ਯੂਕਰੇਨ ਤੋਂ ਇਲਾਵਾ 6 ਹੋਰ ਮੁਲਕ, ਜੋ ਜੰਗ ਦਾ ਸ਼ਿਕਾਰ ਹਨ, ਪਰ ਇੱਥੋਂ ਦੀ ਤਬਾਹੀ ਕੌਮਾਂਤਰੀ ਮੁੱਦਾ ਨਹੀਂ ਹੈ

ਤਸਵੀਰ ਸਰੋਤ, Reuters
- ਲੇਖਕ, ਡੇਨੀਅਲ ਗੈਲਸ
- ਰੋਲ, ਲੰਡਨ ਤੋਂ ਬੀਬੀਸੀ ਨਿਊਜ਼ ਬ੍ਰਾਜ਼ੀਲ ਪੱਤਰਕਾਰ
ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਇਹ ਇੱਕ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਹੈ।
ਯੂਕਰੇਨ ਵਿੱਚ ਭਾਵੇਂ ਕਿ ਕਿਸੇ ਹੋਰ ਦੇਸ਼ ਨੇ ਆਪਣੀਆਂ ਫੌਜਾਂ ਨਹੀਂ ਭੇਜੀਆਂ ਪਰ ਫੇਰ ਵੀ ਕਈ ਦੇਸ਼ਾਂ ਦੀ ਫ਼ੌਜ ਵੱਲੋਂ ਸਹਾਇਤਾ ਅਤੇ ਹਥਿਆਰ ਪਹੁੰਚ ਰਹੇ ਹਨ।
ਇਸ ਤੋਂ ਇਲਾਵਾ ਯੂਕਰੇਨ ਨੂੰ ਸਮਰਥਨ ਅਤੇ ਆਰਥਿਕ ਮਦਦ ਨਹੀਂ ਮਿਲ ਰਹੀ ਹੈ।
ਹਮਲੇ ਤੋਂ ਕੁਝ ਦਿਨਾਂ ਬਾਅਦ ਹੀ ਅਮਰੀਕਾ ਅਤੇ ਯੂਰਪ ਨੇ ਰੂਸ ਉੱਪਰ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਤਿਹਾਸ ਵਿੱਚ ਕਿਸੇ ਵਿਦੇਸ਼ ਉਪਰ ਲੱਗੀਆਂ ਇਹ ਸਭ ਤੋਂ ਵੱਡੀਆਂ ਪਾਬੰਦੀਆਂ ਵਿਚ ਸ਼ਾਮਿਲ ਹਨ ।
ਪਿਛਲੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਬ੍ਰਿਟਿਸ਼ ਸੰਸਦ ਵਿੱਚ ਸੰਬੋਧਨ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਬਣੇ ਹਨ।ਭਾਵੇਂ ਇਹ ਸੰਬੋਧਨ ਵੀਡੀਓ ਕਾਨਫ਼ਰੰਸ ਰਾਹੀਂ ਸੀ ਪਰ ਉਨ੍ਹਾਂ ਦਾ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਧੰਨਵਾਦ ਕੀਤਾ ਗਿਆ।
ਦੁਨੀਆਂ ਭਰ ਵਿੱਚ ਇਹ ਯੁੱਧ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ।
ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬਿਆਨ ਮੁਤਾਬਕ ਹੁਣ ਤੱਕ ਤੀਹ ਲੱਖ ਤੋਂ ਵੱਧ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ ਅਤੇ ਸੈਂਕੜਿਆਂ ਦੀ ਜਾਨ ਗਈ ਹੈ।
ਕਈ ਅੰਤਰਰਾਸ਼ਟਰੀ ਸੰਸਥਾਵਾਂ ਨੇ ਹਾਲਾਤ ਉਪਰ ਆਪਣੀ ਚਿੰਤਾ ਵੀ ਜ਼ਾਹਿਰ ਕੀਤੀ ਹੈ।
ਇਹ ਵੀ ਪੜ੍ਹੋ:
