਨਾਹੀ ਹਮੇਸ਼ਾ ਤੋਂ ਹੀ ਰਹੀ ਹੈ।
ਤਸਵੀਰਾਂ ਦੇ ਬਦਲਾਅ
ਸਿੱਦੀਕੀ ਮੁਤਾਬਕ ਕੁਝ ਮੁਸਲਾਮਾਂ ਲਈ ਤਸਵੀਰਾਂ ਤੋਂ ਪਰ੍ਹੇ ਰਹਿਣ ਦਾ ਮਤਲਬ ਹਰ ਕਿਸਮ ਦੀਆਂ ਤਸਵੀਰਾਂ ਤੋਂ ਦੂਰੀ ਹੋ ਗਿਆ।
ਮੁਸਲਮਾਨਾਂ ਦੇ ਘਰਾਂ ਵਿੱਚ ਕਿਸੇ ਮਨੁੱਖ, ਪਸ਼ੂ ਦੀ ਤਸਵੀਰ ਨਹੀਂ ਲਗਾਈ ਜਾਂਦੀ ਹੈ।
ਹੁਣ ਜਰਮਨੀ ਵਿੱਚ ਰਹਿ ਰਹੇ ਸਾਬਕਾ ਕਾਜੀ ਯੂਸਫ਼ੀ ਇਸ਼ਕਾਵਰੀ ਮੁਤਾਬਕ ਇਹ ਮਨਾਹੀ ਹਾਲਾਂਕਿ ਸਾਰੇ ਪਾਸੇ ਫੈਲ ਗਈ ਅਜਿਹਾ ਨਹੀਂ ਹੈ।
ਕਈ ਸ਼ੀਆ ਮੁਸਲਮਾਨਾਂ ਦੀ ਰਾਇ ਕੁਝ ਵੱਖਰੀ ਹੈ। ਇਸਲਾਮਿਕ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਪੈਗੰਬਰ ਮੁਹੰਮਦ ਦੀਆਂ ਤਸਵੀਰਾਂ ਅਜੇ ਵੀ ਮਿਲਦੀਆਂ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅੱਜ ਕਈ ਈਰਾਨੀ ਘਰਾਂ ਵਿੱਚ ਪੈਗੰਬਰ ਮੁਹੰਮਦ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।
ਧਾਰਮਿਕ ਨਜ਼ਰੀਏ ਤੋਂ ਇਨ੍ਹਾਂ ਤਸਵੀਰਾਂ ਉੱਪਰ ਕੋਈ ਪਾਬੰਦੀ ਨਹੀਂ ਹੈ। ਇਹ ਤਸਵੀਰਾਂ ਘਰਾਂ ਵਿੱਚ ਵੀ ਹਨ ਅਤੇ ਦੁਕਾਨਾਂ ਵਿੱਚ ਵੀ ਹਨ।
ਇਨ੍ਹਾਂ ਨੂੰ ਬੇਅਦਬੀ ਦੇ ਨਜ਼ਰੀਏ ਤੋਂ ਨਹੀਂ ਸਗੋਂ ਧਾਰਮਿਕ ਜਾਂ ਸਭਿਆਚਾਰਕ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ।
ਮੁਸਲਮਾਨਾਂ ਵਿੱਚ ਇਹ ਵਿਚਾਰਧਾਰਕ ਵਖਰੇਵਾਂ ਸ਼ੀਆ ਅਤੇ ਸੁੰਨੀਆਂ ਵਿੱਚ ਸਪਸ਼ਟ ਦੇਖਿਆ ਜਾ ਸਕਦਾ ਹੈ ਪਰ ਗਰੂਬਰ ਦਾ ਕਹਿਣਾ ਹੈ ਕਿ ਜੋ ਲੋਕ ਦਾਅਵਾ ਕਰਦੇ ਹਨ ਹਨ ਕਿ ਇਤਿਹਾਸਕ ਤੌਰ 'ਤੇ ਪਾਬੰਦੀ ਹਮੇਸ਼ਾ ਤੋਂ ਰਹੀ ਹੈ ਉਹ ਗਲਤ ਹਨ।
ਇਹ ਅਜਿਹੀ ਦਲੀਲ ਹੈ ਜਿਸ ਨਾਲ ਬਹੁਤ ਸਾਰੇ ਮੁਸਲਮਾਨ ਸ਼ਾਇਦ ਸਹਿਮਤ ਨਾ ਹੋਣ।
ਇੰਸਟੀਚਿਊਟ ਆਫ਼ ਇਸਲਾਮਿਕ ਪੋਲੀਟੀਕਲ ਥੌਟ ਦੇ ਸਾਬਕਾ ਮੁਖੀ ਨੇ ਬੀਬੀਸੀ ਨੂੰ ਦੱਸਿਆ,''ਕੁਰਾਨ ਵੀ ਇਸ ਬਾਰੇ ਕੁਝ ਨਹੀਂ ਕਹਿੰਦਾ ਹੈ''।
ਪਰ ਇਹ ਸਮੁੱਚੇ ਇਸਲਾਮ ਵਿੱਚ ਸਹਿਮਤੀ ਹੈ ਕਿ ਪੈਗੰਬਰ ਮੁਹੰਮਦ ਅਤੇ ਦੂਜੇ ਸਾਰੇ ਪੈਗੰਬਰਾਂ ਦੇ ਚਿੱਤਰ ਨਹੀਂ ਬਣਾਏ ਜਾ ਸਕਦੇ ਕਿਉਂਕਿ ਇਹ ਇਸਲਾਮਿਕ ਅਕੀਦੇ ਦੇ ਖਿਲਾਫ਼ ਹੈ।
ਅਭੁੱਲ ਵਿਅਕਤੀ ਅਤੇ ਆਦਰਸ਼ਾਂ ਨੂੰ ਕਿਸੇ ਵੀ ਰੂਪ ਵਿੱਚ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਉਨ੍ਹਾਂ ਦੀ ਬੇਅਦਬੀ ਹੋ ਸਕਦੀ ਹੈ।
ਉਹ ਇਸ ਦਲੀਲ ਨਾਲ ਸਹਿਮਤ ਨਹੀਂ ਹਨ ਕਿ ਮੱਧਕਾਲੀਨ ਤਸਵੀਰਾਂ ਤੋਂ ਇਹ ਸੁਝਾਅ ਮਿਲਦਾ ਹੈ ਕਿ ਤਸਵੀਰਾਂ ਬਣਾਉਣ ਉੱਪਰ ਕੋਈ ਪਾਬੰਦੀ ਨਹੀਂ ਸੀ।
ਜੇ ਅਜਿਹਾ ਹੁੰਦਾ ਤਾਂ ਇਸ ਦੀ ਇਸਲਾਮਿਕ ਵਿਦਵਾਨਾਂ ਵੱਲੋਂ ਨਿੰਦਾ ਕੀਤੀ ਗਈ ਹੋਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