ਯੂਕਰੇਨ ਦੇ ਮੁਕਾਬਲੇ ਦੁਨੀਆਂ ਭਰ ਵਿੱਚ ਕਈ ਅਜਿਹੇ ਵਿਵਾਦ ਚੱਲ ਰਹੇ ਹਨ, ਜਿਨ੍ਹਾਂ ਵਿੱਚ ਜਾਨੀ ਮਾਲੀ ਨੁਕਸਾਨ ਕਿਤੇ ਵੱਧ ਹੈ ਪਰ ਉਹ ਕਦੇ ਸੁਰਖੀਆਂ ਦਾ ਹਿੱਸਾ ਨਹੀਂ ਬਣਦੇ। ਨਾ ਹੀ ਅਜਿਹੇ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਸਹਾਇਤਾ ਮਿਲੀ ਹੈ।
ਉਦਾਹਰਨ ਦੇ ਤੌਰ 'ਤੇ ਯਮਨ ਵਿੱਚ ਪਿਛਲੇ 11 ਸਾਲ ਤੋਂ ਵਿਵਾਦ ਜਾਰੀ ਹੈ। ਇਸ ਦੇ ਅੰਕੜੇ ਚੌਂਕਾਉਣ ਵਾਲੇ ਹਨ। 2.3 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23 ਲੱਖ ਤੋਂ ਵੱਧ ਲੋਕ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ।
ਪੀਣ ਵਾਲੇ ਸਾਫ਼ ਪਾਣੀ ਅਤੇ ਦਵਾਈਆਂ ਦੀ ਭਾਰੀ ਕਮੀ ਹੈ।
ਸੰਯੁਕਤ ਰਾਸ਼ਟਰ ਮੁਤਾਬਕ ਯਮਨ ਵਿੱਚ ਇਨਸਾਨਾਂ ਲਈ ਹਾਲਾਤ ਦੁਨੀਆਂ ਵਿੱਚ ਸਭ ਤੋਂ ਖ਼ਰਾਬ ਹਨ।
ਇਸ ਵਿਵਾਦ ਦੇ ਛੇਤੀ ਸੁਲਝਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਅਤੇ 90 ਇਕ ਲੱਖ ਤੋਂ ਵੱਧ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ।
ਜੰਗੀ ਅਪਰਾਧਾਂ ਦੀਆਂ ਖ਼ਬਰਾਂ ਵੀ ਆਉਂਦੀਆਂ ਹਨ ਜਿਨ੍ਹਾਂ ਵਿੱਚ ਨਾਗਰਿਕਾਂ ਦਾ ਕਤਲ ਅਤੇ ਸਮੂਹਿਕ ਬਲਾਤਕਾਰ ਵੀ ਸ਼ਾਮਿਲ ਹਨ।
ਯਮਨ ਸਮੇਤ ਦੁਨੀਆਂ ਭਰ ਦੇ ਅਸੀਂ ਉਨ੍ਹਾਂ ਫ਼ੌਜੀ ਸੰਘਰਸ਼ਾਂ ਦੀ ਗੱਲ ਕਰਾਂਗੇ, ਜਿਨ੍ਹਾਂ ਨੂੰ ਯੂਕਰੇਨ ਵਾਂਗ ਅਹਿਮੀਅਤ ਨਹੀਂ ਮਿਲੀ ਪਰ ਇਨਸਾਨੀਅਤ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ।
1.ਇਥੋਪੀਆ
ਇਥੋਪੀਆ ਵਿੱਚ ਤਕਰੀਬਨ 16 ਮਹੀਨੇ ਪਹਿਲਾਂ ਜੰਗ ਦੀ ਸ਼ੁਰੂਆਤ ਹੋਈ ਸੀ, ਜਿਸ ਨਾਲ 9 ਲੱਖ ਤੋਂ ਵੱਧ ਲੋਕ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ ਹਨ।
ਇਹ ਦਾਅਵਾ ਅਮਰੀਕਾ ਸਰਕਾਰ ਵੱਲੋਂ ਕੀਤਾ ਗਿਆ ਹੈ। ਬਾਗੀਆਂ ਮੁਤਾਬਕ ਤਕਰੀਬਨ 9 ਲੱਖ ਇਥੋਪੀਅਨ ਨਾਗਰਿਕਾਂ ਨੂੰ ਸਹਾਇਤਾ ਦੀ ਲੋੜ ਹੈ।
ਇਹ ਸੰਘਰਸ਼ ਨਵੰਬਰ 2020 ਵਿੱਚ ਸ਼ੁਰੂ ਹੋਇਆ ਸੀ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਇਹ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਸੰਘਰਸ਼ਾਂ ਵਿਚੋਂ ਇੱਕ ਹੈ। ਜਿਸ ਵਿੱਚ ਨਾਗਰਿਕਾਂ ਦੀ ਹੱਤਿਆ ਹੋਈ ਹੈ ਅਤੇ ਸਮੂਹਿਕ ਬਲਾਤਕਾਰ ਵੀ ਹੋਏ ਹਨ।
ਵੱਖ ਵੱਖ ਸਮੂਹਾਂ ਦਰਮਿਆਨ ਇਹ ਸੰਘਰਸ਼ ਤਕਰੀਬਨ ਤੀਹ ਸਾਲਾਂ ਤੋਂ ਜਾਰੀ ਹੈ। 1994 ਤੋਂ ਇਥੋਪੀਆ ਵਿਚ ਵੱਖ ਵੱਖ ਸਮੂਹ ਸਰਕਾਰ ਚਲਾ ਰਹੇ ਹਨ।

ਤਸਵੀਰ ਸਰੋਤ, Reuters
ਇਨ੍ਹਾਂ ਵਿਚੋਂ ਇੱਕ ਟਿਗਰੇ ਖੇਤਰ ਹੈ, ਜਿਸ ਨੂੰ ਪਾਪੂਲਰ ਫਰੰਟ ਫਾਰ ਲਿਬਰੇਸ਼ਨ ਆਫ਼ ਟਿਗਰੇ ਚਲਾ ਰਹੀ ਹੈ।
ਇਸ ਰਾਜਨੀਤਿਕ ਪਾਰਟੀ ਦਾ ਸਰਕਾਰ ਵਿੱਚ ਗਠਜੋੜ ਵੀ ਸੀ ਅਤੇ 1991 ਤੋਂ ਇਹ ਸਰਕਾਰ ਚਲਾ ਰਹੇ ਸਨ।
ਇਸ ਗਠਜੋੜ ਦੌਰਾਨ ਇਥੋਪੀਆ ਦੀ ਕਾਫ਼ੀ ਤਰੱਕੀ ਹੋਈ ਹੈ ਭਾਵੇਂ ਮਨੁੱਖੀ ਅਧਿਕਾਰਾਂ ਦਾ ਮਸਲਾ ਹਮੇਸ਼ਾ ਹੀ ਰਿਹਾ ਹੈ।
ਆਪਸੀ ਵਿਵਾਦਾਂ ਕਾਰਨ ਇਸ ਨੇ ਸੰਘਰਸ਼ ਦਾ ਰੂਪ ਲੈ ਲਿਆ ਅਤੇ ਰਾਜਨੀਤਿਕ ਅਬੀ ਅਹਿਮਦ ਅਲੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ।
ਉਨ੍ਹਾਂ ਨੇ ਇਕ ਨਵੇਂ ਹੀ ਰਾਜਨੀਤਕ ਦਲ ਦੀ ਸਥਾਪਨਾ ਕੀਤੀ, ਜਿਸ ਦਾ ਨਾਮ ਪ੍ਰੋਸਪੈਰਿਟੀ ਪਾਰਟੀ ਸੀ। ਦੇਸ਼ ਦੇ ਵੱਡੇ ਰਾਜਨੀਤਕ ਆਗੂਆਂ ਨੂੰ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ।
2019 ਵਿੱਚ ਅਹਿਮਦ ਅਲੀ ਨੂੰ ਸ਼ਾਂਤੀ ਲਈ ਨੋਬਲ ਪ੍ਰਾਈਜ਼ ਮਿਲਿਆ ਸੀ।
ਟਿਗਰੇ ਦੇ ਨੇਤਾਵਾਂ ਵੱਲੋਂ ਅਹਿਮਦ ਅਲੀ ਉੱਪਰ ਇਥੋਪੀਆ ਦੇ ਸੰਘੀ ਢਾਂਚੇ ਨੂੰ ਖ਼ਤਮ ਕਰਨ ਦੇ ਇਲਜ਼ਾਮ ਲੱਗੇ ਸੀ।
ਅਹਿਮਦ ਅਲੀ ਵੱਲੋਂ ਕਰਵਾਈਆਂ ਗਈਆਂ ਚੋਣਾਂ ਨੂੰ ਵੀ ਟਿਗਰੇ ਨੇਤਾਵਾਂ ਨੇ ਗ਼ੈਰਕਾਨੂੰਨੀ ਆਖਿਆ ਸੀ। 2020 ਵਿੱਚ ਇਹ ਲੜਾਈ ਸ਼ੁਰੂ ਹੋਈ ਸੀ।
ਦੋਹਾਂ ਧਿਰਾਂ ਉੱਪਰ ਜ਼ੁਲਮ ਦੇ ਇਲਜ਼ਾਮ ਲੱਗੇ ਸਨ। ਫਿਲਹਾਲ ਇਸ ਸੰਘਰਸ਼ ਦੇ ਛੇਤੀ ਖ਼ਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ।
2.ਯਮਨ
ਸੰਯੁਕਤ ਰਾਸ਼ਟਰ ਮੁਤਾਬਕ ਯਮਨ ਵਿੱਚ ਚੱਲ ਰਿਹਾ ਯੁੱਧ ਕਾਫ਼ੀ ਖ਼ਤਰਨਾਕ ਹੈ। ਇਸ ਵਿੱਚ ਹੁਣ ਤਕ 2.3 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 1.3 ਲੱਖ ਮੌਤਾਂ ਅਜਿਹੀਆਂ ਹਨ ਜੋ ਭੁੱਖਮਰੀ ਦਵਾਈਆਂ ਦੀ ਕਮੀ ਆਦਿ ਕਰਕੇ ਹੋਇਆਂ ਹਨ।
ਇਨ੍ਹਾਂ ਵਿੱਚ ਦੱਸ ਹਜ਼ਾਰ ਤੋਂ ਵੱਧ ਮੌਤਾਂ ਬੱਚਿਆਂ ਦੀਆਂ ਹੋਈਆਂ ਹਨ।
40 ਲੱਖ ਤੋਂ ਵੱਧ ਲੋਕ ਆਪਣਾ ਘਰ ਛੱਡ ਕੇ ਗਏ ਹਨ ਜਦੋਂਕਿ ਦੋ ਕਰੋੜ ਤੋਂ ਵੱਧ ਲੋਕਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ। ਇਹ ਦੇਸ਼ ਦੀ ਆਬਾਦੀ ਦਾ ਕੁੱਲ 71% ਹੈ।
ਸੰਯੁਕਤ ਰਾਸ਼ਟਰ ਮੁਤਾਬਕ ਪੰਜਾਹ ਲੱਖ ਯਮਨ ਦੇ ਨਾਗਰਿਕ ਸੋਕੇ ਦਾ ਸ਼ਿਕਾਰ ਹਨ ਅਤੇ ਪੰਜਾਹ ਹਜ਼ਾਰ ਸੋਕੇ ਵਰਗੇ ਹਾਲਾਤਾਂ ਦਾ ਸ਼ਿਕਾਰ ਹੋ ਸਕਦੇ ਹਨ।
23 ਲੱਖ ਬੱਚੇ, ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ,ਕੁਪੋਸ਼ਣ ਦਾ ਸ਼ਿਕਾਰ ਹਨ। ਇਨ੍ਹਾਂ ਵਿੱਚ ਚਾਰ ਲੱਖ ਬੱਚੇ ਅਜਿਹੇ ਹਨ ਜੋ ਇਲਾਜ ਦੀ ਕਮੀ ਕਰਕੇ ਮਰ ਸਕਦੇ ਹਨ।

ਤਸਵੀਰ ਸਰੋਤ, EPA
ਦੇਸ਼ ਦੇ ਤਕਰੀਬਨ ਇੱਕ ਚੌਥਾਈ ਜ਼ਿਲ੍ਹਿਆਂ ਵਿੱਚ ਡਾਕਟਰ ਨਹੀਂ ਹਨ, ਜਿਸ ਕਰ ਕੇ ਲੋਕਾਂ ਕੋਲ ਸਿਹਤ ਸੇਵਾਵਾਂ ਦੀ ਕਮੀ ਹੈ। ਤਕਰੀਬਨ ਪੰਜਾਹ ਫ਼ੀਸਦ ਆਬਾਦੀ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਹੈ।
ਇਸ ਸੰਘਰਸ਼ ਦੀ ਸ਼ੁਰੂਆਤ 2011 ਵਿੱਚ ਹੋਈ ਕ੍ਰਾਂਤੀ ਤੋਂ ਹੋਈ ਸੀ, ਜਿਸ ਤੋਂ ਬਾਅਦ ਲੱਗਦਾ ਸੀ ਕਿ ਦੇਸ਼ ਵਿੱਚ ਸਥਿਰਤਾ ਆਵੇਗੀ।
ਦੇਸ਼ ਦੇ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਨੇ ਆਪਣੇ ਉਪ ਰਾਸ਼ਟਰਪਤੀ ਮਨਸੂਰ ਹਾਦੀ ਨੂੰ ਗੱਦੀ ਸੌਂਪੀ ਸੀ।
ਰਾਸ਼ਟਰਪਤੀ ਦੇ ਤੌਰ 'ਤੇ ਉਨ੍ਹਾਂ ਦੇ ਅੱਗੇ ਕਈ ਚੁਣੌਤੀਆਂ ਸਨ, ਜਿਨ੍ਹਾਂ ਵਿੱਚ ਜੇਹਾਦੀਆਂ ਦੁਆਰਾ ਹਮਲੇ, ਦੇਸ਼ ਦੇ ਦੱਖਣ ਵਿਚ ਵੱਖਵਾਦੀ ਮੁਹਿੰਮ,ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਖਾਣੇ ਦੀ ਕਮੀ ਸ਼ਾਮਿਲ ਸਨ।
ਹਾਤੀ ਬਾਗੀਆਂ ਨੇ ਨਵੇਂ ਮੁਖੀ ਦੀਆਂ ਮਜ਼ਬੂਰੀਆਂ ਦਾ ਫ਼ਾਇਦਾ ਲਿਆ।
ਉਹ ਘੱਟ ਗਿਣਤੀ ਸ਼ੀਆ ਸਮੂਹ ਲਈ ਲੜਦੇ ਸਨ ਤੇ ਉਨ੍ਹਾਂ ਨੇ ਦੇਸ਼ ਦੇ ਉੱਤਰ ਮੱਧ ਵਿਚ ਪੈਂਦੇ ਸਦਾਹ ਸੂਬੇ ਉਪਰ ਕਬਜ਼ਾ ਕਰ ਲਿਆ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਦੱਖਣ ਵੱਲ ਹਮਲੇ ਕਰਨੇ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੁੰਨੀ ਮੁਸਲਮਾਨਾਂ ਨੇ ਵੀ ਉਨ੍ਹਾਂ ਨੂੰ ਸਮਰਥਨ ਦਿੱਤਾ ਅਤੇ 2014 ਵਿੱਚ ਉਨ੍ਹਾਂ ਨੇ ਦੇਸ਼ ਦੀ ਰਾਜਧਾਨੀ ਸਨਾਹ ਉੱਪਰ ਵੀ ਕਬਜ਼ਾ ਕਰਨਾ ਸ਼ੁਰੂ ਕਰ ਲਿਆ।
ਯਮਨ ਦੇ ਹਾਲਾਤ ਦਾ ਇਸ ਪੂਰੇ ਖੇਤਰ ਦੇ ਅਮਨ ਉੱਪਰ ਅਸਰ ਪੈ ਸਕਦਾ ਹੈ । ਪੱਛਮੀ ਦੇਸ਼ ਇਸ ਨੂੰ ਲੈ ਕੇ ਚਿੰਤਤ ਹਨ ਕਿ ਅਲਕਾਇਦਾ ਜਾਂ ਆਈਐੱਸ ਵਰਗੇ ਜੇਹਾਦੀ ਸੰਗਠਨ ਵੀ ਹਮਲੇ ਕਰ ਸਕਦੇ ਹਨ।
ਦੇਸ਼ ਦੇ ਹਾਲਾਤ ਵਿਗੜਨ ਤੋਂ ਬਾਅਦ ਹਾਤੀ 2015 ਉੱਚ ਦੇਸ਼ ਛੱਡ ਕੇ ਭੱਜ ਗਏ ਸਨ। ਇਸ ਦੇ ਨਾਲ ਹੀ ਗੁਆਂਢੀ ਦੇਸ਼ ਜਿਨ੍ਹਾਂ ਵਿਚ ਈਰਾਨ ਅਤੇ ਸਾਊਦੀ ਅਰਬ ਸ਼ਾਮਿਲ ਹਨ, ਉਹ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ।
ਅਮਰੀਕਾ, ਫਰਾਂਸ ਅਤੇ ਇੰਗਲੈਂਡ ਨੇ ਵੀ ਇਸ ਦਾ ਸਮਰਥਨ ਕੀਤਾ ਸੀ।
ਮਾਹਿਰਾਂ ਮੁਤਾਬਕ ਇਹ ਸੰਘਰਸ਼ ਕੁਝ ਹਫ਼ਤੇ ਹੀ ਚੱਲਣਾ ਸੀ ਪਰ ਇਹ ਪਿਛਲੇ ਅੱਠ ਸਾਲ ਤੋਂ ਜਾਰੀ ਹੈ। ਪਿਛਲੇ ਕਈ ਸਾਲਾਂ ਦੌਰਾਨ ਹਿੰਸਾ ਵਿੱਚ ਵਾਧਾ ਹੀ ਹੋਇਆ ਹੈ।
3.ਮਿਆਂਮਾਰ
ਇਹ ਇੱਕ ਹੋਰ ਅਜਿਹਾ ਇਲਾਕਾ ਹੈ, ਜਿੱਥੇ ਰਾਜਨੀਤਿਕ ਸੰਘਰਸ਼ ਦੇਖਣ ਨੂੰ ਮਿਲਿਆ ਹੈ। ਇਹ ਸੰਘਰਸ਼ ਹੁਣ ਗ੍ਰਹਿ ਯੁੱਧ ਵਿਚ ਬਦਲ ਚੁੱਕਾ ਹੈ।
ਪਿਛਲੇ ਕਈ ਹਫ਼ਤਿਆਂ ਵਿੱਚ ਹਿੰਸਾ 'ਚ ਭਾਰੀ ਵਾਧਾ ਹੋਇਆ ਹੈ।
ਮਿਆਂਮਾਰ ਵਿੱਚ ਫੌਜ ਨੇ ਤਖਤਾਪਲਟ ਕੀਤਾ ਅਤੇ ਫਰਵਰੀ 2021 ਵਿੱਚ ਸੱਤਾ ਉੱਪਰ ਕਬਜ਼ਾ ਕਰ ਲਿਆ। ਔਂਗ ਸੇਨ ਸੂ ਕੇਈ ਦੀ ਰਾਜਨੀਤਿਕ ਪਾਰਟੀ ਨੇ ਵੱਡੇ ਫ਼ਰਕ ਨਾਲ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਸੀ।
ਵਿਰੋਧੀ ਕਾਰਕੁਨਾਂ ਨੇ ਇਕ ਮੁਹਿੰਮ ਚਲਾਈ ਅਤੇ ਉਸ ਬਾਅਦ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਇਨ੍ਹਾਂ ਨੂੰ ਰੋਕਣ ਲਈ ਫੌਜ ਵੱਲੋਂ ਹਿੰਸਾ ਦਾ ਸਹਾਰਾ ਲਿਆ ਗਿਆ ਜੋ ਗ੍ਰਹਿ ਯੁੱਧ ਦੇ ਹਾਲਾਤ ਤੱਕ ਪਹੁੰਚ ਗਿਆ ਹੈ।

ਤਸਵੀਰ ਸਰੋਤ, EPA
ਸਥਾਨਕ ਵਿਦਰੋਹੀ ਜੋ ਆਪਣੇ ਆਪ ਨੂੰ ਪੀਪਲਜ਼ ਡਿਫੈਂਸ ਫੋਰਸਿਜ਼ ਆਖਦੇ ਹਨ, ਵੱਲੋਂ ਕਈ ਫੌਜੀ ਅਮਲਿਆਂ ਉੱਤੇ ਹਮਲਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਮਾਰਿਆ ਗਿਆ ।
ਕਮਾਂਡਰ ਇਨ ਚੀਫ ਮਿਨ ਔਂਗ ਹਲਿਆਂਗ ਨੇ ਸੱਤਾ ਸੰਭਾਲੀ। ਅੰਤਰਰਾਸ਼ਟਰੀ ਪੱਧਰ ਤੇ ਉਨ੍ਹਾਂ ਦੀ ਨਿਖੇਧੀ ਹੋਈ ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲੱਗੀਆਂ।
ਉਨ੍ਹਾਂ ਉੱਪਰ ਸਥਾਨਕ ਘੱਟ ਗਿਣਤੀਆਂ ਉਪਰ ਫੌਜੀ ਹਮਲਿਆਂ ਦੇ ਇਲਜ਼ਾਮ ਲੱਗੇ ਸਨ। ਫੌਜ ਵੱਲੋਂ ਵਾਅਦਾ ਕੀਤਾ ਗਿਆ ਕਿ ਐਮਰਜੈਂਸੀ ਹਟਣ ਤੋਂ ਬਾਅਦ ਉਹ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣਗੇ।
ਇੰਟਰਨੈਸ਼ਨਲ ਰੇਸਕਿਊ ਕਮੇਟੀ, ਜੋ ਕਿ ਇੱਕ ਗੈਰ ਸਰਕਾਰੀ ਸੰਸਥਾ ਹੈ ਮੁਤਾਬਕ ਜਦੋਂ ਤੋਂ ਇਹ ਵਿਵਾਦ ਸ਼ੁਰੂ ਹੋਇਆ ਹੈ, ਉਦੋਂ ਤੋਂ ਹੁਣ ਤੱਕ ਤਕਰੀਬਨ 2.2 ਲੱਖ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ।
ਇਸ ਸੰਸਥਾ ਮੁਤਾਬਕ ਦੇਸ਼ ਦੀ ਤਕਰੀਬਨ ਇੱਕ ਚੌਥਾਈ ਆਬਾਦੀ ਨੂੰ ਵੱਖ ਵੱਖ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ। ਫ਼ਰਵਰੀ 2021 ਤੂੰ ਲੈ ਕੇ ਹੁਣ ਤਕ ਤਕਰੀਬਨ ਦੱਸ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
4.ਸੀਰੀਆ
2011 ਵਿਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਾਦ ਦੇ ਵਿਰੋਧ ਵਿੱਚ ਸ਼ੁਰੂ ਹੋਏ ਸ਼ਾਂਤਮਈ ਧਰਨੇ ਇੱਕ ਦਹਾਕੇ ਬਾਅਦ ਗ੍ਰਹਿਯੁੱਧ ਦਾ ਰੂਪ ਲੈ ਚੁੱਕੇ ਹਨ।
ਇਸ ਸੰਘਰਸ਼ ਵਿੱਚ ਹੁਣ ਤੱਕ 3.8 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਸ਼ਹਿਰ ਤਬਾਹ ਹੋ ਚੁੱਕੇ ਹਨ। ਤਕਰੀਬਨ ਦੋ ਲੱਖ ਲੋਕ ਗੁੰਮਸ਼ੁਦਾ ਹਨ ਅਤੇ ਉਨ੍ਹਾਂ ਨੂੰ ਮ੍ਰਿਤਕ ਮੰਨ ਲਿਆ ਗਿਆ ਹੈ।
ਮਾਰਚ 2011 ਵਿੱਚ ਦੇਸ਼ ਦੇ ਦੱਖਣ ਵਿਚ ਲੋਕਤੰਤਰ ਦੇ ਹੱਕ ਵਿੱਚ ਸੰਘਰਸ਼ ਸ਼ੁਰੂ ਹੋਇਆ ਸੀ। ਇਸ ਦੀ ਸ਼ੁਰੂਆਤ ਦਰਾ ਸ਼ਹਿਰ ਤੋਂ ਹੋਈ ਸੀ, ਜਿਸ ਅਰਬੀ ਲੋਕਾਂ ਦਾ ਪ੍ਰਭਾਵ ਹੈ।
ਇਸ ਸੰਘਰਸ਼ ਨੂੰ ਰੋਕਣ ਲਈ ਸਰਕਾਰ ਨੇ ਹਿੰਸਕ ਢੰਗ ਅਪਣਾਏ ਅਤੇ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਰਾਸ਼ਟਰਪਤੀ ਦੇ ਅਸਤੀਫੇ ਲਈ ਪ੍ਰਦਰਸ਼ਨ ਸ਼ੁਰੂ ਹੋ ਗਏ।

ਤਸਵੀਰ ਸਰੋਤ, Reuters
ਇਹ ਹਿੰਸਾ ਵਧ ਦੀ ਰਹੀ ਤੇ ਦੇਸ਼ ਨੂੰ ਗ੍ਰਹਿ ਯੁੱਧ ਤਕ ਲੈ ਆਈ। ਇਸ ਦੌਰਾਨ ਹਜ਼ਾਰਾਂ ਵਿਦਰੋਹੀ ਸਮੂਹ ਬਣੇ ਅਤੇ ਫਿਰ ਇਹ ਸੰਘਰਸ਼ ਸੀਰੀਆ ਦੇ ਰਾਸ਼ਟਰਪਤੀ ਦੇ ਹੱਕ ਵਿੱਚ ਜਾਂ ਵਿਰੋਧ ਤੋਂ ਅੱਗੇ ਵਧ ਗਈ।
ਕਈ ਵਿਦੇਸ਼ੀ ਤਾਕਤਾਂ ਜਿਨ੍ਹਾਂ ਵਿੱਚ ਅਮਰੀਕਾ, ਰੂਸ ,ਯੂਕੇ ਅਤੇ ਫ਼ਰਾਂਸ ਸ਼ਾਮਿਲ ਸਨ, ਨੇ ਵੀ ਪੱਖ ਲੈਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਵੱਲੋਂ ਪੈਸਾ ਅਤੇ ਹਥਿਆਰ ਭੇਜੇ ਗਏ ਜਿਸ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ। ਅਲ ਕਾਇਦਾ ਅਤੇ ਇਸਲਾਮਿਕ ਕੱਟੜਪੰਥੀਆਂ ਵੀ ਸ਼ਾਮਲ ਹੋਏ।
ਪਿਛਲੇ ਕਈ ਸਾਲਾਂ ਦੌਰਾਨ ਧਰਤੀ ਉਪਰ ਇਹ ਸਭ ਤੋਂ ਭਿਆਨਕ ਹਿੰਸਾ ਦੀਆਂ ਘਟਨਾਵਾਂ ਵਿਚੋਂ ਇਕ ਹੈ। ਦੇਸ਼ ਦੇ ਅੱਧੇ ਤੋਂ ਵੱਧ ਆਬਾਦੀ ਆਪਣੇ ਘਰ ਛੱਡ ਕੇ ਜਾ ਚੁੱਕੀ ਹੈ।
ਕਈ ਲੋਕ ਹੁਣ ਵੀ ਸੀਰੀਆ ਵਿਚ ਹਨ।ਕਈ ਲੋਕ ਤੁਰਕੀ, ਜਾਰਡਨ, ਲਿਬਨਾਨ ਚ' ਸ਼ਰਨਾਰਥੀ ਬਣ ਗਏ ਹਨ।
ਬਸ਼ਰ ਅਲ ਅਸਾਦ ਦਾ ਹੁਣ ਸੀਰੀਆ ਦੇ ਕਈ ਹਿੱਸਿਆਂ ਉੱਪਰ ਕਬਜ਼ਾ ਹੋ ਗਿਆ ਹੈ ਜਿਸ ਨਾਲ ਇਹ ਜੰਗ ਥੋੜ੍ਹੀ ਘਟੀ ਹੈ ਪਰ ਫਿਰ ਵੀ ਸੀਰੀਆ ਦੇ ਕਈ ਹਿੱਸਿਆਂ ਵਿੱਚ ਵਿਦਰੋਹ ਜਾਰੀ ਹੈ।
ਅੰਤਰਰਾਸ਼ਟਰੀ ਮਾਹਿਰਾਂ ਮੁਤਾਬਕ ਇਹ ਲੰਬੇ ਸਮੇਂ ਤੱਕ ਜਾਰੀ ਰਹੇਗੀ , ਜਿਸ ਨਾਲ ਹੋਰ ਵੀ ਮੌਤਾਂ ਹੋ ਸਕਦੀਆਂ ਹਨ।
5.ਅਫ਼ਰੀਕਾ ਵਿੱਚ ਇਸਲਾਮਿਕ ਅੱਤਵਾਦੀ
2017 ਵਿੱਚ ਮੱਧ ਪੂਰਬੀ ਦੇਸ਼ਾਂ ਚ ਇਸਲਾਮਿਕ ਸਟੇਟ ਦੇ ਖ਼ਾਤਮੇ ਤੋਂ ਬਾਅਦ ਇਨ੍ਹਾਂ ਨੇ ਅਫ਼ਰੀਕਾ ਦਾ ਰੁਖ਼ ਕੀਤਾ। ਅਫ਼ਰੀਕਾ ਦੀਆਂ ਕਮਜ਼ੋਰ ਸਰਕਾਰਾਂ ਇਨ੍ਹਾਂ ਨਾਲ ਲੜਨ ਵਿੱਚ ਨਾਕਾਮ ਰਹੀਆਂ।
ਇਹ ਅੱਤਵਾਦੀ ਸੰਗਠਨ ਮਾਲੀ,ਨਿਜਰ, ਬੁਰਕੀਨਾ ਫਾਸੋ, ਸੋਮਾਲੀਆ, ਕਾਂਗੋ ਅਤੇ ਮੋਜ਼ਾਮਬਿਕ ਵਿੱਚ ਸਰਗਰਮ ਹੋਏ।
ਮੋਜ਼ਾਮਬਿਕ 'ਚ ਇੱਕ ਸਮੂਹ ਦੇ ਆਈਐਸ ਨਾਲ ਸਬੰਧਾਂ 'ਤੇ ਵੀ ਚਰਚਾ ਹੈ।
ਕੈਬੋ ਡੇਲਗਾਦੋ ਇਕ ਅਜਿਹਾ ਖੇਤਰ ਹੈ , ਜਿੱਥੇ ਕੁਦਰਤੀ ਗੈਸ ਦੇ ਵੱਡੇ ਭੰਡਾਰ ਹਨ।
ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਇਸ ਬਾਰੇ ਕੰਮ ਕਰ ਰਹੀਆਂ ਹਨ ਪਰ ਗ਼ਰੀਬੀ ਅਤੇ ਲੜਾਈ ਕਰਕੇ ਬਹੁਤ ਸਾਰੇ ਲੋਕ ਇਨ੍ਹਾਂ ਇਸਲਾਮਿਕ ਅੱਤਵਾਦੀਆਂ ਦੇ ਸਮੂਹ ਦਾ ਹਿੱਸਾ ਬਣ ਰਹੇ ਹਨ।

ਤਸਵੀਰ ਸਰੋਤ, EPA
ਪਿਛਲੇ ਇੱਕ ਸਾਲ ਵਿੱਚ ਇਨ੍ਹਾਂ ਦੇ ਹਮਲਿਆਂ ਵਿੱਚ ਵੀ ਵਾਧਾ ਹੋਇਆ ਹੈ।
ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸੰਸਥਾਵਾਂ ਮੁਤਾਬਕ ਇੱਥੇ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਪੂਰਬੀ ਮੋਜ਼ਾਮਬਿਕ ਵਿੱਚ ਹੋਏ ਹਨ ਜਿਥੇ ਕਤਲ ਅਤੇ ਅਗਵਾਹ ਕਰਨਾ ਸ਼ਾਮਿਲ ਹੈ।
ਇੱਕ ਘਟਨਾ ਵਿੱਚ ਪੰਜਾਹ ਤੋਂ ਵੱਧ ਲੋਕਾਂ ਦੀ ਫੁਟਬਾਲ ਸਟੇਡੀਅਮ ਵਿੱਚ ਗਰਦਨ ਵੱਢ ਕੇ ਹੱਤਿਆ ਕੀਤੀ ਗਈ ਸੀ।
ਪਿਛਲੇ ਸਾਲ ਸਰਕਾਰ ਨੇ ਰਵਾਂਡਾ ਅਤੇ ਸਾਊਥ ਅਫ਼ਰੀਕਾ ਡਿਵੈਲਪਮੈਂਟ ਕਮਿਊਨਿਟੀ ਤੋਂ ਫ਼ੌਜਾਂ ਦੀ ਸਹਾਇਤਾ ਲੈਣ ਨੂੰ ਸਹਿਮਤੀ ਦਿੱਤੀ। ਇਸ ਤੋਂ ਬਾਅਦ ਇਨ੍ਹਾਂ ਵਿਦਰੋਹੀਆਂ ਵਿੱਚ ਥੋੜ੍ਹੀ ਕਮੀ ਆਈ ਪਰ ਹੁਣ ਉਹ ਫਿਰ ਤੋਂ ਇਕੱਠੇ ਹੋ ਰਹੇ ਹਨ।
ਡਰ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਹੋਰ ਲੰਬਾ ਹੋਵੇਗਾ ਜਿਸ ਨਾਲ ਅਣਗਿਣਤ ਮੌਤਾਂ ਹੋਣਗੀਆਂ।
6.ਅਫ਼ਗਾਨਿਸਤਾਨ
2011 ਵਿੱਚ ਅਮਰੀਕਾ ਉਪਰ ਹਮਲੇ ਤੋਂ ਬਾਅਦ ਅਫ਼ਗਾਨਿਸਤਾਨ ਦਾ ਸੰਘਰਸ਼ ਦੁਨੀਆ ਦੇ ਸਭ ਤੋਂ ਵੱਧ ਚਰਚਿਤ ਸੰਘਰਸ਼ਾਂ ਵਿੱਚ ਸ਼ਾਮਲ ਹੋ ਗਿਆ ਸੀ।
ਅਮਰੀਕਾ ਦੀ ਸਰਕਾਰ ਵੱਲੋਂ ਅਫ਼ਗਾਨਿਸਤਾਨ ਉੱਪਰ ਹਮਲਾ ਕੀਤਾ ਗਿਆ ਅਤੇ ਇਹ ਤਰਕ ਦਿੱਤਾ ਗਿਆ ਕਿ ਅਫ਼ਗਾਨਿਸਤਾਨ ਵਿੱਚ ਮੌਜੂਦ ਤਾਲਿਬਾਨ ਨੇ ਅਮਰੀਕਾ ਉਤੇ ਹਮਲੇ ਕੀਤੇ ਸਨ।

ਤਸਵੀਰ ਸਰੋਤ, Getty Images
ਦੋ ਦਹਾਕਿਆਂ ਤੋਂ ਵੱਧ ਚੱਲੇ ਇਸ ਸੰਘਰਸ਼ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ। 2021 ਤਾਲਿਬਾਨ ਨੇ ਮੁੜ ਸੱਤਾ ਸੰਭਾਲੀ ਹੈ।
ਤਾਲਿਬਾਨ ਦੀ ਵਾਪਸੀ ਤੋਂ ਬਾਅਦ ਦੇਸ਼ ਵਿਚ ਹਿੰਸਾ ਘਟ ਗਈ ਹੈ ਪਰ ਕਈ ਐਨਜੀਓਜ਼ ਮੁਤਾਬਕ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਅਫਗਾਨਿਸਤਾਨ ਇੱਕ ਵਾਰੀ ਫਿਰ ਵੱਡੇ ਪੱਧਰ 'ਤੇ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ।
ਇਸ ਦਾ ਕਾਰਨ ਵੱਡੇ ਪੱਧਰ 'ਤੇ ਲੱਗੀਆਂ ਪਾਬੰਦੀਆਂ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












